ਅਹੋਈ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਹੋਈ : ਕੱਤਕ ਮਹੀਨੇ ਦੇ ਹਨੇਰੇ ਪੱਖ ਦੀ ਅਸ਼ਟਮੀ ਨੂੰ ਅਹੋਈ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦਿਵਾਲੀ ਤੋਂ ਅੱਠ ਦਿਨ ਪਹਿਲਾਂ ਆਉਣ ਵਾਲਾ ਇਹ ਲੋਕ- ਤਿਉਹਾਰ, ਦੇਵੀ-ਪੂਜਾ ਦੇ ਰੂਪ ਵਿੱਚ ਸਾਰੇ ਭਾਰਤ ਵਿੱਚ ਪ੍ਰਸਿੱਧ ਹੈ, ਜਿਸ ਦੇ ਕਈ ਨਾਂ ਪ੍ਰਚਲਿਤ ਹਨ :
- ਅਹੋਈ ਅੱਠੇਂ
- ਅਹੋਈ ਅਸ਼ਟਮੀ
- ਅਹੋਈ ਦਾ ਵਰਤ (ਵ੍ਰਤ)
- ਹੋਈ
- ਝੱਕਰੀਆਂ ਆਦਿ...
ਅਹੋਈ ਨੂੰ ਭਗਵਤੀ ਦੇਵੀ ਦਾ ਹੀ ਇੱਕ ਰੂਪ ਮੰਨਿਆ ਜਾਂਦਾ ਹੈ। ਇੱਕ ਧਾਰਨਾ ਅਨੁਸਾਰ, ਅਹਿ ਵੰਸ਼ ਵਿੱਚੋਂ ਹੋਣ ਕਾਰਨ ਇਸ ਦਾ ਨਾਂ ‘ਅਹੋਈ` ਪਿਆ। ਇਹ ਦੇਵੀ ਹਰਨਾਕਸ਼ (ਹਰਣਾਕਸ਼ਿਪ) ਬ੍ਰਿਤਾਸੁਰ, ਵਿਸ੍ਵਰੂਪ ਅਤੇ ਅਹਿ ਦੈਂਤਾਂ ਦੀ ਭੈਣ ਅਤੇ ਪ੍ਰਹਲਾਦ ਦੀ ਭੂਆ ਸੀ। ਨੇਕ ਅਤੇ ਸੁਸ਼ੀਲ ਸੁਭਾਅ ਦੀ ਹੋਣ ਕਰ ਕੇ ਇਸ ਨੇ ਹਰਨਾਕਸ਼ ਅਤੇ ਪ੍ਰਹਲਾਦ ਵਿੱਚ ਆਪਸੀ ਸੁਲਹਾ ਕਰਵਾਉਣ ਦੇ ਯਤਨ ਵੀ ਕੀਤੇ, ਪਰ ਸਫਲ ਨਾ ਹੋ ਸਕੀ। ਅਹੋਈ ਦੇ ਕੰਧ-ਚਿੱਤਰ ਅਤੇ ਉਸ ਨਾਲ ਜੁੜੀਆਂ ਹੋਈਆਂ ਲੋਕ-ਕਥਾਵਾਂ ਅਨੁਸਾਰ ਅਹੋਈ ਦਾ ਮੁੱਢ ਬੜਾ ਰਹੱਸਪੂਰਨ ਜਾਪਦਾ ਹੈ।
ਕਈ ਵਿਦਵਾਨ ਅਹੋਈ ਦਾ ਸੰਬੰਧ ਇੱਕ ਬੋਧ (ਜਾਤਕ) ਕਥਾ ਦੀ ਯਕਸ਼ਣੀ ਨਾਲ ਅਤੇ ਕੁਝ ਦੇਵਤਿਆਂ ਦੇ ਸੈਨਾਪਤੀ ਸਕੰਦ (ਕਾਰ੍ਤਿਕੇਯ) ਨਾਲ ਜੋੜਦੇ ਹਨ।
ਮਹਾਂਭਾਰਤ ਅਨੁਸਾਰ, ਬ੍ਰਿਹਦ ਨਾਂ ਦੇ ਰਾਜੇ ਦੀਆਂ ਦੋ ਰਾਣੀਆਂ ਦੀ ਕੁੱਖੋਂ ਔਲਾਦ ਨਾ ਹੋਈ। ਇੱਕ ਮੁਨੀ ਨੇ ਰਾਜੇ ਨੂੰ ਸੰਤਾਨ-ਵਰ ਦੇ ਰੂਪ ਵਿੱਚ ਇੱਕ ਅੰਬ ਦਿੱਤਾ, ਜਿਸਨੂੰ ਦੋ ਹਿੱਸਿਆਂ ਵਿੱਚ ਚੀਰ ਕੇ ਰਾਜੇ ਨੇ ਦੋਹਾਂ ਰਾਣੀਆਂ ਨੂੰ ਦੇ ਦਿੱਤਾ। ਸਮਾਂ ਆਉਣ ਤੇ ਦੋਹਾਂ ਰਾਣੀਆਂ ਦੀ ਕੁੱਖੋਂ ਇੱਕ ਵਜੂਦ ਦੇ ਦੋ ਹਿੱਸਿਆਂ ਵਿੱਚ ਚੀਰੇ ਹੋਏ ਦੋ ਬਾਲ ਜਨਮੇ, ਜਿਨ੍ਹਾਂ ਨੂੰ ਬਦਸ਼ਕਲ ਸਮਝ ਕੇ ਮਹਿਲਾਂ ਤੋਂ ਬਾਹਰ ਸੁਟਵਾ ਦਿੱਤਾ ਗਿਆ। ਜਰਾ ਨਾਂ ਦੀ ਰਾਖਸ਼ਣੀ ਉਹਨਾਂ ਬਾਲਾਂ ਨੂੰ ਖਾਣ ਆਈ ਤਾਂ ਰਾਣੀਆਂ ਦੀ ਉਦਾਸੀ ਵੇਖ ਕੇ ਉਸਨੂੰ ਤਰਸ ਆ ਗਿਆ। ਉਹ ਬਾਲਾਂ ਦੇ ਦੋਵਾਂ ਹਿੱਸਿਆਂ ਨੂੰ ਜੋੜ ਕੇ ਰਾਜਾ ਬ੍ਰਿਹਦ ਪਾਸ ਗਈ ਅਤੇ ਕਿਹਾ : ਮੈਂ (ਕਮਾ ਰੂਪਣੀ) ਰਾਖਸ਼ਣੀ ਹਾਂ। ਪੂਰਵ ਕਾਲ ਵਿੱਚ ਬ੍ਰਹਮਾ ਨੇ ਘਰ ਦੀ ਦੇਵੀ ਵਜੋਂ ਮੇਰੀ ਸਿਰਜਣਾ ਕੀਤੀ ਸੀ। ਤੇਰੇ ਘਰ (ਮਹਿਲਾਂ) ਵਿੱਚ ਮੇਰਾ ਕਲਿਆਣਕਾਰੀ ਦੇਵੀ ਦੇ ਰੂਪ ਵਿੱਚ ਕੰਧ-ਚਿੱਤਰ ਬਣਾਇਆ ਗਿਆ ਹੈ, ਜਿਸ ਵਿੱਚ ਮੈਨੂੰ ਅਨੇਕ ਪੁੱਤਰਾਂ ਵਿੱਚ ਘਿਰੀ ਵਿਖਾਇਆ ਗਿਆ ਹੈ ਅਤੇ ਸੁਗੰਧਿਤ ਫੁੱਲਾਂ, ਪਦਾਰਥਾਂ ਨਾਲ ਮੇਰੀ ਪੂਜਾ ਕੀਤੀ ਜਾਂਦੀ ਹੈ, ਇਸ ਲਈ ਮੈਂ ਰਾਖਸ਼ਣੀ ਦਾ ਰੂਪ ਤਿਆਗ ਕੇ ਉਪਕਾਰ ਕਰਨ ਆ ਗਈ ਹਾਂ, ਅੱਗੇ ਤੋਂ ਮੇਰਾ ਇਹੋ ਰੂਪ ਰਹੇਗਾ।
ਇਸ ਤਰ੍ਹਾਂ ਜਰਾ ਰਾਖਸ਼ਣੀ ਨੇ ਜੋੜੇ ਹੋਏ ਬਾਲਕ ਨੂੰ ਜੀਵਿਤ ਕੀਤਾ, ਜਿਸ ਦਾ ਨਾਂ ਜਰਾਸੰਧ (ਜਰਾ ਦਾ ਜੋੜਿਆ ਹੋਇਆ) ਰੱਖਿਆ ਗਿਆ। ਓਦੋਂ ਤੋਂ ਸਾਰੇ ਮਗਧ ਦੇਸ਼ ਵਿੱਚ ਕੰਧ-ਚਿੱਤਰਾਂ ਰਾਹੀਂ ‘ਜਰਾ` ਦੀ ਦੇਵੀ ਦੇ ਰੂਪ ਵਿੱਚ ਮਾਨਤਾ ਅਤੇ ਵਰਤ ਦੀ ਵਿਧੀ ਦੁਆਰਾ ਲੋਕ-ਪੂਜਾ ਸ਼ੁਰੂ ਹੋਈ।
ਮਥਰਾ ਬਿੰਦਰਾਬਨ ਦੇ ਕ੍ਰਿਸ਼ਨ ਭਗਤਾਂ ਵਿੱਚ ‘ਅਹੋਈ` ਬਾਰੇ ਨਿਮਨ ਲਿਖਤ ਲੋਕ-ਕਥਾ ਪ੍ਰਚਲਿਤ ਹੈ :
ਕੁੰਜਨ ਬਨ ਵਿੱਚ ਅਕਾਸੁਰ ਅਤੇ ਬਕਾਸੁਰ ਨਾਂ ਦੇ ਰਾਖਸ਼ ਜੰਗਲੀ ਸਰੋਵਰਾਂ `ਤੇ ਪਾਣੀ ਭਰਨ ਗਈਆਂ ਔਰਤਾਂ ਨੂੰ ਪਰੇਸ਼ਾਨ ਕਰਿਆ ਕਰਦੇ ਸਨ। ਦੁੱਖੀ ਲੋਕਾਂ ਨੇ ਬਾਲ-ਕ੍ਰਿਸ਼ਨ ਅੱਗੇ ਅਰਜ਼ੋਈ ਕੀਤੀ। ਕਿਹਾ ਜਾਂਦਾ ਹੈ ਕਿ ਕੱਤਕ ਦੀ ਹਨੇਰੀ ਅੱਠਵੀਂ ਨੂੰ ਕ੍ਰਿਸ਼ਨ ਉਹਨਾਂ ਰਾਖਸ਼ਾਂ ਨੂੰ ਮਾਰਨ ਤੁਰਿਆ। ਪੁੱਤਰ ਦੇ ਮੁੜ ਆਉਣ ਦੀ ਚਿੰਤਾ ਵਿੱਚ ਯਸ਼ੋਧਾ ਨੇ ਸਾਰਾ ਦਿਨ ਅੰਨ-ਜਲ ਮੂੰਹ ਨਾ ਲਾਇਆ। ਕ੍ਰਿਸ਼ਨ ਜਦੋਂ ਰਾਖਸ਼ਾਂ ਨੂੰ ਮਾਰ ਕੇ ਪਰਤਿਆ ਤਾਂ ਰਾਤ ਪੈ ਚੁੱਕੀ ਸੀ ਅਤੇ ਤਾਰੇ ਚੜ੍ਹ ਚੁੱਕੇ ਸਨ। ਦੋ ਸ਼ਕਤੀਸ਼ਾਲੀ ਰਾਖਸ਼ਾਂ ਨੂੰ ਮਾਰ ਦੇਣ ਦੀ ਗੱਲ ਲੋਕਾਂ ਨੂੰ ਅਣਹੋਈ ਲੱਗੀ। ਪਰ ਇਹ ਸੱਚ ਸੀ।ਇਉਂ ਅਣਹੋਈ ਨੂੰ ਹੋਣੀ ਕਰ ਦੇਣ ਦੀ ਸ਼ਕਤੀ ਵਜੋਂ ਹੀ ਪੁੱਤਰ ਸਲਾਮਤੀ ਲਈ ਕੱਤਕ ਦੀ ਹਨੇਰੀ ਅੱਠਵੀਂ ਨੂੰ ਮਾਂਵਾਂ ਵੱਲੋਂ ਸਾਰਾ ਦਿਨ ਅੰਨ-ਜਲ ਮੂੰਹ ਨਾ ਲਾਉਣ ਦਾ ਵਰਤ (ਵ੍ਰਤ) ਸ਼ੁਰੂ ਹੋਇਆ ਅਤੇ ਸਮਾਂ ਪਾ ਕੇ ਅਣਹੋਈ ਸ਼ਬਦ ‘ਅਹੋਈ` ਅਤੇ ਹੋਣੀ ‘ਹੋਈ` ਵਿੱਚ ਰੂਪਾਂਤ੍ਰਿਤ ਹੋ ਗਿਆ।
ਪੰਜਾਬ ਅਤੇ ਹਰਿਆਣਾ ਪ੍ਰਾਂਤਾਂ ਵਿੱਚ ਦੇਵੀ-ਪੂਜਾ ਤੋਂ ਬਾਅਦ ਕੁਲ-ਪਰੋਹਤਣੀ ਤੋਂ ਜੋ ਕਥਾ ਸੁਣੀ ਜਾਂਦੀ ਹੈ ਉਹ ਇਸ ਪ੍ਰਕਾਰ ਹੈ :
ਇੱਕ ਇਸਤਰੀ ਜਿਸ ਦੇ ਸੱਤ ਪੁੱਤਰ ਸਨ, ਦਿਵਾਲੀ ਤੋਂ ਕੁਝ ਦਿਨ ਪਹਿਲਾਂ ਉਹ ਘਰ ਦੀ ਲਿੰਬਾ-ਪੋਚੀ ਕਰਨ ਲਈ ਟੋਭੇ ਤੋਂ ਮੂੰਹ ਹਨੇਰੇ ਮਿੱਟੀ ਲੈਣ ਗਈ। ਮਿੱਟੀ ਪੁੱਟਦਿਆਂ ਉਸ ਕੋਲੋਂ ਰੰਬੇ (ਖੁਰਪੇ) ਦੀ ਸੱਟ ਨਾਲ ਖੁੱਡ ਵਿੱਚ ਬੈਠਾ ਸਹੇ ਦਾ ਬੱਚਾ ਮਾਰਿਆ ਗਿਆ (ਕੁਝ ਥਾਵਾਂ ਵਿੱਚ ਸਹੇ ਦੇ ਸੱਤ ਬੱਚੇ ਮਾਰੇ ਜਾਣ ਦਾ ਉਲੇਖ ਹੈ)। ਫਲਸਰੂਪ ਕੁਝ ਹੀ ਦਿਨਾਂ ਵਿੱਚ ਇੱਕ-ਇੱਕ ਕਰ ਕੇ ਉਸ ਇਸਤਰੀ ਦੇ ਸੱਤੇ ਪੁੱਤਰ ਮਰ ਗਏ। ਜਿਸ ਤੇ ਉਹ ਇਸਤਰੀ ਵਿਰਲਾਪ ਕਰਨ ਲੱਗੀ। ਮਾਂ ਦੀ ਮਮਤਾ ਨੂੰ ਕਰੁਣਾਮਈ ਹਾਲਤ ਵਿੱਚ ਵੇਖ ਕੇ ਇੱਕ ਭਗਤਣੀ ਨੇ ਉਸ ਦੀ ਸਹੇ ਦੇ ਬੱਚੇ ਮਾਰੇ ਜਾਣ ਵਾਲੀ ਵਿਥਿਆ ਸੁਣੀ ਅਤੇ ਉਪਾਅ ਦੱਸਦਿਆਂ ਕਿਹਾ ਕਿ ਉਹ ਕੱਤਕ ਵਦੀ ਅਸ਼ਟਮੀ ਨੂੰ ਭਗਵਤੀ ਦੀ ਮੂਰਤੀ ਬਣਾ ਕੇ ਅਤੇ ਨਾਲ ਸਹੇ ਦੇ ਬੱਚੇ ਦਾ ਚਿੱਤਰ ਬਣਾ ਕੇ ਪੂਜਾ ਕਰੇ। ਉਸ ਇਸਤਰੀ ਨੇ ਇਵੇਂ ਹੀ ਕੀਤਾ, ਜਿਸਤੇ ਉਸ ਦੇ ਘਰ ਉੱਪਰ-ਥੱਲੀ ਸਤ ਪੁੱਤਰ ਜਨਮੇ। ਕਿਹਾ ਜਾਂਦਾ ਹੈ ਕਿ ਓਦੋਂ ਤੋਂ ਹੀ ਇਸਤਰੀਆਂ ਸੰਤਾਨ ਪ੍ਰਾਪਤੀ ਅਤੇ ਔਲਾਦ ਦੀ ਰੱਖਿਆ ਲਈ ਅਹੋਈ ਅਸ਼ਟਮੀ ਨੂੰ ਇਸ ਕਲਿਆਣਕਾਰੀ ਗ੍ਰਹਿ ਦੇਵੀ ਦੀ ਪੂਜਾ ਕਰਦੀਆਂ ਆ ਰਹੀਆਂ ਹਨ।
ਐਚ.ਏ. ਰੋਜ਼ ਅਨੁਸਾਰ, ਚਾਮੁੰਡਾ ਦੇ ਰੂਪ ਵਿੱਚ ਕਾਲੀ (ਦੇਵੀ) ਆਪਣਾ ਸਿਰ ਹੱਥਾਂ ਵਿੱਚ ਚੁੱਕੇ ਹੋਏ ਦੇ ਰੂਪ ਵਿੱਚ; ਦਿਵਾਲੀ ਤੋਂ ਅੱਠ ਦਿਨ ਪਹਿਲਾਂ, ‘ਹੋਈ` ਦੇ ਮੌਕੇ ਪੂਜੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਹਰੇਕ ਹਨੇਰੇ ਪੱਖ ਦੀ ਸਪਤਮੀ ਨੂੰ ਬ੍ਰਾਹਮਣਾਂ ਦੇ ਪ੍ਰਾਰਥਨਾ ਅਤੇ ਵਰਤ ਕਰਨ ਦੇ ਬਾਵਜੂਦ, ਮੌਤ ਅਤੇ ਮਹਾਂਮਾਰੀ ਨੇ ਸੰਸਾਰ ਦਾ ਨਾਸ਼ ਕਰਨਾ ਨਾ ਛੱਡਿਆ, ਜਿਸ ਕਾਰਨ ਬ੍ਰਾਹਮਣਾਂ ਨੇ ਵਰਤ ਅਤੇ ਪੂਜਾ ਦੀ ਇਸ ਪਰੰਪਰਾ ਨੂੰ ਤਿਆਗਣ ਦਾ ਮਨ ਬਣਾ ਲਿਆ, ਪਰ ਇੱਕ ਝਿਊਰੀ ਨੇ ਬ੍ਰਾਹਮਣਾਂ ਅੱਗੇ ਪ੍ਰਾਰਥਨਾ ਕਰ ਕੇ ਉਹਨਾਂ ਨੂੰ ਪੂਜਾ ਸਾਧਨਾਂ ਵਾਸਤੇ ਫਿਰ ਪ੍ਰੇਰਿਤ ਕੀਤਾ ਜਿਸਤੇ ਕਾਲਿਕਾ (ਦੇਵੀ) ਪ੍ਰਗਟ ਹੋਈ ਅਤੇ ਕਿਹਾ ਕਿ ਜੋ ਵੀ ਕਤਕ ਵਦੀ ਸਪਤਮੀ ਤੋਂ ਲੈ ਕੇ ਅਸ਼ਟਮੀ ਨੂੰ ਤਾਰੇ ਚੜ੍ਹਨ ਤੱਕ ਵਰਤ ਰੱਖੇਗਾ, ਉਹ ਬਿਮਾਰੀਆਂ ਕਲੇਸ਼ਾਂ ਤੋਂ ਮੁਕਤ ਹੋਵੇਗਾ।
ਅੱਜ ਵੀ ਹੋਈ ਵਰਤ ਸਮੇਂ ਝਿਊਰੀ ਜਾਤ ਦੀ ਇਸਤਰੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਘਰ ਦੀਆਂ ਔਰਤਾਂ ਦਾਸੀ ਬਣ ਕੇ ਉਸ ਦੀ ਸੇਵਾ ਕਰਦੀਆਂ ਹਨ। ਘਰ ਨੂੰ ਗੋਹੇ ਨਾਲ ਲਿਪ ਕੇ ਕੰਧ ਉਪਰ ਪਾਲਕੀ ਅਤੇ ਉਸਨੂੰ ਢੋਣ ਵਾਲਿਆਂ ਦੀਆਂ ਸ਼ਕਲਾਂ ਬਣਾ ਕੇ ਮੌਸਮੀ ਫਲਾਂ ਨਾਲ ਪੂਜਾ ਕੀਤੀ ਜਾਂਦੀ ਹੈ।
ਅਹੋਈ ਬਾਰੇ ਅੰਕਿਤ ਐਚ.ਏ.ਰੋਜ਼ ਦੀ ਇੱਕ ਹੋਰ ਟਿੱਪਣੀ ਕਿ ‘ਹੋਈ` ਸੱਤ ਵਰ੍ਹਿਆਂ ਦੀ ਬ੍ਰਾਹਮਣ ਕੰਨਿਆ ਸੀ, ਜਿਸ ਉੱਤੇ ਇਸਲਾਮ ਕਬੂਲ ਕਰਨ ਲਈ ਸਖ਼ਤੀ ਕੀਤੀ ਗਈ, ਜਿਸ ਕਾਰਨ ਉਸ ਨੇ ਇੱਕ ਝਿਊਰੀ ਦੀ ਝੁੱਗੀ ਵਿੱਚ ਸ਼ਰਨ ਲਈ ਅਤੇ ਧਰਤੀ ਵਿੱਚ ਸਮਾ ਗਈ, ਦੇ ਸੰਬੰਧ ਵਿੱਚ ਨਵਰਤਨ ਕਪੂਰ ਦਾ ਕਥਨ ਹੈ ਕਿ ਐਚ.ਏ. ਰੋਜ਼ ਦੀ ਅਹੋਈ ਬਾਰੇ ਇਹ ਟਿੱਪਣੀ ਹਿੰਦੂ ਮੁਸਲਿਮ ਭਾਈਚਾਰੇ ਵਿੱਚ ਵਿੱਥ ਪਾਉਣ ਦੇ ਆਸ਼ੇ ਨਾਲ ਘੜੀ ਗਈ ਹੈ। ਅਜਿਹੀ ਕਥਾ ਦਾ ਕੋਈ ਵਜੂਦ ਨਹੀਂ ਹੈ।
ਅਹੋਈ ਦਾ ਚਿੱਤਰ, ਘਰ ਦੀ ਕਿਸੇ ਵੀ ਕੰਧ ਉੱਤੇ ਕੱਚੇ ਕੋਲੇ ਦੇ ਧੂੜੇ ਜਾਂ ਤਵੇ ਦੀ ਸਿਆਹੀ ਵਿੱਚ ਤੇਲ ਰਲਾ ਕੇ ਰੂੰਈ ਦੇ ਫੰਬੇ ਨਾਲ ਏਨੀ ਉਚਾਈ ਤੇ ਵਾਹਿਆ ਜਾਂਦਾ ਹੈ ਜਿਸ ਦੇ ਸਾਮ੍ਹਣੇ ਬੈਠ ਕੇ ਅਸਾਨੀ ਨਾਲ ਪੂਜਾ ਕੀਤੀ ਜਾ ਸਕੇ। ਮੂਰਤੀ ਦੇ ਮੁਢਲੇ ਆਕਾਰ ਨੂੰ ਭਾਵੇਂ ਕਾਲੀਆਂ ਰੇਖਾਵਾਂ ਨਾਲ ਚਿਤਰਿਤ ਕੀਤਾ ਜਾਂਦਾ ਹੈ ਪਰ ਉਸਨੂੰ ਗਹਿਣੇ ਅਤੇ ਰੰਗਾਂ ਨਾਲ ਸ਼ਿੰਗਾਰਿਆ ਵੀ ਜਾਂਦਾ ਹੈ। ਅਹੋਈ ਨਾਲ ਮਿਲਦੇ ਕੰਧ-ਚਿੱਤਰਾਂ ਦੀ ਦਿੱਖ ਵਿੱਚ ਪ੍ਰਾਂਤਿਕ ਰੁਚੀ ਅਨੁਸਾਰ ਕਾਫ਼ੀ ਭਿੰਨਤਾ ਹੈ। ਕੁਝ ਇਲਾਕਿਆਂ ਵਿੱਚ ਅਹੋਈ ਦੇ ਕੰਧ-ਚਿੱਤਰ (ਥਾਪੇ) ਵਿੱਚ ਡੇਢ ਦੋ ਫੁੱਟ ਉੱਚੇ (ਇੱਕ ਦੇਵੀ) ਇਸਤਰੀ ਦੇ ਧੜ ਵਿੱਚ ਵੱਖ-ਵੱਖ ਰੰਗਾਂ ਦੇ ਸਤ ਲਘੂ-ਚਿੱਤਰ, (ਪੁੱਤਰਾਂ ਦੀਆਂ ਪਤਨੀਆਂ ਦੇ ਪ੍ਰਤੀਕ) ਜਾਂ ਉਹਨਾਂ ਸੱਤਾਂ ਨਾਲ ਜੜਤ ਹੋਰ ਸਤ ਲਘੂ ਚਿੱਤਰ (ਪੁੱਤਰ ਦੀਆਂ ਪਤਨੀਆਂ ਦੇ ਪ੍ਰਤੀਕ) ਬਣਾਏ ਜਾਂਦੇ ਹਨ। ਇਸਦੇ ਨਾਲ ਪ੍ਰਾਂਤਿਕ ਰੁਚੀ ਅਨੁਸਾਰ, ਫਲ ਫੁੱਲ ਅਤੇ ਸੂਰਜ ਚੰਦਰਮਾ ਵੀ ਬਣਾਏ ਜਾਂਦੇ ਹਨ। ਕਈ ਪ੍ਰਾਂਤਾਂ ਵਿੱਚ ਇਸ ਦੇਵੀ ਚਿੱਤਰ ਦੇ ਨਾਲ ਪੰਜ ਸੱਤ ਡੰਡਿਆਂ ਦੀ ਪੌੜੀ ਵੀ ਬਣਾਈ ਜਾਂਦੀ ਹੈ ਜੋ ਕਾਲਿਕਾ ਦੇਵੀ ਦੇ ਅਹੋਈ ਦੇ ਰੂਪ ਵਿੱਚ ਪਹਾੜਾਂ ਤੋਂ ਉੱਤਰ ਕੇ ਆਉਣ ਦੀ ਪ੍ਰਤੀਕ ਹੁੰਦੀ ਹੈ। ਬਹੁਤੇ ਪ੍ਰਾਂਤਾਂ ਵਿੱਚ ਦੇਵੀ ਚਿੱਤਰ ਨਾਲ ਸਹੇ (ਜਾਂ ਸਤ ਸਹਿਆਂ) ਦੇ ਚਿੱਤਰ ਵੀ ਬਣਾਏ ਜਾਂਦੇ ਹਨ। ਇਹਨਾਂ ਚਿੱਤਰਾਂ ਦੀ ਵਿਭਿੰਨਤਾ ਅਸੀਮ ਹੈ ਪਰ ਬਾਲਾਂ ਦੇ ਚਿੱਤਰ, ਫੱਟੀ, ਚੌਪੜ ਖੇਡਦੇ ਬਾਲ, ਕਹਾਰ, ਡੋਲੀ, ਚਿੜੀਨੁਮਾ ਤਿੰਨ ਸ਼ਕਲਾਂ (ਵਿਹੁ ਮਾਤਾ ਦੀਆਂ ਪ੍ਰਤੀਕ) ਅਤੇ ਝਿਊਰੀ ਆਦਿ ਦੀਆਂ ਸ਼ਕਲਾਂ ਅਨੇਕਾਂ ਥਾਂਈਂ ਚਿਤਰਿਤ ਕੀਤੀਆਂ ਮਿਲਦੀਆਂ ਹਨ। ਕਈ ਹਾਲਤਾਂ ਵਿੱਚ ਕਲਈ ਕੀਤੀ ਕੰਧ ਪੁਰ ਕਾਲੀ ਰੇਖਾ ਦੇ ਘੇਰੇ ਅੰਦਰ ਗੇਰੂਏ ਰੰਗ ਦੀ ਵੀ ਵਰਤੋਂ ਕੀਤੀ ਮਿਲਦੀ ਹੈ।
ਅਹੋਈ ਦਾ ਇਹ ਚਿੱਤਰ ਅਗਲੇ ਵਰ੍ਹੇ ਦੇ ਤਿਉਹਾਰ ਤੱਕ ਕੰਧ ਉਪਰ ਹੀ ਰਹਿਣ ਦਿੱਤਾ ਜਾਂਦਾ ਹੈ ਕੇਵਲ ਦੀਵਾਲੀ ਵਾਲੇ ਦਿਨ ਇਸ ਨੂੰ ਢੱਕਣ ਦੇ ਆਸ਼ੇ ਅਧੀਨ ਚਿੱਟੇ ਰੰਗ ਨਾਲ ਹਥੇਲੀ ਨੂੰ ਰੰਗ ਕੇ ਦੇਵੀ ਦੇ ਕੰਧ ਚਿੱਤਰ ਉੱਤੇ ਥਾਪਾ ਲਾ ਕੇ ਅਹੋਈ ਨੂੰ ਇੱਕ ਤਰ੍ਹਾਂ ਕੱਜ ਦਿੱਤਾ ਜਾਂਦਾ ਹੈ।
ਅਹੋਈ ਦਾ ਵਰਤ ਰੱਖਣ ਵਾਲੀਆਂ ਇਸਤਰੀਆਂ ਸਰਘੀ ਵੇਲੇ ਤੋਂ ਵੀ ਪਹਿਲਾਂ ਤਾਰਿਆਂ ਦੀ ਲੋਏ ਭੋਜਨ ਆਦਿ ਸੇਵਨ ਕਰ ਕੇ, ਰਾਤ ਨੂੰ ਤਾਰੇ ਚੜ੍ਹਨ ਤੱਕ ਦਾ ਨਿਰਜਲ, ਨਿਰਅਹਾਰ ਵਰਤ ਰੱਖਦੀਆਂ ਹਨ ਅਤੇ ਸੂਰਜ ਅਸਤ ਹੋਣ ਸਮੇਂ ਪੌਂਜਾ ਮਣਸਦੀਆਂ ਹਨ ਜਿਸ ਵਿੱਚ ਸਮਰੱਥਾ ਅਨੁਸਾਰ, ਆਟਾ, ਗੁੜ, ਨਕਦੀ, ਬਦਾਮ, ਮੇਵੇ ਜਾਂ ਫਲ ਆਦਿ ਥਾਲੀ ਵਿੱਚ ਰੱਖ ਕੇ ਸੱਸ ਨੂੰ ਅਸੀਸ ਲੈਣ ਹਿੱਤ ਭੇਟਾ ਕੀਤਾ ਜਾਂਦਾ ਹੈ। ਉਪਰੰਤ ਕੁਮ੍ਹਿਆਰ ਪਾਸੋਂ ਖ਼ਰੀਦੀਆਂ ਨਵੀਆਂ ਨਕੌਰ ਝੱਕਰੀਆਂ (ਪਰਿਵਾਰ ਵਿੱਚ ਮਰਦਾਂ ਦੀ ਗਿਣਤੀ ਅਨੁਸਾਰ) ਦੇਵੀ ਚਿੱਤਰ ਸਾਮ੍ਹਣੇ ਰੱਖੀਆਂ ਜਾਂਦੀਆਂ ਹਨ। ਅਹੋਈ ਪੂਜਾ ਲਈ ਵਰਤੋਂ ਵਿੱਚ ਆਉਣ ਵਾਲਾ ਪਕਵਾਨ ਕੇਵਲ ਤੇਲ ਵਿੱਚ ਪੱਕਿਆ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ। ਹਰ ਝੱਕਰੀ ਦੀ ਠੂਠੀ (ਢੱਕਣ) ਉਪਰ ਤੇਲ ਵਿੱਚ ਪਕਾਈਆਂ ਮੱਠੀਆਂ, ਕਸਾਰ, ਫਲ ਆਦਿ ਰੱਖੇ ਜਾਂਦੇ ਹਨ। ਸੰਤਾਨ ਪ੍ਰਾਪਤੀ ਲਈ ਅਹੋਈ ਤੋਂ ਵਰ ਪ੍ਰਾਪਤ ਕਰਨ ਦੇ ਕਈ ਇੱਛਾਵਾਨ ਸ਼ਰੀਕੇ ਭਾਈਚਾਰੇ ਤੋਂ (ਨੀਵੇਂ ਬਣ ਕੇ) ਭਿੱਖਿਆ ਮੰਗ ਕੇ ਵੀ ਵਰਤ ਖੋਲ੍ਹਦੇ ਹਨ।
ਪੂਜਾ ਉਪਰੰਤ ਛੋਟੇ ਬਾਲਾਂ ਦੇ ਲੱਕ ਜਾਂ ਗਲ ਦੁਆਲੇ ਕਾਲੇ ਧਾਗੇ ਪਹਿਨਾਏ ਜਾਣ ਦੇ ਪ੍ਰਮਾਣ ਵੀ ਮਿਲਦੇ ਹਨ। ਵਰਤ ਖੋਲ੍ਹਣ ਸਮੇਂ ਕੁਲ-ਪਰੋਹਤ ਪਾਸੋਂ ਅਹੋਈ ਦੀ ਕਥਾ ਸੁਣੇ ਜਾਣ ਦਾ ਮਹਾਤਮ ਮੰਨਿਆ ਗਿਆ ਹੈ।
ਅਹੋਈ ਦਾ ਪਰਵ ਭਾਵੇਂ ਕ੍ਰਿਸ਼ਨ ਭਗਤਾਂ ਵਿੱਚ ਬਹੁਤ ਪ੍ਰਸਿੱਧ ਹੈ ਪਰ ਗੁਰਮਤਿ ਅਨੁਸਾਰ ਕਬੀਰ ਸਾਹਿਬ ਨੇ ਬੜੇ ਸਖ਼ਤ ਸ਼ਬਦਾਂ ਵਿੱਚ ਖੰਡਨ ਕੀਤਾ ਹੈ :
ਹਰਿ ਕਾ ਸਿਮਰਨ ਛਾਡਿ ਕੈ ਅਹੋਈ ਰਾਖੇ ਨਾਰਿ,
ਗਧੀ ਹੋ ਕੇ ਉਤਰੇ ਭਾਰ ਸਹੇ ਮਨ ਚਾਰ। (ਸੂਹੀ ਕਬੀਰ)
ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਅਹੋਈ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਹੋਈ (ਨਾਂ,ਇ) ਅੱਸੂ ਦੇ ਨੌਰਾਤਿਆਂ ਸਮੇਂ ਕੁਆਰੀਆਂ ਕੰਨਿਆਵਾਂ ਦੁਆਰਾ ਕੰਧ ’ਤੇ ਚਿੱਤਰ ਉਲੀਕ ਕੇ ਵਿਧੀਵਤ ਢੰਗ ਨਾਲ ਪੂਜੀ ਜਾਂਦੀ ਹਿਰਣਾਕਸ਼ਪ, ਬ੍ਰਿਤਾਸੁਰ, ਵਿਸ੍ਵਰੂਪ, ਅਹਿ ਆਦਿ ਦੈਤਾਂ ਦੀ ਭੈਣ ਅਤੇ ਅਹਿ ਵੰਸ਼ ਵਿੱਚ ਜਨਮੀ ਇੱਕ ਗ੍ਰਾਮ ਦੇਵੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਹੋਈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਹੋਈ. ਸੰਗ੍ਯਾ—ਸਾਂਝੀ ਦੇਵੀ. ਅਹਿਵੰਸ਼ ਵਿੱਚ ਹੋਣ ਵਾਲੀ ਇੱਕ ਦੇਵੀ. ਇਹ ਕੁਆਰੀ ਕੰਨ੍ਯਾ ਦੀ ਪੂਜ੍ਯ ਦੇਵੀ ਹੈ. ਅੱਸੂ ਦੇ ਨੌਰਾਤਿਆਂ ਵਿੱਚ ਕੁਆਰੀ ਲੜਕੀਆਂ ਇਸ ਦੇਵੀ ਦੀ ਮਿੱਟੀ ਦੀ ਮੂਰਤਿ ਬਣਾਕੇ ਕੰਧ ਉੱਪਰ ਲਾਉਂਦੀਆਂ ਹਨ, ਅਮੀ ਦਾ ਵ੍ਰਤ ਰੱਖਕੇ ਧੂਪ ਦੀਪ ਨਾਲ ਮੂਰਤੀ ਦਾ ਪੂਜਨ ਕਰਦੀਆਂ ਹਨ. ਕੱਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲਪ੍ਰਵਾਹ ਕਰ ਦਿੰਦੀਆਂ ਹਨ. ਮਥੁਰਾ ਦੇ ਜਿਲੇ, ਰਾਧਾਕੁੰਡ ਪੁਰ, ਕੱਤਕ ਬਦੀ ੮ ਨੂੰ ਅਹੋਈ ਦਾ ਵਡਾ ਭਾਰੀ ਮੇਲਾ ਲਗਦਾ ਹੈ. “ਹਰਿ ਕਾ ਸਿਮਰਨ ਛਾਡਿਕੈ ਅਹੋਈ ਰਾਖੈ ਨਾਰਿ.” (ਸ. ਕਬੀਰ) ਜੋ ਇਸਤ੍ਰੀ ਅਹੋਈ ਦਾ ਵ੍ਰਤ ਰਖਦੀ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਹੋਈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਹੋਈ (ਸੰ.। ਪੁ. ਹਿੰਦੀ) ਹੋਈ ਦਾ ਵਰਤ ਜੋ ਕੱਤਕ ਵਿਚ ਹੁੰਦਾ ਹੈ। ਯਥਾ-‘ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ’ (ਜੋ) ਅਹੋਈ (ਦਾ) ਬ੍ਰਤ ਰੱਖਦੀ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅਹੋਈ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਹੋਈ : ਸਨਾਤਨ ਧਰਮੀ ਹਿੰਦੂਆਂ ਦੇ ਘਰਾਂ ਵਿਚ ਕੱਤਕ ਦੇ ਹਨੇਰੇ ਪੱਖ ਦੀ ਅਸ਼ਟਮੀ (ਅਰਥਾਤ ਦੀਵਾਲੀ ਤੋਂ ਅੱਠ ਦਿਨ ਪਹਿਲਾਂ) ਨੂੰ ਮਨਾਇਆ ਜਾਣ ਵਾਲਾ ਇਕ ਉੱਘਾ ਲੋਕ ਤਿਉਹਾਰ ਹੈ। ਇਸ ਤਿਉਹਾਰ ਦੇ ਨਾਂ ਦੀ ਉਤਪਤੀ ਬ੍ਰਜ ਪ੍ਰਦੇਸ਼ (ਮਥਰਾ, ਬਿੰਦਰਾਬਨ) ਦੇ ਪਿੰਡਾਂ ਵਿਚ ਪ੍ਰਚਲਿਤ ਉਸ ਦੰਦ ਕਥਾ ਤੋਂ ਹੋਈ ਲਗਦੀ ਹੈ ਜਿਹੜੀ ਕਿ ਬਾਲਕ ਕ੍ਰਿਸ਼ਨ ਜੀ ਦੀ ਸੂਰਬੀਰਤਾ ਨਾਲ ਸਬੰਧ ਰਖਦੀ ਹੈ। ਇਕ ਜੰਗਲ ਵਿਚ ਅਕਾਸੁਰ ਅਤੇ ਬਕਾਸੁਰ ਨਾਂ ਦੇ ਦੋ ਦੈਂਤਾ ਨੇ ਬੜਾ ਤੂਫ਼ਾਨ ਮਚਾ ਰਖਿਆ ਸੀ। ਜੰਗਲ ਦੇ ਟੋਭਿਆਂ ਤੋਂ ਪਾਣੀ ਭਰਨ ਲਈ ਆਉਣ ਵਾਲੀਆਂ ਔਰਤਾਂ ਨੂੰ ਉਹ ਦੋਵੇਂ ਬਹੁਤ ਪ੍ਰੇਸ਼ਾਨ ਕਰਦੇ ਸਨ। ਸ੍ਰੀ ਕ੍ਰਿਸ਼ਨ ਜੀ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਉਨ੍ਹਾਂ ਦੋਹਾਂ ਨੂੰ ਮਾਰਨ ਦਾ ਨਿਸ਼ਚਾ ਕਰ ਕੇ ਅਤੇ ਮਾਤਾ ਯਸ਼ੋਦਾ ਨੂੰ ਦੱਸੇ ਬਿਨਾ ਜੰਗਲ ਵੱਲ ਟੁਰ ਪਏ। ਪੁੱਤਰ ਦੀ ਉਡੀਕ ਵਿਚ ਚਿੰਤਿਤ ਮਾਤਾ ਯਸ਼ੋਦਾ ਸਾਰਾ ਦਿਨ ਭੁੱਖੀ ਪਿਆਸੀ ਰਹੀ। ਉਸ ਦਿਨ ਕੱਤਕ ਮਹੀਨੇ ਦੇ ਕ੍ਰਿਸ਼ਣ (ਹਨੇਰੇ) ਪੱਖ ਦੀ ਅੱਠਵੀਂ ਤਿਥੀ ਸੀ। ਪੁੱਤਰ ਦੇ ਰਾਜ਼ੀ ਖ਼ੁਸ਼ੀ ਘਰ ਪਰਤਣ ਤੇ ਮਾਤਾ ਯਸ਼ੋਦਾ ਨੇ ਪੁੱਤਰ ਉੱਤੋਂ ਮਠਿਆਈ ਤੇ ਪੈਸੇ ਵਾਰ ਕੇ ਗਰੀਬਾਂ ਨੂੰ ਵੰਡ ਦਿੱਤੇ ਅਤੇ ਪਰਿਵਾਰ ਸਮੇਤ ਅੰਨ ਪਾਣੀ ਛਕਿਆ।
ਜਦੋਂ ਉਸ ਇਲਾਕੇ ਦੇ ਲੋਕਾਂ ਨੇ ਇਸ ਘਟਨਾ ਨੂੰ ਸੁਣਿਆ ਤਾਂ ਉਨ੍ਹਾਂ ਨੇ ਅਚੰਭੇ ਵਿਚ ਇਸ ਨੂੰ 'ਅਣਹੋਣੀ' ਆਖਿਆ। ਇਸ ਦੰਦ ਕਥਾ ਵਿਚ ਵਰਤਮਾਨ ਅਣਹੋਣੇ ਤੱਤਾਂ ਕਾਰਨ ਲੋਕਾਂ ਨੇ ਇਸ ਦੇ ਆਧਾਰ ਤੇ ਬੱਚਿਆਂ ਦੀ ਸ਼ੁਭ ਕਾਮਨਾ ਵੱਜੋਂ ਇਕ ਤਿਉਹਾਰ ਦਾ ਆਰੰਭ ਕਰ ਕੇ ਇਸ ਨੂੰ 'ਅਣਹੋਣੀ' ਸਦਣਾ ਸ਼ੁਰੂ ਕਰ
ਦਿੱਤਾ ਜੋ ਵਿਗੜਦਾ ਵਿਗੜਦਾ ਅਹੋਈ ਤੇ ਫਿਰ ਹੋਈ ਅਖਵਾਉਣ ਲੱਗਾ।
ਇਸ ਨੂੰ ਅਸ਼ੋਕ ਅਸ਼ਟਮੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿ ਇਹ ਮਾਂ ਯਸ਼ੋਦਾ ਦੇ ਸ਼ੋਕ (ਦੁੱਖ) ਨੂੰ ਦੂਰ ਕਰਨ ਵਾਲਾ (ਅਸ਼ੋਕ) ਦਿਨ ਹੈ। ਇਸ ਦ੍ਰਿਸ਼ਟੀ ਤੋਂ ਇਹ ਬੜਾ ਢੁਕਵਾਂ ਸ਼ਬਦ ਹੈ।
ਪੰਜਾਬ ਦੇ ਮਲਵਈ ਖੇਤਰ ਵਿਚ 'ਅਹੋਈ' ਦੀ ਪੂਜਾ ਕਰਨ ਵੇਲੇ ਮਿੱਟੀ ਦੀਆਂ ਬਣੀਆਂ ਹੋਈਆਂ ਛੋਟੀਆਂ ਛੋਟੀਆਂ ਮਟਕੀਆਂ ਪਾਣੀ ਨਾਲ ਭਰ ਕੇ ਉਨ੍ਹਾਂ ਦੇ ਢੱਕਣ ਉੱਤੇ ਮਠਿਆਈ ਰੱਖ ਦਿੱਤੀ ਜਾਂਦੀ ਹੈ। ਇਨ੍ਹਾਂ ਮਟਕੀਆਂ ਨੂੰ ਝੱਕਰੀਆਂ ਆਖਿਆ ਜਾਂਦਾ ਹੈ। ਇਸੇ ਆਧਾਰ ਤੇ ਇਸ ਤਿਉਹਾਰ ਨੂੰ ਝੱਕਰੀ ਵੀ ਆਖਿਆ ਜਾਂਦਾ ਹੈ।
ਸ਼ਾਮ ਵੇਲੇ ਗੋਹਾ ਤੇ ਮਿੱਟੀ ਰਲਾ ਕੇ ਕੰਧ ਨੂੰ ਲਿਪਿਆ ਜਾਂਦਾ ਹੈ। ਇਸ ਥਾਂ ਉੱਤੇ ਸਫ਼ੈਦੀ ਪੋਚਣ ਪਿੱਛੋਂ ਕਈ ਤਰ੍ਹਾਂ ਦੇ ਰੰਗ ਨਾਲ 'ਅਹੋਈ' ਚਿਤਰੀ ਜਾਂਦੀ ਹੈ। 'ਅਹੋਈ' ਦੇ ਚਿੱਤਰ ਨੂੰ 'ਥਾਪਾ' (ਸਥਾਪਨਾ ਦਾ ਅਪਭ੍ਰੰਸ਼ ਰੂਪ) ਆਖਿਆ ਜਾਂਦਾ ਹੈ। 'ਥਾਪੇ' ਲੋਕ ਰੁਚੀਆਂ ਅਨੁਸਾਰ ਥੋੜ੍ਹਾ ਬਹੁਤ ਵਖਰੇ ਹੁੰਦੇ ਹਨ ਪਰ ਜ਼ਿਆਦਾਤਰ ਥਾਪਿਆਂ ਵਿਚ 15-20 ਸੈ. ਮੀ. ਉੱਚੀ ਇਸਤਰੀ ਦੇ ਚਿੱਤਰ ਦੇ ਵਿਚਕਾਰ ਸੱਤ-ਅੱਠ ਬੱਚੇ ਬਣਾਏ ਜਾਂਦੇ ਹਨ। ਆਮ ਤੌਰ ਤੇ ਘਰ ਦੀ ਮਾਲਕਣ ਹੀ ਇਹ ਕੰਧ ਚਿੱਤਰ ਉਲੀਕਦੀ ਹੈ।
ਕੁਝ ਘਰਾਂ ਵਿਚ ਪਰਿਵਾਰ ਦੀ ਸਭ ਤੋਂ ਵੱਡੀ ਧੀ ਲੋਹੇ ਦੇ ਤਵੇ ਦੀ ਪਿੱਠ ਦੀ ਕਾਲਖ਼ ਸਰ੍ਹੋਂ ਦੇ ਤੇਲ ਵਿਚ ਡਬੋਈ ਹੋਈ ਰੂੰ ਨਾਲ ਲਾਹ ਕੇ ਅਹੋਈ ਦਾ ਥਾਪਾ ਤਿਆਰ ਕਰਦੀ ਹੈ। ਕਈ ਪਰਿਵਾਰਾਂ ਵਿਚ ਘਰ ਦਾ ਵੱਡਾ ਬਜ਼ੁਰਗ ਲੱਕੜ ਦੇ ਬੁਝੇ ਹੋਏ ਕੋਲੇ ਨਾਲ ਇਸ ਕੰਧ ਚਿੱਤਰ ਨੂੰ ਉਲੀਕਦਾ ਹੈ। ਉਹੀ 'ਅਹੋਈ' ਦੀ ਲੋਕ ਕਥਾ ਸੁਣਾਉਂਦਾ ਹੈ। ਕਥਾ ਸਮਾਪਤ ਹੋਣ ਮਗਰੋਂ ਟੱਬਰ ਦੇ ਸਾਰੇ ਜੀਅ ਰਲ ਕੇ ਇਹ ਜੈਕਾਰਾ ਬੋਲਦੇ ਹਨ:
ਬੋਲ ਮਾਈ ਕਾਲਕਾ।
ਖੋਲ੍ਹ ਭੰਡਾਰੇ ਮਾਲਕਾ ǁ
'ਕਾਲਕਾ' (ਕਾਲਿਕਾ) ਸ਼ਬਦ ਦੀ ਵਰਤੋਂ ਤੋਂ ਇਸ ਤਰ੍ਹਾ ਜਾਪਦਾ ਹੈ ਕਿ ਇਹ ਦੁਰਗਾ ਦੇ ਡਰਾਉਣੇ ਰੂਪ 'ਕਾਲੀ ਦੇਵੀ' ਦੀ ਪੂਜਾ ਦਾ ਤਿਉਹਾਰ ਹੈ। ਅੱਸੂ ਦੇ ਨੌਰਾਤਿਆਂ ਵਿਚ ਗੌਰੀ ਦੇਵੀ ਦੀ ਪੂਜਾ 'ਸਾਂਝੀ' ਲੋਕ ਤਿਉਹਾਰ ਦੇ ਰੂਪ ਵਿਚ ਕੀਤੀ ਜਾਂਦੀ ਹੈ। ਚਿੱਟਾ (ਉੱਜਲ) ਰੰਗ ਸੁਖ ਪ੍ਰਤੀਕ ਹੈ ਪਰ ਯਥਾਰਥਵਾਦੀ ਦ੍ਰਿਸ਼ਟੀ ਤੋਂ ਦੁੱਖ ਦੀ ਹੋਂਦ ਨੂੰ ਵੀ ਕਿਸੇ ਤਰ੍ਹਾਂ ਭੁਲਾਇਆ ਨਹੀਂ ਜਾ ਸਕਦਾ। ਇਹੋ ਕਾਰਨ ਹੈ ਕਿ ਦੇਵੀ ਦੇ ਕਾਲੇ ਰੂਪ ਨੂੰ ਦੁੱਖ ਤੇ ਭੈਅ ਦਾ ਬੌਧਕ ਮੰਨ ਕੇ ਭਾਰਤੀ ਸਮੋਨਵਾਦੀ ਚੇਤਨਾ ਨੇ 'ਅਹੋਈ' ਤਿਉਹਾਰ ਦੀ ਸਥਾਪਨਾ ਨੂੰ ਸਵੀਕਾਰ ਲਿਆ ।
ਇਸ ਲੋਕ ਤਿਉਹਾਰ ਵਿਚ ਕਰਮ ਕਾਂਡ ਨੂੰ ਥਾਂ ਨਹੀਂ ਦਿੱਤੀ ਜਾਂਦੀ। ਨਾ ਤਾਂ ਪੂਜਾ ਲਈ ਕੋਈ ਮਹੂਰਤ ਕਢਵਾਇਆ ਜਾਂਦਾ ਹੈ ਅਤੇ ਨਾ ਹੀ ਪੂਜਾ ਲਈ ਕਿਸੇ ਬ੍ਰਾਹਮਣ ਦੀ ਲੋੜ ਪੈਂਦੀ ਹੈ। ਪੂਜਾ ਦੀ ਮਣਸੀ ਹੋਈ ਸਾਮੱਗਰੀ ਵੀ ਬ੍ਰਾਹਮਣਾਂ ਨੂੰ ਨਹੀਂ ਸਗੋਂ ਘੁਮਿਆਰੀ ਜਾਂ ਦਾਈ ਨੂੰ ਭੇਟਾ ਕਰ ਕੇ ਮਿਹਨਤਕਸ਼ਾਂ ਨੂੰ ਮਾਨਤਾ ਪ੍ਰਦਾਨ ਕੀਤੀ ਜਾਂਦੀ ਹੈ। 'ਅਹੋਈ' ਦੀਆਂ ਦੰਦ ਕਥਾਵਾਂ ਵਿਚ ਨਾਰੀ ਮਨੋਵਿਗਿਆਨ, ਜੀਵਾਂ ਉੱਤੇ ਦਾਇਆ, ਆਪਸੀ ਸਦਭਾਵ ਅਤੇ ਸਮੋਨਵਾਦੀ ਚੇਤਨਾ ਦੇ ਦਰਸ਼ਨ ਹੁੰਦੇ ਹਨ।
ਲੇਖਕ : ਡਾ. ਨਵਰਤਨ ਕਪੂਰ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-04-45-26, ਹਵਾਲੇ/ਟਿੱਪਣੀਆਂ: ਹ. ਪੁ.–ਬ੍ਰਜ ਲੋਕ ਸਾਹਿਤਯ ਕਾ ਅਧਿਐਨ-ਡਾ. ਸਤੇਂਦ੍ਰ; ਪੰਜਾਬੀ ਲੋਕ ਚਿੰਤਨ ਔਰ ਪਰਵੋਤਸ਼ਵ-ਕਪੂਰ; ਪੰਜਾਬ ਦੇ ਲੋਕ ਤਿਉਹਾਰ, ਇਕ ਸਮਾਜ ਵਿਗਿਆਨਕ ਅਧਿਐਨ-ਕਪੂਰ; ਬ੍ਰਜ ਕਾ ਸਾਂਸਕ੍ਰਿਤਿਕ ਇਤਿਹਾਸ-ਸ੍ਰੀ ਪ੍ਰਭੂ ਦਯਾਲ ਮੀਤਯ
ਅਹੋਈ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਹੋਈ, ਇਸਤਰੀ ਲਿੰਗ : ਸਾਂਝੀ ਦੇਵੀ, ਅਹਿ ਵੇਸ਼ ਦੀ ਇਕ ਦੇਵੀ ਹਰਣਾਕਸ਼, ਹਿਰਣਾਕਸ਼ਪ, ਬ੍ਰਿਤ੍ਰਾਸੁਰ, ਵਿਸ੍ਵਰੂਪ ਅਤੇ ਅਹਿ ਆਦਿ ਦੈਂਤਾਂ ਦੀ ਭੈਣ, ਪ੍ਰਹਿਲਾਦ ਦੀ ਭੂਆ ਅਤੇ ਤੁਸ਼ਟਾ ਦੀ ਧੀ ਜੋ ਦੋਹਾਂ ਪੱਖਾਂ (ਦੇਵਤਿਆਂ ਅਤੇ ਦੈਤਾਂ) ਵੱਲ ਸੀ। ਇਹ ਕੁਆਰੀ ਕੰਨਿਆ ਦੀ ਦੇਵੀ ਹੁੰਦੀ ਹੈ ਤੇ ਅੱਸੂ ਦੇ ਨੋਰਾਤਿਆਂ ਵਿੱਚ ਕੁਆਰੀਆਂ ਲੜਕੀਆਂ ਇਸ ਦੇਵੀ ਦੀ ਮਿੱਟੀ ਦੀ ਮੂਰਤ ਬਣਾ ਕੇ ਕੰਧ ਉਤੇ ਲਾਉਂਦੀਆਂ ਅੱਠੇਂ ਦਾ ਵਰਤ ਰੱਖ ਕੇ ਧੂਫ ਦੀਪ ਨਾਲ ਪੂਜਾ ਕਰਦੀਆਂ ਅਤੇ ਕੱਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲ ਪਰਵਾਹ ਕਰ ਦਿੰਦੀਆਂ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-01-05-15, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First