ਅੱਲ੍ਹਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅੱਲ੍ਹਾ : ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਨੂੰ ਮੁਸਲਮਾਨ ਰੱਬ ਲਈ ਵਰਤਦੇ ਹਨ। ਇਹ ਸ਼ਬਦ 'ਇਲਾਹ' ਰੂਪ ਵਿਚ ਇਸਲਾਮ ਤੋਂ ਪਹਿਲਾਂ ਵੀ ਸਾਮੀ ਤੇ ਅਰਬੀ ਸ਼ਿਲਾਲੇਖਾਂ ਵਿਚ ਮਿਲਦਾ ਹੈ।
ਇਸਲਾਮ ਤੋਂ ਪਹਿਲਾਂ ਵੀ ਅਰਬਾਂ ਨੂੰ ਇਸ ਸ਼ਬਦ ਦਾ ਇਲਮ ਸੀ। ਇਕ ਹੋਰ ਧਾਰਨਾ ਅਨੁਸਾਰ ਇਹ ਸ਼ਬਦ ਅਰਾਮੀ ਭਾਸ਼ਾ ਦੇ ਸ਼ਬਦ 'ਅਲਾਹ' ਤੋਂ ਬਣਿਆ ਹੈ।
ਕੁਰਾਨ ਵਿਚ ਅੱਲ੍ਹਾ
ਕੁਰਾਨ ਵਿਚ ਅੱਲ੍ਹਾ–– ਇਕ ਹਦੀਸ ਤੋਂ ਪਤਾ ਚਲਦਾ ਹੈ ਕਿ 96 ਵੀਂ ਸੂਰਤ ਹਜ਼ਰਤ ਮੁਹੰਮਦ ਸਾਹਿਬ ਉੱਤੇ ਸਭ ਤੋਂ ਪਹਿਲਾਂ ਉਤਰੀ। ਰੱਬ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਜ਼ਿੰਮੇ ਇਹ ਕੰਮ ਲਾਇਆ ਕਿ ਆਪ ਅੱਲ੍ਹਾ ਸ਼ਬਦ ਦਾ ਪ੍ਰਚਾਰ ਕਰਨ। ਸਭ ਤੋਂ ਪਹਿਲੀ ਨਾਜ਼ਲ ਹੋਈ ਇਸ ਸੂਰਤ ਵਿਚ ਹਜ਼ਰਤ ਮੁਹੰਮਦ ਨੂੰ ਇਹ ਦੱਸਿਆ ਗਿਆ ਕਿ ਅੱਲ੍ਹਾ ਤੇਰਾ ਰੱਬ ਹੈ, ਮਨੁੱਖ-ਮਾਤਰ ਦਾ ਪੈਦਾ ਕਰਨ ਵਾਲਾ ਹੈ, ਦਾਤਾ ਹੈ ਅਤੇ ਜਿਸ ਗਿਆਨ ਤੋਂ ਮਨੁੱਖ ਵਾਂਝਾ ਹੈ, ਉਸ ਨੂੰ ਉਹ ਗਿਆਨ ਅੱਲ੍ਹਾ ਹੀ ਦਿੰਦਾ ਹੈ। ਕੁਰਾਨ ਦਾ ਪ੍ਰਮੁੱਖ ਵਾਕ 'ਬਿਸਮਿੱਲਾਹਿੱ ਰਹਮਾਨਿ ਰਹੀਮ' ਵਿਚ ਇਸ ਗੱਲ ਨੂੰ ਪ੍ਰਗਟ ਕੀਤਾ ਗਿਆ ਹੈ। ਹਰ ਸੂਰਤ ਦੇ ਅਰੰਭ ਵਿਚ ਇਸ ਨੂੰ ਦੁਹਰਾਇਆ ਜਾਂਦਾ ਹੈ। ਸੰਭਵ ਹੈ ਕਿ ਇਸ ਵਿਚ ਇਸਲਾਮ ਦੇ ਜਨਮ ਤੋਂ ਪਹਿਲੇ ਦੱਖਣੀ ਅਰਬ ਦੇ ਸ਼ਬਦ ਰਹਿਮਾਨ ਵੱਲ ਸੰਕੇਤ ਹੋਵੇ ਅਤੇ ਰਹਿਮਾਨ ਰੱਬ ਦਾ ਸਭ ਤੋਂ ਵੱਡਾ (ਅਸਲੀ) ਨਾਂ ਸਮਝਿਆ ਜਾਂਦਾ ਹੋਵੇ। ਫਿਰ ਵੀ ਇਹ ਸਪਸ਼ਟ ਹੈ ਕਿ 'ਰਹਮ' ਧਾਤੂ ਦਾ ਭਾਵ ਇਸਲਾਮੀ ਰਾਜ ਵਿਚ 'ਰਹਿਮਤ', 'ਰਹੀਮ'', ਤੇ 'ਦਇਆ' ਲਿਆ ਜਾਣ ਲੱਗਾ। ਇਸੇ ਕਾਰਨ ਹਜ਼ਰਤ ਮੁਹੰਮਦ ਦੇ ਉਪਦੇਸ਼ ਦਾ ਆਰੰਭ ਅੱਲ੍ਹਾ ਸ਼ਬਦ ਤੋਂ ਹੋਇਆ ਜਿਸ ਦੇ ਗੁਣ ਰਹਿਮਾਨ, ਸਿਰਜਣਹਾਰ ਤੇ ਉਦਾਰ ਹਨ। ਉਹ ਆਪਣੇ ਪੈਗ਼ੰਬਰ ਰਾਹੀਂ (ਜਿਸ ਦਾ ਉਹ ਵਿਸ਼ੇਸ਼ ਤੌਰ ਤੇ ਮਾਲਕ ਹੈ) ਮਨੁੱਖ-ਮਾਤਰ ਨੂੰ ਸਿੱਖਿਆ ਦਿੰਦਾ ਹੈ।
ਅੱਲ੍ਹਾ ਦੀ ਹੋਂਦ, ਸੁਭਾਅ ਤੇ ਗੁਣਾਂ ਬਾਰੇ ਕੁਰਾਨ ਕੋਈ ਧਾਰਮਕ ਤਫ਼ਸੀਲ ਨਹੀਂ ਦਿੰਦਾ। ਇਸਲਾਮ ਨੇ ਕੁਰਾਨ ਨੂੰ ਸਦਾ ਅੱਲ੍ਹਾ ਵੱਲੋਂ ਆਦਮੀ ਤੇ ਉਤਰਿਆ ਹੋਇਆ ਕਲਾਮ (ਇਲਹਾਮ) ਸਮਝਿਆ ਹੈ। ਇਸ ਵਿਚ ਅੱਲ੍ਹਾ ਨੇ ਉਹੀ ਕੁਝ ਆਖਿਆ ਹੈ ਜੋ ਆਪਣੇ ਬਾਰੇ ਆਖਣਾ ਚਾਹੁੰਦਾ ਹੈ। ਅੱਲ੍ਹਾ ਦਇਆਵਾਨ ਹੈ ਜੋ ਉਸ ਉਪਦੇਸ਼ ਦੀ ਸਿੱਖਿਆ ਦਿੰਦਾ ਹੈ ਜਿਹੜਾ ਕਿ ਗ਼ੈਬ ਵਿਚ ਵਿਸ਼ਵਾਸ ਰੱਖਣ ਵਾਲੇ ਨੇਕ ਬੰਦਿਆਂ ਨੂੰ ਸੰਬੋਧਨ ਕਰ ਕੇ ਦਿੱਤਾ ਗਿਆ ਹੈ। ਅੱਲ੍ਹਾ ਰਹੱਸਮਈ ਤੇ ਅਪਹੁੰਚ ਹੈ, ਉਹ ਪਰਿਪੂਰਨ ਹੈ ਅਤੇ ਉਹੀ ਸੰਸਾਰ ਨੂੰ ਚਲਾਉਂਦਾ ਹੈ। ਅੱਖਾਂ ਉਸ ਨੂੰ ਨਹੀਂ ਵੇਖ ਸਕਦੀਆਂ ਪਰ ਉਹ ਸਭ ਕੁਝ ਵੇਖ ਸਕਦਾ ਹੈ।
ਕੁਰਾਨ ਦੀਆਂ ਆਇਤਾਂ ਤੇ ਸੂਰਤਾਂ ਵਿਚ ਦਿੱਤੇ ਗਏ ਵਿਸ਼ਿਆਂ ਵਿਚੋਂ ਹੇਠਾਂ ਦਿੱਤੇ ਤਿੰਨ ਜ਼ਿਆਦਾ ਅਹਿਮ ਹਨ, ਭਾਵੇਂ ਇਨ੍ਹਾਂ ਸਾਰਿਆਂ ਦਾ ਮੁੱਖ ਮੰਤਵ ਇੱਕੋ ਹੀ ਹੈ।
ਅੱਲ੍ਹਾ ਦੁਨੀਆ ਦਾ ਖ਼ਾਲਕ ਹੈ––– ਕਿਆਮਤ ਦੇ ਦਿਨ ਦਾ ਮਾਲਕ ਉਹ ਸਭ ਦਾ ਸਿਰਜਣਹਾਰ ਹੈ ਤੇ ਹਰ ਸ਼ੈਅ ਦਾ ਮੂਲ ਕਾਰਨ ਹੈ। ਅਪਣੇ ਹੁਕਮ 'ਕੁਨ' ਅਰਥਾਤ 'ਹੋ ਜਾ' ਨਾਲ ਉਸ ਨੇ ਸੰਸਾਰ ਪੈਦਾ ਕੀਤਾ ਹੈ, ਉਹ ਸ਼ੁਭ ਕਰਮਾਂ ਦਾ ਸੋਮਾ ਹੈ, ਮਹਾਨ ਨਿਆਂਕਾਰੀ ਹੈ ਅਤੇ ਹਰ ਤਰ੍ਹਾਂ ਨਿਰਪੱਖ ਹੈ।
ਸਭ ਤੋਂ ਪੁਰਾਣੀਆਂ ਸੂਰਤਾਂ ਵਿਚ ਕੁੱਲ ਦੁਨੀਆ ਉੱਤੇ ਅੱਲ੍ਹਾ ਦੀ ਪੂਰਨ ਪ੍ਰਭੁਤਾ ਦਾ ਵੇਰਵਾ ਹੈ ਅਤੇ ਉਸ ਨੂੰ ਬਹੁਤ ਹੀ ਨਿਆਂਕਾਰੀ ਦੱਸਿਆ ਗਿਆ ਹੈ। ਫਿਰ ਮਨੁੱਖੀ ਮਨ ਨੂੰ ਕਿਆਮਤ ਦੀ ਘੜੀ ਦਾ ਡਰ ਦੇ ਕੇ ਆਖਰੀ ਹਲੂਣਾ ਦਿੱਤਾ ਗਿਆ ਹੈ। ਇਸ ਘੜੀ ਬਾਬਤ ਇਹ ਦੱਸਿਆ ਗਿਆ ਹੈ ਕਿ ਕਿਸੇ ਵਕਤ ਵੀ ਆ ਸਕਦੀ ਹੈ ਤੇ ਸਿਰਫ਼ ਅੱਲ੍ਹਾ ਨੂੰ ਹੀ ਉਸ ਦਾ ਪਤਾ ਹੈ।
ਮੱਕੇ ਦੇ ਦੋਹਾਂ ਕਾਲਾਂ ਵਿਚ ਉਤਰੀਆਂ ਸੂਰਤਾਂ ਵਿਖੇ ਉਪਰੋਕਤ ਗੱਲ ਉੱਤੇ ਕਾਫ਼ੀ ਜ਼ੋਰ ਦਿੱਤਾ ਗਿਆ ਹੈ ਤੇ ਮਦੀਨੇ ਉਤਰੀਆਂ ਆਇਤਾਂ ਵਿਚ ਸਜ਼ਾ ਜਜ਼ਾ ਦਾ ਵੇਰਵਾ ਹੈ।
ਮੱਕੇ ਤੇ ਮਦੀਨੇ, ਦੋਵੇਂ ਥਾਵਾਂ ਦੇ ਉਪਦੇਸ਼ ਵਿਚ ਅੱਲ੍ਹਾ ਨੁੰ ਰਹੱਸਮਈ ਸਮਝਣ ਤੇ ਜ਼ੋਰ ਹੈ। ਮੱਕੇ ਦਾ ਉਪਦੇਸ਼ ਸਿੱਧਾ ਤੇ ਸਰਲ ਹੈ। ਮਦੀਨੇ ਦੇ ਪ੍ਰਚਾਰ ਵਿਚ ਹਰ ਮੁਸਲਮਾਨ ਨੂੰ ਚਾਹੇ ਉਹ ਮੋਮਨ ਹੈ ਚਾਹੇ ਮੁਨਾਫ਼ਿਕ, ਉਪਦੇਸ਼ ਦਿੱਤਾ ਗਿਆ ਹੈ ਕਿ ਉਹ ਕਿਆਮਤ ਦਾ ਹਰ ਵੇਲੇ ਤੇ ਹਰ ਹਾਲਤ ਵਿਚ ਖ਼ਿਆਲ ਰੱਖੇ ਅਤੇ ਜ਼ੋਰ ਦਿੱਤਾ ਗਿਆ ਹੈ ਕਿ ਉਹ ਬਾਕਾਇਦਾ ਈਮਾਨ ਲਿਆਵੇ।
ਅੱਲ੍ਹਾ ਇਕ ਹੈ ਤੇ ਵਾਹਦਹੁਲਾਸ਼ਰੀਕ ਹੈ–– ਮੱਕੇ ਦੇ ਲੋਕਾਂ ਨੂੰ ਜੋ ਰੱਬ ਦੇ ਸ਼ਰੀਕ ਤੇ ਧੀਆਂ ਦਾ ਵਜੂਦ ਦਸਦੇ ਹਨ, 39 ਵੀਂ ਤੇ 43 ਵੀਂ ਸੂਰਤ ਵਿਚ ਲਾਅਨਤ ਪਾਈ ਗਈ ਹੈ। ਮੱਕੇ ਦੇ ਦੌਰ ਦੀ ਇਕ ਆਇਤ ਵਿਚ ਇਹ ਸਾਫ਼ ਦੱਸਿਆ ਗਿਆ ਹੈ ਕਿ ਅੱਲ੍ਹਾ ਆਪਣੀ ਹਸਤੀ ਵਿਚ ਇਕ ਹੈ। ਤਿਹੱਤਰਵੀਂ ਸੂਰਤ ਵਿਚ ਜਿਸ ਦੇ ਕਾਰਨ ਕਿਹਾ ਜਾਂਦਾ ਹੈ ਕਿ ਹਜ਼ਰਤ ਉਮਰ ਮੁਸਲਮਾਨ ਹੋਏ ਸਨ, ਇਹ ਵੇਰਵਾ ਸਾਫ਼ ਹੈ ਕਿ ਕੋਈ ਪੂਜ ਨਹੀਂ ਸਿਵਾਇ ਉਸ ਇਕ ਦੇ। ਮੱਕੇ ਦੇ ਦੂਜੇ ਕਾਲ ਦੀਆਂ ਸੂਰਤਾਂ ਵਿਚ ਆਇਆ ਹੈ ਕਿ 'ਮੈਂ ਅੱਲ੍ਹਾ ਹਾਂ, ਮੇਰੇ ਬਿਨਾ ਕੋਈ ਹੋਰ ਪੂਜਣ ਯੋਗ ਨਹੀਂ ਹੈ'। ਆਖ਼ਰੀ ਸੂਰਤ ਵਿਚ ਜੋ ਕੁਝ ਲੋਕਾਂ ਦੇ ਖ਼ਿਆਲ ਅਨੁਸਾਰ ਮਦੀਨੇ ਦੀਆਂ ਸੂਰਤਾਂ ਵਿਚ ਹੈ, ਅੱਲ੍ਹਾ ਦੀ ਤੌਹੀਦ ਪੂਰਨ ਰੂਪ ਵਿਚ ਪੇਸ਼ ਕੀਤੀ ਗਈ ਹੈ। 'ਅੱਲ੍ਹਾ .ਇਕੱਲਾ ਹੈ, ਉਹ ਮਾਲਕ ਹੈ : ਨਾ ਉਸ ਤੋਂ ਕੋਈ ਪੈਦਾ ਹੁੰਦਾ ਹੈ ਨਾ ਉਹ ਆਪ ਕਿਸੇ ਤੋਂ ਪੈਦਾ ਹੋਇਆ ਹੈ, ਕੋਈ ਉਸ ਦਾ ਸਾਨੀ ਨਹੀਂ।'
ਅੱਲ੍ਹਾ ਸਰਵ ਸ਼ਕਤੀਮਾਨ ਤੇ ਰਹਿਮਾਨ ਹੈ –– ਕੁਰਾਨ ਵਿਚ ਅੱਲ੍ਹਾ ਨੂੰ ਬਾਰ ਬਾਰ ਸ੍ਰਿਸ਼ਟੀ ਦਾ ਮਾਲਕ, ਰਹੀਮ ਤੇ ਕਰੀਮ ਦੱਸਿਆ ਗਿਆ ਹੈ ਜਿਸ ਦੀ ਕੁਦਰਤ ਵਿਚ ਕਿਸੇ ਦਾ ਦਖ਼ਲ ਨਹੀਂ ਹੈ। ਮਦੀਨੇ ਵਿਚ ਉਤਰੀ ਹੋਈ ਇਕ ਸੂਰਤ ਵਿਚ ਤਸਲੀਮ-ਓ-ਰਜ਼ਾ ਨੂੰ ਧਾਰਨ ਕਰਨ ਦਾ ਉਪਦੇਸ਼ ਹੈ। 'ਰੱਬ ਆਸਰਾ ਹੈ ਤੇ ਆਗੂ ਹੈ, ਇਹ ਆਇਤ ਰੱਬ ਦੇ ਕਹਿਰ ਹੋਣ ਦਾ ਐਲਾਨ ਉਨ੍ਹਾਂ ਲੋਕਾਂ ਉੱਤੇ ਕਰਦੀ ਹੈ ਜੋ ਰੱਬ ਦੀਆਂ ਰਹਿਮਤਾਂ ਦਾ ਸਤਿਕਾਰ ਨਹੀਂ ਕਰਦੇ।
ਅੱਲ੍ਹਾ ਦੇ ਨਾਂ ਦੇ ਚਿੰਨ੍ਹ
ਅੱਲ੍ਹਾ ਦੇ ਨਾਂ ਦੇ ਚਿੰਨ੍ਹ –– ਇਸ ਤਰ੍ਹਾਂ ਅੱਲ੍ਹਾ ਨੇ ਆਪਣੇ ਅਕਥਨੀਯ ਹੋਣ ਦਾ ਗੁਪਤ ਭੇਦ ਆਪਣੇ ਪੈਗ਼ੰਬਰਾਂ ਰਾਹੀਂ ਮੁੜ ਮੁੜ ਜ਼ਾਹਿਰ ਕੀਤਾ ਹੈ ਅਤੇ ਮਨੁੱਖ ਨੂੰ ਆਖਿਆ ਹੈ ਕਿ ਉਹ ਅੱਲ੍ਹਾ ਦੀ ਸਾਰੀ ਸ੍ਰਿਸ਼ਟੀ ਉੱਤੇ ਅਧਿਕਾਰ ਰਖੇ ਤੇ ਉਸ ਦੇ ਹਰ ਤਰ੍ਹਾਂ ਪੂਰਨ ਹੋਣ ਤੇ ਵਿਸ਼ਵਾਸ ਰਖੇ ਕਿਉਂ ਜੋ ਅੱਲ੍ਹਾ ਹੀ ਮੁੱਢ ਹੈ, ਅੱਲ੍ਹਾ ਹੀ ਅੰਤ ਹੈ, ਅੱਲ੍ਹਾ ਹੀ ਗੁਪਤ ਹੈ ਤੇ ਅੱਲ੍ਹਾ ਹੀ ਪ੍ਰਗਟ ਹੈ।
ਅੱਲ੍ਹਾ ਵੱਲੋਂ ਮਨੁੱਖ ਉੱਤੇ ਇਨਸਾਫ਼ ਹੁੰਦੇ ਰਹਿੰਦੇ ਹਨ। ਰੱਬ ਕੁਦਰਤ ਤੋਂ ਪਛਾਣਿਆ ਜਾਂਦਾ ਹੈ। ਸ੍ਰਿਸ਼ਟੀ ਦੀ ਰਚਨਾ ਇਸ ਹਦ ਤਕ ਵਿਚਿੱਤਰ ਹੈ ਕਿ ਮਨੁੱਖ ਕਈ ਵਾਰ ਇਸੇ ਦੀ ਪੂਜਾ ਕਰਨ ਲਗ ਪੈਂਦਾ ਹੈ ਪਰ ਉਸ ਲਈ ਇਹ ਵਿਸ਼ਵਾਸ ਜ਼ਰੂਰੀ ਹੈ ਕਿ ਰੱਬ ਤੋਂ ਬਿਨਾ ਇਹ ਸਭ ਰਚਨਾ ਨਾਸ਼ਮਾਨ ਹੈ। ਮਨੁੱਖ ਨੂੰ ਅੱਲ੍ਹਾ ਦੀ ਅਗਵਾਈ ਵਿਚ ਇਸ ਨਾਸ਼ਮਾਨ ਤੇ ਮਿਥਿਆ ਜਗਤ ਵਿਚ 'ਆਵੱਸ਼ਯਕ' ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਕੁਰਾਨ ਦਾ ਵਾਕ ਹੈ ਕਿ ਕੇਵਲ ਅੱਲ੍ਹਾ ਹੀ ਇਕ ਅਨਾਦੀ ਹਸਤੀ ਹੈ। ਇਸ ਲਈ ਅੱਲ੍ਹਾ ਦੀ ਆਕ੍ਰਿਤੀ ਨੂੰ ਛੱਡ ਕੇ ਸਭ ਕੋਈ ਨਾਸ਼ਮਾਨ ਹੈ। ਕਿਆਮਤ ਨੂੰ ਸਭ ਸੰਸਾਰ ਫ਼ਨਾਹ ਹੋ ਕੇ ਮੁੜ ਸੁਰਜੀਤ ਹੋਵੇਗਾ। ਅੱਲ੍ਹਾ ਦੀ ਕਾਰੀਗਰੀ ਦੇ ਚਿੰਨ੍ਹ ਸੰਸਾਰ ਦੀ ਰਚਨਾ ਤੋਂ ਪ੍ਰਗਟ ਹੁੰਦੇ ਹਨ। ਇਨ੍ਹਾਂ ਚਿੰਨ੍ਹਾਂ ਅਨੁਸਾਰ ਹੀ ਅੱਲ੍ਹਾ ਦੇ ਨਾਂ ਰੱਖੇ ਗਏ ਹਨ ਜੋ ਅਤਿ ਸੁੰਦਰ ਹਨ। ਵਿਦਵਾਨਾਂ ਤੇ ਨੇਕ ਬੰਦਿਆਂ ਨੇ ਕੁਰਾਨ ਤੇ ਹਦੀਸ ਵਿਚ ਬੜੇ ਗਹੁ ਨਾਲ ਅਤਿ ਸੁੰਦਰ 99 ਨਾਂ ਚੁਣ ਲਏ ਹਨ। ਇਹ ਲੋਕ ਇਨ੍ਹਾਂ ਦਾ ਜਾਪ ਕਰਦੇ ਹਨ ਅਤੇ ਧਿਆਨ ਧਰਦੇ ਹਨ। ਇਨ੍ਹਾਂ ਵਿਚੋਂ ਕੁਝ ਨਾਂ ਇਹ ਹਨ :-
ਇਕ ਅਤੇ ਬੇਨਜ਼ੀਰ, ਜੀਉਂਦਾ ਸੈਭੰ, ਸੱਚ, ਵੱਡਾ, ਉੱਚਾ ਤੇ ਮਹਾਨ, ਪ੍ਰਕਾਸ਼ ਅਤੇ ਪ੍ਰਕਾਸ਼ਿਤ, ਸਿੱਧ, ਸਰਵ ਸ਼ਕਤੀਮਾਨ, ਵਿਚਿੱਤਰ ਕਰਤਾ, ਸੁਣਨ ਵਾਲਾ, ਵੇਖਣ ਵਾਲਾ, ਤ੍ਰਿਕਾਲ ਦਰਸ਼ੀ, ਸਾਕਸ਼ੀ ਉਦਾਰ, ਦਾਤਾ, ਸਦਾ ਖਿਮਾ ਕਰਨ ਵਾਲਾ, ਰੱਖਿਅਕ, ਦਇਆਵਾਨ, ਬਖਸ਼ਣਹਾਰ ਆਦਿ।
ਅੱਲ੍ਹਾ ਆਦਮੀ ਦੀ ਸ਼ਾਹਰਗ ਤੋਂ ਵੀ ਉਸ ਦੇ ਨੇੜੇ ਹੈ, ਹਰ ਇਕ ਚੀਜ਼ ਜੋ ਆਦਮੀ ਨੂੰ ਉਸ ਦੀ ਰੂਹ ਸੁਝਾਉਂਦੀ ਹੈ, ਅੱਲ੍ਹਾ ਉਸ ਨੂੰ ਜਾਣਦਾ ਹੈ।
ਦੋ ਪ੍ਰਕਾਰ ਦੀਆਂ ਆਇਤਾਂ–– ਸਜ਼ਾ ਤੇ ਜਜ਼ਾ ਅਤੇ ਕਜ਼ਾ ਤੇ ਕਦਰ ਬਾਰੇ ਕੁਰਾਨ ਵਿਚ ਅੱਲ੍ਹਾ ਵੱਲੋਂ ਜੋ ਆਇਤਾਂ ਉਤਰੀਆਂ ਉਨ੍ਹਾਂ ਬਾਰੇ ਲੋਕਾਂ ਵਿਚ ਮਤਭੇਦ ਪੈਦਾ ਹੋਏ। ਸੰਸਾਰ ਬਾਰੇ ਅੱਲ੍ਹਾ ਦੀਆਂ ਇੱਛਾਵਾਂ ਤੋਂ ਉਢਦੀ ਅਪਾਰ ਸ਼ਕਤੀ ਪ੍ਰਗਟ ਹੁੰਦੀ ਹੈ। ਉਸ ਦੇ ਪੱਕੇ ਹੁਕਮ ਵਿਚ ਇਸ ਦੀ ਪੋੜ੍ਹਤਾ ਕੀਤੀ ਗਈ ਹੈ ਕਿ ਮਨੁੱਖ ਸਭ ਜੀਵ ਜੰਤੂਆਂ ਵਾਂਗ ਅੱਲ੍ਹਾ ਦਾ ਪੈਦਾ ਕੀਤਾ ਹੋਇਆ ਹੈ। ਨਾਲ ਹੀ ਇਹ ਵੀ ਦੱਸਿਆ ਹੈ ਕਿ ਕਿ ਇਹ ਇਸ ਨਿਆਂਕਾਰੀ, ਨਿਰਪੱਖ ਤੇ ਸੱਚੇ ਦਾਤੇ ਦੀ ਅਸੀਮ ਕੁਦਰਤ ਹੈ। ਇਹ ਗੱਲ ਮਨੁੱਖ ਉਤੇ ਸਪਸ਼ਟ ਕਰ ਦਿੱਤੀ ਗਈ ਹੈ ਕਿ ਉਸ ਦੇ ਹਰ ਕੰਮ ਦਾ ਫ਼ਲ ਜ਼ਰੂਰ ਮਿਲਦਾ ਹੈ। ਕੰਮ ਚੰਗਾ ਹੈ ਤਾਂ ਜਜ਼ਾ ਤੇ ਭੈੜਾ ਹੈ ਤਾਂ ਉਸ ਦੀ ਸਜ਼ਾ ਮਿਲੇਗੀ।
ਆਮ ਤੌਰ ਤੇ ਇਹ ਆਖਿਆ ਜਾਂਦਾ ਹੈ ਕਿ ਕੁਰਾਨ ਵਿਚ ਬੇਸ਼ਮਾਰ ਆਇਤਾਂ ਇਕ ਦੂਜੀ ਦੀਆਂ ਵਿਰੋਧੀ ਹਨ। ਅਸਲ ਗੱਲ ਇਹ ਕਿ ਇਨ੍ਹਾਂ ਵਿਚ ਵਿਰੋਧ ਦੀ ਕੋਈ ਗੁੰਜਾਇਸ਼ ਨਹੀਂ। ਇਸ ਵਿਚ ਇਕ ਦੂਜੇ ਦੇ ਮੁਕਾਬਲੇ ਤੇ ਜ਼ਮੀਮੇ ਦੇ ਤੌਰ ਤੇ ਕੁਝ ਬਿਆਨ ਮੌਜੂਦ ਹਨ। ਇਨ੍ਹਾਂ ਦਾ ਮਕਸਦ ਮਨੁੱਖ ਦੇ ਦਿਲ ਵਿਚ ਅੱਲ੍ਹਾ ਵੱਲ ਜ਼ਰੂਰੀ ਧਿਆਨ ਦਿਵਾਉਣਾ ਹੈ। ਕੁਰਾਨ ਨਾ ਤਾਂ ਅਨਾਦੀ ਤਕਦੀਰ ਤੇ ਧਾਰਮਕ ਵਿਸ਼ੇ ਨੂੰ ਪੇਸ਼ ਕਰਦਾ ਹੈ, ਨਾ ਮਨੁੱਖੀ ਸੁਤੰਤਰਤਾ ਦੀ ਪ੍ਰਕਿਰਤੀ ਦੇ ਤਾਰਕਿਕ ਵਿਚਾਰ ਨੂੰ । ਇਹ ਅੱਲ੍ਹਾ ਤੇ ਸੰਸਾਰ ਦੇ ਵਿਚਕਾਰ ਜੋ ਸਬੰਧ ਹਨ, ਉਨ੍ਹਾਂ ਨੂੰ ਉਜਾਗਰ ਕਰਦਾ ਹੈ। ਪਾਪ ਦੀ ਪ੍ਰਕਿਰਤੀ ਦੇ ਵਿਸ਼ੇ ਸਬੰਧੀ ਇਹ ਚੁਪ ਹੈ। ਉਸ ਵਿਚ ਦਰਜ ਹੈ ਕਿ ਅੱਲ੍ਹਾ ਉਹ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ ਅਤੇ ਜੋ ਕੁਝ ਤੁਸਾਂ ਕੀਤਾ ਉਸ ਨੂੰ ਵੀ ਪੈਦਾ ਕੀਤਾ ਹੈ। ਇਹ ਬਿਆਨ ਹਰ ਮਨੁੱਖੀ ਕਰਮ ਉੱਤੇ ਲਾਗੂ ਕੀਤਾ ਗਿਆ ਹੈ ਪਰ ਹਰ ਨੇਕੀ ਜੋ ਤੁਹਾਡੇ ਤਕ ਪੁੱਜਦੀ ਹੈ, ਅੱਲ੍ਹਾ ਵੱਲੋਂ ਹੈ। ਹਰ ਬਦੀ ਜੋ ਤੁਹਾਡੇ ਉੱਪਰ ਹੁੰਦੀ ਹੈ ਤੁਹਾਡੇ ਆਪਣੇ ਕਰਮਾਂ ਦਾ ਫ਼ਲ ਹੈ। ਬਦੀ ਦੀ ਕਿਸੇ ਯਥਾਰਥ ਪ੍ਰਕਿਰਤੀ ਨੂੰ ਸਵੀਕਾਰ ਕਰਨ ਦੀ ਕਿਸੇ ਇੱਛਾ ਨੂੰ ਇਸ ਪ੍ਰਗਟ ਨਹੀਂ ਕੀਤਾ ਗਿਆ ਹੈ।
ਕੁਰਾਨ ਬਾਰ ਬਾਰ ਆਖਦਾ ਹੈ ਕਿ ਕੋਈ ਚੀਜ਼ ਅੱਲ੍ਹਾ ਦੀ ਮਰਜ਼ੀ ਵਿਰੁੱਧ ਤੇ ਉਸ ਦੀ ਸ਼ਕਤੀ ਤੋਂ ਬਾਹਰ ਨਹੀਂ । ਇਹ ਵੀ ਸਪਸ਼ਟ ਹੈ ਕਿ ਸਜ਼ਾ ਤੇ ਜਜ਼ਾ ਰੱਬ ਦੇ ਇਖ਼ਤਿਆਰ ਵਿਚ ਹੈ। ਸਜ਼ਾ ਤੇ ਜਜ਼ਾ ਦਾ ਖ਼ਿਆਲ ਸਭ ਥਾਂ ਛਾਇਆ ਹੋਇਆ ਹੈ ਜੋ ਅੱਲ੍ਹਾ ਦੀ ਸਹਾਇਤਾ ਲੈਣ ਤੋਂ ਨਾਂਹ ਕਰਦੇ ਹਨ, ਉਹ ਲਾਅਨਤੀ ਹਨ। ਛੋਟੀ ਤੇ ਛੋਟੀ ਨੇਕੀ ਦੀ ਜਜ਼ਾ ਤੇ ਛੋਟੀ ਤੋਂ ਛੋਟੀ ਬਦੀ ਦੀ ਸਜ਼ਾ ਮਿਲੇਗੀ। ਚੰਗੇ ਕਰਮ ਕਰਨਾ, ਚੰਗੇ ਕਰਮ ਕਰਨ ਦਾ ਹੁਕਮ ਦੇਣਾ ਅਤੇ ਭੈੜੇ ਕੰਮਾਂ ਤੋਂ ਵਰਜਣਾ ਅੱਲ੍ਹਾ ਦੇ ਪ੍ਰਮੁੱਖ ਹੁਕਮਾਂ ਵਿਚੋਂ ਹਨ।
ਦੂਜੇ ਪਾਸੇ ਕਜ਼ਾ ਤੇ ਕਦਰ ਦਾ ਆਸਮਾਨੀ ਪੱਧਰ ਤੇ ਸੀਨ ਬਦਲਦਾ ਰਹਿੰਦਾ ਹੈ। ਅੱਲਾ ਦੀ ਮਰਜ਼ੀ ਤੇ ਕਿਸੇ ਦਾ ਇਖਤਿਆਰ ਨਹੀਂ। ਉਸ ਦੇ ਹੁਕਮਾਂ ਵਿਚ ਵੀ ਕਿਸੇ ਦਾ ਦਖ਼ਲ ਨਹੀਂ। ਕੁਝ ਰੂਹਾਂ ਤੇ ਉਹ ਖ਼ਾਸ ਤੌਰ ਤੇ ਮਿਹਰਬਾਨ ਹੈ। ਉਹ ਉਸ ਤੇ ਕਿਰਪਾ ਕਰਦਾ ਹੈ ਜਿਸ ਤੇ ਉਸ ਦੀ ਮਰਜ਼ੀ ਹੋਵੇ, ਉਹੀ ਉੱਚਾ ਕਰਦਾ ਹੈ, ਉਹੀ ਨੀਵਾਂ ਕਰਦਾ ਹੈ। ਉਹ ਜਿਸ ਨੂੰ ਚਾਹੁੰਦਾ ਹੈ ਆਪਣਾ ਰਸਤਾ ਦਸਦਾ ਹੈ; ਜਿਸ ਨੂੰ ਚਾਹੁੰਦਾ ਹੈ ਗੁਮਰਾਹ ਕਰਦਾ ਹੈ। ਨਾ ਕੋਈ ਉਸ ਦੀ ਰੱਖਿਆ ਕਰ ਸਕਦਾ ਹੈ ਤੇ ਨਾ ਉਸ ਨੂੰ ਹਦਾਇਤ ਕਰ ਸਕਦਾ ਹੈ। ਉਹ ਜਿਸ ਨੂੰ ਗੁਮਰਾਹ ਕਰਦਾ ਹੈ ਉਸ ਦੀਆਂ ਅੱਖਾਂ ਉੱਪਰ ਪੱਟੀ ਬੰਨ੍ਹ ਦਿੰਦਾ ਹੈ ਅਤੇ ਕੰਨਾਂ ਤੇ ਦਿਲ ਉੱਤੇ ਮੁਹਰ ਲਾ ਦਿੰਦਾ ਹੈ।
ਇਨਸਾਨ ਦੀ ਆਪਣੀ ਜ਼ਿੰਮੇਵਾਰੀ ਤੇ ਅੱਲ੍ਹਾ ਦੀ ਅਟੱਲ ਮਰਜ਼ੀ, ਹੁਕਮ ਤੇ ਸ਼ਕਤੀ ਇਹ ਦੋ ਵਿਚਾਰ ਧਾਰਾਵਾਂ 'ਹਿਸਾਬ ਦੇ ਦਿਨ' ਦੇ ਸਮਝਣ ਵਿਚ ਇੱਕੋ ਨਹੀਂ ਜਾਪਦੀਆਂ । ਕਈ ਸਦੀਆਂ ਤੀਕ ਇਲਾਹੀ ਭੇਤ ਨੂੰ ਸਮਝਣ ਦਾ ਇਹ ਯਤਨ ਮੁਸਲਿਮ ਵਿਚਾਰਧਾਰਾ ਦੇ ਸਾਹਮਣੇ ਆਉਂਦਾ ਰਿਹਾ।
ਮਨੁੱਖੀ ਗੁਣਾਂ ਨੂੰ ਅੱਲ੍ਹਾ ਵਿਚ ਦੱਸਣ ਵਾਲੀਆਂ ਆਇਤਾਂ––– ਕੁਰਾਨ ਵਿਚ ਬਹੁਤ ਸਾਰੀਆਂ ਅਜਿਹੀਆਂ ਆਇਤਾਂ ਹਨ ਜਿਨ੍ਹਾ ਨੂੰ ਜੇ ਲਫ਼ਜੀ ਹੈਸੀਅਤ ਤੋਂ ਵਿਚਾਰਿਆ ਜਾਵੇ ਤਾਂ ਮਨੁੱਖੀ ਗੁਣਾਂ ਤੇ ਕਰਮਾਂ ਦੀ ਅੱਲ੍ਹਾ ਵਿਚ ਮੌਜੂਦਗੀ ਦਾ ਸੰਦੇਹ ਪੈਦਾ ਹੁੰਦਾ ਹੈ। ਕੁਝ ਆਇਤਾਂ ਹਨ ਜਿਨ੍ਹਾਂ ਦਾ ਭਾਵ ਅਸਪਸ਼ਟ ਹੈ। ਉਹ ਆਇਤਾਂ ਅਜਿਹੀਆਂ ਆਇਤਾਂ ਤੋਂ ਜਿਨ੍ਹਾਂ ਦਾ ਭਾਵ ਸਾਫ਼ ਤੇ ਸਪਸ਼ਟ ਹੈ, ਵੱਖਰੀਆਂ ਹਨ, 'ਅੱਲ੍ਹਾ ਆਪਣੇ ਤਖ਼ਤ ਤੇ ਬੈਠਦਾ ਹੈ, ' ' ' ' ਉਹ ਆਉਂਦਾ ਹੈ' ' (ਹਰਕਤ), 'ਅੱਲ੍ਹਾ ਦਾ ਹੱਥ ਹੈ, ' ' 'ਅੱਲ੍ਹਾ ਦਾ ਚਿਹਰਾ ਹੈ' ' , ' ' ਅੱਲ੍ਹਾ ਦੀਆਂ ਅੱਖਾਂ ਹਨ, ' 'ਆਦਿ ਚੀਜ਼ਾਂ ਅੱਲ੍ਹਾ ਨੂੰ ਮਨੁੱਖੀ ਜਾਮੇ ਵਿਚ ਪੇਸ਼ ਕਰਦੀਆਂ ਹਨ।
ਇਨ੍ਹਾਂ ਆਇਤਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਇਸ ਕਾਰਨ ਹੈ ਕਿ ਇਹ ਇਲਮਿ-ਇਲਾਹੀ ਤੇ ਇਲਮਿ-ਤਫ਼ਸੀਰ ਤੇ ਬੇਸੁਮਾਰ ਸ਼ਾਸਤਰਾਰਥਾਂ ਤੇ ਵਖਰੇਵਿਆਂ ਦਾ ਕਾਰਨ ਬਣੀਆਂ।
ਸਿੱਟਾ––ਅੱਲ੍ਹਾ ਬਾਰੇ ਕੁਰਾਨ ਦੀ ਤਾਲੀਮ ਦਾ ਅੰਤਰੀਵ ਭਾਵ ਅੱਲ੍ਹਾ ਦਾ ਇਕ ਹੋਣਾ, ਉਸ ਦੀ ਪੂਰਣਤਾ ਦੀ ਵਡਿਆਈ ਤੇ ਉਸ ਦਾ ਸਦੀਵੀ ਹੋਣਾ ਹੈ। ਉਸ ਦੀ ਕੁਦਰਤ ਅਪੁਹੰਚ ਹੈ। ਉਹ ਹਰ ਥਾਂ ਮੌਜੂਦ ਹੈ ਤੇ ਸਭ ਦੇ ਨੇੜੇ ਹੈ। ਆਪਣੇ ਨਾਵਾਂ ਦੇ ਉੱਚੇ ਸ਼ਹਿਨਸ਼ਾਹੀ ਗੁਣਾਂ ਤੇ ਕੰਮ ਨਾਲ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਉਹ ਇਕ ਗੁੱਝਾ ਭੇਦ ਹੈ।
ਇਸਲਾਮ ਵਿਚ ਅੱਲ੍ਹਾ ਰੱਬ ਦਾ ਨਿੱਜੀ ਨਾਂ ਹੈ। ਇਸ ਤੋਂ ਉਸ ਦਾ ਇਕ ਤੇ ਲਾ-ਸ਼ਰੀਕ ਪੂਜਨੀਕ ਹੋਣਾ ਜ਼ਾਹਿਰ ਹੁੰਦਾ ਹੈ।
'ਕੀ ਇਸ ਪ੍ਰਕਾਰ ਦੇ ਰੱਬ ਨੂੰ ਕੋਈ ਦੇਹਧਾਰੀ ਰੱਬ ਸਮਝੇ ? '
ਮੁਸਲਮਾਨ ਵਿਦਵਾਨਾਂ ਵਿਚ ਇਸ ਪ੍ਰਕਾਰ ਦੇ ਸੁਆਲ ਦੀ ਗੁੰਜਾਇਸ਼ ਨਹੀਂ । ਅਜਿਹਾ ਵਿਚਾਰ ਤਾਂ ਇਸਲਾਮ ਦੇ ਪੱਛਮੀ ਵਿਦਵਾਨ ਹੀ ਕਰਦੇ ਹਨ। ਅੱਲ੍ਹਾ ਨੂੰ ਦੇਹਧਾਰੀ ਸਮਝਣ ਦਾ ਵਿਚਾਰ ਇਸ ਕਾਰਨ ਪੈਦਾ ਹੁੰਦਾ ਹੈ ਕਿ ਉਹ ਜੀਉਂਦਾ ਹੈ, ਪੈਦਾ ਕਰਦਾ ਹੈ, ਸੰਸਾਰ ਵਿਚ ਹੋਰ ਕੰਮ ਕਰਦਾ ਹੈ ਤੇ ਆਦਮੀਆਂ ਨਾਲ ਗੱਲ ਕਰਦਾ ਹੈ ਪਰੰਤੂ ਇਸਲਾਮ ਅੱਲ੍ਹਾ ਨੂੰ ਦੇਹਧਾਰੀ ਕਹਿਣ ਨੂੰ ਤਿਆਰ ਨਹੀਂ, ਪੱਛਮੀ ਵਿਦਵਾਨਾਂ ਦੇ ਇਸ ਕਥਨ ਦੀ ਪੌੜ੍ਹਤਾ ਕਰਨ ਤੋਂ ਮੁਸਲਮਾਨ ਘਬਰਾਉਂਦੇ ਹਨ।
ਆਮ ਤੌਰ ਤੇ ਮੁਸਲਮਾਨ ਅੱਲ੍ਹਾ ਦੀ ਕੁਦਰਤ ਦੀ ਅਪਹੁੰਚਤਾ ਨੂੰ ਇਸ ਨਾਲ ਸੀਮਤ ਕਰਨਾ ਮਨਜ਼ੂਰ ਨਹੀਂ ਕਰਨਗੇ ਪਰੰਤੂ ਇਹ ਟਪਲਾ ਅਜੇ ਤੀਕ ਚਲਿਆ ਆਉਂਦਾ ਹੈ। ਇਹ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਹਿੰਦ-ਯੂਰਪੀ ਜ਼ੁਬਾਨਾਂ ਵਿਚ ਦੇਹਧਾਰੀ ਅੱਲ੍ਹਾ ਤੋਂ ਭਾਵ ਇਕ ਮੁਕੰਮਲ ਪੂਰਣਤਾ ਹੈ ਜੋ ਆਪਣੀ ਹਸਤੀ ਤੋਂ ਕਾਇਮ ਹੈ, ਅਪਹੁੰਚ ਹੈ, ਪੂਰਣ ਹੈ, ਪੂਰਣਤਾ ਦਾ ਸੋਮਾ ਹੈ, ਹਰ ਸੰਸਾਰਕ ਚੀਜ਼ ਤੋਂ ਅਸੀਮ ਉੱਚਾ ਹੈ ਅਤੇ ਵਿਸ਼ਵਾਸ ਤੇ ਪੂਜਾ ਦੇ ਕੇਂਦਰ ਹੈ। ਕੁਰਾਨ ਦਾ ਵੀ ਇਹੀ ਉਪਦੇਸ਼ ਹੈ।
ਅੱਲ੍ਹਾ ਸਭ ਤੋਂ ਵੱਡਾ ਹਾਕਮ ਹੈ। ਨਿਆਂਕਾਰੀ ਤੇ ਸਖ਼ਤ ਹੈ। ਇਸੇ ਨਾਲ ਉਹ ਸਭ ਦਾ ਆਸਰਾ ਹੈ, ਦਾਤਾ ਤੇ ਦਿਆਲੂ ਹੈ। ਕੁਰਾਨ ਅਜਿਹੇ ਅੱਲ੍ਹਾ ਦੇ ਬਾਰੇ ਸਤਿਕਾਰਯੋਗ ਭੈਅ ਤੇ ਪਵਿੱਤਰਤਾ ਦਾ ਇੱਛੁਕ ਹੈ। ਉਸ ਦਾ ਸ਼ੁਕਰ ਕਰਨਾ ਜ਼ਰੂਰੀ ਹੈ। ਕੁਰਾਨ ਅਤੇ ਅੱਲ੍ਹਾ ਤੋਂ ਡਰਨ ਵਾਲੇ ਲੋਕ ਇਸ ਅਭੇਦ ਸਰਵ ਸ਼ਕਤੀਮਾਨ ਅੱਗੇ ਨਿਉਂਦੇ ਹਨ। ਕੇਵਲ ਬਗ਼ਾਵਤ ਕਰਨ ਵਾਲੇ ਲਾਅਨਤੀਆਂ ਨੂੰ ਸਜ਼ਾ ਦਾ ਭੈਅ ਹੁੰਦਾ ਹੈ। ਚੰਗੇ ਲੋਕ ਨਮਾਜ਼ ਪੜ੍ਹਦੇ ਹਨ ਅਤੇ ਧਨ ਜੁਕਾਤ ਜਾਂ ਖ਼ੈਰਾਤ ਵਿਚ ਦਿੰਦੇ ਹਨ। ਉਸ ਦੇ ਪ੍ਰੇਮੀ ਉਸ ਨੂੰ ਆਪਣਾ ਆਸਰਾ ਤੇ ਆਗੂ ਸਮਝਦੇ ਹਨ, ਉਸ ਕੋਲ ਸਭ ਤੋਂ ਵੱਡੀ ਪਨਾਹ ਹੈ।
ਇਲਮੁਲਕਲਾਮ ਦਾ ਵਿਕਾਸ
ਇਲਮੁਲਕਲਾਮ ਦਾ ਵਿਕਾਸ––– ਇਲਮੁਲਕਲਾਮ ਉਹ ਵਿਗਿਆਨ ਹੈ ਜੋ ਧਰਮ ਨੂੰ ਫ਼ਲਸਫੇ ਰਾਹੀ ਸਿੱਧ ਕਰਦਾ ਹੈ। ਬਲੂ ਉੱਮਯਾ ਦੇ ਰਾਜ ਵਿਚ ਕਈ ਫ਼ਿਰਕੇ ਜਿਵੇਂ ਮੁਰਜੀਆ, ਕਦਰੀਆ, ਜਬਾਰੀਆ ਆਦਿ ਪੈਦਾ ਹੋਏ। ਸੱਤਵੀਂ ਸਦੀ ਈਸਵੀ ਵਿਚ ਇਹ ਰਾਜਨੀਤਕ ਖੇਤਰ ਤਕ ਸੀਮਤ ਰਹੇ। ਅੱਠਵੀ ਤੇ ਨੌਵੀਂ ਵੀਂ ਸ਼ਦੀ ਵਿਚ ਇਨ੍ਹਾਂ ਨੇ ਧਾਰਮਕ ਰੂਪ ਧਾਰਨ ਕਰ ਲਿਆ। ਫਿਰ ਮੁਸਲਮਾਨ ਕਈ ਸਦੀਆਂ ਤਕ ਇਨ੍ਹਾਂ ਨੂੰ ਮੁਰਤਦ ਅਰਥਾਤ ਬੇਦੀਨ ਆਖਦੇ ਰਹੇ।
ਇਲਮੁਲਕਲਾਮ ਦਾ ਆਧਾਰ ਹਨ ਹਦੀਸਾ ਤੇ ਤਫ਼ਸੀਰਾਂ–
(1) ਹਦੀਸ–– ਜਿਸ ਦੇ ਹੁਕਮੀ ਸਬੂਤ ਪੇਸ਼ ਕੀਤੇ। ਇਨ੍ਹਾਂ ਵਿਚੋਂ ਛੇ ਪਰਮਾਣੀਕ ਹਨ, ਖਾਸ ਤੌਰ ਤੇ ਸਹੀਰ (ਕਿਤਾਬੁਤੌਹੀਦ ) ਬੁਖ਼ਾਰੀ ਦੀ। ਬੇਸ਼ੁਮਾਰ ਹਦੀਸਾਂ ਵਿਚ ਇਕ ਪਾਸੇ ਤਾਂ ਅੱਲ੍ਹਾ ਦੇ ਰਹਿਮ ਦਾ ਬਿਆਨ ਹੈ, ਦੂਜੇ ਪਾਸੇ ਅੱਲ੍ਹਾ ਨੂੰ ਸਰਵ-ਸ਼ਕਤੀਮਾਨ ਸ਼ਹਿਨਸ਼ਾਹ ਦੱਸਿਆ ਗਿਆ ਹੈ। ਅੱਲ੍ਹਾ ਬਾਰੇ ਹੁਣ ਦੇ ਵਿਚਾਰਾਂ ਤੇ ਆਮ ਖ਼ਿਆਲਾਤ ਦੀ ਉਤਪਤੀ ਵਿਚ ਸਾਰੀਆਂ ਹਦੀਸਾਂ ਦਾ ਕਾਫ਼ੀ ਹਿੱਸਾ ਹੈ।
(2) ਤਫ਼ਸੀਰ–––ਕੁਰਾਨ ਦੀਆਂ ਜਿਨ੍ਹਾਂ ਆਇਤਾਂ ਵਿਚ ਅੱਲ੍ਹਾ ਬਾਰੇ ਕੁਝ ਆਖਿਆ ਗਿਆ ਹੈ ਉਸ ਦਾ ਉਨ੍ਹਾਂ ਨੂੰ ਵਰਤਣ ਤੇ ਸਮਝਣ ਵਿਚ ਕਾਫ਼ੀ ਹੱਥ ਹੈ। ਦੋ ਵਿਸ਼ੇ ਜਿਨ੍ਹਾਂ ਤੇ ਇਨ੍ਹਾਂ ਵਿਚ ਵਿਚਾਰ ਕੀਤਾ ਗਿਆ ਹੈ ਹੇਠ ਲਿਖੇ ਹਨ :–
-
ਅੱਲ੍ਹਾ ਦਾ ਇਕ ਹੋਣਾ ਤੇ ਉਸ ਦਾ ਆਪਣੀ ਹਸਤੀ ਵਿਚ ਲਾਸ਼ਰੀਕ ਹੋਣਾ।
(2) ਨਿਆਂ–ਅਰਥਾਤ ਮਨੁੱਖੀ ਕਰਮਾਂ ਦੀ ਜਜ਼ਾ ਤੇ ਸਜ਼ਾ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-03-55-06, ਹਵਾਲੇ/ਟਿੱਪਣੀਆਂ: ਹ. ਪੁ. ––ਐਨ. ਇਸ; ਕੁਰਾਨ ਮਜੀਦ; ਮ. ਕੋ. ਪੰ. ਵਿ. ਕੋ.
ਵਿਚਾਰ / ਸੁਝਾਅ
Please Login First