ਅੰਬਾਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਬਾਲਾ. ਸੰ. ਆਮ੍ਰਾਲਯ. ਸੰਗ੍ਯਾ—ਇੱਕ ਨਗਰ, ਜੋ ਲੁਦਿਆਨਾ ਅਤੇ ਕਰਨਾਲ ਦੇ ਮੱਧ ਹੈ, ਜਿਸ ਦੇ ਪਾਸ ਪੁਰਾਣੇ ਜ਼ਮਾਨੇ ਵਿੱਚ ਬਹੁਤ ਅੰਬਾਂ ਦੇ ਬਾਗ ਸਨ. ਹੁਣ ਇਹ ਪੰਜਾਬ ਦੀ ਕਮਿਸ਼ਨਰੀ ਅਤੇ ਜਿਲੇ ਦਾ ਪ੍ਰਧਾਨ ਅਸਥਾਨ ਹੈ, ਸਨ ੧੮੨੩ ਵਿੱਚ ਫੂਲਕੀਆਂ ਅਤੇ ਆਸ ਪਾਸ ਦੀਆਂ ਰਿਆਸਤਾਂ ਲਈ ਅੰਬਾਲੇ ਪੋਲਿਟੀਕਲ ਏਜੈਂਟ ਦੀ ਥਾਪਨਾ ਹੋਈ ਅਤੇ ਸਨ ੧੮੪੩ ਵਿੱਚ ਛਾਉਣੀ ਕਾਯਮ ਕੀਤੀ ਗਈ. ਕਾਲਕਾ ਸ਼ਿਮਲਾ ਨੂੰ ਰੇਲ ਇਸੇ ਥਾਂ ਤੋਂ ਜਾਂਦੀ ਹੈ. ਇਸ ਨਗਰ ਵਿੱਚ ਇਹ ਗੁਰੁਦ੍ਵਾਰੇ ਹਨ:—

      (੧)         ਸ਼ਹਿਰ ਤੋਂ ਪੱਛਮ ਉੱਤਰ ਲੱਭੂ ਵਾਲੇ ਤਲਾਉ ਦੇ ਕਿਨਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਸੈਰ ਅਤੇ ਸ਼ਿਕਾਰ ਲਈ ਆਏ ਇੱਥੇ ਵਿਰਾਜੇ ਹਨ.

      ਗੁਰੁਦ੍ਵਾਰਾ ਛੋਟਾ ਜਿਹਾ ਬਹੁਤ ਚੰਗਾ ਬਣਿਆ ਹੋਇਆ ਹੈ. ਪਾਸ ਕੁਝ ਰਿਹਾਇਸ਼ੀ ਮਕਾਨ ਹਨ. ਹੁਣ ਗੁਰੁਦ੍ਵਾਰੇ ਨਾਲ ਹੀ ਇੱਕ ਜ਼ਮੀਨ ਦਾ ਟੁਕੜਾ ਸਰਦਾਰ ਗੁਰੁਬਖ਼ਸ਼ ਸਿੰਘ ਜੀ ਨੇ ਦਿੱਤਾ ਹੈ. ਲੰਗਰ ਦਾ ਪ੍ਰਬੰਧ ਇਲਾਕੇ ਦੇ ਸਿੰਘਾਂ ਵੱਲੋਂ ਹੈ. ੧੦ ਸੱਜਣਾਂ ਦੇ ਰਹਿਣ ਦਾ ਪ੍ਰਬੰਧ ਭੀ ਹੋ ਸਕਦਾ ਹੈ. ਪੁਜਾਰੀ ਅਕਾਲੀ ਸਿੰਘ ਹੈ. ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਇਹ ਅੱਧ ਮੀਲ ਦੇ ਕਰੀਬ ਉੱਤਰ ਪੂਰਵ ਹੈ.

      (੨)         ਸ਼ਹਿਰ ਵਿੱਚ ਘੁਮਾਰਾਂ ਦੇ ਮਹੱਲੇ ਪਾਸ ਧੂਮੀ ਗੁੱਜਰ ਦੇ ਮਹੱਲੇ ਅੰਦਰ ਭਾਈ ਸੁੰਦਰ ਸਿੰਘ ਪੁਜਾਰੀ ਦੇ ਘਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਛੱਤ ਅੰਦਰ ਮੰਜੀ ਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਲਖਨੌਰ ਤੋਂ ਗੁਰੂ ਜੀ ਸੈਰ ਕਰਨ ਆਏ ਇੱਥੇ ੩ ਦਿਨ ਰਹੇ. ਇਹ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਅੱਧ ਮੀਲ ਪੂਰਵ ਹੈ.

      (੩)         ਸ਼ਹਿਰ ਤੋਂ ਦੱਖਣ ਪੱਛਮ, ਵੱਡੀਆਂ ਕਚਹਿਰੀਆਂ ਦੇ ਦੱਖਣ ਵੱਲ ਖੇਤਾਂ ਵਿੱਚ ਮੰਜੀ ਸਾਹਿਬ ਨਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਹੈ. ਗੁਰੂ ਜੀ ਲਖਨੌਰ ਤੋਂ ਸੈਰ ਕਰਨ ਆਏ ਇੱਥੇ ਠਹਿਰੇ. ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ. ਕੋਈ ਸੇਵਾਦਾਰ ਨਾ ਹੋਣ ਕਰਕੇ ਢਹਿ ਰਿਹਾ ਹੈ. ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਇਹ ਅੱਧ ਮੀਲ ਦੇ ਕ਼ਰੀਬ ਹੈ.

      (੪)         ਦਰਵਾਜ਼ਾ ਸਪਾਟੂ ਤੋਂ ਬਾਹਰ ਗਊਸ਼ਾਲਾ ਦੇ ਬਰਾਬਰ ਸ਼੍ਰੀ ਗੁਰੂ ਹਰਿਕ੍ਰਿ੄ਨ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਦਿੱਲੀ ਜਾਂਦੇ ਠਹਿਰੇ. ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਨਾਲ ੧੦ ਵਿੱਘੇ ਜ਼ਮੀਨ ਭੀ ਹੈ. ਪੁਜਾਰੀ ਸਿੰਘ ਹੈ.

      ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਦਿਸ਼ਾ ੧ ਮੀਲ ਦੇ ਕ਼ਰੀਬ ਪੱਕੀ ਸੜਕ ਤੇ ਹੈ.

      (੫)         ਸ਼ਹਿਰ ਦੇ ਪੂਰਵ ਕੈਂਥਮਾਜਰੀ ਵਿੱਚ ਤਬੱਕਲ ਸ਼ਾਹ ਦੀ ਮਸਜਿਦ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਨੂੰ ਲਈ ਜਾਂਦਾ ਸਿੱਖ ਕੁਝ ਸਮਾਂ ਇੱਥੇ ਠਹਿਰਿਆ ਸੀ. ਹੁਣ ਇੱਥੇ ਸੋਹਣਾ ਗੁਰੁਦ੍ਵਾਰਾ ਬਣ ਗਿਆ ਹੈ. ਇਹ ਗੁਰੁਦ੍ਵਾਰਾ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਕਰੀਬ ਇੱਕ ਮੀਲ ਪੂਰਵ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3492, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਬਾਲਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਬਾਲਾ : ਭਾਰਤ ਦੇ ਹਰਿਆਣਾ ਰਾਜ ਦੇ ਪ੍ਰਮੁੱਖ ਸ਼ਹਿਰਾਂ ਵਿਚੋਂ ਇਕ ਸ਼ਹਿਰ ਹੈ ਜਿਥੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਹੇਠ ਲਿਖੇ ਇਤਿਹਾਸਿਕ ਗੁਰਦੁਆਰੇ ਹਨ:

ਗੁਰਦੁਆਰਾ ਬਾਦਸ਼ਾਹੀ ਬਾਗ : ਜ਼ਿਲਾ ਕਚਹਿਰੀਆਂ ਦੇ ਨੇੜੇ ਉਹ ਜਗ੍ਹਾ ਹੈ ਜਿਥੇ ਮੁਗ਼ਲ ਬਾਦਸਾਹ ਦਿੱਲੀ ਤੋਂ ਪੰਜਾਬ ਜਾਂ ਕਸ਼ਮੀਰ ਜਾਂਦੇ ਹੋਏ ਠਹਿਰਦੇ ਸਨ। ਗੁਰੂ ਗੋਬਿੰਦ ਸਿੰਘ ਜੀ 1670 ਦੇ ਅਖ਼ੀਰ ਜਾਂ 1671 ਦੇ ਸ਼ੁਰੂ ਵਿਚ ਲਖਨੌਰ ਤੋਂ ਆਪਣੀਆਂ ਯਾਤਰਾਵਾਂ ਵਿਚੋਂ ਇਕ ਯਾਤਰਾ ਸਮੇਂ ਇਥੇ ਠਹਿਰੇ ਸਨ। ਉਦੋਂ ਉਹ ਬਾਲਕ ਹੀ ਸਨ ਅਤੇ ਉਹਨਾਂ ਨੇ ਨੇੜੇ ਦੀ ਮਸਜਿਦ ਦੇ ਸਰਬਰਾਹ ਪੀਰ ਨੂਰ ਦੀਨ ਜਾਂ ਮੀਰ ਦੀਨ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਇਕ ਸਥਾਨਿਕ ਰਵਾਇਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਚਮਤਕਾਰੀ ਢੰਗ ਨਾਲ ਆਮ ਚਿੜੀਆਂ ਨੂੰ ਹੰਕਾਰੀ ਪੀਰ ਦੇ ਬਾਜ਼ ਨਾਲ ਲੜਾਇਆ ਜਿਸ ਨੂੰ ਚਿੜੀਆਂ ਨੇ ਬੁਰੀ ਤਰ੍ਹਾਂ ਫਟੜ ਕਰ ਦਿੱਤਾ ਅਤੇ ਉਹ ਸ਼ਹਿਰ ਦੇ ਇਕ ਹੋਰ ਹਿੱਸੇ ਵਿਚ (ਲੱਭੂ ਕਾ ਤਾਲਾਬ, ਦੇ ਨੇੜੇ) ਡਿੱਗ ਕੇ ਮਰ ਗਿਆ। ਪੀਰ ਦਾ ਹੰਕਾਰ ਟੁੱਟ ਗਿਆ। ਉਸਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਇਹਨਾਂ ਦੇ ਸਤਿਕਾਰ ਵਜੋਂ ਇਕ ਥੜ੍ਹਾ ਬਣਾਇਆ। ਅਠਾਰ੍ਹਵੀਂ ਸਦੀ ਦੀ ਅਖੀਰਲੀ ਚੌਥਾਈ ਵਿਚ ਗੁਰੂ ਜੀ ਦੇ ਸਤਿਕਾਰ ਵਜੋਂ ਨਿਸ਼ਾਨਾ ਵਾਲੀ ਮਿਸਲ ਦੇ ਸਰਦਾਰ ਮਿਹਰ ਸਿੰਘ ਨੇ ਇਥੇ ਇਕ ਛੋਟਾ ਜਿਹਾ ਗੁਰਦੁਆਰਾ ਬਣਵਾਇਆ ਜਿਹੜਾ 1857 ਵਿਚ ਬਰਤਾਨਵੀ ਫ਼ੌਜਾਂ ਵੱਲੋਂ ਵਿਦਰੋਹੀ ਸਿਪਾਹੀਆਂ ਉਪਰ ਹਮਲਾ ਕਰਨ ਸਮੇਂ ਤਬਾਹ ਹੋ ਗਿਆ। ਇਸ ਪਿੱਛੋਂ ਇਸ ਜ਼ਮੀਨ ਉੱਤੇ ਕਿਸੇ ਗੈਰ ਸਰਕਾਰੀ ਵਿਅਕਤੀ ਦਾ ਕਬਜ਼ਾ ਹੋ ਗਿਆ। ਇਸ ਦੇ ਮਾਲਕ ਨੇ ਜੋ ਇਸ ਦੀ ਪਵਿੱਤਰਤਾ ਤੋਂ ਸੁਚੇਤ ਸੀ, ਇਸ ਦੀਆਂ ਪੁਰਾਣੀਆਂ ਨੀਹਾਂ ‘ਤੇ ਇਕ ਕਮਰਾ ਬਣਾਇਆ ਪਰੰਤੂ ਜਦੋਂ 1926 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਆਪਣੇ ਕਬਜ਼ੇ ਵਿਚ ਲਿਆ ਤਾਂ ਉਸ ਸਮੇਂ ਇਸ ਦੀ ਕੋਈ ਸੇਵਾ ਸੰਭਾਲ ਨਹੀਂ ਕਰਦਾ ਸੀ। ਪੰਜ ਸਾਲ ਪਿੱਛੋਂ ਪਟਿਆਲੇ ਦੇ ਸੰਤ ਗੁਰਮੁਖ ਸਿੰਘ ਜੀ ਦੀ ਪ੍ਰੇਰਨਾ ਤੇ ਗੁਰਸਿੱਖਾਂ ਨੇ ਇਕ ਹੋਰ ਵਧੀਆ ਇਮਾਰਤ ਖੜ੍ਹੀ ਕਰ ਦਿੱਤੀ ਅਤੇ ਇਸ ਦੇ ਚਾਰ-ਚੁਫੇਰੇ ਬਾਗ ਵੀ ਲਗਵਾਇਆ। ਮੌਜੂਦਾ ਇਮਾਰਤ 1947 ਵਿਚ ਭਾਰਤ ਦੀ ਵੰਡ ਤੋਂ ਪਿੱਛੋਂ ਨਿਰਮਲੇ ਸੰਤਾਂ ਨੇ ਬਣਾਈ ਸੀ। ਹੁਣ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ। ਨਿਰਮਲੇ ਸੰਤ ਨੇੜੇ ਦੇ ਇਕ ਆਸ਼ਰਮ ਵਿਚ ਚਲੇ ਗਏ।

    ਇਕ ਵੱਡੀ ਫ਼ਸੀਲ ਤੇ ਇਕ ਉੱਚੇ ਦਰਵਾਜੇ ਰਾਹੀਂ ਗੁਰਦੁਆਰੇ ਵਿਚ ਦਾਖ਼ਲ ਹੋਈਦਾ ਹੈ ਅਤੇ ਇਹ ਇਕ ਕਿਲਾ ਨੁਮਾ ਇਮਾਰਤ ਜਾਪਦੀ ਹੈ। ਆਇਤਕਾਰੀ (ਸੰਗਤ ਦੇ ਬੈਠਣ ਲਈ ਬਣੇ ਹੋਏ) ਹਾਲ ਦੀ ਡਾਟਦਾਰ ਛੱਤ ਹੈ। ਹਾਲ ਵਿਚਕਾਰ ਪ੍ਰਕਾਸ਼ ਅਸਥਾਨ ਪੁਰਾਣੇ ਗੁਰਦੁਆਰੇ ਦੀ ਜਗ੍ਹਾ ਤੇ ਹੈ।

ਗੁਰਦੁਆਰਾ ਗੋਬਿੰਦਪੁਰਾ ਪਾਤਸ਼ਾਹੀ ਦਸਵੀਂ : ਜੈਨ ਕਾਲਜ ਵਾਲੀ ਸੜਕ, ਦੇ ਨਾਲ ਲਗਦੇ ‘ਲੱਭੂ ਕਾ ਤਲਾਬ` ਕੋਲ ਸਥਿਤ ਹੈ।ਰਵਾਇਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ 1670-71 ਵਿਚ ਆਪਣੀ ਅੰਬਾਲੇ ਦੀ ਯਾਤਰਾ ਸਮੇਂ ਇਕ ਘਮੰਡੀ ਮੁਸਲਮਾਨ ਪੀਰ, ਪੀਰ ਨੂਰਦੀਨ ਦਾ ਘਮੰਡ ਤੋੜਨ ਲਈ ਚਮਤਕਾਰੀ ਢੰਗ ਨਾਲ, ਪੀਰ ਦੇ ਬਾਜ਼ ਨੂੰ ਚਿੜੀਆਂ ਕੋਲ ਤੁੜਵਾਇਆ। ਚਿੜੀਆਂ ਦਾ ਦੁੜਾਇਆ ਬਾਜ਼ ਲੱਭੂ ਕੇ ਤਾਲਾਬ ਦੇ ਲਾਗੇ ਡਿੱਗ ਕੇ ਮਰ ਗਿਆ। ਇਹ ਪੂਰੀ ਤਰ੍ਹਾਂ ਮੁਸਲਮਾਨ ਮਹੱਲਾ ਸੀ ਅਤੇ ਇਕ ਹੋਰ ਮੁਸਲਮਾਨ ਸੱਯਦ ਸ਼ਾਹ ਨਾਮੀ ਪੀਰ ਨੇ ਇਹ ਕਰਾਮਾਤ ਦੇਖੀ ਅਤੇ ਬਾਲਕ ਗੁਰੂ ਕੋਲ ਮਿੱਠੇ ਪਾਣੀ ਦੇ ਚਸ਼ਮੇ ਲਈ ਬੇਨਤੀ ਕੀਤੀ ਕਿਉਂਕਿ ਇਸ ਇਲਾਕੇ ਦੇ ਸਾਰੇ ਖੂਹ ਖਾਰੇ ਸਨ। ਗੁਰੂ ਜੀ ਦੀ ਪ੍ਰੇਰਨਾ ਨਾਲ ਪੁੱਟਿਆ ਹੋਇਆ ਖੂਹ ਅਜੇ ਵੀ ਗੁਰਦੁਆਰੇ ਦੇ ਪਿਛਵਾੜੇ ਵਿਚ ਮੌਜੂਦ ਹੈ। ਇਮਾਰਤ 1947 ਤੋਂ ਪਿੱਛੋਂ ਬਣਾਈ ਗਈ ਸੀ। ਇਸ ਵਿਚ ਇਕ ਮੰਜ਼ਲਾ ਪੱਧਰੀ ਛੱਤ ਵਾਲਾ ਹਾਲ ਹੈ ਜਿਸ ਵਿਚ ਇਕ ਵਰਗਾਕਾਰ ਪ੍ਰਕਾਸ਼ ਅਸਥਾਨ ਪੁਰਾਣੇ ਗੁਰਦੁਆਰੇ ਵਾਲੀ ਜਗ੍ਹਾ ਤੇ ਹੀ ਬਣਿਆ ਹੋਇਆ ਹੈ।

ਗੁਰਦੁਆਰਾ ਮੰਜੀ ਸਾਹਿਬ (ਬਾਉਲੀ ਸਾਹਿਬ) ਸ਼ਹਿਰ ਦਾ, ਸਭ ਤੋਂ ਪਹਿਲਾਂ ਦਾ ਬਣਿਆ ਹੋਇਆ ਗੁਰਦੁਆਰਾ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ, ਬਾਦਸ਼ਾਹ ਜਹਾਂਗੀਰ ਨੂੰ ਮਿਲਣ ਲਈ, ਦਿੱਲੀ ਜਾ ਰਹੇ ਸਨ ਤਾਂ ਇਕ ਰਾਤ ਲਈ ਇਥੇ ਠਹਿਰੇ ਸਨ। ਇਹ ਜਗ੍ਹਾ ਉਸ ਸਮੇਂ ਇਕ ਛੋਟਾ ਜਿਹਾ ਪਿੰਡ ਸੀ ਜਿਸਨੂੰ ਖੁੱਰਮਪੁਰ ਕਿਹਾ ਜਾਂਦਾ ਸੀ ਅਤੇ ਇਸ ਵਿਚ ਪਾਣੀ ਦੀ ਬਹੁਤ ਥੁੜ ਸੀ। ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਪਉੜੀਆਂ ਵਾਲੀ ਇਕ ਬਾਉਲੀ ਬਣਾਉਣ ਲਈ ਕਿਹਾ ਜਿਹੜੀ ਕਿ ਉਹਨਾਂ ਦੇ ਵਾਪਸ ਆਉਣ ਸਮੇਂ ਤਕ ਤਿਆਰ ਹੋ ਗਈ ਸੀ ਅਤੇ ਉਹ ਇਕ ਰਾਤ ਠਹਿਰਣ ਲਈ ਇਥੇ ਰੁਕੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ, 1702 ਵਿਚ ਕੁਰੂਕਸ਼ੇਤਰ ਵੱਲ ਜਾਂਦੇ ਹੋਏ, ਇਸ ਅਸਥਾਨ ਤੇ ਆਏ ਸਨ। ਇਕ ਹੋਰ ਰਵਾਇਤ ਅਨੁਸਾਰ 1710 ਵਿਚ ਬੰਦਾ ਸਿੰਘ ਬਹਾਦਰ ਛੱਤ-ਬਨੂੜ ਅਤੇ ਸਰਹਿੰਦ ਉੱਤੇ ਹਮਲਾ ਕਰਨ ਤੋਂ ਪਹਿਲਾਂ ਇਥੇ ਰੁਕਿਆ ਸੀ। ਅਠਾਰ੍ਹਵੀਂ ਸਦੀ ਦੇ ਦੂਸਰੇ ਦਹਾਕੇ ਵਿਚ ਪੰਜਾਬ ਵਿਚ ਸਿੱਖ ਰਾਜ ਸਥਾਪਿਤ ਹੋਣ ਸਮੇਂ ਅੰਬਾਲਾ ਅਤੇ ਇਸ ਦੇ ਲਾਗਲੇ ਇਲਾਕੇ ਨਿਸ਼ਾਨਾਵਾਲੀ ਮਿਸਲ ਦੇ ਹਿੱਸੇ ਆਏ। ਇਸ ਮਿਸਲ ਦੇ ਸਰਦਾਰ ਮਿਹਰ ਸਿੰਘ ਨੇ ਬਾਉਲੀ ਸਾਫ਼ ਕਰਵਾਈ ਅਤੇ ਪੁਰਾਣੇ ਮੰਜੀ ਸਾਹਿਬ ਦੇ ਸਥਾਨ ਤੇ ਇਕ ਕਮਰਾ ਬਣਵਾਇਆ। ਪਿੱਛੋਂ ਟਾਂਗਰੀ ਨਦੀ ਵਿਚ ਹੜ੍ਹ ਆਉਣ ਨਾਲ ਖੁੱਰਮਪੁਰ ਪਿੰਡ ਤਬਾਹ ਹੋ ਗਿਆ ਸੀ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਮਹਾਰਾਜਾ ਹੀਰਾ ਸਿੰਘ (1843-1911) ਨਾਭਾ ਦੇ ਇਸ ਜਗ੍ਹਾ ਤੇ ਇਮਾਰਤ ਬਨਾਉਣ ਤਕ ਇਹ ਗੁਰਦੁਆਰਾ ਅਣਗੌਲਿਆ ਪਿਆ ਰਿਹਾ। 1947 ਵਿਚ ਪੰਜਾਬ ਦੀ ਵੰਡ ਪਿੱਛੋਂ ਪੱਛਮੀ ਪੰਜਾਬ ਵਿਚੋਂ ਚੋਖੀ ਗਿਣਤੀ ਵਿਚ ਸਿੱਖਾਂ ਦੇ ਅੰਬਾਲਾ ਸ਼ਹਿਰ ਵਿਚ ਆ ਵੱਸਣ ਨਾਲ ਇਸ ਗੁਰਦੁਆਰੇ ਦੀ ਮਹਾਨਤਾ ਉਜਾਗਰ ਹੋਈ ਅਤੇ ਨਵੀਂ ਇਮਾਰਤ ਦਾ ਨੀਂਹ ਪੱਥਰ 12 ਮਈ 1951 ਨੂੰ ਰੱਖਿਆ ਗਿਆ ਸੀ। ਮੁੱਖ ਇਮਾਰਤ ਦੀ ਤਿੰਨ ਮੰਜ਼ਲੀ ਡਿਉੜੀ ਹੈ ਜਿਸ ਉਪਰ ਅੱਠ ਭੁਜੀਆਂ ਗੁੰਮਟੀਆਂ ਹਨ ਅਤੇ ਇਕ ਖੁੱਲ੍ਹਾ ਆਇਤਾਕਾਰ ਹਾਲ ਹੈ। ਇਸ ਹਾਲ ਵਿਚ ਪ੍ਰਕਾਸ਼ ਅਸਥਾਨ ਹੈ ਜੋ ਅਸਲੀ ਮੰਜੀ ਸਾਹਿਬ ਦੀ ਜਗ੍ਹਾ ਬਣਿਆ ਹੋਇਆ ਹੈ। ਬਾਉਲੀ ਹਾਲ ਦੇ ਅਖੀਰ ਤੇ ਬਣੀ ਹੋਈ ਹੈ। ਸਥਾਨਿਕ ਕਮੇਟੀ ਗੁਰਦੁਆਰੇ ਦਾ ਪ੍ਰਬੰਧ ਕਰਦੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਤੇ ਇਕ ਲੜਕੀਆਂ ਦਾ ਸਕੂਲ ਗੁਰਦੁਆਰਾ ਕਮੇਟੀ ਵੱਲੋਂ ਹੀ ਚਲਾਇਆ ਜਾ ਰਿਹਾ ਹੈ। ਸਾਲ ਦਾ ਸਭ ਤੋਂ ਵੱਧ ਮਹੱਤਵਪੂਰਨ ਜੋੜ ਮੇਲਾ ਜੂਨ ਵਿਚ ਗੁਰੂ ਹਰਗੋਬੰਦਿ ਸਾਹਿਬ ਦੇ ਜਨਮ ਦਿਨ ਦੇ ਪੁਰਬ ਤੇ ਹੁੰਦਾ ਹੈ।

ਗੁਰਦੁਆਰਾ ਸਤਸੰਗ ਸਾਹਿਬ : ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ 1702 ਵਿਚ ਅਨੰਦਪੁਰ ਤੋਂ ਕੁਰੁਕਸ਼ੇਤਰ ਜਾ ਰਹੇ ਸਨ ਤਾਂ ਇਕ ਘੁਮਿਆਰ ਦੀ ਝੁੱਗੀ ਦੇ ਨੇੜੇ ਇਕ ਰੁੱਖ ਹੇਠ ਰੁਕੇ ਸਨ। ਇਕ ਬੁੱਢੇ ਆਦਮੀ ਮਹਿਰ ਧੂਮੀਆਂ, ਨੇ ਗੁਰੂ ਜੀ ਨੂੰ ਕਿਹਾ ਕਿ ਉਹ ਇਸ ਦਰਖਤ ਤੋਂ ਪਰ੍ਹੇ ਚਲੇ ਜਾਣ ਕਿਉਂਕਿ ਇਥੇ ਭੂਤਾਂ ਦਾ ਵਾਸਾ ਹੈ। ਉਸਨੇ ਇਕ ਪੁਰਾਣੀ ਘਟਨਾ ਸੁਣਾਈ ਕਿ ਇਕ ਸ਼ਾਮ ਨੂੰ ਇਕ ਅਗਿਆਤ ਯਾਤਰੀ ਜਿਸ ਕੋਲ ਇਕ ਭਰੀ ਅਤੇ ਢੱਕੀ ਹੋਈ ਟੋਕਰੀ ਸੀ, ਰੁਕਿਆ ਅਤੇ ਉਸਨੇ, ਉਸਨੂੰ ਪੁਛਿਆ ਕਿ ਕੀ ਇਥੇ ਨੇੜੇ ਕੋਈ ਸਿੱਖਾਂ ਦਾ ਘਰ ਹੈ? ਧੂਮੀਆਂ ਨੇ ਰਾਹੀ ਨੂੰ ਇਕ ਮਹੱਲੇ ਵਲ ਭੇਜ ਦਿੱਤਾ ਜਿਥੇ ਤਵੱਕਲ ਸ਼ਾਹ ਦਾ ਮਕਬਰਾ ਸੀ ਪਰੰਤੂ ਜਿਥੇ ਰਾਹੀ ਨੇ ਆਪਣੀ ਟੋਕਰੀ ਲਟਕਾਈ ਸੀ ਉਸ ਟਾਹਣੀ ਦਿਆਂ ਪੱਤਿਆਂ ਉਤੇ ਖੂਨ ਦੇ ਛਿੱਟੇ ਸਨ ਜਿਨ੍ਹਾਂ ਨੂੰ ਦੇਖ ਕੇ ਉਹ ਡਰ ਗਿਆ। ਇਸ ਵਾਰਤਾ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੁਮਾਨ ਲਗਾਇਆ ਕਿ ਉਹ ਰਾਹੀ ਭਾਈ ਜੈਤਾ ਤੋਂ ਬਿਨਾ ਹੋਰ ਕੋਈ ਨਹੀਂ ਸੀ ਜੋ ਅਨੰਦਪੁਰ ਵੱਲ, ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਜਾ ਰਿਹਾ ਸੀ। ਇਸ ਜਗ੍ਹਾ ਤੇ ਇਕ ਥੜ੍ਹਾ ਬਣਾਇਆ ਗਿਆ। ਗੁਰੂ ਗੋਬਿੰਦ ਸਿੰਘ ਜੀ ਕਈ ਦਿਨ ਉਥੇ ਠਹਿਰੇ ਅਤੇ ਸਤਿਸੰਗ ਲਈ ਸਿੱਖ ਜੁੜਦੇ ਰਹੇ। ਇਸ ਤਰ੍ਹਾਂ ਇਹ ਅਸਥਾਨ ਗੁਰਦੁਆਰਾ ਸਤਿਸੰਗ ਕਰਕੇ ਪ੍ਰਸਿੱਧ ਹੋਇਆ। ਕਾਫ਼ੀ ਸਮਾਂ ਇਹ ਅਸਥਾਨ ਪੁਜਾਰੀਆਂ ਦੀ ਨਿੱਜੀ ਜਾਇਦਾਦ ਬਣਿਆ ਰਿਹਾ। 1934 ਵਿਚ ਇਕ ਸਥਾਨਿਕ ਕਮੇਟੀ ਬਣਾਈ ਗਈ। 1935 ਵਿਚ ਨਵੀਂ ਇਮਾਰਤ ਉਸਾਰੀ ਗਈ ਹੈ। ਹੁਣੇ ਜਿਹੜਾ ਇਕ ਹੋਰ ਹਾਲ ਇਸ ਨਾਲ ਮਿਲਾ ਦਿੱਤਾ ਗਿਆ ਹੈ ਜਿਸ ਵਿਚ ਪੁਰਾਣੀ ਦੋ ਮੰਜਲੀ ਗੁੰਬਦ ਵਾਲੀ ਇਮਾਰਤ ਵੀ ਹੈ।

ਗੁਰਦੁਆਰਾ ਸੀਸ ਗੰਜ : ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨਾਲ ਜੁੜਿਆ ਹੋਇਆ ਗੁਰ ਧਾਮ ਗੁਰਦੁਆਰਾ ਮੰਜੀ ਸਾਹਿਬ ਤੋਂ 300 ਮੀਟਰ ਦੀ ਦੂਰੀ ਤੇ ਹੈ। 11 ਨਵੰਬਰ 1675 ਨੂੰ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਕੀਤੇ ਜਾਣ ਪਿੱਛੋਂ ਇਕ ਸਿੱਖ ਭਾਈ ਜੈਤਾ ਉਹਨਾਂ ਦਾ ਸੀਸ ਅਨੰਦਪੁਰ ਵੱਲ ਲੈ ਤੁਰਿਆ ਜਦੋਂ ਕਿ ਭਾਈ ਲੱਖੀ ਸ਼ਾਹ ਨੇ ਧੜ ਦਾ ਸਸਕਾਰ ਦਿੱਲੀ ਵਿਖੇ ਕਰ ਦਿੱਤਾ ਸੀ। ਭਾਈ ਜੈਤਾ ਛੁਪਦਾ ਛੁਪਾਉਂਦਾ ਜਦੋਂ ਸੀਸ ਲੈ ਕੇ ਅੰਬਾਲੇ ਪੁੱਜਾ ਤਾਂ ਉਹ ਇਕ ਸਿੱਖ ਦੇ ਘਰ ਠਹਿਰਿਆ। ਉਸੇ ਘਰ ਵਾਲੀ ਥਾਂ ਤੇ ਹੁਣ ਗੁਰਦੁਆਰਾ ਸੀਸ ਗੰਜ ਬਣਿਆ ਹੋਇਆ ਹੈ। ਪਹਿਲਾਂ ਪਹਿਲ ਸਥਾਨਿਕ ਸਿੱਖਾਂ ਨੇ ਇਥੇ ਇਕ ਥੜ੍ਹਾ ਬਣਾਇਆ ਸੀ। 1913 ਵਿਚ ਜਦੋਂ ਅੰਬਾਲਾ ਵਿਚ ਛੇਵੀਂ ਸਿੱਖ ਐਜੂਕੇਸ਼ਨਲ ਕਾਨਫ਼ੰਰਸ ਹੋਈ ਤਾਂ ਇਸ ਗੁਰਦੁਆਰੇ ਨੂੰ ਵਧੇਰੇ ਪ੍ਰਸਿੱਧੀ ਪ੍ਰਾਪਤ ਹੋਈ। ਇਸ ਦੇ ਨਾਲ ਲਗਦੇ ਤਵੱਕਲ ਸ਼ਾਹ ਮਕਬਰੇ ਦੇ ਨਿਗਰਾਨਾਂ ਨੇ ਭਾਰੀ ਗਿਣਤੀ ਵਿਚ ਸਿੱਖਾਂ ਦੇ ਵਡੀ ਗਿਣਤੀ ਵਿਚ ਆਉਣ ਤੇ ਇਤਰਾਜ ਕੀਤਾ। ਨੌਬਤ ਮੁਕਦਮੇ ਬਾਜ਼ੀ ਤਕ ਆਈ ਪਰ ਫੈਸਲਾ ਸਿੱਖਾਂ ਦੇ ਹੱਕ ਵਿਚ ਹੋ ਗਿਆ। ਉਪਰੰਤ 1925 ਵਿਚ ਇਸ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ। 1969 ਈਸਵੀ ਵਿਚ ਇਸ ਗੁਰਦੁਆਰੇ ਦੀ ਨਵੀਂ ਇਮਾਰਤ ਉਸਾਰੀ ਗਈ ਜਿਸ ਵਿਚ ਦੋ ਮੰਜ਼ਲੀ ਗੁੰਬਦਾਂ ਵਾਲੀ ਡਿਉੜੀ ਅਤੇ ਇਕ ਛੋਟਾ ਜਿਹਾ ਦੀਵਾਨ ਹਾਲ ਸ਼ਾਮਲ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅੰਬਾਲਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਬਾਲਾ : ਹਰਿਆਣੇ ਦਾ ਇਕ ਸ਼ਹਿਰ ਹੈ, ਜੋ ਇਸੇ ਹੀ ਨਾਂ ਦੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਅੰਬਾਲਾ ਸ਼ਹਿਰ ਸਮੁੰਦਰ ਦੀ ਸਤ੍ਹਾ ਤੋਂ 275 ਮੀ. ਦੀ ਉਚਾਈ ਤੇ ਇਕ ਖੁਲ੍ਹੇ ਮੈਦਾਨ ਵਿਚ ਘੱਗਰ ਦਰਿਆ ਤੋਂ 5 ਕਿ. ਮੀ. ਦੀ ਦੂਰੀ ਤੇ ਵਾਕਿਆ ਹੈ। ਇਹ ਸ਼ਹਿਰ ਲਗਭਗ ਚੌਦ੍ਹਵੀਂ ਸਦੀ ਵਿਚ ਅੰਬਾ ਜਾਤੀ ਦੇ ਰਾਜਪੂਤਾਂ ਨੇ ਵਸਾਇਆ ਸੀ। ਅੰਗਰੇਜ਼ਾਂ ਤੋਂ ਪਹਿਲਾਂ ਇਸ ਦੀ ਕੋਈ ਖ਼ਾਸ ਮਹੱਤਤਾ ਨਹੀਂ ਸੀ। ਸੰਨ 1823 ਵਿਚ ਰਾਜਾ ਗੁਰਬਖ਼ਸ਼ ਸਿੰਘ ਦੀ ਪਤਨੀ ਦਇਆ ਕੌਰ ਦੀ ਮੌਤ ਮਗਰੋਂ ਇਹ ਸ਼ਹਿਰ ਅੰਗਰੇਜ਼ਾਂ ਦੇ ਕਬਜ਼ੇ ਵਿਚ ਆਇਆ ਤੇ ਸਤਲੁਜ ਦੇ ਉਰਾਰ ਵਾਲੇ ਰਾਜ ਦਾ ਪ੍ਰਬੰਧ ਕਰਨ ਲਈ ਪੁਲੀਟੀਕਲ ਏਜੰਟ ਦੀ ਨਿਯੁਕਤੀ ਹੋਈ। ਸੰਨ 1843 ਵਿਚ ਸ਼ਹਿਰ ਦੇ ਦੱਖਣ ਵੱਲ ਫੌਜੀ ਛਾਉਣੀ ਬਣੀ ਅਤੇ 1849 ਵਿਚ ਜਦੋਂ ਪੰਜਾਬ ਅੰਗਰੇਜ਼ਾਂ ਦੇ ਰਾਜ ਵਿਚ ਸਾਮਲ ਹੋ ਗਿਆ ਤਾਂ ਇਹ ਜ਼ਿਲ੍ਹੇ ਦਾ ਕੇਂਦਰੀ ਸ਼ਹਿਰ ਬਣ ਗਿਆ। ਅੱਜ ਕਲ੍ਹ ਦਾ ਅੰਬਾਲਾ ਨਵੇਂ ਤੇ ਪੁਰਾਣੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਪੁਰਾਣੇ ਹਿੱਸੇ ਦੇ ਗਲੀਆਂ ਬਾਜ਼ਾਰ ਬਹੁਤ ਹੀ ਤੰਗ, ਵਿੰਗ-ਤੜਿੰਗੇ ਤੇ ਹਨੇਰੇ ਜਿਹੇ ਹਨ। ਨਵਾਂ ਹਿੱਸਾ ਫ਼ੌਜੀ ਛਾਉਣੀ ਦ ਆਲੇ ਦੁਆਲੇ ਫੈਲਿਆ ਹੋਇਆ ਹੈ। ਇਸ ਦੀਆਂ ਸੜਕਾਂ ਚੌੜੀਆਂ ਤੇ ਸਾਫ਼ ਸੁਥਰੀਆਂ ਹਨ ਅਤੇ ਮਕਾਨ ਵੀ ਚੰਗੇ ਢੰਗ ਦੇ ਬਣੇ ਹੋਏ ਹਨ। ਸ਼ਹਿਰ ਵਿਚ ਸਿੱਖਾਂ ਦੇ ਕਈ ਇਤਿਹਾਸਕ ਗੁਰਦਵਾਰੇ ਹਨ––ਲੱਭੂ ਵਾਲੇ ਤਲਾਅ ਦੇ ਕਿਨਾਰੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦਵਾਰਾ ਹੈ, ਗੁਰੂ ਜੀ ਲਖਨੌਰ ਤੋਂ ਸੈਰ ਅਤੇ ਸ਼ਿਕਾਰ ਲਈ ਆ ਕੇ ਇਥੇ ਬਿਰਾਜੇ ਸਨ। ਇਸੇ ਸਬੰਧ ਵਿਚ ਘੁਮਾਰਾਂ ਦੇ ਮਹੱਲੇ ਕੋਲ ਧੁਮੀ ਗੁਜਰ ਦੇ ਮਹੱਲੇ ਅੰਦਰ ਵੀ ਇਕ ਗੁਰਦਵਾਰਾ ਹੈ, ਜਿੱਥੇ ਗੁਰੂ ਸਾਹਿਬ ਨੇ ਤਿੰਨ ਦਿਨ ਵਿਸ਼ਰਾਮ ਕੀਤਾ ਸੀ।

          ਸ਼ਹਿਰ ਵਿਚ ਵੱਡੀਆਂ ਕਚਹਿਰੀਆਂ ਕੋਲ, ਖੇਤਾਂ ਵਿਚ ਮੰਜੀ ਸਾਹਿਬ ਗੁਰਦਵਾਰਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਯਾਦਗਾਰੀ ਗੁਰਦਵਾਰਾ ਹੈ।

          ਸਪਾਟੂ ਦਰਵਾਜੈ ਤੋਂ ਬਾਹਰ ਗਊਸ਼ਾਲਾ ਦੇ ਨਜ਼ਦੀਕ ਸ੍ਰੀ ਗੁਰੂ ਹਰਕਿਸ਼ਨ ਜੀ ਦਾ ਗੁਰਦਵਾਰਾ ਹੈ। ਗੁਰੂ ਜੀ ਦਿੱਲੀ ਜਾਂਦੇ ਵਕਤ ਇਥੇ ਠਹਿਰੇ ਸਨ।

          ਸ਼ਹਿਰ ਦੇ ਪੂਰਬ ਵਲ ਕੈਂਥਮਾਜਰੀ ਵਿਚ ਤੱਬਕਲ ਸ਼ਾਹ ਦੀ ਮਸਜਿਦ ਕੋਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਯਾਦਗਾਰੀ ਗੁਰਦਵਾਰਾ ਹੈ। ਦਿੱਲੀ ਤੋਂ ਆਨੰਦਪੁਰ ਨੂੰ ਗੁਰੂ ਜੀ ਦਾ ਸੀਸ ਲਈ ਜਾਂਦਾ ਸਿੱਖ ਕੁਝ ਚਿਰ ਲਈ ਇਥੇ ਠਹਿਰਿਆ ਸੀ।

          ਵਪਾਰ ਦੇ ਪੱਖ ਤੋਂ ਅੰਬਾਲਾ ਮਹੱਤਵਪੂਰਨ ਹੈ। ਪੰਜਾਬ ਦੀਆਂ ਦਿੱਲੀ ਜਾਣ ਵਾਲੀਆਂ ਰੇਲ-ਗੱਡੀਆਂ ਇੱਥੋਂ ਹੋ ਕੇ ਜਾਂਦੀਆਂ ਹਨ ਅਤੇ ਗਰੈਂਡ ਟਰੰਕ ਰੋਡ ਵੀ ਇਸ ਸ਼ਹਿਰ ਤੋਂ ਹੋ ਕੇ ਜਾਂਦੀ ਹੈ। ਅੰਬਾਲਾ ਛਾਉਣੀ ਤੋਂ ਸ਼ਿਮਲਾ ਰੇਲ ਰਾਹੀਂ 170 ਕਿ. ਮੀ. ਹੈ। ਇਹ ਸ਼ਹਿਰ ਪਹਾੜੀ ਦਾਮਨ ਵਿਚ ਇਕ ਵੱਡਾ ਵਪਾਰਕ ਕੇਂਦਰ ਹੈ।

          ਅੰਬਾਲਾ ਜ਼ਿਲ੍ਹੇ ਵਿਚ ਪੈਦਾ ਹੋਣ ਵਾਲੇ ਅਨਾਜਾਂ ਦੇ ਵਪਾਰ ਲਈ ਇਹ ਸ਼ਹਿਰ ਇਕ ਵੱੜੀ ਮੰਡੀ ਹੈ। ਇਥੇ ਰੂੰ ਤੇ ਇਮਾਰਤੀ ਲੱਕੜੀ ਦਾ ਵਪਾਰ ਹੁੰਦਾ ਹੈ। ਉਦਯੋਗਾਂ ਵਿੱਚੋਂ ਡੇਅਰੀ, ਆਟਾ ਪੀਹਣਾ, ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰਨਾ, ਕਪੜਿਆਂ ਦੀ ਸਿਲਾਈ ਅਤੇ ਲਕੜੀ ਤੇ ਬਾਂਸ ਦੀਆਂ ਚੀਜ਼ਾਂ ਬਣਾਉਣਾ ਵਰਣਨ ਯੋਗ ਹਨ। ਇਨ੍ਹਾਂ ਤੋਂ ਇਲਾਵਾ ਕੱਚ ਦਾ ਸਾਮਾਨ, ਵਿਗਿਆਨਕ ਸੰਦ ਤੇ ਮਸ਼ੀਨਾਂ ਤਿਆਰ ਕਰਨ ਦੇ ਕੁਝ ਕਾਰਖ਼ਾਨੇ ਵੀ ਇਸ ਸ਼ਹਿਰ ਵਿਚ ਹਨ। ਦਰੀਆਂ ਬਣਾਉਣਾ ਇਥੋਂ ਦਾ ਮਸ਼ਹੂਰ ਉਦਯੋਗ ਹੈ ਅਤੇ ਦਰਿਆ ਇਥੋਂ ਕਾਫ਼ੀ ਗਿਣਤੀ ਵਿਚ ਬਾਹਰ ਭੇਜੀਆਂ ਜਾਂਦੀਆਂ ਹਨ।

          ਆਬਾਦੀ––121,135 (1981)

          30°20' ਉ. ਵਿਥ. ; 76°45' ਪੂ. ਲੰਬ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅੰਬਾਲਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਬਾਲਾ :  ਇਹ ਸ਼ਹਿਰ ਅਣਵੰਡੇ ਪੰਜਾਬ ਦਾ ਇਕ ਜ਼ਿਲ੍ਹਾ ਸਦਰ-ਮੁਕਾਮ ਸੀ ਜੋ ਹੁਣ ਹਰਿਆਣਾ ਰਾਜ ਦਾ ਇਕ ਜ਼ਿਲ੍ਹਾ ਹੈ। ਘੱਗਰ ਦਰਿਆ ਤੋਂ 5 ਕਿ. ਮੀ. ਦੀ ਦੂਰੀ ਤੇ ਸਥਿਤ ਇਸ ਸ਼ਹਿਰ ਨੂੰ ਅੰਬਾ ਜਾਤੀ ਤੇ ਰਾਜਪੂਤਾਂ ਨੇ ਲਗਭਗ 14 ਵੀਂ ਸਦੀ ਵਿਚ ਵਸਾਇਆ ਸੀ। 19ਵੀਂ ਸਦੀ ਦੇ ਆਰੰਭ ਤਕ ਇਸ ਸ਼ਹਿਰ ਦੀ ਕੋਈ ਖਾਸ ਮਹੱਤਤਾ ਨਹੀਂ ਸੀ। ਸੰਨ 1823 ਵਿਚ ਇਸ ਸ਼ਹਿਰ ਉੱਤੇ ਅੰਗਰੇਜ਼ਾ ਨੇ ਕਬਜ਼ਾ ਕਰ ਲਿਆ ਅਤੇ ਉਨਾਂ ਨੇ ਇਥੇ ਇਕ ਰਾਜਸੀ ਦੂਤ (ਪੁਲੀਟੀਕਲ ਏਜੰਟ) ਦੀ ਨਿਯੁਕਤੀ ਕੀਤੀ ਤਾਂ ਜੋ ਸਤਲੁਜ ਉਰਾਰ ਦੇ ਇਲਾਕਿਆਂ ਦਾ ਪ੍ਰਬੰਧ ਕੀਤਾ ਜਾ ਸਕੇ। ਸੰਨ 1843 ਵਿਚ ਸ਼ਹਿਰ ਦੇ ਦੱਖਣ ਵੱਲ ਇਕ ਫ਼ੌਜੀ ਛਾਉਣੀ ਸਥਾਪਤ ਕੀਤੀ ਗਈ ਜਿਸ ਨੂੰ ਅੰਬਾਲਾ ਛਾਉਣੀ ਕਿਹਾ ਜਾਂਦਾ ਹੈ। ਸੰਨ 1849 ਵਿਚ ਸਮੁੱਚੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਣ ਤੋਂ ਬਾਅਦ ਅੰਬਾਲਾ ਜ਼ਿਲ੍ਹਾ ਸਦਰ ਮੁਕਾਮ ਬਣ ਗਿਆ।

        ਅੰਬਾਲਾ ਅੱਜਕੱਲ੍ਹ ਨਵਾਂ ਅਤੇ ਪੁਰਾਣਾ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਪੁਰਾਣਾ ਸ਼ਹਿਰ ਬੇ-ਤਰਤੀਬੀ ਹੈ ਅਤੇ ਇਥੋਂ ਦੀਆਂ ਗਲੀਆ ਵੀ ਤੰਗ ਹਨ ਪਰ ਨਵਾਂ ਸ਼ਹਿਰ ਫ਼ੌਜੀ ਛਾਉਣੀ ਦੇ ਆਲੇ ਦੁਆਲੇ ਵਸਿਆ ਹੋਣ ਕਰ ਕੇ ਇਸ ਦੀਆਂ ਗਲੀਆਂ ਬਾਜ਼ਾਰ ਵੀ ਖੁਲ੍ਹੇ, ਤਰਤੀਬਦਾਰ ਅਤੇ ਸਾਫ਼ ਸੁਥਰੇ ਹਨ।

        ਅੰਬਾਲਾ ਸ਼ਹਿਰ ਵਿਚ ਸਿੱਖ ਧਰਮ ਨਾਲ ਸਬੰਧਤ ਕਈ ਇਤਿਹਾਸਕ ਗੁਰਦੁਆਰੇ ਹਨ ਜੋ ਵਧੇਰੇ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹਨ। ਇਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ– ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਬਾਦਸ਼ਾਹੀ ਬਾਗ, ਲਭੂ ਵਾਲੇ ਤਲਾਅ ਕੋਲ ਦਸਵੇਂ ਪਾਤਸ਼ਾਹ ਦਾ ਗੁਰਦੁਆਰਾ ਜਿਥੇ ਗੁਰੂ ਵਾਲੇ ਤਲਾਅ ਕੋਲ ਦਸਵੇਂ ਪਾਤਸ਼ਾਹ ਦਾ ਗੁਰਦੁਆਰਾ ਜਿਥੇ ਗੁਰੂ ਸਾਹਿਬ ਲਖਨੌਰ ਤੋਂ ਸੈਰ ਅਤੇ ਸ਼ਿਕਾਰ ਤੋਂ ਬਾਅਦ ਬਿਰਾਜੇ ਸਨ। ਇਸ ਸਬੰਧ ਵਿਚ ਇਕ ਗੁਰਦੁਆਰਾ ਘੁਮਾਰਾਂ ਦੇ ਮਹੱਲੇ ਵਿਚ ਵੀ ਹੈ ਅਤੇ ਮਪਾਟੂ ਦਰਵਾਜ਼ੇ ਤੋਂ ਬਾਹਰ ਗਊਸ਼ਾਲਾ ਦੇ ਨਜ਼ਦੀਕ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਗੁਰਦੁਆਰਾ ਹੈ।  

        ਸ਼ੇਰ ਸ਼ਾਹ ਸੂਰੀ ਜਰਨੈਲੀ ਸੜਕ ਅਤੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਤੇ ਸਥਿਤ ਹੋਣ ਕਰ ਕੇ ਇਸ ਦਾ ਵਪਾਰਕ ਮਹੱਤਵ ਵੀ ਕਾਫ਼ੀ ਹੈ। ਅੰਬਾਲਾ ਛਾਉਣੀ ਤੋਂ ਕਾਲਕਾ, ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਦਿੱਲੀ, ਸਹਾਰਨਪੁਰ, ਆਦਿ ਨੂੰ ਰੇਲ-ਗੱਡੀਆਂ ਜਾਂਦੀਆਂ ਹਨ। ਸ਼ਹਿਰ ਵਿਚ ਇਕ ਕਾਫ਼ੀ ਵੱਡੀ ਮੰਡੀ ਹੈ। ਉਦਯੋਗਿਕ ਪੱਖ ਤੋਂ ਅੰਬਾਲਾ ਵਿਗਿਆਨਕ ਵਰਤੋਂ ਲਈ ਕੱਚੇ ਦਾ ਸਮਾਨ ਤਿਆਰ ਕਰਨ, ਮਾਈਕਰੋਸਕੋਪ ਅਤੇ ਇਸ ਕਿਸਮ ਦੇ ਹੋਰ ਵਿਗਿਆਨਕ ਉਪਕਰਨ ਬਣਾਉਣ ਲਈ ਮਸ਼ਹੂਰ ਹੈ। ਇਸ ਤੋਂ ਇਲਾਵਾ ਇਹ ਸ਼ਹਿਰ ਦਰੀਆਂ, ਮਿਕਸੀਆਂ, ਆਦਿ ਬਣਾਉਣ ਲਈ ਵੀ ਪ੍ਰਸਿੱਧ ਹੈ। ਵਿਦਿਅਕ ਪੱਖ ਤੋਂ ਵੀ ਅੰਬਾਲਾ ਕਾਫ਼ੀ ਉੱਨਤ ਹੈ। ਅੰਬਾਲਾ ਸ਼ਹਿਰ ਵਿਚ ਡੀ. ਏ. ਵੀ ਮਹਾਂਵਿਦਿਆਲਾ, ਐਸ, ਏ. ਜੈਨ ਮਹਾਂਵਿਦਿਆਲਾ, ਸੋਹਨ ਲਾਲ-ਕਾਲਜ ਆਫ਼ ਐਜ਼ੂਕੇਸ਼ਨ, ਗੌਰਮਿੰਟ ਪਾੱਲੀਟੈਕਨਿਕ, ਦੇਵ ਸਮਾਜ ਕਾਲਜ ਫਾੱਰ ਵੁਮੈਨ ਆਦਿ ਪ੍ਰਸਿੱਧ ਵਿਦਿਅਕ ਸੰਸਥਾਵਾਂ ਹਨ। ਅੰਬਾਲਾ ਛਾਉਣੀ ਵਿਚ ਜੀ.ਐਮ. ਐਨ. ਕਾਲਜ ਅਤੇ ਐਸ. ਡੀ. ਕਾਲਜ ਕਾਫ਼ੀ ਪ੍ਰਸਿੱਧ ਹਨ। ਅੰਬਾਲੇ ਤੋਂ ਥੋੜ੍ਹੀ ਦੂਰੀ ਤੇ ਸਥਿਤ ਮੌਲਾਨਾ ਵਿਖੇ ਇਕ ਇੰਜਨੀਅਰਿੰਗ ਕਾਲਜ ਵੀ ਖੋਲ੍ਹਿਆ ਗਿਆ ਹੈ।

             ਸਥਿਤੀ– 300     20'        ਉ.     ਵਿਥ. ;  760    45'     ਪੂ.     ਲੰਬ.

             ਆਬਾਦੀ –   1,11,878     (1991)

      


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-12-25-39, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 1:451; ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.