ਅਬਦ ਉਸ-ਸਮਦ ਖ਼ਾਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਬਦ ਉਸ-ਸਮਦ ਖ਼ਾਨ (ਦੇ. 1737) : ਸੰਨ 1713 ਤੋਂ 1726 ਤਕ ਲਾਹੌਰ ਦਾ ਗਵਰਨਰ ਸੀ , ਜੋ ਨਕਸ਼ਬੰਦੀ ਸੰਤ , ਅਬਦੁੱਲਾ ਅਹਰਾਰ ਦਾ ਵੰਸ਼ਜ ਅਤੇ ਬਗ਼ਦਾਦ ਦੇ ਖ਼ਵਾਜਾ ਬਾਕੀ ਦਾ ਪੜਪੋਤਾ ਸੀ। ਜਦੋਂ ਇਸ ਦਾ ਪਿਤਾ ਖ਼ਵਾਜਾ ਅਬਦ ਉਲ-ਕਰੀਮ ਅੰਸਾਰੀ ਬਾਦਸ਼ਾਹ ਔਰੰਗਜੇਬ ਦੇ ਰਾਜ ਸਮੇਂ ਸਮਰਕੰਦ ਤੋਂ ਪਰਵਾਰ ਸਮੇਤ ਭਾਰਤ ਦੀ ਯਾਤਰਾ ਲਈ ਆਇਆ ਸੀ ਤਾਂ ਇਸ ਦਾ ਜਨਮ ਆਗਰੇ ਵਿਚ ਹੋਇਆ ਸੀ। ਸਮਦ ਖ਼ਾਨ ਅਜੇ ਦੋ ਸਾਲਾਂ ਦਾ ਹੀ ਸੀ ਤਾਂ ਇਸਦੇ ਮਾਤਾ ਪਿਤਾ ਸਮਰਕੰਦ ਵਾਪਸ ਚਲੇ ਗਏ ਜਿਥੇ ਸਮਦ ਖ਼ਾਨ ਨੇ ਆਪਣੇ ਜੀਵਨ ਦਾ ਮੁੱਢਲਾ ਸਮਾਂ ਗੁਜ਼ਾਰਿਆ ਅਤੇ ਸ਼ੇਖ ਉਲ-ਇਸਲਾਮ ਦੀ ਉਪਾਧੀ ਪ੍ਰਾਪਤ ਕੀਤੀ। ਛੇਤੀ ਹੀ ਪਿੱਛੋਂ ਇਹ ਭਾਰਤ ਆ ਗਿਆ ਅਤੇ ਔਰੰਗਜ਼ੇਬ ਦੇ ਦਰਬਾਰ ਵਿਚ ਨਿਯੁਕਤ ਹੋਇਆ। ਇਹ ਚੁੱਪ ਚੁਪੀਤੇ ਕਈ ਸਾਲ ਦੱਖਣ ਵਿਚ ਨੌਕਰੀ ਕਰਦਾ ਰਿਹਾ। ਜਦੋਂ ਫ਼ੱਰੁਖਸੀਅਰ ਦਿੱਲੀ ਦੀ ਗੱਦੀ ਤੇ ਬੈਠਾ ਤਾਂ ਉਸਨੇ ਫਰਵਰੀ 1713 ਵਿਚ ਅਬਦ ਉਸ-ਸਮਦ ਖ਼ਾਨ ਨੂੰ ਪੰਜਾਬ ਵਿਚ ਸਿੱਖ ਨੇਤਾ ਬੰਦਾ ਸਿੰਘ ਬਹਾਦਰ ਦੀ ਬਗ਼ਾਵਤ ਖ਼ਤਮ ਕਰਨ ਲਈ ਲਾਹੌਰ ਦਾ ਗਵਰਨਰ ਲਗਾ ਦਿੱਤਾ। ਅਬਦ ਉਸ-ਸਮਦ ਖ਼ਾਨ ਦੇ ਪੁੱਤਰ ਜ਼ਕਰੀਆ ਖ਼ਾਨ ਨੂੰ ਆਪਣੇ ਪਿਤਾ ਦੀ ਸਹਾਇਤਾ ਕਰਨ ਲਈ ਫ਼ੌਜਦਾਰ ਬਣਾ ਕੇ ਜੰਮੂ ਭੇਜ ਦਿੱਤਾ ਗਿਆ ਸੀ। ਅਬਦ ਉਸ-ਸਮਦ ਖ਼ਾਨ ਦੀਆਂ ਫ਼ੌਜਾਂ, ਬੰਦਾ ਸਿੰਘ ਅਤੇ ਉਸਦੇ ਸਿੱਖਾਂ ਨੂੰ ਉਹਨਾਂ ਦੇ ਮੈਦਾਨੀ ਕੇਂਦਰਾਂ , ਸਢੌਰਾ ਅਤੇ ਲੋਹਗੜ੍ਹ ਤੋਂ ਬੇਦਖ਼ਲ ਕਰਕੇ ਪਹਾੜਾਂ ਵੱਲ ਧੱਕਣ ਵਿਚ ਸਫ਼ਲ ਹੋ ਗਈਆਂ। ਜਦੋਂ ਬੰਦਾ ਸਿੰਘ ਫਰਵਰੀ 1715 ਵਿਚ ਆਪਣੇ ਪਹਾੜੀ ਗੁਪਤਵਾਸ ਤੋਂ ਉਤਰਿਆ ਤਾਂ ਸਮਦ ਖ਼ਾਨ ਨੇ ਮੁਗਲਾਂ, ਪਠਾਣਾਂ, ਬੁੰਦੇਲੇ ਰਾਜਪੂਤਾਂ, ਕਟੋਚ ਅਤੇ ਜਸਰੋਟੇ ਦੇ ਰਾਜਪੂਤਾਂ ਦੀ ਫ਼ੌਜ ਇਕੱਠੀ ਕੀਤੀ ਅਤੇ ਬੰਦਾ ਸਿੰਘ ਉੱਤੇ ਹਮਲਾ ਕਰਨ ਲਈ ਉੱਤਰ ਵੱਲ ਚੱਲ ਪਿਆ। ਅਖ਼ਬਾਰਾਤ-ਇ-ਦਰਬਾਰ-ਇ ਮੁਅੱਲਾ ਅਨੁਸਾਰ, ਅਬਦ ਉਸ-ਸਮਦ ਖ਼ਾਨ ਬਾਰਾਂ ਹਜ਼ਾਰ ਸਵਾਰ ਅਤੇ ਇਤਨੇ ਹੀ ਪਿਆਦਾ ਸਿਪਾਹੀ ਅਤੇ ਇਕ ਵੱਡਾ ਭਾਰੀ ਤੋਪਖ਼ਾਨਾ ਲੈ ਕੇ ਲਾਹੌਰ ਤੋਂ ਚਲਿਆ ਅਤੇ ਬੰਦਾ ਸਿੰਘ ਦੇ ਟਿਕਾਣੇ ਦੇ ਨੇੜੇ ਪਹੁੰਚ ਗਿਆ। ਬੰਦਾ ਸਿੰਘ ਬਟਾਲਾ ਦੇ ਨੇੜੇ ਇਕ ਪਿੰਡ ਵਿਚ ਆਪਣੀ ਸੁਰੱਖਿਆ ਲਈ ਕਿਲੇਬੰਦੀ ਕਰੀ ਬੈਠਾ ਸੀ। ਤੋਪਖ਼ਾਨੇ ਦੀ ਗੋਲਾਬਾਰੀ ਨੇ ਬੰਦਾ ਸਿੰਘ ਨੂੰ ਖੁਲ੍ਹੇ ਮੈਦਾਨ ਵਿਚ ਆਉਣ ਲਈ ਮਜਬੂਰ ਕਰ ਦਿੱਤਾ। ਉਹ ਦ੍ਰਿੜਤਾ ਨਾਲ ਡਟ ਗਿਆ ਅਤੇ ਬੜੀ ਭਿਅੰਕਰ ਜੰਗ ਲੜਿਆ ਪਰੰਤੂ ਸ਼ਕਤੀਸ਼ਾਲੀ ਅਤੇ ਵਧੇਰੇ ਸਾਧਨਾਂ ਵਾਲੀ ਮੁਗਲ ਸੈਨਾ ਦਾ ਮੁਕਾਬਲਾ ਨਾ ਕਰ ਸਕਣ ਕਰਕੇ ਉਹ ਉਤਰ ਵੱਲ ਨੂੰ ਨਿਕਲ ਤੁਰਿਆ ਅਤੇ ਗੁਰਦਾਸਪੁਰ ਦੇ ਪੱਛਮ ਵਿਚ 6 ਕਿਲੋਮੀਟਰ ਦੀ ਦੂਰੀ ‘ਤੇ ਗੁਰਦਾਸ-ਨੰਗਲ ਨਾਂ ਦੇ ਇਕ ਪਿੰਡ ਵਿਚ ਦੁਨੀ ਚੰਦ ਦੀ ਹਵੇਲੀ ਵਿਚ ਜਾ ਆਸਰਾ ਲਿਆ। ਅਬਦ ਉਸ-ਸਮਦ ਖ਼ਾਨ ਨੇ ਹਵੇਲੀ ਦੇ ਦੁਆਲੇ ਇਤਨਾ ਸਖ਼ਤ ਘੇਰਾ ਪਾ ਲਿਆ ਕਿ “ਅੰਦਰ ਘਾਹ ਦਾ ਤਿਣਕਾ ਜਾਂ ਅੰਨ ਦਾ ਇਕ ਦਾਣਾ ਵੀ ਜਾਣਾ ਸੰਭਵ ਨਹੀਂ ਸੀ।" ਅੱਠ ਮਹੀਨੇ ਤਕ ਰੱਖਿਅਕ ਫ਼ੌਜ ਨੇ ਇਸ ਘੇਰੇ ਦਾ ਮੁਕਾਬਲਾ ਅਤਿਅੰਤ ਭਿਆਨਕ ਹਾਲਤਾਂ ਵਿਚ ਕੀਤਾ। ਆਖਰ ਸ਼ਾਹੀ ਫ਼ੌਜਾਂ ਅੰਦਰ ਦਾਖ਼ਲ ਹੋ ਗਈਆਂ ਅਤੇ ਉਹਨਾਂ ਨੇ ਬੰਦਾ ਸਿੰਘ ਅਤੇ ਉਸਦੇ ਭੁੱਖ ਨਾਲ ਮਰ ਰਹੇ , ਸਾਥੀ ਸਿੱਖਾਂ ਨੂੰ (17 ਦਸੰਬਰ 1715) ਕਾਬੂ ਕਰ ਲਿਆ। ਸਮਦ ਖ਼ਾਨ ਦੇ ਹੁਕਮਾਂ ਨਾਲ ਦੋ ਸੌ ਤੋਂ ਵੱਧ ਇਹਨਾਂ ਸਿੱਖ ਕੈਦੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਕੀ, ਜਿਨ੍ਹਾਂ ਵਿਚ ਬੰਦਾ ਸਿੰਘ ਅਤੇ ਉਸਦਾ ਪਰਵਾਰ ਵੀ ਸ਼ਾਮਲ ਸੀ, ਨੂੰ ਸੰਗਲਾਂ ਨਾਲ ਬੰਨ੍ਹ ਕੇ ਲਾਹੌਰ ਲਿਆਂਦਾ ਗਿਆ ਅਤੇ ਉਥੋਂ ਦਿੱਲੀ ਲੈ ਜਾਇਆ ਗਿਆ 1726 ਵਿਚ ਅਬਦ ਉਸ-ਸਮਦ ਖ਼ਾਨ ਨੂੰ ਬਦਲ ਕੇ ਮੁਲਤਾਨ ਭੇਜ ਦਿੱਤਾ ਗਿਆ ਅਤੇ ਉਸਦੇ ਪੁੱਤਰ ਜ਼ਕਰੀਆ ਖ਼ਾਨ ਨੂੰ ਉਸਦੀ ਥਾਂ ਲਾਹੌਰ ਦਾ ਗਵਰਨਰ ਲਗਾਇਆ ਗਿਆ।

        26 ਜੁਲਾਈ, 1737 ਨੂੰ ਅਬਦ ਉਸ-ਸਮਦ ਖ਼ਾਨ ਮਰ ਗਿਆ। ਲਗਪਗ ਵੀਹ ਸਾਲ ਤੋਂ ਵਧੀਕ ਸਮੇਂ ਲਈ ਅਬਦ ਉਸ-ਸਮਦ ਦਿੱਲੀ ਦੇ ਬਾਦਸ਼ਾਹਾਂ ਦਾ ਵਿਸ਼ਵਾਸਪਾਤਰ ਬਣਿਆ ਰਿਹਾ ਅਤੇ ਉਹਨਾਂ ਕੋਲੋਂ ਉਸਨੇ ਦਲੇਰ ਜੰਗ (ਮੈਦਾਨੇ-ਜੰਗ ਦਾ ਯੋਧਾ), ਸੈਫ਼ ਉਦ-ਦੌਲਾ (ਰਾਜ ਦੀ ਸ਼ਮਸ਼ੀਰ) ਅਤੇ ਸੱਤ ਹਜ਼ਾਰੀ ਦੇ ਖ਼ਿਤਾਬ ਪ੍ਰਾਪਤ ਕੀਤੇ।


ਲੇਖਕ : ਭ.ਸ. ਅਤੇ ਅਨੁ. ਧ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.