ਅਖਾੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖਾੜਾ (ਨਾਂ,ਪੁ) 1 ਪਹਿਲਵਾਨਾਂ ਦੇ ਘੋਲ ਕਰਨ ਦੀ ਥਾਂ 2 ਗਾਉਣ ਸੁਣਨ ਲਈ ਇਕੱਠਾ ਹੋਇਆ ਲੋਕਾਂ ਦਾ ਹਜੂਮ 3 ਸਾਧੂ ਸੰਪਰਦਾਇ ਦੀ ਕੋਈ ਮੰਡਲੀ ਜਾਂ ਡੇਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਖਾੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖਾੜਾ 1 [ਨਾਂਪੁ] ਗੀਤ ਆਦਿ ਗਾਉਣ ਦਾ ਮੰਚ, ਰੰਗ-ਭੂਮੀ, ਸਟੇਜ; ਘੁਲ਼ਨ ਦੀ ਥਾਂ, ਪਹਿਲਵਾਨਾਂ ਦੀ ਕਸਰਤ ਕਰਨ ਦੀ ਥਾਂ, ਪਿੜ 2 ਸਾਧੂ ਸੰਤਾਂ ਦੀ ਕੋਈ ਸੰਪਰਦਾ , ਮੰਡਲੀ ਜਾਂ ਡੇਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਖਾੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖਾੜਾ. ਸੰ. अक्षार—ਅ੖੠ਰ. ਸੰਗ੍ਯਾ—ਰੰਗਭੂਮਿ. ਓਹ ਥਾਂ, ਜਿੱਥੇ ਨਾਟਕ ਦੇ ਤਮਾਸ਼ੇ ਖੇਡੇ ਜਾਣ. Theatre. “ਸਭ ਤੇਰਾ ਖੇਲ ਅਖਾੜਾ ਜੀਉ. ” (ਮਾਝ ਮ: ੫) ੨ ਮੱਲਯੁੱਧ ਦੀ ਭੂਮੀ । ੩ ਰਣਭੂਮਿ. “ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ, ਜਿਨਿ ਆਪਣੇ ਜੋਰਿ ਸਭ ਆਣਿ ਨਿਵਾਏ.” (ਮ: ੪ ਵਾਰ ਗਉ ੧) “ਬਿਖਮ ਅਖਾੜਾ ਮੈਂ ਗੁਰੁ ਮਿਲਿ ਜੀਤਾ. ” (ਮ: ੫ ਆਸਾ ਛੰਤ) ੪ ਸਾਧੂਆਂ ਦਾ ਡੇਰਾ । ੫ ਸੰਤਾਂ ਦੀ ਮੰਡਲੀ. ਉਦਾਸੀ ਅਤੇ ਨਿਰਮਲੇ ਸਾਧੂਆਂ ਦੇ, ਨਿਯਮਾਂ ਵਿੱਚ ਆਏ ਹੋਏ ਧਰਮਪ੍ਰਚਾਰਕ ਜਥੇ “ਅਖਾੜਾ” ਨਾਉਂ ਤੋਂ ਪ੍ਰਸਿੱਧ ਹਨ, ਜਿਨ੍ਹਾਂ ਦੀ ਸੰਖੇਪ ਕਥਾ ਇਹ ਹੈ:—

     (ੳ) ਉਦਾਸੀਨ ਮਤ ਦੇ ਭੂਖਣ ਮਹਾਤਮਾ ਪ੍ਰੀਤਮਦਾਸ ਜੀ ਨੇ ਇੱਕ ਵਾਰ ਮਨ ਵਿੱਚ ਵਿਚਾਰ ਕੀਤਾ ਕਿ ਗੁਰੁਮਤ ਦੇ ਸਾਧੂਆਂ ਨੂੰ ਤੀਰਥਾਂ ਦੇ ਮੇਲਿਆਂ ਤੇ ਰਹਿਣ ਅਤੇ ਭੋਜਨ ਦੀ ਭਾਰੀ ਤਕਲੀਫ ਹੁੰਦੀ ਹੈ, ਇਸ ਲਈ ਕੋਈ ਅਜੇਹਾ ਪ੍ਰਬੰਧ ਕਰਨਾ ਚਾਹੀਏ, ਜਿਸ ਤੋਂ ਇਹ ਕਮੀ ਪੂਰੀ ਹੋ ਜਾਵੇ. ਪਰਮਾਤਮਾ ਨੇ ਸ਼ੁੱਧ ਸੰਕਲਪ ਪੂਰਣ ਕਰਨ ਲਈ ਨਜਾਮ ਹੈਦਾਰਾਬਾਦ ਦੇ ਵਜ਼ੀਰ ਚੰਦੂ ਲਾਲ ਦੇ ਚਾਚੇ ਨਾਨਕਚੰਦ ਦਾ ਮਨ ਪ੍ਰੇਰਿਆ, ਜਿਸ ਨੇ ਸੱਤ ਲੱਖ ਰੁਪਯਾ ਪ੍ਰੀਤਮਦਾਸ ਜੀ ਦੀ ਭੇਟਾ ਕੀਤਾ. ਸੰਤ ਜੀ ਨੇ ਇਹ ਪ੍ਰਯਾਗ ਵਿੱਚ ਲਿਆਕੇ ਉਦਾਸੀ ਸੰਤਾਂ ਅੱਗੇ ਰੱਖਕੇ ਆਖਿਆ ਕਿ ਸਾਨੂੰ ਭੀ ਸੰਨ੍ਯਾਸੀ ਵੈਰਾਗੀ ਸਾਧਾਂ ਦੇ ਅਖਾੜਿਆਂ ਦੀ ਤਰਾਂ ਆਪਣਾ ਜੁਦਾ ਅਖਾੜਾ ਬਣਾਉਣਾ ਲੋੜੀਏ, ਜਿਸ ਤੋਂ ਤੀਰਥਾਂ ਉੱਤੇ ਸਾਡੇ ਭਾਈ ਸੁਤੰਤ੍ਰ ਰਹਿਕੇ ਨਿਰਵਾਹ ਕਰਨ ਅਤੇ ਦੇਸਾਂ ਵਿੱਚ ਗੁਰੁਮਤ ਦਾ ਪ੍ਰਚਾਰ ਹੋਵੇ.

     ਨਿਰਵਾਣ ਪ੍ਰੀਤਮਦਾਸ ਜੀ ਦੀ ਸਿਖ੍ਯਾ ਅਨੁਸਾਰ ਸੰਮਤ ੧੮੩੬ ਵਿੱਚ ਪੰਚਾਇਤੀ ਅਖਾੜੇ ਦੀ ਰਚਨਾ ਹੋਈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਪ੍ਰਧਾਨ ਅਤੇ ਉਨ੍ਹਾਂ ਦੀ ਤਾਬੇ ਚਾਰ ਮਹੰਤ—ਗੰਗਾਰਾਮ, ਕੂਟ੎ਥਬ੍ਰਹਮ, ਅਰੂਪਬ੍ਰਹਮ ਅਤੇ ਅਟਲਬ੍ਰਹਮ ਥਾਪੇ. ਅਤੇ ਤੰਬੂ, ਚਾਂਦਨੀ, ਦਰੀਆਂ, ਗਲੀਚੇ, ਘੋੜੇ , ਊਠ , ਗੱਡੇ, ਲੰਗਰ ਦੇ ਬਰਤਨ , ਵਾਜੇ ਆਸੇ ਛਤ੍ਰ ਆਦਿ ਸਭ ਸਾਮਾਨ ਬਣਾਇਆ; ਅਤੇ ਅਜੇਹੇ ਉੱਤਮ ਨਿਯਮ ਬੰਨ੍ਹੇ ਕਿ ਇੰਤਜਾਮ ਵਿੱਚ ਕਦੀ ਵਿਘਨ ਨਾ ਪਵੇ. ਇਸ ਅਖਾੜੇ ਦਾ ਸਦਰ ਮੁਕਾਮ ਪ੍ਰਾਯਾਗ ਹੈ, ਪਰ ਕਨਖਲ , ਕਾਸ਼ੀ ਆਦਿ ਅਸਥਾਨਾਂ ਵਿੱਚ ਭੀ ਇਸ ਦੀਆਂ ਬਹੁਤ ਇਮਾਰਤਾਂ ਹਨ.

     (ਅ)          ਸੰਮਤ ੧੮੯੬ ਵਿੱਚ ਕਿਸੇ ਗੱਲੋਂ ਪੰਚਾਇਤੀ ਅਖਾੜੇ ਨਾਲ ਸੰਗਤਸਾਹਿਬ (ਭਾਈ ਫੇਰੂ) ਦੀ ਸੰਪ੍ਰਦਾਯ ਦੇ ਸਾਧੂ ਸੰਤੋਖਦਾਸ, ਹਰਿਨਾਰਾਯਣਦਾਸ, ਸੂਰਦਾਸ ਜੀ ਆਦਿ ਦਾ ਵਿਗਾੜ ਹੋ ਗਿਆ, ਇਸ ਕਾਰਣ ਉਨ੍ਹਾਂ ਨੇ ਮਿਲਕੇ “ਸ੍ਰੀ ਗੁਰੁ ਨਯਾ ਅਖਾੜਾ ਉਦਾਸੀਨ” ਬਣਾਇਆ, ਜਿਸ ਨੂੰ ਲੋਕ “ਉਦਾਸੀਆਂ ਦਾ ਛੋਟਾ ਅਖਾੜਾ” ਆਖਦੇ ਹਨ. ਇਸ ਦਾ ਸਦਰ ਮੁਕਾਮ ਕਨਖਲ ਹੈ ਅਤੇ ਹੋਰ ਸਾਰੇ ਤੀਰਥਾਂ ਤੇ ਸੁੰਦਰ ਮਕਾਨ ਹਨ. ਪ੍ਰਬੰਧ ਪੰਚਾਯਤੀ ਅਖਾੜੇ ਵਾਂਙ ਹੀ ਬਹੁਤ ਚੰਗਾ ਹੈ.1

     (ੲ) ਉਦਾਸੀਆਂ ਵਾਂਙ ਨਿਰਮਲੇ ਸੰਤਾਂ ਨੇ ਜਦ ਆਪਣੇ ਮਤ ਦੇ ਸੰਤਾਂ ਦਾ ਤੀਰਥਾਂ ਤੇ ਦੂਜੇ ਸਾਧੂਆਂ ਤੋਂ ਅਪਮਾਨ ਡਿੱਠਾ, ਤਾਂ ਇਨ੍ਹਾਂ ਦੇ ਮਨ ਵਿੱਚ ਭੀ ਆਪਣਾ ਜੁਦਾ ਅਖਾੜਾ ਬਣਾਉਣ ਦਾ ਖਿਆਲ ਆਇਆ. ਭਾਈ ਤੋਤਾ ਸਿੰਘ ਜੀ, ਰਾਮ ਸਿੰਘ ਜੀ, ਮਤਾਬ ਸਿੰਘ ਜੀ ਹੀਰਾ ਸਿੰਘ ਜੀ, ਗੁਲਾਬ ਸਿੰਘ ਜੀ, ਦਿਆਲ ਸਿੰਘ ਜੀ, ਨਰਾਇਨ ਸਿੰਘ ਜੀ, ਮਸਤਾਨ ਸਿੰਘ ਜੀ. ਆਦਿਕ ਗੁਰੁਮੁਖ ਸੰਤਾਂ ਦੀ ਪ੍ਰੇਰਣਾ ਕਰਕੇ ਸੰਮਤ ੧੯੧੮ ਵਿੱਚ ਮਹਾਰਾਜਾ ਨਰੇਂਦ੍ਰ ਸਿੰਘ ਜੀ ਪਟਿਆਲਾਪਤੀ, ਮਹਾਰਾਜਾ ਭਰਪੂਰ ਸਿੰਘ ਜੀ ਨਾਭਾਪਤਿ ਅਤੇ ਮਹਾਰਾਜਾ ਸਰੂਪ ਸਿੰਘ ਜੀ ਜੀਂਦ (ਸੰਗਰੂਰ) ਪਤਿ ਨੇ ਨਿਰਮਲੇ ਸੰਤਾਂ ਦਾ ਅਖਾੜਾ ਕਾਇਮ ਕੀਤਾ, ਜਿਸ ਦਾ ਪ੍ਰਸਿੱਧ ਨਾਉਂ “ਧਰਮਧੁਜਾ” ਹੈ. ਇਸ ਦੇ ਪਹਿਲੇ ਸ਼੍ਰੀਮਹੰਤ ਭਾਈ ਮਤਾਬ ਸਿੰਘ ਜੀ ਥਾਪੇ ਗਏ. ਪਟਿਆਲੇ ਨੇ ੮੦੦੦੦) ਨਕਦ ਅਤੇ ੪੦੦੦) ਦੀ ਸਾਲਾਨਾ ਜਾਗੀਰ ਨਾਭੇ ਨੇ ੧੬੦੦੦) ਨਕਦ ਅਤੇ ੫੭੫) ਦੀ ਸਾਲਾਨਾ ਜਾਗੀਰ, ਜੀਂਦ ਨੇ ੨੦੦੦੦) ਨਕਦ ਅਤੇ ੧੩੦੦) ਦੀ ਸਾਲਾਨਾ ਜਾਗੀਰ ਦਿੱਤੀ, ਅਤੇ ਤਿੰਨਾਂ ਰਿਆਸਤਾਂ ਵੱਲੋਂ ਇਹ ਸਾਂਝਾ ਦਸਤੂਰੁਲਅਮਲ ਲਿਖਿਆ ਗਿਆ:—

ਦਸਤੂਰੁਲਅਮਲ

ਤਿੰਨਾਂ ਰਿਆਸਤਾਂ2 ਵੱਲੋਂ

ਵਾਸਤੇ ਅਖਾੜਾ ਨਿਰਮਲਾ ਪੰਥ ਗੁਰੂ

ਗੋਬਿੰਦ ਸਿੰਘ ਜੀ3

     ੧ ਇੱਕ ਸ਼੍ਰੀਮਹੰਤ ਤਿੰਨਾਂ ਰਿਆਸਤਾਂ ਦੀ ਸਲਾਹ ਨਾਲ ਅਤੇ ਚਾਰ ਮਹੰਤ ਹੋਰ, ਜੋ ਪੰਜ ਕੱਕਿਆਂ (ਅਰਥਾਤ, ਕੱਛ , ਕ੍ਰਿਪਾਨ, ਕੇਸ , ਕੰਘੇ, ਕੜੇ) ਦੀ ਰਹਿਤ ਵਾਲੇ ਹੋਣ, ਸ਼੍ਰੀਮਹੰਤ ਦੀ ਸਲਾਹ ਨਾਲ ਥਾਪੇ ਜਾਣਗੇ.

     ੨ ਜੋ ਲਾਂਗਰੀ ਅਖਾੜੇ ਵਿੱਚ ਪ੍ਰਸਾਦ ਤਿਆਰ ਕਰਨ ਵਾਲੇ ਹੋਣ, ਉਹ ਭੀ ਇਸੇ ਰਹਿਤ ਵਾਲੇ ਹੋਣਗੇ.

     ੩ ਦੋ ਕਾਰਬਾਰੀ, ਦੋ ਭੰਡਾਰੀ , ਜਿਨ੍ਹਾਂ ਦੇ ਸਪੁਰਦ ਲੰਗਰ ਦੀ ਸਾਮਗ੍ਰੀ ਹੋਵੇਗੀ, ਅਤੇ ਇੱਕ ਗ੍ਰੰਥੀ ਤੇ ਇੱਕ ਗ੍ਯਾਨੀ (ਅਰਥ ਕਰਨ ਵਾਲਾ) ਮੁਕੱਰਰ ਹੋਣਗੇ, ਇਹ ਛੀ ਆਦਮੀ ਭੀ ਰਹਿਤ ਵਾਲੇ ਹੋਣ ਅਤੇ ਇੱਕ ਜਾਂ ਦੋ ਚੋਬਦਾਰ ਮੁਕਰਰ ਕੀਤੇ ਜਾਣ.

     ੪ ਜੋ ਸ਼੍ਰੀਮਹੰਤ ਹੁਣ ਹੈ, ਇਸ ਲਈ ਰਹਿਤ ਦੀ ਪਾਬੰਦੀ ਜਰੂਰੀ ਨਹੀਂ, ਪਰ ਜੋ ਸ਼੍ਰੀਮਹੰਤ ਅੱਗੇ ਲਈ ਥਾਪਿਆ ਜਾਊਗਾ ਉਹ ਲਾਇਕ , ਵਿਰਕਤ ਅਤੇ ਰਹਿਤ ਵਾਲਾ ਹੋਵੇਗਾ.

     ੫ ਜਦ ਸ਼੍ਰੀਮਹੰਤ ਕਿਸੀ ਰਿਆਸਤਗਾਹ ਵਿੱਚ ਆਵੇ ਜਾਂ ਰਈਸ ਨੂੰ ਅਖਾੜੇ ਵਿੱਚ ਜਾਣ ਦਾ ਸਮਾਂ ਮਿਲੇ, ਤਾਂ ਉਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼੍ਰੀਮਹੰਤ ਨੂੰ ਭੇਟਾ ਅਰਪਨ ਕੀਤੀ ਜਾਵੇਗੀ, ਹੋਰ ਕਿਸੇ ਮਹੰਤ ਨੂੰ ਜੁਦੀ ਜੁਦੀ ਪੂਜਾ ਨਹੀਂ ਦਿੱਤੀ ਜਾਵੇਗੀ.

     ੬ ਜੋ ਆਮਦਨੀ ਇਸ ਕਿਸਮ ਦੀ ਹੋਵੇਗੀ, ਭਾਵੇਂ ਕਿਸੇ ਥਾਂ ਤੋਂ ਆਵੇ, ਉਸ ਦਾ ਜਮਾ ਖਰਚ ਅਖਾੜੇ ਵਿੱਚ ਹੁੰਦਾ ਰਹੇਗਾ. ਜੇ ਕੋਈ ਮਹੰਤ ਬਾਹਰ ਤੋਂ ਕੁਝ ਲਿਆਵੇ ਤਾਂ ਉਹ ਭੀ ਅਖਾੜੇ ਵਿੱਚ ਜਮਾਂ ਕਰਾਵੇ, ਆਪਣੇ ਪਾਸ ਕੁਝ ਨਾ ਰੱਖੇ.

     ੭ ਜੇ ਸ਼੍ਰੀਮਹੰਤ ਧਰਮ ਅਰਥ ਕਿਸੇ ਸਾਧੂ ਬ੍ਰਾਹਮਣ ਜਾਂ ਅਪਾਹਜ ਨੂੰ ਲੋਈ ਜਾਂ ਨਕਦ ਰੁਪਇਆ ਤੀਰਥਯਾਤ੍ਰਾ ਲਈ, ਜਾਂ ਕੋਈ ਵਸਤ੍ਰ ਦੇਣਾ ਚਾਹੇ ਤਾਂ ਦੇ ਸਕਦਾ ਹੈ, ਪਰ ਕਾਗਜਾਂ ਵਿੱਚ ਪੂਰਾ ਵੇਰਵਾ ਲਿਖਿਆ ਜਾਇਆ ਕਰੇ.

     ੮ ਜੇ ਕਿਸੇ ਥਾਂ ਧਰਮਧੁਜਾ ਅਖਾੜਾ ਗੁਰੂ ਗੋਬਿੰਦ ਸਿੰਘ ਜੀ ਭੰਡਾਰਾ ਕਰਨਾ ਚਾਹੇ, ਤਾਂ ਸ਼੍ਰੀਮਹੰਤ ਦੀ ਸਲਾਹ ਅਤੇ ਪ੍ਰਵਾਨਗੀ ਨਾਲ ਕਰੇ, ਸ਼੍ਰੀਮਹੰਤ ਦੀ ਮਨਜੂਰੀ ਤੋਂ ਬਗੈਰ ਖਰਚ ਕਰਨ ਦਾ ਅਧਿਕਾਰ ਨਹੀਂ. ਭਲਾ ਜੇ ਕਦੀਂ ਕੋਈ ਐਸਾ ਸਮਾਂ ਹੋਵੇ ਕਿ ਖਾਸ ਕਿਸੇ ਕੰਮ ਲਈ ਕੁਝ ਖਰਚ ਕਰਨਾ ਪਵੇ ਅਤੇ ਉਸ ਸਮੇਂ ਛੇਤੀ ਸ਼੍ਰੀਮਹੰਤ ਦੀ ਮਨਜੂਰੀ ਨਹੀਂ ਆ ਸਕਦੀ, ਤਦ ਉਸ ਕੰਮ ਨੂੰ ਆਰੰਭ ਕਰ ਦੇਣ, ਪਰ ਉਸ ਦੀ ਇੱਤਲਾਹ ਸ਼੍ਰੀਮਹੰਤ ਨੂੰ ਦੇ ਦੇਣ.

     ੯ ਜੇ ਕੋਈ ਐਸੀ ਲੋੜ ਹੋਵੇ ਕਿ ਨਵਾਂ ਮਹੰਤ ਥਾਪਣਾ ਹੈ ਤਾਂ ਉਸ ਪਾਸੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਮ ਲਈ ਜਾਵੇ ਕਿ ਮੈ ਰਹਿਤ ਵਿੱਚ ਚੰਗੀ ਤਰ੍ਹਾਂ ਰਹਾਂਗਾ ਅਤੇ ਜੋ ਆਮਦਨੀ ਕਿਸੇ ਤਰ੍ਹਾਂ ਦੀ ਭੀ ਹੋਵੇਗੀ, ਉਹ ਅਖਾੜੇ ਵਿੱਚ ਜਮਾਂ ਕਰਾ ਦਿਆ ਕਰਾਂਗਾ.

     ੧੦ ਸ਼੍ਰੀਮਹੰਤ ਅਤੇ ਦੂਜੇ ਮਹੰਤਾਂ ਲਈ ਜਰੂਰੀ ਹੋਊਗਾ ਕਿ ਜੇ ਕੋਈ ਸਿੱਖ ਜਾਗੀਰਦਾਰ ਜਾਂ ਸਰਦਾਰ ਅਖਾੜੇ ਲਈ ਭੰਡਾਰਾ ਕਰਨਾ ਚਾਹੇ ਤਾਂ ਜੈਸੀ ਉਸ ਦੀ ਸ਼੍ਰੱਧਾ ਹੋਵੇ ਵੈਸੇ ਕਰੇਗਾ. ਮਹੰਤਾਂ ਨੂੰ ਚਾਹੀਦਾ ਹੈ ਕਿ ਉਸ ਵਿੱਚ ਕਿਸੀ ਤਰ੍ਹਾਂ ਦਾ ਤਕਰਾਰ ਨਾ ਕਰਨ. ਉਸ ਦੀ ਇੱਜਤ ਦਾ ਖਯਾਲ ਰੱਖਣ.

     ੧੧ ਇਸੀ ਤਰ੍ਹਾਂ ਜੇ ਕੋਈ ਸਿੱਖ ਇਸ ਫਿਰਕੇ ਦਾ ਡੇਰੇਦਾਰ ਅਖਾੜੇ ਲਈ ਭੰਡਾਰਾ ਕਰੇ, ਤਾਂ ਉਸ ਲਈ ਭੀ ਉੱਪਰਲੀ ਦਫਾ (ਨੰਬਰ ੧੦) ਅਨੁਸਾਰ ਅਮਲ ਕੀਤਾ ਜਾਵੇ. ਹਾਂ, ਜੇ ਕਰ ਇਹ ਗੱਲ ਪਾਈ ਜਾਵੇ ਕਿ ਉਹ ਗੁਜਾਰੇ ਵਾਲਾ ਹੈ ਅਤੇ ਜਾਣ ਬੁੱਝਕੇ ਕਮਜੋਰੀ ਜਾਹਰ ਕਰਦਾ ਹੈ, ਤਾਂ ਜਿਸ ਰਿਆਸਤ ਨਾਲ ਉਹ ਸੰਬੰਧ ਰੱਖਦਾ ਹੋਵੇ, ਉਸ ਰਿਆਸਤ ਪਾਸ ਤਜਵੀਜ ਕਰਕੇ ਉਸਦਾ ਰੁਪਯਾ ਜਬਤ ਕਰਕੇ ਅਖਾੜੇ ਵਿੱਚ ਜਮਾ ਕਰਾ ਦਿੱਤਾ ਕਰਨ.

     ੧੨ ਸਫ਼ਰ ਵਿੱਚ ਅਖਾੜੇ ਨੂੰ ਜੇ ਕੋਈ ਗੁਰੁਦ੍ਵਾਰਾ ਆ ਜਾਵੇ ਤਾਂ ਦਰਸ਼ਨ ਕੀਤੇ ਬਿਨਾ ਨਾ ਲੰਘੇ, ਦਰਸ਼ਨ ਕਰਕੇ ਜਾਵੇ, ਅਤੇ ਅਖਾੜੇ ਵੱਲੋਂ ਜੈਸਾ ਗੁਰੁਦ੍ਵਾਰਾ ਹੋਵੇ ਵੈਸਾ ਮੱਥਾ ਟੇਕਿਆ ਜਾਵੇ.

     ੧੩ ਬੈਠਣ ਦੇ ਕਾਇਦੇ ਇਸ ਤਰੀਕੇ ਨਾਲ ਰੱਖਣੇ ਚਾਹੀਏ. ਵਿਚਕਾਰ ਸਵਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਸ ਦੇ ਸੱਜੇ ਪਾਸੇ ਸ਼੍ਰੀਮਹੰਤ ਅਤੇ ਉਸ ਤੋਂ ਬਾਅਦ ਦੂਜੇ ਮਹੰਤ ਅਤੇ ਫੇਰ ਹੋਰ ਸਾਧੂ ਸਿੱਖ; ਖੱਬੇ ਪਾਸੇ ਗ੍ਯਾਨੀ ਸਿੱਖ ਅਰਥ ਕਰਨੇ ਵਾਲੇ, ਉਸ ਤੋਂ ਬਾਦ ਹੋਰ ਸਿੱਖ ਸਾਧੂ. ਇਨ੍ਹਾਂ ਤੋਂ ਬਗੈਰ ਭਾਵੇਂ ਹੋਰ ਕੋਈ ਸਾਧੂ ਵਿਦ੍ਵਾਨ ਮਹਾਤਮਾ ਹੋਵੇ, ਪਰ ਦਰਬਾਰ ਦੇ ਵੇਲੇ ਆਪਣੇ ਥਾਈਂ ਬੈਠੇ, ਮਹੰਤਾਂ ਤੋਂ ਪਹਿਲਾਂ ਨਹੀਂ ਬਠਾਇਆ ਜਾਵੇਗਾ. ਇਸ ਵਿੱਚ ਉਹਦੇ ਦਾ ਖਯਾਲ ਰੱਖਿਆ ਜਾਵੇਗਾ ਵਿਦ੍ਯਾ ਦਾ ਨਹੀਂ. ਜੇ ਕਰ ਦੂਜੇ ਪੰਥ ਦਾ ਮਹੰਤ ਆ ਜਾਵੇ, ਤਾਂ ਗ੍ਯਾਨੀ ਸਿੱਖ ਦੇ ਖੱਬੇ ਪਾਸੇ ਥਾਂ ਦਿੱਤੀ ਜਾਵੇ. ਜੇ ਕਰ ਸੱਜੇ ਪਾਸੇ ਬੈਠਣ ਲਈ ਥਾਂ ਦਿੱਤੀ ਜਾਵੇ ਤਾਂ ਮਹੰਤਾਂ ਦੇ ਬਾਦ ਦਿੱਤੀ ਜਾਵੇ.

     ੧੪ ਜਿਹੜੇ ਕੋਈ ਖਾਸ ਮਕਾਨ ਸ਼੍ਰੀਮਹੰਤ ਦੇ ਰਹਿਣ ਦੇ ਹੋਣ ਉਨ੍ਹਾਂ ਵਿੱਚ ਸ਼੍ਰੀਮਹੰਤ ਤੋਂ ਬਿਨਾ ਹੋਰ ਸਾਧੂ ਨਾ ਰਹੇ, ਹਾਂ ਜੋ ਦੋ ਚਾਰ ਸਾਧੂ ਟਹਿਲ ਸੇਵਾ ਵਾਲੇ ਹੋਣ ਉਹ ਬੇਸ਼ੱਕ ਰਹਿਣ. ਇਸੇ ਤਰਾਂ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਹੋਵੇ, ਉਸ ਮਕਾਨ ਵਿੱਚ ਭੀ ਕੋਈ ਸੌਣਾ ਨਾ ਪਾਵੇ, ਕਿਉਂਕਿ ਬੇਅਦਬੀ ਹੁੰਦੀ ਹੈ.

     ੧੫ ਕੋਈ ਸਿੱਖ ਸਾਧੂ ਜਾਂ ਗ੍ਰਹਸਥੀ ਆਦਮੀ ਮੱਥਾ ਟੇਕਣ ਆਵੇ ਤਾਂ ਉਸ ਨੂੰ ਮਨਾਹੀ ਨਾ ਹੋਵੇ. ਜੈਸਾ ਅਧਿਕਾਰੀ ਹੋਵੇ ਵੈਸੀ ਉਸ ਨੂੰ ਬੈਠਣ ਲਈ ਥਾਂ ਦਿੱਤੀ ਜਾਵੇ.

     ੧੬ ਸ਼੍ਰੀਮਹੰਤ ਅਤੇ ਦੂਜੇ ਚਾਰ ਮਹੰਤਾਂ ਲਈ ਜਰੂਰੀ ਹੈ ਕਿ ਕਿਸੀ ਰਿਆਸਤ ਵਿੱਚ ਕਿਸੀ ਅਹਿਲਕਾਰ ਦੇ ਮਕਾਨ ਪੁਰ ਨਾ ਜਾਣ, ਜੇ ਕੋਈ ਲੋੜ ਪਵੇ ਤਾਂ ਕਾਰਬਾਰੀ, ਭੰਡਾਰੀ, ਚੋਬਦਾਰ, ਜਾਂ ਡੇਰੇਦਾਰ ਮਹੰਤ ਨੂੰ ਭੇਜ ਦੇਣ, ਪਰ ਜੇ ਕੋਈ ਪ੍ਰਸਾਦ ਛਕਾਵੇ ਤਾਂ ਬਿਲਾ ਸ਼ੱਕ ਜਾਣ.

     ੧੭ ਅਖਾੜੇ ਦੇ ਸਿੱਖਾਂ ਲਈ ਜਰੂਰੀ ਹੋਵੇਗਾ ਕਿ ਜਦ ਕੋਈ ਮਹੰਤ ਕਿਸੀ ਸਿੱਖ ਆਦਿਕ ਨੂੰ ਕੰਮ ਲਈ ਭੇਜੇ ਤਾਂ ਉਹ ਕੋਈ ਹੀਲਾ ਬਹਾਨਾ ਨਾ ਕਰੇ, ਜੇ ਕਰਨਗੇ ਤਾਂ ਜੁਰਮਾਨੇ ਦੇ ਭਾਗੀ ਹੋਣਗੇ, ਜੋ ਅਖਾੜੇ ਦਾ ਮਹੰਤ ਤਜਵੀਜ ਕਰੇਗਾ.

     ੧੮ ਜੇ ਕੋਈ ਸਾਧੂ ਸਿੱਖ ਬਿਹੰਗਮ (ਵਿਰਕਤ) ਹੋ ਕੇ ਡੇਰੇ ਵਿੱਚ ਰਹਿਣਾ ਚਾਹੇ, ਤਦ ਉਸ ਪਾਸੋਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਇਸ ਮਤਲਬ ਲਈ ਲਗਵਾਇਆ ਜਾਊਗਾ ਕਿ ਮੈ ਆਪਣੇ ਪਾਸ ਕੁਝ ਨਹੀਂ ਰਖਿਆ ਸਭ ਕੁਝ ਗੁਰੁਦ੍ਵਾਰੇ ਚੜ੍ਹਾ ਦਿਤਾ ਹੈ. ਸੰਗਤ ਵਿੱਚ ਕਾਇਮ ਰਹਾਂਗਾ, ਫੇਰ ਦਾਖਲ ਕਰ ਲਿਆ ਜਾਵੇ. ਜੇਕਰ ਇਸ ਤਰਾਂ ਦਾ ਪ੍ਰਣ ਨਾ ਦੇਵੇ, ਤਾਂ ਉਸ ਨੂੰ ਦਾਖਲ ਨਾ ਕਰਨ.

     ੧੯ ਮਹੰਤਾਂ ਨੂੰ ਚਾਹੀਦਾ ਹੈ ਕਿ ਰਹਿਤ ਵਾਲੇ ਸਿੱਖਾਂ ਦੇ ਹੱਥੋਂ ਪ੍ਰਸਾਦ ਛਕਣ. ਉਨ੍ਹਾਂ ਪਾਸੋਂ ਹੀ ਕਰਾਉਣ ਅਤੇ ਪ੍ਰਸਾਦ ਡੋਲ ਦੇ ਜਲ ਦਾ ਲੰਗਰ ਵਿੱਚ ਹੋਇਆ ਕਰੇ.

     ੨੦ ਇਹ ਰੋਕ ਨਹੀਂ ਕਿ ਕਿਸੇ ਦੂਜੇ ਸਿੱਖ ਸਾਧੂਆਂ ਨੂੰ ਭੋਜਨ ਨਾ ਦਿੱਤਾ ਜਾਵੇ, ਪ੍ਰਸਾਦ ਸਭ ਨੂੰ ਦੇਣਾ ਚਾਹੀਏ, ਪਰ ਇਹ ਖਿਆਲ ਰਹੇ ਕਿ ਰਹਿਤ ਵਾਲਿਆਂ ਦੀ ਪੰਗਤ ਤੋਂ ਜੁਦੇ ਹੋ ਜਾਇਆ ਕਰਨ. ਉਨ੍ਹਾਂ ਦੀ ਪੰਗਤ ਜੁਦੀ ਹੋਵੇ.

     ੨੧ ਇਸਤ੍ਰੀ ਨੂੰ ਅਖਾੜੇ ਵਿੱਚ ਕਦੀਂ ਨਾ ਵੜਨ ਦਿੱਤਾ ਜਾਏ, ਅਤੇ ਨਸ਼ੇ ਸ਼ਰਾਬ ਆਦਿਕ ਲਈ ਭੀ ਰੋਕ ਹੈ, ਮਗਰ ਅਫੀਮ ਅਤੇ ਭੰਗ ਦੀ ਰੋਕ ਨਹੀਂ.

     ੨੨ ਜੋ ਕੋਈ ਰਹਿਤ ਨਾ ਰੱਖਣ ਵਾਲਾ ਕਿਸੀ ਕੌਮ ਦਾ ਪ੍ਰੇਮੀ ਪ੍ਰਸਾਦ ਕਰਾਉਣਾ ਚਾਹੇ, ਤਾਂ ਨਾਹ ਨਹੀਂ ਕਰਨੀ, ਸੁੱਕਾ ਸੀਧਾ ਲੈਕੇ ਆਪਣੇ ਲਾਂਗਰੀਆਂ ਪਾਸੋਂ ਤਿਆਰ ਕਰਾ ਲੈਣਾ.

     ੨੩ ਜਿਹੜੀ ਰਕਮ ਪਹਿਲਾਂ ਤੋਂ ਹੀ ਅਸਲੀ ਪੇਸ਼ਗੀ ਅਖਾੜੇ ਦੇ ਸਪੁਰਦ ਕੀਤੀ ਗਈ ਹੈ ਉਸ ਦੀ ਆਮਦਨੀ ਸੂਦ ਅਤੇ ਨਫਾ ਤਜਾਰਤ ਤੋਂ ਕਾਰਰਵਾਈ ਲੰਗਰ ਤੇ ਮੁਰੱਮਤ ਹੋਵੇ, ਅਸਲ ਰਕਮ ਨਾ ਖਰਚ ਕੀਤੀ ਜਾਵੇ.

     ੨੪ ਖਜਾਨੇ ਦਾ ਪ੍ਰਬੰਧ ਇਸ ਤਰ੍ਹਾ ਰਹੇਗਾ, ਜੋ ਹਰ ਤਿੰਨੇ ਮਹੰਤ ਹਰ ਤਿੰਨੇ ਸਰਕਾਰਾਂ ਵਿੱਚ ਹਨ ਉਨ੍ਹਾਂ ਦੇ ਸਪੁਰਦ ਰਹੇਗਾ. ਉਹ ਮਹੰਤ ਆਪਣੀ ਆਪਣੀ ਕੋਸ਼ਿਸ਼ ਨਾਲ ਉਸ ਰੁਪਯੇ ਦੀ ਆਮਦਨ ਸੂਦ ਅਤੇ ਤਿਜਾਰਤ ਵਧਾਉਣ ਅਤੇ ਅਖਾੜੇ ਸਦਰ ਵਿੱਚ ਖਬਰ ਦੇਣ, ਅਤੇ ਦਫਾ ਨੰਬਰ ੨੩ ਅਨੁਸਾਰ ਖਰਚ ਕਰਨ, ਸਾਲ ਭਰ ਵਿੱਚ ਇੱਕ ਵਾਰ ਅਖਾੜੇ ਦੇ ਖਾਤੇ ਨੂੰ ਦੇਖ ਲਿਆ ਕਰਨ, ਅਤੇ ਉਹ ਸ਼੍ਰੀਮਹੰਤ ਨੂੰ ਮੁਲਾਹਜਾ ਕਰਾ ਦਿਆ ਕਰਨ.

     ੨੫ ਸ਼੍ਰੀਮਹੰਤ ਆਪਣੇ ਜੀਉਂਦੇ ਜੀ ਜੇ ਕਰ ਕਿਸੇ ਨੂੰ ਆਪਣੀ ਥਾਂ ਅੱਗੇ ਲਈ ਕਰਨਾ ਚਾਹੇ, ਤਾਂ ਤਿੰਨਾਂ ਰਿਆਸਤਾਂ ਦੇ ਅਖਾੜਿਆਂ ਦੀ ਸਲਾਹ ਨਾਲ ਆਪਣੀ ਜਿੰਦਗੀ ਵਿੱਚ ਮੁਕੱਰਰ ਕਰ ਸਕੇਗਾ.

     ੨੬ ਜੇ ਸ਼੍ਰੀਮਹੰਤ ਨੇ ਆਪਣੇ ਜੀਉਂਦੇ ਆਪ ਕਿਸੀ ਨੂੰ ਸ਼੍ਰੀਮਹੰਤ ਥਾਪ ਦਿੱਤਾ ਹੈ ਅਤੇ ਉਸ ਨੇ ਆਪਣੇ ਸਮੇਂ ਵਿੱਚ ਚੰਗਾ ਕੰਮ ਨਹੀਂ ਕੀਤਾ, ਤਾਂ ਤਿੰਨੇ ਸਰਕਾਰਾਂ ਇਤਫਾਕ ਨਾਲ ਉਸ ਨੂੰ ਬਰਖਾਸਤ ਕਰ ਦੇਣਗੀਆਂ.

     ੨੭ ਜੇ ਕੋਈ ਮਹੰਤ ਇਸ ਰਹਿਤ ਦੇ ਉਲਟ ਅਮਲ ਕਰੇਗਾ ਤਾਂ ਤਿੰਨਾਂ ਸਰਕਾਰਾਂ ਨੂੰ ਅਖਤਿਆਰ ਹੈ ਕਿ ਆਪਣੀ ਸਲਾਹ ਨਾਲ ਉਸ ਨੂੰ ਮਹੰਤੀ ਤੋਂ ਹਟਾ ਦੇਣ.

     ੨੮ ਹਰ ਪੰਜ ਮਹੰਤਾਂ ਪਾਸੋਂ ਪਹਿਲਾਂ ਇਕਰਾਰਨਾਮੇ ਲਏ ਜਾਣ, ਕਿ ਅਸੀਂ ਇਸ ਦਸਤੂਰੁਲਅਮਲ ਦੇ ਉਲਟ ਅਮਲ ਨਹੀਂ ਕਰਾਂਗੇ.

     ਜੋ ਤਿੰਨੇ ਸਰਕਾਰਾਂ ਲਿਖਿਆ ਕਰਨ ਉਨ੍ਹਾਂ ਦੀ ਨਕਲ ਦਸਤੂਰੁਲਅਮਲ ਵਜੋਂ ਗੁਰੁਮੁਖੀ ਵਿੱਚ ਆਪਣੇ ਪਾਸ ਰੱਖਣ, ਅਤੇ ਜੋ ਦਸਤੂਰੁਲਅਮਲ ਦੀ ਨਕਲਾਂ ਮਹੰਤਾਂ ਨੂੰ ਦਿੱਤੀਆਂ ਜਾਣ, ਉਨ੍ਹਾਂ ਤੇ ਮੁਹਰਾਂ ਲਾਕੇ ਹਰ ਤਿੰਨਾਂ ਦਰਬਾਰਾਂ ਨੂੰ ਦੇਣ, ਜੋ ਮਿਸਲਾਂ ਵਿੱਚ ਰੱਖੀਆਂ ਰਹਿਣ.

     ੨੯ ਅਖਾੜੇ ਦੇ ਸਿੱਖਾਂ ਲਈ ਜਰੂਰੀ ਹੋਵੇਗਾ ਕਿ ਇੱਕ ਬਸਤਰ ਸਿੰਗਰਫੀ ਰੱਖਣ ਬਾਕੀ ਸਫ਼ੇਦ, ਰਿਵਾਜ ਅਨੁਸਾਰ ਇਹ ਕੇਵਲ ਨਿਸ਼ਾਨ ਹੈ, ਗ੍ਰਹਸਤ ਦਾ ਤਿਆਗ ਅਤੇ ਦਰਵੇਸ਼ੀ ਦਾ ਅਮਲ.

     ੩੦ ਤੂੰਬੀ ਜਾਂ ਚਿੱਪੀ ਦੀ ਥਾਂ ਗਡਵਾ ਜਾਂ ਲੋਹੇ ਧਾਤੁ ਦਾ ਕਮੰਡਲ ਰੱਖਣ, ਕਿਉਂਕਿ ਤੂੰਬਾ ਅਤੇ ਚਿੱਪੀ ਅਸ਼ੁੱਧ ਹਨ. ਮਿੱਟੀ ਨਾਲ ਸਾਫ ਸ਼ੁੱਧ ਨਹੀਂ ਕੀਤੇ ਜਾ ਸਕਦੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਖਾੜਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਖਾੜਾ: ਇਸ ਸ਼ਬਦ ਦਾ ਪਿਛੋਕੜ ਸੰਸਕ੍ਰਿਤ ਦੇ ਅਕੑਸ਼ਾਰ ਜਾਂ ਅਕੑਸ਼ਪਾਲਾ ਨਾਲ ਜੋੜਿਆ ਜਾਂਦਾ ਹੈ। ਇਸ ਦੇ ਅਰਥ ਰੰਗਭੂਮੀ, ਪਹਿਲਵਾਨਾਂ ਦੇ ਘੁਲਣ ਦੀ ਥਾਂ (ਬਿਖਮ ਅਖਾੜਾ ਮੈ ਗੁਰੁ ਮਿਲਿ ਜੀਤਾ) ਆਦਿ ਪ੍ਰਚਲਿਤ ਹਨ। ਪਰ ਕਾਲਾਂਤਰ ਵਿਚ ਸੰਨਿਆਸੀਆਂ, ਬੈਰਾਗੀਆਂ ਅਤੇ ਹੋਰ ਹਿੰਦੂ ਸਾਧਾਂ ਨੇ ਆਪਣੇ ਵਿਚਰਣ ਸਥਲਾਂ ਜਾਂ ਡੇਰਿਆਂ ਨੂੰ ‘ਅਖਾੜਾ’ ਕਹਿਣਾ ਸ਼ੁਰੂ ਕਰ ਦਿੱਤਾ, ਕਿਉਂਕਿ ਇਥੇ ਉਹ ਆਪਣੀ ਅਧਿਆਤਮਿਕ ਕ੍ਰਿੀੜਾ ਸੰਪੰਨ ਕਰਦੇ ਸਨ। ਇਨ੍ਹਾਂ ਦੇ ਦੇਖਾ-ਦੇਖੀ ਅਤੇ ਸਿੱਖ ਅਨੁਯਾਈਆਂ ਦੀ ਸੁਵਿਧਾ ਲਈ ਪਹਿਲਾਂ ਉਦਾਸੀ ਸੰਤਾਂ ਅਤੇ ਬਾਦ ਵਿਚ ਨਿਰਮਲ ਸੰਤਾਂ ਨੇ ਧਾਰਮਿਕ ਤੀਰਥਾਂ ਉਤੇ ਆਪਣੇ ਆਪਣੇ ਅਖਾੜੇ ਬਣਾਉਣੇ ਸ਼ਰੂ ਕਰ ਦਿੱਤੇ। ਵਿਸਤਾਰ ਲਈ ਵੇਖੋ ‘ਉਦਾਸੀ ਅਖਾੜੇ ’ ਅਤੇ ‘ਨਿਰਮਲ ਅਖਾੜੇ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਖਾੜਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਖਾੜਾ : ਇਹ ਸ਼ਬਦ ਰੰਗ-ਭੂਮੀ, ਰਣ-ਭੂਮੀ ਅਤੇ ਪਹਿਲਵਾਨਾਂ ਦੇ ਘੁਲਣ ਦੇ ਸਥਾਨ ਲਈ ਵੀ ਵਰਤਿਆ ਜਾਂਦਾ ਹੈ ਅਤੇ ਸਾਧੂਆਂ ਦੇ ਡੇਰਿਆਂ ਅਤੇ ਸੰਤ ਮੰਡਲੀਆਂ ਲਈ ਵੀ। ਜਿਵੇਂ ਅਖਾੜੇ ਵਿਚ ਪਹਿਲਵਾਨ ਵਿਰੋਧੀਆਂ ਨਾਲ ਘੋਲ ਘੁਲਦੇ ਹਨ ਅਤੇ ਉਨ੍ਹਾਂ ਨੂੰ ਜਿੱਤਦੇ ਹਨ ਉਵੇਂ ਹੀ ਸੰਤਾਂ ਸਾਧੂਆਂ ਦੇ ਅਖਾੜੇ ਕਾਮ ਆਦਿ ਸ਼ਤਰੂਆਂ ਨੂੰ ਜਿੱਤਣ ਲਈ ਰਣ-ਭੂਮੀਆਂ ਹਨ।

          ਇਹ ਅਖਾੜੇ ਭਾਰਤ ਵਿਚ ਬੜੇ ਚਿਰਾਂ ਤੋਂ ਚਲੇ ਆ ਰਹੇ ਹਨ। ਸੰਨਿਆਸੀਆਂ ਅਤੇ ਬੈਰਾਗੀਆਂ ਦੇ ਅਖਾੜੇ ਉੱਤਰ-ਪ੍ਰਦੇਸ਼ ਵਿਚ ਹਨ। ਇਹੋ ਜਿਹੇ ਅਖਾੜੇ ਸਿੱਖ ਸੰਤਾਂ ਨੇ ਵੀ ਆਪਣੀ ਜਥੇਬੰਦੀ ਨੂੰ ਤਕੜਿਆਂ ਕਰਨ ਲਈ ਕਾਇਮ ਕੀਤੇ। ਇਨ੍ਹਾਂ ਅਖਾੜਿਆਂ ਵਿਚ ਇਹ ਸੰਤ ਸਾਧੂ ਜ਼ਬਤ ਵਿਚ ਰਹਿਣ ਲੱਗੇ। ਉਨ੍ਹਾਂ ਨੇ ਸਮਾਜ-ਸੇਵਾ ਅਤੇ ਸਾਹਿਤ-ਰਚਨਾ ਵਿਚ ਤਕੜਾ ਹਿੱਸਾ ਪਾਇਆ।

          ਸਿੱਖ ਸੰਤਾਂ ਦਾ ਪਹਿਲਾ ਅਖਾੜਾ ਸੰਮਤ 1836 (ਸੰਨ 1779 ਈ.) ਵਿਚ ਹੋਂਦ ਵਿਚ ਆਇਆ, ਜਿਸ ਨੂੰ ਪ੍ਰਸਿੱਧ ਉਦਾਸੀ ਨਿਰਬਾਣ ਪ੍ਰੀਤਮ ਦਾਸ ਨੇ ਕਾਇਮ ਕੀਤਾ। ਇਸ ਅਖਾੜੇ ਦੀ ਸਥਾਪਨਾ ਦਾ ਇਕ ਵੱਡਾ ਮੰਤਵ ਇਹ ਸੀ ਕਿ ਤੀਰਥਾਂ ਉੱਤੇ ਉਦਾਸੀ ਸਾਧੂ ਭੈੜੀ ਹਾਲਤ ਵਿਚ ਨਾ ਭਟਕਣ ਅਤੇ ਸੁਤੰਤਰ ਰਹਿ ਕੇ ਨਿਰਬਾਹ ਕਰਨ। ਇਸ ਤਰ੍ਹਾਂ ਇਹ ਗੁਰਮਤਿ ਦੇ ਪ੍ਰਚਾਰ ਵਿਚ ਵਧੀਕ ਸਹਾਇਕ ਹੋ ਸਕਣਗੇ। ਉਦਾਸੀਆਂ ਦੇ ਇਸ ਪੰਚਾਇਤੀ ਅਖਾੜੇ ਦੇ ਚਾਰ ਮਹੰਤ ਥਾਪੇ ਗਏ। ਇਸ ਲਈ ਸਾਰੀ ਸਮੱਗਰੀ ਖ਼ਰੀਦ ਕੇ ਪ੍ਰਬੰਧ ਦੇ ਨਿਯਮ ਬਣਾਏ ਗਏ। ਇਸ ਅਖਾੜੇ ਦਾ ਸਦਰ-ਮੁਕਾਮ ਪ੍ਰਯਾਗ ਸੀ ਪਰ ਕਾਸ਼ੀ ਅਤੇ ਕਨਖਲ ਵਿਚ ਵੀ ਇਸ ਦੀਆਂ ਕਈ ਇਮਾਰਤਾਂ ਹਨ। ਇਸ ਅਖਾੜੇ ਦੇ ਪ੍ਰਬੰਧਕਾਂ ਵਿਚ ਕਿਸੇ ਗੱਲੋਂ ਅਸੰਮਤੀ ਹੋ ਜਾਣ ਕਾਰਨ ਸੰਮਤ 1896 (ਸੰਨ 1839 ਈ.) ਵਿਚ ਕਨਖਲ ਵਿਚ ‘ਸ੍ਰੀ ਗੁਰੂ ਨਯਾ ਅਖਾੜਾ ਉਦਾਸੀਨ’ ਹੋਂਦ ਵਿਚ ਆਇਆ ਜਿਸ ਨੂੰ ਉਦਾਸੀਆਂ ਦਾ ਛੋਟਾ ਅਖਾੜਾ ਵੀ ਕਹਿੰਦੇ ਹਨ। ਉਦਾਸੀਆਂ ਦੇ ਹੋਰ ਕਈ ਡੇਰੇ ਸਮੇਂ ਸਮੇਂ ਬਣਦੇ ਰਹੇ ਹਨ।

          ਉਦਾਸੀਆਂ ਵਾਂਗੂੰ ਹੀ ਉਸੇ ਮੰਤਵ ਨੂੰ ਮੁਖ ਰਖ ਕੇ ਨਿਰਮਲੇ ਸੰਤਾਂ ਨੇ ਵੀ ਸੰਮਤ 1918 (ਸੰਨ 1861 ਈ.) ਵਿਚ ਧਰਮ-ਧੁਜਾ ਨਾਂ ਦਾ ਆਪਣਾ ਪੰਚਾਇਤੀ ਅਖਾੜਾ ਕਾਇਮ ਕੀਤਾ। ਇਸ ਅਖਾੜੇ ਨੂੰ ਕਾਇਮ ਕਰਨ ਲਈ ਪਟਿਆਲੇ, ਨਾਭੇ ਅਤੇ ਜੀਂਦ ਦੇ ਮਹਾਰਾਜਿਆਂ ਨੇ ਸਹਾਇਤਾ ਦਿੱਤੀ। ਤਿੰਨਾਂ ਨੂੰ ਰਿਆਸਤਾਂ ਵੱਲੋਂ ਇਕ ਸਾਂਝਾ ਦਸਤੁਰੁਲ-ਅਮਲ ਲਿਖਿਆ ਗਿਆ। ਇਸ ਨਿਰਮਲ ਅਖਾੜੇ ਦੀ ਨੀਂਹ ਤਾਂ ਪਟਿਆਲੇ ਵਿਚ ਬੱਝੀ ਪਰ ਮਗਰੋਂ ਇਸ ਦਾ ਸਦਰ ਮੁਕਾਮ ਕਨਖਲ ਨਿਯਤ ਕਰ ਦਿੱਤਾ ਗਿਆ। ਇਸ ਅਖਾੜੇ ਵੱਲੋਂ ਇਕ ਰਮਤਾ ਅਖਾੜਾ ਵੀ ਕਾਇਮ ਕੀਤਾ ਗਿਆ। ਇਹ ਇਕ ਰਮਤਾ ਪ੍ਰਚਾਰਕ ਜਥਾ ਸੀ। ਪਿਛੋਂ ਇਸ ਨੂੰ ਵੀ ਨਿਯਮ-ਬੱਧ ਕਰ ਦਿੱਤਾ ਗਿਆ।

 


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਅਖਾੜਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਖਾੜਾ : ਅਖਾਣਾ ਦਾ ਅਰਥ ਹੈ ਰੰਗ–ਭੂਮੀ ਜਾਂ ਉਹ ਸਥਾਨ ਜਿੱਥੇ ਨਾਟਕ ਜਾਂ ਤਮਾਸ਼ੇ ਆਦਿ ਖੇਡੇ ਜਾਣ:

‘ਸਭ ਤੇਰਾ ਖੇਲ ਅਖਾੜਾ ਜੀਉ’ (ਮਾਝ, ਮ. ਪ)

ਰਣਭੂਮੀ ਜਾਂ ਕੁਸ਼ਤੀ ਲੜਨ ਦੇ ਸਥਾਨ ਨੂੰ ਵੀ ਅਖਾੜਾ ਆਖਦੇ ਹਨ:

                                      ‘ਏਹੁ ਅਖਾੜਾ ਹਰਿ ਪ੍ਰੀਤਮ ਸਚੈ ਕਾ ਜਿਨਿ ਆਪਣੇ ਜੋਰਿ ਸਭਿ ਆਣਿ ਨਿਵਾਏ।”                                                                                                              (ਵਾਰ ਗਉੜੀ ੧, ਮ. ੪)

                                                ਜਾਂ

                             ‘ਬਿਖਮ ਅਖਾੜਾ ਮੈ ਗੁਰੁ ਮਿਲਿ ਜੀਤਾ’।                                  (ਆਸਾ ਛੰਤ, ਮ. ਪ)

          ਸਾਧੂਆਂ ਦੇ ਡੇਰਿਆਂ ਅਤੇ ਸੰਤ ਮੰਡਲੀਆਂ ਨੂੰ ਵੀ ਅਖਾੜਾ ਆਖਦੇ ਹਨ। ਇਸੇ ਤਰ੍ਹਾਂ ਉਦਾਸੀ ਅਤੇ ਨਿਰਮਲੇ ਸਾਧੂਆਂ ਦੇ ਨਿਯਮਾਂ ਵਿਚ ਆਏ ਹੋਏ ਧਰਮ ਪ੍ਰਚਾਰਕ ਜੱਥੇ ਵੀ ਅਖਾੜੇ ਅਖਵਾਉਂਦੇ ਹਨ। ਕਵੀਸ਼ਰਾਂ ਦੁਆਰਾ ਸੰਬੋਧਿਤ ਸਰੋਤਿਆਂ ਦੇ ਪਿੜ ਨੂੰ ਵੀ ਅਖਾੜਾ ਜਾਂ ਖਾੜਾ ਕਿਹਾ ਜਾਂਦਾ ਹੈ।                                                                            [ਸਹਾ. ਗ੍ਰੰਥ–ਮ.ਕੋ.]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਅਖਾੜਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖਾੜਾ : ਸੰਸਕ੍ਰਿਤ ਦੇ ਸ਼ਬਦ ਅਕਸ਼ਪਾਟ ਜਾਂ ਅਕਸ਼ਵਾਟ ਤੋਂ ਨਿਕਲਿਆ ਹੈ ਜਿਸ ਦੇ ਅਰਥ ਹਨ ਰੰਗਮੰਚ, ਰੰਗਭੂਮੀ ਜਾਂ ਖੇਤਰ। ਹਿੰਦੂ ਧਰਮ ਅੰਦਰ ਸੰਨਿਆਸੀਆਂ ਅਤੇ ਬੈਰਾਗੀਆਂ ਦੇ ਡੇਰਿਆਂ ਲਈ ਇਸ ਸ਼ਬਦ ਦੀ ਆਮ ਵਰਤੋਂ ਕੀਤੀ ਜਾਂਦੀ ਹੈ। ਸਿੱਖ ਪਰੰਪਰਾ ਵਿਚ ਵੀ ਉਦਾਸੀ ਅਤੇ ਨਿਰਮਲੇ ਆਪਣੇ ਟਿਕਾਣਿਆਂ ਲਈ ਇਹੋ ਪਦ ਵਰਤਦੇ ਹਨ। ਆਮ ਤੌਰ ਤੇ ਪ੍ਰਮੁੱਖ ਤੀਰਥ ਅਸਥਾਨਾਂ ਉਪਰ ਬਣੇ ਹੋਏ ਇਹ ਅਖਾੜੇ ਉਥੇ ਰਹਿਣ ਵਾਲੇ ਸਾਧੂਆਂ ਅਤੇ ਹੋਰ ਯਾਤਰੀਆਂ ਲਈ ਖਾਣ ਅਤੇ ਠਹਿਰਨ ਦੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ। ਇਹ ਥਾਵਾਂ ਨਵੇਂ ਬਣਨ ਵਾਲੇ ਸਾਧੂਆਂ ਦੀ ਪੜ੍ਹਾਈ ਅਤੇ ਸਿਖਲਾਈ ਦੀਆਂ ਕੇਂਦਰ ਵੀ ਹੁੰਦੀਆਂ ਹਨ। ਸੰਨਿਆਸੀ ਅਤੇ ਬੈਰਾਗੀ ਪਰੰਪਰਾਵਾਂ ਦੇ ਅਖਾੜੇ ਤਾਂ ਪੁਰਾਤਨ ਕਾਲ ਤੋਂ ਹੀ ਹੋਂਦ ਵਿਚ ਸਨ ਪਰੰਤੂ ਉਦਾਸੀ ਪਰੰਪਰਾ ਵਿਚ ਆਪਣਾ ਇਕ ਵੱਖਰਾ ਅਖਾੜਾ ਸਥਾਪਿਤ ਕਰਨ ਦਾ ਵਿਚਾਰ ਪਹਿਲੀ ਵਾਰ ਮਹੰਤ ਪ੍ਰੀਤਮ ਦਾਸ ਨਿਰਬਾਣ (1753-1831) ਦੇ ਮਨ ਵਿਚ ਆਇਆ। ਦੱਖਣੀ ਭਾਰਤ ਵਿਚ ਆਪਣੀਆਂ ਯਾਤਰਾਵਾਂ ਦੇ ਦੌਰਾਨ ਉਸ ਨੇ ਹੈਦਰਾਬਾਦ ਰਿਆਸਤ ਦੇ ਦੀਵਾਨ ਚੰਦੂ ਲਾਲ ਦੇ ਚਾਚੇ ਨਾਨਕ ਚੰਦ ਨੂੰ ਇਸ ਮੰਤਵ ਹਿਤ ਦਾਨ ਦੇਣ ਲਈ ਮਨਾ ਲਿਆ। ਨਤੀਜੇ ਵਜੋਂ 1799 ਈ. ਵਿਚ ਪ੍ਰਯਾਗ (ਅਲਾਹਾਬਾਦ) ਵਿਖੇ ਉਦਾਸੀਆਂ ਦਾ ਪੰਚਾਇਤੀ ਕੇਂਦਰੀ ਅਖਾੜਾ ਹੋਂਦ ਵਿਚ ਆਇਆ। ਇਸ ਕੇਂਦਰੀ ਅਖਾੜੇ ਦੀਆਂ ਵਖਰੇ ਵਖਰੇ ਤੀਰਥ ਅਸਥਾਨਾਂ ਉਪਰ ਕਈ ਸ਼ਾਖਾਵਾਂ ਵੀ ਬਣ ਗਈਆਂ। ਦੋ ਸਾਲ ਬਾਦ ਮਹੰਤ ਪ੍ਰੀਤਮ ਦਾਸ ਨੇ ਅੰਮ੍ਰਿਤਸਰ ਵਿਖੇ ਨਿਰਬਾਣ ਅਖਾੜਾ ਸਥਾਪਿਤ ਕੀਤਾ ਜੋ ਪਿੱਛੋਂ ਸੰਗਲਵਾਲਾ ਅਖਾੜਾ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਹ ਆਪ ਇਸ ਅਖਾੜੇ ਦੇ ਮੁਖੀ ਰਹੇ। ਕੁਝ ਹੋਰ ਉਦਾਸੀ ਸਾਧੂਆਂ ਨੇ ਵੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਆਪਣੇ ਅਖਾੜੇ ਸਥਾਪਿਤ ਕਰ ਲਏ। ਜਦੋਂ ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿਚ ਸਿੱਖ ਗੁਰਦੁਆਰਾ ਸੁਧਾਰ ਲਹਿਰ ਅਰੰਭ ਹੋਈ ਤਾਂ ਇਹਨਾਂ ਵਿਚੋਂ ਕਈ ਅਖਾੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਧੀਨ ਕਰ ਲਏ। ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿਚ ਸ਼੍ਰੋਮਣੀ ਕਮੇਟੀ ਦੁਆਰਾ ਆਪਣੇ ਕਬਜ਼ੇ ਵਿਚ ਲਿਆ ਜਾਣ ਵਾਲਾ ਅਖ਼ੀਰਲਾ ਅਜਿਹਾ ਅਖਾੜਾ ‘ਬ੍ਰਹਮ ਬੂਟਾ ਅਖਾੜਾ` ਸੀ। ਉਦਾਸੀ ਸਿੱਖਾਂ ਦੀ ਇਕ ਸ਼ਾਖਾ, ਸੰਗਤਸਾਹਿਬ (ਭਾਈ ਫੇਰੂ) ਨੇ 1839 ਈ. ਵਿਚ ਆਪਣਾ ਇਕ ਵੱਖਰਾ ਅਖਾੜਾ ਹਰਿਦੁਆਰ ਨੇੜੇ ਕਨਖਲ ਵਿਖੇ ਸਥਾਪਿਤ ਕਰ ਲਿਆ ਸੀ। ਇਸ ਦਾ ਨਾਂ ‘ਸ਼੍ਰੀ ਗੁਰੂ ਨਯਾ ਅਖਾੜਾ ਉਦਾਸੀਨ,` ਸੀ ਪਰੰਤੂ ਆਮ ਤੌਰ ਤੇ ਇਸ ਨੂੰ ‘ਉਦਾਸੀਆਂ ਦਾ ਛੋਟਾ ਅਖਾੜਾ` ਨਾਂ ਨਾਲ ਜਾਣਿਆ ਜਾਂਦਾ ਹੈ।

    ਨਿਰਮਲੇ ਸਿੱਖਾਂ ਨੇ ਵੀ 1862 ਈ. ਵਿਚ ਪਟਿਆਲਾ ਵਿਖੇ ਆਪਣਾ ਇਕ ਵੱਖਰਾ ਕੇਂਦਰੀ ਅਖਾੜਾ ਸਥਾਪਿਤ ਕਰ ਲਿਆ। ਇਸ ਮੰਤਵ ਹਿਤ ਧਨ ਦੀ ਸੇਵਾ ਪਟਿਆਲਾ ਨਾਭਾ ਅਤੇ ਜੀਂਦ ਦੀਆਂ ਫੂਲਕੀਆਂ ਰਿਆਸਤਾਂ ਨੇ ਕੀਤੀ (ਵੇਖੋ ਨਿਰਮਲ ਪੰਚਾਇਤੀ ਅਖਾੜਾ)। ‘ਧਰਮ ਧੁਜਾ ਅਖਾੜਾ ਗੁਰੂ ਗੋਬਿੰਦ ਸਿੰਘ` ਨਾਂ ਨਾਲ ਜਾਣੇ ਜਾਂਦੇ ਇਸ ਅਖਾੜੇ ਦੀਆਂ ਕਈ ਬਰਾਂਚਾਂ ਹਾਲੇ ਵੀ ਉਤਰੀ ਭਾਰਤ ਦੇ ਵਿਭਿੰਨ ਸ਼ਹਿਰਾਂ ਜਿਹਾ ਕਿ ਹਰਿਦੁਆਰ, ਕਨਖਲ, ਅਲਾਹਾਬਾਦ, ਉਜੈਨ, ਨਾਸਿਕ , ਕੁਰੁਕਸ਼ੇਤਰ ਆਦਿ ਵਿਖੇ ਮੌਜੂਦ ਹਨ। ਅੱਜ-ਕੱਲ੍ਹ ਨਿਰਮਲੇ ਸਿੱਖਾਂ ਦਾ ਕੇਂਦਰੀ (ਪੰਚਾਇਤੀ) ਅਖਾੜਾ ਕਨਖਲ ਵਿਖੇ ਹੈ।


ਲੇਖਕ : ਮ.ਗ.ਸ. ਅਤੇ ਅਨੁ. ਧ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-01, ਹਵਾਲੇ/ਟਿੱਪਣੀਆਂ: no

ਅਖਾੜਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਖਾੜਾ  :  ਪਹਿਲਵਾਨਾਂ ਦੇ ਘੁਲਣ ਦੀ ਜਗ੍ਹਾ ਨੂੰ ਅਖਾੜਾ ਕਿਹਾ ਜਾਂਦਾ ਹੈ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਆਪਣੇ ਡੇਰੇ ਦੇ ਕੋਲ ਮੱਲ ਅਖਾੜਾ ਸਥਾਪਤ ਕੀਤਾ ਸੀ। ਇਸ ਜਗ੍ਹਾ ਨੂੰ ਅੱਜਕੱਲ੍ਹ ਗੁਰਦੁਆਰਾ ਮੱਲ ਅਖਾੜਾ ਕਿਹਾ ਜਾਂਦਾ ਹੈ। ਅਖਾੜਾ ਸ਼ਬਦ ਕਈ ਪ੍ਰਕਾਰ ਦੇ ਹੋਰ ਸਥਾਨਾਂ ਨੂੰ ਵੀ ਕਿਹਾ ਜਾਂਦਾ ਹੈ ਜਿਵੇਂ ਸਾਧੂਆਂ ਦਾ ਡੇਰਾ, ਸੰਤਾਂ ਦੀ ਮੰਡਲੀ, ਸਾਧੂ-ਸੰਤਾਂ ਦੁਆਰਾ ਸੰਸਥਾਪਤ ਧਰਮ ਪ੍ਰਚਾਰਕ ਜੱਥੇ। ਲੋਕ-ਗਾਇਕ ਜਦੋਂ ਭਰੇ ਇਕੱਠ ਵਿਚ ਗਾਉਂਦੇ ਹਨ ਤਾਂ ਉਸ ਨੂੰ ਵੀ ਅਖਾੜਾ ਕਿਹਾ ਜਾਂਦਾ ਹੈ। ਹਲਕੇ ਰੌਅ ਵਿਚ ਜੁੜੀ ਮੰਡਲੀ ਜਦੋਂ ਕੋਈ ਮਨਪਰਚਾਵਾ ਕਰਦੀ ਹੈ ਤਾਂ ਉਸ ਨੂੰ ਵੀ ਅਖਾੜਾ ਕਿਹਾ ਜਾਂਦਾ ਹੈ।

     

ਉਦਾਸੀਆਂ ਦੇ ਅਖਾੜੇ

ਉਦਾਸੀਆਂ ਦੇ ਅਖਾੜੇ–ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਨੇ ਉਦਾਸੀ ਹੋ ਕੇ ਤਪੱਸਿਆ ਦਾ ਮਾਰਗ ਅਪਣਾਇਆ। ਜਦ ਗੁਰੂ ਨਾਨਕ ਦੇਵ ਜੀ ਬਾਣੀ ਦੀ ਵਿਆਖਿਆ ਕਰਦੇ ਤਾਂ ਬਾਬਾ ਸ੍ਰੀ ਚੰਦ ਅਕਸਰ ਇਹ ਵਿਆਖਿਆ ਸੁਣਦੇ ਸੀ। ਇਸ ਦੇ ਅਧਾਰ ਤੇ ਬਾਬਾ ਸ੍ਰੀ ਚੰਦ ਗੁਰਮਤਿ ਦਾ ਪ੍ਰਚਾਰ ਕਰਦੇ ਰਹਿੰਦੇ। ਹੌਲੀ ਹੌਲੀ ਬਾਬਾ ਸ੍ਰੀ ਚੰਦ ਦਾ ਇਕ ਵਖਰਾ ਪੰਥ ਬਣ ਗਿਆ ਜਿਸ ਦਾ ਨਾਂ ਉਦਾਸੀਨ ਪੰਥ ਪ੍ਰਸਿੱਧ ਹੋਇਆ। ਗੁਰੂ ਹਰਿਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ, ਬਾਬਾ ਗੁਰਦਿਤਾ, ਬਾਬਾ ਸ੍ਰੀ ਚੰਦ ਤੋਂ ਪਿਛੋਂ ਇਸ ਮਤ ਦੇ ਵੱਡੇ ਆਗੂ ਹੋਏ ਸਨ। ਇਨ੍ਹਾਂ ਦੇ ਚਾਰ ਸੇਵਕਾਂ ਨੇ ਪ੍ਰਚਾਰ ਲਈ ਉਦਾਸੀਆਂ ਦੇ ਚਾਰ ਧੂੰਏ ਥਾਪੇ। ਇਸ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ, ਗੁਰੂ ਹਰਿਰਾਇ ਜੀ, ਗੁਰੂ ਤੇਗ਼ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੋਈ ਬਖ਼ਸ਼ਿਸ਼ ਨਾਲ ਛੇ ਬਖ਼ਸ਼ਿਸ਼ਾਂ ਸਥਾਪਤ ਹੋਈਆਂ। ਇਨ੍ਹਾਂ ਚਾਰ ਧੂੰਇਆਂ ਅਤੇ ਛੇ ਬਖ਼ਸ਼ਿਸ਼ਾਂ ਨੇ ਸਾਧੂਆਂ ਦੇ ਸੈਂਕੜੇ ਡੇਰੇ, ਅਖਾੜੇ ਤੇ ਕੇਂਦਰ ਥਾਪੇ।

        ਉਦਾਸੀ ਮਤ ਦੇ ਇਕ ਮਹਾਤਮਾ ਪ੍ਰੀਤਮ ਦਾਸ ਨੇ ਮਹਿਸੂਸ ਕੀਤਾ ਕਿ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਇਨ੍ਹਾਂ ਸਾਧੂਆਂ ਨੂੰ ਤੀਰਥਾਂ ਤੇ ਲੱਗਣ ਵਾਲੇ ਮੇਲਿਆਂ ਸਮੇਂ ਰਿਹਾਇਸ਼, ਭੋਜਨ ਆਦਿ ਦੀ ਦਿੱਕਤ ਹੁੰਦੀ ਹੈ। ਉਸ ਨੇ ਹੈਦਰਾਬਾਦ ਦੇ ਇਕ ਧਨਾਢ ਨਾਨਕ ਚੰਦ ਤੋਂ 7 ਲੱਖ ਰੁਪਏ ਦੀ ਰਕਮ ਪ੍ਰਾਪਤ ਕਰ ਕੇ ਪ੍ਰਯਾਗ ਦੇ ਉਦਾਸੀ ਸਾਧੂਆਂ ਨੂੰ ਦੇ ਕੇ ਆਖਿਆ ਕਿ ਹੋਰ ਸਾਧਾਂ ਦੇ ਅਖਾੜਿਆਂ ਵਾਂਗ ਉਦਾਸੀ ਸਾਧੂਆਂ ਦਾ ਇਕ ਵਖਰਾ ਅਖਾੜਾ ਕਾਇਮ ਕਰਨ ਲਈ ਉਪਰਾਲੇ ਕਰੋ। ਇਸ ਪ੍ਰਕਾਰ ਸੰਨ 1779 ਵਿਚ ਪੰਚਾਇਤੀ ਅਖਾੜੇ ਦੀ ਸਥਾਪਨਾ ਹੋਈ। ਅਖਾੜੇ ਲਈ ਚੀਜ਼ਾਂ ਵਸਤਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਇਸ ਦੇ ਸੁਯੋਗ ਪ੍ਰਬੰਧ ਲਈ ਨਿਯਮ ਵੀ ਬਣਾਏ ਗਏ। ਭਾਵੇਂ ਅਖਾੜੇ ਦਾ ਸਦਰ ਮੁਕਾਮ ਪ੍ਰਯਾਗ ਹੈ ਪਰ ਕਨਖਲ, ਕਾਂਸ਼ੀ ਆਦਿ ਥਾਵਾਂ ਤੇ ਇਸ ਅਖਾੜੇ ਦੀਆਂ ਕਈ ਸ਼ਾਖਾਵਾਂ (ਇਮਾਰਤਾਂ) ਹਨ।

        ਸੰਨ 1839 ਵਿਚ ਸੰਗਤ ਸਾਹਿਬ (ਭਾਈ ਫੇਰੂ) ਦੀ ਸੰਪ੍ਰਦਾਇਕ ਦੇ ਸਾਧੂ ਪੰਚਾਇਤੀ ਅਖਾੜੇ ਨਾਲ ਨਰਾਜ਼ ਹੋ ਗਏ ਅਤੇ ਉਨ੍ਹਾਂ ਨੇ ਸ੍ਰੀ ਗੁਰੂ ਨਯਾ ਅਖਾੜਾ ਉਦਾਸੀਨ ਬਣਾ ਲਿਆ। ਇਸ ਨੂੰ ਛੋਟਾ ਅਖਾੜਾ ਵੀ ਕਿਹਾ ਜਾਂਦਾ ਹੈ। ਇਸ ਦਾ ਸਦਰ ਮੁਕਾਮ ਕਨਖਲ ਵਿਖੇ ਹੈ।

        ਅੰਮ੍ਰਿਤਸਰ ਵਿਚ 1781 ਈ. ਵਿਚ ਬਣਿਆ ਸੰਤੋਖ ਦਾਸ ਵਾਲਾ ਅਖਾੜਾ, 1786ਈ. ਵਿਚ ਬਣਿਆ ਮੰਗਲ ਅਖਾੜਾ ਅਤੇ 1793 ਈ. ਵਿਚ ਬਣਿਆ ਨਿਰਬਾਣਸਰ ਵੀ ਭਾਵੇਂ ਅਖਾੜੇ ਕਹੇ ਜਾਂਦੇ ਹਨ ਪਰ ਇਹ ਪੰਚਾਇਤੀ ਤੇ ਛੋਟੇ ਅਖਾੜੇ ਨਹੀਂ ਹਨ, ਕੇਵਲ ਸਾਧੂਆਂ ਦੇ ਡੇਰੇ ਹਨ।

        ਇਨ੍ਹਾਂ ਅਖਾੜਿਆਂ ਵਿਚ ਪਹਿਲਾਂ ਪਹਿਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਅਤੇ ਗੁਰਬਾਣੀ ਦੇ ਅਧਾਰ ਤੇ ਗੁਰਮਤਿ ਦਾ ਪ੍ਰਚਾਰ ਹੁੰਦਾ ਰਿਹਾ। ਗੁਰਦੁਆਰਾ ਸੁਧਾਰ ਲਹਿਰ ਦੇ ਜ਼ੋਰ ਫੜ ਲੈਣ ਤੋਂ ਬਾਅਦ ਇਨ੍ਹਾਂ ਅਖਾੜਿਆਂ ਦੇ ਮਹੰਤਾਂ ਨੇ ਇਸ ਗੱਲੋਂ ਡਰਦੇ ਹੋਏ ਕਿ ਇਹ ਅਖਾੜੇ ਗੁਰਦੁਆਰਾ ਐਕਟ ਅਧੀਨ ਨਾ ਆ ਜਾਣ, ਬਹੁਤ ਸਾਰੇ ਅਖਾੜਿਆਂ ਵਿਚ ਬਾਬਾ ਸ੍ਰੀ ਚੰਦ ਦੀ ਮੂਰਤੀ ਸਥਾਪਤ ਕਰ ਦਿੱਤੀ ਅਤੇ ਨਾਲ ਹੋਰ ਧਰਮਾਂ ਦੇ ਗ੍ਰੰਥਾਂ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨੇ ਗੁਰਬਾਣੀ ਦੇ ਸਿਧਾਤਾਂ ਨੂੰ ਵੇਦਾਂ ਸ਼ਾਸਤਰਾਂ , ਸਿਮ੍ਰਿਤੀਆਂ ਅਤੇ ਪੁਰਾਣਾਂ ਦੇ ਹਵਾਲਿਆਂ ਨਾਲ ਦ੍ਰਿੜ੍ਹ ਕੀਤਾ। ਇਸ ਕਾਰਨ ਕਈ ਅਖਾੜਿਆਂ ਵਿਚ ਵੇਦਾਂ ਦੇ ਸ਼ਾਸ਼ਤਰਾਂ ਦੇ ਅਧਿਐਨ ਲਈ ਸੁਵਿਧਾ ਵੀ ਮਿਲਦੀ ਰਹੀ। ਉਦਾਸੀ, ਗੁਰੂ ਨਾਨਕ ਦੇਵ ਜੀ ਅਤੇ ਬਾਬਾ ਸ੍ਰੀ ਚੰਦ ਜੀ ਨੂੰ ਆਦਿ ਗੁਰੂ ਮੰਨਦੇ ਹਨ।

        ਉਦਾਸੀ ਸਾਧੂਆਂ ਨੇ ਉਦਾਸੀ ਜੀਵਨ ਨੂੰ ਮੁਕਤੀ ਦਾ ਰਾਹ ਦੱਸਿਆ। ਹਿੰਦੂ ਰਸਮਾਂ, ਤੀਰਥ , ਵਰਤ ਨੇਮ , ਤਿਆਗ ਅਤੇ ਥਿਤਾਂ, ਵਾਰਾਂ ਆਦਿ ਇਹ ਆਪਣੇ ਵਿਚਾਰ ਵਿਚ ਲਿਆਉਂਦੇ ਗਏ ਪਰ ਨਾਮ ਭਗਤੀ ਨੂੰ ਇਨ੍ਹਾਂ ਨੇ ਪ੍ਰਮੁਖਤਾ ਦਿੱਤੀ। ਪ੍ਰਮਾਤਮਾ, ਜੀਵ, ਜਗਤ, ਕਰਮ, ਆਵਾਗਵਨ ਤੇ ਮੁਕਤੀ ਆਦਿ ਸੰਕਲਪਾਂ ਤੇ ਸਿਧਾਤਾਂ ਨੂੰ ਉਸੇ ਤਰ੍ਹਾਂ ਹੀ ਦਰਸਾਇਆ ਜਿਵੇਂ ਇਹ ਹਿੰਦੂ ਮਤ ਵਿਚ ਮੰਨੇ ਜਾਂਦੇ ਹਨ। ਇਸ ਤਰ੍ਹਾਂ ਸਮਾਂ ਪਾ ਕੇ ਇਨ੍ਹਾਂ ਦੇ ਪ੍ਰਚਾਰ ਪਰੰਪਰਾਈ ਹਿੰਦੂ ਧਰਮ ਦੀ ਮਾਤਰਾ ਵਧਦੀ ਗਈ ਅਤੇ ਗੁਰਮਤਿ ਦਾ ਪ੍ਰਚਾਰ ਘਟਦਾ ਗਿਆ। ਸਾਧੂ ਅਨੰਦ ਘਨ ਅਤੇ ਸੁਆਮੀ ਸਦਾਨੰਦ ਇਸ ਸ਼੍ਰੇਣੀ ਦੇ ਪ੍ਰਸਿੱਧ ਵਿਦਵਾਨ ਹੋਏ ਹਨ।

ਨਿਰਮਲਿਆਂ ਦੇ ਅਖਾੜੇ

ਨਿਰਮਲਿਆਂ ਦੇ ਅਖਾੜੇ–ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਕਾਂਸ਼ੀ ਤੇ ਹੋਰ ਹਿੰਦੂ ਵਿਦਿਅਕ ਕੇਂਦਰਾਂ ਵਿਚ ਗ਼ੈਰ ਬ੍ਰਾਹਮਣ ਲੋਕਾਂ ਨੂੰ ਸੰਸਕ੍ਰਿਤ ਦੇ ਵੇਦਾਂ, ਸ਼ਾਸਤਰਾਂ ਵਿਦਿਆ ਨਹੀਂ ਦਿੱਤੀ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਜੀ ਸਿੱਖ ਵਿਦਵਾਨਾਂ ਨੂੰ ਇਸ ਅਧਿਆਤਮਕ ਵਿਰਸੇ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਉਣਾ ਚਾਹੁੰਦੇ ਸਨ। ਗੁਰੂ ਗ੍ਰੰਥ ਸਾਹਿਬ ਅਤੇ ਖ਼ਾਸ ਤੌਰ ਤੇ ਦਸਮ ਗ੍ਰੰਥ ਵਿਚ ਬਹੁਤ ਸਾਰੇ ਪ੍ਰਮਾਣ ਤੇ ਹਵਾਲੇ ਵੇਦਾਂ, ਸ਼ਾਸਤਰਾਂ ਅਤੇ ਹੋਰ ਧਾਰਮਿਕ ਗ੍ਰੰਥਾਂ ਵਾਲੇ ਮਿਲਦੇ ਹਨ। ਬਹੁਤ ਸਾਰੀ ਅਧਿਆਤਮਕ ਸ਼ਬਦਾਵਲੀ ਵੀ ਇਨ੍ਹਾਂ ਵਾਲੀ ਹੀ ਹੈ। ਗੁਰਬਾਣੀ ਦੀ ਪੂਰਨ ਵਿਆਖਿਆ ਲਈ ਇਨ੍ਹਾਂ ਦੀ ਡੂੰਘੀ ਜਾਣਕਾਰੀ ਦੀ ਲੋੜ ਸੀ। ਇਸ ਲਈ ਉਨ੍ਹਾਂ ਨੇ ਪੰਜ ਸਿੱਖਾਂ ਨੂੰ ਬ੍ਰਹਮਚਾਰੀ ਦੇ ਭੇਸ ਵਿਚ ਕਾਂਸ਼ੀ ਭੇਜਿਆ। ਸੰਸਕ੍ਰਿਤ ਭਾਸ਼ਾ ਵਿਚ ਨਿਪੁੰਨ ਹੋ ਕੇ ਇਨ੍ਹਾਂ ਨੇ ਗੁਰਬਾਣੀ ਵਿਚ ਆਏ ਹਿੰਦੂ ਧਰਮ ਗ੍ਰੰਥਾਂ ਦੇ ਹਵਾਲਿਆਂ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ। ਇਸ ਤਰ੍ਹਾਂ ਨਿਰਮਲਾ ਪੰਥ, ਸਿੱਖ ਪੰਥ ਦੇ ਅੰਗ ਦੇ ਰੂਪ ਵਿਚ ਉਸਰਿਆ। ਨਿਰਮਲੇ ਵਿਦਵਾਨ ਹੁਣ ਤਕ ਸਿੱਖੀ ਪ੍ਰਚਾਰ ਦਾ ਕੰਮ ਕਰ ਰਹੇ ਹਨ। ਨਿਰਮਲਾ ਅਖਾੜੇ ਦਾ ਸਦਰ ਮੁਕਾਮ ਭਾਵੇਂ ਪੰਚਾਇਤੀ ਨਿਰਮਲ ਅਖਾੜਾ, ਕਨਖਲ ਹਰਿਦੁਆਰ ਹੈ ਪਰ ਕਈ ਹੋਰ ਥਾਈਂ ਇਨ੍ਹਾਂ ਦੇ ਅਖਾੜੇ ਹਨ; ਖ਼ਾਸ ਕਰ ਕੇ ਮਾਲਵੇ ਵਿਚ ਜ਼ਿਆਦਾ ਨਿਰਮਲਾ ਅਖਾੜੇ ਹਨ। ਭਾਈ ਸੰਤੋਖ ਸਿੰਘ, ਪੰਡਿਤ ਈਸ਼ਰ ਦਾਸ, ਪੰਡਿਤ ਤਾਰਾ ਸਿੰਘ, ਗਿਆਨੀ ਗਿਆਨ ਸਿੰਘ ਇਸ ਸ਼੍ਰੇਣੀ ਦਾ ਪ੍ਰਸਿੱਧ ਵਿਦਵਾਨ ਹੋਏ ਹਨ।

        ਉਦਾਸੀਆਂ ਵਾਂਗ ਵੱਖਰੇ ਅਤੇ ਸੁਤੰਤਰ ਅਖਾੜੇ ਸਥਾਪਤ ਕਰਨ ਲਈ ਭਾਈ ਤੋਤਾ ਸਿੰਘ, ਰਾਮ ਸਿੰਘ ਅਤੇ ਮਤਾਬ ਸਿੰਘ ਜਿਹੇ ਗੁਰਮੁਖ ਸੰਤਾਂ ਨੇ ਪਟਿਆਲਾ, ਨਾਭਾ ਅਤੇ ਜੀਂਦ ਦੇ ਰਾਜਿਆਂ ਕੋਲੋਂ ਨਕਦ ਰਕਮ ਅਤੇ ਸਾਲਾਨਾ ਜਗੀਰ ਪ੍ਰਾਪਤ ਕਰ ਕੇ ਨਿਰਮਲੇ ਸੰਤਾਂ ਦਾ ਅਖਾੜਾ ਕਾਇਮ ਕੀਤਾ ਜੋ ਧਰਮ ਧੁਜਾ ਦੇ ਨਾਂ ਨਾਲ ਪ੍ਰਸਿੱਧ ਹੈ।

        ਇਹ ਕਿਉਂਕਿ ਹਿੰਦੂ ਧਰਮ ਗ੍ਰੰਥਾਂ ਦੇ ਗਿਆਤਾ ਅਤੇ ਸੰਸਕ੍ਰਿਤ ਦੇ ਵਿਦਵਾਨ ਸਨ, ਇਸ ਲਈ ਇਨ੍ਹਾਂ ਦੀ ਵਿਆਖਿਆ ਜਾਂ ਇਨ੍ਹਾਂ ਦੇ ਟੀਕੇ ਤੇ ਗ੍ਰੰਥ ਆਦਿ ਸੰਸਕ੍ਰਿਤ ਤੇ ਹਿੰਦੂ ਧਰਮ ਗ੍ਰੰਥਾਂ ਦਾ ਗੂੜ੍ਹੇ ਪ੍ਰਭਾਵ ਵਾਲੇ ਹਨ।                      


ਲੇਖਕ : ਸੁਰਜੀਤ ਸਿੰਘ ਭਾਟੀਆ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4802, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-10-05-32, ਹਵਾਲੇ/ਟਿੱਪਣੀਆਂ:

ਅਖਾੜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਖਾੜਾ, ਪੁਲਿੰਗ : ੧. ਘੁਲਣ ਦੀ ਥਾਂ, ਦੰਗਲ ਕਰਨ ਵਾਲੀ ਜਗ੍ਹਾ, ਪਹਿਲਵਾਨਾਂ ਦੇ ਕਸਰਤ ਕਰਨ ਦੀ ਥਾਂ, ਪਿੜ. ੨. ਰੰਗ ਭੂਮੀ, ਸਟੇਜ, ਜਿੱਥੇ ਨਾਟਕ ਖੇਡਿਆ ਜਾਵੇ, ੩. ਸਾਧੂ ਸੰਪਰਦਾ ਦੀ ਕੋਈ ਮੰਡਲੀ ਜਾਂ ਡੇਰਾ

–ਅਖਾੜਾ ਗਰਮ ਹੋਣਾ, ਕਿਰਿਆ ਅਕਰਮਕ : ਬਹੁਤਾ ਇਕੱਠ ਹੋਣਾ, ਇਕੱਠ ਵਿਚ ਰੌਣਕ ਹੋਣਾ

–ਅਖਾੜਾ ਜਮਣਾ, ਕਿਰਿਆ ਅਕਰਮਕ ੧. ਖਿਡਾਰੀਆਂ ਦਾ ਅਖਾੜੇ ਵਿਚ ਪੂਰੇ ਟੀਚੇ ਤੇ ਕੰਮ ਕਰਨਾ ਤੇ ਵੇਖਣ ਵਾਲਿਆਂ ਦਾ ਪੂਰੀ ਤਵੱਜਾ ਨਾਲ ਸੁਣਨਾ ਜਾਂ ਵੇਖਣਾ; ੨. ਬਹੁਤ ਸਾਰੇ ਲੋਕਾਂ ਦਾ ਪਿੜ ਦੁਆਲੇ ਜੁੜਨਾ, ਪਿੜ ਭਖਣਾ

–ਇੰਦਰ ਦਾ ਅਖਾੜਾ, ਪੁਲਿੰਗ : ਇੰਦਰ ਦਾ ਦਰਬਾਰ ਜਿੱਥੇ ਪਰੀਆਂ ਨੱਚਦੀਆਂ ਹਨ

–ਪਰੀਆਂ ਦਾ ਅਖਾੜਾ, ਪੁਲਿੰਗ : ਪਰੀਆਂ ਦਾ ਦਰਬਾਰ, ਕੁੜੀਆਂ ਦੀ ਟੋਲੀ, ਤੀਆਂ ਦਾ ਇਕੱਠ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-03-37-30, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.