ਅਬਦੁਲ ਸਮਦ ਖ਼ਾਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਦੁਲ ਸਮਦ ਖ਼ਾਨ (ਮ. 1737 ਈ.): ਨਕਸ਼ਬੰਦੀ ਪਰੰਪਰਾ ਨਾਲ ਸੰਬੰਧਿਤ ਖ਼ਵਾਜਾ ਅਬਦੁਲ ਕਰੀਮ ਅਨਸਾਰੀ ਦੇ ਘਰ ਪੈਦਾ ਹੋਇਆ ਅਬਦੁਲ ਸਮਦ ਖ਼ਾਨ ਔਰੰਗਜ਼ੇਬ ਦੇ ਰਾਜ ਵੇਲੇ ਇਕ ਮਨਸਬਦਾਰ ਸੀ ਅਤੇ ਦੱਖਣ ਭਾਰਤ ਅਤੇ ਕਸ਼ਮੀਰ ਵਿਚ ਕਾਫ਼ੀ ਸਮਾਂ ਨਿਯੁਕਤ ਰਿਹਾ ਸੀ। 22 ਫਰਵਰੀ 1713 ਈ. ਨੂੰ ਦਿੱਲੀ ਦੇ ਮੁਗ਼ਲ ਬਾਦਸ਼ਾਹ ਫ਼ਰੁਖ਼ਸ਼ੀਅਰ ਨੇ ਇਸ ਨੂੰ ਲਾਹੌਰ ਦਾ ਸੂਬਾ ਥਾਪਿਆ ਅਤੇ ਸਿੱਖਾਂ ਦੇ ਸਮੂਲ ਵਿਨਾਸ਼ ਦੀ ਜ਼ਿੰਮੇਵਾਰੀ ਸੌਂਪੀ। ਇਸ ਦੇ ਪੁੱਤਰ ਜ਼ਕਰੀਆ ਖ਼ਾਨ ਨੂੰ ਵੀ ਜੰਮੂ ਭੇਜਿਆ ਤਾਂ ਜੋ ਲੋੜ ਪੈਣ’ਤੇ ਆਪਣੇ ਬਾਪ ਦੀ ਸਹਾਇਤਾ ਕਰ ਸਕੇ। ਇਸ ਨੇ ਬਾਬਾ ਬੰਦਾ ਬਹਾਦਰ ਨੂੰ ਮੈਦਾਨੀ ਇਲਾਕੇ ਵਿਚੋਂ ਪਰਬਤੀ ਖੇਤਰ ਵਲ ਖਦੇੜਨ ਵਿਚ ਕਾਮਯਾਬੀ ਹਾਸਲ ਕੀਤੀ ਅਤੇ ਉਸ ਦਾ ਬੜੀ ਸਾਵਧਾਨੀ ਨਾਲ ਪਿੱਛਾ ਕੀਤਾ। ਜਦੋਂ ਬਾਬਾ ਬੰਦਾ ਬਹਾਦਰ ਪਹਾੜ ਤੋਂ ਉਤਰ ਕੇ ਬਟਾਲੇ ਦੇ ਨੇੜੇ ਠਹਿਰਿਆ ਹੋਇਆ ਸੀ, ਤਾਂ ਇਸ ਨੇ ਬਾਰ੍ਹਾਂ ਹਜ਼ਾਰ ਘੋੜਸਵਾਰ ਅਤੇ ਬਾਰ੍ਹਾਂ ਹਜ਼ਾਰ ਪੈਦਲ ਫ਼ੌਜ ਅਤੇ ਸ਼ਕਤੀਸ਼ਾਲੀ ਤੋਪਖ਼ਾਨੇ ਸਹਿਤ ਬਾਬਾ ਬੰਦਾ ਬਹਾਦਰ ਨੂੰ ਜਾ ਘੇਰਿਆ। ਉਥੋਂ ਦੀ ਸਥਿਤੀ ਅਨੁਕੂਲ ਨ ਸਮਝ ਕੇ ਬਾਬਾ ਉੱਤਰ ਵਲ ਨੂੰ ਨਿਕਲ ਗਿਆ ਅਤੇ ਗੁਰਦਾਸ ਨੰਗਲ ਪਿੰਡ ਵਿਚ ਦੁਨੀ ਚੰਦ ਦੀ ਹਵੇਲੀ ਵਿਚ ਜਾ ਡਟਿਆ। ਅਬਦੁਲ ਸਮਦ ਖ਼ਾਨ ਨੇ ਉਸ ਹਵੇਲੀ ਨੂੰ ਅੱਠ ਮਹੀਨੇ ਘੇਰਾ ਪਾਈ ਰਖਿਆ। ਆਖ਼ਿਰ 17 ਦਸੰਬਰ 1715 ਈ. ਨੂੰ ਇਸ ਨੇ ਧੋਖੇ ਨਾਲ ਬਾਬਾ ਬੰਦਾ ਬਹਾਦਰ ਅਤੇ ਉਸ ਦੇ ਭੁੱਖੇ ਸਾਥੀਆਂ ਨੂੰ ਕਾਬੂ ਕਰ ਲਿਆ। ਦੋ ਹਜ਼ਾਰ ਤੋਂ ਵਧ ਸਿੱਖਾਂ ਨੂੰ ਕਤਲ ਕਰਕੇ, ਬਾਬਾ ਬੰਦਾ ਬਹਾਦਰ ਅਤੇ ਉਸ ਦੇ ਪਰਿਵਾਰ ਸਹਿਤ ਬਾਕੀ ਸਿੱਖਾਂ ਨੂੰ ਜ਼ੰਜੀਰਾਂ ਪਾ ਕੇ ਪਹਿਲਾਂ ਲਾਹੌਰ ਲਿਆਉਂਦਾ ਅਤੇ ਫਿਰ ਦਿੱਲੀ ਵਲ ਭੇਜ ਦਿੱਤਾ।

            ਸੰਨ 1726 ਈ. ਵਿਚ ਇਸ ਨੂੰ ਮੁਲਤਾਨ ਦਾ ਸੂਬਾ ਬਣਾਇਆ ਗਿਆ ਅਤੇ ਇਸ ਦੀ ਥਾਂ’ਤੇ ਇਸ ਦੇ ਪੁੱਤਰ ਜ਼ਕਰੀਆਂ ਖ਼ਾਨ ਨੂੰ ਲਾਹੌਰ ਦਾ ਸੂਬਾ ਨਿਯੁਕਤ ਕੀਤਾ ਗਿਆ। 26 ਜੁਲਾਈ 1737 ਈ. ਨੂੰ ਇਸ ਦੀ ਮ੍ਰਿਤੂ ਹੋ ਗਈ। ਸਿੱਖਾਂ ਵਿਰੁੱਧ ਮੁਹਿੰਮ ਚਲਾਉਣਾ ਅਤੇ ਬਾਬਾ ਬੰਦਾ ਬਹਾਦਰ ਨੂੰ ਪਕੜਨ ਕਰਕੇ ਮੁਗ਼ਲ ਸਰਕਾਰ ਵਲੋਂ ਇਸ ਨੂੰ ਕਾਫ਼ੀ ਸਨਮਾਨ ਮਿਲਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.