ਅਰਜਨ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਰਜਨ ਸਿੰਘ (ਅ.ਚ. 1859) : ਰੰਘੜ ਨੰਗਲ (ਜ਼ਿਲਾ ਗੁਰਦਾਸਪੁਰ) ਦੇ ਜਮੀਅਤ ਸਿੰਘ ਦਾ ਪੁੱਤਰ ਅਤੇ ਖ਼ਾਲਸਾ ਫ਼ੌਜ ਦਾ ਇਕ ਸੈਨਿਕ ਅਫ਼ਸਰ ਸੀ। 1845 ਦੀ ਅੰਗਰੇਜ਼-ਸਿੱਖ ਜੰਗ ਸਮੇਂ ਇਸ ਨੂੰ ਪੈਦਲ ਫ਼ੌਜ ਦੀਆਂ ਚਾਰ ਰੈਜਮੰਟਾਂ ਦੀ ਕਮਾਨ ਸੌਂਪੀ ਗਈ ਸੀ ਜਿਸ ਵਿਚੋਂ ਇਕ ਰਸਾਲਾ ਰੈਜਮੰਟ ਸੀ ਅਤੇ ਇਕ ਘੋੜ ਸਵਾਰ ਤੋਪਖ਼ਾਨੇ ਦਾ ਦਸਤਾ ਸੀ। ਇਸ ਫ਼ੌਜ ਨਾਲ ਇਹ ਸਭਰਾਵਾਂ ਦੀ ਲੜਾਈ ਵਿਚ ਲੜਿਆ ਸੀ। 1846 ਵਿਚ ਇਸ ਨੇ ਕਸ਼ਮੀਰ ਦੀ ਮੁਹਿੰਮ ਵਿਚ ਹਿੱਸਾ ਲਿਆ ਅਤੇ ਅਗਸਤ 1847 ਵਿਚ ਇਸ ਨੂੰ ਲਾਹੌਰ ਵਿਖੇ ਸਥਿਤ ਬਰਤਾਨਵੀ ਰੈਜੀਡੈਂਟ, ਮੇਜਰ ਹੈਨਰੀ ਲਾਰੰਸ ਦੀ ਸਿਫਾਰਸ਼ ਤੇ ਫਾਰਸ ਦਾ ਇਕ ਸਨਮਾਨ ਸੂਚਕ ਖ਼ਿਤਾਬ ਮਿਲਿਆ। 1848 ਵਿਚ ਇਹ ਰਾਜਾ ਸ਼ੇਰ ਸਿੰਘ ਅਟਾਰੀਵਾਲਾ ਨਾਲ ਮੁਲਤਾਨ ਗਿਆ ਅਤੇ ਉਸ ਦੇ ਨਾਲ ਹੀ ਬਗ਼ਾਵਤ ਵਿਚ ਸ਼ਾਮਲ ਹੋ ਗਿਆ। ਸੂਚਨਾ ਮਿਲਣ ਤੇ ਇਸ ਦੇ ਸਾਥੀ ਸੈਨਿਕ ਵੀ ਇਸ ਨਾਲ ਰਲ ਗਏ। ਰੰਘੜ ਨੰਗਲ ਦਾ ਕਿਲਾ ਇਹਨਾਂ ਦੇ ਕਬਜ਼ੇ ਵਿਚ ਸੀ। ਲਾਹੌਰੀ ਸੈਨਾ ਦੀਆਂ ਦੋ ਕੰਪਨੀਆਂ ਵੱਲੋਂ ਇਸ ਕਿਲੇ ਤੇ ਹਮਲੇ ਸਮੇਂ ਇਹਨਾਂ ਸੈਨਿਕਾਂ ਨੇ ਕਿਲੇ ਦੀ ਸਫ਼ਲਤਾ ਨਾਲ ਰਖਿਆ ਕੀਤੀ। ਜਦੋਂ ਪੰਜਾਬ ਬਰਤਾਨਵੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ ਤਾਂ ਅਰਜਨ ਸਿੰਘ ਦੀਆਂ ਜਗੀਰਾਂ ਜ਼ਬਤ ਕਰ ਲਈਆਂ ਗਈਆਂ।
1859 ਵਿਚ ਅਰਜਨ ਸਿੰਘ ਅਕਾਲ ਚਲਾਣਾ ਕਰ ਗਿਆ।
ਲੇਖਕ : ਸ.ਸ.ਭ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First