ਅਵਿਦਿਆ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਵਿਦਿਆ. ਦੇਖੋ, ਅਵਿਦ੍ਯਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅਵਿਦਿਆ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਅਵਿਦਿਆ: ਭਾਰਤੀ ਦਰਸ਼ਨ ਅਨੁਸਾਰ ‘ਅਵਿਦਿਆ’ (ਅਵਿਦੑਯਾ) ਤੋਂ ਭਾਵ ਹੈ ‘ਮਾਇਆ ’। ਇਹ ਮਾਇਆ ਦੀ ਉਹ ਦਸ਼ਾ ਹੈ ਜਿਸ ਵਿਚ ਮਨੁੱਖ ਅਗਿਆਨ ਵਿਚ ਪੂਰੀ ਤਰ੍ਹਾਂ ਫਸ ਕੇ ਬ੍ਰਹਮ ਤੋਂ ਵਖ ਹੋ ਜਾਂਦਾ ਹੈ। ‘ਭ੍ਰਮ ’ ਜਾਂ ‘ਅਗਿਆਨ’ ਇਸ ਦੇ ਸਮਾਨਾਰਥਕ ਸ਼ਬਦ ਹਨ। ਇਸ ਨੂੰ ਅਚੇਤਨਤਾ ਦੀ ਅਵਸਥਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਹੈ ਚੇਤਨਤਾ ਦੀ ਹੀ ਅਵਸਥਾ, ਪਰ ਇਸ ਅਵਸਥਾ ਵਿਚ ਜਿਸ ਵਸਤੂ ਦਾ ਗਿਆਨ ਹੁੰਦਾ ਹੈ ਉਹ ਵਾਸਤਵਿਕ ਨਹੀਂ, ਮਿਥਿਆ ਹੁੰਦੀ ਹੈ। ਇਸ ਅਵਸਥਾ ਵਿਚ ਮਨੁੱਖ ਸੰਸਾਰ ਨੂੰ ਸਤਿ ਮੰਨ ਲੈਂਦਾ ਹੈ ਅਤੇ ਵਾਸਤਵਿਕ ਸਤਿ ‘ਬ੍ਰਹਮ’ ਨੂੰ ਭੁਲ ਜਾਂਦਾ ਹੈ। ਇਹ ਸਥਿਤੀ ਅਹੰਕਾਰ ਜਾਂ ਹਉਮੈ ਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਪਰਮਾਨੰਦ ਦੀ ਬਾਣੀ ਵਿਚ ਅਪਯਸ਼ ਦੇ ਕਾਰਣ-ਸਰੂਪ ਅਵਿਦਿਆ ਨੂੰ ਸਾਧਣ ਦੀ ਗੱਲ ਕਹੀ ਗਈ ਹੈ—ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ। (ਗੁ.ਗ੍ਰੰ.1253)। ਭਗਤ ਰਵਿਦਾਸ ਨੇ ਸੰਸਾਰ ਨੂੰ ਅਵਿਦਿਆ ਵਿਚ ਹਿਤ ਪਾਲਣ ਵਾਲਾ ਕਿਹਾ ਹੈ — ਮਾਧੋ ਅਬਿਦਿਆ ਹਿਤ ਕੀਨ। (ਗੁ.ਗ੍ਰੰ.486)।
‘ਭ੍ਰਮ’ ਦੀ ਪਰਿਭਾਸ਼ਾ ਕਰਦਿਆਂ ਆਚਾਰਯ ਸ਼ੰਕਰ ਨੇ ਕਿਹਾ ਹੈ ਕਿ ਪਹਿਲਾਂ ਵੇਖੀ ਹੋਈ ਵਸਤੂ ਦੇ ਮਨ ਉਤੇ ਪਏ ਬਿੰਬ ਜਾਂ ਸਮ੍ਰਿਤੀ-ਛਾਇਆ ਨੂੰ ਕਿਸੇ ਦੂਜੀ ਵਸਤੂ ਉਤੇ ਆਰੋਪਿਤ ਕਰਨਾ ‘ਭ੍ਰਮ’ ਹੈ। ਦਾਰਸ਼ਨਿਕ ਸ਼ਬਦਾਵਲੀ ਵਿਚ ਇਸ ਨੂੰ ਅਧਿਆਸ (ਅਧੑਯਾਸ) ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਰੱਸੀ ਵਿਚ ਸੱਪ ਦਾ ਭ੍ਰਮ ਅਵਿਦਿਆ ਕਾਰਣ ਹੁੰਦਾ ਹੈ। ਇਸੇ ਤਰ੍ਹਾਂ ਅਵਿਦਿਆ (ਮਾਇਆ) ਆਤਮਾ ਵਿਚ ਅਨਾਤਮ ਵਸਤੂ ਦਾ ਆਰੋਪ ਕਰਦੀ ਹੈ। ਸੰਸਾਰ ਵਿਵਹਾਰ ਰੂਪ ਵਿਚ ਹੀ ਸਤਿ ਹੈ, ਪਰਮਾਰਥ ਰੂਪ ਵਿਚ ਮਿਥਿਆ ਹੈ, ਭ੍ਰਮ ਹੈ, ਮਾਇਆ ਹੈ।
ਮਾਇਆ ਜੇ ਸਭ ਲਈ (ਸਮਸ਼ਟੀਗਤ) ਭ੍ਰਮ ਦਾ ਕਾਰਣ ਹੈ ਤਾਂ ਅਵਿਦਿਆ ਵਿਅਕਤੀਗਤ ਭ੍ਰਮ ਦਾ ਕਾਰਣ ਹੈ। ਦੂਜੇ ਸ਼ਬਦਾਂ ਵਿਚ ਅਵਿਦਿਆ ਸਮਸ਼ਟੀ ਰੂਪ ਵਿਚ ਮਾਇਆ ਹੈ ਅਤੇ ਮਾਇਆ ਵਿਅਸ਼ਟੀ ਰੂਪ ਵਿਚ ਅਵਿਦਿਆ ਹੈ।
ਅਵਿਦਿਆ ਦੋ ਤਰ੍ਹਾਂ ਦੀ ਹੁੰਦੀ ਹੈ। ਇਕ, ਉਹ ਜੋ ਮੂਲ ਆਧਾਰ ਵਸਤੂ (ਅਧਿਸ਼ਠਾਨ) ਨੂੰ ਢਕ ਲੈਂਦੀ ਹੈ ਜਾਂ ਵੇਖਣ ਵਿਚ ਰੁਕਾਵਟ ਪੈਦਾ ਕਰਦੀ ਹੈ, ਜਿਵੇਂ ਬ੍ਰਹਮ ਨੂੰ ਨ ਸਮਝ ਸਕਣਾ। ਦੂਜੀ, ਉਹ ਜੋ ਮੂਲ ਆਧਾਰ ਵਸਤੂ ਉਤੇ ਕਿਸੇ ਦੂਜੀ ਵਸਤੂ ਦਾ ਆਰੋਪ ਕਰ ਦਿੰਦੀ ਹੈ, ਜਿਵੇਂ ਰੱਸੀ ਉਤੇ ਸਤਿ ਦਾ ਆਰੋਪ। ਅਵਿਦਿਆ ਸਦ ਅਸਦ ਵਿਲੱਖਣ (‘ਸਦਸਦੑਵਿਲਕੑਸ਼ਣ’) ਹੈ। ਅਵਿਦਿਆ ਅਨਾਦਿ ਤੱਤ੍ਵ ਹੈ। ਅਵਿਦਿਆ ਹੀ ਬੰਧਨ ਦਾ ਕਾਰਣ ਹੈ। ਇਸੇ ਦੇ ਪ੍ਰਭਾਵ ਕਾਰਣ ਅਹੰਕਾਰ ਜਾਂ ਹਉਮੈ ਦੀ ਉਤਪੱਤੀ ਹੁੰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਅਵਿਦਿਆ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਵਿਦਿਆ, ਇਸਤਰੀ ਲਿੰਗ : ਵਿਦਿਆ ਦਾ ਅਭਾਵ, ਅਗਿਆਨ, ਮੂਰਖਤਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-04-06-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First