ਅਨੰਤਨਾਗ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੰਤਨਾਗ : ਕਸ਼ਮੀਰ ਵਾਦੀ ਦੀ ਦੱਖਣੀ ਨੁੱਕਰੇ ਇਕ ਨਗਰ ਹੈ ਜੋ ਇਸੇ ਨਾਂ ਦੇ ਜ਼ਿਲੇ ਦਾ ਪ੍ਰਧਾਨ ਨਗਰ ਹੈ। ਨਗਰ ਦੇ ਨੇੜੇ ਇਸੇ ਨਾਂ ਦਾ ਇਕ ਚਸ਼ਮਾ ਹੈ ਜਿਸ ਦੇ ਨਾਂ ਤੇ ਹੀ ਇਹ ਕਸਬਾ ਵੱਸਿਆ ਹੋਇਆ ਹੈ। ਹਿੰਦੂ ਲੋਕ ਇਸ ਚਸ਼ਮੇ ਨੂੰ ਪਵਿੱਤਰ ਮੰਨਦੇ ਹਨ। ਗੁਰੂ ਨਾਨਕ ਦੇਵ ਜੀ (1469-1539) 1517 ਈ. ਵਿਚ ਮਟਨ ਜਾਂਦੇ ਹੋਏ ਅਨੰਤਨਾਗ ਠਹਿਰੇ ਸਨ। ਉਹਨਾਂ ਦੀ ਯਾਦ ਵਿਚ ਕਸਬੇ ਦੇ ਦੱਖਣੀ ਖੇਤਰ ਵਿਚ ਇਕ ਇਤਿਹਾਸਿਕ ਗੁਰਦੁਆਰਾ ਵਿੱਦਮਾਨ ਹੈ ਜੋ ਗੁਰਦੁਆਰਾ ਗੁਰੂ ਨਾਨਕ ਦੇਵ ਕਰਕੇ ਜਾਣਿਆ ਜਾਂਦਾ ਹੈ। ਇਹ ਗੁਰਦੁਆਰਾ 1950 ਈ. ਵਿਚ ਬਣਵਾਇਆ ਗਿਆ ਸੀ ਅਤੇ ਇਸਦੀ ਦੂਸਰੀ ਮੰਜ਼ਲ 1970 ਵਿਚ ਉਸਾਰੀ ਗਈ। ਪਹਿਲੀ ਮੰਜ਼ਲ ਤੇ ਇਕ ਹਾਲ ਹੈ। ਜਿਸਦੀ ਪਿਛਲੀ ਕੰਧ ਦੇ ਮੱਧ ਵਿਚ ਪ੍ਰਕਾਸ਼ ਸਥਾਨ ਬਣਿਆ ਹੋਇਆ ਹੈ। ਇਸ ਗੁਰਦੁਆਰੇ ਦੀ ਸਾਂਭ ਸੰਭਾਲ ਜੰਮੂ ਅਤੇ ਕਸ਼ਮੀਰ ਗੁਰਦੁਆਰਾ ਪ੍ਰਬੰਧਕੀ ਬੋਰਡ ਵੱਲੋਂ ਜ਼ਿਲਾ ਪ੍ਰਬੰਧਕ ਕਮੇਟੀ ਜ਼ਿਲਾ ਅਨੰਤਨਾਗ ਰਾਹੀਂ ਕੀਤੀ ਜਾਂਦੀ ਹੈ।


ਲੇਖਕ : ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਨੰਤਨਾਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਨੰਤਨਾਗ : ਇਹ ਕਸ਼ਮੀਰ ਦਾ ਇਕ ਪੁਰਾਣਾ ਸ਼ਹਿਰ ਹੈ ਜਿਸ ਨੂੰ ਹੁਣ ਸਰਕਾਰੀ ਰਿਕਾਰਡ ਵਿਚ ਅਨੰਤਨਾਗ ਦੇ ਨਾਂ ਨਾਲ ਲਿਖਿਆ ਜਾਂਦਾ ਹੈ। ਇਸ ਦਾ ਇਹ ਨਾਂ ਮਹਾਰਾਜਾ ਗੁਲਾਬ ਸਿੰਘ ਨੇ ਰੱਖਿਆ ਸੀ। ਪਹਿਲਾਂ ਇਸ ਦਾ ਨਾਂ ਇਸਲਾਮਾਬਾਦ ਸੀ ਜੋ ਔਰੰਗਜ਼ੇਬ ਆਲਮਗੀਰ ਨੇ ਆਪਣੇ ਸੂਬੇਦਾਰ ਮੀਰਜ਼ਿਆ-ਉੱਦੀਨ ਹੁਸੈਨ ਬਦਖ਼ਸ਼ਾਨੀ, ਜਿਸ ਨੂੰ ਇਸਲਾਮ ਖ਼ਾਂ ਦਾ ਖ਼ਿਤਾਬ ਮਿਲਿਆ ਹੋਇਆ ਸੀ, ਦੇ ਨਾਂ ਉਤੇ ਖੁਫ਼ ਹੋ ਕੇ ਰਖਿਆ ਸੀ। ਇਹ ਪੁਰਾਣੇ ਸਮੇਂ ਵਿਚ ਕਸ਼ਮੀਰ ਵਾਦੀ ਦੀ ਰਾਜਧਾਨੀ ਵੀ ਰਹਿ ਚੁਕਿਆ ਹੈ।

          ਇਹ ਦਰਿਆ ਜਿਹਲਮ ਦੇ ਸੱਜੇ ਕੰਢੇ ਤੇ ਸ੍ਰੀ ਨਗਰ ਤੋਂ 56 ਕਿ. ਮੀ. ਦੀ ਦੂਰੀ ਤੇ ਵਾਕਿਆ ਹੈ। ਉਂਜ ਤਾਂ ਇਹਦੇ ਲਾਗੇ ਬਹੁਤ ਸਾਰੇ ਚਸ਼ਮੇ ਹਨ ਪਰ ਅਨੰਤਨਾਗ ਨਾਂ ਦੇ ਗਰਮ ਪਾਣੀ ਦੇ ਚਸ਼ਮੇ ਦੀ ਪਵਿੱਤਰਤਾ ਸਭ ਨਾਲੋਂ ਵੱਧ ਹੈ। ਇਥੇ ਅਨੰਤ ਚੌਦੇਂ ਨੂੰ ਬੜਾ ਭਾਰੀ ਮੇਲਾ ਲਗਦਾ ਹੈ। ਪੁਰਾਣੇ ਜ਼ਮਾਨੇ ਵਿਚ ਇਹ ਸ਼ਹਿਰ ਬਹੁਤ ਤਰੱਕੀ ਤੇ ਸੀ ਅਤੇ ਇਥੇ ਬਣਨ ਵਾਲੀਆਂ ਸ਼ਾਲਾਂ ਅਤੇ ਦੁਸ਼ਾਲਿਆਂ ਕਰਕੇ ਇਹਦੀ ਕਾਫ਼ੀ ਮਸ਼ਹੂਰੀ ਸੀ ਪਰ ਹੁਣ ਇਹ ਪਛੜੀ ਹੋਈ ਹਾਲਤ ਵਿਚ ਹੈ। ਇਥੇ ਹੁਣ ਵੀ ਕੁਝ ਲੋਕ ਸ਼ਾਲਾਂ ਆਦਿ ਬਣਾਉਣ ਦਾ ਕੰਮ ਕਰਦੇ ਹਨ, ਪਰ ਬਹੁਤੇ ਲੋਕਾਂ ਦੀ ਰੋਜ਼ੀ ਦਾ ਵਸੀਲਾ ਖੇਤੀਬਾੜੀ ਹੈ। ਇਹ ਇਸੇ ਨਾਂ ਦੇ ਜ਼ਿਲ੍ਹੇ ਦਾ ਸਦਰ ਮੁਕਾਮ ਵੀ ਹੈ।

          ਆਬਾਦੀ––27,643 (1971)

          33°40' ਉ. ਵਿਥ.; 74°05' ਪੂ. ਲੰਬ.


ਲੇਖਕ : ਵੀਰ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 948, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.