ਅਵਤਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਵਤਾਰ [ਨਾਂਪੁ] ਕਿਸੇ ਅਲੌਕਿਕ ਸ਼ਕਤੀ ਦਾ ਮਨੁੱਖੀ ਰੂਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਵਤਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਅਵਤਾਰ: ‘ਅਵਤਾਰ’ ਸ਼ਬਦ ਦਾ ਅਰਥ ਹੈ ਉੱਚੇ ਸਥਾਨ ਤੋਂ ਨੀਵੇਂ ਸਥਾਨ ਉਤੇ ਉਤਰਨਾ (ਅਵਤਰਣਮਵਤਾਰ :)। ਪਰ ਇਸ ਸਾਧਾਰਣ ਅਰਥ ਤੋਂ ਹਟ ਕੇ ਇਕ ਵਿਸ਼ੇਸ਼ ਅਰਥ ਵੀ ਹੈ — ਭਗਵਾਨ ਦਾ ਬੈਕੁੰਠ-ਧਾਮ ਤੋਂ ਭੂ-ਲੋਕ ਵਿਚ ਆਪਣੀ ਲੀਲਾ ਦਿਖਾਉਣ ਲਈ ਪ੍ਰਗਟ ਹੋਣਾ। ਸਨਾਤਨੀ ਹਿੰਦੂ ਵਿਚਾਰਧਾਰਾ ਅਨੁਸਾਰ ਈਸ਼ਵਰ ਭਾਵੇਂ ਸਰਵ- ਵਿਆਪਕ ਹੈ, ਫਿਰ ਵੀ ਸਮੇਂ ਸਮੇਂ ਲੋੜ ਅਨੁਸਾਰ ਧਰਤੀ ਉਤੇ ਕਿਸੇ ਵਿਸ਼ੇਸ਼ ਰੂਪ ਵਿਚ ਆਪਣੀ ਯੋਗ-ਮਾਇਆ ਦੁਆਰਾ ਪੈਦਾ ਹੁੰਦਾ ਹੈ। ਇਸ ਤਰ੍ਹਾਂ ਪਰਮਾਤਮਾ ਦੀ ਵਿਸ਼ੇਸ਼ ਸ਼ਕਤੀ ਦਾ ਮਾਇਆ ਨਾਲ ਸੰਬੰਧਿਤ ਹੋਣਾ ਅਤੇ ਫਿਰ ਪ੍ਰਗਟ ਹੋਣਾ ਹੀ ਅਵਤਾਰ ਧਾਰਣ ਕਰਨ ਦੀ ਪ੍ਰਕ੍ਰਿਆ ਜਾਂ ‘ਅਵਤਰਣ’ ਹੈ। ਇਸ ਵਿਚਾਰਧਾਰਾ’ਤੇ ਆਧਾਰਿਤ ਸਿੱਧਾਂਤ ਨੂੰ ‘ਅਵਤਾਰਵਾਦ ’ ਕਿਹਾ ਜਾਂਦਾ ਹੈ।

            ਇਸ ਵਿਚ ਕੋਈ ਸੰਦੇਹ ਨਹੀਂ ਕਿ ਅਵਤਾਰਾਂ ਸੰਬੰਧੀ ਉੱਲੇਖ ਵੈਦਿਕ ਸਾਹਿਤ ਵਿਚ ਮਿਲ ਜਾਂਦਾ ਹੈ, ਪਰ ਅਵਤਾਰਾਂ ਸੰਬੰਧੀ ਵਿਸਤਾਰ ਸਹਿਤ ਚਰਚਾ ਪੁਰਾਣ- ਸਾਹਿਤ ਵਿਚ ਹੋਈ ਹੈ। ਲਗਭਗ ਸਾਰਿਆਂ ਪੁਰਾਣਾਂ ਵਿਚ ਕੋਈ ਨ ਕੋਈ ਅਵਤਾਰ-ਪ੍ਰਸੰਗ ਮਿਲ ਜਾਂਦਾ ਹੈ। ਸ਼ੈਵ-ਮਤ ਦੀ ਭਾਵਨਾ ਵਾਲੇ ਪੁਰਾਣਾਂ ਵਿਚ ਭਗਵਾਨ ਸ਼ੰਕਰ ਦੇ ਅਨੇਕ ਅਵਤਾਰਾਂ ਦਾ ਬ੍ਰਿੱਤਾਂਤ ਦਿੱਤਾ ਹੋਇਆ ਹੈ। ਇਸੇ ਤਰ੍ਹਾਂ ਵੈਸ਼ਣਵ ਪੁਰਾਣਾਂ ਵਿਚ ਵਿਸ਼ਣੂ ਦੇ ਅਣਗਿਣਤ ਅਵਤਾਰ ਦਸੇ ਗਏ ਹਨ ਅਤੇ ਹੋਰਨਾਂ ਪੁਰਾਣਾਂ ਵਿਚ ਹੋਰ ਦੇਵਤਿਆਂ ਦੇ ਅਵਤਾਰਾਂ ਦੇ ਆਖਿਆਨਾਂ ਦਾ ਵਰਣਨ ਹੋਇਆ ਹੈ। ਭਵਿਸ਼ ਆਦਿ ਕਈ ਸੌਰ ਪੁਰਾਣ ਹਨ ਜਿਨ੍ਹਾਂ ਵਿਚ ਸੂਰਜ ਦੇਵਤਾ ਦੇ ਅਵਤਾਰ ਗਿਣਾਏ ਗਏ ਹਨ। ਮਾਰਕੰਡੇਯ ਆਦਿ ਸ਼ਾਕਤ ਪੁਰਾਣਾਂ ਵਿਚ ਦੇਵੀ ਦੇ ਅਵਤਾਰਾਂ ਦਾ ਵਰਣਨ ਹੈ। ਕਿਤੇ ਕਿਤੇ ਗਣਪਤੀ ਦੇ ਸਗੁਣ ਜਾਂ ਅਵਤਾਰੀ ਰੂਪਾਂ ਦੀ ਕਲਪਨਾ ਮਿਲਦੀ ਹੈ। ਪਾਲਕ ਹੋਣ ਕਾਰਣ ਪੁਰਾਣਾਂ ਵਿਚ ਵਿਸ਼ਣੂ ਦੇ ਅਵਤਾਰਾਂ ਦਾ ਵਰਣਨ ਮੁਕਾਬਲਤਨ ਅਧਿਕ ਹੋਇਆ ਹੈ। ਵਿਸ਼ਣੂ ਦੇ ਦਸ ਅਵਤਾਰ ਬਹੁਤ ਪ੍ਰਸਿੱਧ ਹਨ — ਮਤੑਸੑਯ, ਕੂਰਮ , ਵਰਾਹ, ਨ੍ਰਿਸਿੰਹ, ਵਾਮਨ, ਪਰਸ਼ੁਰਾਮ, ਰਾਮ, ਕ੍ਰਿਸ਼ਣ, ਬੁੱਧ ਅਤੇ ਕਲਕੀ। ਇਨ੍ਹਾਂ ਵਿਚੋਂ ਪਹਿਲੇ ਪੰਜ ਕਾਲਪਨਿਕ ਜਾਂ ਮਿਥਿਕ ਹਨ, ਅਗਲੇ ਚਾਰ ਦਾ ਆਧਾਰ ਇਤਿਹਾਸਿਕ ਹੈ ਅਤੇ ਦਸਵਾਂ ਕਲਕੀ ਅਵਤਾਰ ਕਲਿਯੁਗ ਦੇ ਅੰਤ ਵਿਚ ਪ੍ਰਗਟ ਹੋ ਕੇ ਹਿੰਦੂ-ਧਰਮ ਦੀ ਪੁਨਰ-ਸਥਾਪਨਾ ਕਰੇਗਾ ਅਤੇ ਵਿਪੱਖੀਆਂ ਦਾ ਨਾਸ਼ ਕਰੇਗਾ। ਇਨ੍ਹਾਂ ਦਸਾਂ ਅਵਤਾਰਾਂ ਵਿਚੋਂ ਰਾਮ ਅਤੇ ਕ੍ਰਿਸ਼ਣ ਦਾ ਅਧਿਕ ਵਰਣਨ ਹੋਇਆ ਹੈ।

            ‘ਭਾਗਵਤ ਪੁਰਾਣ’ (ਸਕੰਧ 1/3) ਵਿਚ ਵਿਸ਼ਣੂ ਦੇ ਅਵਤਾਰਾਂ ਦੀ ਗਿਣਤੀ 22 ਲਿਖੀ ਹੈ — ਸਨਕਾਦਿਕ, ਸੂਕਰ (ਵਰਾਹ), ਨਾਰਦ, ਨਰ-ਨਾਰਾਇਣ, ਕਪਿਲ, ਦੱਤਾਤ੍ਰੇਯ, ਸੁਯੱਗ, ਰਿਸ਼ਭਦੇਵ, ਪ੍ਰਿਥੂ, ਮਤੑਸੑਯ, ਕੱਛਪ, ਧਨਵੰਤਰੀ, ਮੋਹਿਨੀ, ਨਰਸਿੰਹ, ਵਾਮਨ, ਪਰਸ਼ੁਰਾਮ, ਵਿਆਸ , ਰਾਮ, ਬਲਰਾਮ, ਕ੍ਰਿਸ਼ਣ, ਬੁੱਧ, ਕਲਕੀ। ਪਰ ਇਸ ਪੁਰਾਣ (2/7) ਵਿਚ ਇਕ ਥਾਂ ਇਹ ਗਿਣਤੀ ਵਧਾ ਕੇ 24 ਕਰ ਦਿੱਤੀ ਗਈ ਹੈ। ਉਥੇ ਨਾਰਦ ਅਤੇ ਮੋਹਿਨੀ ਦੋਹਾਂ ਦਾ ਉੱਲੇਖ ਨਹੀਂ ਹੋਇਆ ਅਤੇ ਬਲਰਾਮ ਅਤੇ ਕ੍ਰਿਸ਼ਣ ਨੂੰ ਇਕ ਹੀ ਮੰਨਿਆ ਗਿਆ ਹੈ। ਬਾਕੀ ਦੇ ਪੰਜ ਅਵਤਾਰ ਇਹ ਹਨ — ਮਨੁ , ਹੰਸ , ਹਯਗ੍ਰੀਵ, ਗਜ-ਤ੍ਰਾਸ ਨਿਵਾਰਕ, ਧ੍ਰੂਹ ਸਹਾਇਕ। ਸਪੱਸ਼ਟ ਹੈ ਕਿ ਪੁਰਾਣਾਂ ਵਿਚ ਵਿਸ਼ਣੂ ਦੇ ਅਵਤਾਰਾਂ ਦੀ ਕਲਪਨਾ ਸਮਾਨ ਰੂਪ ਵਿਚ ਨਹੀਂ ਹੋਈ, ਫਿਰ ਵੀ 24 ਗਿਣਤੀ ਆਮ ਪ੍ਰਚਲਿਤ ਹੈ। ਅਸਲ ਵਿਚ, ਵਿਸ਼ਣੂ ਦੇ ਅਵਤਾਰਾਂ ਦੀ ਗਿਣਤੀ ਬੇਅੰਤ ਹੈ। ‘ਭਾਗਵਤ ਪੁਰਾਣ’ (ਸਕੰਧ 1/3) ਅਨੁਸਾਰ ਜਿਵੇਂ ਅਗਾਧ ਸਰੋਵਰ ਤੋਂ ਹਜ਼ਾਰਾਂ ਨਿੱਕੇ ਨਿੱਕੇ ਨਾਲੇ ਨਿਕਲਦੇ ਹਨ, ਉਸੇ ਤਰ੍ਹਾਂ ਹੀ ਸਤਿ-ਸਰੂਪ ਹਰਿ ਤੋਂ ਅਸੰਖ ਅਵਤਾਰਾਂ ਦਾ ਉਦਭਵ ਹੁੰਦਾ ਹੈ।

            ਵਿਸ਼ਣੂ ਦੇ ਅਵਤਾਰਾਂ ਦਾ ਸਰੂਪ ਅਧਿਕਤਰ ਰਖਿਅਕ ਅਤੇ ਪਾਲਕ ਵਾਲਾ ਰਿਹਾ ਹੈ। ਆਮ ਤੌਰ ’ਤੇ ਵਿਸ਼ਣੂ ਤਦੋਂ ਅਵਤਾਰ ਲੈਂਦਾ ਹੈ, ਜਦੋਂ ਧਰਮ ਦੀ ਹਾਨੀ ਅਤੇ ਅਧਰਮ ਦਾ ਵਾਧਾ ਹੁੰਦਾ ਹੈ। ਭਗਤਾਂ ਦੀ ਸਹਾਇਤਾ ਵਿਸ਼ਣੂ ਦੇ ਅਵਤਾਰਾਂ ਦਾ ਮੁੱਖ ਉਦੇਸ਼ ਹੈ। ‘ਭਗਵਦ ਗੀਤਾ’ (4/7-8) ਵਿਚ ਇਸੇ ਸਿੱਧਾਂਤ ਦੀ ਸਥਾਪਨਾ ਹੋਈ ਹੈ ਜਦੋਂ ਸ੍ਰੀ ਕ੍ਰਿਸ਼ਣ ਅਰਜੁਨ ਨੂੰ ਕਹਿੰਦੇ ਹਨ ਕਿ ਜਦ ਜਦ ਧਰਮ ਦੀ ਹਾਨੀ ਅਤੇ ਅਧਰਮ ਦਾ ਵਾਧਾ ਹੁੰਦਾ ਹੈ, ਤਦ ਤਦ ਹੀ ਮੈਂ ਆਪਣੇ ਰੂਪ ਨੂੰ ਰਚਦਾ ਹਾਂ (ਪ੍ਰਗਟ ਹੁੰਦਾ ਹਾਂ); ਕਿਉਂਕਿ ਸਾਧੂ (ਸਾਤਵਿਕ ਰੁਚੀਆਂ ਵਾਲੇ) ਪੁਰਸ਼ਾਂ ਦਾ ਉੱਧਾਰ ਕਰਨ ਲਈ ਅਤੇ ਦੂਸ਼ਿਤ ਕਰਮ ਕਰਨ ਵਾਲਿਆਂ ਦਾ ਵਿਨਾਸ਼ ਕਰਨ ਲਈ ਅਤੇ ਧਰਮ ਦੀ ਸਥਾਪਨਾ ਕਰਨ ਲਈ, ਯੁਗ ਯੁਗ ਵਿਚ ਪ੍ਰਗਟ ਹੁੰਦਾ ਹਾਂ (ਯਦਾ ਯਦਾ ਹਿ ਧਰੑਮਸੑਯ...)। ‘ਦਸਮ ਗ੍ਰੰਥ ’ (ਚੌਬੀਸ ਅਵਤਾਰ) ਵਿਚ ਵੀ ਲਿਖਿਆ ਹੈ — ਜਬ ਜਬ ਹੋਤਿ ਅਰਿਸਟਿ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ ਕਾਲ ਸਬਨ ਕੋ ਪੇਖਿ ਤਮਾਸਾ ਅੰਤਹ ਕਾਲ ਕਰਤ ਹੈ ਨਾਸਾ 2 ਇਸ ਗ੍ਰੰਥ ਵਿਚ ਵਰਣਿਤ ਚੌਬੀਸ ਅਵਤਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ — ਮੱਛ , ਕੱਛ , ਨਰ, ਨਾਰਾਇਣ, ਮਹਾਮੋਹਿਨੀ, ਬੈਰਾਹ, ਨਰਸਿੰਘ, ਬਾਵਨ, ਪਰਸਰਾਮ, ਬ੍ਰਹਮਾ, ਰੁਦ੍ਰ, ਜਲੰਧਰ, ਅਦਿੱਤੀ ਪੁੱਤਰ , ਮਧੁ- ਕੈਟਭ ਸੰਘਾਰਕ, ਅਰਹੰਤ ਦੇਵ , ਮਨੂ, ਧਨਵੰਤਰ, ਸੂਰਜ, ਚੰਦ੍ਰ, ਰਾਮ, ਕ੍ਰਿਸ਼ਨ, ਨਰ (ਅਰਜਨ), ਬਊਧ, ਨਿਹਕਲਿੰਕੀ। ਇਨ੍ਹਾਂ ਅਵਤਾਰਾਂ ਦਾ ਵਰਗੀਕਰਣ ਕਲਾ (ਸ਼ਕਤੀ) ਅਨੁਸਾਰ ਪੂਰਣ-ਅਵਤਾਰ ਜਾਂ ਅੰਸ਼ਾਵਤਾਰ ਨਾਂਵਾਂ ਨਾਲ ਕੀਤਾ ਜਾਂਦਾ ਹੈ। ‘ਦਸਮ-ਗ੍ਰੰਥ ’ ਵਿਚ ‘ਉਪਾਵਤਾਰ’ (ਵੇਖੋ) ਨਾਂ ਅਧੀਨ ਬ੍ਰਹਮਾ ਅਤੇ ਰੁਦ੍ਰ ਦੇ ਆਖਿਆਨ ਦਰਜ ਹਨ।

            ਵਿਸ਼ਣੂ ਵਾਂਗ ਸ਼ਿਵ ਦੇ ਅਨੁਯਾਈਆਂ ਨੇ ਵੀ ਅਨੇਕ ਅਵਤਾਰਾਂ ਦੀ ਕਲਪਨਾ ਕੀਤੀ ਹੈ। ਇਨ੍ਹਾਂ ਦਾ ਉੱਲੇਖ ਸ਼ਿਵ, ਲਿੰਗ , ਵਾਯੂ ਆਦਿ ਪੁਰਾਣਾਂ ਵਿਚ ਮਿਲਦਾ ਹੈ। ‘ਸ਼ਿਵ ਪੁਰਾਣ’ (ਸਤਰੁਦ੍ਰ ਸੰਹਿਤਾ/ਅ.17) ਵਿਚ ਵਿਸ਼ਣੂ ਵਾਂਗ ਸ਼ਿਵ ਦੇ ਵੀ ਦਸ ਅਵਤਾਰ ਮੰਨੇ ਗਏ ਹਨ। ਹਰ ਇਕ ਅਵਤਾਰ ਦੀ ਆਪਣੀ ਸ਼ਕਤੀ ਵੀ ਹੈ। ਇਨ੍ਹਾਂ ਵਿਚੋਂ ਮਹਾਕਾਲ ਪ੍ਰਮੁਖ ਅਤੇ ਪਹਿਲਾ ਹੈ ਅਤੇ ਇਸ ਦੀ ਸ਼ਕਤੀ ਦਾ ਨਾਂ ਮਹਾਕਾਲੀ ਹੈ। ਸ਼ਿਵ ਅਧਿਕਤਰ ਭਿਆਨਕ ਅਤੇ ਉਗ੍ਰ ਹੈ। ਇਸ ਦੇ ਅਵਤਾਰ ਵਿਸ਼ਣੂ ਦੇ ਅਵਤਾਰਾਂ ਜਿਤਨੀ ਪ੍ਰਸਿੱਧੀ ਹਾਸਲ ਨਹੀਂ ਕਰ ਸਕੇ। ਇਸੇ ਤਰ੍ਹਾਂ ਗਣਪਤੀ, ਸੂਰਜ, ਬ੍ਰਹਮਾ ਅਤੇ ਸ਼ਕਤੀ ਦੀਆਂ ਅਵਤਾਰ-ਕਲਪਨਾਵਾਂ ਬਹੁਤੀ ਮਾਨਤਾ ਪ੍ਰਾਪਤ ਨਹੀਂ ਕਰ ਸਕੀਆਂ। ਮੱਧਕਾਲ ਤਕ ਬੌਧ ਅਤੇ ਜੈਨ ਮਤਾਂ ਵਿਚ ਵੀ ਅਵਤਾਰਵਾਦੀ ਬਿਰਤੀ ਦਾ ਵਿਕਾਸ ਹੋ ਗਿਆ ਪ੍ਰਤੀਤ ਹੁੰਦਾ ਹੈ। ਅਸਲ ਵਿਚ, ਇਹ ਅਵਤਾਰਵਾਦੀ ਬਿਰਤੀ ਇਤਨੀ ਪ੍ਰਬਲ ਅਤੇ ਲੋਕ ਮਾਨਸਿਕਤਾ ਦੇ ਅਨੁਕੂਲ ਹੈ ਕਿ ਇਸ ਸਿੱਧਾਂਤ ਵਿਚ ਵਿਸ਼ਵਾਸ ਨ ਰਖਣ ਵਾਲੇ ਵੀ ਇਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੇ। ਅਵਤਾਰਾਂ ਤੋਂ ਇਲਾਵਾ ‘ਅੰਸ਼ਾਵਤਾਰ’ ਅਤੇ ‘ਉਪ-ਅਵਤਾਰ ’ (ਵੇਖੋ) ਦੀਆਂ ਪਰੰਪਰਾਵਾਂ ਵੀ ਮੰਨੀਆਂ ਗਈਆਂ ਹਨ।

            ਨਿਰਗੁਣਵਾਦੀ ਧਰਮ ਸਾਧਕਾਂ ਜਾਂ ਸੰਤਾਂ ਨੇ ਅਵਤਾਰਾਂ ਨੂੰ ਉਸ ਕਿਸਮ ਦੀ ਮਾਨਤਾ ਨਹੀਂ ਦਿੱਤੀ ਜਿਹੋ- ਜਿਹੀ ਸਗੁਣ ਉਪਾਸਕਾਂ ਨੇ ਦਿੱਤੀ ਹੈ, ਜਿਨ੍ਹਾਂ ਲਈ ਅਵਤਾਰ ਈਸ਼ਵਰ ਦੇ ਸਥੂਲ ਪ੍ਰਤੀਕ ਹਨ ਅਤੇ ਉਨ੍ਹਾਂ ਦੀ ਮੂਰਤੀ-ਪੂਜਾ ਆਵੱਸ਼ਕ ਹੈ। ਨਿਰਗੁਣਵਾਦੀ ਸਾਹਿਤ ਅਤੇ ਗੁਰਬਾਣੀ ਵਿਚ ਅਵਤਾਰਾਂ ਦੇ ਗੁਣ-ਮਹਾਤਮ ਦਾ ਉੱਲੇਖ ਤਾਂ ਹੋਇਆ ਹੈ (ਜਿਵੇਂ ਹਰਿ ਜੁਗੁ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੈ ਹਰਨਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ —ਗੁ.ਗ੍ਰੰ.451), ਪਰ ਉਨ੍ਹਾਂ ਨੂੰ ਪਰਮਾਤਮਾ ਦਾ ਭੇਦ ਪਾਉਣ ਦੇ ਅਸਮਰਥ ਹੀ ਦਸਿਆ ਗਿਆ ਹੈ—ਅਵਤਾਰ ਜਾਨਹਿ ਅੰਤੁ ਪਰਮੇਸਰੁ ਪਾਰਬ੍ਰਹਮ ਬੇਅੰਤ (ਗੁ.ਗ੍ਰੰ.894), ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ਤਿਨ੍ਹ ਭੀ ਅੰਤੁ ਪਾਇਓ ਤੇਰਾ ਲਾਇ ਥਕੇ ਬਿਭੂਤਾ (ਗੁ.ਗ੍ਰੰ.747)। ਸਪੱਸ਼ਟ ਹੈ ਕਿ ਗੁਰਬਾਣੀ ਵਿਚ ਅਵਤਾਰਵਾਦ ਦਾ ਖੰਡਨ ਅਤੇ ਮੂਰਤੀ-ਪੂਜਾ ਦਾ ਨਿਖੇਧ ਹੋਇਆ ਹੈ। ਇਸ ਲਈ ਸਿੱਖ-ਧਰਮ ਵਿਚ ਪਰੰਪਰਾਗਤ ਅਵਤਾਰਾਂ ਪ੍ਰਤਿ ਕੋਈ ਇਸ਼ਟ-ਭਾਵਨਾ ਨਹੀਂ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6675, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਵਤਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਵਤਾਰ* (ਸੰ.। ਸੰਸਕ੍ਰਿਤ ਅਵ+ਤ੍ਰੀ=ਅਵਤਾਰ=ਉਤਰਨਾ) ਉਤਰਨਾ। ਯਥਾ-‘ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ’। ਇਸੀ ਤਰ੍ਹਾਂ ਅਉਤਾਰ ਪਦ ਬੀ ਆਯਾ ਹੈ। ਯਥਾ-‘ਗੁਰਿ ਭੇਟਿਐ ਨ ਹੋਇ ਜੋਨਿ ਅਉਤਾਰੁ’।

੨. ਆਤਮਸਰੂਪ, ਜੋ ਆਤਮ ਲੋਕ ਤੋਂ ਮਾਤ ਲੋਕ ਵਿਚ ਆਯਾ ਹੈ। ਯਥਾ-‘ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ’। ਇਥੇ ਸ੍ਰੇਸ਼੍ਟ ਅਵਤਾਰ ਗੁਰੂ ਸਾਹਿਬ ਜੀ ਨੂੰ ਦੱਸਿਆ ਹੈ।

੩. ਵਿਸ਼ਨੂੰ ਦਾ ਮਨੁਖ ਰੂਪ ਧਾਰਨਾ, ਜਿਸ ਦੇ ੧੦ ਪ੍ਰਸਿੱਧ ਰੂਪ ਹਿੰਦੂਆਂ ਨੇ ਮੰਨੇ ਹਨ। ਯਥਾ-‘ਕੋਟਿ ਬਿਸਨ ਕੀਨੇ ਅਵਤਾਰ’।

ਦੇਖੋ, ‘ਅਵਤਾਰੀ’

----------

* ਅਵ=ਰਖ੍ਯਹ+ਤਾਰ=ਤਾਰਕ। ਰਖ੍ਯਕ ਤੇ ਤਾਰਕ ਬੀ ਅਰਥ ਕਰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6674, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਵਤਾਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਵਤਾਰ : ਇਸ ਦਾ ਸ਼ਬਦੀ ਅਰਥ ਹੈ ‘ਉਤਰਨ ਵਾਲਾ’ ਪਰ ਪਰਿਭਾਸ਼ਕ ਤੌਰ ਤੇ ਕਿਸੇ ਦੇਵਤੇ, ਖ਼ਾਸ ਕਰਕੇ ਵਿਸ਼ਨੂੰ ਭਗਵਾਨ, ਦੇ ਕਿਸੇ ਮਨੋਰਥ ਲਈ ਸਰੀਰ ਧਾਰ ਕੇ ਇਸ ਧਰਤੀ ਉੱਤੇ ਆਉਣ ਨੂੰ ‘ਅਵਤਾਰ’ ਆਖਦੇ ਹਨ। ਇਸ ਸ਼ਬਦ ਦਾ ਸਭ ਤੋਂ ਪਹਿਲਾ ਹਵਾਲਾ ਰਿਗਵੇਦ ਵਿਚ ਮਿਲਦਾ ਹੈ ਜਦੋਂ ਵਿਸ਼ਨੂੰ ਨੇ ਇਸ ਬ੍ਰਹਿਮੰਡ ਨੂੰ ਤਿੰਨ ਕਦਮਾਂ ਵਿਚ ਨਾਪਿਆ ਸੀ ਅਤੇ ਤਿੰਨ ਥਾਵਾਂ ਉਤੇ ਆਪਣੇ ਪੈਰਾਂ ਦੇ ਨਿਸ਼ਾਨ ਲਗਾਏ। ਮੁਢਲੇ ਭਾਸ਼ਕਾਰ ਇਨ੍ਹਾਂ ਤਿੰਨਾਂ ਥਾਵਾਂ ਨੂੰ ਧਰਤੀ, ਵਾਯੂ ਮੰਡਲ ਅਤੇ ਆਸਮਾਨ ਸਮਝਦੇ ਸਨ ਅਤੇ ਇਸ ਤਰ੍ਹਾਂ ਵਿਸ਼ਨੂੰ ਨੂੰ ਧਰਤੀ ਉੱਤੇ ਅੱਗ, ਵਾਯੂ-ਮੰਡਲ ਵਿਚ ਬਿਜਲੀ ਅਤੇ ਆਸਮਾਨ ਉੱਤੇ ਸੂਰਜ ਦੇ ਰੂਪ ਵਿਚ ਮੌਜੂਦ ਮੰਨਦੇ ਸਨ। ਭਾਸ਼ਕਾਰ ਔਰਣਵਾਭ ਇਸ ਨੁਕਤੇ ਨੂੰ ਫ਼ਿਲਾਸਫੀ ਦੀ ਰੰਗਣ ਚਾੜ੍ਹਦਾ ਹੈ ਅਤੇ ਇਨ੍ਹਾਂ ‘ਤਿੰਨ ਕਦਮਾਂ’ ਨੂੰ ਸੂਰਜ ਦੇ ਚੜ੍ਹਨ, ਸਿਖਰ ਤੇ ਆਉਣ ਅਤੇ ਡੁੱਬਣ ਦੀਆਂ ਤਿੰਨ ਵੱਖ ਵੱਖ ਅਵਸਥਾਵਾਂ ਕਰਾਰ ਦਿੰਦਾ ਹੈ। ਮਹਾਨ ਭਾਸ਼ਕਾਰਨ ਸਾਯਨ, ਜੋ ਉਸ ਸਮੇਂ ਹੋਇਆ ਹੈ ਜਦੋਂ ਵਿਸ਼ਨੂੰ ਦੀ ਮਾਨਤਾ ਬੜੇ ਜ਼ੋਰਾਂ ਉੱਤੇ ਪੁੱਜੀ ਹੋਈ ਸੀ, ਇਨ੍ਹਾਂ ਤਿੰਨਾਂ ਕਦਮਾਂ ਨੂੰ ਵਿਸ਼ਨੂੰ ਦੇ ਵਾਮਨ ਅਵਤਾਰ ਦੇ ਤਿੰਲ ਕਦਮ ਮੰਨਦਾ ਹੈ। ਤੈਤਿਰੀਯ ਸੰਘਤਾ ਵਿਚ ਤਿੰਲ ਕਦਮਾਂ ਅਤੇ ਅਵਤਾਰ ਸਬੰਧੀ ਇਕ ਹੋਰ ਸੰਕੇਤ ਮਿਲਦਾ ਹੈ ਜਿਸ ਅਨੁਸਾਰ ਇੰਦਰ ਨੇ ਇਕ ਗਿਦੜੀ ਦਾ ਰੂਪ ਧਾਰ ਕੇ ਤਿੰਨ ਕਦਮਾਂ ਵਿਚ ਸਾਰੀ ਧਰਤੀ ਮਾਪੀ।

          ਵਰਾਹ ਅਵਤਾਰ – ਤੈਤਿਰੀਯ ਸੰਘਤਾ, ਤੈਤਿਰੀਯ ਬ੍ਰਾਹਮਣ ਅਤੇ ਸ਼ਤਪਥ ਬ੍ਰਾਹਮਣ ਵਿਚ ਆਉਂਦਾ ਹੈ ਕਿ ਸਿਰਜਣਹਾਰ ਪ੍ਰਜਾਪਤੀ ਨੇ ਇਸ ਪ੍ਰਿਥਵੀ ਨੂੰ, ਜੋ ਪਹਿਲਾਂ ਅਥਾਹ ਪਾਣੀ ਵਿਚ ਡੁੱਬੀ ਹੋਈ ਸੀ, ਬਾਹਰ ਕੱਢਣ ਲਈ ਸੂਰ ਦਾ ਰੂਪ ਕੀਤਾ। ਇਸ ਬ੍ਰਹਿਮੰਡ ਵਿਚ ਪਹਿਲਾਂ ਪਾਣੀ ਹੀ ਪਾਣੀ ਸੀ। ਪ੍ਰਜਾਪਤੀ ਇਸ ਉੱਤੇ ਹਵਾ ਬਣ ਕੇ ਉੱਡਿਆ। ਉਸ ਨੇ ਇਸ (ਧਰਤੀ) ਨੂੰ ਵੇਖਿਆ ਅਤੇ ਸੂਰ ਦਾ ਰੂਪ ਧਾਰ ਕੇ ਇਸਨੂੰ ਪਾਣੀ ਵਿੱਚੋਂ ਕੱਢਿਆ। ਵਿਸ਼ਵਕਰਮਾ ਬਣ ਕੇ ਉਸ ਨੇ ਇਸ ਨੂੰ ਸੁਕਾਇਆ ਅਤੇ ਇਹ ਫੈਲ ਕੇ ਪ੍ਰਿਥਵੀ ਬਣ ਗਈ। ਇਸੇ ਤੋਂ ਹੀ ਪ੍ਰਿਥਵੀ (ਫੈਲੀ ਹੋਈ) ਸ਼ਬਦ ਦੀ ਵਿਉਤਪੱਤੀ ਹੋਈ ਹੈ। ਬ੍ਰਾਹਮਣ ਗ੍ਰੰਥਾਂ ਅਨੁਸਾਰ ਵੀ ਇਸ ਬ੍ਰਹਿਮੰਡ ਵਿਚ ਅਥਾਹ ਪਾਣੀ ਹੀ ਪਾਣੀ ਸੀ। ਪ੍ਰਜਾਪਤੀ ਨੇ ਇਹ ਧਿਆਨ ਕਰ ਕੇ ਇਹ ਸ੍ਰਿਸ਼ਟੀ ਕਿਸ ਤਰ੍ਹਾਂ ਸਿਰਜੀ ਜਾਵੇ, ਬੜੀ ਕਠਿਨ ਤਪੱਸਿਆ ਕੀਤੀ। ਉਸ ਨੇ ਇਕ ਕੰਵਲ ਦੇ ਪੱਤੇ ਨੂੰ ਖੜ੍ਹੇ ਹੋਏ ਵੇਖਿਆ। ਉਸ ਨੇ ਸੋਚਿਆ ਕਿ ਇਸ ਕੰਵਲ ਦੇ ਹੇਠਾਂ ਜ਼ਰੂਰ ਹੀ ਕੋਈ ਚੀਜ਼ ਹੈ ਜਿਸ ਉੱਤੇ ਇਹ ਕੰਵਲ ਟਿਕਿਆ ਹੋਇਆ ਹੈ। ਉਸ ਨੇ ਵਰਾਹ ਦਾ ਰੂਪ ਧਾਰ ਕੇ ਉਸ ਦੇ ਹੇਠਾਂ ਟੁੱਭੀ ਮਾਰੀ ਅਤੇ ਇਸ ਤਰ੍ਹਾਂ ਉਸ ਨੇ ਪ੍ਰਿਥਵੀ ਨੂੰ ਲੱਭ ਲਿਆ। ਉਹ ਉਸ ਦਾ ਕੁਝ ਹਿੱਸਾ ਤੋੜ ਕੇ ਸਤ੍ਹਾ ਤੇ ਲੈ ਆਇਆ ਅਤੇ ਉਸ ਨੂੰ ਕੰਵਲ ਦੇ ਪੱਤੇ ਉੱਤੇ ਫੈਲਾ ਦਿੱਤਾ। ਜਿਥੋਂ ਤੱਕ ਉਹ ਇਸ ਨੂੰ ਫੈਲਾ ਸਕਿਆ, ਉੱਥੋਂ ਤੱਕ ਦੀ ਪ੍ਰਿਥਵੀ ਦਾ ਵਿਸਤਾਰ ਹੋ ਗਿਆ। ਤੈਤਿਰੀਯ ਆਰਣਯਕ ਵਿਚ ਆਉਂਦਾ ਹੈ ਕਿ ਇਸ ਪ੍ਰਿਥਵੀ ਨੂੰ “ਸੌ ਬਾਹਾਂ ਵਾਲੇ ਕਾਲੇ ਸੂਰ ਨੇ ਕੱਢਿਆ।” ਸ਼ਪਪਥ ਬ੍ਰਾਹਮਣ ਅਨੁਸਾਰ “ਪ੍ਰਿਥਵੀ ਦਾ ਆਕਾਰ ਕੇਵਲ ਗਿੱਠ ਭਰ ਹੀ ਸੀ। ਏਮੁਸ਼ ਨਾਂ ਦੇ ਇਕ ਸੂਰ ਨੇ ਇਸ ਨੂੰ ਉਪਰ ਉਠਾਇਆ। ਸਿੱਟੇ ਵਜੋਂ ਇਸ ਪ੍ਰਿਥਵੀ ਦੇ ਸੁਆਮੀ ਪ੍ਰਜਾਪਤੀ ਨੇ ਉਸ ਨੂੰ ਦੰਪਤੀ ਬਣਾ ਕੇ ਮੁਕੰਮਲ ਕਰ ਦਿੱਤਾ। ਰਾਮਾਇਣ ਵਿਚ ਵਰਣਨ ਮਿਲਦਾ ਹੈ ਕਿ ਬ੍ਰਹਮਾ ਨੇ ਵਰਾਹ ਦਾ ਰੂਪ ਧਾਰਨ ਕੀਤਾ ਅਤੇ ਪ੍ਰਿਥਵੀ ਨੂੰ ਉੱਪਰ ਚੁੱਕਿਆ।

          ਕੂਰਮ ਜਾਂ ਕੱਛ – ਸ਼ਤਪਥ ਬ੍ਰਾਹਮਣ ਵਿਚ ਲਿਖਿਆ ਹੈ ਕਿ ਪ੍ਰਜਾਪਤੀ ਨੇ ਕੱਛੂਏ (ਕੂਰਮ) ਦਾ ਰੂਪ ਧਾਰ ਕੇ ਸੰਤਾਨ ਪੈਦਾ ਕੀਤੀ। ਜੋ ਉਸ ਨੇ ਚਿਤਵਿਆ ਉਹ ਉਸ ਨੇ ਬਣਾਇਆ (ਅਕਰੋਤ); ਇਸੇ ਲਈ ਕੂਰਮ ਸ਼ਬਦ ਦੀ ਉਤਪਤੀ ਹੋਈ।

          ਮੱਛ ਅਵਤਾਰ – ਮੱਛ ਅਵਤਾਰ ਦਾ ਸਭ ਤੋਂ ਪਹਿਲਾ ਸੰਕੇਤ ਸ਼ਤਪਥ ਬ੍ਰਾਹਮਣ ਵਿਚ ਮਿਲਦਾ ਹੈ, ਜਿਹੜਾ ਹਿੰਦੂ ਮਿਥਿਹਾਸ ਦੇ ਜਲ ਪਰਲੋ ਨਾਲ ਸਬੰਧਤ ਹੈ। ਮਨੂ ਨੇ ਇਸ਼ਨਾਨ ਕਰਨ ਲਈ ਲਿਆਂਦੇ ਗਏ ਜਲ ਵਿਚ ਇਕ ਨਿੱਕੀ ਜਿਹੀ ਮੱਛੀ ਵੇਖੀ, ਜਿਸ ਨੇ ਉਸ ਨੂੰ ਆਖਿਆ ਕਿ ਮੈਂ ਤੈਨੂੰ ਉਸ ਹੜ੍ਹ ਤੋਂ ਬਚਾਵਾਂਗੀ, ਜਿਹੜਾ ਬਾਕੀ ਦੇ ਸਭ ਜੀਵ ਜੰਤੂਆਂ ਨੂੰ ਰੋੜ੍ਹ ਕੇ ਲੈ ਜਾਵੇਗਾ। ਇਹ ਮੱਛੀ ਵੱਡੇ ਆਕਾਰ ਦੀ ਬਣ ਗਈ, ਜਿਸ ਕਰਕੇ ਇਸ ਨੂੰ ਸਮੁੰਦਰ ਵਿਚ ਭੇਜਣਾ ਪਿਆ। ਉਸ ਨੇ ਮਨੂ ਨੂੰ ਸਮਝਾਇਆ ਕਿ ਉਹ ਇਕ ਕਿਸ਼ਤੀ ਤਿਆਰ ਕਰੇ ਅਤੇ ਹੜ੍ਹ ਆਉਣ ਤੇ ਉਸ ਦੀ ਸ਼ਰਨ ਲਵੇ। ਪਰਲੋ ਆਉਣ ਤੇ ਮਨੂ ਕਿਸ਼ਤੀ ਵਿਚ ਬੈਠ ਗਿਆ। ਮੱਛੀ ਤਰ ਕੇ ਉਸ ਕੋਲ ਗਈ। ਉਸ ਨੇ ਆਪਣੀ ਕਿਸ਼ਤੀ ਨੂੰ ਮੱਛੀ ਦੇ ਸਿੰਗ ਨਾਲ ਬੰਨ੍ਹ ਦਿੱਤਾ ਅਤੇ ਇਸ ਤਰ੍ਹਾਂ ਉਹ ਸੁਰੱਖਿਅਤ ਹੋ ਗਿਆ। ਮਹਾਂਭਾਰਤ ਵਿਚ ਇਹ ਕਹਾਣੀ ਕੁਝ ਬਦਲ ਕੇ ਵਰਣਨ ਕੀਤੀ ਗਈ ਹੈ।

          ਮੁਢਲੀਆਂ ਲਿਖਤਾਂ ਵਿਚ ਵਰਾਹ, ਕੱਛ ਅਤੇ ਮੱਛ ਅਵਤਾਰਾਂ ਨੂੰ ਪ੍ਰਜਾਪਤੀ ਅਰਥਾਤ ਬ੍ਰਹਮਾ ਦੇ ਪ੍ਰਕਾਸ਼ਾਂ ਦਾ ਰੂਪ ਹੀ ਦਰਸਾਇਆ ਗਿਆ ਹੈ। ‘ਤਿੰਨ ਕਦਮ’ ਜਿਹੜੇ ਵਾਮਨ ਅਵਤਾਰ ਦੀ ਕਥਾ ਦਾ ਆਧਾਰ ਹਨ, ਵਿਸ਼ਨੂੰ ਨਾਲ ਸਬੰਧਤ ਕੀਤੇ ਜਾਂਦੇ ਹਨ ਪਰ ਇਹ ਕਿਸੇ ਵਿਸ਼ੇਸ਼ ਦੇਵਤੇ ਦੀ ਸ਼ੋਭਾ ਵਧਾਉਣ ਨਾਲੋਂ ਖਗੋਲਕ ਜਾਂ ਮਿਥਿਹਾਸਕ ਤੱਤ ਵਾਲੇ ਵਧੇਰੇ ਪ੍ਰਤੀਤ ਹੁੰਦੇ ਹਨ। ਮਹਾਭਾਰਤ ਕਾਲ ਵਿਚ ਆ ਕੇ ਵਿਸ਼ਨੂੰ ਸਭ ਦੇਵਤਿਆਂ ਨਾਲੋਂ ਵਧੇਰੇ ਪ੍ਰਸਿੱਧ ਹੋ ਗਿਆ ਸੀ ਅਤੇ ਉਸ ਦੇ ਕੁਝ ਅਵਤਾਰਾਂ ਨੂੰ ਥੋੜ੍ਹੀ ਬਹੁਤ ਮਹੱਤਤਾ ਹੀ ਪ੍ਰਾਪਤ ਹੋਈ ਸੀ, ਪਰ ਪੁਰਾਣਾਂ ਦੀ ਪ੍ਰਚੱਲਤ ਵਿਚਾਰਧਾਰਾ ਅਨੁਸਾਰ ਵਿਸ਼ਨੂੰ ਦੇ ਦਸ ਅਵਤਾਰ ਹਨ ਅਤੇ ਜਗਤ ਦੀ ਰੱਖਿਆ ਕਰਨ ਵਾਲੇ ਵਿਸ਼ਨੂੰ ਦੇ ਹਰ ਅਵਤਾਰ ਸੰਸਾਰ ਨੂੰ ਕਿਸੇ ਮਹਾਂ ਹੋਣੀ ਤੋਂ ਬਚਾਉਣ ਲਈ ਹੀ ਧਾਰਿਆ ਸੀ।

          ਮਤੱਸਯ (ਮੱਛ) – ਸ਼ਤਪਥ ਬ੍ਰਾਹਮਣ ਵਿਚ ਵਰਣਨ ਕੀਤੀ ਗਈ ਮੱਛ ਤੇ ਪਰਲੋ ਦੀ ਮਿਥਿਹਾਸਕ ਕਥਾ ਅਨੁਸਾਰ, ਜਿਸ ਦਾ ਸੰਕੇਤ ਉੱਪਰ ਵੀ ਕੀਤਾ ਗਿਆ ਹੈ, ਇਹ ਵਿਸ਼ਨੂੰ ਦਾ ਅਵਤਾਰ ਹੈ। ਪੁਰਾਣਾਂ ਵਿਚ ਆਏ ਇਸ ਅਵਤਾਰ ਦੇ ਵਰਣਨਾਂ ਵਿਚ ਥੋੜ੍ਹਾ ਬਹੁਤ ਹੀ ਫ਼ਰਕ ਮਿਲਦਾ ਹੈ। ਇਸ ਅਵਤਾਰ ਦਾ ਪ੍ਰਯੋਜਨ ਮਨੁੱਖ ਜਾਤੀ ਦੇ ਸਿਰਜਣਹਾਰ ਵੈਵਸਵਤ (ਸੱਤਵੇਂ ਮਨੂ) ਨੂੰ ਜਲ-ਪਰਲੋ ਤੋਂ ਬਚਾਉਣਾ ਸੀ। ਮਨੂ ਦੇ ਹੱਥਾਂ ਵਿਚ ਇਕ ਛੋਟੀ ਜਿਹੀ ਮੱਛੀ ਆ ਗਈ, ਜਿਸ ਨੇ ਆਪਣੀ ਰੱਖਿਆ ਲਈ ਬੇਨਤੀ ਕੀਤੀ। ਮਨੂ ਨੇ ਬੜੀ ਚੰਗੀ ਤਰ੍ਹਾਂ ਉਸ ਦੀ ਰੱਖਿਆ ਕੀਤੀ। ਹੌਲੀ ਹੌਲੀ ਮੱਛੀ ਦਾ ਆਕਾਰ ਏਡਾ ਵੱਡਾ ਹੋ ਗਿਆ ਕਿ ਉਸ ਨੂੰ ਕੇਵਲ ਸਮੁੰਦਰ ਹੀ ਸਾਂਭ ਸਕਦਾ ਸੀ। ਇਸ ਤੋਂ ਮਨੂ ਨੇ ਇਸ ਦਾ ਦੇਵਤਵ ਪਛਾਣ ਲਿਆ ਅਤੇ ਵਿਸ਼ਨੂੰ ਦਾ ਅਵਤਾਰ ਸਮਝ ਕੇ ਇਸ ਦੀ ਅਰਾਧਨਾ ਕੀਤੀ। ਵਿਸ਼ਨੂੰ ਨੇ ਮਨੂ ਨੂੰ ਆਉਣ ਵਾਲੀ ਜਲ-ਪਰਲੋ ਤੋਂ ਜਾਣੂੰ ਕਰਵਾਇਆ ਅਤੇ ਉਸ ਨੂੰ ਤਿਆਰ ਰਹਿਣ ਲਈ ਕਿਹਾ। ਜਦੋਂ ਪਰਲੋ ਆਈ ਤਾਂ ਮਨੂ ਰਿਸ਼ੀਆਂ ਅਤੇ ਜੀਵ-ਜੰਤੂਆਂ ਦੇ ਬੀਜਾਂ ਸਮੇਤ ਕਿਸ਼ਤੀ ਵਿਚ ਬੈਠ ਗਿਆ। ਉਸ ਵੇਲੇ ਵਿਸ਼ਨੂੰ ਇਕ ਬੜੇ ਵੱਡੇ ਸਿੰਗ ਵਾਲੇ ਮੱਛ ਦੇ ਰੂਪ ਵਿਚ ਪ੍ਰਗਟ ਹੋਇਆ ਅਤੇ ਉਹ ਕਿਸ਼ਤੀ ਵਿਚ ਵੱਡੇ ਸੱਪ ਨੂੰ ਰੱਸੀ ਬਣਾ ਕੇ ਮੱਛ ਦੇ ਸਿੰਗ ਨਾਲ ਬੰਨ੍ਹ ਦਿੱਤੀ ਗਈ। ਇਸ ਤਰ੍ਹਾਂ ਕਰਨ ਨਾਲ ਕਿਸ਼ਤੀ ਸੁਰੱਖਿਅਤ ਹੋ ਗਈ ਅਤੇ ਤੂਫ਼ਾਨ ਗੁਜ਼ਰ ਗਿਆ। ਭਾਗਵਤ ਪੁਰਾਦ ਵਿਚ ਇਸ ਅਵਤਾਰ ਸਬੰਧੀ ਇਕ ਹੋਰ ਵੀ ਗੱਲ ਦਾ ਉਲੇਖ ਕੀਤਾ ਗਿਆ ਹੈ। ਇਸ ਅਨੁਸਾਰ ਇਕ ਰਾਜ ਜਦੋਂ ਬ੍ਰਹਮ ਬਿਸਰਾਮ ਕਰ ਰਿਹਾ ਸੀ, ਇਹ ਪ੍ਰਿਥਵੀ ਅਤੇ ਦੂਸਰੇ ਲੋਕ ਸਮੁੰਦਰ ਵਿਚ ਡੁੱਬ ਗਏ। ਉਸ ਸਮੇਂ ‘ਹਯ-ਗ੍ਰੀਵ’ ਨਾਂ ਦਾ ਦੈਂਤ ਬ੍ਰਹਮਾ ਕੋਲ ਆਇਆ ਅਤੇ ਬ੍ਰਹਮਾ ਦ ਮੁੱਖ ਤੋਂ ਉਚਾਰੇ ਹੋਏ ਵੇਦਾਂ ਨੂੰ ਚੁਰਾ ਕੇ ਲੈ ਗਿਆ। ਇਸ ਤਰ੍ਹਾਂ ਗੁਆਚੇ ਹੋਏ ਵੇਦਾਂ ਨੂੰ ਪ੍ਰਾਪਤ ਕਰਨ ਲਈ ਵਿਸ਼ਨੂੰ ਨੇ ਮੱਛ ਦਾ ਅਵਤਾਰ ਧਾਰਿਆ ਅਤੇ ਮਨੂ ਨੂੰ ਉਪਰੋਕਤ ਵਰਣਨ ਅਨੁਸਾਰ ਪਰਲੋਂ ਤੋਂ ਬਚਾਇਆ। ਇਸ ਪੁਰਾਦ ਵਿਚ ਅੱਗੇ ਜਾ ਕੇ ਲਿਖਿਆ ਹੈ ਕਿ ਮੱਛ ਅਵਤਾਰ ਨੇ ਮਨੂ ਅਤੇ ਰਿਸ਼ੀਆਂ ਨੂੰ “ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ।” ਜਦੋਂ ਬ੍ਰਹਮਾ ਵਿਚ ਬ੍ਰਹਿਮੰਡ ਦੇ ਵਿਸਰਜਨ ਤੋਂ ਬਾਦ ਸੁਚੇਤ ਹੋਇਆ, ਉਦੋਂ ਵਿਸ਼ਨੂੰ ਨੇ ਹਯਗ੍ਰੀਵ ਨੂੰ ਮਾਰ ਕੇ ਵੇਦ ਬ੍ਰਹਮਾਂ ਨੂੰ ਵਾਪਸ ਕਰ ਦਿੱਤੇ।

          ਕੂਰਮ (ਕਛੂਆ) – ਜਿਵੇਂ ਉਪਰ ਦੱਸਿਆ ਗਿਆ ਹੈ, ਇਸ ਅਵਤਾਰ ਦਾ ਮੁੱਢ ਸ਼ਤਪਥ ਬ੍ਰਾਹਮਣ ਵਿਚ ਹੀ ਮਿਲ ਜਾਂਦਾ ਹੈ। ਵਿਸ਼ਨੂੰ ਪਿਛਲੇਰੇ ਅਤੇ ਵਿਕਸਤ ਰੂਪ ਵਿਚ ਮੱਛ ਦਾ ਰੂਪ ਧਾਰ ਕੇ ਸਤਿਯੁਗ (ਪਹਿਲੇ ਯੁਗ) ਵਿਚ ਜਲ-ਪਰਲੋ ਦੁਆਰਾ ਗੁਆਚੀਆਂ ਹੋਈਆਂ ਕੀਮਤੀ ਚੀਜ਼ਾਂ ਨੂੰ ਲੱਭਣ ਲਈ ਪਰਗਟ ਹੋਇਆ। ਇਸ ਤਰ੍ਹਾਂ ਕੂਰਮ ਦੇ ਰੂਪ ਵਿਚ ਇਹ ਦੁਧ ਸਾਗਰ ਥੱਲੇ ਖੜੋ ਗਿਆ ਅਤੇ ਮੰਦਰ ਪਰਬਤ ਨੂੰ ਆਪਣੀ ਪਿੱਠ ਉਤੇ ਰੱਖ ਲਿਆ। ਦੇਵਾਂ ਅਤੇ ਦਾਨਵਾਂ ਨੇ ਮਹਾਂ ਨਾਗ ਵਾਸੁਕੀ ਨੂੰ ਇਸ ਪਰਬਤ ਦੇ ਆਲੇ-ਦੁਆਲੇ ਲਪੇਟ ਲਿਆ ਤੇ ਰੱਸੇ ਵਾਂਗ ਇਸ ਦਾ ਇਕ ਇਕ ਸਿਰਾ ਫੜ ਕੇ ਸਮੁੰਦਰ ਰਿੜਕਿਆ। ਸਮੁੰਦਰ ਰਿੜਕਦਿਆਂ ਹੋਇਆਂ ਇਨ੍ਹਾਂ ਨੂੰ ਹੇਠ ਲਿਖੀਆਂ ਵਸਤਾਂ ਮਿਲੀਆਂ:- 1. ਅੰਮ੍ਰਿਤ; 2. ਧਨਵੰਤਰੀ, ਦੇਵਤਿਆਂ ਦਾ ਵੈਦ ਅਤੇ ਅੰਮ੍ਰਿਤ ਦੇ ਕਟੋਰੇ ਨੂੰ ਸਾਂਭਣ ਵਾਲਾ; 3. ਲਕਸ਼ਮੀ, ਕਿਸਮਤ ਤੇ ਸੁੰਦਰਤਾ ਦੀ ਦੇਵੀ ਅਤੇ ਵਿਸ਼ਨੂੰ ਦੀ ਪਤਨੀ; 4. ਸੁਰਾ, ਮਦਿਰਾ ਦੀ ਦੇਵੀ; 5. ਚੰਦਰਮਾ; 6. ਰੰਭਾ, ਅਪੱਛਰਾ, ਸੁੰਦਰ ਅਤੇ ਸੁਸ਼ੀਲ ਇਸਤਰੀ; 7. ਉਚਸ਼੍ਰਵਾ, ਇਕ ਅਦੁੱਤੀ ਤੇ ਆਦਰਸ਼ ਘੋੜਾ; 8. ਕੋਸਤੁਭ, ਇਕ ਪ੍ਰਸਿੱਧ ਮਣੀ; 9. ਪਾਰਿਜਾਤ, ਸਵਰਗੀ ਬਿਰਛ; 10. ਸੁਰਭੀ, ਖ਼ੁਸ਼ਹਾਲੀ ਦੇਵ ਵਾਲੀ ਗਊ; 11. ਐਰਾਵਤ, ਇਕ ਅਦੁੱਤੀ ਤੇ ਆਦਰਸ਼ ਹਾਥੀ; 12. ਸੰਖ, ਜਿੱਤ ਦਾ ਸੰਖ; 13. ਧਨੁਸ਼, ਇਕ ਪ੍ਰਸਿੱਧ ਧਨੁੱਖ ਅਤੇ 14. ਵਿਸ਼।

          ਵਰਾਹ (ਸੂਰ) – ਬ੍ਰਾਹਮਣ ਗ੍ਰੰਥਾਂ ਵਿਚ ਆਈ ਵਰਾਹ ਦੀ ਪੁਰਾਤਨ ਮਿਥਿਹਾਸਕ ਕਥਾ ਜਿਸ ਅਨੁਸਾਰ ਵਰਾਹ ਨੇ ਪ੍ਰਿਥਵੀ ਨੂੰ ਸਮੁੰਦਰ ਵਿਚੋਂ ਕੱਢਿਆ ਸੀ, ਵਿਸ਼ਨੂੰ ਨਾਲ ਸਬੰਧਤ ਕੀਤੀ ਜਾਂਦੀ ਹੈ। ਇਸ ਕਥਾ ਅਨੁਸਾਰ ਹਿਰਨਾਖਸ਼ ਨਾਂ ਦਾ ਦੈਂਤ ਪ੍ਰਿਥਵੀ ਨੂੰ ਘਸੀਟ ਕੇ ਸਮੁੰਦਰ ਦੇ ਡੂੰਘੇ ਪਾਣੀ ਵਿਚ ਲੈ ਗਿਆ। ਇਸ ਨੂੰ ਵਾਪਸ ਲਿਆਉਣ ਲਈ ਵਿਸ਼ਨੂੰ ਨੇ ਵਰਾਹ (ਸੂਰ) ਦਾ ਰੂਪ ਧਾਰਨ ਕੀਤਾ ਅਤੇ ਇਕ ਹਜ਼ਾਰ ਸਾਲ ਦੇ ਯੁੱਗ ਪਿੱਛੋਂ ਉਸ ਦੈਂਤ ਨੂੰ ਮਾਰ ਕੇ ਪ੍ਰਿਥਵੀ ਨੂੰ ਕਢ ਲਿਆਂਦਾ।

          ਨਰ ਸਿੰਹ (ਨਰ ਸਿੰਘ) – ਇਹ ਅਵਤਾਰ ਵਿਸ਼ਨੂੰ ਨੇ ਹਿਰਣਯਕਸ਼ਿਪ ਨਾਂ ਦੇ ਦੈਂਤ ਦੇ ਅਤਿਆਚਾਰਾਂ ਤੋਂ ਪ੍ਰਿਥਵੀ ਨੂੰ ਬਚਾਉਣ ਲਈ ਧਾਰਨ ਕੀਤਾ ਸੀ। ਇਹ ਦੈਂਤ ਬ੍ਰਹਮਾ ਦੇ ਵਰ ਨਾਲ ਅਜਿੱਤ ਹੋ ਗਿਆ ਸੀ ਅਤੇ ਦੇਵਤਿਆਂ, ਮਨੁੱਖਾਂ, ਪਸ਼ੂਆਂ ਆਦਿ ਕਿਸੇ ਤੋਂ ਵੀ ਮਾਰਿਆ ਨਹੀਂ ਜਾ ਸਕਦਾ ਸੀ। ਇਸ ਦਾ ਪੁੱਤਰ ਪ੍ਰਹਿਲਾਦ ਵਿਸ਼ਨੂੰ ਦਾ ਭਗਤ ਸੀ, ਜਿਸ ਕਰਕੇ ਉਸ ਦਾ ਪਿਤਾ ਉਸ ਤੇ ਬਹੁਤ ਗੁੱਸੇ ਰਹਿੰਦਾ ਸੀ। ਹਿਰਣਯਕਸ਼ਿਪ ਨੇ ਪ੍ਰਹਿਲਾਦ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਅਸਫ਼ਲ ਹੀ ਰਿਹਾ। ਉਸ ਨੇ ਵਿਸ਼ਨੂੰ ਦੇ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਹੋਣ ਤੋਂ ਮੁਨਕਰ ਹੁੰਦਿਆਂ ਪ੍ਰਹਿਲਾਦ ਨੂੰ ਇਕ ਪੱਥਰ ਦੇ ਥੰਮ੍ਹ ਨਾਲ ਬੰਨ੍ਹ ਦਿੱਤਾ ਅਤੇ ਕਿਹਾ ਕਿ ਇਸ ਵਿੱਚੋਂ ਵਿਸ਼ਨੂੰ ਪ੍ਰਗਟ ਹੋ ਕੇ ਵਿਖਾਵੇ। ਪ੍ਰਹਿਲਾਦ ਦਾ ਬਦਲਾ ਚੁਕਾਉਣ ਅਤੇ ਦੈਂਤ ਵੱਲੋਂ ਆਪਣੇ ਅਪਮਾਨ ਨੂੰ ਦੂਰ ਕਰਨ ਲਈ ਥੰਮ੍ਹ ਵਿਚੋਂ ਨਰਸਿੰਹ (ਅੱਧਾ ਮਨੁੱਖ ਤੇ ਅੱਧਾ ਸ਼ੇਰ) ਦੇ ਰੂਪ ਵਿਚ ਵਿਸ਼ਨੂੰ ਪ੍ਰਗਟ ਹੋਇਆ ਅਤੇ ਹੰਕਾਰੀ ਦੈਂਤ ਨੂੰ ਮਾਰ ਦਿੱਤਾ।

          ਉਪਰੋਕਤ ਚਾਰ ਅਵਤਾਰ ਸਤਿਯੁਗ ਅਰਥਾਤ ਸ੍ਰਿਸ਼ਟੀ ਦੇ ਪ੍ਰਥਮ ਯੁੱਗ ਵਿਚ ਹੋਏ ਖ਼ਿਆਲ ਕੀਤੇ ਜਾਂਦੇ ਹਨ।

          ਵਾਮਨ (ਬੌਣਾ) – ਜਿਸ ਤਰ੍ਹਾਂ ਕਿ ਪਹਿਲਾਂ ਵਰਣਨ ਕੀਤਾ ਜਾ ਚੁੱਕਾ ਹੈ ਇਸ ਅਵਤਾਰ ਦਾ ਜਨਮ ਰਿਗ ਵੇਦ ਵਿਚ ਵਰਣਨ ਕੀਤੇ ਗਏ ‘ਵਿਸ਼ਨੂੰ ਦੇ ਤਿੰਨ ਕਦਮਾਂ’ ਵਿੱਚੋਂ ਮੰਨਿਆ ਜਾਂਦਾ ਹੈ। ਤ੍ਰੇਤਾ ਯੁੱਗ (ਦੂਸਰੇ ਯੁੱਗ) ਵਿਚ ਦੈਂਤ ਰਾਜੇ ਬਲੀ ਨੇ ਆਪਣੀ ਭਗਤੀ ਤੇ ਤਪੱਸਿਆ ਨਾਲ ਤਿੰਨਾਂ ਲੋਕਾਂ ਦੀ ਬਾਦਸ਼ਾਹੀ ਪ੍ਰਾਪਤ ਕਰ ਲਈ ਅਤੇ ਇਸ ਕਾਰਨ ਦੇਵਤਾ ਲੋਕ ਆਪਣੀ ਸ਼ਕਤੀ ਤੇ ਸਤਿਕਾਰ ਤੋਂ ਵਾਂਝੇ ਹੋ ਗਏ ਸਨ। ਇਸ ਨੂੰ ਦੂਰ ਕਰਨ ਲਈ ਵਿਸ਼ਨੂੰ ਨੇ ਕਸ਼ਯਪ ਤੇ ਅਦਿਤੀ ਦੇ ਘਰ ਛੋਟੇ ਪੁੱਤਰ ਦੇ ਰੂਪ ਵਿਚ ਜਨਮ ਲਿਆ। ਇਹ ਵਾਮਨ ਅਵਤਾਰ ਬਲੀ ਕੋਲ ਗਿਆ ਅਤੇ ਉਸ ਕੋਲ ਗਿਆ ਅਤੇ ਉਸ ਕੋਲੋਂ ਆਪਣੇ ਰਹਿਣ ਲਈ ਤਿੰਨ ਕਦਮ ਧਰਤੀ ਦੀ ਮੰਗ ਕੀਤੀ। ਦਾਨੀ ਰਾਜੇ ਨੇ ਉਸ ਦੀ ਬੇਨਤੀ ਮੰਨ ਲਈ। ਵਿਸ਼ਨੂੰ ਨੇ ਪ੍ਰਿਥਵੀ ਤੇ ਸਵਰਗ ਨੂੰ ਦੋ ਕਦਮਾਂ ਵਿਚ ਹੀ ਮਿਣ ਲਿਆ, ਪਰ ਬਲੀ ਦੀ ਦਾਨਸ਼ੀਲਤਾ ਦਾ ਖ਼ਿਆਲ ਕਰਦਿਆਂ ਹੋਇਆਂ ਉਨ੍ਹਾਂ ਨੇ ਪਤਾਲ ਦੀ ਬਾਦਸ਼ਾਹੀ ਉਸ ਕੋਲ ਹੀ ਰਹਿਣ ਦਿੱਤੀ।

          ਉਪਰੋਕਤ ਪੰਜੇ ਅਵਤਾਰ ਨਰੋਲ ਮਿਥਿਹਾਸਕ ਹਨ। ਅਗਲੇ ਤਿੰਨ ਅਵਤਾਰਾਂ ਵਿਚ ਬੀਰ ਰਸ ਅਤੇ ਨੌਵੇਂ ਵਿਚ ਧਾਰਮਿਕਤਾ ਦਾ ਪ੍ਰਗਟਾਵਾ ਹੁੰਦਾ ਹੈ।

          ਪਰਸਰਾਮ – ਅਰਥਾਤ ਉਹ ਰਾਮ ਜਿਸ ਦੇ ਹੱਥ ਵਿਚ ਕੁਹਾੜਾ ਫੜਿਆ ਹੋਇਆ ਹੈ। ਇਹ ਅਵਤਾਰ ਤ੍ਰੇਤਾ ਯੁੱਗ ਵਿਚ ਜਮਦਗਨੀ ਰਿਸ਼ੀ ਦੇ ਘਰ ਬ੍ਰਾਹਮਣਾਂ ਨੂੰ ਹੰਕਾਰੀ ਕਸ਼ੱਤਰੀਆਂ ਦੀ ਅਧੀਨਤਾ ਤੋਂ ਛੁਡਾਉਣ ਲਈ ਹੋਇਆ।

          ਰਾਮ ਜਾਂ ਰਾਮ ਚੰਦਰ (ਚੰਦ੍ਰਮਾ ਵਰਗਾ ਜਾਂ ਕੁਲੀਨ ਰਾਮ) – ਇਹ ਰਾਮਾਇਣ ਦਾ ਨਾਇਕ ਹੈ। ਇਹ ਅਯੁੱਧਿਆ ਦੇ ਸੂਰਜ-ਬੰਸੀ ਰਾਜਾ ਦਸ਼ਰਥ ਦਾ ਪੁੱਤਰ ਸੀ। ਇਸ ਦਾ ਅਵਤਾਰ ਤ੍ਰੇਤਾ ਯੁੱਗ ਵਿਚ ਰਾਵਣ ਦਾ ਨਾਸ਼ ਕਰਨ ਲਈ ਹੋਇਆ।

          ਕ੍ਰਿਸ਼ਨ (ਕਾਲਾ ਜਾਂ ਸਾਂਵਲੇ ਰੰਗ ਵਾਲਾ) – ਕ੍ਰਿਸ਼ਨ ਦੇ ਉੱਤਰਕਾਲੀ ਸਾਰੇ ਦੇਵਤਿਆਂ ਨਾਲੋਂ ਸਭ ਤੋਂ ਵਧੇਰੇ ਹਰਮਨ ਪਿਆਰਾ ਤੇ ਮਹੱਤਵਪੂਰਨ ਹੋਣ ਕਾਰਨ ਇਸ ਦੇ ਸ਼ਰਧਾਲੂ ਇਸ ਨੂੰ ਨਿਰਾ ਅਵਤਾਰ ਹੀ ਨਹੀਂ, ਸਗੋਂ ਵਿਸ਼ਨੂੰ ਦੀਆਂ ਸੰਪੂਰਨ ਕਲਾਵਾਂ ਦਾ ਅਵਤਾਰ ਸਮਝਦੇ ਹਨ। ਇਸ ਤਰ੍ਹਾਂ ਜਦੋਂ ਕ੍ਰਿਸ਼ਨ ਨੂੰ ਵਿਸ਼ਨੂੰ ਰੂਪ ਹੀ ਸਮਝਿਆ ਜਾਣ ਲੱਗ ਪਿਆ ਤਾਂ ਉਸ ਵੇਲੇ ਉਨ੍ਹਾਂ ਦੇ ਵੱਡੇ ਭਰਾ ਬਲਰਾਮ ਨੂੰ ਉਨ੍ਹਾਂ ਦੀ ਥਾਂ ਅੱਠਵਾਂ ਅਵਤਾਰ ਮੰਨ ਲਿਆ ਗਿਆ।

          ਬੁੱਧ – ਬੁੱਧ ਦੀ ਧਾਰਮਿਕ ਗੁਰੂ ਦੇ ਰੂਪ ਵਿਚ ਮਹਾਨ ਸਫ਼ਲਤਾ ਕਾਰਨ ਹੀ ਬ੍ਰਾਹਮਣਾਂ ਨੇ ਉਸ ਨੂੰ ਵਿਰੋਧੀ ਸਮਝਦਿਆਂ ਹੋਇਆਂ ਵਤਾਰ ਦੇ ਰੂਪ ਵਿਚ ਸਵੀਕਾਰ ਕੀਤਾ। ਸੋ ਇਸ ਤਰ੍ਹਾਂ ਬੁੱਧ ਦੇ ਰੂਪ ਵਿਚ ਵਿਸ਼ਨੂੰ, ਦੈਂਤਾਂ ਤੇ ਪਾਪੀ ਮਨੁੱਖਾਂ ਨੂੰ ਵੇਦਾਂ ਦੀ ਅਵੱਗਿਆ ਕਰਨ, ਜਾਤ ਪਾਤ ਤੋੜਨ ਅਤੇ ਦੇਵਤਿਆਂ ਦੀ ਹੋਂਦ ਤੋ ਮੁਨਕਰ ਹੋਣ ਦਾ ਉਤਸ਼ਾਹ ਦੇਣ ਲਈ ਅਤੇ ਇਸ ਤਰ੍ਹਾਂ ਉਨ੍ਹਾਂ ਆਪਣੇ ਵਿਨਾਸ਼ ਵੱਲ ਪ੍ਰੇਰਨ ਲਈ ਪਰਗਟ ਹੋਏ।

          ਕਲਕੀ ਅਰਕਾਤ ਕਲਕਿਨ (ਚਿੱਟਾ ਘੋੜਾ) – ਵਿਸ਼ਨੂੰ ਦਾ ਇਹ ਅਵਤਾਰ ਚਿੱਟੇ ਘੋੜੇ ਉਤੇ ਸਵਾਰ ਹੋ ਕੇ, ਹੱਥ ਵਿਚ ਬੋਦੀ ਵਾਲੇ ਤਾਰੇ ਵਾਂਗੂੰ ਚਮਕਦੀ ਤਲਵਾਰ ਲੈ ਕੇ ਅਧਰਮੀਆਂ ਦਾ ਨਾਸ਼ ਕਰਨ ਲਈ ਅਤੇ ਇਸ ਜਗਤ ਦੇ ਉਦਾਰ ਤੇ ਧਰਮ ਦੀ ਪੁਨਰ-ਸਥਾਪਨਾ ਲਈ ਕਲਜੁਗ ਦੇ ਅੰਤ ਵਿਚ ਪਰਗਟ ਹੋਵੇਗਾ।

          ਉਪਰੋਕਤ ਅਵਤਾਰ ਲਗਭਗ ਸਾਰੇ ਦੇ ਸਾਰੇ ਪ੍ਰਵਾਨਤ ਹਨ, ਪਰ ਕਈ ਵਾਰੀ ਇਨ੍ਹਾਂ ਦੀ ਗਿਣਤੀ ਵੱਧ ਮੰਨੀ ਜਾਂਦੀ ਹੈ। ਭਾਗਤ ਪੁਰਾਣ ਨੇ, ਜਿਸ ਵਿਚ ਵਿਸ਼ਨੂੰ ਦੀ ਮਹਿਮਾ ਪ੍ਰਧਾਨ ਰੂਪ ਵਿਚ ਵਰਣਨ ਹੈ, ਅਵਤਾਰਾਂ ਦੀ ਗਿਣਤੀ ਨਿਮਨ 22 ਮੰਨੀ ਹੈ:-

          1. ਪੁਰਸ਼ (ਨਰ ਸਿਰਜਣਹਾਰ), 2. ਵਰਾਹ (ਸੂਰ), 3. ਨਾਰਦ (ਇਕ ਮਹਾਨ ਰਿਸ਼ੀ), 4. ਨਰ ਤੇ ਨਾਰਾਇਣ, 5. ਕਪਿਲ (ਇਕ ਮਹਾਨ ਰਿਸ਼ੀ), 6. ਦੱਤਾਤ੍ਰੇਯ (ਇਕ ਰਿਸ਼ੀ), 7. ਯਜਨ (ਯੱਗ), 8. ਰਿਸ਼ਭ (ਇਕ ਧਰਮੀ ਰਾਜਾ ਜੋ ਭਰਤ ਦਾ ਪਿਤਾ ਸੀ), 9. ਪ੍ਰਿਥੂ (ਇਕ ਰਾਜਾ), 10. ਮਤੱਸਯ (ਮੱਛ), 11. ਕੂਰਮ (ਕੱਛੂਆ), 12. ਤੇ 13. ਧਨਵੰਤਰੀ, ਦੇਵਤਿਆਂ ਦਾ ਵੈਦ, 14. ਨਰਸਿੰਹ (ਨਰ ਸਿੰਘ), 15. ਵਾਮਨ (ਬੌਣਾ), 16. ਪਰਸਰਾਮ, 17. ਵੇਦਵਯਾਸ, 18. ਰਾਮ, 19. ਬਲਰਾਮ, 20. ਕ੍ਰਿਸ਼ਨ, 21. ਬੁੱਧ, 22. ਕਲਕੀ।

          ਅੱਗੇ ਜਾ ਕੇ ਲਿਖਿਆ ਹੈ ਕਿ ਜਿਵੇਂ ‘ਅਮੁੱਕ ਝੀਲ ਵਿੱਚੋਂ ਨਦੀਆਂ ਫੁੱਟਦੀਆਂ ਹਨ ਇਸ ਤਰ੍ਹਾਂ ਵਿਸ਼ਨੂੰ ਦੇ ਅਵਤਾਰ ਵੀ ਅਣਗਿਣਤ ਹਨ। ਰਿਸ਼ੀ, ਮਨੂ, ਦੇਵਤੇ, ਮਨੂ ਦੇ ਪੁੱਤਰ ਅਤੇ ਪ੍ਰਜਾਪਤੀ ਸਭ ਉਸ ਦੇ ਅੰਸ਼ ਹਨ।

          ਹ. ਪੁ.– ਹਿੰ. ਮਿ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਅਵਤਾਰ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਵਤਾਰ :  ਉੱਚੇ ਥਾਂ ਤੋਂ  ਨੀਵੇਂ ਥਾਂ ਤੇ ਉਤਰਨਾ ਅਵਤਰਣ ਜਾਂ ਅਵਤਾਰ ਅਖਵਾਉਂਦਾ ਹੈ। ਪੁਰਾਣਾਂ ਦੇ ਮੱਤ ਅਨੁਸਾਰ ਭਗਵਾਨ ਜਾਂ ਕਿਸੇ ਦੇਵਤੇ ਦਾ ਕਿਸੇ ਦੇਹ ਵਿਚ ਪ੍ਰਗਟ ਹੋਣਾ ਅਤੇ ਭੂ–ਲੋਕ ਵਿਚ ਆਪਣੀ ਲੀਲ੍ਹਾ ਰਚਾਉਣਾ ਅਵਤਾਰ ਹੁੰਦਾ ਹੈ।  ਅਜਿਹੀ ਧਾਰਣਾ ਦਾ ਪਹਿਲਾ ਸੰਕੇਤ, ਭਾਵੇਂ ਇਸ ਵਿਚ ਅਵਤਾਰ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ, ਸਾਨੂੰ ਰਿਗਵੇਦ ਵਿਚ ਮਿਲਦਾ ਹੈ ਜਿਸ ਵਿਚ ਅਜਿੱਤ ਰਖਿਅਕ ਵਿਸ਼ਨੂੰ ਸਾਰੇ ਬ੍ਰਹਿਮੰਡ ਉੱਤੇ ਤਿੰਨ ਕਦਮ ਟਿਕਾਉਂਦਾ ਹੈ। ਪੁਰਾਤਨ ਟੀਕਾਕਾਰਾਂ ਨੇ ਇਨ੍ਹਾਂ ਤਿੰਨਾਂ ਕਦਮਾਂ ਦੇ ਟਿਕਣ ਦੀ ਥਾਂ ਤੋਂ ਧਰਤੀ, ਵਾਯੂਮੰਡਲ ਅਤੇ ਆਕਾਸ਼ ਦਾ ਪ੍ਰਭਾਵ ਲਿਆ ਹੈ ਅਤੇ ਵਿਸ਼ਨੂੰ ਧਰਤੀ ’ਤੇ ਅੱਗ ਹੈ, ਵਾਯੂਮੰਡਲ ਵਿਚ ਬਿਜਲੀ ਅਤੇ ਅਕਾਸ਼ ਵਿਚ ਸੂਰਜ ਦਾ ਪ੍ਰਕਾਸ਼। ਮਹਾਭਾਰਤ ਦੇ ‘ਹਰਿਵੰਸ਼ ਪਰਵ’ ਵਿਚ ਅਵਤਾਰ ਦੀ ਥਾਂ ਆਵਿਰਭਾਵ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਸ੍ਰੀਮਦ ਭਗਵਦ ਗੀਤਾ ਦੇ ਦੋ ਸ਼ਲੋਕ (4:7–8) ਭਗਵਾਨ ਦਾ ਅਵਤਾਰ ਧਾਰਣ ਕਰਨ ਦਾ ਉਦੇਸ਼ ਦਸਦੇ ਹਨ ਕਿ ਜਦ ਧਰਮ ਦਾ ਨਾਸ ਹੁੰਦਾ ਹੈ, ਅਧਰਮ ਦਾ ਰਾਜ ਕਾਇਮ ਹੁੰਦਾ ਹੈ, ਸੰਤਾਂ ਨੂੰ ਕਸ਼ਟ ਹੁੰਦਾ ਹੈ, ਦੁਸ਼ਟ ਬਲਵਾਨ ਹੋ ਜਾਂਦੇ ਹਨ, ਉਸ ਵੇਲੇ ਮੈਂ (ਭਗਵਾਨ) ਦੁਸ਼ਟਾਂ ਦਾ ਸੰਘਾਰ ਅਤੇ ਧਰਮ ਦੀ ਸਥਾਪਨਾ ਕਰਨ ਲਈ ਜਨਮ ਲੈਂਦਾ ਹਾਂ। ਇਸ ਵਿਚਾਰ ਨੂੰ ‘ਦਸਮ ਗ੍ਰੰਥ’ ਵਿਚ (ਚੌਬੀਸਾਵਤਾਰ ਪ੍ਰਸੰਗ) ਵਿਚ ਇਸ ਤਰ੍ਹਾਂ ਪ੍ਰਗਟਾਇਆ ਹੈ :

ਜਬ ਜਬ ਹੋਤ ਅਰਿਸਟਿ ਅਪਾਰਾ।

ਤਬ ਤਬ ਦੇਹ ਧਰਤ ਅਵਤਾਰਾ।

ਕਾਲ ਸਭਨ ਕਾ ਪੇਖ ਤਮਾਸਾ।

ਅੰਤਹਿ ਕਾਲ ਕਰਤ ਹੈ ਨਾਸਾ।

          ਉਤਪੱਤੀ, ਸਥਿਤੀ ਅਤੇ ਲਯ (ਵਿਨਾਸ਼) ਸ੍ਰਿਸ਼ਟੀ ਦੀਆਂ ਮੂਲ ਸੱਚਾਈਆਂ ਹਨ। ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਪੁਰਾਣ ਇਨ੍ਹਾਂ ਤਿੰਨਾਂ ਦੇ ਪ੍ਰਤਿਨਿਧੀ ਦਰਸਾਉਂਦੇ ਹਨ। ਵਿਸ਼ਨੂੰ ਨੂੰ ਸ੍ਰਿਸ਼ਟੀ–ਪਾਲਣ ਦੇ ਪ੍ਰਤੀਕ ਹੋਣ ਦੇ ਨਾਤੇ ਸਭ ਤੋਂ ਵੱਧ ਲੋਕ–ਪ੍ਰਿਯ ਮੰਨਿਆ ਗਿਆ ਹੈ ਅਤੇ ਇਸ ਦੇ ਅਵਤਾਰਾਂ ਦੀ ਹੀ ਸਭ ਤੋਂ ਵੱਧ ਕਲਪਨਾ ਕੀਤੀ ਗਈ ਹੈ। ਮੱਛ, ਕੱਛ, ਵਰਾਹ, ਨਰਸਿੰਘ, ਵਾਮਨ, ਪਰਮ ਰਮ, ਰਾਮ ਚੰਦਰ, ਕ੍ਰਿਸ਼ਨ, ਬੁੱਧ, ਕਲਕੀ, ਮੋਹਿਨੀ, ਬਲਰਾਮ, ਨਾਰਦ, ਰਿਸ਼ਭ ਦੇਵ, ਕਪਿਲ, ਵਯਾਸ, ਹੰਸ, ਪ੍ਰਿਥੁ, ਦੱਤਾਤ੍ਰਯ, ਨਰ, ਨਾਰਾਇਣ, ਹਯਗ੍ਰੀਵ, ਧੰਨਤਰਿ ਅਤੇ ਵੈਵਸ੍ਵਤਮਨੁ ਚੌਵੀ ਅਵਤਾਰਾਂ ਵਿਚੋਂ ਪਹਿਲੇ ਦਸ ਅਵਤਾਰ ਵਿਸ਼ਨੂੰ ਦੇ ਮੰਨੇ ਜਾਂਦੇ ਹਨ। ਇਨ੍ਹਾਂ ਨੂੰ ਲੀਲ੍ਹਾ ਅਵਤਾਰ ਕਿਹਾ ਜਾਂਦਾ ਹੈ। ਭਾਗਵਤ ਪੁਰਾਣ ਵਿਚ ਕਾਲ, ਸੁਭਾ, ਕਾਰਜਕਰਣ, ਮਨ, ਪੰਜਭੂਤ, ਅਹੰਕਾਰ, ਰਜ, ਤਮ, ਸਤ–ਤ੍ਰਿਗੁਣ, ਇੰਦਰੀਆਂ, ਬ੍ਰਹਮਾਯੂਸਰੀਰ,

ਸਥਾਵਰ ਅਤੇ ਜੰਗਮ ਜੀਵ ਨੂੰ ਸੱਤਵਾਂ ਅਵਤਾਰ ਆਖਦੇ ਹਨ। ਅਵਤਾਰ ਦੇ ਸਿਧਾਂਤ ਸਵੀਕਾਰਨ ਵਾਲੇ ਮੱਤ ਨੂੰ ਅਵਤਾਰਵਾਦ ਕਿਹਾ ਜਾਂਦਾ ਹੈ।

          ਨਿਰਗੁਣ ਸੰਤ ਕਵੀਆਂ ਨੇ ਸਗੁਣ ਉਪਾਸਕ ਕਵੀਆਂ ਦੇ ਵਿਰੁੱਧ ਅਵਤਾਰਾਂ ਨੂੰ ਭਗਵਾਨ ਦਾ ਰੂਪ ਮੰਨਣ ਤੋਂ ਇਨਕਾਰ ਕੀਤਾ ਹੈ। ਸਗੁਣ ਉਪਾਸਕਾਂ ਲਈ ਈਸ਼ਵਰ ਅਵਤਾਰ ਸਥੂਲ ਪ੍ਰਤੀਕ ਹੈ। ਨਿਰਗੁਣੀਆਂ ਨੇ ਆਪਣੀ ਅਧਿਆਤਮਿਕ ਅਨੁਭੂਤੀ ਨੂੰ ਲੋਕਾਂ ਲਈ ਸਪਸ਼ਟ ਬਣਾਉਣ ਦੇ ਵਿਚਾਰ ਨਾਲ ਰਾਮ, ਕ੍ਰਿਸ਼ਨ ਆਦਿ ਅਵਤਾਰਾਂ ਦੇ ਪ੍ਰਤੀਕਾਂ ਦੇ ਮਾਧਿਅਮ ਰਾਹੀਂ ਵਿਅਕਤ ਕੀਤਾ ਹੈ। ਗੁਰਮਤਿ ਅਨੁਸਾਰ ਸੰਸਾਰ ਦੇ ਸੁਧਾਰ ਅਤੇ ਉਪਕਾਰ ਲਈ ਸਮੇਂ ਸਮੇਂ ਤੇ ਜਿਨ੍ਹਾਂ ਮਹਾ ਪੁਰਸ਼ਾਂ ਨੇ ਯਤਨ ਕੀਤਾ ਹੈ ਉਹ ਸਤਿਕਾਰ ਦੇ ਯੋਗ ਹਨ, ਪਰ ਉਨ੍ਹਾਂ ਨੂੰ ਪਰਮਾਤਮਾ ਤੁਲ ਜਾਣ ਕੇ ਉਪਾਸੑਯ ਮੰਨਣਾ ਅਨੁਚਿਤ ਹੈ। ਅਜਿਹਾ ਅਵਤਾਰ ਪਰਮੇਸ਼ਰ ਦਾ ਰੂਪ ਨਹੀਂ ਹੋ ਸਕਦਾ : ‘ਅਵਤਾਰ ਨਾ ਜਾਨਹਿ

ਅੰਤ। ਪਰਮੇਸੁਰ ਪਾਰਬ੍ਰਹਮ ਬੇਅੰਤੂ’ (ਰਾਮਕਲੀ ਮ.ਪ)। ਇਹ ਅਵਤਾਰ ਪਰਮਾਤਮਾ ਦੇ ਹੁਕਮ ਅਧੀਨ ਹੁੰਦੇ ਹਨ : ‘ਹੁਕਮਿ ਉਪਾਏ ਦਸ ਅਉਤਾਰਾ। ਦੇਵ ਦਾਨਵ ਅਗਣਤ ਅਪਾਰਾ।’ (ਮਾਰੂ ਸੋਲਹੇ ਮ. ੧)। ਭਾਈ ਬਾਲੇ ਵਾਲੀ ਜਨਮਸਾਖੀ ਵਿਚ ਬੜੇ ਸੁੰਦਰ ਸ਼ਬਦਾਂ ਵਿਚ ਇਹ ਵਿਆਖਿਆ ਕੀਤੀ ਮਿਲਦੀ ਹੈ: “ਬ੍ਰਹਮਾ, ਬਿਸ਼ਨੁ, ਮਹੇਸ਼, ਉਹ ਭੀ ਅੰਤ ਪਾਇ ਥੱਕੇ ਹੈਨ ਤੇ ਕਿਸੇ ਨੂੰ ਅੰਤ ਨਹੀਂ ਆਇਆ। ਉਹ ਪਰਮੇਸਰ ਆਪਣੀ ਕੁਦਰਤ ਕੋ ਆਪੈ ਹੀ ਜਾਣੇ, ਕਮਲਾ ਸੰਸਾਰ ਅਵਤਾਰਾਂ ਨੂੰ ਪਰਮੇਸਰ ਆਖਦਾ ਹੈ, ਅਤੇ ਉਨ੍ਹਾਂ ਭੀ ਅੰਤ ਨਹੀਂ ਪਾਇਆ।” ‘ਪੰਥ ਪ੍ਰਕਾਸ਼’ (ਅਧਿ. 74) ਵਿਚ ਇਹੀ ਵਿਚਾਰ ਮਿਲਦੇ ਹਨ :

ਪਰਮੇਸ੍ਵਰ ਥਪਿ ਪੂਜਤ ਮਾਨਤ। ਭਜਨ ਬਯਾਨ ਉਨਹੀ ਕਾ ਨਾਨਤ।

                   ਸਿੱਖ ਉਨ੍ਹੇ ਪਰਮੇਸ਼ ਨਾ ਮਾਨੇ। ਪਰਮੇਸ੍ਵਰ ਕੇ ਸੇਵਕ ਜਾਨੇ।     


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਅਵਤਾਰ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਵਤਾਰ :     ਇਸ ਸ਼ਬਦ ਦਾ ਅਰਥ ਹੈ ਉੱਚੇ ਸਥਾਨ ਤੋਂ ਨੀਵੇਂ ਸਥਾਨ ਉਤੇ ਉਤਰਨਾ (ਅਵਤਰਣਮਵਤਾਰ :)। ਪਰ ਇਸ ਦੇ ਸਾਧਾਰਣ ਅਰਥ ਤੋਂ ਹਟ ਕੇ ਇਕ ਵਿਸ਼ੇਸ਼ ਅਰਥ ਵੀ ਹੈ—ਭਗਵਾਨ ਦਾ ਬੈਕੁੰਠ-ਧਾਮ ਤੋਂ ਭੂ-ਲੋਕ ਵਿਚ ਆਪਣੀ ਲੀਲਾ ਦਿਖਾਉਣ ਲਈ ਪ੍ਰਗਟ ਹੋਣਾ। ਸਨਾਤਨੀ ਹਿੰਦੂ ਵਿਚਾਰਧਾਰਾ ਅਨੁਸਾਰ ਈਸ਼ਵਰ ਭਾਵੇਂ ਸਰਵ-ਸ਼ਕਤੀ ਦਾ ਮਾਯਾ ਨਾਲ ਸੰਬੰਧਿਤ ਹੋਣਾ ਅਤੇ ਫਿਰ ਪ੍ਰਗਟ ਹੋਣਾ ਹੀ ਅਵਤਾਰ ਧਾਰਣ ਕਰਨ ਦੀ ਪ੍ਰਕ੍ਰਿਆ ਜਾਂ ਅਵਤਰਣ ਹੈ। ਇਸ ਵਿਚਾਰਧਾਰਾ ‘ਤੇ ਆਧਾਰਿਤ ਸਿੱਧਾਂਤ ਨੂੰ ‘ਅਵਤਾਰਵਾਦ’ ਕਿਹਾ ਜਾਂਦਾ ਹੈ।

          ਇਸ ਵਿਚ ਕੋਈ ਸੰਦੇਹ ਨਹੀਂ ਕਿ ਅਵਤਾਰਾਂ ਸੰਬੰਧੀ ਉੱਲੇਖ ਵੈਦਿਕ ਸਾਹਿੱਤ ਵਿਚ ਮਿਲ ਜਾਂਦਾ ਹੈ,ਪਰ ਲਗਭਗ ਸਾਰੇ ਪੁਰਾਣਾਂ ਵਿਚ ਕੋਈ ਨਾ ਕੋਈ ਅਵਤਾਰ-ਪ੍ਰਸੰਗ ਮਿਲ ਜਾਂਦਾ ਹੈ। ਸ਼ੈਵ-ਮਤ ਦੀ ਭਾਵਨਾ ਵਾਲ ਪੁਰਾਣਾਂ ਵਿਚ ਭਗਵਾਨ ਸ਼ੰਕਰ ਦੇ ਅਨੇਕ ਅਵਤਾਰਾਂ ਦਾ ਬ੍ਰਿੱਤਾਂਤ ਦਿੱਤਾ ਹੋਇਆ ਹੈ। ਇਸੇ ਤਰ੍ਹਾਂ ਵੈਸ਼ਣਵ ਪੁਰਾਣਾਂ ਵਿਚ ਵਿਸ਼ਣੂ ਦੇ ਅਣਗਿਣਤ ਅਵਤਾਰ ਦਸੇ ਗਏ ਹਨ ਅਤੇ ਹੋਰਨਾਂ ਪੁਰਾਣਾਂ ਵਿਚ ਹੋਰ ਦੇਵਤਿਆਂ ਦੇ ਅਵਤਾਰਾ ਦੇ ਆਖਿਆਨਾਂ ਦਾ ਵਰਣਨ ਹੋਇਆ ਹੈ। ਭਵਿਸ਼ ਆਦਿ ਕਈ ਸੌਰ ਪੁਰਾਣ ਹਨ ਜਿਨ੍ਹਾਂ ਵਿਚ ਸੂਰਜ ਦੇਵਤਾ ਦੇ ਅਵਤਾਰ ਗਿਣਾਏ ਜਾਂਦੇ ਹਨ। ਮਾਰਕੰਡੇਯ ਆਦਿ ਸ਼ਾਕਤ ਪੁਰਾਣਾਂ ਵਿਚ ਦੇਵੀ ਦੇ ਅਵਤਾਰਾਂ ਦਾ ਵਰਣਨ ਹੈ। ਕਿਤੇ-ਕਿਤੇ ਗਣਪਤੀ ਦੇ ਸਗੁਣ ਜਾਂ ਅਵਤਾਰੀ ਰੂਪਾਂ ਦੀ ਕਲਪਨਾ ਮਿਲਦੀ ਹੈ। ਪਾਲਕ ਹੋਣ ਕਾਰਣ ਪੁਰਾਣਾਂ ਵਿਚ ਵਿਸ਼ਣੂ ਦੇ ਅਵਤਾਰਾਂ ਦਾ ਵਰਣਨ ਮੁਕਾਬਲਤਨ ਅਧਿਕ ਹੋਇਆ ਹੈ। ਵਿਸ਼ਣੂ ਦੇ ਦਸ ਅਵਤਾਰ ਬਹੁਤ ਪ੍ਰਸਿੱਧ ਹਨ—ਮਤ੍ਰਸ੍ਰਯ, ਕੂਰਮ, ਵਰਾਹ, ਨ੍ਰਿਸਿੰਹ, ਵਾਮਨ, ਪਰਸ਼ੁਰਾਮ, ਰਾਮ,  ਕ੍ਰਿਸ਼ਣ, ਬੁੱਧ ਅਤੇ ਕਲਕੀ। ਇਨ੍ਹਾਂ ਵਿਚੋਂ ਪਹਿਲੇ ਪੰਜ ਕਾਲਪਨਿਕ ਜਾਂ ਮਿਥਿਕ ਹਨ, ਅਗਲੇ ਚਾਰ ਦਾ ਆਧਾਰ ਇਤਿਹਾਸਿਕ ਹੈ ਅਤੇ ਦਸਵਾਂ ਕਲਕੀ ਅਵਤਾਰ ਕਲਿਯੁਗ ਦੇ ਅੰਤ ਵਿਚ ਪ੍ਰਗਟ ਹੋ ਕੇ ਹਿੰਦੂ ਧਰਮ ਦੀ ਪੁਨਰ-ਸਥਾਪਨਾ ਕਰੇਗਾ ਅਤੇ ਵਿਪੱਖੀਆਂ ਦਾ ਨਾਸ਼ ਕਰੇਗਾ। ਇਨ੍ਹਾਂ ਦਸਾਂ ਅਵਤਾਰਾਂ ਵਿਚੋਂ ਰਾਮ ਅਤੇ ਕ੍ਰਿਸ਼ਣ ਦਾ ਅਧਿਕ ਵਰਣਨ ਹੋਇਆ ਹੈ।

          ‘ਭਾਗਵਤ ਪੁਰਾਣ’ (ਸਕੰਧ1/3) ਵਿਚ ਵਿਸ਼ਣੂ ਦੇ ਅਵਤਾਰਾਂ ਦੀ ਗਿਣਤੀ 22 ਲਿਖੀ ਹੈ —ਸਨਕਾਦਿਕ, ਸੂਕਰ(ਵਰਾਹ), ਨਾਰਦ, ਨਰ-ਨਾਰਾਇਣ, ਕਪਿਲ, ਦੱਤਾਤ੍ਰੇਯ, ਸੁਯੱਗ, ਰਿਸ਼ਭਦੇਵ, ਪ੍ਰਿਥੂ, ਮਤ੍ਰਸ੍ਰਯ, ਕੱਛਮ, ਧਨਵੰਤਰੀ, ਮੋਹਿਨੀ, ਨਰਸਿੰਹ, ਵਾਮਨ, ਪਰਸ਼ੁਰਾਮ, ਵਿਆਸ, ਰਾਮ, ਬਲਰਾਮ, ਕ੍ਰਿਸ਼ਣ, ਬੁੱਧ, ਕਲਕੀ। ਪਰ ਇਸ ਪੁਰਾਣ (ਸਕੰਧ 2/7) ਵਿਚ ਇਕ ਥਾਂ ਇਹ ਗਿਣਤੀ ਵਧਾਕੇ 24 ਕਰ ਦਿੱਤੀ ਗਈ ਹੈ। ਉਥੇ ਨਾਰਦ ਅਤੇ ਮੋਹਿਨੀ ਦੋਹਾਂ ਦਾ ਉੱਲੇਖ ਨਹੀਂ ਹੋਇਆ ਅਤੇ ਬਲਰਾਮ ਅਤੇ ਕ੍ਰਿਸ਼ਣ ਨੂੰ ਇਕ ਹੀ ਮੰਨਿਆ ਗਿਆ ਹੈ। ਬਾਕੀ ਦੇ ਪੰਜ ਅਵਤਾਰ ਇਹ ਹਨ— ਮਨੁ, ਹੰਸ, ਹਯਗ੍ਰੀਵ, ਗਜ-ਤ੍ਰਾਸ ਨਿਵਾਰਕ, ਧ੍ਰਹ ਸਹਾਇਕ। ਸਪਸ਼ਟ ਹੈ ਕਿ ਪੁਰਾਣਾਂ ਵਿਚ ਵਿਸ਼ਣੂ ਦੇ ਅਵਤਾਰਾਂ ਦੀ ਕਲਪਨਾ ਸਮਾਨ ਰੂਪ ਵਿਚ ਨਹੀਂ ਹੋਈ, ਫਿਰ ਵੀ 24 ਗਿਣਤੀ ਆਮ ਪ੍ਰਚਲਿਤ ਹੈ। ਅਸਲ ਵਿਚ, ਵਿਸ਼ਣੂ ਦੇ ਅਵਤਾਰਾਂ ਦੀ ਗਿਣਤੀ ਬੇਅੰਤ ਹੈ। ‘ਭਾਗਵਤ ਪੁਰਾਣ’ (ਸਕੰਧ 1/3) ਅਨੁਸਾਰ ਜਿਵੇਂ ਅਗਾਧ ਸਰੋਵਰ ਤੋਂ ਹਜ਼ਾਰਾ ਨਿੱਕੇ-ਨਿੱਕੇ ਨਾਲੇ ਨਿਕਲਦੇ ਹਨ, ਉਸੇ ਤਰ੍ਹਾਂ ਹੀ ਸਤਿਸਰੂਪ ਹਰਿ ਤੋਂ ਅਸੰਖ ਅਵਤਾਰਾਂ ਦਾ ਉਦਭਵ ਹੁੰਦਾ ਹੈ।

          ਵਿਸ਼ਣੂ ਦੇ ਅਵਤਾਰਾਂ ਦਾ ਸਰੂਪ ਅਧਿਕਤਰ ਰੱਖਿਅਕ ਅਤੇ ਪਾਲਕ ਵਾਲਾ ਰਿਹਾ ਹੈ। ਆਮ ਤੌਰ ਤੇ ਵਿਸ਼ਣੂ ਤਦੋਂ ਅਵਤਾਰ ਲੈਂਦਾ ਹੈ,ਜਦੋਂ ਧਰਮ ਦੀ ਹਾਨੀ ਅਤੇ ਅਧਰਮ ਦਾ ਵਾਧਾ ਹੁੰਦਾ ਹੈ। ਭਗਤਾਂ ਦੀ ਸਹਾਇਤਾ ਵਿਸ਼ਣੂ ਦੇ ਅਵਤਾਰਾਂ ਦਾ ਮੁੱਖ ਉੱਦੇਸ਼ ਹੈ। ‘ਭਗਵਦ ਗੀਤਾ’(4/7-8) ਵਿਚ ਇਸੇ ਸਿੱਧਾਂਤ ਦੀ ਸਥਾਪਨਾ ਹੋਈ ਹੈ। ‘ਦਸਮ-ਗ੍ਰੰਥ’ ਵਿਚ ਵੀ ਲਿਖਿਆ ਹੈ—‘ਜਬ ਜਬ ਹੋਤ ਅਰਿਸਟਿ।/ ਤਬ ਤਬ ਦੇਹ ਧਰਤ ਅਵਤਾਰਾ।/ ਕਾਲ ਸਬਨ ਕੋ ਪੇਖ ਤਮਾਸਾ।/ ਅੰਤਹ ਕਾਲ ਕਰਤ ਹੈ ਨਾਸਾ।’ ਇਸ ਗ੍ਰੰਥ ਵਿਚ ਵਰਣਿਤ ਚੌਬੀਸ ਅਵਤਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ—ਮੱਛ, ਕੱਛ, ਨਰ, ਨਾਰਾਇਣ, ਮਹਾਮੋਹਿਨੀ, ਬੈਰਾਹ, ਨਰਸਿੰਘ, ਬਾਵਨ, ਪਰਸਰਾਮ, ਬ੍ਰਹਮਾ, ਹੁਦ੍ਰ, ਜਲੰਧਰ, ਅਦਿੱਤੀ ਪੁੱਤਰ, ਮਧੁ-ਕੈਟਭ ਸੰਘਾਰਕ, ਅਰਹੰਤ ਦੇਵ, ਮਨੂ, ਧਨਵੰਤਰ, ਸੂਰਜ, ਚੰਦ੍ਰ, ਰਾਮ, ਕ੍ਰਿਸ਼ਣ, ਨਰ(ਅਰਜਨ), ਬਊਧ, ਨਿਹਕਲੰਕੀ। ਇਨ੍ਹਾਂ ਅਵਤਾਰਾਂ ਦਾ ਵਰਗੀਕਰਣ ਕਲਾ-ਸ਼ਕਤੀ ਅਨੁਸਾਰ ਪੂਰਣ-ਅਵਤਾਰ ਜਾਂ ਅੰਸ਼ਾਵਤਾਰ ਨਾਵਾਂ ਨਾਲ ਕੀਤਾ ਜਾਂਦਾ ਹੈ। ‘ਦਸਮ-ਗ੍ਰੰਥ’ ਵਿਚ ‘ਉਪਵਤਾਰ’ (ਵੇਖੋ) ਨਾਂ ਅਧੀਨ ਬ੍ਰਹਮਾ ਅਤੇ ਰੁਦ੍ਰ ਦੇ ਆਖਿਆਨ ਦਰਜ ਹਨ।

        ਵਿਸ਼ਣੂ ਵਾਂਗ ਸ਼ਿਵ ਦੇ ਅਨੁਯਾਈਆਂ ਨੇ ਵੀ ਅਨੇਕ ਅਵਤਾਰਾਂ ਦਿ ਕਲਪਨਾ  ਕੀਤੀ ਹੈ। ਇਨ੍ਹਾਂ ਦਾ ਉੱਲੇਖ ਸ਼ਿਵ, ਲਿੰਗ, ਵਾਯੂ ਆਦਿ ਪੁਰਾਣਾਂ ਵਿਚ ਮਿਲਦਾ ਹੈ। ‘ਸ਼ਿਵ ਪੁਰਾਣ’ (ਸਤਰੁਦ੍ਰ ਸੰਹਿਤਾ/ਅ. 17) ਵਿਚ ਵਿਸ਼ਣੂ ਵਾਂਗ ਦੇ ਵੀ ਦਸ ਅਵਤਾਰ ਮੰਨੇ ਗਏ ਹਨ। ਹਰ ਇਕ ਅਵਤਾਰ ਦੀ ਆਪਣੀ ਸ਼ਕਤੀ ਵੀ ਹੈ। ਇਨ੍ਹਾਂ ਵਿਚੋਂ ਮਹਾਕਾਲ ਪ੍ਰਮੁਖ ਅਤੇ ਪਿਹਲਾ ਹੈ ਅਤੇ ਇਸ ਦੀ ਸ਼ਕਤੀ ਦਾ ਨਾਂ ਮਹਾਕਾਲੀ ਹੈ। ਸ਼ਿਵ ਅਧਿਕਤਰ ਭਿਆਨਕ ਅਤੇ ਉਗ੍ਰ ਹੈ। ਇਸ ਦੇ ਅਵਤਾਰ ਵਿਸ਼ਣੂ ਦੇ ਅਵਤਾਰਾਂ ਜਿਤਨੀ ਪ੍ਰਸਿੱਧੀ ਹਾਸਲ ਨਹੀਂ ਕਰ ਸਕੇ। ਇਸੇ ਤਰ੍ਹਾਂ ਗਣਪਤੀ, ਸੂਰਜ, ਬ੍ਰਹਮਾ ਅਤੇ ਸ਼ਕਤੀ ਦੀਆਂ ਅਵਤਾਰ-ਕਲਪਨਾਵਾਂ ਬਹੁਤੀ ਮਾਨਤਾ ਪ੍ਰਾਪਤ ਨਹੀਂ ਕਰ ਸਕੀਆਂ। ਮੱਧਕਾਲ ਤਕ ਬੁੱਧ ਅਤੇ ਜੈਨ-ਮਤ ਵਿਚ ਵੀ ਅਵਤਾਰਵਾਦੀ ਬਿਰਤੀ ਦਾ ਵਿਕਾਸ ਹੋ ਗਿਆ ਪ੍ਰਤੀਤ ਹੁੰਦਾ ਹੈ। ਅਸਲ ਵਿਚ, ਇਹ ਅਵਤਾਰਵਾਦੀ ਬਿਰਤੀ ਇਤਨੀ ਪ੍ਰਬਲ ਅਤੇ ਲੋਕ ਮਾਨਸਿਕਤਾ ਦੇ ਅਨੁਕੂਲ ਹੈ ਕਿ ਇਸ ਸਿੱਧਾਂਤ ਵਿਚ ਵਿਸ਼ਵਾਸ ਨਾ ਰੱਖਣ ਵਾਲੇ ਵੀ ਇਸ ਦੇ ਪ੍ਰਭਾਵ ਤੋਂ ਮੁਕਤਾ ਨਹੀਂ ਹੋ ਸਕੇ।

        ਨਿਰਗੁਣਵਾਦੀ ਧਰਮ ਸਾਧਕਾਂ ਨੇ ਅਵਤਾਰਾਂ ਨੂੰ ਉਸ ਕਿਸਮ ਦੀ ਮਾਨਤਾ ਨਹੀਂ ਦਿੱਤੀ ਜਿਹੋ ਜਿਹੀ ਸਗੁਣ ਉਪਾਸਕਾਂ ਨੇ ਦਿੱਤੀ ਹੈ, ਜਿਨ੍ਹਾਂ ਲਈ ਅਵਤਾਰ ਈਸ਼ਵਰ ਦੇ ਸਥੂਲ ਪ੍ਰਤੀਕ ਹਨ ਅਤੇ ਉਨ੍ਹਾਂ ਦੀ ਮੂਰਤੀ-ਪੂਜਾ ਆਵੱਸ਼ਕ ਹੈ। ਨਿਰਗੁਣਵਾਦੀ ਸਾਹਿੱਤ ਵਿਚ ਅਵਤਾਰਾਂ ਦੇ ਗੁਣ-ਮਹਾਤਮ ਦਾ ਉੱਲੇਖ ਤਾਂ ਹੋਇਆ ਹੈ, (ਜਿਵੇਂ ‘ਹਰਿ ਜੁਗੁ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੈ।/ ਰਹਨਾਖਸੁ ਦੁਸਟੂ ਹਰਿ ਮਾਰਿਆ ਪ੍ਰਹਲਾਦ ਤਰਾਇਆ’ ਅ.ਗ੍ਰੰ. 451)। ਗੁਰਬਾਣੀ ਅਨੁਸਾਰ ‘ਦਸ ਅਵਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ।/ਤਿੰਨ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ’(ਅ.ਗ੍ਰੰ. 747)। ਸਪੱਸ਼ਟ ਹੈ ਕਿ ਗੁਰਬਾਣੀ ਵਿਚ ਅਵਤਾਰਵਾਦ ਦਾ ਖੰਡਨ ਅਤੇ ਮੂਰਤੀ ਪੂਜਾ ਦਾ ਨਿਖੇਧ ਹੋਇਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-05, ਹਵਾਲੇ/ਟਿੱਪਣੀਆਂ: no

ਅਵਤਾਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਵਤਾਰ : ਇਸ ਸ਼ਬਦ ਦੀ ਵਰਤੋਂ ਪੀਰ ਪੈਗ਼ੰਬਰਾਂ ਦੇ ਸੰਸਾਰ ਵਿਚ ਆਗਮਨ ਲਈ ਕੀਤੀ ਜਾਂਦੀ ਹੈ। 'ਅਵਤਾਰ' ਸ਼ਬਦ ਦੇ ਅਰਥ 'ਨਵਾਂ' ਜਨਮ ਅਤੇ 'ਅਸੰਭਾਵਿਤ ਪ੍ਰਗਟਾ' ਹੈ। ਆਮ ਤੌਰ ਤੇ ਭਗਵਾਨ ਵਿਸ਼ਨੂੰ ਵੱਲੋਂ ਭਲੇ ਵਿਅਕਤੀਆਂ ਦੀ ਰੱਖਿਆ ਅਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਮਨੁੱਖ ਦੇ ਰੂਪ ਵਿਚ ਜਨਮ ਲੈਣ ਨੂੰ ਹੀ 'ਅਵਤਾਰ ਧਾਰਨਾ' ਕਿਹਾ ਜਾਂਦਾ ਹੈ। 'ਭਾਗਵਤ ਪੁਰਾਣ' (1/3/26) ਵਿਚ ਦੱਸਿਆ ਗਿਆ ਹੈ ਕਿ ਜਿਵੇਂ ਪਾਣੀ ਦੇ ਭਰੇ ਇਕ ਕੁੰਡ ਵਿਚੋਂ ਛੋਟੀਆਂ-ਵੱਡੀਆਂ ਅਨੇਕ ਧਾਰਾਵਾਂ ਵਗ ਪੈਂਦੀਆਂ ਹਨ, ਉਸੇ ਤਰ੍ਹਾਂ ਸਰਵ-ਸ਼ਕਤੀਵਾਨ ਪਰਮੇਸ਼ਰ ਵੀ ਬਹੁਤ ਸਾਰੇ ਅਵਤਾਰ ਧਾਰਨ ਕਰਦਾ ਹੈ। 'ਅਵਤਾਰ' ਦੇ ਵੀ ਅਨੇਕ ਰੂਪ ਦੱਸੇ ਗਏ ਹਨ ਜਿਵੇਂ ਗੁਣ-ਅਵਤਾਰ,       ਕਲਪ-ਅਵਤਾਰ,      ਯੁਗ-ਅਵਤਾਰ,         ਪੂਰਣ-ਅਵਤਾਰ,       ਅੰਸ਼-ਅਵਤਾਰ,        ਕਲਾ-ਅਵਤਾਰ,       ਆਵੇਸ਼-ਅਵਤਾਰ ਅਤੇ ਪੁਰਸ਼-ਅਵਤਾਰ।

        ਸਨਾਤਨ ਧਰਮੀ ਵਿਚਾਰਧਾਰਾ ਨੇ ਸਮੂਹ-ਮਾਰਗੀ ਅਤੇ ਨਿਰਾਕਾਰੀ ਮਤਾਂ ਨੂੰ ਮਿਲਵੇਂ ਰੂਪ ਵਿਚ ਪੇਸ਼ ਕਰਨ ਦਾ ਉਪਰਾਲਾ ਕੀਤਾ। ਭਾਰਤ ਵਰਗੇ ਵੱਡੇ ਦੇਸ਼ ਵਿਚ ਅਨੇਕ ਸੰਪ੍ਰਦਾਵਾਂ ਅਤੇ ਮਤਾਂ ਨੇ ਜਨਮ ਲਿਆ ਅਤੇ ਹਰੇਕ ਸੰਪ੍ਰਦਾਇ ਨੇ ਆਪਣੇ ਖੇਤਰ-ਵਿਸ਼ੇਸ਼ ਦੇ ਮਹਾਪੁਰਖ ਨੂੰ ਮਾਨਤਾ ਪ੍ਰਦਾਨ ਕੀਤੀ ਪਰ ਕਈ ਵਾਰੀ ਆਵਾਜਾਈ ਦੇ ਸਾਧਾਨਾਂ ਅਤੇ ਛਪਾਈ ਦੀਆਂ ਸੁਵਿਧਾਵਾਂ ਦੀ ਕਮੀ ਕਾਰਨ ਪੌਰਾਣਿਕ ਅਤੇ ਸੰਪ੍ਰਦਾਇ-ਵਿਸ਼ੇਸ਼  ਦੇ ਧਾਰਮਿਕ ਗ੍ਰੰਥਾਂ ਦਾ ਬਹੁਤਾ ਪ੍ਰਚਾਰ ਨਾ ਹੋ ਸਕਿਆ। ਇਹੋ ਕਾਰਨ ਹੈ ਕਿ ਸ੍ਰਿਸ਼ਟੀ ਦੇ ਪਾਲਣਹਾਰ ਭਗਵਾਨ ਵਿਸ਼ਨੂੰ ਦੇ ਚੌਵੀ ਅਵਤਾਰਾਂ ਦੀ ਨਾਮਾਵਲੀ ਪੁਰਾਣਾਂ ਵਿਚ ਇਕ ਸਾਰ ਨਹੀਂ ਮਿਲਦੀ। ਪੁਰਾਣਾਂ ਵਿਚ ਵਧੇਰੇ ਕਰਕੇ ਇਹ ਚੌਵੀ ਅਵਤਾਰ ਮੰਨੇ ਗਏ ਹਨ :–

        ਸਨਕ-ਸਨੰਦਨ, ਵਰਾਹ, ਨਾਰਦ, ਨਰ-ਨਰਾਯਣ, ਕਪਿਲ ਮੁਨੀ, ਦਤਾਤ੍ਰੇਯ, ਯਜੁ, ਆਦਿ ਰਾਜ ਪ੍ਰਿਥੁ, ਮੱਛ (ਮਾਤਸਯ) ਕੱਛ (ਕੁਰਮ) ਧੰਨਵੰਤਰਿ, ਮੋਹਿਨੀ, ਨਰ ਸਿੰਘ, ਵਾਮਨ, ਹਯਗ੍ਰਵਿ, ਰਿਸ਼ਭਦੇਵ, ਹਰਿ, ਪਰਸ਼ੂ ਰਾਮ, ਵਿਆਸ, ਹੰਸ, ਰਾਮ, ਕ੍ਰਿਸ਼ਣ, ਬੁੱਧ ਕਲਕੀ।

        ਕੁਝ ਪੁਰਾਣਾਂ, ਵਿਚ ਸਨਕ-ਸਨੰਦਨ, ਨਰ ਸਿੰਘ ਅਤੇ ਯਜੁ ਦੀ ਥਾਂ ਤੇ 'ਬਲਰਾਮ' ਅਤੇ 'ਵੈਵਸ਼ਤ-ਮਨੁ' ਨੂੰ ਥਾਂ ਦੇ ਦਿੱਤੀ ਗਈ ਹੈ। ਅਜਿਹੀ ਖੁੱਲ੍ਹ ਕਾਰਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਕ੍ਰਿਤ 'ਦਸਮ ਗ੍ਰੰਥ' ਵਿਚ ਇਨ੍ਹਾਂ ਚੌਵੀ ਨਾਵਾਂ ਵਿਚ ਕਾਫ਼ੀ ਅਦਲਾ ਬਦਲੀ ਨਜ਼ਰ ਆਉਂਦੀ ਹੈ। 'ਦਸਮ ਗ੍ਰੰਥ' ਵਿਚ ਅਵਤਾਰਾਂ ਦੀ ਨਾਮਾਵਲੀ ਦਾ ਕ੍ਰਮ ਇਸ ਪ੍ਰਕਾਰ ਹੈ : ਮੀਨ, ਮੱਛ, ਕੱਛ, ਨਰ-ਨਰਾਇਣ, ਮਹਾ ਮੋਹਨੀ, ਬੈਰਾਹ (ਵਰਾਹ), ਨਰ ਸਿੰਘ, ਬਾਵਨ, ਪਰਸ ਰਾਮ, ਬ੍ਰਹਮਾ, ਰੁਦ੍ਰ, ਜਲੰਧਰ, ਬਿਸਨ  (ਵਿਸ਼ਨੂ) , ਕਾਲ ਪੁਰਖ, ਅਰਹੰਤ ਦੇਵ, ਮਨੁ ਰਾਜ, ਧਨੰਤ੍ਰ (ਧੰਨਵੰਤਰਿ) ਸੂਰਜ, ਚੰਦ੍ਰ, ਰਾਮ, ਕ੍ਰਿਸ਼ਨ, ਅਰਜਨ, ਬੌਧ (ਬੁੱਧ) ਅਤੇ ਨਿਹਕਲੰਕੀ (ਕਲਿਕ) । 'ਦਸਮ ਗ੍ਰੰਥ ਵਿਚ ਖ਼ੁਦ ਬਿਸਨ (ਵਿਸ਼ਨੂੰ) ਨੂੰ ਵੀ ਅਵਤਾਰਾਂ ਵਿਚੋਂ ਇਕ ਮੰਨਿਆ ਗਿਆ ਹੈ। ਉਸੇ ਆਧਾਰ ਤੇ ਬ੍ਰਹਮਾ ਅਤੇ ਰੁਦ੍ਰ ਨੂੰ ਵੀ ਉਸੇ ਸੂਚੀ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ। 'ਅਰਹੰਤ ਦੇਵ' ਨੂੰ ਇਸੇ ਸੂਚੀ ਵਿਚ ਜੋੜ ਕੇ ਜੈਨ ਧਰਮ ਦੇ ਪ੍ਰਤਿਨਿਧੀ ਦੀ ਥੁੜ ਪੂਰੀ ਕੀਤੀ ਗਈ ਹੈ 'ਕਾਲ ਪੁਰਖ' ਵੀ ਚੌਵੀਆਂ ਵਿਚੋਂ ਇਕ ਅਵਤਾਰ ਹੈ। ਇਸ ਤੋਂ ਇਹ ਜਾਪਦਾ ਹੈ ਕਿ ਦਸਮ ਪਤਸ਼ਾਹ ਇਸ ਸੰਕਲਪ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਸਮੂਹ ਸ੍ਰਿਸ਼ਟੀ ਦਾ ਸਿਰਜਣਹਾਰ ਕੇਵਲ 'ਅਕਾਲ ਪੁਰਖ' ਹੈ ਜੋ ਅਜਰ ਅਮਰ ਹੈ ਅਤੇ ਸਰਵ-ਵਿਆਪੀ ਹੈ। ਹੋਰ ਸਾਰੇ ਦੇਵਤਾ (ਬ੍ਰਹਮਾ, ਵਿਸ਼ਨੂੰ, ਰੁਦ੍ਰ ਅਤੇ ਹੋਰ ਅਵਤਾਰ ਵਾਮਨ, ਰਾਮ, ਕ੍ਰਿਸ਼ਨ) ਜੀਵ ਜੰਤੂ (ਮੱਛ, ਕੱਛ ਰੂਪੀ ਅਵਤਾਰ) ਨਰ-ਨਾਰਾਯਣ (ਮਨੁੱਖ ਅਤੇ ਮਹਾਪੁਰਖ) ਉਸ ਅਕਾਲ ਪੁਰਖ ਦੀ ਹੀ ਰਚਨਾ ਹਨ। ਇਸ ਮੰਤਵ ਦੀ ਪ੍ਰੋੜ੍ਹਤਾ ਕਰਨ ਵਾਸਤੇ 'ਦਸਮ ਗ੍ਰੰਥ' ਵਿਚ ਅਵਤਾਰਾਂ ਦੀ ਸੂਚੀ ਕੇਵਲ ਵਿਸ਼ਨੂੰ ਦੇ ਅਨੇਕ ਜਨਮਾਂ (ਅਵਤਾਰਾਂ) ਤਕ ਹੀ ਸੀਮਿਤ ਨਹੀਂ ਰਖੀ ਗਈ ਸਗੋਂ ਉਸ ਵਿਚ ਬ੍ਰਹਮਾ ਅਤੇ ਰੁਦ੍ਰ (ਸ਼ਿਵ) ਦੇ ਅਵਤਾਰਾਂ ਦੀ ਗਿਣਤੀ ਵੀ ਕੀਤੀ ਗਈ ਹੈ। ਇਹ ਨਾਂ ਇਸ ਪ੍ਰਕਾਰ ਹਨ :

        (1) ਬ੍ਰਹਮਾ ਦੇ ਸੱਤ ਅਵਤਾਰ : ਬਾਲਮੀਕ, ਕੱਸ਼ਪ, ਸ਼ੁਕ੍ਰ, ਬਚੇਸ, ਬਿਆਸ, ਸ਼ਡ ਰਿਸ਼ੀ (ਛੇ ਰਿਸ਼ੀ). ਕਾਲਦਾਸ (ਕਾਲੀਦਾਸ)

        (2) ਰੁਦ੍ਰ ਅਵਤਾਰ-ਦੱਤਾਤ੍ਰੇਯ, ਪਾਰਸ ਨਾਥ।

        ਆਮ ਤੌਰ ਤੇ ਦੱਤਾਤ੍ਰੇਯ ਦਾ ਨਾਂ ਵਿਸ਼ਨੂੰ ਦੇ ਅਵਤਾਰਾਂ ਵਿਚ ਰਖਿਆ ਜਾਂਦਾ ਹੈ ਪਰ 'ਦਸਮ ਗ੍ਰੰਥ ਵਿਚ ਉਸ ਨੂੰ ਰੁਦ੍ਰ (ਸ਼ਿਵ) ਦਾ ਅਵਤਾਰ ਦੱਸਿਆ ਗਿਆ ਹੈ। 'ਪਾਰਸ ਨਾਥ' ਜੈਨ ਧਰਮ ਤੇ ਤੀਰਥੰਕਰ (ਅਵਤਾਰ) 'ਪਾਰਸ੍ਵ ਨਾਥ' ਹੀ ਹਨ।

        ਮਹਾਪੁਰਖਾਂ ਦੀ ਚਮਤਕਾਰ-ਪੂਰਣ ਲੀਲਾ ਕਾਰਨ ਸਿੱਖ ਗੁਰੂਆਂ ਨੂੰ ਵੀ ਕਈ ਕਾਵਿ-ਗ੍ਰੰਥਾਂ ਵਿਚ ਦਸ ਅਵਤਾਰਾਂ ਵਾਂਗ ਦਰਸਾਇਆ ਗਿਆ ਹੈ। ਪ੍ਰੋ. ਪੂਰਨ ਸਿੰਘ ਨੇ ਤਾਂ ਸ਼ਬਦ-ਬ੍ਰਹਮ ਦਾ ਗਿਆਨ ਪ੍ਰਦਾਨ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ 'ਸ਼ਬਦ-ਅਵਤਾਰ' ਕਿਹਾ ਹੈ।

        ਬਹੁਤੇ ਸਾਰੇ ਪੌਰਾਣਿਕ ਗ੍ਰੰਥਾਂ ਵਿਚ ਵਿਸ਼ਨੂੰ ਦੇ ਅਵਤਾਰਾਂ ਦੇ ਨਾਵਾਂ ਦੀ ਇਕਸਾਰਤਾ ਨੂੰ ਧਿਆਨ ਵਿਚ ਰਖ ਕੇ ਹੁਣ ਆਮ ਤੌਰ ਤੇ ਦਸ ਅਵਤਾਰਾਂ ਦੇ ਨਾਂ ਹੀ ਲੋਕਾਂ ਨੂੰ ਯਾਦ ਰਹਿੰਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਨੇ ਭਾਰਤੀ ਦ੍ਰਿਸ਼ਟੀ ਤੋਂ ਕਾਲ ਵੰਡ ਨੂੰ ਧਿਆਨ ਵਿਚ ਰਖ ਕੇ ਚਹੁੰ ਯੁਗਾਂ ਦੇ ਆਧਾਰ ਦੇ ਦਸ ਅਵਤਾਰਾਂ ਦੀ ਕਾਲ ਵੰਡ ਇਸ ਪ੍ਰਕਾਰ ਕੀਤੀ ਹੈ ––

        (I) ਸਤਯੁਗ– ਮੱਛ, ਕੱਛ, ਵਰਾਹ, ਨਰਸਿੰਘ ਅਤੇ ਵਾਮਨ।

        (II) ਤ੍ਰੇਤਾ–ਯੁਗ–ਪਰਸ ਰਾਮ ਅਤੇ ਰਾਮ ਚੰਦਰ ।

        (III) ਦੁਆਪਰ ਯੁਗ-ਕ੍ਰਿਸ਼ਨ ।

        (IV) ਕਲਯੁਗ-ਬੁੱਧ ਅਤੇ ਕਲਕਿ (ਕਲਕੀ)।

        ਹਿੰਦੀ ਵਿਸ਼ਵਕੋਸ਼ ਵਿਚ ਇਕ ਦੋ ਨਾਵਾਂ ਦੀ ਤਬਦੀਲੀ ਨਾਲ ਦਸ ਅਵਤਾਰਾਂ ਦੀ ਵੰਡ ਇਸ ਪ੍ਰਕਾਰ ਦਿੱਤੀ ਗਈ ਹੈ  :

        (II) ਪਾਣੀ ਵਾਲੇ ਜੀਵ ਮੱਛ, ਕੱਛ।

        (II) ਪਾਣੀ ਅਤੇ ਪ੍ਰਿਥਵੀ ਉੱਤੇ ਟੁਰਨ ਵਾਲੇ ਜੀਵ-ਵਰਾਹ ਅਤੇ ਨ੍ਰਿਸਿੰਘ (ਨਰਸਿੰਘ)।

        (III) ਜਿਨ੍ਹਾਂ ਦੇ ਨਾਵਾਂ ਨਾਲ 'ਰਾਮ' ਜੁੜਿਆ ਹੋਇਆ ਹੈ-ਪਰਸ ਰਾਮ, (ਦਸਰਥ ਪੁੱਤਰ) ਰਾਮ ਅਤੇ ਬਲਰਾਮ।

        (IV) ਸਕ੍ਰਿਪ  : (ਕ੍ਰਿਪਾਲੂ)-ਬੁੱਧ।

        (V) ਅਕ੍ਰਿਪ : (ਕਠੋਰ ਦਿਲ)-ਕਲਕਿ।

        (VI) ਖਰਵ (ਬੌਣਾ)-ਵਾਮਨ।

        ਇਸ ਸੂਚੀ ਵਿਚ 'ਭਗਵਾਨ ਕ੍ਰਿਸ਼ਨ' ਦਾ ਨਾਂ ਨਹੀਂ ਹੈ ਸਗੋਂ ਉਨ੍ਹਾਂ ਦੇ ਵੱਡੇ ਭਰਾ 'ਬਲਰਾਮ' ਨੂੰ ਥਾਂ ਦਿੱਤੀ ਗਈ ਹੈ। ਇਹ ਤਬਦੀਲੀ ਭਾਗਵਤ-ਪੁਰਾਣ ਦੇ ਆਧਾਰ ਤੇ ਕੀਤੀ ਗਈ ਜਾਪਦੀ ਹੈ। ਉਥੇ ਇਹ ਗਲ ਕਹੀ ਗਈ ਹੈ ' ' ਕ੍ਰਿਸ਼ਨ ਤਾਂ ਖ਼ੁਦ ਭਗਵਾਨ ਹਨ। ਉਹ 'ਅਵਤਾਰ' ਨਹੀਂ 'ਅਜਨਮਾ' ਹਨ, 'ਅਵਤਾਰੀ' (ਅਵਤਾਰਾਂ ਦਾ ਮੂਲ ਸੋਮਾ) ਹਨ ; ਉਹ 'ਅੰਸ਼ਾ' ਨਹੀਂ ' ਅੰਸ਼ੀ' (ਮੁੱਖ ਸੋਮਾ) ਹਨ। ' '

        ਇਸੇ ਤਰ੍ਹਾਂ ਮਹਾਭਾਰਤ ਵਿਚ ਦਸ ਅਵਤਾਰਾਂ ਵਿਚ ਬੁੱਧ ਨੂੰ ਛੱਡ ਦਿਤਾ ਗਿਆ ਹੈ ਅਤੇ ਉਸ ਦੀ ਥਾਂ ਤੇ 'ਹੰਸ' ਦਾ ਨਾਂ ਜੋੜ ਦਿੱਤਾ ਗਿਆ ਹੈ। 'ਪਾਂਚ ਰਾਤ੍ਰ ਮਤ' ਵਿਚ ਤਾਂ ਅਵਤਾਰਾਂ ਦੀ ਵੰਡ ਇਕ ਵੱਖਰੀ ਤਰ੍ਹਾਂ ਚਾਰ ਕਿਸਮਾਂ ਵਿਚ ਕੀਤੀ ਗਈ ਹੈ, ਜਿਵੇਂ : ਵਯੂਹ (ਸੰਕਰਸ਼ਣ, ਪ੍ਰਦਯੁਮਨ, ਅਨਿਰੁਧ), ਵਿਭਵ, ਅੰਤਰਯਾਮੀ ਅਤੇ ਆਰਯਾਵਤਾਰ। ਇੰਜ ਜਾਪਦਾ ਹੈ ਕਿ ਹਿੰਦੂਆਂ ਦੇ ਵੈਸ਼ਣਵ ਸੰਪ੍ਰਦਾਇ ਦੇ ਚੌਵੀ ਅਵਤਾਰਾਂ ਵਾਂਗ ਹੀ ਜੈਨ ਮਤ ਵਿਚ ਚੌਵੀ ਤੀਰਥੰਕਰਾਂ (ਅਵਤਾਰਾਂ) ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਤੀਰਥੰਕਰਾਂ ਦੇ ਨਾਂ ਹਨ–

        (I) ਸ੍ਰਿਸ਼ਟੀ ਦੇ ਪਹਿਲੇ ਅੱਧ ਚੱਕਰ (ਉਤਸਰ ਪਿਣੀ : Half Cycle) ਦੇ 24 ਤੀਰਥੰਕਰ ਕੇਵਲ ਗਿਆਨੀ, ਨਿਰਵਾਣੀ, ਸਾਗਰ, ਮਹਾਸ਼ਯ, ਵਿਮਲ ਨਾਥ, ਸਰਵ-ਅਨੁਭੂਤਿ, ਸ਼੍ਰੀਧਰ, ਦੱਤ, ਦਾਮੋਦਰ, ਸੁਤੇਜ, ਸਾਮੀ, ਮੁਨਿ-ਸੁਫ਼ਤ, ਸੁਮਤਿ, ਸ਼ਿਵ-ਗੀਤ, ਸ਼ਿਵਕਰ, ਸਯੰਦਨ ਅਤੇ ਸੰਪ੍ਰਤਿ।

(II) ਸ੍ਰਿਸ਼ਟੀ ਦੇ ਵਰਤਮਾਨ (ਅੱਧ ਚੱਕਰ) ਦੇ 24 ਤੀਰਥੰਕਰ-ਰਿਸ਼ਭਦੇਵ, ਅਜਿਤ ਨਾਥ, ਸੰਭਵ ਨਾਥ, ਸੁਭਵ ਨਾਥ, ਅਭਿਨੰਦਨ, ਸੁਮਤਿ ਨਾਥ, ਪਦਮ ਪ੍ਰਭ, ਸੁਪਾਰਸ੍ਵਨਾਥ, ਚੰਦ੍ਰ ਪ੍ਰਭ, ਸੁਬੁਧਿ ਨਾਥ, ਸ਼ੀਤਲ ਨਾਥ, ਸ਼ਾਂਤਿ ਨਾਥ, ਕੁੰਤੁ ਨਾਥ, ਅਮਰ ਨਾਥ ਮੱਲੀ ਨਾਥ, ਮੁਨਿ ਸੁਵ੍ਰਤ, ਨੇਮੀ ਨਾਥ, ਪਾਰਸ ਨਾਥ, ਮਹਾਵੀਰ ਸਆਮੀ।


ਲੇਖਕ : ਡਾ. ਨਵਰਤਨ ਕਪੂਰ ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-04-25-31, ਹਵਾਲੇ/ਟਿੱਪਣੀਆਂ: ਹ. ਪੁ. –ਸ਼੍ਰੀਮਦ ਭਗਵਤ ਗੀਤਾ; ਭਾਗਵਤ ਪੁਰਾਣ; ਹਿੰ. ਵਿ. ਕੋ; ਕਲਯਾਣ-ਵਿਸ਼ਨੂੰ ਅੰਕ; ਮ. ਕੋ; ਦਸਮ ਗ੍ਰੰਥ; ਦੀ ਜੈਨ ਪਾਥ ਆਫ ਪਿਉਰੀਫ਼ੀਕੇਸ਼ਨ-ਪੀ. ਐਸ. ਸੈਨੀ; ਦੀ ਕਾਨਸੈਪਟਸ ਆਫ਼ ਅਵਤਾਰਜ਼-ਬੀ.ਕੇ. ਪਾਂਡੇ; ਨਾਨਕ ਪ੍ਰਕਾਸ਼ ਪਤ੍ਰਿਕਾ (ਪੰਜਾਬੀ ਯੂਨੀਵਰਸਿਟੀ) ਦਾ ਭਗਤੀ ਵਿਸ਼ੇਸ਼ ਅੰਕ ਵੈਸ਼ਣਵ ਭਗਤੀ-ਸਰੂਪ ਤੇ ਵਿਕਾਸ, ਜੂਨ 1985; ਪ੍ਰੋ. ਪੂਰਨ ਸਿੰਘ-ਏਕ ਸਾਹਿਤਯਕ ਰੇਖਾਂਕਨ; ਪੰ. ਸਾ. ਸੰ. ਕੋ – ਡਾ. ਜੱਗੀ

ਅਵਤਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਵਤਾਰ, ਪੁਲਿੰਗ : ਮਨੁੱਖੀ ਜਾਂ ਹੋਰ ਕਿਸੇ ਜਨੌਰ ਦੇਹ ਵਿਚ ਆਇਆ ਹੋਇਆ ਪਰਮੇਸ਼ਰ ਜਾਂ ਕੋਈ ਦੇਵਤਾ, ਅਲੌਕਿਕ ਵਿਅਕਤੀ, ਹਰ ਕਿਸੇ ਨੂੰ ਅਸਚਰਜਤਾ ਵਿਚ ਪਾ ਦੇਣ ਵਾਲੇ ਕੰਮ ਕਰਨ ਵਾਲਾ ਮਨੁੱਖ

–ਅਵਤਾਰ ਧਾਰਨਾ, ਕਿਰਿਆ ਅਕਰਮਕ : ਦੇਵਤਾ ਜਾਂ ਪਰਮੇਸ਼ਰ ਦਾ ਦੇਹੀ ਵਿਚ ਆਉਣਾ, ਸਰੀਰ ਧਾਰਨ ਕਰਨਾ, ਜੰਮਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-03-53-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.