ਅਗ਼ਵਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Kidnap_ਅਗ਼ਵਾ : ਅਗ਼ਵਾ ਸ਼ਬਦ ਭਾਰਤੀ ਦੰਡ ਸੰਘਤਾ ਦੇ ਮੂਲ ਅੰਗਰੇਜ਼ੀ ਰੂਪ ਵਿਚ ਵਰਤੇ ਗਏ ਕਿਡਨੈਪ ਲਈ ਪੰਜਾਬੀ ਸਮਾਨਾਰਥਕ ਦੇ ਤੌਰ ਤੇ ਵਰਤਿਆ ਗਿਆ ਹੈ। ਮੂਲ ਅੰਗਰੇਜ਼ੀ ਸ਼ਬਦ ਡੱਚ ਭਾਸ਼ਾ ਦੇ ਦੋ ਸ਼ਬਦਾਂ ਕਿੱਡ+ਨੈਪ ਦਾ ਸਮਾਸ ਹੈ, ਜਿਸ ਦਾ ਅਰਥ ਹੈ ਬੱਚਿਆਂ ਦੀ ਚੋਰੀ ਕਰਨਾ।

       ਵਾਕਰ (ਆਕਸਫ਼ੋਰਡ ਕੰਪੈਨੀਅਨ ਟੂ ਲਾ ਪੰ. 701) ਅਨੁਸਾਰ ਬੱਚਿਆਂ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਉਸ ਦੀ ਆਪਣੀ ਜਾਂ ਉਸ ਦੇ ਸਰਪ੍ਰਸਤ ਦੀ ਇੱਛਾ ਦੇ ਵਿਰੁਧ ਚੁੱਕ ਕੇ ਲੈ ਜਾਣ , ਜਾਂ ਛੁਪਾ ਲੈਣ ਦੇ ਅਪਰਾਧ ਨੂੰ ਕਾਮਨ ਲਾ ਵਿਚ ਅਗ਼ਵਾ ਦਾ ਨਾਂ ਦਿੱਤਾ ਗਿਆ ਹੈ।

       ਭਾਰਤੀ ਦੰਡ ਸੰਘਤਾ ਦੀ ਧਾਰਾ 359 ਅਨੁਸਾਰ ਅਗ਼ਵਾ ਦੋ ਕਿਸਮ ਦਾ ਹੈ: ਭਾਰਤ ਵਿਚੋਂ ਅਗ਼ਵਾ ਅਤੇ ਕਾਨੂੰਨ-ਪੂਰਨ ਸਰਪ੍ਰਸਤੀ ਵਿਚੋਂ ਅਗ਼ਵਾ। ਜਿਥੋ ਤਕ ਭਾਰਤ ਵਿਚੋਂ ਅਗ਼ਵਾ ਦਾ ਤਲੱਕ ਹੈ, ਉਸ ਅਪਰਾਧ ਦੇ ਸ਼ਿਕਾਰ ਨਾਬਾਲਗ਼ ਅਤੇ ਬਾਲਗ਼ ਵੀ ਹੋ ਸਕਦੇ ਹਨ। ਭਾਰਤ ਵਿਚੋਂ ਅਗ਼ਵਾ ਦਾ ਮਤਲਬ ਉਸ ਵਿਅਕਤੀ ਦੀ, ਜਾਂ ਉਸ ਵਿਅਕਤੀ ਵਲੋਂ ਇਖ਼ਤਿਆਰਤ ਕਿਸੇ ਵਿਅਕਤੀ ਦੀ ਸੰਮਤੀ ਤੋਂ ਬਿਨਾਂ ਭਾਰਤ ਦੀਆਂ ਹੱਦਾਂ ਤੋਂ ਬਾਹਰ ਪਹੁੰਚਾਉਣਾ ਹੈ।

       ਧਾਰਾ 360 ਅਨੁਸਾਰ ਜੋ ਕੋਈ ਕਿਸੇ ਵਿਅਕਤੀ ਨੂੰ, ਉਸ ਵਿਅਕਤੀ ਦੀ ਸੰਮਤੀ ਤੋਂ ਬਿਨਾਂ, ਜਾਂ ਉਸ ਵਿਅਕਤੀ ਵਲੋਂ ਸੰਮਤੀ ਦੇਣ ਲਈ ਕਾਨੂੰਨੀ ਤੌਰ ਤੇ ਇਖ਼ਤਿਆਰਤ ਵਿਅਕਤੀ ਦੀ ਸੰਮਤੀ ਤੋਂ ਬਿਨਾਂ, ਭਾਰਤ ਦੀਆਂ ਹੱਦਾਂ ਤੋਂ ਬਾਹਰ ਪਹੁੰਚਾਉਂਦਾ ਹੈ, ਉਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਉਸ ਵਿਅਕਤੀ ਦਾ ਭਾਰਤ ਤੋਂ ਅਗ਼ਵਾ ਕੀਤਾ ਹੈ। ਇਹ ਅਪਰਾਧ ਕਿਸੇ ਵੀ ਉਮਰ , ਕਿਸੇ ਵੀ ਲਿੰਗ , ਕਿਸੇ ਵੀ ਦੇਸ਼ ਦੇ ਵਾਸੀ ਦੇ ਵਿਰੁਧ ਕੀਤਾ ਜਾ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਉਹ ਵਿਅਕਤੀ ਭਾਰਤ ਦਾ ਨਾਗਰਿਕ ਹੋਵੇ। ਇਸ ਧਾਰਾ ਅਧੀਨ ਅਪਰਾਧ ਗਠਤ ਕਰਨ ਲਈ ਕੇਵਲ ਦੋ ਗੱਲਾਂ ਦੀ ਜ਼ਰੂਰਤ ਹੈ :-

(1)    ਪਹਿਲੀ ਗੱਲ ਇਹ ਹੈ ਕਿ ਕਿਸੇ ਵਿਅਕਤੀ ਨੂੰ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਪਹੁੰਚਾਇਆ ਗਿਆ ਹੋਵੇ, ਅਤੇ

(2)   ਇਸ ਤਰ੍ਹਾਂ ਪਹੁੰਚਾਏ ਜਾਣ ਵਿਚ ਉਸ ਦੀ ਆਪਣੀ ਸੰਮਤੀ, ਜੇ ਉਹ ਸੰਮਤੀ ਦੇਣ ਦੇ ਸਮਰਥ ਹੈ, ਜਾਂ ਉਸ ਵਲੋਂ ਸੰਮਤੀ ਦੇਣ ਲਈ ਕਾਨੂੰਨ-ਪੂਰਨ ਇਖ਼ਤਿਆਰਤ ਵਿਅਕਤੀ ਦੀ ਸੰਮਤੀ ਨ ਹੋਵੇ।

       ਕਾਨੂੰਨ-ਪੂਰਨ ਸਰਪ੍ਰਸਤੀ ਵਿਚੋਂ ਅਗ਼ਵਾ ਕਰਨ ਦੇ ਅਪਰਾਧ ਨੂੰ ਭਾਰਤੀ ਦੰਡ ਸੰਘਤਾ ਦੀ ਧਾਰਾ366 ਵਿਚ ਦੱਸਿਆ ਗਿਆ ਹੈ। ਇਸ ਧਾਰਾ ਅਨੁਸਾਰ ਜੋ ਕੋਈ:-

(1)    ਕਿਸੇ ਨਾ-ਬਾਲਗ਼ ਨੂੰ, ਜਿਸ ਦੀ ਉਮਰ ਲੜਕੀ ਦੀ ਸੂਰਤ ਵਿਚ 16 ਸਾਲ ਤੋਂ ਘਟ ਹੋਵੇ ਅਤੇ ਲੜਕੇ ਦੀ ਸੂਰਤ ਵਿਚ 18 ਸਾਲ ਤੋਂ ਘਟ ਹੋਵੇ, ਜਾਂ

(2)   ਕਿਸੇ ਵਿਗੜ-ਚਿੱਤ ਵਿਅਕਤੀ ਨੂੰ,

(3)   ਕਾਨੂੰਨ-ਪੂਰਨ ਸਰਪ੍ਰਸਤ ਦੀ ਸਰਪ੍ਰਸਤੀ ਵਿਚੋਂ,

(4)   ਉਸ ਸਰਪ੍ਰਸਤ ਦੀ ਸੰਮਤੀ ਤੋਂ ਬਿਨਾਂ, ਲੈ ਜਾਂਦਾ ਹੈ ਜਾਂ ਬਹਿਕਾ ਕੇ ਲਿਜਾਂਦਾ ਹੈ ਤਾਂ ਉਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਅਜਿਹੇ ਨਾਬਾਲਗ਼ ਜਾਂ ਵਿਗੜ-ਚਿੱਤ ਵਿਅਕਤੀ ਨੂੰ ਅਗ਼ਵਾ ਕੀਤਾ ਹੈ। ਇਸ ਅਪਰਾਧ ਲਈ ਧਾਰਾ 363 ਵਿਚ ਸਤ ਸਾਲ ਲਈ ਸਾਦਾ ਜਾਂ ਮੁੱਸ਼ਕਤੀ ਕੈਦ ਦੀ ਸਜ਼ਾ ਮੁਕੱਰਰ ਹੈ ਅਤੇ ਅਪਰਾਧੀ ਨੂੰ ਜੁਰਮਾਨੇ ਦੀ ਵੀ ਸਜ਼ਾ ਹੋ ਸਕਦੀ ਹੈ। ਲੇਕਿਨ ਜਿਵੇਂ ਜਿਵੇਂ ਅਗ਼ਵਾ ਕਰਨ ਦਾ ਪ੍ਰਯੋਜਨ ਗੰਭੀਰ ਹੁੰਦਾ ਜਾਂਦਾ ਹੈ ਉਸ ਲਈ ਲੰਮੇਰੀ ਸਜ਼ਾ ਮੁਕਰਰ ਕੀਤੀ ਗਈ ਹੈ। ਮਿਸਾਲ ਲਈ ਕਿਸੇ ਨਾਬਾਲਗ਼ ਵਿਅਕਤੀ ਨੂੰ ਅਗ਼ਵਾ ਕਰਕੇ ਉਸਨੂੰ ਭੀਖ ਮੰਗਣ ਦੇ ਕੰਮ ਲਈ ਵਰਤਣ ਵਾਸਤੇ ਅੰਗਹੀਨ ਕਰਨ ਦੇ ਅਪਰਾਧੀ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਦਿੱਤੀ ਜਾ ਸਕਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.