ਅਪਭਾਸ਼ਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਪਭਾਸ਼ਾ : ਕਿਸੇ ਜਨ-ਸਮੂਹ ਵਿੱਚ ਪ੍ਰਵਾਨਿਤ ਮਾਪਦੰਡ ਤੋਂ ਨੀਵੀਂ ਪੱਧਰ ਦੇ ਬੋਲ-ਚਾਲ ਨੂੰ ਅਪਭਾਸ਼ਾ ਕਿਹਾ ਜਾਂਦਾ ਹੈ। ਇਹ ਅੰਗਰੇਜ਼ੀ ਸ਼ਬਦ slang ਦਾ ਪਰਿਆਇ ਹੈ ਅਤੇ slang ਦਾ ਸ਼ਬਦੀ ਅਰਥ ਵੀ ਨੀਵੀਂ, ਘਟੀਆ, ਹੀਣੀ ਜਾਂ ਭੈੜੀ ਭਾਸ਼ਾ ਹੈ। ਕੋਈ ਵੀ ਭਾਸ਼ਾ, ਉਪਭਾਸ਼ਾ, ਉਪਬੋਲੀ ਜਾਂ ਵਿਅਕਤੀ ਭਾਸ਼ਾ ਸਮੁੱਚੇ ਤੌਰ ਤੇ ਅਪਭਾਸ਼ਾ ਨਹੀਂ ਹੁੰਦੀ। ਅਪਭਾਸ਼ਾ ਵਰਗ ਵਿਸ਼ੇਸ਼ ਵਿੱਚ ਪ੍ਰਚਲਿਤ ਹੁੰਦੀ ਹੈ। ਇਹ ਵਰਗ ਹਮ-ਉਮਰ, ਹਮ-ਖ਼ਿਆਲ, ਹਮ-ਕਾਰੋਬਾਰ ਆਦਿ ਲੋਕਾਂ ਦਾ ਹੋ ਸਕਦਾ ਹੈ। ਉਦਾਹਰਨ ਵਜੋਂ ਨੌਜਵਾਨ ਮੁੰਡਿਆਂ ਦੀਆਂ ਅੱਡ-ਅੱਡ ਟੋਲੀਆਂ ਵਿੱਚ ਛੇੜਖ਼ਾਨੀ ਜਾਂ ਸ਼ਰਾਰਤ ਭਰੇ ਅਨੇਕ ਸ਼ਬਦ ਸਮੇਂ-ਸਮੇਂ ਪ੍ਰਚਲਿਤ ਹੁੰਦੇ ਰਹਿੰਦੇ ਹਨ ਜੋ ਸਧਾਰਨ ਬੋਲ-ਚਾਲ ਦੀ ਭਾਸ਼ਾ ਦਾ ਸਥਾਈ ਅੰਗ ਨਹੀਂ ਬਣਦੇ। ਅਪਭਾਸ਼ਾਈ ਸ਼ਬਦਾਵਲੀ ਬੜੀ ਤੇਜ਼ੀ ਨਾਲ ਬਦਲਦੀ ਰਹਿੰਦੀ ਹੈ। ਆਮ ਤੌਰ ਤੇ ਅਪਭਾਸ਼ਾ ਦੇ ਸ਼ਬਦ ਵਿਸ਼ੇ ਵਾਸ਼ਨਾ, ਨਿੰਦਿਆ, ਕਟਾਕਸ਼, ਚਿੜ੍ਹ, ਤਾਹਨਾ-ਮਿਹਣਾ ਨਾਲ ਸੰਬੰਧਿਤ ਹੁੰਦੇ ਹਨ।

     ਮਲੀਸਨ ਅਨੁਸਾਰ ਜਿਹੜੀ ਸ਼ਬਦਾਵਲੀ ਛੇਤੀ ਛੇਤੀ ਬਦਲਦੀ ਹੈ ਉਸਨੂੰ ਸਲੈਂਗ ਆਖਿਆ ਜਾਂਦਾ ਹੈ। ਪਰ ਮੇਰੀਓ ਪੇਈ ਨੇ ਅਪਭਾਸ਼ਾ ਦੀ ਮੁਢਲੀ ਵਿਸ਼ੇਸ਼ਤਾ ਪ੍ਰਮਾਣਿਕ ਭਾਸ਼ਾ-ਨਿਯਮਾਂ ਪ੍ਰਤਿ ਅਣਗਹਿਲੀ ਅਤੇ ਸੱਭਿਅ-ਅਰਥਾਂ ਦੀ ਥਾਂ ਅਸੱਭਿਅਕ ਅਰਥਾਂ ਦਾ ਗ੍ਰਹਿਣ ਦੱਸੀ ਹੈ।

     ਪ੍ਰੇਮ ਪ੍ਰਕਾਸ਼ ਸਿੰਘ ਦੀ ਪੁਸਤਕ ਸਿਧਾਂਤਕ ਭਾਸ਼ਾ- ਵਿਗਿਆਨ ਵਿੱਚ ਲਗੌੜ, ਮੁੰਡੀਰ, ਚਮਚਾ, ਚਮਚਾਗਿਰੀ, ਪੂਛ, ਪਿੱਠੂ ਆਦਿ ਸ਼ਬਦਾਂ ਨੂੰ ਅਪ-ਭਾਸ਼ਾ ਕਿਹਾ ਹੈ। ਲਗੌੜ ਦਾ ਅੱਖਰੀ ਅਰਥ ‘ਲੱਗਿਆ ਹੋਇਆ` ਹੈ ਪਰੰਤੂ ਇਸ ਨੂੰ ਅਪਭਾਸ਼ਾ ਵਿੱਚ ਵਰਤਣ ਵਾਲੇ ਦਾ ਮਨੋਰਥ ਉਸ ਪਿਛਲੱਗ ਤਾਈਂ ਹੁੰਦਾ ਹੈ ਜਿਹੜਾ ਕਿਸੇ ਖ਼ੁਦਗ਼ਰਜ਼ੀ ਲਈ ਕਿਸੇ ਦੇ ਪਿੱਛੇ-ਪਿੱਛੇ ਫਿਰਦਾ ਹੋਵੇ। ਇਸੇ ਤਰ੍ਹਾਂ ਮੁੰਡਿਆਂ ਦੇ ਇਕੱਠ ਨੂੰ ਨਿੰਦਨੀਯ ਅਰਥ ਵਿੱਚ ਮੁੰਡੀਰ ਕਿਹਾ ਜਾਂਦਾ ਹੈ।


ਲੇਖਕ : ਗੁਰਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਪਭਾਸ਼ਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਪਭਾਸ਼ਾ [ਨਾਂਇ] ਨੀਵੀਂ ਜਾਂ ਅਸੱਭਿਅਕ ਅਰਥਾਂ ਵਾਲ਼ੀ ਭਾਸ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.