ਅਜੀਤ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਜੀਤ ਸਿੰਘ. ਦਸ਼ਮੇਸ਼ ਜੀ ਦੇ ਵਡੇ ਸਪੁਤ੍ਰ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦਾ ਜਨਮ ਮਾਤਾ ਸੁੰਦਰੀ ਜੀ ਦੇ ਉਦਰ ਤੋਂ ੨੩ ਮਾਘ , ਸੰਮਤ ੧੭੪੩ ਨੂੰ ਹੋਇਆ, ਅਤੇ ਚਮਕੌਰ ਦੇ ਧਰਮਯੁੱਧ ਵਿੱਚ ਵਡੀ ਵੀਰਤਾ ਨਾਲ ੮ ਪੋਹ ਸੰਮਤ ੧੭੬੧ ਨੂੰ ਸ਼ਹੀਦ ਹੋਏ।
੨ ਇੱਕ ਸੁਨਿਆਰੇ ਦਾ ਪੁਤ੍ਰ,1 ਜਿਸ ਨੂੰ ਮਾਤਾ ਸੁੰਦਰੀ ਜੀ ਨੇ ਸ਼੍ਰੀ ਅਜੀਤ ਸਿੰਘ ਜੇਹੀ ਸ਼ਕਲ ਦਾ ਵੇਖਕੇ ਪੁਤ੍ਰ ਬਣਾਇਆ. ਦਸ਼ਮੇਸ਼ ਜੀ ਨੇ ਜੋ ਸ਼ਸਤ੍ਰ ਮਾਤਾ ਸਾਹਿਬ ਕੌਰ ਜੀ ਨੂੰ ਬਖ਼ਸ਼ੇ ਸਨ, ਉਨ੍ਹਾਂ ਨੂੰ ਅਜੀਤ ਸਿੰਘ ਨੇ ਇੱਕ ਵੇਰ ਆਪਣੇ ਅੰਗ ਸਜਾਇਆ ਅਤੇ ਗੁਰੂ ਬਣਨ ਦਾ ਯਤਨ ਕੀਤਾ, ਇਸ ਤੋਂ ਮਾਤਾ ਸੁੰਦਰੀ ਜੀ ਨੇ ਤਿਆਗ ਦਿੱਤਾ. ਇੱਕ ਬੇਨਵੇ ਫਕੀਰ ਦੇ ਮਾਰਨ ਦਾ ਅਪਰਾਧ ਇਸ ਦੇ ਸਿਰ ਲਾਕੇ ਬਾਦਸ਼ਾਹ ਮੁਹੰਮਦਸ਼ਾਹ ਦੇ ਵਜ਼ੀਰ ਕ਼ਮਰੁੱਦੀਨ ਖ਼ਾਨ ਨੇ ਅਜੀਤ ਸਿੰਘ ਨੂੰ ੧੮ ਜਨਵਰੀ ਸਨ ੧੭੨੫ ਨੂੰ ਦਿੱਲੀ ਕ਼ਤਲ ਕਰਵਾ ਦਿੱਤਾ. ਇਸ ਦਾ ਦੇਹਰਾ ਸਬਜ਼ੀ ਮੰਡੀ ਕੋਲ ਦਿਲੀ ਹੈ. ਉਸ ਜਗਾ ਅਜੀਤੀ ਸੰਗਤਿ ਦਾ ਜੋੜ ਮੇਲਾ ਹੁੰਦਾ ਹੈ. ਦੇਖੋ, ਹਠੀ ਸਿੰਘ ।
੩ ਬੰਦਈ ਸਿੱਖਾਂ ਦੀ ਕਲਪਨਾ ਅਨੁਸਾਰ ਬਾਬੇ ਬੰਦੇ ਦਾ ਪੁਤ੍ਰ, ਜੋ ਸੰਮਤ ੧੭੭੭ ਵਿੱਚ ਪੈਦਾ ਹੋਇਆ।
੪ ਰਾਜਾ ਜਸਵੰਤ ਸਿੰਘ ਜੋਧਪੁਰੀਏ ਦਾ ਪੁਤ੍ਰ, ਜਿਸ ਦਾ ਜਨਮ ਸੰਮਤ ੧੭੩੬ ਅਤੇ ਦੇਹਾਂਤ ੧੭੮੧, ਵਿੱਚ ਹੋਇਆ. ਅਜੀਤ ਸਿੰਘ ਨੂੰ ਇਸ ਦੇ ਛੋਟੇ ਪੁੱਤ੍ਰ ਬਖਤ ਸਿੰਘ ਨੇ ੭ ਜੂਨ ਸਨ ੧੭੨੪ ਨੂੰ ਸੁੱਤੇ ਪਏ ਕਤਲ ਕਰ ਦਿੱਤਾ ਸੀ. ਇਸ ਦੀ ਬੇਟੀ ਬਾਈ ਇੰਦ੍ਰਕੁਮਾਰੀ ਨਾਲ ਦਿੱਲੀ ਦੇ ਬਾਦਸ਼ਾਹ ਫ਼ਰਰੁਖ਼ਸਿਯਰ ਨੇ ਸਨ ੧੭੧੫ ਵਿੱਚ ਸ਼ਾਦੀ ਕੀਤੀ ਸੀ।2
੫ ਰਾਜਾ ਸਾਹਿਬ ਸਿੰਘ ਪਟਿਆਲਾਪਤਿ ਦਾ ਰਾਣੀ ਆਨੰਦਕੌਰ ਦੇ ਪੇਟੋਂ ਪੁਤ੍ਰ, ਜਿਸ ਦਾ ਜਨਮ ਭਾਦੋਂ ਬਦੀ ੬ ਸੰਮਤ ੧੮੬੬ (੧ ਅਗਸਤ ਸਨ ੧੮੦੯) ਨੂੰ ਹੋਇਆ. ਇਹ ਮਹਾਰਾਜਾ ਕਰਮ ਸਿੰਘ ਦਾ ਛੋਟਾ ਭਾਈ ਸੀ। ੬ ਸੰਧਾਵਾਲੀਆ ਅਜੀਤ ਸਿੰਘ, ਜਿਸ ਨੇ ਮਹਾਰਾਜਾ ਸ਼ੇਰ ਸਿੰਘ ਲਹੌਰਪਤਿ ਨੂੰ ਬੰਦੂਕ ਨਾਲ ਮਾਰਕੇ ਆਪਣੇ ਪ੍ਰਾਣ ਭੀ ਦਿੱਤੇ. ਦੇਖੋ, ਸ਼ੇਰ ਸਿੰਘ ਅਤੇ ਅਤਰ ਸਿੰਘ । ੭ ਦੇਖੋ, ਸਾਹਿਬ ਸਿੰਘ ੪ ਅਤੇ ਵੇਦੀ ਵੰਸ਼ । ੮ ਦੇਖੋ, ਕੁੱਲੂ। ੯ ਮਹਾਰਾਜਾ ਦਲੀਪਸਿੰਘ ਦਾ ਅਧ੍ਯਾਪਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਜੀਤ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਜੀਤ ਸਿੰਘ (1881-1947) ਦੇਸ਼ ਭਗਤ ਅਤੇ ਇਨਕਲਾਬੀ ਸੀ। ਅਰਜਨ ਸਿੰਘ ਅਤੇ ਜੈ ਕੌਰ ਦਾ ਇਹ ਪੁੱਤਰ ਪੰਜਾਬ ਦੇ ਜਲੰਧਰ ਜ਼ਿਲੇ ਵਿਚ ਖਟਕੜ ਕਲਾਂ ਵਿਖੇ ਫਰਵਰੀ 1881 ਵਿਚ ਪੈਦਾ ਹੋਇਆ। ਇਸ ਨੇ ਆਪਣੀ ਮੁੱਢਲੀ ਪੜਾਈ ਆਪਣੇ ਪਿੰਡ ਵਿਚ ਕੀਤੀ ਅਤੇ ਇਸ ਤੋਂ ਅੱਗੇ ਸਾਈਂਦਾਸ ਐਂਗਲੋ-ਸੰਸਕ੍ਰਿਤ ਹਾਈ ਸਕੂਲ , ਜਲੰਧਰ ਅਤੇ ਡੀ.ਏ. ਵੀ. ਕਾਲਜ, ਲਾਹੌਰ ਤੋਂ ਵਿੱਦਿਆ ਪ੍ਰਾਪਤ ਕੀਤੀ। ਇਸ ਤੋਂ ਪਿੱਛੋਂ ਕਾਨੂੰਨ ਦੀ ਪੜ੍ਹਾਈ ਕਰਨ ਲਈ ਇਸ ਨੇ ਬਰੇਲੀ ਕਾਲਜ ਵਿਚ ਦਾਖਲਾ ਲੈ ਲਿਆ, ਪਰੰਤੂ ਸਿਹਤ ਠੀਕ ਨਾ ਹੋਣ ਕਰਕੇ ਬਿਨਾਂ ਕੋਰਸ ਪੂਰਾ ਕੀਤਿਆਂ ਪੜ੍ਹਾਈ ਵਿਚੇ ਛੱਡ ਦਿੱਤੀ।ਆਪਣਾ ਟਿਕਾਣਾ ਲਾਹੌਰ ਬਣਾ ਕੇ ਇਹ ਭਾਰਤੀ ਭਾਸ਼ਾਵਾਂ ਦਾ ਅਧਿਆਪਕ ਬਣ ਗਿਆ ਅਤੇ 1903 ਵਿਚ ਇਸ ਦਾ ਵਿਆਹ ਕਸੂਰ ਦੇ ਇਕ ਵਕੀਲ ਧਨਪਤ ਰਾਇ ਦੀ ਪੁਤਰੀ ਹਰਨਾਮ ਕੌਰ, ਨਾਲ ਹੋ ਗਿਆ।
ਅਜੀਤ ਸਿੰਘ 1906-07 ਵਿਚ ਖੇਤੀਬਾੜੀ ਲਹਿਰ ਨਾਲ ਸਿਆਸੀ ਖ਼ੇਤਰ ਵਿਚ ਆਇਆ। 1906 ਵਿਚ ਪੰਜਾਬ ਭੂਮੀ ਕੋਲੋਨਾਈਜੇਸ਼ਨ ਬਿੱਲ ਪਾਸ ਹੋਣ ਅਤੇ ਭੂਮੀ ਕਰ ਅਤੇ ਸਿੰਜਾਈ ਟੈਕਸ ਦੇ ਵਧਾਏ ਜਾਣ ਤੇ ਦਿਹਾਤੀ ਖੇਤਰਾਂ ਵਿਚ ਵਿਦਰੋਹ ਫ਼ੈਲ ਗਿਆ। ਕੋਲੋਨਾਈਜੇਸ਼ਨ ਬਿੱਲ ਦਾ ਮੰਤਵ ਜਮੀਨ ਦਾ ਉਤਰਾਧਿਕਾਰ ਕੇਵਲ ਜੇਠੇ ਪੁੱਤਰ ਨੂੰ ਦੇ ਕੇ ਖਾਸ ਤੌਰ ਤੇ ਸਿੱਖ ਸਾਬਕਾ ਫ਼ੌਜੀਆਂ ਦੀ ਚਨਾਬ ਕਲੋਨੀ ਵਿਚ ਅੱਗੇ ਹੋਰ ਜ਼ਮੀਨ ਦੇ ਟੁਕੜੇ ਹੋਣ ਤੋਂ ਰੋਕਣਾ ਸੀ। ਬਿੱਲ ਦੀ ਇਸ ਅਤੇ ਹੋਰ ਧਾਰਾਵਾਂ ਕਾਰਨ ਜਮੀਨ ਵਾਹੁਣ ਵਾਲਿਆਂ ਵਿਚ ਕਾਫੀ ਗੁੱਸੇ ਦੀ ਭਾਵਨਾ ਪੈਦਾ ਹੋ ਗਈ ਕਿਉਂਕਿ ਉਹ ਸਮਝਦੇ ਸਨ ਕਿ ਜਮੀਨ ਦੀ ਵੰਡ ਵਡਾਈ ਦੇ ਸੰਬੰਧ ਵਿਚ ਇਹ ਉਹਨਾਂ ਦੇ ਰਵਾਇਤੀ ਹੱਕਾਂ ਵਿਚ ਗੈਰ ਕਾਨੂੰਨੀ ਦਖ਼ਲ ਅੰਦਾਜ਼ੀ ਹੈ। ਸਰਕਾਰ ਦੇ ਖਿਲਾਫ ਵਿਚਾਰਧਾਰਾ ਰੱਖਣ ਵਾਲੇ ਹਫ਼ਤਾਵਾਰੀ ਅੰਗਰੇਜੀ ਅਖ਼ਬਾਰ, ‘ਪੰਜਾਬੀ` ਦੇ ਸੰਪਾਦਕ ਨੂੰ 1907 ਵਿਚ ਸਜ਼ਾ ਦੇਣ ਨਾਲ ਆਮ ਲੋਕਾਂ ਵਿਚ ਇਹ ਭਾਵਨਾ ਹੋਰ ਵਧ ਗਈ।
ਇਸ ਤਰਾਂ ਦੀ ਸਮਾਜਿਕ ਬੇਚੈਨੀ ਅਤੇ ਬ੍ਰਿਟਿਸ਼ ਸਰਕਾਰ ਵਿਰੋਧੀ ਮਾਹੌਲ ਵਿਚ ਅਜੀਤ ਸਿੰਘ ਨੇ ਲਾਹੌਰ ਵਿਚ ਮੁੱਖ ਦਫ਼ਤਰ ਵਾਲੀ ਇਕ ਕ੍ਰਾਂਤੀਕਾਰੀ ਸੰਸਥਾ , ‘ਭਾਰਤ ਮਾਤਾ ਸੋਸਾਇਟੀ` ਦੀ 1907 ਵਿਚ ਸਥਾਪਨਾ ਦਾ ਸਮਰਥਨ ਕੀਤਾ। ਭਾਰੀ ਗਿਣਤੀ ਵਿਚ ਵਿਰੋਧੀ ਮੀਟਿੰਗਾਂ ਅਤੇ ਮੁਜ਼ਾਹਰੇ ਕੇਵਲ ਪਿੰਡਾਂ ਵਿਚ ਹੀ ਨਹੀਂ ਸਗੋਂ ਰਾਵਲਪਿੰਡੀ, ਗੁਜਰਾਂਵਾਲਾ, ਮੁਲਤਾਨ , ਲਾਹੌਰ ਅਤੇ ਅੰਮ੍ਰਿਤਸਰ ਵਰਗੇ ਵੱਡੇ ਵੱਡੇ ਸ਼ਹਿਰਾਂ ਵਿਚ ਵੀ ਹੋਏ।ਇਹਨਾਂ ਵਿਚੋਂ ਬਹੁਤਿਆਂ ਨੂੰ ਅਜੀਤ ਸਿੰਘ ਨੇ ਸੰਬੋਧਨ ਕੀਤਾ ਜੋ ਸਰਕਾਰ ਦਾ ਬਹੁਤ ਤਿੱਖਾ ਅਲੋਚਕ ਬਣ ਚੁਕਾ ਸੀ। ਕਿਸਾਨੀ ਨੂੰ ਦਰਪੇਸ਼ ਜੋ ਤਤਕਾਲ ਸਮੱਸਿਆਵਾਂ ਸਨ ਉਹਨਾਂ ਦਾ ਜ਼ਿਕਰ ਕਰਨ ਦੇ ਨਾਲ ਨਾਲ ਇਸ ਨੇ ਲੋਕਾਂ ਨੂੰ ਦੇਸ਼ ਦੀ ਅਜ਼ਾਦੀ ਅਤੇ ਬਦੇਸ਼ੀ ਰਾਜ ਨੂੰ ਖਤਮ ਕਰਨ ਲਈ ਪ੍ਰੇਰਿਤ ਕੀਤਾ। ਪੰਜਾਬ ਸਰਕਾਰ ਦੀ ਸਿਫ਼ਾਰਸ਼ ਤੇ ਭਾਰਤ ਸਰਕਾਰ ਨੇ ਅਜੀਤ ਸਿੰਘ ਨੂੰ 2 ਜੂਨ 1907 ਨੂੰ ਦੇਸ਼ ਨਿਕਾਲਾ ਦੇ ਕੇ ਮਾਂਡਲੇ (ਬਰਮਾ) ਭੇਜ ਦਿੱਤਾ।
ਨਵੰਬਰ 1907 ਵਿਚ ਰਿਹਾ ਹੋਣ ਤੇ ਅਜੀਤ ਸਿੰਘ ਹੋਰ ਹਰਮਨ ਪਿਆਰਾ ਹੋ ਕੇ ਪੰਜਾਬ ਪਰਤਿਆ। ਇਸ ਨੇ ਛੇਤੀ ਹੀ ਆਪਣੀਆਂ ਬ੍ਰਿਟਿਸ਼ ਵਿਰੋਧੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਇਸ ਨੇ ‘ਪੇਸ਼ਵਾ` ਨਾਂ ਦਾ ਇਕ ਅਖ਼ਬਾਰ ਪ੍ਰਕਾਸ਼ਿਤ ਕੀਤਾ ਜਿਸ ਦਾ ਐਡੀਟਰ ਸੂਫ਼ੀ ਅੰਬਾ ਪ੍ਰਸ਼ਾਦ ਸੀ। ਇਸ ਨੇ ਛੋਟੇ ਛੋਟੇ ਪੱਤਰ ਅਤੇ ਕਿਤਾਬਾਂ ਜਿਵੇਂ ਕਿ ਬਾਗੀ ਮਸੀਹਾ , ਮੁਹਿੱਬਾਨ-ਇ-ਵਤਨ, ਬੰਦਰ ਬਾਂਟ ਅਤੇ ਉਂਗਲੀ ਪਕੜਤੇ ਪੰਜਾ ਪਕੜਾ ਛਾਪੇ। ਇਹਨਾਂ ਵਿਚ ਬ੍ਰਿਟਿਸ਼ ਰਾਜ ਉੱਤੇ ਹਮਲਾ ਕੀਤਾ ਗਿਆ ਸੀ। ਲਿਖੇ ਤੇ ਛਾਪੇ ‘ਪੇਸ਼ਵਾ` ਵਿਚਲੇ ਲੇਖਾਂ ਬਦਲੇ ਸਜ਼ਾ ਹੋ ਸਕਣ ਦੇ ਸ਼ਕ ਕਾਰਨ ਅਜੀਤ ਸਿੰਘ, ਜ਼ਿਆ ਉਲ-ਹੱਕ ਨਾਲ 1909 ਵਿਚ ਲੁੱਕ ਕੇ ਪਰਸ਼ੀਆ (ਫਾਰਸ) ਨਿਕਲ ਗਿਆ। ਉਥੇ ਇਹ ਭਾਰਤ ਦੀ ਅਜ਼ਾਦੀ ਲਈ ਕੰਮ ਕਰਦਾ ਰਿਹਾ ਅਤੇ ਸ਼ੀਰਾਜ਼ ਸ਼ਹਿਰ ਵਿਖੇ ਇਕ ਛੋਟਾ ਜਿਹਾ ਕ੍ਰਾਂਤੀਕਾਰੀ ਕੇਂਦਰ ਬਣਾਉਣ ਵਿਚ ਸਫ਼ਲ ਹੋ ਗਿਆ। ਮਈ 1910 ਵਿਚ ਇਹ ਅਤੇ ਇਸਦੇ ਸਾਥੀਆਂ ਨੇ ਫ਼ਾਰਸੀ ਵਿਚ ਹਯਾਤ ਨਾਂ ਦਾ ਇਕ ਕ੍ਰਾਂਤੀਕਾਰੀ ਪੱਤਰ ਸ਼ੁਰੂ ਕੀਤਾ। ਇਹ ਸੋਚ ਕੇ ਕਿ ਇਹ ਭਾਰਤੀ ਵਪਾਰੀਆਂ ਅਤੇ ਸਮੁੰਦਰੀ ਆਦਮੀਆਂ ਰਾਹੀਂ ਭਾਰਤ ਵਿਚ ਆਪਣੇ ਸਾਥੀਆਂ ਨਾਲ ਸੰਬੰਧ ਸਥਾਪਿਤ ਕਰੇਗਾ ਇਹ ਸਤੰਬਰ 1910 ਵਿਚ ਬੁਸ਼ਹਿਰ ਚਲਾ ਗਿਆ। ਇਸ ਦੀਆਂ ਸਰਗਰਮੀਆਂ ਨੇ ਬ੍ਰਿਟਿਸ਼ ਸਰਕਾਰ ਨੂੰ ਚੌਕੰਨਾ ਕਰ ਦਿੱਤਾ। ਈਰਾਨ ਵਿਚ ਹੋਰ ਜ਼ਿਆਦਾ ਠਹਿਰਨਾ ਅਸੁਰਖਿਅਤ ਸਮਝ ਕੇ ਅਜੀਤ ਸਿੰਘ ਰੂਸ ਰਾਹੀਂ ਟਰਕੀ ਚਲਾ ਗਿਆ ਜਿਥੇ ਇਹ ਟਰਕੀ ਦੇ ਜਨਰਲ ਅਤੇ ਨੀਤੀਵਾਨ ਮੁਸਤਫਾ ਕਮਾਲ ਪਾਸ਼ਾ ਨੂੰ ਮਿਲਿਆ। ਟਰਕੀ ਤੋਂ ਇਹ ਪੈਰਿਸ ਚਲਾ ਗਿਆ ਅਤੇ ਭਾਰਤੀ ਕ੍ਰਾਂਤੀਕਾਰੀਆਂ ਨੂੰ ਮਿਲਿਆ। ਇਸ ਪਿੱਛੋਂ ਇਹ ਸਵਿਟਜ਼ਰਲੈਂਡ ਚਲਾ ਗਿਆ ਜਿਥੇ ਇਸ ਨੇ ਲਾਲਾ ਹਰਦਯਾਲ ਅਤੇ ਦੁਨੀਆਂ ਦੇ ਹੋਰ ਦੇਸਾਂ, ਜਿਵੇਂ ਦੱਖਣੀ ਅਮਰੀਕਾ, ਜਰਮਨੀ , ਇਟਲੀ, ਪੋਲੈਂਡ , ਰੂਸ, ਮਿਸਰ ਅਤੇ ਮੱਰਾਕੋ ਦੇ ਕ੍ਰਾਂਤੀਕਾਰੀਆਂ ਨਾਲ ਜਾਣ ਪਛਾਣ ਪੈਦਾ ਕੀਤੀ। ਇਥੇ ਇਟਲੀ ਦੇ ਇਕ ਹੋਰ ਨੇਤਾ ਅਤੇ ਭਵਿੱਖ ਦੇ ਤਾਨਾਸ਼ਾਹ ਮੁਸੋਲਿਨੀ ਅਤੇ ਰੂਸ ਦੇ ਪ੍ਰਸਿੱਧ ਕ੍ਰਾਂਤੀਕਾਰੀ ਅਰਾਸਕੀ ਨੂੰ ਵੀ ਮਿਲਿਆ। 1913 ਦੇ ਅੰਤ ਤਕ ਇਹ ਫਰਾਂਸ ਚਲਾ ਗਿਆ ਜਿਹੜਾ ਇਸਨੇ ‘ਪਹਿਲੀ ਸੰਸਾਰ ਜੰਗ ’ ਦੇ ਸ਼ੁਰੂ ਹੋਣ ਪਿੱਛੋਂ ਛੇਤੀ ਹੀ ਬ੍ਰਾਜ਼ੀਲ ਜਾਣ ਲਈ ਛੱਡ ਦਿੱਤਾ, ਜਿਥੇ ਇਹ 1914 ਤੋਂ 1932 ਤਕ ਰਿਹਾ। ਬ੍ਰਾਜ਼ੀਲ ਤੋਂ ਇਸ ਲਈ ਅਮਰੀਕਾ ਵਿਚ ਗ਼ਦਰ ਪਾਰਟੀ ਦੇ ਨੇਤਾਵਾਂ ਨਾਲ ਸੰਬੰਧ ਬਣਾਈ ਰੱਖਣ ਵਿਚ ਸੌਖ ਸੀ। ਇਸ ਨੇ ਬ੍ਰਾਜ਼ੀਲ ਵਿਚ ਵੱਸਣ ਵਾਲਿਆਂ ਭਾਰਤੀਆਂ ਦੀ ਇਕ ਸੰਸਥਾ ਬਣਾਈ ਤਾਂ ਕਿ ਉਹਨਾਂ ਨੂੰ ਆਪਣੀ ਮਾਤਰ ਭੂਮੀ ਅਤੇ ਭਾਰਤ ਦੀ ਅਜ਼ਾਦੀ ਲਈ ਫੰਡ ਇਕੱਤਰ ਕਰਨ ਲਈ ਸੁਚੇਤ ਕੀਤਾ ਜਾ ਸਕੇ। 1932 ਤੋਂ 1938 ਤਕ ਅਜੀਤ ਸਿੰਘ ਨੇ ਫਰਾਂਸ, ਸਵਿਟਜ਼ਰਲੈਂਡ ਅਤੇ ਜਰਮਨੀ ਵਿਚ ਕੰਮ ਕੀਤਾ।ਇਸਨੇ ਯੂਰਪ ਵਿਚ ਕੰਮ ਕਰ ਰਹੇ ਭਾਰਤੀ ਕ੍ਰਾਂਤੀਕਾਰੀਆਂ ਨਾਲ ਆਪਣੇ ਸੰਬੰਧ ਨਵੇਂ ਸਿਰਿਉਂ ਫਿਰ ਬਣਾਏ ਅਤੇ ਸੁਭਾਸ਼ ਚੰਦਰ ਬੋਸ ਨੂੰ ਵੀ ਮਿਲਿਆ। ਅਜੀਤ ਸਿੰਘ ਭਾਰਤ ਵਾਪਸ ਆਉਣਾ ਚਾਹੁੰਦਾ ਸੀ ਕਿਉਂਕਿ ਇਹ ਸੋਚਦਾ ਸੀ ਕਿ ਉਹ ਕੰਮ, ਜਿਹੜਾ ਇਸ ਨੂੰ ਸਭ ਤੋਂ ਵੱਧ ਚੰਗਾ ਲਗਦਾ ਹੈ, ਉਸ ਲਈ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਇਹ ਭਾਰਤ ਵਿਚ ਕੰਮ ਕਰ ਸਕੇਗਾ। ਪਰੰਤੂ ਸਰਕਾਰ ਨੇ ਇਸ ਨੂੰ ਇਕ “ਖਤਰਨਾਕ ਅੰਦੋਲਨਕਾਰੀ" ਅਤੇ ਇਕ “ਬੇਲੋੜਾ ਬਦੇਸ਼ੀ" (ਇਸ ਨੇ ਬ੍ਰਾਜ਼ੀਲ ਦੀ ਨਾਗਰੀਕਤਾ ਪ੍ਰਾਪਤ ਕਰ ਲਈ ਸੀ) ਸਮਝ ਕੇ ਇਸ ਦਾ ਦੇਸ਼ ਅੰਦਰ ਦਾਖਲਾ ਬੰਦ ਕਰ ਦਿੱਤਾ ਸੀ।
ਦੂਜੀ ਸੰਸਾਰ-ਜੰਗ ਤੋਂ ਕੁਝ ਕੁ ਸਮਾਂ ਪਹਿਲਾਂ ਅਜੀਤ ਸਿੰਘ ਆਪਣੀਆਂ ਸਰਗਰਮੀਆਂ ਤੇਜ਼ ਕਰਨ ਇਟਲੀ ਦੇ ਲੋਕਾਂ ਦੀ ਅਤੇ ਸਰਕਾਰ ਦੀ ਭਾਰਤ ਦੇ ਹੱਕ ਵਿਚ ਰਾਏ ਪੈਦਾ ਕਰਨ ਲਈ ਇਟਲੀ ਚਲਾ ਗਿਆ ਅਤੇ ਉਥੇ ਇਸ ਨੇ ‘ਫਰੈਂਡਜ਼ ਆਫ਼ ਇੰਡੀਆ ਸੋਸਾਇਟੀ ਨਾਂ ਦੀ ਜਥੇਬੰਦੀ ਖੜ੍ਹੀ ਕੀਤੀ। ਇਟਲੀ ਵਿਚ ਰਹਿਣ ਸਮੇਂ ਇਸਨੇ ਭਾਰਤੀ ਜੰਗੀ ਕੈਦੀਆਂ ਦੀ ਇਕ ਕ੍ਰਾਂਤੀਕਾਰੀ ਫ਼ੌਜ ਤਿਆਰ ਕੀਤੀ। ਰੋਮ ਰੇਡੀਓ ਤੋਂ ਇਸ ਦੇ ਹਿੰਦੁਸਤਾਨੀ ਭਾਸ਼ਾ ਵਿਚ ਭਾਵਪੂਰਤ ਭਾਸ਼ਣ ਅਤੇ ਕੁਰਬਾਨੀ ਦੇ ਦੁਖ ਝਲਣ ਦੀ ਆਪਣੀ ਉਦਾਹਰਨ ਨੇ ਭਾਰਤੀ ਸਿਪਾਹੀਆਂ ਉਪਰ ਬਹੁਤ ਪ੍ਰਭਾਵ ਪਾਇਆ। ਇਟਲੀ ਦੇ ਹਾਰ ਜਾਣ ਉਪਰੰਤ ਅਜੀਤ ਸਿੰਘ ਨੂੰ ਕੈਦ ਕਰਕੇ ਇਟਲੀ ਦੀ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਅਤੇ ਪਿੱਛੋਂ ਜਦੋਂ ਜਰਮਨਾਂ ਨੇ ਹਾਰ ਮੰਨ ਲਈ ਤਾਂ ਇਸ ਨੂੰ ਜਰਮਨੀ ਦੀ ਇਕ ਜੇਲ੍ਹ ਵਿਚ ਭੇਜ ਦਿੱਤਾ ਗਿਆ। ਮਿਲਟਰੀ ਕੈਂਪਾਂ ਵਿਚ ਕਸ਼ਟ ਭਰੀ ਜਿੰਦਗੀ ਦਾ ਇਸ ਦੀ ਸਿਹਤ ਤੇ ਬੁਰਾ ਅਸਰ ਪਿਆ। ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿਚ ਦੇਸ਼ ਦੀ ਆਰਜ਼ੀ ਸਰਕਾਰ ਬਣਨ ਪਿੱਛੋਂ ਅਜੀਤ ਸਿੰਘ ਲੰਦਨ ਰਾਹੀਂ ਭਾਰਤ ਵਾਪਸ ਪਰਤਿਆ। 8 ਮਾਰਚ 1947 ਨੂੰ ਇਹ ਕਰਾਚੀ ਪਹੁੰਚਿਆ ਅਤੇ ਫਿਰ ਦਿੱਲੀ ਆਇਆ ਜਿਥੇ ਇਸ ਮਹਾਨ ਭਰਮਣ ਕਰਤਾ ਦਾ ਇਸ ਦੇਸ ਵਾਸੀਆਂ ਦੁਆਰਾ ਨਿੱਘਾ ਸੁਆਗਤ ਕੀਤਾ ਗਿਆ। ਦਿੱਲੀ ਵਿਚ ਇਹ ਜਵਾਹਰ ਲਾਲ ਨਹਿਰੂ ਦਾ ਮਹਿਮਾਨ ਸੀ ਅਤੇ ਇਸ ਨੇ ਏਸ਼ੀਅਨ ਰੀਲੇਸ਼ਨਜ਼ ਕਾਨਫਰੰਸ ਵਿਚ ਹਿੱਸਾ ਲਿਆ ਜਿਸ ਦਾ ਉਸ ਸਮੇਂ ਦਿੱਲੀ ਵਿਚ ਇਜਲਾਸ ਚਲ ਰਿਹਾ ਸੀ।
ਅਜੀਤ ਸਿੰਘ 15 ਅਗਸਤ 1947 ਨੂੰ ਭਾਰਤ ਦੇ ਅਜ਼ਾਦ ਹੋਣ ਵਾਲੇ ਦਿਨ ਡਲਹੌਜ਼ੀ ਵਿਖੇ ਚਲਾਣਾ ਕਰ ਗਿਆ।
ਲੇਖਕ : ਪ.ਦ.ਸ. ਅਤੇ ਅਨੁ. ਗ.ਨ.ਸ. ,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਜੀਤ ਸਿੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਜੀਤ ਸਿੰਘ : ਇਸ ਦੇ ਪਿਤਾ ਦਾ ਨਾਂ ਅਰਜਨ ਸਿੰਘ ਸੀ। ਅਜੀਤ ਸਿੰਘ ਪ੍ਰਸਿੱਧ ਦੇਸ਼-ਭਗਤ, ਭਗਤ ਸਿੰਘ ਦਾ ਚਾਚਾ ਸੀ। ਅਜੀਤ ਸਿੰਘ ਦੇ ਦੋ ਭਰਾ ਸਨ, ਕਿਸ਼ਨ ਸਿੰਘ ਤੇ ਸਵਰਨ ਸਿੰਘ। ਸਵਰਨ ਸਿੰਘ ਜਵਾਨੀ ਵਿਚ ਹੀ ਪੂਰਾ ਹੋ ਗਿਆ ਸੀ। ਇਨ੍ਹਾਂ ਦਾ ਪਿੰਡ ਤਾਂ ਖਟਕੜ ਕਲਾਂ, ਜ਼ਿਲ੍ਹਾ ਜਲੰਧਰ ਸੀ ਪਰ ਅਜੀਤ ਸਿੰਘ ਦੀ ਰਿਹਾਇਸ ਲਾਹੌਰ ਵਿਚ ਹੀ ਸੀ। ਇਹ ਘਰਾਣਾ ਬੜੀ ਸੂਝਬੂਝ ਵਾਲਾ ਤੇ ਚੰਗਾ ਰੱਜਿਆ ਪੁੱਜਿਆ ਸੀ। ਬਾਰ ਵਿਚ ਇਨ੍ਹਾਂ ਦੀ ਜ਼ਮੀਨ ਵੀ ਸੀ। ਇਸ ਖ਼ਾਨਦਾਨ ਦਾ ਬਹੁਤਾ ਮੇਲ ਮਿਲਾਪ ਲਾਹੌਰ ਦੇ ਆਰੀਆ ਸਮਾਜੀ ਤੇ ਰਾਜਸੀ ਖ਼ਿਆਲਾਂ ਵਾਲਿਆਂ ਨਾਲ ਸੀ। ਇਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਵਿਚ ਲਾਲਾ ਲਾਜਪਤ ਰਾਏ, ਸੂਫ਼ੀ ਅੰਬਾ ਪ੍ਰਸ਼ਾਦ ਮਹਿਤਾ, ਨੰਦ ਕਿਸ਼ੋਰ, ਲਾਲਾ ਕਿਦਾਰ ਨਾਥ ਸਹਿਗਲ, ਲਾਲਾ ਲਾਲ ਚੰਦ, ‘ਫ਼ਲਕ’ ਆਦਿ ਸਨ। ਲਾਹੌਰ ਵਿਚ ਇਨ੍ਹਾਂ ਦੇ ਕਈ ਹੋਰ ਵੀ ਸਾਥੀ ਸਨ।
ਸੰਨ 1907 ਵਿਚ ਪੰਜਾਬ ਸਰਕਾਰ ਨੇ ਜ਼ਿਲ੍ਹਾਂ ਲਾਇਲਪੁਰ ਤੇ ਬਾਰ ਵਿਚ ਨਵੀਆਂ ਆਬਾਦ ਹੋਈਆਂ ਜ਼ਮੀਨਾਂ ਬਾਰੇ ‘ਪੰਜਾਬ ਕਾਲੋਨੀ ਐਕਟ’ ਪਾਸ ਕੀਤਾ ਜਿਸ ਅਨੁਸਾਰ ਜ਼ਮੀਨਾਂ ਦੇ ਮਾਲਕਾਂ ਦੇ ਮਾਲਕਾਨਾ ਹੱਕ ਬਹੁਤ ਹੱਦ ਤਕ ਘਟਾ ਦਿੱਤੇ ਗਏ। ਇਸ ਐਕਟ ਦੇ ਵਿਰੁੱਧ ਲਾਲਾ ਲਾਜਪਤ ਰਾਏ ਤੇ ਅਜੀਤ ਸਿੰਘ ਨੇ ਲਾਹੌਰ ਵਿਚ ਐਜੀਟੇਸ਼ਨ ਸ਼ੁਰੂ ਕੀਤੀ। ਰਾਵਲਪਿੰਡੀ ਆਦਿ ਹੋਰ ਵੀ ਕਈ ਸ਼ਹਿਰਾਂ ਵਿਚ ਜਲਸੇ ਹੋਏ ਤੇ ਜਲੂਸ ਨਿਕਲੇ। ਝੰਗ ਸਿਆਲ ਦਾ ਰਹਿਣ ਵਾਲਾ ਲਾਲਾ ਬਾਂਕੇ ਦਿਆਲ ਵੀ ਉਸ ਵੇਲੇ ਦੇ ਪ੍ਰਸਿੱਧ ਦੇਸ਼ ਭਗਤਾਂ ਵਿੱਚੋਂ ਸੀ। ਇਸ ਨੇ ਬਾਰ ਦੇ ਜ਼ਿੰਮੀਦਾਰਾਂ ਨੂੰ ‘ਪੰਜਾਬ ਕਾਲੋਨੀ ਐਕਟ’ ਦੇ ਵਿਰੁੱਧ ਉਭਾਰਨ ਲਈ ਕਵਿਤਾ ਲਿਖੀ ਜੋ ਬਹੁਤ ਹੀ ਮਸ਼ਹੂਰ ਹੈ।
“ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਇ”
ਇਨ੍ਹੀਂ ਦਿਨੀ ਅੰਗਰੇਜ਼ ਕਾਫ਼ੀ ਘਾਬਰੇ ਹੋਏ ਸਨ ਤੇ ਬੜੀ ਚੌਕਸੀ ਰਖਦੇ ਸਨ। ਅਖ਼ੀਰ ਮਈ 1907 ਵਿਚ ਪੰਜਾਬ ਸਰਕਾਰ ਨੇ ਹਿੰਦ ਸਰਕਾਰ ਦੀ ਮਨਜ਼ੂਰੀ ਨਾਲ ਲਾਲਾ ਲਾਜਪਤ ਰਾਏ ਤੇ ਅਜੀਤ ਸਿੰਘ ਨੂੰ 1818 ਈ. ਦੇ ਰੈਗੂਲੇਸ਼ਨ ਅਨੁਸਾਰ ਫੜ ਕੇ ਬਰ੍ਹਮਾ ਵਿਚ ਜਲਾਵਤਨ ਕਰ ਦਿੱਤਾ।
ਥੋੜ੍ਹੇ ਦਿਨਾਂ ਬਾਅਦ ਹੀ ਪੰਜਾਬ ਸਰਕਾਰ ਦੀ ਪਾਲਿਸੀ ਬਦਲ ਗਈ। ‘ਪੰਜਾਬ ਕਾਲੋਨੀ ਐਕਟ’ ਰੱਦ ਕਰ ਦਿੱਤਾ ਗਿਆ। ਲਾਲਾ ਲਾਜਪਤ ਰਾਏ ਤੇ ਅਜੀਤ ਸਿੰਘ ਨੂੰ ਬਰ੍ਹਮਾ ਤੋਂ ਲਿਆ ਕੇ ਇਕ ਰਾਤ ਸਵੇਰ ਸਾਰ ਹੀ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਛੱਡ ਦਿੱਤਾ ਗਿਆ।
ਇਸ ਤੋਂ ਮਗਰੋਂ ਲਾਲਾ ਲਾਜਪਤ ਰਾਏ ਤੇ ਹੋਰ ਸਾਥੀ ਦੜ ਵੱਟ ਕੇ ਝੱਟ ਲੰਘਾਉਣ ਲਗ ਪਏ ਪਰ ਸਰਦਾਰ ਅਜੀਤ ਸਿੰਘ ਤੇ ਸੂਫੀ ਅੰਬ ਪ੍ਰਸ਼ਾਦ ਇਕ ਦਿਨ ਲਾਹੌਰੋਂ ਸ਼ੋਰ ਕੋਟ ਰੋਡ ਪਹੁੰਚੇ ਤੇ ਉਥੋਂ ਗੱਡੀ ਚੜ੍ਹ ਕੇ ਈਰਾਨ ਵੱਲ ਟੁਰ ਗਏ। ਇਹ ਵਾਕਿਆ 1908 ਈ. ਦਾ ਹੈ। ਬੜੀ ਹਿੰਮਤ ਤੇ ਜਤਨ ਨਾਲ ਇਹ ਦੋਵੇਂ ਈਰਾਨ ਪਹੁੰਚੇ। ਉਥੇ ਕੁਝ ਸਾਲ ਪਿੱਛੋਂ ਸੂਫ਼ੀ ਅੰਬਾ ਪ੍ਰਸ਼ਾਦ ਚਲਾਣਾ ਕਰ ਗਿਆ। ਅਜੀਤ ਸਿੰਘ ਈਰਾਨ ਤੋਂ ਤੁਰਕੀ ਪਹੁੰਚ ਗਿਆ। ਉਥੋਂ ਇਹ ਕਈ ਦੇਸ਼ਾਂ ਵਿੱਚੋਂ ਹੁੰਦਾ ਹੋਇਆ ਦੱਖਣੀ ਅਮਰੀਕਾ ਦੇ ਦੇਸ਼ ਬ੍ਰਾਜ਼ੀਲ ਵਿਚ ਜਾ ਪੁੱਜਾ। ਸੰਨ 1914-18 ਦੇ ਪਹਿਲੇ ਮਹਾਂ-ਯੁੱਧ ਵਿਚ ਇਹ ਉਥੇ ਹੀ ਰਿਹਾ। ਸੰਨ 1914-15 ਦੀ ਗ਼ਦਰ ਦੀ ਲਹਿਰ ਵਿਚ ਇਸ ਦੇ ਸ਼ਾਮਲ ਹੋਣ ਦਾ ਜ਼ਿਕਰ ਨਹੀਂ ਆਉਂਦਾ।
ਜਦ 1939 ਈ. ਵਿਚ ਹਿਟਲਰ ਨੇ ਜੰਗ ਛੇੜੀ ਤਾਂ ਅਜੀਤ ਸਿੰਘ ਇਟਲੀ ਜਾ ਪਹੁੰਚਾ ਤੇ ਉਥੋਂ ਰੇਡੀਉ ਤੇ ਆਪਣਾ ਸੁਨੇਹਾ ਹਿੰਦੁਸਤਾਨੀਆਂ ਨੂੰ ਦੇਂਦਾ ਰਿਹਾ। ਇਟਲੀ ਦੀ ਹਾਰ ਤੇ ਮਸੋਲੀਨੀ ਦੀ ਤਾਕਤ ਖ਼ਤਮ ਹੋਣ ਮਗਰੋਂ ਇਹ ਜਰਮਨੀ ਵਿਚ ਪਹੁੰਚ ਗਿਆ। ਜਦੋਂ ਜਰਮਨੀ ਨੇ ਮਈ, 1945 ਈ. ਵਿਚ ਹਥਿਆਰ ਸੁੱਟ ਦਿੱਤੇ ਤਦ ਇਹ ਬਿਮਾਰ ਸੀ। ਇਸ ਨੂੰ ਉਸੇ ਹਾਲਤ ਵਿਚ ਇੰਗਲੈਂਡ ਲਿਜਾਇਆ ਗਿਆ। ਸੰਨ 1946 ਵਿਚ ਅੰਗਰੇਜ਼ੀ ਸਰਕਾਰ ਨੇ ਹਿੰਦੁਸਤਾਨੀਆਂਜ ਦੀ ਜੋ ਸਰਕਾਰ ਬਣਾਈ ਸੀ ਉਸ ਵਿਚ ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਬਣੇ। ਪੰਡਤ ਜੀ ਨੇ ਅੰਗਰੇਜ਼ੀ ਸਰਕਾਰ ਨਾਲ ਲਿਖਾ ਪੜ੍ਹੀ ਕਰਕੇ ਅਜੀਤ ਨੂੰ ਹਿੰਦੁਸਤਾਨ ਵਿਚ ਵਾਪਸ ਮੰਗਾਇਆ। ਅਜੀਤ ਸਿੰਘ 40 ਸਾਲ ਦੀ ਜਲਾਵਤਨੀ ਪਿੱਛੋਂ ਆਪਣੇ ਵਤਨ ਪੰਜਾਬ ਵਿਚ ਆਇਆ ਤੇ ਆਪਣੇ ਵੱਡੇ ਭਰਾ ਕਿਸ਼ਨ ਸਿੰਘ ਤੇ ਹੋਰ ਸਾਥੀਆਂ ਨੂੰ ਮਿਲਿਆ।
ਅਜੀਤ ਸਿੰਘ ਆਪਣੀ ਅੱਖੀਂ ਹਿੰਦੁਸਤਾਨ ਤੋਂ ਅੰਗਰੇਜ਼ਾਂ ਨੂੰ ਜਾਂਦੇ ਵੇਖ ਗਿਆ। ਇਸ ਦੀ ਇਹ ਇੱਛਾ ਪੂਰੀ ਹੋ ਗਈ ਕਿ ਭਾਰਤ ਆਜ਼ਾਦ ਹੋਵੇ। ਸੰਨ 1947 ਦੀਆਂ ਗਰਮੀਆਂ ਵਿਚ ਇਹ ਡਲਹੌਜ਼ੀ ਪਹਾੜ ਤੇ ਸੀ। ਉਥੇ ਹੀ ਇਹ 15 ਅਗਸਤ, 1947 ਨੂੰ ਆਜ਼ਾਦੀ ਦਾ ਝੰਡਾ ਝੁਲਾ ਕੇ ਕੁੱਝ ਦਿਨਾਂ ਬਾਅਦ ਬ੍ਰਿਧ ਅਵਸਥਾ ਵਿਚ ਚਲਾਣਾ ਕਰ ਗਿਆ।
ਲੇਖਕ : ਗਿਆਨੀ ਨਾਹਰ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no
ਅਜੀਤ ਸਿੰਘ ਸਰੋਤ :
ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਜੀਤ ਸਿੰਘ : ਇਸ ਦਾ ਜਨਮ ਸ.ਅਰਜਨ ਸਿੰਘ ਦੇ ਘਰ ਜੈ ਕੌਰ ਦੀ ਕੁੱਖੋਂ ਖਟਕੜ-ਕਲਾਂ ਵਿਚ ਹੋਇਆ। ਇਹ ਤਿੰਨ ਭਰਾ ਸਨ। ਇਨ੍ਹਾਂ ਵਿਚੋਂ ਸਵਰਨ ਸਿੰਘ ਦਾ ਜਵਾਨੀ ਵਿਚ ਹੀ ਦੇਹਾਂਤ ਹੋ ਗਿਆ। ਦੂਜੇ ਭਰਾ ਦਾ ਨਾਂ ਕਿਸ਼ਨ ਸਿੰਘ ਸੀ ਜਿਸ ਦੇ ਘਰ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ। ਅਜੀਤ ਸਿੰਘ ਦੇ ਮਾਤਾ-ਪਿਤਾ ਆਪਣੀ ਸੰਤਾਨ ਨੂੰ ਦੇਸ਼-ਭਗਤ ਬਣਨ ਲਈ ਸਦਾ ਪ੍ਰੇਰਣਾ ਦਿੰਦੇ ਸਨ। ਇਹੀ ਕਾਰਣ ਹੈ ਕਿ ਅਜੀਤ ਸਿੰਘ, ਕਿਸ਼ਨ ਸਿੰਘ ਅਤੇ ਭਗਤ ਸਿੰਘ ਆਪਣੇ ਮਨ ਵਿਚ ਕ੍ਰਾਂਤੀਕਾਰੀ ਰੁਚੀਆਂ ਨੂੰ ਵਿਕਸਿਤ ਕਰ ਸਕੇ। ਇਹ ਪਰਿਵਾਰ ਆਰਥਿਕ ਪੱਖੋਂ ਸੌਖਾ, ਪੜ੍ਹਿਆ ਲਿਖਿਆ ਅਤੇ ਕਾਫ਼ੀ ਸੁਲਝਿਆ ਹੋਇਆ ਸੀ।
ਬਾਰ ਦੇ ਇਲਾਕੇ ਵਿਚ ਇਸ ਪਰਿਵਾਰ ਦੀ ਕਾਫ਼ੀ ਜ਼ਮੀਨ ਸੀ ਪਰ ਆਮ ਰਿਹਾਇਸ਼ ਲਾਹੌਰ ਵਿਚ ਸੀ। ਲਾਹੌਰ ਵਿਚ ਰਹਿੰਦਿਆ ਅਜੀਤ ਸਿੰਘ ਅਧਿਕਤਰ ਲਾਲਾ ਲਾਜਪਤ ਰਾਇ, ਸੂਫ਼ੀ ਅੰਬਾ ਪ੍ਰਸਾਦ, ਲਾਲਾ ਕੇਦਾਰ ਨਾਥ ਦੇ ਸੰਪਰਕ ਵਿਚ ਰਿਹਾ। ਸੰਨ 1907 ਈ. ਵਿਚ ਜਦੋਂ ਪੰਜਾਬ ਸਰਕਾਰ ਨੇ ਬਾਰ ਦੇ ਇਲਾਕੇ ਦੀਆਂ ਨਵੀਆਂ ਆਬਾਦ ਹੋਈਆਂ ਜ਼ਮੀਨਾਂ ਬਾਰੇ ‘ਪੰਜਾਬ ਕਾਲੋਨੀ ਐਕਟ’ ਬਣਾਇਆ ਤਾਂ ਅਜੀਤ ਸਿੰਘ ਨੇ ਲਾਲਾ ਲਾਜਪਤ ਰਾਇ ਨਾਲ ਰਲ ਕੇ ਲਾਹੌਰ ਵਿਚ ਅੰਦੋਲਨ ਸ਼ੁਰੂ ਕੀਤਾ ਅਤੇ ਥਾਂ-ਥਾਂ ਫਿਰ ਕੇ ਕਿਸਾਨਾਂ ਨੂੰ ਸਚੇਤ ਕੀਤਾ। ਉਸੇ ਦੌਰਾਨ ਹੀ ਬਾਂਕੇ ਦਿਆਲ ਨੇ ‘ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਇ’ ਕਵਿਤਾ ਲਿਖ ਕੇ ਇਸ ਅੰਦੋਲਨ ਨੂੰ ਤੇਜ਼ ਕੀਤਾ।
ਇਸ ਅੰਦੋਲਨ ਨੂੰ ਦਬਾਉਣ ਲਈ ਪੰਜਾਬ ਸਰਕਾਰ ਨੇ ਅਜੀਤ ਸਿੰਘ ਅਤੇ ਲਾਜਪਤ ਰਾਇ ਨੂੰ ਪਕੜ ਕੇ ਬਰਮਾ ਵਿਚ ਦੇਸ਼-ਨਿਕਾਲਾ ਦੇ ਦਿੱਤਾ। ਪਰ ਕੁਝ ਸਮੇਂ ਬਾਦ ਪੰਜਾਬ ਸਰਕਾਰ ਨੇ ‘ਪੰਜਾਬ ਕਾਲੋਨੀ ਐਕਟ’ ਖ਼ਤਮ ਕਰ ਦਿੱਤਾ ਅਤੇ ਅਜੀਤ ਸਿੰਘ ਤੇ ਲਾਜਪਤ ਰਾਇ ਨੂੰ ਲਾਹੌਰ ਲਿਆਇਆ ਗਿਆ। ਲਾਹੌਰ ਪਹੁੰਚ ਕੇ ਅਜੀਤ ਸਿੰਘ ਨਿਚਲਾ ਨਾ ਬੈਠ ਸਕਿਆ ਅਤੇ ਸੰਨ 1908 ਈ. ਵਿਚ ਸੂਫ਼ੀ ਅੰਬਾ ਪ੍ਰਸਾਦ ਨੂੰ ਨਾਲ ਲੈ ਕੇ ਈਰਾਨ ਚਲਾ ਗਿਆ । ਉਥੇ ਕੁਝ ਵਰ੍ਹਿਆਂ ਬਾਦ ਸੂਫ਼ੀ ਅੰਬਾ ਪ੍ਰਸਾਦ ਦਾ ਦੇਹਾਂਤ ਹੋ ਗਿਆ। ਉਥੋਂ ਅਜੀਤ ਸਿੰਘ ਪਹਿਲਾਂ ਤੁਰਕੀ ਪਹੁੰਚਿਆ, ਫਿਰ ਬ੍ਰਾਜ਼ੀਲ ਨੂੰ ਚਲਾ ਗਿਆ।ਪਹਿਲੇ ਵਿਸ਼ਵ-ਯੁੱਧ ਦੌਰਾਨ ਇਹ ਉਥੇ ਹੀ ਸੀ। ਦੂਜੇ ਵਿਸ਼ਵ-ਯੁੱਧ ਵਿਚ ਇਹ ਇਟਲੀ ਦੇ ਰੇਡੀਉ ਸਟੇਸ਼ਨ ਤੋਂ ਹਿੰਦੁਸਤਾਨੀਆਂ ਨੂੰ ਹੱਲਾਸ਼ੇਰੀ ਦਿੰਦਾ ਸੀ ਪਰ ਮੁਸੋਲਨੀ ਦੀ ਹਾਰ ਤੋਂ ਬਾਦ ਇਹ ਜਰਮਨੀ ਚਲਾ ਗਿਆ। ਉਥੇ ਜਰਮਨੀ ਵਲੋਂ ਮਿਤਰ-ਦੇਸ਼ਾਂ ਦੀ ਫ਼ੌਜ ਅਗੇ ਆਤਮ-ਸਮਰਪਣ ਕਰਨ ਵੇਲੇ ਇਸ ਨੂੰ ਪਕੜ ਲਿਆ ਗਿਆ ਅਤੇ ਬੀਮਾਰੀ ਦੀ ਹਾਲਤ ਵਿਚ ਇੰਗਲੈਂਡ ਲੈ ਜਾਇਆ ਗਿਆ।
ਸੰਨ 1946 ਈ. ਦੀਆਂ ਚੋਣਾਂ ਦੁਆਰਾ ਜਦੋਂ ਭਾਰਤ ਵਿਚ ਅੰਤਰਿਮ ਸਰਕਾਰ ਬਣੀ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਉੱਦਮ ਨਾਲ ਇਸ ਨੂੰ ਦੇਸ਼ ਵਾਪਸ ਲਿਆਉਂਦਾ ਗਿਆ ਲਗਭਗ 40 ਸਾਲ ਦੇ ਦੇਸ਼-ਨਿਕਾਲੇ ਅਤੇ ਬਿਰਧ ਅਵਸਥਾ ਕਾਰਣ ਇਸ ਦੀ ਸਿਹਤ ਖ਼ਰਾਬ ਹੋ ਗਈ, ਪਰ ਇਸ ਦੇ ਮਨ ਵਿਚ ਦੇਸ਼ ਨੂੰ ਆਜ਼ਾਦ ਵੇਖਣ ਦੀ ਬੜੀ ਪ੍ਰਬਲ ਲਾਲਸਾ ਸੀ। ਆਖ਼ਿਰ ਜਦੋਂ ਉਹ ਘੜੀ ਇਸ ਨੇ ਆਪਣੀ ਅੱਖੀਂ ਵੇਖ ਲਈ ਤਾਂ 15 ਅਗਸਤ, 1947 ਈ. ਤੋਂ ਕੁਝ ਦਿਨਾਂ ਬਾਦ ਡਲਹੌਜ਼ੀ ਵਿਚ ਇਸ ਨੇ ਪ੍ਰਾਣ ਤਿਆਗ ਦਿੱਤੇ।ਇਸ ਦਾ ਹਵਾਲਾ ਦਿੰਦਿਆਂ ਕਵੀ ਕੇਦਾਰ ਨਾਥ ‘ਬਾਗੀ’ ਨੇ ਲਿਖਿਆ ਹੈ—‘ਤੇ ਸ਼ੇਰ ਦਲੇਰ ਅਜੀਤ ਸਿੰਘ, ਜੋ ਨਕਸ਼ਾ ਸੀ ਬਰਬਾਦੀ ਦਾ।/ਜੋ ਮੌਤ ਨੂੰ ਧੱਕੇ ਦਿੰਦਾ ਸੀ, ਵੇਖਣ ਲਈ ਮੂੰਹ ਆਜ਼ਾਦੀ ਦਾ।’
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-03, ਹਵਾਲੇ/ਟਿੱਪਣੀਆਂ: no
ਅਜੀਤ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਜੀਤ ਸਿੰਘ (ਵੀ. ਚ.) : ਇਸ ਬਹਾਦਰ ਦਾ ਜਨਮ 2 ਜੂਨ, 1946 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਵਿਖੇ ਹੋਇਆ।
ਸੰਨ 1971 ਵਿਚ ਭਾਰਤ-ਪਾਕਿ ਯੁੱਧ ਸਮੇਂ ਇਸ ਨੇ ਗ੍ਰੇਨੇਡੀਅਰਜ਼ ਰੈਜਮੈਂਟ ਦੀ ਇਕ ਟੋਹ-ਟੁਕੜੀ ਦੀ ਬਹੁਤ ਚੁਸਤੀ, ਦਲੇਰਾਨਾ ਤੇ ਸਾਹਸੀ ਕਾਰਵਾਈ ਨਾਲ ਕਮਾਨ ਕੀਤੀ। ਇਸ ਬਹਾਦਰੀ ਭਰੀ ਤੇ ਸੁਚੱਜੀ ਅਗਵਾਈ ਕਾਰਨ ਦੁਸ਼ਮਣ ਨੂੰ ਕਾਫ਼ੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਯੁੱਧ ਸਮੇਂ ਕੀਤੇ ਸਲਾਹੁਣਯੋਗ ਕਾਰਜ ਲਈ ਸੈਕੰਡ ਲੈਫ਼ਟੀਨੈਂਟ ਅਜੀਤ ਸਿੰਘ ਨੂੰ ਵੀਰ ਚੱਕਰ ਨਾਲ ਸਨਮਾਨਿਆ ਗਿਆ। ਇਹ ਛੋਟੀ ਉਮਰ ਵਿਚ ਵੀਰ ਚੱਕਰ ਪ੍ਰਾਪਤ ਕਰਨ ਵਾਲਿਆਂ ਵਿਚੋਂ ਇਕ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-02-44-29, ਹਵਾਲੇ/ਟਿੱਪਣੀਆਂ: ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ
ਅਜੀਤ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਜੀਤ ਸਿੰਘ : ਪੰਜਾਬ ਦੇ ਇਸ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਖਟਕੜ ਕਲਾਂ ਵਿਖੇ ਸ. ਅਰਜਨ ਸਿੰਘ ਦੇ ਘਰ ਹੋਇਆ। ਇਹ ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਚਾਚਾ ਸੀ। ਇਸ ਨੇ ਆਪਣੀ ਵਿਦਿਆ ਜਲੰਧਰ ਅਤੇ ਲਾਹੌਰ ਵਿਖੇ ਪ੍ਰਾਪਤ ਕੀਤੀ। ਸੰਨ 1907 ਤਕ ਇਹ ਭਾਵੇਂ ਕਿਸੇ ਕਿਸਮ ਦੀ ਰਾਜਨੀਤਕ ਸਰਗਰਮੀ ਤੋਂ ਨਿਰਲੇਪ ਸੀ ਪਰ ਜ਼ਮੀਨੀ ਮਾਮਲੇ ਅਤੇ ਨਹਿਰੀ ਪਾਣੀ ਦੀਆਂ ਦਰਾਂ ਵਿਚ ਵਾਧੇ ਨਾਲ ਸ਼ੁਰੂ ਹੋਏ ਅੰਦੋਲਨ ਵਿਚ ਹਿੱਸਾ ਲੈਣ ਲਗ ਪਿਆ। ਇਸ ਸਮੇਂ ਹੀ ਸਰਕਾਰ ਵਿਰੁੱਧ ਅੰਦੋਲਨ ਕਰਨ ਵਾਲੀਆਂ ਕੁਝ ਕੁ ਪ੍ਰਸਿੱਧ ਹਸਤੀਆਂ ਜਿਵੇਂ ਲਾਲਾ ਲਾਜਪਤ ਰਾਇ ਆਦਿ ਨਾਲ ਇਸ ਦਾ ਸੰਪਰਕ ਹੋਇਆ। ਲੋਕਮਾਨਿਆ ਬਾਲ ਗੰਗਾਧਰ ਤਿਲਕ, ਲਾਲਾ ਪਿੰਡੀ ਦਾਸ, ਲਾਲ ਚੰਦ ਫ਼ਲਕ ਅਤੇ ਸੂਫ਼ੀ ਅੰਬਾ ਪ੍ਰਸਾਦ ਨੇ ਵੀ ਇਸ ਦੀ ਸੋਚਣੀ ਉੱਤੇ ਡੂੰਘੀ ਛਾਪ ਛੱਡੀ।
21 ਅਪਰੈਲ, 1907 ਨੂੰ ਰਾਵਲਪਿੰਡੀ ਵਿਚ ਹੋਈ ਇਕ ਮੀਟਿੰਗ ਵਿਚ ਇਸ ਨੇ ਸਰਕਾਰ ਵਿਰੁਧ ਰੋਹ-ਭਰੀ ਆਵਾਜ਼ ਉਠਾਈ। ਫ਼ਲਸਰੂਪ ਲਾਲਾ ਲਾਜਪਤ ਰਾਇ ਅਤੇ ਅਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਮਾਂਡਲੇ (ਬਰਮਾ) ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਇਸ ਵਿਚ ਦੇਸ਼ਭਗਤੀ ਦਾ ਜਜ਼ਬਾ ਹੋਰ ਵੀ ਜਾਗ ਪਿਆ ਅਤੇ ਇਸ ਨੇ ਇਕ ਪੱਤ੍ਰਿਕਾ ਪ੍ਰਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਜਦ ਇਸ ਨੂੰ ਸਰਕਾਰ ਨੇ ਬੰਦ ਕਰ ਦਿੱਤਾ ਤਾਂ ਇਸ ਨੇ ਕਈ ਪੈਂਫ਼ਲਿਟ ਵੀ ਛਾਪੇ ਜਿਨ੍ਹਾਂ ਵਿਚੋਂ ਦੇਸ਼ ਪ੍ਰੇਮ ਡੁੱਲ੍ਹ ਡੁੱਲ੍ਹ ਪੈਂਦਾ ਸੀ। ਇਸ ਨੇ ਪਹਿਲਾਂ ਇਕ ਇਨਕਲਾਬੀ ਸੁਸ਼ਾਇਟੀ, ਭਾਰਤ ਮਾਤਾ ਸੁਸਾਇਟੀ ਅਤੇ ਬਾਅਦ ਵਿਚ ਸੱਯਦ ਹੈਦਰ ਰਿਜ਼ਾ ਮਿਲ ਕੇ ਇੰਡੀਅਨ ਪੈਟੀਰੀਆਇਟਸ ਐਸੋਸੀਏਸ਼ਨ ਕਾਇਮ ਕੀਤੀ। ਲਾਹੌਰ ਵਿਚ ਇਕ ਦੋ ਥਾਵਾਂ ਉੱਤੇ ਦਿੱਤੇ ਭਾਸ਼ਣਾਂ ਕਾਰਨ ਅੰਗਰੇਜ਼ੀ ਸਰਕਾਰ ਇਸ ਨੂੰ ਖ਼ਤਰਨਾਕ ਅੰਦੋਲਨਕਾਰੀ ਕਰਾਰ ਦੇ ਕੇ ਫੜਨਾ ਚਾਹੁੰਦੀ ਸੀ ਪਰ ਇਹ ਬਚ ਕੇ ਪਰਸ਼ੀਆ (ਈਰਾਨ) ਚਲਾ ਗਿਆ। ਫਿਰ ਇਹ ਜਨੇਵਾ ਅਤੇ ਰੋਮ ਗਿਆ। ਜਦੋਂ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤਾਂ ਇਹ ਦੱਖਣੀ ਅਮਰੀਕਾ ਚਲਾ ਗਿਆ ਜਿਥੇ ਇਸ ਦੇ ਗ਼ਦਰ ਪਾਰਟੀ ਦੇ ਕਾਰਜ-ਕਰਤਾਵਾਂ ਨਾਲ ਸਾਂ ਫ੍ਰਾਂਸਿਸਕੋ ਵਿਚ ਸਬੰਧ ਕਾਇਮ ਕੀਤੇ। ਦੂਜੇ ਸੰਸਾਰ ਯੁੱਧ ਸਮੇਂ ਇਹ ਯੂਰਪ ਆ ਗਿਆ। ਇਥੇ ਇਹ ਸੁਭਾਸ਼ ਚੰਦਰ ਬੋਸ ਨੂੰ ਵੀ ਮਿਲਿਆ। ਬਦਕਿਸਮਤੀ ਨਾਲ ਇਹ ਉਸ ਦਿਨ ਹੀ ਪਰਲੋਕ ਸਿਧਾਰਿਆ ਜਿਸ ਦਿਨ ਭਾਰਤ ਆਜ਼ਾਦ ਹੋਇਆ। ਅੰਤਮ ਸਮੇਂ ਇਸ ਦੇ ਯਾਦਗਰੀ ਬੋਲ ਸਨ ' ' ਸ਼ੁਕਰ ਹੈ ਪ੍ਰਮਾਤਮਾ ਦਾ ਮੇਰਾ ਮਿਸ਼ਨ ਪੂਰਾ ਹੋ ਗਿਆ ਅਤੇ ਮੈਂ ਇਸ ਦੁਨੀਆ ਤੋਂ ਵਿਦਾ ਹੋ ਰਿਹਾ ਹੈ ਹਾਂ।''
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-02-48-28, ਹਵਾਲੇ/ਟਿੱਪਣੀਆਂ: ਹ. ਪੁ.– ਐ ਫ੍ਰੀ. ਫਾ. ਇੰ : 61
ਅਜੀਤ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਜੀਤ ਸਿੰਘ : ਸ਼ਾਨਦਾਰ ਬਹਾਦਰੀ ਤੇ ਦੇਸ਼ ਪ੍ਰੇਮ ਦੇ ਜਜ਼ਬੇ ਵਾਲੇ ਇਸ ਸੂਰਬੀਰ ਦਾ ਜਨਮ 7 ਨਵੰਬਰ, 1924 ਨੂੰ ਲੁਧਿਆਣਾ ਵਿਖੇ ਹੋਇਆ। ਇਸ ਨੇ ਭਾਰਤੀ ਫ਼ੌਜ ਵਿਚ 23 ਸਤੰਬਰ, 1945 ਨੂੰ ਕਮਿਸ਼ਨ ਪ੍ਰਾਪਤ ਕੀਤਾ। ਇਸ ਨੂੰ ਦੂਜੇ ਸੰਸਾਰ ਯੁੱਧ ਵਿਚ ਜਾਣ ਦਾ ਮੌਕਾ ਨਹੀਂ ਸੀ ਮਿਲਿਆ ਪਰ ਇਹ ਸੰਨ 1962 ਵਿਚ ਭਾਰਤ-ਚੀਨ ਯੁੱਧ ਸਮੇਂ ਆਪਣੀ ਸੂਰਬੀਰਤਾ ਦਿਖਾਉਣ ਵਿਚ ਕਾਮਯਾਬ ਹੋਇਆ।
ਮੇਜਰ ਅਜੀਤ ਸਿੰਘ 5 ਜਾਟ ਰੈਜਮੈਂਟ ਵਿਚ ਤੈਨਾਤ ਸੀ ਅਤੇ ਇਸ ਦੀ ਬਟਾਲੀਅਨ ਨੂੰ ਭਾਰਤ-ਚੀਨ ਯੁੱਧ ਸਮੇਂ ਹਾਟ ਸਪ੍ਰਿੰਗ ਦੇ ਇਲਾਕੇ ਦੀ ਸੁਰੱਖਿਆ ਲਈ ਤੈਨਾਤ ਕੀਤਾ ਗਿਆ ਸੀ। ਇਸ ਬਟਾਲੀਅਨ ਦੀ ਕਮਾਨ ਹੇਠਲੀ ਇਕ ਮਹੱਤਵਪੂਰਨ ਫ਼ੌਜੀ ਚੌਕੀ 'ਨਾਲਾ ਜੰਕਸ਼ਨ' ਉੱਤੇ ਚੀਨੀ ਫ਼ੌਜ ਨੇ ਕਬਜ਼ਾ ਕਰ ਲਿਆ। ਚੀਨੀ ਫ਼ੌਜ ਦੀ ਵਧਦੀ ਤਾਕਤ ਨੂੰ ਠੱਲ੍ਹ ਪਾਉਣ ਲਈ ਮੇਜਰ ਅਜੀਤ ਸਿੰਘ ਬਹੁਤ ਉਤਾਵਲਾ ਹੋ ਕੇ ਆਪਣੇ ਉੱਚ-ਅਧਿਕਾਰੀਆਂ ਤੋਂ ਨਾਲਾ ਜੰਕਸ਼ਨ ਤੇ ਹਮਲਾ ਕਰਨ ਲਈ ਇਜਾਜ਼ਤ ਮੰਗਣ ਲਗ ਪਿਆ ਭਾਵੇਂ ਕਿ ਨਾਲਾ ਜੰਕਸ਼ਨ ਅਤੇ ਹਾਟ ਸਪ੍ਰਿੰਗ ਤੇ ਹਮਲਾ ਕਰਨਾ ਮੌਤ ਨੂੰ ਮਾਊਂ ਕਹਿਣਾ ਸੀ ਪਰ ਮੇਜਰ ਅਜੀਤ ਸਿੰਘ ਦੀ ਦਲੇਰੀ ਅਤੇ ਨਾਲ ਜੰਕਸ਼ਨ ਅਤੇ ਹਾਟ ਸਪ੍ਰਿੰਗ ਦੀ ਫ਼ੌਜੀ ਮਹੱਤਤਾ ਜਾਣ ਕੇ ਇਸ ਨੂੰ ਇਜਾਜ਼ਤ ਦੇ ਦਿੱਤੀ ਗਈ। ਬਹੁਤ ਭਾਰੀ ਲੜਾਈ ਤੋਂ ਬਾਅਦ ਭਾਰਤੀ ਫ਼ੌਜ ਨੇ 'ਨਾਲਾ ਜੰਕਸ਼ਨ' ਤੇ ਕਬਜ਼ਾ ਕਰ ਲਿਆ। ਮੇਜਰ ਅਜੀਤ ਸਿੰਘ ਦੀ ਯੋਗ ਅਗਵਾਈ, ਚੰਗੀ ਸੂਝ ਤੇ ਬਹਾਦਰੀ ਸਦਕਾ ਇਸ ਨੂੰ ਮਹਾਵੀਰ ਚੱਕਰ ਨਾਲ ਸਨਮਾਨਿਆ ਗਿਆ।
ਲੇਖਕ : ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-02-49-33, ਹਵਾਲੇ/ਟਿੱਪਣੀਆਂ:
ਅਜੀਤ ਸਿੰਘ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਜੀਤ ਸਿੰਘ, ਪੁਲਿੰਗ : ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਹਿਬਾਜ਼ਾਦੇ ਜੋ ਚਮਕੌਰ ਦੀ ਲੜਾਈ ਵਿਚ ਸ਼ਹੀਦ ਹੋਏ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-04-03-17-11, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First