ਅਧਿਵਾਸ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Domicile_ਅਧਿਵਾਸ: ਅਧਿਵਾਸ ਇਕ ਕਾਨੂੰਨ ਸੰਕਲਪ ਹੈ ਅਤੇ ਮੋਟੇ ਸ਼ਬਦਾਂ ਵਿਚ ਅਧਿਵਾਸ ਦਾ ਮਤਲਬ ਹੈ ਇਕ ਖ਼ਾਸ ਕਿਸਮ ਦੀ ਰਿਹਾਇਸ਼ ਅਤੇ ਉਸ ਰਿਹਾਇਸ਼ ਪਿੱਛੇ ਇਕ ਖ਼ਾਸ ਕਿਸਮ ਦਾ ਇਰਾਦਾ। ਅਧਿਵਾਸ ਦਾ ਮਤਲਬ ਕੇਵਲ ਰਿਹਾਹਿਸ਼ ਨਹੀਂ ਅਤੇ ਨ ਹੀ ਇਹ ਹੈ ਕਿ ਕੋਈ ਵਿਅਕਤੀ ਭਾਰਤ ਦਾ ਅਧਿਵਾਸੀ ਤਦ ਹੀ ਹੋ ਸਕਦਾ ਹੈ ਜੇ ਉਸ ਦਾ ਭਾਰਤ ਦੇ ਰਾਜ-ਖੇਤਰ ਵਿਚ ਮਕਾਨ ਹੋਵੇ। ਹਾਲਜ਼ਬਰੀ ਦੀ ਪ੍ਰਸਿੱਧ ਪੁਸਤਕ ਲਾਜ਼ ਔਫ਼ ਇੰਗਲੈਂਡ ਦੀ ਜਿਲਦ 4 ਵਿਚ ਅਧਿਵਾਸ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਗਿਆ ਹੈ ਕਿ, ‘ਵਿਅਕਤੀ ਦੇ ਅਧਿਅਵਾਸ ਦਾ ਉਹ ਦੇਸ਼ ਗਿਣਿਆ ਜਾਂਦਾ ਹੈ ਜਿਥੇ ਉਸ ਦਾ ਸਥਾਈ ਘਰ ਹੋਵੇ ਜਾ ਕਾਨੂੰਨ ਵਿਚ ਅਜਿਹਾ ਸਮਝਿਆ ਜਾਂਦਾ ਹੋਵੇ। ਸੈਂਟਰਲ ਬੈਂਕ ਔਫ਼ ਇੰਡੀਆ ਬਨਾਮ ਨਾਰਾਇਣ (ਏ ਆਈ ਆਰ 1955 ਐਸ ਸੀ 36) ਅਨੁਸਾਰ ਇਹ ਹੋ ਸਕਦਾ ਹੈ ਕਿ ਕਿਸੇ ਵਿਅਕਤੀ ਦਾ ਕੋਈ ਘਰ ਹੀ ਨ ਹੋਵੇ, ਪਰ ਉਹ ਅਧਿਵਾਸ ਰਹਿਤ ਨਹੀਂ ਹੋ ਸਕਦਾ ਅਤੇ ਕਾਨੂੰਨ ਉਸ ਨਾਲ ਅਜਿਹੇ ਦੇਸ਼ ਦਾ ਅਧਿਵਾਸ ਮਨਸੂਬ ਕਰ ਸਕਦਾ ਹੈ ਜਿਥੇ ਉਹ ਕਦੇ ਰਿਹਾ ਨ ਹੋਵੇ।
ਬਰਤਾਨੀਆ ਵਿਚ ਪ੍ਰਾਈਵੇਟ ਕੌਮਾਂਤਰੀ ਕਾਨੂੰਨ ਕਮੇਟੀ ਦੀ ਰਿਪੋਰਟ ਵਿਚ ਅਧਿਵਾਸ ਨਿਸਚਿਤ ਕਰਨ ਲਈ ਨਿਮਨ ਸ਼ਿਫਾਰਸ਼ ਕੀਤੀ ਗਈ ਹੈ:-
(1) ਜਿਸ ਦੇਸ਼ ਵਿਚ ਕਿਸੇ ਵਿਅਕਤੀ ਦਾ ਘਰ ਹੋਵੇ, ਉਸ ਬਾਰੇ ਇਹ ਕਿਆਸ ਲਾਇਆ ਜਾਵੇਗਾ ਕਿ ਉਹ ਉਥੇ ਸਥਾਈ ਤੌਰ ਤੇ ਰਿਹਾਇਸ਼ ਰੱਖਣ ਦਾ ਇਰਾਦਾ ਰਖਦਾ ਹੈ,
(2) ਜਿਥੇ ਕਿਸੇ ਵਿਅਕਤੀ ਦੇ ਇਕ ਤੋਂ ਵੱਧ ਘਰ ਹੋਣ , ਉਥੇ ਉਸ ਦੇ ਸਥਾਈ ਤੌਰ ਤੇ ਰਿਹਾਇਸ਼ ਰੱਖਣ ਦਾ ਇਰਾਦਾ ਉਸ ਥਾਂ ਸਮਝਣਾ ਚਾਹੀਦਾ ਹੈ ਜਿਥੇ ਉਸ ਦਾ ਮੁੱਖ ਘਰ ਹੋਵੇ, ਅਤੇ
(3) ਜਿਥੇ ਉਹ ਮੁੱਖ ਤੌਰ ਤੇ ਕਾਰੋਬਾਰ ਲਈ ਇਕ ਦੇਸ਼ ਵਿਚ ਹੋਵੇ ਅਤੇ ਉਸਦੀ ਪਤਨੀ ਦਾ ਘਰ ਦੂਜੇ ਦੇਸ਼ ਵਿਚ ਹੋਵੇ ਤਾਂ ਉਸ ਬਾਰੇ ਇਹ ਕਿਆਸ ਕਰਨਾ ਚਾਹੀਦਾ ਹੈ ਕਿ ਉਹ ਪਤਨੀ ਵਾਲੇ ਦੇਸ਼ ਵਿਚ ਸਥਾਈ ਤੌਰ ਤੇ ਰਿਹਾਇਸ਼ ਰੱਖਣ ਦਾ ਇਰਾਦਾ ਰੱਖਦਾ ਹੈ।
ਇਹ ਸਵਾਲ ਕਿ ਕਿਸੇ ਵਿਅਕਤੀ ਦਾ ਅਧਿਵਾਸ ਕਿਥੇ ਦਾ ਹੈ, ਅਹਿਮੀਅਤ ਰਖਦਾ ਹੈ ਕਿਉਂਕਿ ਇਸ ਨਾਲ ਉਸ ਵਿਅਕਤੀ ਦਾ ਸਿਵਲ ਰੁਤਬਾ ਜੁੜਿਆ ਹੁੰਦਾ ਹੈ। ਕਿਸੇ ਬਚੇ ਦੀ ਜਾਇਜ਼ਤਾ ਅਤੇ ਬਾਲਗ਼ੀ ਅਤੇ ਤਲਾਕ ਦੀ ਡਿਗਰੀ ਦੀ ਜਾਇਜ਼ਤਾ ਧਿਰਾਂ ਦੇ ਅਧਿਵਾਸ ਤੇ ਨਿਰਭਰ ਕਰਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1613, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First