ਆਈਸੋਗਲਾਸਿਜ਼ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਆਈਸੋਗਲਾਸਿਜ਼: ਇਸ ਸੰਕਲਪ ਦੀ ਵਰਤੋਂ ਉਪਭਾਸ਼ਾ ਵਿਗਿਆਨ ਵਿਚ ਕੀਤੀ ਜਾਂਦੀ ਹੈ। ਇਕ ਭਾਸ਼ਾਈ ਖੇਤਰ ਦੇ ਵੱਖੋ-ਵੱਖਰੇ ਇਲਾਕਿਆਂ ਵਿਚ ਭਾਸ਼ਾ ਦੀਆਂ ਵੱਖਰੀਆਂ ਵੰਨਗੀਆਂ ਪੈਦਾ ਹੁੰਦੀਆਂ ਹਨ। ਇਨ੍ਹਾਂ ਵੰਨਗੀਆਂ ਦੇ ਪੈਦਾ ਹੋਣ ਦਾ ਅਧਾਰ ਕੁਦਰਤੀ ਰੁਕਾਵਟਾਂ ਹਨ। ਉਪਭਾਸ਼ਾ ਵਿਗਿਆਨੀ ਇਨ੍ਹਾਂ ਵੰਨਗੀਆਂ ਦੀ ਨਿਸ਼ਾਨਦੇਹੀ ਕਰਨ ਲਈ ਭਾਸ਼ਾ ਦੇ ਭੂਗੋਲਿਕ ਖਿੱਤੇ ਨੂੰ ਨਕਸ਼ਿਆਂ ਵਿਚ ਰੇਖਾਬੱਧ ਕਰਦੇ ਹਨ। ਇਨ੍ਹਾਂ ਨੂੰ ਰੇਖਾਬੱਧ ਕਰਨ ਦਾ ਅਧਾਰ ਧੁਨੀ-ਵਿਉਂਤ ਅਤੇ ਸ਼ਾਬਦਕ ਇਕਾਈਆਂ ਬਣਦੀਆਂ ਹਨ। ਇਕ ਖਿੱਤੇ ਦੀ ਨਿਸ਼ਾਨਦੇਹੀ ਕਰਨ ਲ2ਈ ਉਨ੍ਹਾਂ ਸ਼ਬਦਾਂ ਨੂੰ ਅਧਾਰ ਬਣਾਇਆ ਜਾਂਦਾ ਹੈ ਜੋ ਕੁਦਰਤੀ ਸਥਿਤੀ, ਵਰਤੋਂ ਦੇ ਸੰਦਾਂ ਅਤੇ ਰਿਸ਼ਤੇ-ਨਾਤੇ ਨਾਲ ਸਬੰਧਤ ਹੁੰਦੇ ਹਨ ਜਿਵੇਂ ‘ਸ਼ਾਮ’ ਇਕ ਕੁਦਰਤੀ ਸਥਿਤੀ ਹੈ ਇਸ ਲਈ ‘ਸੰਝ’, ‘ਲੌਡੇ ਵੇਲਾ’, ‘ਤ੍ਰਿਕਾਲਾਂ’, ‘ਆਥਣ’ ਆਦਿ ਸ਼ਬਦ ਰੂਪ ਵੀ ਵਰਤੇ ਜਾਂਦੇ ਹਨ। ਇਹ ਸ਼ਬਦ ਰੂਪ ਉਪਭਾਸ਼ਾਈ ਵਖਰੇਵੇਂ ’ਤੇ ਅਧਾਰਤ ਹੁੰਦੇ ਹਨ। ਇਸੇ ਤਰ੍ਹਾਂ ‘ਰੰਬਾ’, ‘ਖੁਰਪਾ’ ਇਕ ਸੰਦ ਲਈ ਸ਼ਾਬਦਕ ਇਕਾਈ ਹੈ। ਇਕ ਸ਼ਬਦ ਰੂਪ ਦੀ ਵਰਤੋਂ ਨੂੰ ਭਾਸ਼ਾ ਨਕਸ਼ਿਆਂ ’ਤੇ ਰੇਖਾਂਕਤ ਕੀਤਾ ਜਾਂਦਾ ਹੈ ਅਤੇ ਵੇਖਣ ਵਿਚ ਆਉਂਦਾ ਹੈ ਕਿ ਇਕ ਉਪਭਾਸ਼ਾਈ ਖਿੱਤੇ ਵਿਚ ਇਹ ਰੇਖਾਵਾਂ ਗੂੜ੍ਹੀਆਂ ਜਾਂ ਗੁੱਛਿਆਂ ਦੇ ਰੂਪ ਵਿਚ ਵਿਚਰਦੀਆਂ ਹਨ ਪਰ ਉਸ ਭਾਸ਼ਾਈ ਖਿੱਤੇ ਤੋਂ ਕੁੱਝ ਦੂਰ ਹੋ ਕੇ ਇਹ ਫਿਰ ਇਕੱਲੀਆਂ ਰਹਿ ਜਾਂਦੀਆਂ ਹਨ ਅਤੇ ਉਪਭਾਸ਼ਾ ਦੀ ਹੱਦਬੰਦੀ ਦੀ ਸੂਚਨਾ ਨੂੰ ਸਾਕਾਰ ਕਰਦੀਆਂ ਹਨ। ਦੂਜੇ ਖਿੱਤੇ ਵਿਚ ਉਸੇ ਸਥਿਤੀ\ਵਸਤ ਲਈ ਦੂਜਾ ਸ਼ਬਦ ਰੂਪ ਵਰਤਿਆ ਜਾਂਦਾ ਹੈ। ਉਪਭਾਸ਼ਾ ਦੀ ਹੱਦਬੰਦੀ ’ਤੇ ਇਨ੍ਹਾਂ ਦੋਹਾਂ ਰੂਪਾਂ ਦੀ ਵਰਤੋਂ ਹੁੰਦੀ ਹੈ ਪਰ ਦੂਜੀ ਉਪਭਾਸ਼ਾ ਵਿਚ ਫਿਰ ਕੇਵਲ ਇਕ ਸ਼ਬਦ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਕ ਉਪਭਾਸ਼ਾਈ ਖਿੱਤੇ ਦੀ ਹੱਦਬੰਦੀ ਕੀਤੀ ਜਾਂਦੀ ਹੈ। ਇਹ ਅਧਿਅਨ ਸ਼ਬਦ ਅਤੇ ਉਸ ਦੇ ਉਚਾਰਨ ਨੂੰ ਅਧਾਰ ਬਣਾ ਕੇ ਕੀਤਾ ਜਾਂਦਾ ਹੈ ਪਰ ਹੁਣ ਉਪਭਾਸ਼ਾ ਵਿਗਿਆਨ ਦੇ ਅਧਿਅਨ ਦਾ ਵਿਸਥਾਰ ਹੋ ਰਿਹਾ ਹੈ। ਹਰ ਇਕ ਭਾਸ਼ਾ ਦੇ ਭਾਸ਼ਾਈ ਨਿਯਮਾਂ ਨੂੰ ਪਰਗਟ ਕਰਨ ਲਈ ਉਪਭਾਸ਼ਾਵਾਂ ਦੇ ਵਿਆਕਰਨ ਲਿਖੇ ਜਾ ਰਹੇ ਹਨ। ਪੰਜਾਬੀ ਵਿਚ ਲਹਿੰਦੀ, ਮਾਝੀ, ਮਲਵਈ, ਦੁਆਬੀ, ਪੁਆਧੀ, ਬਾਂਗਰੂ ਅਤੇ ਡੋਗਰੀ ਉਪਭਾਸ਼ਾ ਨਾਲ ਸਬੰਧਤ ਵਿਆਕਰਨ ਜਾਂ ਇਸ ਦੇ ਕੁਝ ਪੱਖਾਂ ਦਾ ਅਧਿਅਨ ਕੀਤਾ ਜਾ ਚੁੱਕਾ ਹੈ। ਇਹ ਅਧਿਅਨ ਆਈਸੋਗਲਾਸਿਜ਼ ਵਿਧੀ ਲਈ ਹੋਰ ਪਾਸਾਰ ਮੁਹੱਈਆ ਕਰੇਗਾ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First