ਅਨੰਦੁ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਨੰਦੁ : ਰਾਮਕਲੀ ਰਾਗ ਵਿੱਚ ਰਚੀ ‘ਅਨੰਦੁ`, ਗੁਰੂ ਅਮਰਦਾਸ ਦੀ ਰਚਨਾ ਹੈ। ਇਹ ਰਚਨਾ ਨਿਤਨੇਮ ਦੀਆਂ ਬਾਣੀਆਂ ਵਿੱਚ ਸ਼ਾਮਲ ਹੈ ਅਤੇ ਲਗਪਗ ਹਰ ਮਹੱਤਵਪੂਰਨ ਸਮੇਂ ਉੱਤੇ ਪੜ੍ਹੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਰਚਨਾ ਮੋਹਰੀ ਦੇ ਘਰ ਪੁੱਤਰ ਦੇ ਜਨਮ ਦੇ ਮੌਕੇ ਉੱਤੇ, 1554 ਵਿੱਚ ਉਚਾਰੀ ਗਈ ਸੀ। ਪਰ ਬਾਣੀ ਦੇ ਅਧਿਆਤਮਿਕ ਵਿਸ਼ੇ ਨੂੰ ਵੇਖਦਿਆਂ ਇਹ ਮਾਨਤਾ ਬਹੁਤੀ ਸਾਰਥਕ ਨਹੀਂ ਜਾਪਦੀ। 40 ਸਲੋਕਾਂ ਦੀ ਇਹ ਬਾਣੀ ਮਨੁੱਖ ਨੂੰ ਆਤਮਿਕ ਵਿਕਾਸ ਦੁਆਰਾ ਅਨੰਦ ਦੀ ਪ੍ਰਾਪਤੀ ਦੀ ਪ੍ਰੇਰਨਾ ਦਿੰਦੀ ਹੈ। ਆਪਣੇ ਮੌਲਿਕ ਸਿਧਾਂਤ ਅਤੇ ਵਿਚਾਰ ਕਰ ਕੇ, ਇਸ ਬਾਣੀ ਦਾ ਅਨੰਦ ਪ੍ਰਾਪਤੀ ਦੀ ਪ੍ਰਾਚੀਨ ਭਾਰਤੀ ਅਧਿਆਤਮਿਕ ਪਰੰਪਰਾ ਵਿੱਚ ਨਵੇਕਲਾ ਸਥਾਨ ਹੈ। ਬਾਣੀ ਵਿੱਚ ਜਿੱਥੇ ਅਨੰਦ ਦੇ ਸੰਕਲਪ ਦੀ ਵਿਆਖਿਆ ਨਵੇਕਲੇ ਰੂਪ ਵਿੱਚ ਕੀਤੀ ਗਈ, ਉੱਥੇ ਮਨੁੱਖ ਨੂੰ ਇਸ ਦੀ ਪ੍ਰਾਪਤੀ ਦਾ ਸਰਲ ਰਾਹ ਵੀ ਸੁਝਾਇਆ ਗਿਆ ਹੈ। ਇਸ ਰਚਨਾ ਦੇ ਕਈ ਪਸਾਰ ਹਨ ਜੋ ਆਪਣੇ ਘੇਰੇ ਵਿੱਚ ਸਿੱਖ ਸਿਧਾਂਤਾਂ ਦੇ ਕਈ ਸੰਕਲਪਾਂ ਨੂੰ ਸਮੇਟਦੇ ਹਨ।
ਗੁਰੂ ਅਮਰਦਾਸ ਅਨੁਸਾਰ ਸਤਿਗੁਰੂ ਦੀ ਪ੍ਰਾਪਤੀ ਨਾਲ ਅਨੰਦ ਦੀ ਅਵਸਥਾ ਮਿਲਦੀ ਹੈ। ਇਹ ਪ੍ਰਾਪਤੀ ਸਹਿਜੇ ਹੀ ਹੁੰਦੀ ਹੈ। ਇਸ ਅਵਸਥਾ ਵਿੱਚ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ। ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਸਾਰੇ ਕੰਮ ਸੌਰ ਜਾਂਦੇ ਹਨ। ਪਰ ਇਹ ਅਵਸਥਾ ਉਹੀ ਮਨੁੱਖ ਪ੍ਰਾਪਤ ਕਰ ਸਕਦਾ ਹੈ ਜਿਸ ਉੱਤੇ ਪਰਮਾਤਮਾ ਦੀ ਮਿਹਰ ਹੋਵੇ। ਪਰਮਾਤਮਾ ਦੇ ਨਾਮ ਨੂੰ ਮਨ ਵਿੱਚ ਵਸਾਉਣ ਨਾਲ ਹੀ ਆਤਮਿਕ ਅਨੰਦ ਦੀ ਅਵਸਥਾ ਤੱਕ ਪੁਜਿਆ ਜਾ ਸਕਦਾ ਹੈ। ਨਾਮ ਦੀ ਪ੍ਰਾਪਤੀ ਗੁਰੂ ਦੀ ਮਿਹਰ ਨਾਲ ਹੀ ਹੁੰਦੀ ਹੈ। ਨਾਮ ਮਨ ਵਿੱਚ ਵਸਾਉਣ ਵਾਲਾ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ। ਉਸ ਦੇ ਹਿਰਦੇ ਵਿੱਚ ਸ਼ਾਂਤੀ ਦਾ ਵਾਸ ਹੋ ਜਾਂਦਾ ਹੈ। ਕਾਮ ਆਦਿਕ ਪੰਜ ਵੈਰੀ ਉਸ ਉੱਤੇ ਅਸਰ ਨਹੀਂ ਪਾ ਸਕਦੇ।
ਸਭ ਲੋਕ ਅਨੰਦ ਦੀ ਗੱਲ ਕਰਦੇ ਹਨ ਪਰ ਸੱਚੇ ਅਨੰਦ ਦੀ ਸੂਝ ਤਾਂ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ। ਜਿਸ ਮਨੁੱਖ ਦੇ ਅੰਦਰੋਂ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ ਉਸ ਦਾ ਬੋਲ ਸੁਚੱਜਾ ਹੋ ਜਾਂਦਾ ਹੈ। ਇਹੀ ਅਸਲ ਵਿੱਚ ਸੱਚਾ ਅਨੰਦ ਹੈ। ਆਪਣੇ ਉੱਦਮ ਨਾਲ ਮਨੁੱਖ ਅਨੰਦ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਸ ਦੇ ਲਈ ਗੁਰੂ ਦੀ ਰਹਿਨੁਮਾਈ ਅਤੇ ਪ੍ਰਭੂ ਦੀ ਕ੍ਰਿਪਾ ਲੋੜੀਂਦੀ ਹੈ। ਇਸ ਲਈ ਸ਼ੁਭ ਸੰਗੀਤ ਦਾ ਵੀ ਵਿਸ਼ੇਸ਼ ਮਹੱਤਵ ਹੈ। ਅਨੰਦ ਦੀ ਪ੍ਰਾਪਤੀ ਨਾਲ ਮਨੁੱਖ ਦੀ ਜੀਵਨ-ਜੁਗਤ ਦੁਨੀਆ ਦੇ ਲੋਕਾਂ ਨਾਲੋਂ ਵੱਖਰੀ ਹੋ ਜਾਂਦੀ ਹੈ।
ਗੁਰੂ ਅਮਰਦਾਸ ਫ਼ਰਮਾਉਂਦੇ ਹਨ ਕਿ ਸਤਿਗੁਰੂ ਦੀ ਬਾਣੀ ਪਰਮਾਤਮਾ ਵੱਲੋਂ ਦਿੱਤੀ ਗਈ ਇੱਕ ਅਮਲੋਕ ਦਾਤ ਹੈ। ਇਹ ਆਤਮਿਕ ਅਨੰਦ ਪ੍ਰਾਪਤ ਕਰਨ ਦਾ ਸਾਧਨ ਹੈ। ਸਤਿਗੁਰੂ ਦੀ ਸੱਚੀ ਬਾਣੀ ਮਨੁੱਖ ਨੂੰ ਪਰਮਾਤਮਾ ਨਾਲ ਜੋੜਦੀ ਹੈ ਤੇ ਮਨ ਵਿੱਚ ਅਨੰਦ ਨੂੰ ਬਣਾਈ ਰੱਖਦੀ ਹੈ। ਬਾਣੀ ਦੇ ਅੰਤਿਮ ਸਲੋਕ ਵਿੱਚ ਆਤਮਿਕ ਅਨੰਦ ਦੇ ਲੱਛਣ ਦੱਸੇ ਗਏ ਹਨ। ਅਨੰਦ ਪ੍ਰਾਪਤੀ ਨਾਲ ਮਨੁੱਖ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ। ਉਸ ਦੇ ਸਭ ਦੁੱਖ ਦੂਰ ਹੋ ਜਾਂਦੇ ਹਨ ਅਤੇ ਮਨ ਵਿੱਚ ਕੋਈ ਚਿੰਤਾ ਨਹੀਂ ਰਹਿੰਦੀ। ਇਹ ਅਵਸਥਾ ਸਤਿਗੁਰੂ ਦੀ ਬਾਣੀ ਦੁਆਰਾ ਪ੍ਰਾਪਤ ਹੁੰਦੀ ਹੈ। ਇਸ ਬਾਣੀ ਵਿੱਚ ਸਤਿਗੁਰ ਤੇ ਸੱਚੀ ਬਾਣੀ ਉੱਤੇ ਬਲ ਦਿੱਤਾ ਗਿਆ ਹੈ। ਬਾਣੀ ਦਾ ਗਾਇਨ ਕਰਨਾ, ਪੜ੍ਹਨਾ ਤੇ ਸੁਣਨਾ ਵਿਸ਼ੇਸ਼ ਮਹੱਤਵਪੂਰਨ ਹੈ ਜਿਸ ਨਾਲ ਅਨੰਦ ਦੀ ਪ੍ਰਾਪਤੀ ਹੁੰਦੀ ਹੈ।
ਅਨੰਦ ਇੱਕ ਮਹੱਤਵਪੂਰਨ ਬਾਣੀ ਹੈ ਜਿਸ ਵਿੱਚ ਸਿੱਖ ਬ੍ਰਹਮ-ਵਿੱਦਿਆ ਦਾ ਸਾਰ ਦਿੱਤਾ ਹੋਇਆ ਹੈ। ਆਤਮਿਕ ਸਾਧਨਾਂ ਦੇ ਅਨੁਭਵ ਵਿੱਚੋਂ ਲੰਘ ਕੇ ਸਾਧਕ ਚਰਮ ਅਵਸਥਾ, ਅਨੰਦ ਨੂੰ ਪ੍ਰਾਪਤ ਕਰਦਾ ਹੈ। ਇਹ ਅਵਸਥਾ ਭੌਤਿਕ ਸੁੱਖ ਨਹੀਂ ਸਗੋਂ ਐਸਾ ਆਤਮਿਕ ਅਨੁਭਵ ਹੈ ਜਿਸ ਨੂੰ ਆਤਮਾ ਵਿੱਚ ਸੰਗੀਤ ਦੇ ਰੂਪ ਨਾਲ ਪੇਸ਼ ਕੀਤਾ ਗਿਆ ਹੈ। ਇਸ ਨਾਲ ਮਨੁੱਖ ਦੀ ਜੀਵਨ- ਜਾਚ ਬਦਲ ਜਾਂਦੀ ਹੈ। ਨਿੱਤਨੇਮ ਦੀ ਇਸ ਬਾਣੀ ਦਾ ਸਿੱਖ ਰਹੁ-ਰੀਤਾਂ ਵਿੱਚ ਮਹੱਤਵਪੂਰਨ ਸਥਾਨ ਹੈ।
ਲੇਖਕ : ਸਬਿੰਦਰਜੀਤ ਸਿੰਘ ਸਾਗਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16828, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਅਨੰਦੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਨੰਦੁ. ਦੇਖੋ, ਅਨੰਦ. “ਅਨੰਦੁ ਭਇਆ ਸੁਖੁ ਪਾਇਆ.” (ਵਾਰ ਮਾਰੂ ੨ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਨੰਦੁ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਨੰਦੁ : ਗੁਰੂ ਅਮਰ ਦਾਸ ਦੀ ਬਾਣੀ ਹੈ ਜਿਸ ਨੂੰ ਸਧਾਰਨ ਤੌਰ ਤੇ ‘ਅਨੰਦ` ਲਿਖਿਆ ਜਾਂਦਾ ਹੈ ਅਤੇ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੇ ‘ਜਪੁ` ਵਾਂਗ ਗੁਰੂ ਗ੍ਰੰਥ ਸਾਹਿਬ ਦੀ ਪ੍ਰਸਿੱਧ ਬਾਣੀ ਹੈ। ਰਾਮਕਲੀ ਰਾਗ ਵਿਚ ਰਚਿਤ ਇਸ ਬਾਣੀ ਦੀਆਂ ਕੁਲ 40 ਪਉੜੀਆਂ ਹਨ। ਇਸ ਦੇ ਛੋਟੇ ਰੂਪ ਵਿਚ ਪਹਿਲੀਆਂ ਪੰਜ ਪਉੜੀਆਂ ਅਤੇ ਅੰਤਲੀ ਪਉੜੀ ਦਾ ਗਾਇਨ ਸਿੱਖ ਸੰਗਤਾਂ ਦੇ ਹਰੇਕ ਦੀਵਾਨ ਦੀ ਸਮਾਪਤੀ ਅਤੇ ਅਰਦਾਸ ਤੋਂ ਪਹਿਲਾਂ ਕੀਤਾ ਜਾਂਦਾ ਹੈ। ਖੁਸ਼ੀ ਗ਼ਮੀ ਦੇ ਅਵਸਰਾਂ ਜਾਂ ਰੱਬੀ ਮਿਹਰ ਦੀ ਉਚੇਚੀ ਯਾਚਨਾ ਸੰਬੰਧੀ ਹੋਣ ਵਾਲੇ ਸੰਗਤੀ ਸਮਾਗਮਾਂ ਵਿਚ ਵੀ ਛੋਟੇ ਅਨੰਦ ਦਾ ਸਮੂਹਿਕ ਪਾਠ ਕੀਤਾ ਜਾਂਦਾ ਹੈ। ਸਿੱਖ ਵਿਵਾਹ ਦੀ ਰਸਮ ਦਾ ਨਾਂ ਇਸ ਬਾਣੀ ਦੇ ਨਾਂ ਤੇ ਹੀ ਅਨੰਦ ਕਾਰਜ ਪੈ ਗਿਆ ਅਤੇ ਵਿਧਾਨਿਕ ਦਸਤਾਵੇਜ਼ਾਂ ਵਿਚ ਵੀ ਅਨੰਦ ਵਿਆਹ ਦਰਜ ਕੀਤਾ ਗਿਆ ਹੈ। ਪਰੰਪਰਾ ਅਨੁਸਾਰ ਗੁਰੂ ਅਮਰਦਾਸ ਜੀ ਨੇ ਅਜੇ ਇਸ ਬਾਣੀ ਨੂੰ ਸਮਾਪਤ ਹੀ ਕੀਤਾ ਸੀ ਜਦੋਂ ਉਹਨਾਂ ਦੇ ਪੋਤਰੇ ਦੇ ਜਨਮ ਦੀ ਉਹਨਾਂ ਨੂੰ ਸੂਚਨਾ ਮਿਲੀ (ਮੋਹਰੀ ਦਾ ਪੁੱਤਰ, ਮੋਹਰੀ ਉਹਨਾਂ ਦੇ ਦੋਵੇਂ ਪੁੱਤਰਾਂ ਵਿੱਚੋਂ ਛੋਟਾ ਸੀ)। ਉਸੇ ਵੇਲੇ ਸਮਾਪਤ ਕੀਤੀ ‘ਅਨੰਦੁ` ਸਿਰਲੇਖ ਵਾਲੀ ਬਾਣੀ ਦੇ ਨਾਂ ‘ਤੇ ਬੱਚੇ ਦਾ ਨਾਂ ਅਨੰਦ ਰੱਖਿਆ ਗਿਆ ਸੀ। ਸੰਸਕ੍ਰਿਤ ਅਤੇ ਇਸੇ ਤਰ੍ਹਾਂ ਪੰਜਾਬੀ ਵਿਚ, ਅਨੰਦ ਦੇ ਸ਼ਬਦੀ ਅਰਥ ਹਨ, ਆਤਮਿਕ ਸੁਖ। ਤੈਤਰੀਯ ਉਪਨਿਸ਼ਦ ਵਿਚ ਇਹ ਸ਼ਬਦ ‘ਬ੍ਰਹਮ` ਵਾਸਤੇ ਵਰਤਿਆ ਗਿਆ ਹੈ। ਉਥੇ ਉਸਦਾ ਅਰਥ ਰਸ ਜਾਂ ਭਾਵ ਵੀ ਹੈ। ਗੁਰੂ ਅਮਰ ਦਾਸ ਜੀ ਦੀ ਰਚਨਾ , ਅਨੰਦ ਦੇ ਅਨੁਭਵ (ਆਤਮਿਕ ਅਨੰਦ) ਉੱਤੇ ਕੇਂਦਰਿਤ ਹੈ ਜਿਹੜਾ ਮਨੁੱਖੀ ਆਤਮਾ ਦੇ ਪਰਮਾਤਮਾ ਨਾਲ ਮੇਲ ਉਪਰੰਤ ਪੈਦਾ ਹੁੰਦਾ ਹੈ ਅਤੇ ਜੋ ਗੁਰੂ ਦੇ ਹੁਕਮ ਅਨੁਸਾਰ ਲਗਾਤਾਰ ਸਿਮਰਨ ਕਰਨ ਦੁਆਰਾ ਪ੍ਰਾਪਤ ਹੁੰਦਾ ਹੈ। ਇਥੇ ਅਨੰਦ ਸਪਸ਼ਟ ਤੌਰ ਤੇ ਅੰਦਰ ਦੀ ਸ਼ਾਂਤੀ ਅਤੇ ਅਧਿਆਤਮਵਾਦ ਦੀ ਸਥਿਤੀ ਦਾ ਲਖਾਇਕ ਹੈ ਜਿਸ ਦਾ ਭਾਵ ਸ਼ਾਂਤ ਚਿੱਤ, ਅਵਸਥਾ ਹੈ ਜਿਸ ਵਿਚ ਮਨੁੱਖ ਸਾਰੇ ਦੁਖ , ਰੋਗ ਅਤੇ ਸੰਤਾਪ ਤੋਂ ਛੁਟਕਾਰਾ ਪ੍ਰਾਪਤ ਕਰਕੇ ਪਰਮਾਤਮਾ ਨਾਲ ਅਭੇਦ ਹੋਣ ਦਾ ਨਿਸ਼ਾਨਾ ਪ੍ਰਾਪਤ ਕਰਦਾ ਹੈ।
ਇਸ ਬਾਣੀ ਦਾ ਸ਼ਬਦਾਂ ਅਨੁਸਾਰ ਸਾਰ-ਅੰਸ਼ ਹੇਠ ਲਿਖੇ ਅਨੁਸਾਰ ਹੈ:(1) ਗੁਰੂ ਦੀ ਕਿਰਪਾ ਦੁਆਰਾ ਅਨੰਦ ਦੀ ਪ੍ਰਾਪਤੀ ਹੋ ਗਈ ਹੈ ਜਿਸਨੇ ਮੈਨੂੰ ਗਿਆਨ , ਸਮਦ੍ਰਿਸ਼ਟੀ, ਸਹਿਜ ਅਤੇ ਪਰਮਾਤਮਾ ਦੀ ਪ੍ਰਾਪਤੀ ਦੀ ਬਖ਼ਸ਼ਿਸ਼ ਕੀਤੀ ਹੈ;(2) ਪਰਮਾਤਮਾ ਨੇ ਦੁਖਾਂ ਦਾ ਨਾਸ ਕਰ ਦਿੱਤਾ ਹੈ ਅਤੇ ਮੈਨੂੰ ਪੂਰਨਤਾ ਦੀ ਬਖਸ਼ਿਸ਼ ਕੀਤੀ ਹੈ;(3) ਉਹ ਮਨੁੱਖ ਨੂੰ ਨਾਮ ਸਮੇਤ ਸਾਰੀਆਂ ਵਸਤਾਂ ਦਿੰਦਾ ਹੈ;(4) ਨਾਮ, ਜੀਵਨ ਬਖਸ਼ਦਾ ਹੈ, ਇੱਛਾਵਾਂ ਖਤਮ ਕਰਦਾ ਹੈ, ਸ਼ਾਂਤੀ, ਸਹਿਜ ਅਤੇ ਖੁਸ਼ੀ ਦਿੰਦਾ ਹੈ;(5) ਨਾਮ ਪੰਜ ਵਿਕਾਰਾਂ ਨੂੰ ਦੂਰ ਭਜਾਉਂਦਾ ਹੈ ਅਤੇ ਮੌਤ ਤੋਂ ਛੁਟਕਾਰਾ ਦਿੰਦਾ ਹੈ;(6) ਨਾਮ ਦੀ ਬਖ਼ਸ਼ਿਸ਼ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਾਮ ਕੇਵਲ ਰੱਬੀ ਮਿਹਰ ਨਾਲ ਹੀ ਮਿਲ ਸਕਦਾ ਹੈ;(7) ਗੁਰੂ, ਅਨੰਦ ਦਾ ਸੋਮਾ ਹੈ ਕਿਉਂਕਿ ਉਸ ਦੀ ਸਿੱਖਿਆ ਵੈਰਾਗ ਅਤੇ ਬਿਬੇਕ ਪ੍ਰਦਾਨ ਕਰਦੀ ਹੈ ਅਤੇ ਪਾਪਾਂ ਦਾ ਨਾਸ ਕਰਦੀ ਹੈ;(8) ਜੀਵ ਗੁਰੂ ਦੀ ਰਹਿਨੁਮਾਈ ਤੋਂ ਬਿਨਾਂ ਅਗਿਆਨ ਦੇ ਹਨੇਰੇ ਵਿਚ ਠੋਕਰਾਂ ਖਾਂਦਾ ਹੈ;(9) ਗੁਰੂ ਸਾਧਕ ਨੂੰ ਪਵਿੱਤਰ ਸੰਤਾਂ ਦੇ ਸਾਥ ਵਲ ਲਿਜਾਂਦਾ ਹੈ ਜਿਥੇ ਕੇਵਲ ਇਕ ਸ਼ੁੱਧ ਸਰੂਪ ਦਾ ਹੀ ਧਿਆਨ ਧਰਿਆ ਜਾਂਦਾ ਹੈ;(10) ਇਸ ਤਰ੍ਹਾਂ ਮਨ ਭਰਮ ਵਿਚ ਪਾਉਣ ਵਾਲੀ ਮਾਇਆ ਦੇ ਜਾਲ ਤੋਂ ਬਚ ਜਾਂਦਾ ਹੈ;(11) ਇਹ ਆਪਣੇ ਆਪ ਨੂੰ ਸਦੀਵੀ ਸੱਚ ਪਰਮਾਤਮਾ ਦੇ ਅੱਗੇ ਸਮਰਪਣ ਕਰਦਾ ਹੈ।;(12) ਪਰਮਾਤਮਾ, ਕਰਤਾ ਰੂਪ ਵਿਚ ਪਹੁੰਚ ਤੋਂ ਪਰੇ ਹੈ;(13) ਦੇਵਤੇ ਅਤੇ ਰਿਸ਼ੀ ਵੀ ਨਾਮ ਦੇ ਜਾਚਕ ਹਨ ਜੋ ਹਉਮੈ ਅਤੇ ਪਾਪ ਨੂੰ ਭਜਾ ਦਿੰਦਾ ਹੈ;(14) ਭਗਤ ਹਉਮੈ ਰਹਿਤ ਅਤੇ ਇੱਛਾ ਰਹਿਤ ਰਸਤੇ ਉੱਪਰ ਚਲਦੇ ਹਨ;(15) ਮਨੁੱਖ ਪਰਮਾਤਮਾ ਦੀ ਇੱਛਾ ਅਨੁਸਾਰ ਹੀ ਕਾਰਜਸ਼ੀਲ ਹੈ; ਕੁਝ ਉਸ ਦੀ ਕਿਰਪਾ ਸਦਕਾ ਉਸਦਾ ਸਿਮਰਨ ਕਰਦੇ ਹਨ;(16) ਜਿਨ੍ਹਾਂ ਉਪਰ ਉਸ ਦੀ ਮਿਹਰ ਹੁੰਦੀ ਹੈ ਉਹ ਗੁਰੂ ਦੀ ਬਾਣੀ ਸੁਣਦੇ ਹਨ;(17) ਸਿਮਰਨ ਕਰਨ ਨਾਲ ਉਹ ਪਵਿੱਤਰ ਹੋ ਜਾਂਦੇ ਹਨ ਅਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਮੁਕਤ ਕਰਵਾ ਦਿੰਦੇ ਹਨ;(18) ਸ਼ੰਕਾ ਅਤੇ ਅਗਿਆਨ ਕੇਵਲ ਨਾਮ ਸਿਮਰਨ ਨਾਲ ਹੀ ਖਤਮ ਹੁੰਦੇ ਹਨ; ਕਰਮ ਕਾਂਡਾਂ ਦੁਆਰਾ ਨਹੀਂ;(19) ਜਿਤਨਾ ਸਮਾਂ ਸ਼ੰਕਾ ਹੁੰਦੀ ਹੈ ਮਨੁੱਖ ਅਪਵਿੱਤਰ ਹੁੰਦਾ ਹੈ। ਇਕ ਅਪਵਿੱਤਰ ਮਨ ਕਦੇ ਵੀ ਮੁਕਤ (ਪਰਮ ਅਨੰਦ) ਅਵਸਥਾ ਪ੍ਰਾਪਤ ਨਹੀਂ ਕਰ ਸਕਦਾ;(20) ਜੋ ਗੁਰੂ ਦੇ ਦੱਸੇ ਰਸਤੇ ਉੱਪਰ ਅਮਲ ਕਰਦੇ ਹਨ ਅੰਦਰੋਂ ਬਾਹਰੋਂ ਨਿਰਮਲ ਹੁੰਦੇ ਹਨ;(21) ਸਾਧਕ ਨੂੰ ਆਪਣੀ ਪੂਰੀ ਹਉਮੈ ਛੱਡ ਕੇ ਅਤੇ ਗੁਰੂ ਉੱਪਰ ਪੂਰਨ ਭਰੋਸਾ ਰੱਖ ਕੇ ਪੂਰੀ ਤਰ੍ਹਾਂ ਗੁਰੂ ਦੇ ਸਨਮੁਖ ਸਮਰਪਣ ਕਰਨਾ ਪੈਂਦਾ ਹੈ;(22) ਗੁਰੂ ਦੀ ਸਹਾਇਤਾ ਅਤੇ ਮਿਹਰ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ;(23) ਸਾਧਕ ਨੂੰ ਗੁਰੂ ਦੇ ਸੱਚੇ ਸ਼ਬਦ ਉੱਤੇ ਮਨ ਇਕਾਗਰ ਕਰਨਾ ਹੋਵੇਗਾ ਅਤੇ ਇਹ ਕੇਵਲ ਉਸਦੀ ਮਿਹਰ ਨਾਲ ਹੀ ਸੰਭਵ ਹੁੰਦਾ ਹੈ;(24) ਬਾਕੀ ਸਭ ਵਿਦਵਤਾ ਰੰਚਕ ਮਾਤਰ ਹੀ ਹੈ;(25) ਗੁਰੂ ਦਾ ਸ਼ਬਦ ਇਕ ਸ਼ੁੱਧ ਹੀਰਾ ਹੈ ਜਿਸਨੂੰ ਮਨੁੱਖ ਕੇਵਲ ਪ੍ਰਭੂ-ਕਿਰਪਾ ਦੁਆਰਾ ਹੀ ਪ੍ਰਾਪਤ ਕਰਦਾ ਹੈ;(26) ਗੁਰੂ ਮਾਇਆ ਦੇ ਬੰਧਨ ਤੋੜਦਾ ਹੈ ਅਤੇ ਇਸ ਤਰ੍ਹਾਂ ਆਤਮਾ ਨੂੰ ਅਜ਼ਾਦ ਕਰ ਦਿੰਦਾ ਹੈ;(27) ਸਿਮਰਤੀਆਂ ਅਤੇ ਸ਼ਾਸਤਰ ਮਾਇਆ ਦੇ ਪਰਦੇ ਦਾ ਨਾਸ਼ ਨਹੀਂ ਕਰ ਸਕਦੇ;(28) ਗੁਰੂ ਨਾਮ ਉਤੇ ਧਿਆਨ ਕੇਂਦਰਿਤ ਕਰਨਾ ਸਿਖਾਉਂਦਾ ਹੈ ਜੋ ਮਨੁੱਖ ਦਾ ਰੱਖਿਅਕ ਅਤੇ ਜੀਵਨ ਦਾਤਾ ਹੈ;(29) ਮਾਇਆ ਮਨੁੱਖ ਨੂੰ ਧਿਆਨ ਤੋਂ ਦੂਰ ਲੈ ਜਾਂਦੀ ਹੈ;(30) ਮਾਇਆ ਵਿਅਰਥ ਹੈ ਜਦੋਂ ਕਿ ਨਾਮ ਅਮੋਲ ਹੈ;(31) ਜੋ ਨਾਮ ਸਿਮਰਨ ਕਰਦੇ ਹਨ ਉਹ ਅਸਲ ਪੂੰਜੀ ਇਕੱਠੀ ਕਰਦੇ ਹਨ;(32) ਨਾਮ ਦਾ ਸੁਆਦ ਸਭ ਤੋਂ ਮਿੱਠਾ ਹੈ ਅਤੇ ਇਹ ਸਾਰੀਆਂ ਇੱਛਾਵਾਂ ਦਾ ਅੰਤ ਕਰ ਦਿੰਦਾ ਹੈ;(33) ਮਨੁੱਖਾ ਸਰੀਰ ਵਿਚ ਰੱਬੀ ਨਾਮ ਦੀ ਚੰਗਿਆੜੀ ਹੈ;(34) ਨਾਮ ਦੀ ਪ੍ਰਾਪਤੀ ਆਤਮਿਕ ਅਨੰਦ ਪ੍ਰਦਾਨ ਕਰਦੀ ਹੈ ਅਤੇ ਦੁੱਖਾਂ ਕਲੇਸਾਂ ਦਾ ਖਾਤਮਾ ਕਰਦੀ ਹੈ;(35) ਉਹ ਮਨੁੱਖ ਧੰਨ ਹੈ ਜੋ ਗੁਰੂ ਅਤੇ ਪਰਮਾਤਮਾ ਵਿਚ ਸ਼ਰਧਾ ਰੱਖਦਾ ਹੈ;(36) ਉਹ ਅੱਖਾਂ ਧੰਨ ਹਨ ਜੋ ਹਰ ਜਗ੍ਹਾ ਉਸ ਪਰਮਾਤਮਾ ਨੂੰ ਵੇਖਦੀਆਂ ਹਨ;(37) ਧੰਨ ਹਨ ਉਹ ਕੰਨ ਜੋ ਅੰਮ੍ਰਿਤਮਈ ਮਿੱਠਾ ਨਾਮ ਸੁਣਦੇ ਹਨ;(38) ਅਨੁਭਵ ਦੀ ਉਹ ਅਵਸਥਾ ਧੰਨ ਹੈ ਜਿਸ ਵਿਚ ਮਨੁੱਖ ਪਰਮਾਤਮਾ ਨੂੰ ਉਸਦੇ ਵਿਰਾਟ ਰੂਪ ਵਿਚ ਦੇਖ ਸਕਦਾ ਹੈ;(39) ਪਵਿੱਤਰ ਦਿਲਾਂ ਵਿਚ ਵੱਸਣ ਵਾਲਾ ਸੱਚ ਸਭ ਤੋਂ ਵੱਧ ਕੀਮਤੀ ਹੈ ਅਤੇ (40) ਉਸ ਦੇ ਅਨੁਭਵ ਨਾਲ ਅਨੰਦ ਜਾਂ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖ, ਰੋਗਾਂ ਅਤੇ ਚਿੰਤਾਵਾਂ ਦਾ ਅੰਤ ਹੋ ਜਾਂਦਾ ਹੈ।
ਲੇਖਕ : ਤ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First