ਅਗਵਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਗਵਾਈ [ਨਾਂਇ] ਅੱਗੇ ਚੱਲਣ ਦਾ ਭਾਵ; ਰਹਿਨੁਮਾਈ, ਅਗਵਾਨੀ, ਲੀਡਰੀ; ਅੱਗੇ ਚੱਲਣ ਦਾ ਭਾਵ; ਕਿਸੇ ਦਾ ਸੁਆਗਤ ਕਰਨ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਗਵਾਈ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਅਗਵਾਈ : ਕਿਸੇ ਸੰਗਠਨ ਦੀ ਸਫ਼ਲਤਾ ਕਈ ਗੱਲਾਂ ਉੱਤੇ ਨਿਰਭਰ ਕਰਦੀ ਹੈ, ਉਹਨਾਂ ਵਿੱਚੋਂ ਅਗਵਾਈ ਇੱਕ ਮਹੱਤਵਪੂਰਨ ਅਤੇ ਜ਼ਰੂਰੀ ਤੱਤ ਹੈ। ਇਹ ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਉਹ ਹਸਪਤਾਲ ਸਫਲਤਾਪੂਰਵਕ ਢੰਗ ਨਾਲ ਕੰਮ ਕਰ ਰਿਹਾ, ਉਸ ਫ਼ੈਕਟਰੀ ਦਾ ਪ੍ਰਬੰਧ ਕੁਸ਼ਲ ਨਹੀਂ ਹੈ ਜਾਂ ਉਸ ਕਾਲਜ ਜਾਂ ਸਕੂਲ ਨੂੰ ਕਈ ਪ੍ਰਸ਼ਾਸਕੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਜੇਕਰ ਇਹਨਾਂ ਸੰਗਠਨਾਂ ਦਾ ਅਧਿਐਨ ਕਰੀਏ ਤਾਂ ਪਤਾ ਚੱਲਦਾ ਹੈ ਕਿ ਇਹਨਾਂ ਸੰਗਠਨਾਂ ਵਿੱਚ ਕਿਤੇ ਨਾ ਕਿਤੇ ਅਗਵਾਈ ਦੀ ਘਾਟ ਸੀ ਜਾਂ ਅਧਿਕਾਰੀ ਇਹਨਾਂ ਸੰਗਠਨਾਂ ਨੂੰ ਅਗਵਾਈ ਪ੍ਰਦਾਨ ਕਰਨ ਵਿੱਚ ਅਸਮਰਥ ਰਹੇ ਹਨ।

ਅਗਵਾਈ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਸੰਗਠਨ ਅਤੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਉਹਨਾਂ ਨੂੰ ਆਮ ਉਦੇਸ਼ਾਂ ਦੀ ਪ੍ਰਾਪਤੀ ਕਰਨ ਦੇ ਲਈ ਰਾਹ ਦੱਸਦੀ ਹੈ। ਇਹ ਲੋਕਾਂ ਨੂੰ ਆਪਣੀ ਇੱਛਾ ਨਾਲ, ਆਪਸੀ ਸਹਿਯੋਗ ਕਰਨ ਲਈ ਪ੍ਰੇਰਿਤ ਕਰਨ ਦੀ ਕਿਰਿਆ ਹੈ। ਸਧਾਰਨ ਸ਼ਬਦਾਂ ਵਿੱਚ ਅਗਵਾਈ ਦਾ ਅਰਥ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਕਲਾ ਤੋਂ ਲਿਆ ਜਾਂਦਾ ਹੈ।

ਅਗਵਾਈ ਸੰਗਠਨ ਵਿੱਚ ਸਹਿਯੋਗ, ਆਤਮ-ਬਲ, ਪਿਆਰ ਅਤੇ ਕੰਮ ਦੀ ਭਾਵਨਾ ਪੈਦਾ ਕਰਦੀ ਹੈ। ਅਗਵਾਈ ਕਰਮਚਾਰੀਆਂ ਨੂੰ ਕੰਮ ਪ੍ਰਤਿ ਜਾਗਰੂਕ ਕਰਦੀ ਹੈ। ਇਹ ਕਰਮਚਾਰੀ-ਵਰਗ ਦੇ ਭਿੰਨ-ਭਿੰਨ ਸਮੂਹਾਂ ਦੀਆਂ ਵੱਖ-ਵੱਖ ਕਿਰਿਆਵਾਂ ਦਾ ਸੰਚਾਲਨ, ਰਾਹ ਦੱਸਣ, ਕੰਟ੍ਰੋਲ ਅਤੇ ਤਾਲ-ਮੇਲ ਰੱਖਣ ਵਿੱਚ ਸਹਾਇਕ ਹੁੰਦੀ ਹੈ।

ਇੱਕ ਸਫਲ ਅਧਿਕਾਰੀ ਲਈ ਆਪਣੇ ਆਮ ਪ੍ਰਸ਼ਾਸਕੀ ਕਾਰਜ ਜਿਵੇਂ ਨਿਯੋਜਨ, ਸੰਗਠਨ, ਸਟਾਫ਼, ਆਦੇਸ਼, ਕੰਟ੍ਰੋਲ, ਤਾਲ-ਮੇਲ ਆਦਿ ਦੇ ਨਾਲ-ਨਾਲ ਸੰਗਠਨ ਵਿੱਚ ਕੰਮ ਦਾ ਵਾਤਾਵਰਨ ਪੈਦਾ ਕਰਨਾ, ਕਰਮਚਾਰੀਆਂ ਵਿੱਚ ਭਾਈਚਾਰੇ ਅਤੇ ਕੰਮ ਦੀ ਭਾਵਨਾ ਪੈਦਾ ਕਰਨਾ, ਉਹਨਾਂ ਵਿੱਚ ਉਤਸ਼ਾਹ ਪੈਦਾ ਕਰਨਾ, ਸੰਕਟ ਦੀ ਹਾਲਤ ਵਿੱਚ ਕੰਮ ਲੈਣਾ ਆਦਿ ਉਸ ਦੀਆਂ ਮਹੱਤਵਪੂਰਨ ਜ਼ੁੰਮੇਵਾਰੀਆਂ ਹਨ। ਪ੍ਰਸ਼ਾਸਕੀ ਅਧਿਕਾਰੀ ਦੀ ਇਸ ਭੂਮਿਕਾ ਭਾਵ ਸੰਗਠਨ ਵਿੱਚ ਸਹਿਯੋਗ ਅਤੇ ਏਕਤਾ ਦੀ ਭਾਵਨਾ ਪੈਦਾ ਕਰਕੇ, ਉਦੇਸ਼ਾਂ ਨੂੰ ਪ੍ਰਾਪਤ ਕਰਨ ਨੂੰ ਅਗਵਾਈ ਕਿਹਾ ਜਾਂਦਾ ਹੈ।

ਅਸਲ ਵਿੱਚ ਕਿਸੇ ਵੀ ਸੰਸਥਾ ਦੇ ਕੰਮਾਂ ਨੂੰ ਸਹੀ ਦਿਸ਼ਾ ਦੇਣ ਲਈ ਆਗੂ ਦਾ ਹੋਣਾ ਬਹੁਤ ਜ਼ਰੂਰੀ ਹੈ, ਉਦਾਹਰਨ ਵਜੋਂ, ਕਿਸੇ ਸਕੂਲ ਦੇ ਕੰਮ-ਕਾਜ ਨੂੰ ਸਹੀ ਢੰਗ ਨਾਲ ਚਲਾਉਣ ਦੇ ਲਈ ਇੱਕ ਪ੍ਰਿੰਸੀਪਲ ਜਾਂ ਮੁੱਖ-ਅਧਿਆਪਕ ਦੀ ਲੋੜ ਪੈਂਦੀ ਹੈ, ਜਿਹੜਾ ਸਕੂਲ ਦੇ ਸਾਰੇ ਕੰਮਾਂ ਵੱਲ ਧਿਆਨ ਦਿੰਦਾ ਹੈ। ਇਸੇ ਤਰ੍ਹਾਂ ਕਿਸੇ ਰਾਜਨੀਤਿਕ ਦਲ ਦੇ ਕੰਮ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਨੇਤਾ ਦੀ ਲੋੜ ਪੈਂਦੀ ਹੈ। ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਅਵਾਜ਼ ਬੁਲੰਦ ਕਰਨ ਲਈ ਮਜ਼ਦੂਰ ਸੰਘ ਦੇ ਨੇਤਾ ਹੀ ਅੱਗੇ-ਆਉਂਦੇ ਹਨ ਅਤੇ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਦੇ ਹਨ।

ਅਗਵਾਈ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ ਰਾਜਨੀਤਿਕ ਅਗਵਾਈ, ਸਮਾਜਿਕ ਅਗਵਾਈ, ਧਾਰਮਿਕ ਅਗਵਾਈ, ਪ੍ਰਸ਼ਾਸਨਿਕ ਅਗਵਾਈ ਆਦਿਕ। ਸਮਾਜਿਕ ਅਗਵਾਈ ਸਮਾਜਿਕ ਖੇਤਰ ਵਿੱਚ ਸਮਾਜ ਦੀ ਅਗਵਾਈ ਕਰਦੀ ਹੈ, ਇਸ ਦਾ ਅੰਤਿਮ ਉਦੇਸ਼ ਚੰਗੇ ਸਮਾਜ ਦਾ ਨਿਰਮਾਣ ਕਰਨਾ ਹੈ। ਧਾਰਮਿਕ ਅਗਵਾਈ ਧਾਰਮਿਕ ਮਾਮਲਿਆਂ ਵਿੱਚ ਆਪਣੇ ਪੈਰੋਕਾਰਾਂ ਦੀ ਅਗਵਾਈ ਕਰਦੀ ਹੈ। ਇਸੇ ਤਰ੍ਹਾਂ ਪ੍ਰਸ਼ਾਸਨਿਕ ਅਗਵਾਈ ਪ੍ਰਸ਼ਾਸਨ ਦੇ ਮਾਮਲੇ ਵਿੱਚ ਆਪਣੇ ਅਧੀਨ ਕਰਮਚਾਰੀਆਂ ਦੀ ਰਹਿਨੁਮਾਈ ਕਰਦੀ ਹੈ। ਭਾਵ ਜੀਵਨ ਦੇ ਹਰੇਕ ਖੇਤਰ ਵਿੱਚ ਅਗਵਾਈ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ।

ਸੰਗਠਨ ਵਿੱਚ ਸਾਰੇ ਕਰਮਚਾਰੀ ਮਿਲ-ਜੁਲ ਕੇ ਉਦੇਸ਼ਾਂ ਦੀ ਪ੍ਰਾਪਤੀ ਲਈ ਕੰਮ ਕਰਦੇ ਹਨ। ਉਹਨਾਂ ਨੂੰ ਕਿਸੇ ਅਜਿਹੇ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਉਹਨਾਂ ਦੇ ਅੰਦਰ ਛੁਪੀਆਂ ਹੋਈਆਂ ਸਮਰਥਾਵਾਂ ਨੂੰ ਪਛਾਣ ਕੇ, ਉਤਸ਼ਾਹ ਅਤੇ ਵਿਸ਼ਵਾਸ ਨਾਲ ਕੰਮ ਕਰਨ ਲਈ ਜਾਗਰੂਕ ਕਰੇ।

ਅਗਵਾਈ ਦਾ ਮੁੱਖ ਕੰਮ ਗਰੁੱਪ ਦੇ ਅੰਦਰ ਮੈਂਬਰਾਂ ਵਿੱਚ ਏਕਤਾ ਤੇ ਭਾਈਚਾਰਾ ਬਣਾ ਕੇ ਰੱਖਣਾ ਹੈ। ਇਸ ਲਈ ਉਹ ਸਮੇਂ-ਸਮੇਂ ਤੇ ਮੈਂਬਰਾਂ ਨੂੰ ਆਦੇਸ਼ ਵੀ ਜਾਰੀ ਕਰ ਸਕਦਾ ਹੈ। ਉਹਨਾਂ ਵਿੱਚ ਆਪਸੀ ਸਹਿਯੋਗ ਦੀ ਪ੍ਰਾਪਤੀ ਲਈ ਤਾਲਮੇਲ ਕਾਇਮ ਕਰਦਾ ਹੈ। ਉਦੇਸ਼ਾਂ ਦਾ ਨਿਰਧਾਰਨ ਕਰਦਾ ਹੈ ਅਤੇ ਉਹਨਾਂ ਦੀ ਪ੍ਰਾਪਤੀ ਲਈ ਸਾਧਨਾਂ ਦਾ ਪ੍ਰਬੰਧ ਕਰਦਾ ਹੈ। ਸਾਧਨਾਂ ਦੀਆਂ ਗਤੀਵਿਧੀਆਂ ਉੱਤੇ ਕੰਟ੍ਰੋਲ ਕਰਦਾ ਹੈ। ਸੰਗਠਨ ਵਿੱਚ ਏਕਤਾ ਪੈਦਾ ਕਰਨਾ, ਭਾਈਚਾਰੇ ਦੀ ਭਾਵਨਾ ਪੈਦਾ ਕਰਨਾ, ਮਨੁੱਖੀ ਸੰਬੰਧਾਂ ਨੂੰ ਕਾਇਮ ਰੱਖਣਾ, ਨੈਤਿਕ ਭਾਵਨਾਵਾਂ ਨੂੰ ਪ੍ਰੇਰਿਤ ਕਰਨਾ ਅਤੇ ਕਾਰਜਾਂ ਦਾ ਮੁਲਾਂਕਣ ਕਰਨਾ ਅਗਵਾਈ ਦੇ ਮੁੱਖ ਕੰਮ ਹਨ।

ਸ਼ੁਰੂ-ਸ਼ੁਰੂ ਵਿੱਚ ਇਹ ਸਮਝਿਆ ਜਾਂਦਾ ਸੀ ਕਿ ਆਗੂ ਜਨਮ ਤੋਂ ਹੀ ਹੁੰਦੇ ਹਨ, ਭਾਵ ਜਨਮ ਤੋਂ ਹੀ ਕੁਝ ਵਿਅਕਤੀਆਂ ਵਿੱਚ ਅਗਵਾਈ ਦੇ ਗੁਣ ਪਾਏ ਜਾਂਦੇ ਹਨ। ਭਾਵੇਂ ਇਹ ਗੱਲ ਕੁਝ ਹੱਦ ਤੱਕ ਸੱਚੀ ਹੈ ਪਰ ਖੋਜਾਂ ਤੋਂ ਇਹ ਪਤਾ ਚੱਲਿਆ ਹੈ ਕਿ ਅਗਵਾਈ ਦੇ ਗੁਣ ਸਿੱਖੇ ਵੀ ਜਾ ਸਕਦੇ ਹਨ।

ਜੀਵਨ ਸ਼ਕਤੀ ਅਤੇ ਸਹਿਨਸ਼ੀਲਤਾ, ਨਿਰਨੈ ਲੈਣ ਦੀ ਸ਼ਕਤੀ, ਦੂਜਿਆਂ ਨੂੰ ਉਤਸ਼ਾਹਿਤ ਕਰਨ ਦੀ ਸ਼ਕਤੀ, ਜ਼ੁੰਮੇਵਾਰੀ ਤੇ ਬੌਧਿਕ ਸ਼ਕਤੀ, ਅੰਦਰੂਨੀ ਪ੍ਰੇਰਨਾ, ਆਤਮ-ਵਿਸ਼ਵਾਸ, ਸ਼ਖ਼ਸੀਅਤ, ਸੰਚਾਰ ਦੀ ਸ਼ਕਤੀ, ਸੇਵਾ ਦੀ ਭਾਵਨਾ, ਦੂਜੇ ਲੋਕਾਂ ਵਿੱਚ ਰੁਚੀ, ਇਮਾਨਦਾਰੀ, ਨਿਸ਼ਚਾ ਅਤੇ ਸਮਾਜਿਕ ਕੌਸ਼ਲਤਾ, ਤਕਨੀਕੀ ਯੋਗਤਾ, ਮਨੁੱਖੀ ਸੰਬੰਧਾਂ ਦਾ ਗਿਆਨ, ਦੂਰ-ਦ੍ਰਿਸ਼ਟੀ ਕੁਝ ਅਜਿਹੇ ਗੁਣ ਹਨ ਜੋ ਕਿ ਕਿਸੇ ਆਗੂ ਵਿੱਚ ਹੋਣੇ ਜ਼ਰੂਰੀ ਹਨ।


ਲੇਖਕ : ਨਵਤੇਜ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 4281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-22-04-19-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.