ਅਠਸਠ-ਤੀਰਥ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਠਸਠ-ਤੀਰਥ: ‘ਅਠਸਠ-ਤੀਰਥ’ ਤੋਂ ਭਾਵ ਹੈ ਹਿੰਦੂ ਧਰਮ ਦੇ ਅਠਾਹਠ ਪਵਿੱਤਰ ਸਥਾਨ। ‘ਤੀਰਥ ’ ਦਾ ਸ਼ਾਬਦਿਕ ਅਰਥ ਹੈ ਉਹ ਸਥਾਨ ਜਿਥੋਂ ਨਦੀ ਪਾਰ ਕੀਤੀ ਜਾਂਦੀ ਹੈ, ਅਰਥਾਤ ਘਾਟ। ਪਰ ਜਿਨ੍ਹਾਂ ਸਥਾਨਾਂ ਨਾਲ ਧਾਰਮਿਕ ਵਿਸ਼ਵਾਸ ਜੁੜ ਗਏ ਹਨ, ਉਨ੍ਹਾਂ ਨੂੰ ਤੀਰਥ ਇਸ ਲਈ ਕਿਹਾ ਜਾਣ ਲਗਿਆ ਕਿਉਂਕਿ ਉਹ ਪ੍ਰਾਣੀ ਨੂੰ ਸੰਸਾਰ-ਸਾਗਰ (ਭਵ-ਸਾਗਰ) ਤੋਂ ਪਾਰ ਕਰਾਉਣ ਵਾਲੇ ਘਾਟ ਹਨ। ਇਸ ਤਰ੍ਹਾਂ ‘ਤੀਰਥ’ ਸ਼ਬਦ ਦੇ ਅਰਥ ਵਿਚ ਵਿਕਾਸ ਹੋ ਗਿਆ, ਅਰਥਾਤ ਪਾਪ ਆਦਿਕਾਂ ਤੋਂ ਪਾਰ ਕਰਾਉਣ ਵਾਲਾ ਸਥਾਨ (ਤਰਤਿ ਪਾਪਾਦਿਕੰ ਯਸੑਮਾਤੑ)। ਬਹੁਤੇ ਤੀਰਥ ਨਦੀਆਂ ਜਾਂ ਸਰੋਵਰਾਂ ਦੇ ਕੰਢੇ ਬਣੇ ਹੋਣ ਕਾਰਣ ਪ੍ਰਤੀਕਾਤਮਕ ਰੂਪ ਵਿਚ ਭਵਸਾਗਰ ਤਰਨ ਦੀ ਪ੍ਰੇਰਣਾ ਦਿੰਦੇ ਹਨ। ਉਥੇ ਜਾ ਕੇ ਯਾਤ੍ਰੀ ਇਸ਼ਨਾਨ ਕਰਕੇ ਪੁੰਨ-ਦਾਨ ਕਰਦੇ ਹਨ ਅਤੇ ਸਾਧਾਂ-ਸੰਤਾਂ ਦੀ ਸੰਗਤ ਵਿਚ ਹਰਿ-ਕਥਾ, ਹਰਿ-ਕੀਰਤਨ ਅਤੇ ਹਰਿ- ਜਸ ਸੁਣ ਕੇ ਆਪਣਾ ਅਧਿਆਤਮਿਕ ਭਵਿਖ ਸੁਧਾਰਦੇ ਹਨ।

            ਉਂਜ ਤਾਂ ਜੈਨੀਆਂ, ਬੌਧੀਆਂ ਅਤੇ ਹੋਰ ਕਈ ਧਰਮਾਂ ਦੇ ਪਵਿੱਤਰ ਸਥਾਨਾਂ ਨੂੰ ਵੀ ਤੀਰਥ ਕਹਿ ਦਿੱਤਾ ਜਾਂਦਾ ਹੈ, ਪਰ ਵਿਸ਼ੇਸ਼ ਤੌਰ ’ਤੇ ਇਹ ਸ਼ਬਦ ਹਿੰਦੂ-ਧਰਮ ਦੇ ਪਵਿੱਤਰ ਸਥਾਨਾਂ ਲਈ ਰੂੜ੍ਹ ਹੋ ਚੁਕਿਆ ਹੈ। ਹਿੰਦੂ-ਧਰਮ ਦੇ ਭਾਰਤ ਵਿਚ ਅਣਗਿਣਤ ਤੀਰਥ ਹਨ। ਪੁਰਾਣ-ਸਾਹਿਤ ਵਿਚ ਸੰਪ੍ਰਦਾਇਕ ਰੁਚੀ ਅਧੀਨ ਤੀਰਥਾਂ ਦੀ ਗਿਣਤੀ ਸਦਾ ਵਧਦੀ ਹੀ ਰਹੀ ਹੈ। ਮੁੱਖ ਤੌਰ’ਤੇ ਸੱਤ ਪੁਰੀਆਂ ਨੂੰ ਮੁਕਤੀ- ਪ੍ਰਦਾਤਾ ਮੰਨਿਆ ਗਿਆ ਹੈ — ਅਯੋਧਿਆ , ਮਥੁਰਾ , ਮਾਯਾ, ਕਾਸ਼ੀ , ਕਾਂਚੀ, ਅਵੰਤਿਕਾ, ਦ੍ਵਾਰਿਕਾ — ਅਯੋਧੑਯਾ ਮਥੁਰਾ ਮਾਯਾ ਕਾਸ਼ੀ ਕਾਂਚੀ ਅਵੰਤਿਕਾ ਪੁਰੀ ਦ੍ਵਾਰਵਤੀ ਚੈਵ ਸਪੑਤੈਤਾ ਮੋਕੑਸ਼ ਦਾਯਿਕਾ :

            ਸੱਤ ਪੁਰੀਆਂ ਤੋਂ ਇਲਾਵਾ ਚਾਰ ਧਰਮ-ਧਾਮ ਵੀ ਮੰਨੇ ਗਏ ਹਨ ਜਿਨ੍ਹਾਂ ਵਿਚ ਦ੍ਵਾਰਿਕਾ ਪੁਰੀ ਵੀ ਸ਼ਾਮਲ ਹੈ—ਦ੍ਵਾਰਿਕਾ, ਜਗਨ-ਨਾਥ, ਬਦਰਿਕਾਸ਼੍ਰਮ ਅਤੇ ਰਾਮੇਸ਼ੑਵਰਮ। ਇਸ ਤਰ੍ਹਾਂ ਹਿੰਦੂ ਧਰਮ ਦੇ ਇਹ ਦਸ ਮਹਾਨ ਤੀਰਥ ਸਿੱਧ ਹੁੰਦੇ ਹਨ। ਪਰ ਗਿਣਤੀ ਪੱਖੋਂ ਅਠਸਠ-ਤੀਰਥਾਂ ਦੀ ਸਥਾਪਨਾ ‘ਕਪਿਲ ਤੰਤ੍ਰ ’ ਵਿਚ ਹੋਈ ਹੈ। ਉਪਰੋਕਤ ਦਸ ਮੁੱਖ ਤੀਰਥਾਂ ਤੋਂ ਇਲਾਵਾ ਬਾਕੀ ਦੇ 58 ਤੀਰਥਾਂ ਦੇ ਨਾਂ ਇਸ ਪ੍ਰਕਾਰ ਹਨ — ਓਅੰਕਾਰ , ਏਰਾਵਤੀ, ਸ਼ਤਦ੍ਰ, ਸਰਸੑਵਤੀ, ਸਰਯੂ, ਸਿੰਧੁ, ਸ਼ਿਪ੍ਰਾ, ਸ਼ੋਣ, ਸ਼੍ਰੀਸੈਲ, ਸ਼੍ਰੀਰੰਗ, ਹਰਿਦ੍ਵਾਰ, ਕਪਾਲਮੋਚਨ, ਕਪਿਲੋਦਕ, ਕਾਲਿੰਜਰ, ਕਾਵੇਰੀ, ਕੁਰੁਕੑਸ਼ੇਤ੍ਰ , ਕੇਦਾਰਨਾਥ, ਕੌਸ਼ਿਕੀ, ਗਯਾ , ਗੋਕਰਣ, ਗੋਦਾਵਰੀ , ਗੋਮਤੀ, ਗੋਵਰਧਨ, ਗੰਗਾਸਾਗਰ, ਗੰਡਕਾ, ਘਰਘਰਾ, ਚਰਮਨੑਵਤੀ, ਚਿਤ੍ਰਕੂਟ, ਚੰਦ੍ਰਭਾਗਾ, ਜ੍ਵਾਲਾਮੁਖੀ , ਤਪਤੀ, ਤਾਮ੍ਰਪਰਣੀ, ਤੁੰਗਭਦ੍ਰਾ, ਦਸ਼ਾਸ਼੍ਵਮੇਧ, ਦ੍ਰਿਸ਼ਦਵਤੀ, ਧਾਰਾ , ਨਰਮਦਾ, ਨਾਗਤੀਰਥ, ਨੈਮਿਸ਼, ਪੁਸ਼ਕਰ , ਪ੍ਰਯਾਗ (ਤ੍ਰਿਵੇਣੀ ਸੰਗਮ), ਪ੍ਰਿਥੂਦਕ, ਭਦ੍ਰੇਸ਼੍ਵਰ, ਭੀਮੇਸ਼੍ਵਰ, ਭ੍ਰਿਗੁਤੁੰਗ, ਮਹਾਕਾਲ , ਮਹਾਬੋਧਿ, ਮਾਨਸਰੋਵਰ, ਮੰਦਾਕਿਨੀ, ਯਮੁਨਾ, ਵਿਤਸਤਾ, ਵਿੰਧੑਯ, ਵਿਪਾਸ਼, ਵਿਮਲੇਸ਼੍ਵਰ, ਵੇਣਾ, ਵੇਤ੍ਰਵਤੀ, ਵੈਸ਼ਨਵੀ ਅਤੇ ਵੈਦੑਯਨਾਥ।

            ਉਪਰੋਕਤ ਤੀਰਥਾਂ ਵਿਚੋਂ ਅਧਿਕਾਂਸ਼ ਦੇ ਨਾਂ ਨਦੀਆਂ ਅਤੇ ਪਰਬਤਾਂ ਨਾਲ ਸੰਬੰਧਿਤ ਹਨ। ਇਨ੍ਹਾਂ ਅਠਾਹਠ ਤੀਰਥਾਂ ਦੇ ਜਲ ਵਿਚ ਇਸ਼ਨਾਨ ਕਰਨ ਨਾਲ ਸੰਸਾਰਿਕ ਬੰਧਨਾਂ ਤੋਂ ਯਾਤ੍ਰੀ ਦੀ ਮੁਕਤੀ ਹੋ ਜਾਂਦੀ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਤੀਰਥਾਂ ਉਤੇ ਇਸ਼ਨਾਨ ਕਰਨ ਦਾ ਲਾਭ ਉਦੋਂ ਹੀ ਹੁੰਦਾ ਦਸਿਆ ਹੈ ਜੇ ਮਨ ਪਵਿੱਤਰ ਹੋਵੇ। ਖੋਟੇ ਮਨ ਨਾਲ ਕੀਤਾ ਇਸ਼ਨਾਨ ਉਲਟਾ ਹੋਰ ਮੈਲ ਚੜ੍ਹਾਉਣ ਦਾ ਕਾਰਣ ਬਣਦਾ ਹੈ — ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ (ਗੁ.ਗ੍ਰੰ.789)। ‘ਜਪੁਜੀ ’ ਵਿਚ ਗੁਰੂ ਜੀ ਦੀ ਸਥਾਪਨਾ ਹੈ ਕਿ ਪਰਮਾਤਮਾ ਦੇ ਨਾਮ ਨੂੰ ਸੁਣਨ ਨਾਲ ਹੀ ਅਠਸਠ-ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ — ਸੁਣਿਐ ਅਠਸਠਿ ਕਾ ਇਸਨਾਨੁ ਗੁਰੂ ਅਰਜਨ ਦੇਵ ਜੀ ਨੇ ਉਸ ਸਥਾਨ ਨੂੰ ਅਠਸਠ ਤੀਰਥਾਂ ਜਿੰਨਾ ਪਵਿੱਤਰ ਮੰਨਿਆ ਹੈ ਜਿਥੇ ਸਾਧੂ ਪੁਰਸ਼ ਆਪਣੇ ਚਰਣ ਧਰਦਾ ਹੈ — ਅਠਸਠਿ ਤੀਰਥ ਜਹ ਸਾਧ ਪਗ ਧਰਹਿ (ਗੁ.ਗ੍ਰੰ.890)। ਦਰਬਾਰ ਸਾਹਿਬ ਪਰਿਸਰ ਵਿਚ, ‘ਦੁਖ ਭੰਜਨੀ’ ਅਤੇ ‘ਥੜਾ ਸਾਹਿਬ’ ਪਾਸ ਇਕ ਸਥਾਨ ਨੂੰ ਸਿੱਖ ਰਵਾਇਤ ਅਨੁਸਾਰ ‘ਅਠਸਠ-ਤੀਰਥ’ ਕਿਹਾ ਜਾਂਦਾ ਹੈ। ਸਪੱਸ਼ਟ ਹੈ ਕਿ ਅਠਸਠ-ਤੀਰਥਾਂ ਪ੍ਰਤਿ ਸਿੱਖ-ਧਰਮ ਵਿਚ ਕੋਈ ਮਾਨਤਾ ਨਹੀਂ ਹੈ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.