ਅੰਮ੍ਰਿਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਮ੍ਰਿਤ [ਨਾਂਪੁ] ਉਹ ਪੇਅ ਪਦਾਰਥ ਜਿਸ ਦੇ ਪੀਣ ਨਾਲ਼ ਜੀਵ ਅਮਰ ਹੋ ਜਾਂਦਾ ਹੈ; ਪੁਰਾਣ ਅਨੁਸਾਰ ਸਮੁੰਦਰ ਰਿੜਕ ਕੇ ਨਿਕਲੇ 14 ਰਤਨਾਂ ਵਿਚੋਂ ਇਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅੰਮ੍ਰਿਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਮ੍ਰਿਤ. ਦੇਖੋ, ਅਮ੍ਰਿਤ। ੨ ਸੰਗ੍ਯਾ—ਮੱਖਨ. ਨਵਨੀਤ. “ਤਬ ਮਥੀਐ, ਇਨ ਬਿਧਿ ਅੰਮ੍ਰਿਤ ਪਾਵਹੁ.” (ਸੂਹੀ ਮ: ੧) ੩ ਦੁੱਧ. “ਸੋਇਨ ਕਟੋਰੀ ਅੰਮ੍ਰਿਤ ਭਰੀ.” (ਭੈਰ ਨਾਮਦੇਵ) ੪ ਵਿ—ਅਮ੍ਰਿਤ੍ਯੁ. ਮੌਤ ਬਿਨਾ. ਅਮਰ. “ਹਰਿ ਅੰਮ੍ਰਿਤ ਸਜਣ ਮੇਰਾ.” (ਸੂਹੀ ਛੰਤ ਮ: ੫) ੫ ਮਧੁਰ. ਮਿਠਾਸ ਸਹਿਤ. “ਗੁਰੁਮੁਖ ਅੰਮ੍ਰਿਤ ਬਾਣੀ ਬੋਲਹਿ.” (ਸ੍ਰੀ ਅ: ਮ: ੩) ੬ ਸੰਗ੍ਯਾ-ਵਾਹਗੁਰੂ ਨਾਮ. “ਨਿਰਮਲ ਜੋਤਿ ਅੰਮ੍ਰਿਤੁ ਹਰਿਨਾਮ। ਪੀਵਤ ਅਮਰ ਭਏ ਨਿਹਕਾਮ.” (ਰਾਮ ਮ: ੫) “ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ.” (ਅਨੰਦੁ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅੰਮ੍ਰਿਤ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਮ੍ਰਿਤ : ਸ਼ਬਦ ਸੰਸਕ੍ਰਿਤ ਮੂਲ ਦਾ ਹੈ ਜਿਸ ਦੇ ਵਿਭਿੰਨ ਅਰਥ ਹਨ-ਨਾ ਮਰਨ ਵਾਲਾ, ਅਮਰ, ਨਾ ਨਾਸ਼ ਹੋਣ ਵਾਲਾ, ਸੁੰਦਰ ਪਿਆਰਾ , ਅਮਰਤਾ ਦਾ ਸੰਸਾਰ , ਸਵਰਗ , ਅਮਰਤਾ, ਅਨੰਤਤਾ, ਪਰਮ ਮੁਕਤੀ , ਜ਼ਹਿਰ ਦਾ ਵਿਪਰੀਤ, ਸ਼ੁਧ ਕੀਤਾ ਮੱਖਣ ਜਾਂ ਕੋਈ ਵੀ ਮਿੱਠੀ ਵਸਤੂ। ਆਮ ਤੌਰ ਤੇ ਕਿਸੇ ਵੀ ਤਰਲ ਜਾਂ ਪੀਣ ਵਾਲੀ ਚੀਜ਼ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ ਜਿਸ ਨੂੰ ਪੀਣ ਨਾਲ ਵਿਅਕਤੀ ਸਦੀਵੀ ਜੀਵਨ ਪ੍ਰਾਪਤ ਕਰ ਲੈਂਦਾ ਹੈ। ਵੈਦਿਕ ਮੰਤਰਾਂ ਵਿਚ ਪਹਿਲੀ ਵਾਰ ਇਸ ਸ਼ਬਦ ਨੂੰ ਇਹਨਾਂ ਹੀ ਅਰਥਾਂ ਵਿਚ ਵਰਤਿਆ ਗਿਆ ਸੀ। ਹਿੰਦੂ ਮਿਥਿਹਾਸ ਅਨੁਸਾਰ ਦੇਵਤਿਆਂ ਨੇ ਦੈਤਾਂ ਦੀ ਸਹਾਇਤਾ ਨਾਲ ਸਮੁੰਦਰ ਮੰਥਨ ਕਰਕੇ ਅੰਮ੍ਰਿਤ ਕੱਢਿਆ ਸੀ। ਇਸ ਨੂੰ ਪੀਣ ਨਾਲ ਹੀ ਦੇਵਤੇ ਅਮਰ ਹੋ ਗਏ। ਯੂਨਾਨੀ ਅਤੇ ਪੱਛਮੀ ਮਿਥਿਹਾਸ ਵਿਚ ਵੀ ਇਸ ਤਰ੍ਹਾਂ ਦੇ ਅੰਮ੍ਰਿਤ ਦਾ ਜ਼ਿਕਰ ਮਿਲਦਾ ਹੈ। ਉਥੇ ਇਸ ਨੂੰ ਆਬ-ਇ-ਹਯਾਤ ਕਿਹਾ ਗਿਆ ਹੈ। ਸਿੱਖ ਪਰੰਪਰਾ ਵਿਚ ਅੰਮ੍ਰਿਤ ਕੋਈ ਜਾਦੂਮਈ ਪੀਣ ਵਾਲੀ ਵਸਤੂ ਨਹੀਂ ਜਿਸ ਦੇ ਪੀਣ ਨਾਲ ਕਿਸੇ ਵਿਅਕਤੀ ਦੀ ਉਮਰ ਅਮੁੱਕ ਹੋ ਜਾਂਦੀ ਹੋਵੇ ਜਾਂ ਜਿਸ ਨਾਲ ਆਪਣੇ ਆਪ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਹੋ ਜਾਂਦੀ ਹੋਵੇ ਪਰੰਤੂ ਇਸ ਪਦ ਨੂੰ ਚਿੰਨ੍ਹਾਂਤਮਿਕ ਤੌਰ ਤੇ ਵਰਤਿਆ ਗਿਆ ਹੈ ਕਿਉਂਕਿ ਇਹ ਅੰਤ ਨੂੰ ਮੁਕਤੀ ਪ੍ਰਾਪਤੀ ਹਿਤ ਸਹਾਇਕ ਹੁੰਦਾ ਹੈ। ਇਹਨਾਂ ਅਰਥਾਂ ਵਿਚ ਅੰਮ੍ਰਿਤ ਕੋਈ ਮਨੁੱਖ ਤੋਂ ਬਾਹਰੀ ਵਸਤੂ ਨਹੀਂ, ਸਗੋਂ ਇਹ ਜੀਵ ਦੇ ਅੰਦਰ ਹੀ ਹੈ ਅਤੇ ਇਸ ਦੀ ਪ੍ਰਾਪਤੀ ਪ੍ਰਭੂ ਦੀ ਕਿਰਪਾ ਸਦਕਾ ਹੁੰਦੀ ਹੈ:ਸਭਿ ਰਸ ਦੇਹੀ ਅੰਦਰਿ ਪਾਏ॥ ਵਿਰਲੇ ਕਉ ਗੁਰ ਸਬਦੁ ਬੁਝਾਏ॥ ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ॥(ਗੁ.ਗ੍ਰੰ. 1056) ਹੋਰ ਥਾਂ ਕਿਹਾ ਹੈ: ਨਾਨਕ ਅੰਮ੍ਰਿਤ ਮਨੈ ਮਾਹਿ ਪਾਇਐ ਗੁਰ ਪਰਸਾਦਿ॥(ਗੁ.ਗ੍ਰੰ.1238) ਗੁਰਬਾਣੀ ਵਿਚ ਅੰਮ੍ਰਿਤ ਨੂੰ ਅਨੇਕਾਂ ਵਾਰ ਨਾਮ ਦੇ ਸਮਾਨਾਰਥਕ ਰੱਖਿਆ ਗਿਆ ਹੈ: ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ॥(ਗੁ.ਗ੍ਰੰ.729,644,538,394) ਇਹ ਨਾਮ ਦਾ ਅੰਮ੍ਰਿਤ ਹੀ ਹੈ ਜਿਸ ਨੂੰ ਪੀਣ ਨਾਲ ਜੀਵ ਦੀ ਸਾਰੀ ਭੁਖ ਅਤੇ ਤ੍ਰੇਹ ਤ੍ਰਿਪਤ ਹੋ ਜਾਂਦੀ ਹੈ (ਗੁ.ਗ੍ਰੰ. 594)।
ਗੁਰਬਾਣੀ ਵਿਚ ਅੰਮ੍ਰਿਤ ਨੂੰ ਮਿੱਠਾ , ਸਵਾਦੀ, ਚੰਗਾ , ਕੰਨਾਂ ਨੂੰ ਚੰਗਾ ਲੱਗਣ ਵਾਲਾ, ਆਦਿ ਵਿਸ਼ੇਸ਼ਣਾਂ ਨਾਲ ਦਰਸਾਇਆ ਗਿਆ ਹੈ ਜਿਵੇਂ ਕਿ ‘ਅੰਮ੍ਰਿਤ ਭੋਜਨ ਨਾਮ ਹਰਿ`(ਗੁ.ਗ੍ਰੰ.556), ‘ਅੰਮ੍ਰਿਤ ਕਥਾ`(255), ‘ਅੰਮ੍ਰਿਤ ਦ੍ਰਿਸਟਿ`(196), ‘ਅੰਮ੍ਰਿਤ ਪ੍ਰਿਅ ਬਚਨ ਤੁਹਾਰੇ`(534)। ਮਾਝ ਰਾਗ ਦੀ ਇਕ ਅਸਟਪਦੀ ਵਿਚ ਗੁਰੂ ਅਮਰਦਾਸ ਅੰਮ੍ਰਿਤ ਦੇ ਵਿਭਿੰਨ ਗੁਣਾਂ ਦਾ ਜ਼ਿਕਰ ਕਰਦੇ ਹਨ ਜਿਵੇਂ ਕਿ ਅਹੰਕਾਰ ਦਾ ਘਾਤਕ, ਲਿਵ ਦਾ ਸਾਧਨ, ਸੁਖਾਂ ਦਾ ਦਾਤਾ(118-19), ਆਦਿ।
ਦੈਵੀ ਨਾਮ ਦਾ ਇਹ ਅੰਮ੍ਰਿਤ ਮਨੁਖ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਸਕਦਾ ਹੈ। ਇਹ ਕਿਸੇ ਵੀ ਸਮੇਂ ਦਿਨ ਜਾਂ ਰਾਤ ਨੂੰ ਹਾਸਲ ਕੀਤਾ ਜਾ ਸਕਦਾ ਹੈ, ਪਰੰਤੂ ਇਸ ਦੀ ਪ੍ਰਾਪਤੀ ਦਾ ਸਰਵੋਤਮ ਸਮਾਂ ਰਾਤ ਦਾ ਅਖ਼ੀਰਲਾ ਪਹਿਰ ਜਾਂ ਪ੍ਰਭਾਤ ਵੇਲਾ ਹੈ। ਇਸ ਸਮੇਂ ਨੂੰ ਗੁਰੂ ਸਾਹਿਬਾਨ ਨੇ ਕਈ ਥਾਂ, ਅੰਮ੍ਰਿਤ ਵੇਲਾ ਵੀ ਕਿਹਾ ਹੈ। ਇਹ ਉਹ ਸਮਾਂ ਹੈ ਜਦੋਂ ਸਾਧਕ ਪਰਮਾਤਮਾ ਦੀ ਮਹਾਨਤਾ ਵੱਲ ਧਿਆਨ ਲਗਾਉਂਦੇ ਹਨ (ਗੁ.ਗ੍ਰੰ. 2)। ਗੁਰੂ ਅੰਗਦ ਦੇਵ ਦਾ ਕਥਨ ਹੈ ਕਿ ਅੰਮ੍ਰਿਤ ਵੇਲੇ ਗੁਰਮੁਖ ਵਿਅਕਤੀ ਸੱਚੇ ਨਾਮ ਨਾਲ ਲਿਵ ਲਾਉਣ ਦੇ ਪਿਆਰ ਨੂੰ ਵਿਕਸਿਤ ਕਰਦੇ ਹਨ (ਗੁ.ਗ੍ਰੰ. 146)।
ਇਤਿਹਾਸਿਕ ਪੱਖ ਤੋਂ, ਸਿੱਖ ਪਰੰਪਰਾ ਵਿਚ ਅੰਮ੍ਰਿਤ ਉਸ ਪਵਿੱਤਰ ਜਲ ਨੂੰ ਕਿਹਾ ਜਾਂਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਸਮੇਂ ਸਿੱਖਾਂ ਲਈ ਚਰਨਾਮ੍ਰਿਤ ਦੀ ਥਾਂ ਦੀਖਿਆ ਸੰਸਕਾਰ ਦਾ ਜ਼ਰੂਰੀ ਭਾਗ ਬਣਾ ਦਿੱਤਾ ਸੀ। ਇਸ ਨੂੰ ਖੰਡੇ ਦਾ ਅੰਮ੍ਰਿਤ ਵੀ ਕਿਹਾ ਜਾਂਦਾ ਹੈ।
ਲੇਖਕ : ਮ.ਗ.ਸ. ਅਤੇ ਅਨੁ. ਧ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅੰਮ੍ਰਿਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅੰਮ੍ਰਿਤ (ਸੰ.। ਸੰਸਕ੍ਰਿਤ) ਅੰਮ੍ਰਿਤ, ਉਹ ਜਲ ਜਿਸ ਦੇ ਪੀਤੇ ਅਮਰ ਹੋ ਜਾਏ, ਸੁਧਾ। ਯਥਾ-‘ਅੰਮ੍ਰਿਤੁ ਪੀਵੈ ਅਮਰੁ ਸੋ ਹੋਇ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅੰਮ੍ਰਿਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅੰਮ੍ਰਿਤ ਬਯਣ (ਸੰ.। ਸੰਸਕ੍ਰਿਤ) ੧. ਕੁਰੂਪ। ਭਾਸ਼ਾ*, ਅੰਬ੍ਰਿਤ) ਅੰਮ੍ਰਿਤ ਰੂਪ ਮਿੱਠੇ। ਯਥਾ-‘ਕਹਿ ਮਥੁਰਾ ਅੰਮ੍ਰਿਤ ਬਯਣ’।
----------
* ਡੋਮ ਭਾ. ਵਿਚ ‘ਮ’ ਬਦਲਕੇ ‘ਬ’ ਵਰਤੀਦਾ ਹੈ ਜਿਹਾ ਕੁ- ਅੰਮ੍ਰੀਕ=ਅੰਬ੍ਰੀਕ, ਅੰਮ੍ਰਿਤ=ਅੰਬ੍ਰਿਤ, ਅਮੜਾਵੇ=ਅੰਬੜਾਵੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅੰਮ੍ਰਿਤ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅੰਮ੍ਰਿਤ : ਇਹ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਭਾਵ ਹੈ––ਮੌਤ ਤੋਂ ਬਿਨਾਂ (ਅ+ਮ੍ਰਿਤ) । ਉਹ ਪਦਾਰਥ ਜਿਸ ਦੇ ਪ੍ਰਯੋਗ ਨਾਲ ਅਮਰਤਾ ਪ੍ਰਾਪਤ ਹੋਵੇ, ਉਸਨੂੰ ‘ਅੰਮ੍ਰਿਤ’ ਕਿਹਾ ਜਾਂਦਾ ਹੈ। ‘ਅੰਮ੍ਰਿਤ’ ਸ਼ਬਦ ਦੀ ਵਰਤੋਂ ਰਿਗਵੇਦ ਵਿਚ ਮਿਲਦੀ ਹੈ। ਧਰਤੀ ਨੂੰ ਮ੍ਰਿਤ-ਲੋਕ ਜਾਣ ਦੇ ਸ਼ੁਰੂ ਤੋਂ ਹੀ ਮਨੁੱਖ ਮੌਤ ਉੱਤੇ ਜਿੱਤ ਪ੍ਰਾਪਤ ਕਰਨ ਦਾ ਜਤਨ ਕਰਦਾ ਰਿਹਾ ਹੈ। ਉਹ ਅਜਿਹੇ ਮੰਡਲ ਜਾਂ ਅਜਿਹੀ ਅਵਸਥਾ ਦੀ ਭਾਲ ਵਿਚ ਰਿਹਾ ਹੈ ਜਿੱਥੇ ਉਸ ਦਾ ਜਨਮ-ਮਰਨ ਮਿਟ ਜਾਵੇ ਅਤੇ ਉਹ ਸਦੀਵੀ ਜੀਵਨ ਭੋਗ ਸਕੇ। ਮੁਸਲਮਾਨੀ ਦੇਸ਼ਾਂ ਵਿਚ ਸਿਕੰਦਰ ਅਤੇ ‘ਆਬਿ ਹਯਾਤ’ ਦੀ ਕਹਾਣੀ ਮਸ਼ਹੂਰ ਹੈ। ਭਾਰਤ ਵਿਚ ਵੀ ਅੰਮ੍ਰਿਤ-ਜਲ ਬਾਰੇ ਕਈ ਕਥਾਵਾਂ ਪ੍ਰਸਿੱਧ ਹਨ। ਦੇਵਤਿਆਂ ਅਤੇ ਰਾਖਸ਼ਾਂ ਦੇ ਸਮੁੰਦਰ-ਮੰਥਨ ਸਮੇਂ ਉਸ ਵਿਚੋਂ ਨਿਕਲੇ ਚੌਦਾ ਰਤਨਾਂ ਵਿਚੋਂ ‘ਅੰਮ੍ਰਿਤ’ ਵੀ ਇਕ ਰਤਨ ਸੀ, ਜਿਸ ਨੂੰ ਪੀਣ ਲਈ ਦੇਵਤੇ ਅਤੇ ਰਾਖ਼ਸ਼ ਇੱਕੋ ਸਮੇਂ ਦੌੜੇ ਸਨ। ਇਸਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਵਿਚ ਲੜਾਈ ਹੋਣ ਲੱਗ ਪਈ। ਭਗਵਾਨ ਵਿਸ਼ਨੂੰ ਚਾਹੁੰਦੇ ਸਨ ਕਿ ਕੇਵਲ ਦੇਵਤੇ ਹੀ ਇਸ ਅੰਮ੍ਰਿਤ-ਜਲ ਨੂੰ ਪੀਣ। ਇਸ ਲਈ ਉਨ੍ਹਾਂ ਨੂੰ ‘ਮੋਹਨੀ’ ਦਾ ਅਵਤਾਰ ਧਾਰਨ ਕਰਨਾ ਪਿਆ। ‘ਮੋਹਨੀ’ ਦੀ ਸੁੰਦਰਤਾ ਨੇ ਰਾਖਸ਼ਾਂ ਨੂੰ ਕੀਲ ਲਿਆ ਅਤੇ ਉਹ ਇਸ ਮਹਾਨ ਦਾਤ ਤੋਂ ਵਾਂਝੇ ਰਹਿ ਗਏ। ਫਿਰ ਵੀ ਰਾਹੂ ਵਰਗਾ ਰਾਖਸ਼ ਦੇਵਤੇ ਦੇ ਰੂਪ ਵਿਚ ਇਸ ਨੂੰ ਪੀ ਕੇ ਦੇਵਤਿਆਂ ਵਾਂਗ ਹੀ ਅਮਰ ਹੋ ਗਿਆ।
‘ਅੰਮ੍ਰਿਤ’ ਨੂੰ ਇਕ ਤਰਲ ਪਦਾਰਥ ਮੰਨਿਆ ਗਿਆ ਹੈ ਜਿਸ ਦੀ ਪ੍ਰਾਪਤੀ ਨਾਲ ਜੀਵ ਮੌਤ ਤੋਂ ਛੁਟਕਾਰਾ ਪਾ ਲੈਂਦਾ ਹੈ। ਮੁਰਦਾ ਸਰੀਰਾਂ ਵਿਚ ਅੰਮ੍ਰਿਤ ਦੇ ਛਿੜਕਾਉ ਨਾਲ ਨਵੀਂ ਜ਼ਿੰਦਗੀ ਆ ਜਾਂਦੀ ਹੈ। ਅੰਮ੍ਰਿਤ ਦੇ ਦੋ ਗੁਣ ਮਿਠਾਸ ਅਤੇ ਨਿਰਮਲਤਾ ਹਨ। ਇਹੋ ਕਾਰਨ ਹੈ ਕਿ ਕਈ ਵਾਰੀ ਨਿਰਮਲ ਵਸਤਾਂ (ਜਿਵੇਂ ਕਿ ਦੁੱਧ, ਜਲ, ਘਿਉ, ਸ਼ਹਿਦ ਆਦਿ) ਨੂੰ ਵੀ ਅੰਮ੍ਰਿਤ ਹੀ ਕਹਿ ਦਿੱਤਾ ਜਾਂਦਾ ਹੈ। ਸ਼ੁੱਧ ਅਤੇ ਰਸੀਲੇ ਭੋਜਨ ਨੂੰ ਭੋਗ ਲਾਉਣ ਸਮੇਂ ਵੀ ‘ਅੰਮ੍ਰਿਤ ਕਰੋ’ ਦੀ ਸੂਚਨਾ ਦਿੱਤੀ ਜਾਂਦੀ ਹੈ। ਪਪੀਹੇ ਲਈ ਸਵਾਂਦੀ ਬੂੰਦ ਵੀ ‘ਅੰਮ੍ਰਿਤ’ ਹੀ ਮੰਨੀ ਗਈ ਹੈ। ਪੰਜ ਸ਼ੁੱਧ ਚੀਜ਼ਾਂ ਦੇ ਮਿਲਾਉਣ ਨਾਲ ਪੰਚਾਮ੍ਰਿਤ ਜਾਂ ਕੜਾਹ ਪ੍ਰਸ਼ਾਦ ਤਿਆਰ ਹੋ ਜਾਂਦਾ ਹੈ।
ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ
ਪੰਜਵਾ ਪਾਇਆ ਘਿਰਤੁ॥
ਤਾ ਹੋਆ ਪਾਕੁ ਪਵਿਤੁ॥ (ਆਸਾ ਦੀ ਵਾਰ)
ਚੰਦ੍ਰਮਾ ਅਥਵਾ ਰੋਹਿਨੀ ਤੋਂ ਵੀ ਅੰਮ੍ਰਿਤ ਝਰਦਾ ਦੱਸਿਆ ਜਾਂਦਾ ਹੈ।
ਅੰਮ੍ਰਿਤ ਨੂੰ ‘ਸੁਧਾ’ ਵੀ ਕਿਹਾ ਜਾਂਦਾ ਹੈ। ਇਹ ਦੇਵਤਿਆਂ ਦੇ ਪੀਣ ਦੀ ਵਸਤੂ ਹੈ। ਇਹੋ ਹੀ ਸੋਮ-ਰਸ ਹੈ। ਇਸੇ ਨੂੰ ਹੀ ‘ਨਿਰ-ਜਰ’ ਅਤੇ ਪੀਯੂਖ ਵੀ ਕਿਹਾ ਜਾਂਦਾ ਹੈ। ਇਕ ਵਾਰ ਗਰੁੜ ਨੇ ਦੇਵਤਿਆਂ ਕੋਲੋਂ ਅੰਮ੍ਰਿਤ ਨੂੰ ਚੁਰਾ ਲਿਆ, ਤਾਂ ਜੋ ਉਹ ਇਸ ਨਾਂਲ ਆਪਣੀ ਮਾਂ ਕਦਰੂ ਨੂੰ ਬੰਧਨ-ਮੁਕਤ ਕਰਾ ਸਕੇ। ਇੰਦਰ ਦੇਵਤੇ ਨੂੰ ਇਸ ਚੋਰੀ ਦਾ ਪਤਾ ਲੱਗ ਗਿਆ। ਉਸ ਨੂੰ ਗਰੁੜ ਨਾਲ ਬੜੀ ਸਖ਼ਤ ਲੜਾਈ ਲੜਨੀ ਪਈ ਜਿਸ ਤੋਂ ਭਾਵੇਂ ਉਸ ਨੂੰ ਅੰਮ੍ਰਿਤ ਤਾਂ ਮਿਲ ਗਿਆ ਪਰ ਉਸ ਦਾ ਬਜਰ ਟੋਟੋ ਟੋਟੋ ਹੋ ਗਿਆ।
ਕਿਹਾ ਜਾਂਦਾ ਹੈ ਕਿ ਇਸ ਅੰਮ੍ਰਿਤ ਦਾ ਕੁਝ ਭਾਗ ਪੁਰਾਣੇ ਸਮਿਆਂ ਤੋਂ ਰਾਮਦਾਸਪੁਰ ਦੀ ਇਕ ਛਪੜੀ ਵਿਚ ਪਿਆ ਰਿਹਾ ਅਤੇ ਇਸ ਵਿਚ ਹੀ ਗੁਰੂ ਅਮਰਦਾਸ ਜੀ ਦੇ ਸਮੇਂ ਰਜਨੀ ਦੇ ਪਿੰਗਲੇ ਪਤੀ ਦੇ ਕਾਵਾਂ ਨੂੰ ਹੰਸ ਬਣਦੇ ਵੇਖਿਆ ਅਤੇ ਇਸ ਵਿਚ ਛਾਲ ਮਾਰ ਕੇ ਆਪਣਾ ਕੋਹੜ ਦੂਰ ਕੀਤਾ। ਇਥੇ ਹੀ ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤ ਸਰੋਵਰ ਬਣਾਉਣਾ ਆਰੰਭ ਕੀਤਾ। ਇਹ ਕਾਰਜ ਗੁਰੂ ਅਰਜਨ ਦੇਵ ਜੀ ਦੇ ਸਮੇਂ ਸੰਪੂਰਨ ਹੋਇਆ। ਇਸ ਅੰਮ੍ਰਿਤ-ਸਰੋਵਰ ਦੇ ਦੁਆਲੇ ਜਿਹੜਾ ਸ਼ਹਿਰ ਵਸਿਆ ਉਹ ਹੀ ਅੰਮ੍ਰਿਤਸਰ ਹੈ।
ਭਾਰਤੀ ਰਹੱਸਵਾਦੀਆਂ ਅਤੇ ਅਧਿਆਤਮਵਾਦੀਆਂ ਨੇ ਬਾਹਰਲੀ ਦੁਨੀਆਂ ਦੀ ਥਾਂ ‘ਅੰਮ੍ਰਿਤ’ ਨੂੰ ਸਰੀਰ ਦੇ ਅੰਦਰ ਦੀ ਵਸਤੂ ਮੰਨਿਆ ਹੈ। ਉਨ੍ਹਾਂ ਨੇ ਹਰੀ ਨੂੰ ਹੀ ‘ਅੰਮ੍ਰਿਤ’ ਕਹਿ ਦਿੱਤਾ ਹੈ।
ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥
(ਆਸਾ ਮ. ੪ ਛੰਤ ਘਰੁ ੪)
ਕੰਚਨ-ਵਤ ਕਾਇਆ-ਰੂਪੀ ਕਿਲ੍ਹੇ ਵਿਚ ਅੰਮ੍ਰਿਤ ਪਿਆ ਹੈ ਜਿਸ ਨੂੰ ਜਗਿਆਸੂ ਨੇ ਲੱਭ ਕੇ ਅਮਰ ਪਦਵੀ ਪ੍ਰਾਪਤ ਕਰਨੀ ਹੈ। ਨਾਥ ਸਿੱਧਾਂ ਦੀ ਕਾਇਆ-ਸਾਧਨਾ ਅਨੁਸਾਰ ਸਰਸ੍ਰਾਰ ਚੱਕਰ ਦੇ ਹੇਠਾਂ ਕਰਕੇ ਚੰਦਰਮਾ ਹੈ ਜਿਹੜਾ ਕਿ ਸੋਮ ਅਥਵਾ ਅੰਮ੍ਰਿਤ ਦਾ ਪੁੰਜ ਹੈ। ਪੰਜ-ਭੂਤਕ ਸਰੀਰ ਦਾ ਤੱਤ (ਰਸ) ਚੰਦਰਮਾ ਵਿਚ ਸੋਮ (ਅੰਮ੍ਰਿਤ) ਦੇ ਰੂਪ ਵਿਚ ਇਕੱਠਾ ਹੁੰਦਾ ਹੈ। ਇਹ ਚੰਦਰਮਾ ਤੋਂ ਹੇਠਾਂ ਝਰਦਾ ਹੈ ਜਿਸ ਨੂੰ ਨਾਭਿ-ਕਮਲ ਵਿਚੋਂ ਉਠਦੀ ਸੂਰਜ ਦੀ ਖੈ ਕਰਨ ਵਾਲੀ ਤਪਸ਼ ਸੁਕਾ ਦੇਂਦੀ ਹੈ। ਇਸ ਸੋਕੇ ਦੇ ਕਾਰਨ ਹੀ ਜੀਵਾਂ ਨੂੰ ਮੌਤ ਆਉਂਦੀ ਹੈ। ਇਸ ਲਈ ਸੋਮ (ਅੰਮ੍ਰਿਤ) ਨੂੰ ਸੂਰਜ ਦੀ ਤਪਸ਼ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਚੰਦਰਮਾ ਤੋਂ ਹੇਠਾਂ ਇਕ ਵਲਦਾਰ ਨਾੜੀ ਤਾਲੂ ਦੀ ਖੋਖ ਤਕ ਆਉਂਦੀ ਹੈ, ਜਿਸ ਨੂੰ ਬੰਕ ਨਾਲ (ਨਾੜ) ਜਾਂ ਸੰਖਨੀ ਕਿਹਾ ਜਾਂਦਾ ਹੈ। ਇਸ ਨਾੜੀ ਦੇ ਮੂੰਹ ਵਿਚੋਂ ਚੰਦਰਮਾ ਵਿਚੋਂ ਆਉਂਦਾ ਸੋਮ-ਰਸ ਝਰਦਾ ਹੈ, ਇਸ ਮੂੰਹ ਨੂੰ ਹੀ ਦਸਮ ਦੁਆਰ ਕਹਿੰਦੇ ਹਨ। ਇਸ ਮੂੰਹ ਨੂੰ ਬੰਦ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਸੂਰਜ ਅਥਵਾ ਕਾਲ ਇਸ ਖ਼ਜ਼ਾਨੇ ਨੂੰ ਲੁੱਟ ਲਵੇਗਾ। ਸੂਰਜ ਤੋਂ ਇਸ ਸੋਮ ਅੰਮ੍ਰਿਤ ਨੂੰ ਕਿਵੇਂ ਬਚਾਇਆ ਜਾਏ ? ਜੀਭ ਨੂੰ ਪਿੱਛੇ ਵੱਲ ਮੋੜ ਕੇ ਤਾਲੂ ਦੇ ਖੋਖ ਵਿਚਲੇ ਦਸਮ-ਦੁਆਰ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਨਜ਼ਰ ਭਰਵੱਟਿਆਂ ਵਿਚ ਜਮਾਉਣੀ ਚਾਹੀਦੀ ਹੈ। ਕੇਵਲ ਇਸ ਤਰ੍ਹਾਂ ਹੀ ਅੰਮ੍ਰਿਤ ਨੂੰ ਬਚਾਇਆ ਜਾ ਸਕਦਾ ਹੈ ਅਤੇ ਇਹ ਜਗਿਆਸੂ ਦਾ ਆਧਾਰ ਬਣਦਾ ਹੈ। ਸਾਡੇ ਭਗਤੀ-ਕਾਵਿ ਵਿਚ ਇਸ ਅੰਮ੍ਰਿਤ-ਪ੍ਰਵਾਹ ਦਾ ਜ਼ਿਕਰ ਇਉਂ ਆਉਂਦਾ ਹੈ :––
1. ਨਿਝਰ ਧਾਰ ਚੁਐ ਅਤਿ ਨਿਰਮਲ
ਇਹ ਰਸ ਮਨੂਆ ਰਾਤੋ ਰੇ।
(ਰਾਮਕਲੀ ਕਬੀਰ)
2. ਅੰਮ੍ਰਿਤ ਰਸੁ ਸਤਿਗੁਰੂ ਚੁਆਇਆ ॥
ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥
ਤਹ ਅਨਹਦ ਸਬਦ ਵਜਹਿ
ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥
(ਮਾਰੂ ਸੋਲਹੇ ਮ. ੪)
ਭਾਵੇਂ ਭਗਤ-ਕਵੀਆਂ ਨੇ ਉਪਰੋਕਤ ਕਾਇਆ-ਸਾਧਨਾ ਦਾ ਜ਼ਿਕਰ ਕੀਤਾ ਹੈ, ਪਰ ਉਨ੍ਹਾਂ ਦਾ ਮਾਰਗ ਹੱਠ-ਮਾਰਗ ਨਹੀਂ, ਨਾਮ-ਮਾਰਗ ਹੈ। ਇਸ ਲਈ ਉਨ੍ਹਾਂ ਨੇ ਨਾਮ ਨੂੰ ਹੀ ‘ਅੰਮ੍ਰਿਤ’ ਕਿਹਾ ਹੈ। ਇਸ ਅੰਮ੍ਰਿਤ ਦਾ ਆਨੰਦ ਮਾਣਦਿਆਂ ਹੀ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਸਾਧਨ ਨੂੰ ਹੱਠ-ਯੋਗ ਦੇ ਉਲਟ, ਸੁਰਤ-ਸ਼ਬਦ-ਯੋਗ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਇਸ ਅੰਮ੍ਰਿਤ ਸਬੰਧੀ ਲਿਖਦੇ ਹਨ :––
1. ਬਾਬਾ ਜੁਗਤਾ ਜੀਉ ਜੁਗਹ ਜੁਗ
ਜੋਗੀ ਪਰਮਤੰਤ ਮਹਿ ਜੋਗੰ।
ਅੰਮ੍ਰਿਤ ਨਾਮੁ ਨਿਰੰਜਨ ਪਾਇਆ
ਗਿਆਨ ਕਾਇਆ ਰਸ ਭੋਗੰ।
(ਆਸਾ ਮਹਲਾ ੧)
2. ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ
ਸੋ ਅੰਮ੍ਰਿਤੁ ਗੁਰ ਪਾਹੀ ਜੀਉ।
ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ।
ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ।
ਬਾਹਰਿ ਢੂਢਤੁ ਬਹੁਤ ਦੁਖੁ ਪਾਵਹਿ
ਘਰਿ ਅੰਮ੍ਰਿਤੁ ਘਟ ਮਾਹੀ ਜੀਉ।
(ਸੋਰਠਿ ਮਹਲਾ ੧)
ਅੰਮ੍ਰਿਤ ਨੂੰ ਪਾਹਲੁ ਵੀ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰੂ-ਘਰ ਵਿਚ ਚਰਨ-ਪਾਹੁਲ (ਚਰਨਾਮ੍ਰਿਤ) ਦੀ ਰੀਤ ਪ੍ਰਚਲਤ ਸੀ ; ਉਨ੍ਹਾਂ ਨੇ ‘ਖੰਡੇ ਦੀ ਪਾਹੁਲ’ ਦੀ ਰੀਤ ਚਲਾਈ। ਇਕ ਬਾਟੇ ਵਿਚ ਜਲ ਅਤੇ ਪਤਾਸੇ ਮਿਲਾਏ ਗਏ ਅਤੇ ਉਨ੍ਹਾਂ ਨੂੰ ਖੰਡੇ ਨਾਲ ਹਿਲਾਇਆ ਗਿਆ, ਨਾਲ ਨਾਲ ਗੁਰੂ ਬਾਣੀ ਦਾ ਪਾਠ ਕੀਤਾ ਗਿਆ। ਇੰਜ ਤਿਆਰ ਹੋਏ ਅੰਮ੍ਰਿਤ ਦੇ ਬਾਟੇ ਵਿਚੋਂ ਪਹਿਲਾਂ ਅੰਮ੍ਰਿਤ ‘ਪੰਜਾਂ ਪਿਆਰਿਆਂ’ ਨੂੰ ਛਕਾਇਆ ਗਿਆ ਅਤੇ ਮਗਰੋਂ ਗੁਰੂ ਜੀ ਨੇ ਆਪ ਛਕਿਆ। ਇਸ ਅੰਮ੍ਰਿਤ ਨੇ ਸਿੱਖਾਂ ਨੂੰ ‘ਸਿੰਘ’ ਬਣਾ ਦਿੱਤਾ, ਚਿੜੀਆਂ ਨੂੰ ਬਾਜਾਂ ਨਾਲ ਲੜਨ ਦੀ ਸਮਰੱਥਾ ਦਿੱਤੀ। ਇਹ ਅੰਮ੍ਰਿਤ ਗੁਰਮਤਿ ਅਨੁਸਾਰ ਦੱਸੇ ਨਾਮ ਰੂਪੀ ਅੰਮ੍ਰਿਤ ਦਾ ਹੀ ਆਵੇਸ਼ ਹੈ। ਇਸ ਅੰਮ੍ਰਿਤ ਨੇ ਸਿੱਖਾਂ ਨੂੰ ਇਕ ਤਕੜੀ ਜਥੇਬੰਦੀ ਵਿਚ ਬੰਨ੍ਹ ਦਿੱਤਾ, ਜਿਸ ਨੂੰ ਖ਼ਾਲਸਾ ਕਿਹਾ ਜਾਂਦਾ ਹੈ। ਖ਼ਾਲਸਾ ਬਣਨ ਲਈ ਅੰਮ੍ਰਿਤ-ਧਾਰੀ ਹੋਣਾ ਜ਼ਰੂਰੀ ਹੈ। ਅੰਮ੍ਰਿਤ ਛਕਾਣ ਦੀ ਰੀਤਿ ‘ਪੰਜ ਪਿਆਰੇ’ ਨਿਭਾਉਂਦੇ ਹਨ, ਜਿਨ੍ਹਾਂ ਨੂੰ ਸਾਧ ਸੰਗਤ ਵਿਚੋਂ ਚੁਣਿਆ ਜਾਂਦਾ ਹੈ। ਉਹ ਅੰਮ੍ਰਿਤ-ਧਾਰੀ ਅਤੇ ਅਮਲੀ ਜੀਵਨ ਵਾਲੇ ਗੁਰਸਿੱਖ ਹੁੰਦੇ ਹਨ। ਇਨ੍ਹਾਂ ਪੰਜਾਂ ਵਿਚ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਿਆ ਜਾਂਦਾ ਹੈ।
ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no
ਅੰਮ੍ਰਿਤ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅੰਮ੍ਰਿਤ : ਅੰਮ੍ਰਿਤ ਇਕ ਪੀਣ ਯੋਗ ਪਦਾਰਥ ਹੈ, ਜਿਸ ਨੂੰ ਪੀਣ ਵਾਲਾ ਅਮਰ ਹੋ ਜਾਂਦਾ ਹੈ, ਅਰਥਾਤ ਮੌਤ ਉਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਵੇਦਾਂ ਵਿਚ ਇਸ ਸ਼ਬਦ ਦਾ ਪ੍ਰਯੋਗ ਹੋਮ ਵਿਚ ਸਮਰਪਣ ਕੀਤੀਆਂ ਜਾਣ ਵਾਲੀਆਂ ਵੱਖ ਵੱਖ ਵਸਤੂਆਂ ਲਈ ਵਿਸ਼ੇਸ਼ਕਰ ਸੋਮ ਰਸ ਦੇ ਸੰਬੰਧ ਵਿਚ, ਕੀਤਾ ਹੋਇਆ ਮਿਲਦਾ ਹੈ। ਇਸ ਨੂੰ ਨਿਰਜਰ ਅਤੇ ਪਿਯੂਸ਼ ਵੀ ਆਖਿਆ ਗਿਆ ਹੈ। ਰਾਮਾਇਣ, ਮਹਾਭਾਰਤ ਅਤੇ ਪੁਰਾਣਾਂ ਦੀਆਂ ਕਥਾਵਾਂ ਵਿਚ ਖ਼ਾਸ ਤੌਰ ਤੇ ਵਿਸ਼ਨੂੰ ਪੁਰਾਣ ਵਿਚ ਅੰਮ੍ਰਿਤ ਦਾ ਉਸ ਕਥਾ ਵਿਚ ਜ਼ਿਕਰ ਆਉਂਦਾ ਹੈ ਜਦ ਦੇਵਤਿਆਂ ਅਤੇ ਦੈਂਤਾਂ ਨੇ ਰਲ ਕੇ ਸੁਮੇਰ ਪਰਬਤ ਨੂੰ ਮਧਾਣੀ ਅਤੇ ਸ਼ੇਸ਼ ਨਾਗ ਨੂੰ ਨੇਤਰਾ ਬਣਾ ਕੇ ਸਮੁੰਦਰ–ਮੰਥਨ ਕੀਤਾ। ਹੋਰ ਤੇਰ੍ਹਾਂ ਰਤਨਾਂ ਤੋਂ ਛੁੱਟ ਅੰਮ੍ਰਿਤ ਵੀ ਇਸ ਮੰਥਨ–ਕਾਰਜ ਦੀ ਉਪਜ ਸੀ ਜਿਸ ਨੂੰ ਪੀ ਕੇ ਦੇਵਤੇ ਅਮਰ ਹੋ ਗਏ। ਮੱਧਕਾਲ ਦੀ ਤਾਂਤ੍ਰਿਕ ਪਰੰਪਰਾ ਵਿਚ ਨਿਰੰਤਰ ਅਜਿਹੀ ਵਸਤੂ ਦੀ ਖੋਜ ਹੁੰਦੀ ਰਹੀ ਹੈ ਜਿਹੜੀ ਮਨੁੱਖ ਨੂੰ ਅਮਰ ਬਣਾ ਦੇਵੇ। ਤਾਂਤ੍ਰਿਕ ਅਤੇ ਹਠਯੋਗੀਆਂ ਦੀ ਵਾਰੁਣੀ ਸਾਧਨਾ ਤੇ ਪ੍ਰਾਪਤੀ ਇਸੇ ਅੰਮ੍ਰਿਤ ਦਾ ਪ੍ਰਤੀਕ ਹੈ ਜਿਸ ਨੂੰ ਉਨ੍ਹਾਂ ਨੇ ਮਹਾ ਸੁਖ ਜਾਂ ਸਹਿਜਰੂਪੀ ਅੰਮ੍ਰਿਤ ਮੰਨਿਆ। ਇਸ ਸਾਧਨ ਵਿਚ ਚੰਦ ਤੋਂ ਜਿਹੜਾ ਅੰਮ੍ਰਿਤ ਝਰਦਾ ਹੈ ਉਹ ਵਾਸਤਵਿਕ ਅੰਮ੍ਰਿਤ ਹੈ। ਸੰਤਾਂ ਨੇ ਤਾਂਤ੍ਰਿਕਾਂ ਦੇ ਵਾਰੁਣੀ ਅੰਮ੍ਰਿਤ ਦੀ ਨਿਖੇਧੀ ਕੀਤੀ ਹੈ ਅਤੇ ਰਾਮ ਭਗਤੀ ਨੂੰ ਹੀ ਅੰਮ੍ਰਿਤ ਮੰਨਿਆ ਹੈ ਜਿਸ ਨੂੰ ਉਹ ਰਾਮ–ਰਸਾਇਣ ਕਹਿੰਦੇ ਸਨ। ਸ਼ਾਕਤ ਇਸ ਵਾਸਤਵਿਕ ਅੰਮ੍ਰਿਤ ਤੋਂ ਅਪਰਿਚਿਤ ਹਨ ਅਤੇ ਮਿਰਤੂ ਤੇ ਭਾਗੀ ਹਨ, ਪਰੰਤੂ ਸੰਤ ਅਮਰ ਹਨ:
ਸਾਕਤ ਮਰੈ ਸੰਤ ਸਭੁ ਜੀਵਹਿੰ, ਰਾਮ ਰਸਾਇਣ ਰਸਨਾ ਪੀਵਹਿੰ। ––(ਕਬੀਰ)
ਗੁਰਮਤਿ ਵਿਚ ਕਰਤਾਰ ਤੇ ਨਾਮ ਦਾ ਰਹੱਸ ਅਤੇ ਆਤਮ ਗਿਆਨ ਹੀ ਅੰਮ੍ਰਿਤ ਮੰਨਿਆ ਗਿਆ ਹੈ ਜਿਸ ਤੋਂ ਸਦ ਜੀਵਨ ਪ੍ਰਾਪਤ ਹੁੰਦਾ ਹੈ।
ਅਪਨੇ ਗੁਰੁ ਮਿਲਿ ਰਹੀਐ ਅੰਮ੍ਰਿਤ ਗਹੀਐ, ਦੁਬਿਧਾ ਮਾਰਿ ਨਿਵਾਰੇ। –(ਗਉੜੀ ਪੂਰਬੀ ਛੰਡ ਮ. ੩)
ਅੰਮ੍ਰਿਤ ਹਰ ਹਰ ਨਾਮੁ ਹੈ, ਮੇਰੀ ਜਿੰਦੜੀਏ!
ਅੰਮ੍ਰਿਤ ਗੁਰ ਮਤਿ ਪਾਏ ਰਾਮ।
ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੜੀਏ!
ਹਰਿ ਅੰਮ੍ਰਿਤ ਬਿਖ ਲਹਿ ਜਾਏ ਰਾਮ। –(ਬਿਹਾਗੜਾ ਮ. ਪ.)
ਬਿਨੁ ਸਬਦੇ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ।
ਅੰਮ੍ਰਿਤ ਏਕੋ ਸਬਦੁ ਹੈ, ਨਾਨਕ ਗੁਰਮੁਖਿ ਪਾਇਆ। –(ਵਾਰ ਸੋਰਠਿ ਮ.੩)
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ
ਨਾਨਕ ਅੰਮ੍ਰਿਤ ਏਕੁ ਹੈ ਦੂਜਾ ਅੰਮ੍ਰਿਤ ਨਾਹਿ। –(ਰਾਗ ਸਾਰੰਗ ਮ. ੨)
ਗੁਰੂ ਦਸਮੇਸ਼ ਨੇ ਆਪਣੇ ਵੀਰਾਂ ਨੂੰ ਪਵਿੱਤਰ ਜਲ ਛਕਾ ਕੇ ਸਿੰਘ ਬਣਾਇਆ ਅਤੇ ਉਸ ਪਵਿੱਤਰ ਜਲ ਨੂੰ ਅੰਮ੍ਰਿਤ ਆਖਿਆ। ਦਸਮੇਸ਼ ਦਾ ਬਖਸ਼ਿਆ ਇਹ ਅੰਮ੍ਰਿਤ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ। (ਵੇਖੋ ‘ਅੰਮ੍ਰਿਤ ਸੰਸਕਾਰ’)।
ਘਿਉ, ਦੁੱਧ, ਧਨ, ਮੁਕਤੀ, ਸੁਆਦਦਾਇਕ ਰਸ, ਦੇਵਤਾ, ਆਤਮਾ, ਪਾਰਾ, ਅਨਾਜ, ਰਸਦਾਇਕ ਭੋਜਨ, ਰੋਗ ਨਾਸ਼ਕ ਦਵਾ, ਸੁੰਦਰ, ਪਿਆਰਾ ਆਦਿ ਲਈ ਵੀ ਅੰਮ੍ਰਿਤ ਸ਼ਬਦ ਵਰਤਿਆ ਜਾਂਦਾ ਹੈ।
(ਵੇਖੋ ‘ਛੱਤੀ ਅੰਮ੍ਰਿਤ’)
ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no
ਅੰਮ੍ਰਿਤ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅੰਮ੍ਰਿਤ : ਇਹ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਮੌਤ ਤੋਂ ਰਹਿਤ (ਅ+ਮ੍ਰਿਤ) । ਉਹ ਪਦਾਰਥ ਜਿਸ ਦੇ ਪ੍ਰਯੋਗ ਨਾਲ ਵਿਅਕਤੀ ਅਮਰ ਹੋ ਜਾਵੇ ਉਸ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ। ਇਸ ਸ਼ਬਦ ਦਾ ਪ੍ਰਯੋਗ ਰਿਗ ਵੇਦ ਵਿਚ ਵੀ ਮਿਲਦਾ ਹੈ। ਧਰਤੀ ਤੇ ਰਹਿਣ ਵਾਲੇ ਸਾਰੇ ਪ੍ਰਾਣੀਆਂ ਦਾ ਅੰਤ ਮੌਤ ਹੈ। ਇਸ ਲਈ ਇਸ ਧਰਤੀ ਨੂੰ ਮ੍ਰਿਤ ਲੋਕ ਕਿਹਾ ਜਾਂਦਾ ਹੈ ਪਰ ਮਨੁੱਖ ਵਿਚ ਸਦਾ ਇਹ ਲਾਲਸਾ ਰਹੀ ਹੈ ਕਿ ਕੋਈ ਅਜਿਹੀ ਵਸਤੂ ਮਿਲ ਜਾਵੇ ਜਿਸ ਕਾਰਨ ਮੌਤ ਤੋਂ ਛੁਟਕਾਰਾ ਪ੍ਰਾਪਤ ਕਰ ਕੇ ਉਹ ਸਦੀਵੀ ਜੀਵਨ ਭੋਗ ਸਕੇ।
ਅੰਮ੍ਰਿਤ ਉਸ ਪਦਾਰਥ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਸੇਵਨ ਕਰਨ ਵਾਲਾ ਵਿਅਕਤੀ ਅਮਰ ਹੋ ਜਾਂਦਾ ਹੈ। ਵੇਦਾਂ ਵਿਚ ਇਸ ਸ਼ਬਦ ਦਾ ਪ੍ਰਯੋਗ ਸੋਮਰਸ ਦੇ ਸਬੰਧ ਵਿਚ ਵੀ ਆਇਆ ਹੈ। ਵਿਸ਼ਣੂ ਪੁਰਾਣ ਦੀ ਇਕ ਕਥਾ ਅਨੁਸਾਰ ਦੇਵਤਿਆਂ ਅਤੇ ਰਾਖਸ਼ਾਂ ਦੇ ਸਮੁੰਦਰ-ਮੰਥਨ ਸਮੇਂ ਉਸ ਵਿਚੋਂ ਨਿਕਲੇ ਚੌਦਾਂ ਰਤਨਾਂ ਵਿਚੋਂ ਅੰਮ੍ਰਿਤ ਵੀ ਇਕ ਰਤਨ ਸੀ। ਇਹ ਅੰਮ੍ਰਿਤ ਇਕ ਘੜੇ ਵਿਚ ਬੰਦ ਸੀ। ਇਸ ਘੜੇ ਨੂੰ ਕੁੰਭ ਕਿਹਾ ਜਾਂਦਾ ਹੈ। ਅੰਮ੍ਰਿਤ ਨੂੰ ਇੰਨਾ ਮਹੱਤਵਪੂਰਨ ਪਦਾਰਥ ਸਮਝਿਆ ਗਿਆ ਕਿ ਦੇਵਤੇ ਅਤੇ ਦੈਂਤ ਆਪਸ ਵਿਚ ਲੜ ਪਏ। ਲੜਾਈ ਝਗੜੇ ਅਤੇ ਖੋਹ ਖਿੰਝ ਵਿਚ ਅੰਮ੍ਰਿਤ ਦਾ ਭਰਿਆ ਘੜਾ ਛਲਕਿਆ ਅਤੇ ਕੁਝ ਬੂੰਦਾਂ ਇਸ ਧਰਤੀ ਉੱਤੇ ਵੀ ਡਿਗੀਆਂ । ਕਿਹਾ ਜਾਂਦਾ ਹੈ ਕਿ ਇਸ ਅੰਮ੍ਰਿਤ ਦਾ ਕੁਝ ਭਾਗ ਪੁਰਾਣੇ ਸਮੇਂ ਤੋਂ ਰਾਮਦਾਸਪੁਰ ਦੀ ਇਕ ਛਪੜੀ ਵਿਚ ਪਿਆ ਰਿਹਾ ਅਤੇ ਇਸ ਵਿਚ ਗੁਰੂ ਅਮਰਦਾਸ ਜੀ ਦੇ ਸਮੇਂ ਰਜਨੀ ਦੇ ਪਿੰਗਲੇ ਪਤੀ ਨੇ ਕਾਵਾਂ ਨੁੰ ਹੰਸ ਬਣਦੇ ਵੇਖਿਆ ਅਤੇ ਇਸ ਵਿਚ ਛਾਲ ਮਾਰ ਕੇ ਆਪਣਾ ਕੋਹੜ ਦੂਰ ਕੀਤਾ। ਇਥੇ ਹੀ ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤ ਸਰੋਵਰ ਬਣਾਉਣਾ ਆਰੰਭ ਕੀਤਾ। ਇਹ ਕਾਰਜ ਗੁਰੂ ਅਰਜਨ ਦੇਵ ਜੀ ਦੇ ਸਮੇਂ ਸੰਪੂਰਨ ਹੋਇਆ। ਇਸ ਅੰਮ੍ਰਿਤ-ਸਰੋਵਰ ਦੇ ਦੁਆਲੇ ਜਿਹੜਾ ਸ਼ਹਿਰ ਵਸਿਆ ਉਹ ਹੀ ਅੰਮ੍ਰਿਤਸਰ ਹੈ।
ਭਾਰਤੀ ਰਹੱਸਵਾਦੀਆਂ ਅਤੇ ਅਧਿਆਤਮਵਾਦੀਆਂ ਨੇ ਬਾਹਰਲੀ ਦੁਨੀਆਂ ਦੀ ਥਾਂ 'ਅੰਮ੍ਰਿਤ' ਨੂੰ ਸਰੀਰ ਦੇ ਅੰਦਰ ਦੀ ਵਸਤੂ ਮੰਨਿਆ ਹੈ। ਉਨ੍ਹਾਂ ਨੇ ਹਰੀ ਨੂੰ ਹੀ ਅੰਮ੍ਰਿਤ ਕਹਿ ਦਿਤਾ ਹੈ–
ਕੰਚਨ ਕਾਇਆ ਕੋਟ ਗੜ ਹਰਿ ਹਰਿ ਸਿਧਾ ǁ
ਕੰਚਨ-ਵਤ ਕਾਇਆ ਰੂਪੀ ਕਿਲੇ ਵਿਚ ਅੰਮ੍ਰਿਤ ਪਿਆ ਹੈ ਜਿਸ ਨੂੰ ਜਗਿਆਸੂ ਨੇ ਲੱਭ ਕੇ ਅਮਰ ਪਦਵੀ ਪ੍ਰਾਪਤ ਕਰਨੀ ਹੈ। ਨਾਥ ਸਿੱਧਾਂ ਦੀ ਕਾਇਆ ਸਾਧਨਾ ਅਨੁਸਾਰ ਸਹਸ੍ਰਾਹ ਚੱਕਰ ਦੇ ਹੇਠਾਂ ਕਰਕੇ ਚੰਦਰਮਾ ਹੈ ਜਿਹੜਾ ਕਿ ਸੋਮ ਅਥਵਾ ਅੰਮ੍ਰਿਤ ਦਾ ਪੁੰਜ ਹੈ। ਪੰਜ-ਭੂਤਕ ਸਰੀਰ ਦਾ ਤੱਤ (ਰਸ) ਚੰਦਰਮਾ ਵਿਚ ਸੋਮ (ਅੰਮ੍ਰਿਤ) ਦੇ ਰੂਪ ਵਿਚ ਇਕੱਠਾ ਹੁੰਦਾ ਹੈ। ਇਹ ਸੋਮ ਸਰੀਰ ਨੂੰ ਸਦਾ ਜਵਾਨੀ ਬਖਸ਼ ਕੇ ਅਮਰ ਬਣਾ ਸਕਦਾ ਹੈ। ਇਹ ਚੰਦਰਮਾ ਤੋਂ ਹੇਠਾਂ ਝਰਦਾ ਹੈ ਜਿਸ ਨੂੰ ਨਾਭਿ ਕਮਲ ਵਿਚ ਉਠਦੀ ਸੂਰਜ ਦੀ ਤਪਸ਼ ਸੁਕਾ ਦੇਂਦੀ ਹੈ। ਇਸ ਸੋਕੇ ਦੇ ਕਾਰਨ ਹੀ ਜੀਵਾਂ ਨੂੰ ਮੌਤ ਆਉਂਦੀ ਹੈ। ਇਸ ਲਈ ਸੋਮ (ਅੰਮ੍ਰਿਤ) ਨੂੰ ਸੂਰਜ ਦੀ ਤਪਸ਼ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ।
ਸਾਮੀ ਧਰਮ ਦੇ ਗ੍ਰੰਥਾਂ ਵਿਚ ਵੀ ਅਜਿਹੇ ਪਵਿੱਤਰ ਜਲ ਦਾ ਜ਼ਿਕਰ ਆਉਂਦਾ ਹੈ ਜਿਸ ਨੂੰ ਆਬਿ-ਹਯਾਤ ਭਾਵ ਜ਼ਿੰਦਗੀ ਦੇਣ ਵਾਲਾ ਪਾਣੀ ਕਿਹਾ ਜਾਂਦਾ ਹੈ। ਪ੍ਰਾਚੀਨ ਤਾਂਤ੍ਰਿਕ ਮਤ ਤੇ ਯੋਗ ਮਤ ਅਨੁਸਾਰ ਮਨੁੱਖ ਦੇ ਅੰਦਰ ਹੀ ਇਕ ਅੰਮ੍ਰਿਤ ਦਾ ਸਰੋਵਰ ਹੈ ਜਿਸ ਨੂੰ ਪ੍ਰਾਣਯਾਮ ਤੇ ਹੋਰ ਸਾਧਨਾ ਦੁਆਰਾ 'ਕੁੰਡਲਨੀ' ਦੇ ਖੁੱਲ੍ਹਣ ਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦਾ ਟਿਕਾਣਾ ਦਸਮ ਦੁਆਰ ਮੰਨਿਆ ਜਾਂਦਾ ਹੈ। ਇਥੋਂ ਅੰਮ੍ਰਿਤ ਚੋਂਦਾ ਹੈ। ਯੋਗੀ ਮੰਨਦੇ ਹਨ ਕਿ ਇਸ ਅੰਮ੍ਰਿਤ ਦਾ ਪਾਨ ਕਰਨ ਵਾਲਾ ਅਮਰ ਹੋ ਜਾਂਦਾ ਹੈ।
ਭਗਤੀ ਕਾਵਿ ਅਤੇ ਗੁਰਮਤਿ ਕਾਵਿ ਧਾਰਾ ਵਿਚ ਅਮਰਤਾ ਦੇਣ ਵਾਲੀ ਸ਼ਕਤੀ 'ਨਾਮ' ਨੂੰ ਮੰਨਿਆ ਗਿਆ ਹੈ। ਇਸ ਕਰ ਕੇ ਗੁਰਬਾਣੀ ਵਿਚ ਕਈ ਥਾਵਾਂ ਤੇ ਜ਼ਿਕਰ ਆਇਆ ਹੈ ਕਿ ਨਾਮ ਹੀ ਅੰਮ੍ਰਿਤ ਹੈ ਅਤੇ ਇਸ ਦੁਆਰਾ ਹੀ ਅਮਰਤਾ ਹਾਸਲ ਕੀਤੀ ਜਾ ਸਕਦੀ ਹੈ। ਬਾਣੀ ਜਾਂ ਸ਼ਬਦ ਨੂੰ ਗੁਰੂ ਦਸਦਿਆਂ ਉਸ ਨੂੰ ਅੰਮ੍ਰਿਤ ਜਾਂ ਉਸ ਵਿਚੋਂ ਅੰਮ੍ਰਿਤ ਦੀ ਪ੍ਰਾਪਤੀ ਦੱਸੀ ਗਈ ਹੈ–
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ǁ
ਇਥੇ ਇਹ ਵੀ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਗੁਰਮਤਿ ਕਾਵਿ ਵਿਚ ਇਹ ਅੰਮ੍ਰਿਤ ਸਰੀਰਕ ਅਮਰਤਾ ਪ੍ਰਾਪਤ ਕਰਨ ਲਈ ਪ੍ਰਯੋਗ ਨਹੀਂ ਕੀਤਾ ਗਿਆ। ਸਰੀਰ ਤਾਂ ਨਾਸ਼ਮਾਨ ਹੈ। ਸਰੀਰਕ ਤੌਰ ਤੇ ਸਭ ਨੇ ਮਰਨਾ ਹੈ ਭਾਵੇਂ ਉਹ ਦੇਵਤਾ ਹੋਵੇ ਭਾਵੇਂ ਪੈਗੰਬਰ ਤੇ ਭਾਵੇਂ ਗੁਰੂ। ਫਿਰ ਅੰਮ੍ਰਿਤ ਦਾ ਕੀ ਪ੍ਰਯੋਜਨ ਹੈ ? ਸਰੀਰ ਵਿਚ 'ਮਨ' ਹੈ ਜਿਸ ਨੂੰ ਅੰਮ੍ਰਿਤ ਦੀ ਲੋੜ ਹੈ। ਇਸ ਮਨ ਦੀ ਕਮਜ਼ੋਰੀ ਕਾਰਨ ਮਨੁੱਖ ਜੀਵਨ ਨੂੰ ਸਾਰਥਕ ਢੰਗ ਨਾਲ ਨਹੀਂ ਜਾ ਸਕਦਾ। ਇਸ ਲਈ ਮਨ ਨੂੰ ਸਥਿਰ ਕਰਨ ਵਾਸਤੇ ਨਾਮ ਰੂਪੀ ਅੰਮ੍ਰਿਤ ਪੀਣ ਲਈ ਕਿਹਾ ਗਿਆ ਹੈ।
ਅੰਮ੍ਰਿਤ ਨੂੰ ਪਾਹੁਲ ਵੀ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰੂ-ਘਰ ਵਿਚ ਚਰਨ-ਪਾਹੁਲ (ਚਰਨਾਮ੍ਰਿਤ) ਦੀ ਰੀਤ ਪ੍ਰਚਲਿਤ ਸੀ। ਉਨ੍ਹਾਂ ਨੇ ਖੰਡੇ ਦੀ ਪਾਹੁਲ ਦੀ ਰੀਤ ਚਲਾਈ (ਵੇਖੋ: ਅੰਮ੍ਰਿਤ ਸੰਸਕਾਰ) । ਗੁਰੂ ਸਾਹਿਬ ਨੇ ਅੰਮ੍ਰਿਤ ਤਿਆਰ ਕਰਵਾ ਕੇ ਪਹਿਲਾਂ 'ਪੰਜ ਪਿਆਰਿਆਂ ਨੂੰ ਛਕਾਇਆ ਅਤੇ ਮਗਰੋਂ ਗੁਰੂ ਜੀ ਨੇ ਉਨ੍ਹਾਂ ਤੋਂ ਆਪ ਅੰਮ੍ਰਿਤ ਛਕਿਆ। ਇਸ ਅੰਮ੍ਰਿਤ ਨੇ ਸਿੱਖਾਂ ਨੂੰ 'ਸਿੰਘ ਬਣਾ ਦਿੱਤਾ। ਚਿੜੀਆਂ ਨੂੰ ਬਾਜ਼ਾਂ ਨਾਲ ਲੜਨ ਦੀ ਸਮੱਰਥਾਂ ਦਿਤੀ। ਇਸ ਅੰਮ੍ਰਿਤ ਨੇ ਸਿੱਖਾਂ ਨੂੰ ਇਕ ਤਕੜੀ ਜਥੇਬੰਦੀ ਵਿਚ ਬੰਨ੍ਹ ਦਿਤਾ ਜਿਸ ਨੂੰ ਖ਼ਾਲਸਾ ਕਿਹਾ ਜਾਂਦਾ ਹੈ। ਖ਼ਾਲਸਾ ਬਣਨ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ।
ਪੀਓ ਰਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ ǁ
(ਭਾਈ ਗੁਰਦਾਸ ਦੂਜਾ)
ਲੇਖਕ : ਡਾ. ਜਾਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11176, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-01-10-49, ਹਵਾਲੇ/ਟਿੱਪਣੀਆਂ:
ਅੰਮ੍ਰਿਤ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅੰਮ੍ਰਿਤ (ਵੀ. ਚ.) : ਇਸ ਸੂਰਬੀਰ ਦਾ ਜਨਮ 30 ਮਈ, 1949 ਨੂੰ ਜ਼ਿਲ੍ਹਾ ਜੀਂਦ (ਹਰਿਆਣਾ) ਦੇ ਪਿੰਡ ਉਠਾਣਾ ਵਿਖੇ ਸ੍ਰੀ ਬਸੰਤਾ ਰਾਮ ਦੇ ਘਰ ਹੋਇਆ। ਇਹ 30 ਮਈ, 1967 ਨੂੰ 4 ਗ੍ਰੇਨੇਡਿਅਰਜ਼ ਵਿਚ ਬਤੌਰ ਗ੍ਰੇਨੇਡਿਅਰ ਭਰਤੀ ਹੋਇਆ।
ਸੰਨ 1971 ਦੀ ਭਾਰਤ-ਪਾਕਿ ਜੰਗ ਸਮੇਂ ਗਰਨੇਡਿਅਰਜ਼ ਦੀ ਇਕ ਕੰਪਨੀ ਨੂੰ ਸ਼ੱਕਰਗੜ੍ਹ ਖੇਤਰ ਵਿਚ ਦੁਸ਼ਮਣ ਦੇ ਮੋਰਚਿਆਂ ਦੀ ਸੂਹ ਲੈਣ ਦਾ ਕੰਮ ਸੰਭਾਲਿਆ ਗਿਆ ਸੀ। ਜਦੋਂ ਇਹ ਆਪਣੇ ਚਾਰ ਜਵਾਨਾਂ ਸਮੇਤ ਇਕ ਪਿੰਡ ਵਿਚ ਦੁਸ਼ਮਣ ਦੇ ਘੇਰੇ ਵਿਚ ਆ ਗਿਆ ਤਾਂ ਇਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦੁਸ਼ਮਣ ਉੱਤੇ ਧਾਵਾ ਬੋਲ ਦਿਤਾ ਅਤੇ ਉਸ ਦੇ ਤਿੰਨ ਜਵਾਨਾਂ ਨੂੰ ਮਾਰ ਸੁਟਿਆ।
ਇਸ ਦੀ ਵੀਰਤਾ ਅਤੇ ਕਰੱਤਵ-ਨਿਸ਼ਠਾ ਸਦਕਾ ਇਸ ਨੂੰ 'ਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-01-11-35, ਹਵਾਲੇ/ਟਿੱਪਣੀਆਂ:
ਅੰਮ੍ਰਿਤ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਅੰਮ੍ਰਿਤ : ਅੰਮ੍ਰਿਤ ਜਾਂ ਅਮਿਤ੍ਰ ਦਾ ਭਾਵ ‘ਅ-ਮ੍ਰਿਤ’ ‘ਜੋ ਕਦੇ ਨਾ ਮਰੇ’। ਜੋ ਅੰਮ੍ਰਿਤ ਪੀ ਲੈਂਦਾ ਹੈ ਉਹ ਅਮਰ ਹੋ ਜਾਂਦਾ ਹੈ ਤੇ ਜੀਵਨ ਮਰਨ ਤੋਂ ਮੁਕਤ ਹੋ ਗਿਆ ਸਮਝਿਆ ਜਾਂਦਾ ਹੈ। ‘ਅੰਮ੍ਰਿਤ ਪੀਵੈ ਅਮਰ ਸੋ ਹੋਇ’।
ਆਦਮੀ ਨੂੰ ਹਮੇਸ਼ਾਂ ਅਣਜਾਣੇ ਦਾ ਭੈ ਮਾਰਦਾ ਹੈ। ਉਸ ਨੂੰ ਮੌਤ ਤੋਂ ਇਸ ਲਈ ਡਰ ਹੁੰਦਾ ਹੈ ਕਿਉਂਕਿ ਉਸ ਨੇ ਮਰ ਕੇ ਦੇਖਿਆ ਨਹੀਂ ਹੁੰਦਾ ਤੇ ਉਸ ਨੂੰ ਇਸ ਦਾ ਡਰ ਖਾਂਦਾ ਹੈ ਕਿ ਮਰਨ ਪਿੱਛੋਂ ਪਤਾ ਨਹੀਂ ਉਹ ਕੀ ਬਣੇਗਾ। ਇਸ ਲਈ ਉਹ ਹਮੇਸ਼ਾਂ ਜਿਊਂਦਾ ਰਹਿਣਾ ਚਾਹੁੰਦਾ ਹੈ। ਉਸ ਦੀ ਇਹ ਇੱਛਾ ਹੁੰਦੀ ਹੈ ਕਿ ਉਸ ਨੂੰ ਕੋਈ ਅਜਿਹਾ ਪਦਾਰਥ ਮਿਲ ਜਾਵੇ ਜੋ ਉਸ ਨੂੰ ਹਮੇਸ਼ਾਂ ਜਿਊਂਦਾ ਰੱਖੇ। ਹਿੰਦੂ ਧਰਮ ਅਨੁਸਾਰ ਅੰਮ੍ਰਿਤ, ਈਸਾਈ ਅਤੇ ਯਹੂਦੀ ਧਰਮ ਵਿੱਚ ਨੈਕਟਰ ਤੇ ਮੁਸਲਿਮ ਧਰਮ ਵਿੱਚ ਆਬੇ-ਹਯਾਤ ਉਹ ਜਲ ਹੈ ਜੋ ਆਦਮੀ ਨੂੰ ਅਮਰ ਬਣਾ ਦਿੰਦਾ ਹੈ। ਮੁਸਲਮਾਨ ਇਸ ਨੂੰ ਸ੍ਵਰਗ ਦੇ ਚਸ਼ਮਾ-ਏ-ਕੌਸ਼ਰ ਵਿੱਚੋਂ ਨਿਕਲਦਾ ਦੱਸਦੇ ਹਨ ਤਾਂ ਹਿੰਦੂ ਇਸ ਨੂੰ ਖੀਰ ਸਾਗਰ ਵਿੱਚੋਂ ਹੰਗਾਲਿਆ ਗਿਆ।
ਹਿੰਦੂ ਮਿਥਿਹਾਸ ਅਨੁਸਾਰ ਜਦ ਖੀਰ ਸਮੁੰਦਰ ਨੂੰ ਵਿਰੋਲ ਕੇ ਚੌਦਾਂ ਰਤਨ ਕੱਢੇ ਗਏ ਤਾਂ ਉਹਨਾਂ ਨੂੰ ਦੇਵੀ ਦੇਵਤਿਆਂ ਨੇ ਆਪਸ ਵਿੱਚ ਵੰਡ ਲਿਆ। ਲਕਸ਼ਮੀ ਨੇ ਮਣੀ ਤੇ ਵਿਸ਼ਨੂੰ ਨੇ ਪਾਰਜਾਤ, ਸੰਖ ਸਾਰੰਗ ਤੇ ਧਨੁਸ਼ ਆਪਣੇ ਵੱਸ ਕਰ ਲਏ। ਕਾਮਧੇਨ, ਗਊ, ਅਪਛਰਾ ਤੇ ਅਰਾਵਤ ਹਾਥੀ ਇੰਦਰ ਨੇ ਆਪਣੇ ਆਸਨ ਨਾਲ ਸਿਉਂ ਲਏ। ਮਹਾਂਦੇਵ ਨੇ ਅੱਧਾ ਚੰਦਾ ਮੱਥੇ ਤੇ ਲਾ ਲਿਆ ਤੇ ਜ਼ਹਿਰ ਪੀ ਲਈ। ਸੂਰਜ ਨੇ ਘੋੜਾ ਲੈ ਲਿਆ। ਦਾਨਵਾਂ ਨੇ ਸ਼ਰਾਬ ਤੇ ਦੇਵਤਿਆਂ ਨੇ ਅੰਮ੍ਰਿਤ ਲਿਆ। ਧਨੰਤਰ ਵੈਦ ਦੇ ਹਿੱਸੇ ਦਵਾਈਆਂ ਆਈਆਂ ਤੇ ਉਹ ਵੈਦ ਬਣ ਗਿਆ। ਦੇਵਤਿਆਂ ਨੇ ਜਦ ਅੰਮ੍ਰਿਤ ਪੀ ਲਿਆ ਤਾਂ ਉਹਨਾਂ ਨੂੰ ਦਾਨਵ ਖ਼ਤਮ ਨਾ ਕਰ ਸਕੇ। ਜਦ ਸਾਗਰ ਹੰਗਾਲ ਕੇ ਅੰਮ੍ਰਿਤ ਨੂੰ ਗਾਗਰ ਵਿੱਚ ਭਰਕੇ ਦੇਵਤਿਆਂ ਦੀ ਭੂਮੀ ਹਿਮਾਲਾ ਪਰਬਤ ਤੇ ਲਿਜਾਇਆ ਜਾ ਰਿਹਾ ਸੀ ਤਾਂ ਹਿੰਦੂ ਪਰੰਪਰਾ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗਾਗਰ ਵਿੱਚੋਂ ਕੁਝ ਅੰਮ੍ਰਿਤ ਉਛਲਕੇ ਜ਼ਮੀਨ ਤੇ ਡਿਗਦਾ ਰਿਹਾ। ਜਿਸ-ਜਿਸ ਥਾਂ ਤੇ ਇਹ ਅੰਮ੍ਰਿਤ ਡਿਗਿਆ ਉਹਨਾਂ ਥਾਂਵਾਂ ਤੇ ਪਵਿੱਤਰ ਜਲ-ਸਥਾਨ ਬਣ ਗਏ ਜਿੱਥੇ ਕੁੰਭ ਦੇ ਮੇਲੇ ਲੱਗਣ ਲੱਗ ਪਏ। ਨਾਸਿਕ, ਉਜੈਨ, ਅਲਾਹਾਬਾਦ, ਤੇ ਹਰਿਦੁਆਰ ਚਾਰ ਪ੍ਰਮੁਖ ਸਥਾਨਾਂ ਨੂੰ ਧਰਤੀ ਤੇ ਅੰਮ੍ਰਿਤ ਡਿਗਣ ਕਰਕੇ ਮਹਾਂ ਪਵਿੱਤਰ ਹੋਣ ਦਾ ਦਰਜਾ ਮਿਲਿਆ।
ਸਿੱਖ ਇਤਿਹਾਸ ਵਿੱਚ ਸ਼ਬਦ ਅੰਮ੍ਰਿਤ ਵੱਖ-ਵੱਖ ਭਾਵ ਅਰਥਾਂ ਲਈ ਵਰਤਿਆ ਗਿਆ ਹੈ। ਗੁਰੂ ਸਾਹਿਬਾਨ ਨੇ ਜਲ ਨਾਲੋਂ ਵਾਹਿਗੁਰੂ ਦੇ ਨਾਮ ਨੂੰ ਅਮਰਤਾ ਪ੍ਰਾਪਤੀ ਲਈ ਜ਼ਿਆਦਾ ਮਹੱਤਵਪੂਰਨ ਮੰਨਿਆ ਹੈ :
ਅੰਮ੍ਰਿਤ ਨਾਮੁ ਤੁਮਾਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ॥
ਭਾਵ ਹੇ ਵਾਹਿਗੁਰੂ ਤੇਰਾ ਨਾਮ ਅੰਮ੍ਰਿਤ ਹੈ ਤੇ ਇਹੋ ਮਹਾਂ-ਰਸ ਮਨੁੱਖ ਨੂੰ ਪੀਣਾ ਲੋੜੀਂਦਾ ਹੈ।
ਨਉ-ਨਿਧਿ ਅੰਮ੍ਰਿਤ ਪ੍ਰਭੂ ਕਾ ਨਾਮੁ
ਭਾਵ ਪ੍ਰਭੂ ਦਾ ਨਾਮ ਅੰਮ੍ਰਿਤ ਹੈ ਜਿਸ ਵਿੱਚੋਂ ਹੀ ਨਉ-ਨਿਧਾਂ ਪ੍ਰਾਪਤ ਹੁੰਦੀਆਂ ਹਨ। ਪ੍ਰਭੂ ਦੀ ਬਾਣੀ ਉਚਾਰਨ ਨਾਲ ਜੀਵਨ ਵਿੱਚ ਅੰਮ੍ਰਿਤ ਗੁਣ ਪੈਦਾ ਹੁੰਦੇ ਹਨ। ਗੁਰਬਾਣੀ ਅਨੁਸਾਰ ਜੀਵਨ ਵਿੱਚ ਵਾਧਾ ਕਰਨ ਵਾਲੇ ਦੁੱਧ, ਮੱਖਣ ਹੋਰ ਪਦਾਰਥਾਂ ਨੂੰ ਵੀ ਅੰਮ੍ਰਿਤ ਦਾ ਦਰਜਾ ਦਿੱਤਾ ਹੈ। ਪਸੂ ਵਿੱਚ ਵੀ ਚੰਗਿਆਈ ਹੈ ਕਿ ਉਹ ਖਲ ਖਾ ਕੇ ਅੰਮ੍ਰਿਤ (ਦੁੱਧ) ਦਿੰਦਾ ਹੈ।
ਗੁਰਮਤੀ ਦਧਿ ਮਥੀਐ ਅੰਮ੍ਰਿਤ ਪਾਈਐ ਨਾਮੁ ਨਿਧਾਨਾ।
ਭਾਵ ਜੇ ਮਨ ਦੇ ਦੁੱਧ ਨੂੰ ਗੁਰਮਤਿ ਅਨੁਸਾਰ ਰਿੜਕੀਏ ਤਾਂ ਨਾਮ ਦਾ ਅੰਮ੍ਰਿਤ ਮੱਖਣ ਦੇ ਰੂਪ ਵਿੱਚ ਮਿਲਦਾ ਹੈ। ਚੰਗੇ ਬੋਲਾਂ ਨੂੰ ਵੀ ਅੰਮ੍ਰਿਤ ਆਖਿਆ ਹੈ।
ਅਮਰਤਾ ਪ੍ਰਾਪਤ ਕਰਨ ਲਈ ਪ੍ਰਭੂ ਦੀ ਪ੍ਰਾਪਤੀ ਹੀ ਮੁੱਖ ਸਾਧਨ ਹੈ ਜੋ ਉਸ ਨੂੰ ਧਿਆਇ ਬਿਨਾਂ ਨਹੀਂ ਮਿਲਦੀ। ਜੋ ਪ੍ਰਾਣੀ ਈਸ਼ਵਰ ਦਾ ਨਾਮ ਧਿਆਉਂਦਾ ਹੈ ਉਹ ਜੀਵਨ ਮਰਨ ਤੋਂ ਛੁਟਕਾਰਾ ਪਾ ਲੈਂਦਾ ਹੈ। ਉਹ ਪੜ੍ਹਿਆ ਹੈ ਜਾਂ ਅਣਪੜ੍ਹਿਆ। ਈਸ਼ਵਰ ਜਾਂ ਵਾਹਿਗੁਰੂ ਦੇ ਨਾਮ ਨੂੰ ਪਰਮਗਤ ਪਾਉਣ ਦਾ ਮੁੱਖ ਸਾਧਨ ਸਾਰੇ ਹੀ ਧਰਮ ਮੰਨਦੇ ਹਨ। ਇਸੇ ਲਈ ਨਾਮ ਨੂੰ ਹੀ ਅਸਲੀ ਅੰਮ੍ਰਿਤ ਮੰਨਿਆ ਗਿਆ ਹੈ। ਸਾਰੇ ਹੀ ਧਰਮਾਂ ਵਿੱਚ ਨਾਮ ਦੇਣ ਦੀ ਪ੍ਰਥਾ ਨਾਲ ਜਲ ਨੂੰ ਜੋੜਿਆ ਗਿਆ ਹੈ। ਜਿਵੇਂ ਅਸੀਂ ਦਵਾਈ ਦੀ ਪੁੜੀ ਜਾਂ ਗੋਲੀ ਜਲ ਨਾਲ ਲੈਂਦੇ ਹਾਂ ਉਸ ਤਰ੍ਹਾਂ ਨਾਮ ਵੀ ਜਲ ਨਾਲ ਦੇਣ ਦੀ ਪ੍ਰਥਾ ਚੱਲ ਪਈ।
ਈਸਾਈ ਇਸ ਪ੍ਰਥਾ ਨੂੰ ਬਪਤਿਸਮਾ ਕਹਿੰਦੇ ਹਨ, ਹਿੰਦੂ ਧਰਮ ਵਿੱਚ ਚਰਨਾਮ੍ਰਿਤ ਤੇ ਸਿੱਖ ਧਰਮ ਵਿੱਚ ਇਸ ਰਸਮ ਨੂੰ ਅੰਮ੍ਰਿਤ ਛਕਾਉਣਾ ਆਖਿਆ ਜਾਂਦਾ ਹੈ। ਬਪਤਿਸਮਾ ਦੀ ਰਸਮ ਇੱਕ ਪਾਦਰੀ ਅਦਾ ਕਰਦਾ ਹੈ, ਚਰਨਾਮ੍ਰਿਤ ਦੀ ਰਸਮ ਧਾਰਮਿਕ ਗੁਰੂ ਤੇ ਅੰਮ੍ਰਿਤ ਛਕਾਉਣ ਦੀ ਰਸਮ ਪੰਜ ਪਿਆਰੇ ਅਦਾ ਕਰਦੇ ਹਨ। ਇਸ ਤਰ੍ਹਾਂ ਨਾਲ ਉਸ ਪੁਰਖ ਨੂੰ ਉਸ ਧਰਮ ਨਾਲ ਸੰਬੰਧਿਤ ਹੋਇਆ ਵੀ ਮੰਨਿਆ ਜਾਂਦਾ ਹੈ।
ਸਿੱਖ ਧਰਮ ਵਿੱਚ ਪਹਿਲਾਂ-ਪਹਿਲ ਹਿੰਦੂ ਧਰਮ ਵਾਂਗ ਚਰਨਾਮ੍ਰਿਤ ਦੀ ਪ੍ਰਥਾ ਸ਼ੁਰੂ ਹੋਈ। ਇਸ ਪ੍ਰਥਾ ਨੂੰ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਜੀ ਨੇ 1678 ਦੀ ਵਿਸਾਖੀ ਨੂੰ ਵਿਅਕਤੀ ਵਿਸ਼ੇਸ਼ ਨਾਲੋਂ ਤੋੜ ਕੇ ਜਨ-ਸਮੂਹ ਨਾਲ ਸਿੱਧਾ ਸੰਬੰਧਿਤ ਕਰ ਦਿੱਤਾ। ਉਹਨਾਂ ਨੇ ਗੁਰੂ ਦੇ ਚਰਨ ਧੋਣ ਦੀ ਥਾਂ ਪੰਜ ਸਿੱਖਾਂ ਦੇ ਅੰਗੂਠੇ ਧੋ ਕੇ ਸਿੱਖਾਂ ਵਿੱਚ ਅੰਮ੍ਰਿਤ ਰੂਪ ਵਿੱਚ ਵੰਡਣ ਦੀ ਪ੍ਰਥਾ ਚਲਾਈ।ਇਸ ਅੰਮ੍ਰਿਤ ਨੂੰ ਪੰਚਾਇਤ ਦਾ ਨਾਮ ਦਿੱਤਾ ਗਿਆ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ, ਨੇ ਇਸ ਪ੍ਰਥਾ ਵਿੱਚ ਹੋਰ ਬਦਲਾਓ ਲਿਆਂਦਾ ਤੇ ਪੰਚਾਮ੍ਰਿਤ ਦੀ ਥਾਂ ਖੰਡੇ ਦੀ ਪਾਹੁਲ ਦੇ ਕੇ ਇਸ ਪ੍ਰਥਾ ਨੂੰ ਸਰਬ-ਜਨਿਕ ਰੂਪ ਦੇ ਦਿੱਤਾ। ਇਹ ਨਵੀਂ ਪ੍ਰਥਾ ਉਹਨਾਂ ਨੇ ਸੰਨ 1699 ਦੀ ਵਿਸਾਖੀ (30 ਮਾਰਚ) ਨੂੰ ਬੜੇ ਕੌਤਕੀ ਢੰਗ ਨਾਲ ਸਥਾਪਿਤ ਕੀਤੀ। ਆਨੰਦਪੁਰ ਸਾਹਿਬ ਵਿਖੇ ਲਾਏ ਗਏ ਦੀਵਾਨ ਵਿੱਚ ਹਾਜ਼ਰ ਸ਼ਰਧਾਲੂਆਂ ਦੇ ਇੱਕ ਵਿਸ਼ਾਲ ਇਕੱਠ ਅੱਗੇ ਨੰਗੀ ਤਲਵਾਰ ਲੈ ਗੁਰੂ ਜੀ ਗਰਜੇ, ‘ਇੱਕ ਸਿੱਖ ਦੇ ਸਿਰ ਦੀ ਲੋੜ ਹੈ। ਕੀ ਕੋਈ ਸਿੱਖ ਹੈ ਜੋ ਸੀਸ ਭੇਟ ਦੇਵੇ।’ ਸਾਰੇ ਪੰਡਾਲ ਵਿੱਚ ਮੌਤ ਰੂਪੀ ਚੁੱਪ ਛਾ ਗਈ ਤੇ ਕਈਆਂ ਦੇ ਦਿਲ ਵਿੱਚ ਭੈ ਛਾ ਗਿਆ। ਪਰ ਲਾਹੌਰ ਦਾ ਵਾਸੀ ਇੱਕ ਸਿੱਖ ਦਯਾ ਰਾਮ ਸੋਬਤੀ ਖਤਰੀ ਅੱਗੇ ਆਇਆ ਤੇ ਗੁਰੂ ਜੀ ਨੂੰ ਆਪਣਾ ਸੀਸ ਭੇਟ ਕੀਤਾ। ਗੁਰੂ ਅੱਗੇ ਸੀਸ ਭੇਟ ਕਰਨ ਲੱਗੇ ਉਸ ਦੇ ਚਿਹਰੇ ਜਾਂ ਹਾਵ-ਭਾਵ ਤੋਂ ਮੌਤ ਦਾ ਕੋਈ ਡਰ ਜਾਂ ਚਿੰਤਾ ਨਜ਼ਰ ਨਹੀਂ ਸੀ ਆ ਰਹੀ ਮਾਨੋ ਉਸ ਨੇ ਗੁਰੂ ਨੂੰ ਆਪਾ ਭੇਟ ਕਰਕੇ ਮੌਤ ਦਾ ਭੈ ਜਿੱਤ ਲਿਆ ਸੀ। ਇਸੇ ਤਰ੍ਹਾਂ ਚਾਰ ਹੋਰ ਸਿੱਖਾਂ ਦਵਾਰਕਾ (ਗੁਜਰਾਤ) ਦੇ ਮੁਹਕਮ ਚੰਦ, ਬਿਦਰ (ਕਰਨਾਟਕ) ਦੇ ਸਾਹਿਬ ਚੰਦ, ਹਸਤਿਨਾਪੁਰ (ਉੱਤਰ ਪ੍ਰਦੇਸ਼) ਦੇ ਧਰਮ ਚੰਦ, ਅਤੇ ਜਗਨਨਾਥ (ਉੜੀਸਾ) ਦੇ ਹਿੰਮਤ ਚੰਦ ਨੇ ਵੀ ਗੁਰੂ ਜੀ ਅੱਗੇ ਸੀਸ ਭੇਟ ਕੀਤੇ। ਗੁਰੂ ਜੀ ਨੇ ਉਹਨਾਂ ਦੇ ਸੀਸ ਸ੍ਵੀਕਾਰ ਕੀਤੇ। ਇਸ ਕੌਤਕ ਪਿੱਛੋਂ ਗੁਰੂ ਜੀ ਨੇ ਪੰਜਾਂ ਸਿੱਖਾਂ ਨੂੰ ਕੇਸੀ ਇਸ਼ਨਾਨ ਕਰਨ ਲਈ ਕਿਹਾ ਤੇ ਪੰਜ ਕਕਾਰ (ਕੰਘਾ, ਕੇਸਗੀ, ਕੜਾ, ਕ੍ਰਿਪਾਨ ਅਤੇ ਕਛਹਿਰਾ) ਦੂਹਰੀਆਂ ਨੀਲੀਆਂ ਦਸਤਾਰਾਂ ਤੇ ਨੀਲੇ ਵਸਤਰ ਪਵਾਏ ਤੇ ਇਹੋ ਵਸਤਰ ਆਪ ਵੀ ਪਾ ਕੇ ਸੰਗਤਾਂ ਸਾਮ੍ਹਣੇ ਆ ਹਾਜ਼ਰ ਹੋਏ। ਸਾਰੇ ਦੰਗ ਰਹਿ ਗਏ।
ਗੁਰੂ ਜੀ ਸੰਗਤ ਸਨਮੁਖ ਹੋ ਬਚਨ ਕਰਨ ਲੱਗੇ। ਗੁਰੂ ਨਾਨਕ ਨੇ ਜਦ ਪਰਖ ਕੀਤੀ ਤਾਂ ਇੱਕੋ ਸਿੱਖ ਭਾਈ ਲਹਿਣਾ ਮੌਤ ਦਾ ਡਰ ਭਉ ਲਾਹ ਕੇ ਗੁਰੂ ਅੱਗੇ ਖਰਾ ਨਿਤਰਿਆ ਸੀ ਤੇ ਗੁਰੂ ਜੀ ਨੇ ਉਸ ਨੂੰ ਅੰਗ ਲਾ ਕੇ ਅੰਗਦ ਦਾ ਨਾਮ ਦਿੱਤਾ ਸੀ। ਪਰ ਅੱਜ ਤਾਂ ਪੰਜ ਸਿੱਖਾਂ ਨੇ ਮੌਤ ਦਾ ਡਰ ਭਉ ਲਾਹ ਕੇ ਗੁਰੂ ਅੱਗੇ ਬੇਝਿਜਕ ਸੀਸ ਦਿੱਤਾ ਹੈ ਤੇ ਕੁਰਬਾਨੀ ਦੀ ਕਸੌਟੀ ਤੇ ਖਰੇ ਨਿਤਰੇ ਹਨ। ਮੈਂ ਇਹਨਾਂ ਨੂੰ ਪੰਜ ਪਿਆਰਿਆਂ ਦਾ ਖ਼ਿਤਾਬ ਦਿੰਦਾ ਹਾਂ। ਇਹਨਾਂ ਦਾ ਰਹਿੰਦੀ ਦੁਨੀਆ ਤੱਕ ਨਾਮ ਰਹੇਗਾ ਤੇ ਮੇਰੇ ਸਾਰੇ ਸਿੱਖ ਦੋਨੋਂ ਵੇਲੇ ਦੀ ਅਰਦਾਸ ਵੇਲੇ ਪੰਜਾਂ ਪਿਆਰਿਆਂ ਦਾ ਨਾਮ ਲਿਆ ਕਰਨਗੇ।
ਗੁਰੂ ਜੀ ਨੇ ਸਤਲੁਜ ਦਰਿਆ ਤੋਂ ਪਾਣੀ ਮੰਗਵਾ ਕੇ ਇੱਕ ਸਰਬਲੋਹ ਦੇ ਬਾਟੇ ਵਿੱਚ ਪਾਇਆ। ਉਪਰੰਤ ‘ਜਪੁ ਜੀ’ ਸਾਹਿਬ ਦਾ ਪਾਠ ਕਰਦੇ ਹੋਏ ਜਲ ਵਿੱਚ ਖੰਡਾ ਘੁਮਾਉਣਾ ਸ਼ੁਰੂ ਕਰ ਦਿੱਤਾ। ਮਾਤਾ ਜੀਤੋ ਜੀ ਨੂੰ ਜਦ ਭਾਈ ਕ੍ਰਿਪਾ ਰਾਮ ਨੇ ਦੱਸਿਆ ਕਿ ਗੁਰੂ ਜੀ ਖੰਡੇ ਦੀ ਪਾਹੁਲ ਤਿਆਰ ਕਰ ਰਹੇ ਹਨ ਤਾਂ ਉਹਨਾਂ ਨੇ ਲਿਆ ਕੇ ਪਤਾਸੇ ਜਲ ਭਰੇ ਬਾਟੇ ਵਿੱਚ ਪਾ ਦਿੱਤੇ। ਗੁਰੂ ਜੀ ‘ਜਪੁ ਜੀ’ ਦੇ ਪਾਠ ਕਰਦੇ ਹੋਏ ਬਾਟੇ ਵਿੱਚ ਖੰਡਾ ਹਿਲਾਉਂਦੇ ਰਹੇ। ‘ਜਪੁ ਜੀ ਪਿੱਛੋ ‘ਜਾਪ’, ‘ਸਵੈਯੇ’, ‘ਚੌਪਈ’, ਅਤੇ ‘ਅਨੰਦ ਸਾਹਿਬ’ ਦੀਆਂ ਬਾਣੀਆਂ ਦਾ ਪਾਠ ਸੰਪੂਰਨ ਕੀਤਾ ਤੇ ਇਸ ਤਰ੍ਹਾਂ ਅੰਮ੍ਰਿਤ ਤਿਆਰ ਕਰਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਫਿਰ ਬਾਟੇ ਵਿੱਚ ਤਿਆਰ ਕੀਤਾ ਅੰਮ੍ਰਿਤ ਪੰਜ ਪਿਆਰਿਆਂ ਨੂੰ ਛਕਾਇਆ ਤੇ ਉਹਨਾਂ ਦੇ ਨਾਮਾਂ ਨਾਲ ਸਿੰਘ ਸ਼ਬਦ ਲਾਇਆ। ਉਪਰੰਤ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ ਅਤੇ ਆਪਣਾ ਨਾਮ ਵੀ ਗੋਬਿੰਦ ਸਿੰਘ ਰੱਖਿਆ।
ਗੁਰੂ ਜੀ ਦਾ ਅੰਮ੍ਰਿਤ ਤਿਆਰ ਕਰਨ ਤੇ ਛਕਾਉਣ ਦਾ ਇਹ ਢੰਗ ਅਨੂਠਾ ਸੀ। ਗੁਰੂ ਜੀ ਨੇ ਮੌਤ ਦਾ ਡਰ ਸਦਾ ਵਾਸਤੇ ਦੂਰ ਕਰਨ ਲਈ ਸਿੱਖਾਂ ਤੋਂ ਸੀਸ ਭੇਟ ਮੰਗੇ। ਬਾਣੀ (ਪੰਜ ਬਾਣੀਆਂ) ਰਾਹੀਂ ਉਸ ਸੱਚੇ ਨਾਲ ਲਿਵ ਜੋੜ ਕੇ ਅੰਮ੍ਰਿਤ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਦਿੱਤਾ। ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਆਮ ਲੋਕਾਂ ਨੂੰ ਵੀ ਇਹਨਾਂ ਉੱਚਾ ਕਰ ਦਿੱਤਾ ਕਿ ਉਹ ਅੰਮ੍ਰਿਤ ਤੱਕ ਤਿਆਰ ਕਰ ਸਕਣ ਤੇ ਛਕਾ ਸਕਣ। ਸਾਰੇ ਸਿੱਖਾਂ ਦੇ ਊਚ-ਨੀਚ, ਜਾਤ-ਪਾਤ ਆਦਿ ਦੇ ਭੇਦ-ਭਾਵ ਦੂਰ ਕਰਕੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਇੱਕ ਅਜਿਹੀ ਸਾਂਝ ਪੈਦਾ ਕਰ ਦਿੱਤੀ ਜੋ ਏਕਤਾ, ਬਰਾਬਰੀ ਤੇ ਜਗਤ ਭਲਾਈ ਤੇ ਆਧਾਰਿਤ ਸੀ। ਉਹਨਾਂ ਵਿੱਚ ਮੌਤ ਨਾਲ ਜੂਝਣ ਦੀ ਸ਼ਕਤੀ ਭਰ ਕੇ ਅਮਰਤਾ ਬਖ਼ਸ਼ ਦਿੱਤੀ। ਪੰਜ ਪਿਆਰਿਆਂ ਪਾਸੋਂ ਆਪ ਅੰਮ੍ਰਿਤ ਛਕ ਕੇ ‘ਆਪੇ ਗੁਰ ਚੇਲਾ’ ਦੀ ਇੱਕ ਨਵੀਂ ਰੀਤ ਤੋਰ ਦਿੱਤੀ।
ਅੰਮ੍ਰਿਤ ਇਸ ਤਰ੍ਹਾਂ ਹਰ ਧਰਮ ਨਾਲ ਵੱਖ-ਵੱਖ ਢੰਗਾਂ ਨਾਲ ਸੰਬੰਧਿਤ ਹੋ ਗਿਆ। ਇਸ ਦਾ ਮੁੱਖ ਧੁਰਾ ਸੱਚਾ ਵਿਸ਼ਵਾਸ ਹੀ ਰਿਹਾ। ਰੂਹ ਬਦਲੀ ਤੇ ਵਾਹਿਗੁਰੂ ਨੂੰ ਸਮਰਪਣ ਇਸ ਦੀਆਂ ਮੁੱਖ ਧਾਰਨਾਵਾਂ ਹਨ। ਵਾਹਿਗੁਰੂ ਦਾ ਸਿਮਰਨ ਤੇ ਭਗਤੀ ਸੱਚੇ ਅੰਮ੍ਰਿਤ ਪ੍ਰਾਪਤੀ ਲਈ ਜ਼ਰੂਰੀ ਹਨ। ਅੰਮ੍ਰਿਤ ਨਾਲ ਇੱਛਾਵਾਂ ਤੇ ਬਦੀਆਂ ਖ਼ਤਮ ਹੁੰਦੀਆਂ ਹਨ ਤੇ ਮੌਤ ਦਾ ਭੈ ਨਹੀਂ ਰਹਿੰਦਾ। ਇਹ ਝੂਠ ਅਤੇ ਅਨਿਆਇ ਵਿਰੁੱਧ ਡਟਣ ਲਈ ਤਾਕਤ ਬਖ਼ਸ਼ਦਾ ਹੈ ਤੇ ਸਾਰੇ ਭੇਦ ਭਾਵ ਮਿਟਾਕੇ ਇੱਕ ਬਾਟੇ ਵਿੱਚ ਬਹਿ ਛਕਣ ਦਾ ਜੇਰਾ ਦਿੰਦਾ ਹੈ।
ਲੇਖਕ : ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 10427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-25-02-29-20, ਹਵਾਲੇ/ਟਿੱਪਣੀਆਂ:
ਅੰਮ੍ਰਿਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੰਮ੍ਰਿਤ, ਸੰਸਕ੍ਰਿਤ / ਪੁਲਿੰਗ : ੧. ਉਹ ਵਸਤੂ ਜਿਸ ਦੇ ਪੀਣ ਨਾਲ ਜੀਵ ਅਮਰ ਹੋ ਜਾਂਦਾ ਹੈ; ੨. ਪੁਰਾਣ ਅਨੁਸਾਰ ਸਮੁੰਦਰ ਰਿੜਕ ਕੇ ਨਿਕਲੇ ੧੪ ਰਤਨਾਂ ਵਿਚੋਂ ਇਕ ਜਿਦ੍ਹੇ ਵਾਸਤੇ ਦੇਵਤਿਆਂ ਤੇ ਦੈਂਤਾਂ ਦੀ ਲੜਾਈ ਹੋਈ; ੩. ਉਹ ਰੀਤ ਜਾਂ ਮਰਜਾਦਾ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਕੇਸ ਗੜ੍ਹ ਸਾਹਿਬ (ਆਨੰਦਪੁਰ) ਵਾਲੇ ਸਥਾਨ ਤੇ ਦੀਵਾਨ ਸਜਾ ਕੇ ਪੰਜ ਪਿਆਰੇ ਚੁਣ ਕੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਚਲਾਈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-04-34-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First