ਅਰਜ਼ੀਦਾਵਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Plaint_ਅਰਜ਼ੀਦਾਵਾ: ਇਸ ਦਾ ਮਤਲਬ ਉਸ ਅਰਜ਼ੀ ਤੋਂ ਲਿਆ ਜਾਂਦਾ ਹੈ ਜਿਸ ਦੁਆਰਾ ਦੋਸ਼ੀ ਅਥਵਾ ਮੁੱਦਾਲਾ ਦੇ ਵਿਰੁਧ ਕੁਝ ਅਰੋਪ ਅਥਵਾ ਦੋਸ਼ ਲਾ ਕੇ ਹੇਠਲੀ ਅਦਾਲਤ ਵਿਚ ਕਾਰਵਾਈ ਅਰੰਭ ਕੀਤੀ ਜਾਂਦੀ ਹੈ। ਇਸ ਵਿਚ ਉਹ ਸ਼ਿਕਾਇਤਾਂ ਅਤੇ ਊਜਾਂ ਦਰਜ ਹੁੰਦੀਆਂ ਹਨ ਜਿਨ੍ਹਾਂ  ਦੇ ਆਧਾਰ ਤੇ ਦੀਵਾਨੀ ਅਦਾਲਤ ਵਿਚ ਚਾਰਾਜੋਈ ਦਾ ਦਾਅਵਾ ਕੀਤਾ ਜਾਂਦਾ ਹੈ। ਐਸ ਟੀ ਸੀ ਆਫ਼ ਇੰਡੀਆ ਬਨਾਮ ਆਇਰਨ ਸਾਈਡ ਲਿਮਟਿਡ (ਏ ਆਈ ਆਰ 1966 ਬੰਬੇ 126) ਅਨੁਸਾਰ ਇਸ ਸ਼ਬਦ ਦੇ ਕੋਸ਼ੀ ਅਰਥ ਬਹੁਤ ਵਿਸ਼ਾਲ ਹਨ, ਲੇਕਿਨ ਕਾਨੂੰਨੀ ਸ਼ਬਦਾਵਲੀ ਵਿਚ ਇਸ ਨੇ ਬੜੇ ਸੀਮਤ  ਜਿਹੇ ਅਰਥ ਗ੍ਰਹਿਣ ਕਰ ਲਏ ਹਨ ਅਤੇ ਉਸ ਦੇ ਮੁਤਾਬਕ ਇਸ ਦਾ ਅਰਥ ਹੈ ਕਿਸੇ ਦਾਵੇ ਵਿਚ ਦਾਵੇ ਦੇ ਕਾਰਨ ਦਾ ਲਿਖਤੀ ਬਿਆਨ।

       ਦੀਵਾਨੀ ਜ਼ਾਬਤਾ ਸੰਘਤਾ 1908 ਦੇ ਹੁਕਮ VII ਅਨੁਸਾਰ ਅਰਜ਼ੀਦਾਵੇ ਵਿਚ ਹੇਠ- ਲਿਖੇ ਵਿਵਰਣ ਦਿਤੇ ਜਾਣੇ ਜ਼ਰੂਰੀ ਹਨ:-

(ੳ)   ਅਦਾਲਤ ਦਾ ਨਾਂ, ਜਿਸ ਵਿਚ ਦਾਵਾ ਲਿਆਂਦਾ ਜਾਂਦਾ ਹੈ;

(ਅ)   ਮੁਦੱਈ ਦਾ ਨਾਂ, ਵਰਣਨ ਅਤੇ ਨਿਵਾਸ-ਸਥਾਨ;

(ੲ)   ਮੁਦਾਲੇ ਦਾ ਨਾਂ, ਵਰਣਨ ਅਤੇ ਨਿਵਾਸ-ਸਥਾਨ, ਜਿਥੇ ਇਹ ਸੁਨਿਸਚਿਤ ਕੀਤੇ ਜਾ ਸਕਣ;

(ਸ)   ਜੇ ਮੁਦੱਈ ਜਾਂ ਮੁੱਦਾਲਾ ਨਾਬਾਲਗ਼ ਜਾਂ ਅਸਵਸੱਥ-ਚਿੱਤ ਹੋਵੇ, ਉਸ ਭਾਵ ਦਾ ਬਿਆਨ;

(ਹ)   ਦਾਵੇ ਦਾ ਕਾਰਨ ਗਠਤ ਕਰਨ ਵਾਲੇ ਤੱਥ ਅਤੇ ਇਹ ਕਿ ਉਹ ਕਦੋਂ ਪੈਦਾ ਹੋਇਆ;

(ਕ)   ਇਹ ਦਰਸਾਉਂਦੇ ਤੱਥ ਕਿ ਉਸ ਅਦਾਲਤ ਨੂੰ ਅਧਿਕਾਰਤਾ ਹਾਸਲ ਹੈ;

(ਖ)   ਉਹ ਰਾਹਤ ਜਿਸ ਦੀ ਮੁਦੱਈ ਮੰਗ ਕਰਦਾ ਹੈ;

(ਗ)   ਜਿਥੇ ਮੁਦੱਈ ਨੇ ਮੁਜਰਾਈ ਮੰਨੀ ਹੈ ਜਾਂ ਆਪਣੇ ਦਾਅਵੇ ਦਾ ਕੁਝ ਅੰਸ਼ ਤਿਆਗ ਦਿੱਤਾ ਹੈ, ਇਸ ਤਰ੍ਹਾਂ ਮੰਨੀ ਜਾਂ ਤਿਆਗੀ ਰਕਮ; ਅਤੇ

(ਘ)   ਅਧਿਕਾਰਤਾ ਅਤੇ ਕੋਰਟ ਫ਼ੀਸ ਦੇ ਪ੍ਰਯੋਜਨਾ ਲਈ ਦਾਵੇ ਦੇ ਵਿਸ਼ੇਵਸਤੂ ਦੀ ਮਾਲੀਅਤ, ਜਿਥੋਂ ਤਕ ਉਸ ਕੇਸ ਵਿਚ ਲਾਈ ਜਾ ਸਕੇ।           


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.