ਆਦਰਸ਼ਵਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਦਰਸ਼ਵਾਦ : ਵਿਸ਼ਵਾਸ ਅਤੇ ਆਦਰਸ਼ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਮਨੁੱਖ ਅਤੇ ਹੋਰ ਜੀਵਾਂ ਵਿਚ ਮੁੱਖ ਫ਼ਰਕ ਇਹ ਹੈ ਕਿ ਮਨੁੱਖ ਵਿਸ਼ਵਾਸਾਂ ਦੀ ਵਰਤੋਂ ਕਰ ਸਕਦਾ ਹੈ ਪਰ ਹੋਰ ਜੀਵ ਇਉਂ ਨਹੀਂ ਕਰ ਸਕੇ।

          ਵਿਸ਼ਵਾਸ ਦੋ ਤਰ੍ਹਾਂ ਦੇ ਹੁੰਦੇ ਹਨ – ਵਿਗਿਆਨਕ ਅਤੇ ਨੈਤਿਕ (ਅਰਥਾਤ ਸਦਾਚਾਰ ਸਬੰਧੀ) ਵਿਗਿਆਨਕ ਵਿਸ਼ਵਾਸਾਂ ਦੀ ਹੋਂਦ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਨੈਤਿਕ ਵਿਚਾਰਾਂ ਦੀ ਹੋਂਦ ਬਾਰੇ ਵਿਵਾਦ ਚਲਦਾ ਰਿਹਾ ਹੈ। ਅਸੀਂ ਕਹਿੰਦੇ ਹਾਂ ‘ਅੱਜ ਮੌਸਮ ਬਹੁਤ ਚੰਗਾ ਹੈ’, ਇਸ ਵਿਚ ਅਸੀਂ ਚੰਗਿਆਈ ਦੀ ਗੱਲ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਚੰਗਿਆਈ ਤੋਂ ਜ਼ਿਆਦਾ ਜਾਂ ਘੱਟ ਹੋਣ ਵੱਲ ਵੀ ਇਸ਼ਾਰਾ ਕਰਦੇ ਹਾਂ। ਇਸੇ ਤਰ੍ਹਾਂ ਦਾ ਅੰਤਰ ਕਰਮਾਂ ਦੇ ਸਬੰਧ ਵਿਚ ਵੀ ਕੀਤਾ ਜਾਂਦਾ ਹੈ। ਨੈਤਿਕ ਵਿਸ਼ਵਾਸਾਂ ਨੂੰ ਆਦਰਸ਼ ਵੀ ਕਹਿੰਦੇ ਹਨ। ਆਦਰਸ਼ ਇਕ ਇਹੋ ਜਿਹੀ ਹਾਲਤ ਹੈ ਜੋ (1) ਵਰਤਮਾਨ ਵਿਚ ਪਰਗਟ ਨਹੀਂ ਹੁੰਦੀ, (2) ਇਹ ਵਰਤਮਾਨ ਸਥਿਤੀ ਨਾਲੋਂ ਵਧੇਰੇ ਕੀਮਤੀ ਹੁੰਦੀਹੈ, (3) ਇਹ ਸਥਿਤੀ ਅਨੁਕਰਣ ਦੇ ਯੋਗ ਹੁੰਦੀ ਹੈ, (4) ਅਸਲੀ ਸਥਿਤੀ ਦਾ ਪਤਾ ਲਗਾਉਣ ਲਈ ਮਾਪਦੰਡ ਦਾ ਕੰਮ ਦਿੰਦੀ ਹੈ। ਆਦਰਸ਼ ਦੇ ਭਾਵ ਵਿਚ ਕੀਮਤ ਦਾ ਭਾਵ ਲੁਕਿਆ ਹੋਇਆ ਹੈ। ਕੀਮਤ ਕੀ ਹੈ ?

          ਕੁਝ ਲੋਕ ਕੀਮਤ ਨੂੰ ਮਨੁੱਖੀ ਕਲਪਨਾ ਕਹਿੰਦੇ ਹਨ। ਜੋ ਚੀਜ਼ ਕਿਸੇ ਕਾਰਨ ਸਾਨੂੰ ਚੰਗੀ ਲਗਦੀ ਹੈ ਉਹ ਸਾਡੀ ਨਜ਼ਰ ਵਿਚ ਕੀਮਤੀ ਜਾਂ ਚੰਗੀ ਹੈ। ਇਸ ਦੇ ਉਲਟ ਅਫ਼ਲਾਤੂਨ ਦੇ ਵਿਚਾਰ ਅਨੁਸਾਰ ਵਿਸ਼ਵਾਸ ਜਾਂ ਆਦਰਸ਼ ਹੀ ਅਸਲੀ ਹੋਂਦ ਰੱਖਦੇ ਹਨ, ਦ੍ਰਿਸ਼ਟ ਵਸਤੂਆਂ ਦੀ ਹੋਂਦ ਤਾਂ ਛਾਂ–ਮਾਤਰ ਹੈ। ਇਕ ਤੀਜਾ ਵਿਚਾਰ ਵੀ ਹੈ। ਜਿਸ ਦੀ ਪ੍ਰਤੀਨਿਧਤਾ ਅਰਸਤੂ ਕਰਦਾ ਹੈ, ਆਦਰਸ਼ ਵਾਸਤਵਿਕਤਾ (ਅਸਲੀ–ਅਤ) ਦਾ ਮੁੱਢ ਨਹੀਂ ਸਗੋਂ ‘ਅੰਤ’ ਹੈ। ਆਪਣੇ ਨੀਤੀ ਸ਼ਾਸਤਰ ਦੇ ਮੁੱਢ ਵਿਚ ਹੀ ਉਹ ਕਹਿੰਦਾ ਹੈ ਕਿ ਸਭ ਚੀਜਾਂ ਆਦਰਸ਼ ਵੱਲ ਚੱਲ ਰਹੀਆਂ ਹਨ।

          ਕੀਮਤਾਂ ਵਿਚ ਉੱਚੇ ਅਤੇ ਨੀਵੇਂ ਦਾ ਫ਼ਰਕ ਹੁੰਦਾ ਹੈ। ਜਦ ਅਸੀਂ ਕਹਿੰਦੇ ਹਾਂ ਕਿ ‘ੳ’ ‘ਅ’ ਨਾਲੋਂ ਚੰਗਾ ਹੈ ਤਾਂ ਸਾਡਾ ਭਾਵ ਇਹੋ ਹੁੰਦਾ ਹੈ ਕਿ ਸਭ ਤੋਂ ਚੰਗੇ ਨਾਲੋਂ ‘ਅ’ ਦੇ ਟਾਕਰੇ ਉੱਤੇ ‘ੳ’ ਦਾ ਫ਼ਰਕ ਥੋੜ੍ਹਾ ਹੈ। ‘ਕੀਮਤ’ ਦੀ ਤੁਲਨਾ ਦਾ ਆਧਾਰ ‘ਸਭ ਤੋਂ ਉੱਤਮ’ ਹੈ। ਇਸ ਨੂੰ ਸਰਵਸ੍ਰੇਸ਼ਟ ਵੀ ਕਹਿੰਦੇ ਹਨ। ਪੁਰਾਣੇ ਸਮੇਂ ਵਿਚ ਯੂਨਾਨ ਅਤੇ ਭਾਰਤ ਵਿਚ ਸਰਵਸ੍ਰੇਸ਼ਟ (ਸਭ ਤੋਂ ਉੱਤਮ) ਕੀਮਤ ਦੇ ਸਰੂਪ ਨੂੰ ਸਮਝਦਾ ਹੀ ਨੀਤੀ ਦਾ ਮੁੱਖ ਪ੍ਰਸ਼ਨ ਸੀ।

          ਸਰਵਸ੍ਰੇਸ਼ਟ ਦਾ ਸਰੂਪ – ਸਰਵਸ੍ਰੇਸ਼ਟ ਦੇ ਸਭ ਤੋਂ ਉੱਚੇ ਆਦਰਸ਼ ਦੇ ਸਬੰਧ ਵਿਚ ਸਭ ਇਸ ਗੱਲ ਨਾਲ ਸਹਿਮਤ ਹਨ ਕਿ ਇਹ ਚੇਤਨਾ ਨਾਲ ਜੁੜਿਆ ਹੋਇਆ ਹੈ ਪਰ ਜਿਸ ਵੇਲੇ ਵੀ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਚੇਤਨਾ ਵਿਚ ਕਿਹੜਾ ਹਿੱਸਾ ਇਸ ਦੀ ਕੀਮਤ ਪਰਮਾਣਿਤ ਕਰ ਸਕਦਾ ਹੈ, ਉਸ ਵੇਲੇ ਮਤਭੇਦ ਦਿੱਸਣ ਲਗ ਜਾਂਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਸੁਖ ਦੀ ਪ੍ਰਾਪਤੀ ਅਜਿਹੀ ਕੀਮਤ ਹੈ ਪਰ ਕੁਝ ਲੋਕ ਗਿਆਨ, ਬੁੱਧੀ, ਪ੍ਰੇਮ ਜਾਂ ਕਲਿਆਣ ਦੇ ਵਿਚਾਰ ਨੁੰ ਇਹ ਪਦਵੀ ਦਿੰਦੇ ਹਨ। ਕੁਝ ਇਸ ਵਿਚਾਰ ਵਿਚ ਏਕਤਾਵਾਦ ਨੂੰ ਛੱਡ ਕੇ ਅਨੇਕਤਾਵਾਦ ਦੀ ਸ਼ਰਨ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਇਕ ਤੋਂ ਵਧੀਕ ਭਾਵਨਾਵਾਂ ਇਸ ਨੂੰ ਪ੍ਰਮਾਣਿਤ ਕਰ ਸਕਦੀਆਂ ਹਨ। ਕਿਸੇ ਚੀਜ਼ ਦੀ ਕੀ ਕੀਮਤ ਹੈ, ਇਸ ਗੱਲ ਦਿਾ ਨਿਰਣਾ ਕਰਨ ਲਈ ਡਾਕਟਰ ਮੂਰ ਨੇ ਇਹ ਸੁਝਾਅ ਦਿੱਤਾ ਹੈ – ‘ਫ਼ਰਜ਼ ਕਰੋ ਕਿ ਦੋ ਵਿਕਲਪ ਇਕੋ ਜਿਹੇ ਹਨ ਪਰ ਉਨ੍ਹਾਂ ਵਿਚ ਇੰਨਾ ਫ਼ਰਕ ਹੈ ਕਿ ਕੋਈ ਖ਼ਾਸ ਚੀਜ਼ ਇਕ ਵਿਚ ਤਾਂ ਪਰਗਟ ਹੈ ਤੇ ਦੂਜੇ ਵਿਚ ਨਹੀਂ ਜਾਂ ਇਕ ਵਿਚ ਦੂਸਰੇ ਦੇ ਟਾਕਰੇ ਤੇ ਵਧੇਰੇ ਪਰਗਟ ਹੈ। ’ ਇਨ੍ਹਾਂ ਦੋਹਾਂ ਵਿਚੋਂ ਤੁਹਾਡੀ ਬੁੱਧੀ ਕਿਸ ਨੂੰ ਵਧੇਰੇ ਯੋਗ ਸਮਝਦੀ ਹੈ ? ਜੋ ਚੀਜ਼ ਅਜਿਹੀ ਹਾਲਤ ਵਿਚ ਇਕ ਨੂੰ ਦੂਜੀ ਨਾਲੋਂ ਵਧੇਰੇ ਯੋਗ ਦੱਸਦੀ ਹੈ ਉਹੀ ਕੀਮਤ ਪ੍ਰਮਾਣਿਤ ਕਰਨ ਵਾਲੀ ਹੈ।

          ਆਦਰਸ਼ਵਾਦ ਦੀਆਂ ਪਰਵਾਨਤ ਧਾਰਨਾਵਾਂ ਕੀਮਤਾਂ ਦੀ ਹੋਂਦ, ਉਨ੍ਹਾਂ ਵਿਚ ਚੰਗੇ ਮੰਦੇ ਹੋਣ ਦਾ ਫ਼ਰਕ ਅਤੇ ਸਭ ਤੋਂ ਉੱਤਮ ਕੀਮਤ ਦੀ ਹੋਂਦ ਆਦਰਸ਼ਵਾਦ ਦੀ ਮੌਲਿਕ ਧਾਰਨਾ ਹੈ। ਇਸ ਦੇ ਨਾਲ ਹੀ ਕੁੱਝ ਹੋਰ ਧਾਰਨਾਵਾਂ ਵੀ ਆਦਰਸ਼ਵਾਦੀਆਂ ਵਿਚ ਮੰਨੀਆਂ ਜਾਂਦੀਆਂ ਹਨ। ਉਨ੍ਹਾਂ ਵਿਚੋਂ ਇਥੇ ਅਸੀਂ ਕੇਵਲ ਤਿੰਨਾਂ ਦਾ ਹੀ ਵਰਣਨ ਕਰਾਂਗੇ : (1) ਸਾਧਾਰਣ ਦਾ ਦਰਜਾ ਵਿਸ਼ੇਸ਼ ਨਾਲੋਂ ਉੱਚਾ ਹੈ। ਹਰੇਕ ਬੁੱਧੀਮਾਨ, ਬੁੱਧੀਮਾਨ ਹੋਣ ਕਰਕੇ ਸੱਜਣਤਾ ਵਿਚ ਹਿੱਸਾ ਲੈਣ ਦਾ ਅਧਿਕਾਰੀ ਹੈ। (2) ਅਧਿਆਤਮਕ ਸੱਜਣਤਾ ਦੀ ਕੀਮਤ ਪ੍ਰਕਿਰਤੀ ਦੀ ਸੱਜਣਤਾ ਨਾਲੋਂ ਵਧੀਕ ਹੈ। (3) ਬੁੱਧੀਮਾਨ ਮਨੁੱਖੀ ਵਿਚ ਚੰਗਿਆਈ ਨੂੰ ਸਾਬਤ ਕਰਨ ਦੀ ਸ਼ਕਤੀ ਹੈ। ਮਨੁੱਖ ਸੁਤੰਤਰ ਕਰਤਾ ਹੈ। ਇਨ੍ਹਾਂ ਤਿੰਨਾਂ ਧਾਰਨਾਵਾਂ ਉੱਤੇ ਜ਼ਰਾ ਵਿਚਾਰ ਕਰਨ ਦੀ ਲੋੜ ਹੈ :–

          (1) ਆਪਣਾ ਭਲਾ ਤੇ ਸਰਬੱਤ ਦਾ ਭਲਾਸਾਧਾਰਣ ਅਤੇ ਵਿਸ਼ੇਸ਼ ਦਾ ਫ਼ਰਕ ‘ਆਪਣੇ ਭਲੇ’ ਅਤੇ ‘ਸਰਬੱਤ ਦੇ ਭਲੇ’ ਦੇ ਵਿਵਾਦ ਵਿਚੋਂ ਪਰਗਟ ਹੁੰਦਾ ਹੈ। ਭੋਗਵਾਦ (ਸੁਖਵਾਦ) ਦਾ ਮਸਲਾ ਸਵਾਰਥ ਤੋਂ ਸ਼ੁਰੂ ਹੋਇਆ ਪਰ ਛੇਤੀ ਹੀ ਉਸ ਵਿਚੋਂ ਸਰਬੱਤ ਦੇ ਭਲੇ ਨੇ ਆਪਣੀ ਥਾਂ ਬਣਾ ਲਈ। ਮਨੁੱਖ ਦਾ ਅੰਤਮ ਉਦੇਸ਼ ਵੱਧ ਤੋਂ ਵੱਧ ਗਿਣਛੀ ਵਿਚ ਵੱਧ ਤੋਂ ਵੱਧ ਲਾਭ ਉਠਾਉਣਾ ਹੈ। ਦੂਜੇ ਪਾਸੇ ਕਾਂਤ ਨੇ ਵੀ ਕਿਹਾ ਹੈ ਕਿ ਨਿਰਪੱਖ ਵਿਚਾਰ ਦੇ ਪੱਖੋਂ ਸਾਰੇ ਮਨੁੱਖ ਇਕੋ ਜਿਹੇ ਹਨ। ਕੋਈ ਮਨੁੱਖ ਵੀ ਨਿਰਾ ਸਾਧਨ ਜਾਂ ਵਸੀਲਾ ਨਹੀਂ। ਮੌਤ ਵਾਂਗ ਨਿਤ ਦਾ ਜੀਵਨ ਵੀ ਸਭ ਭੇਦਾਂ ਨੂੰ ਮਿਟਾ ਦਿੰਦਾ ਹੈ। ਹਰ ਮਨੁੱਖ ਦੇ ਕੁਝ ਕਰਤੱਵ ਹਨ ਅਤੇ ਹਰ ਇਕ ਦੇ ਕੁਝ ਅਧਿਕਾਰ ਵੀ ਬਣਦੇ ਹਨ।

          (2) ਅਧਿਆਤਮਕ ਤੇ ਪ੍ਰਾਕਿਰਤਕ ਕੀਮਤ – ਇਸਦੇ ਸਬੰਧ ਵਿਚ ਕਾਂਤ ਦਾ ਮਸ਼ਹੂਰ ਕਥਨ ਇਹ ਹੈ, “ਸੰਸਾਰ ਵਿਚ ਤੇ ਇਸ ਤੋਂ ਪਰ੍ਹੇ ਵੀ ਅਸੀਂ ‘ਕਲਿਆਣ’ ਤੋਂ ਬਿਨਾਂ ਕਿਸੇ ਚੀਜ਼ ਦੀ ਵੀ ਕਲਪਨਾ ਨਹੀਂ ਕਰ ਸਕਦੇ ਜੋ ਬਿਨਾਂ ਕਿਸੇ ਸ਼ਰਤ ਦੇ ਚੰਗੀ ਜਾਂ ਸ਼ੁਭ ਹੋਵੇ।” ਜਾਨ ਸਟੂਅਰਟ ਮਿੱਲ ਵਰਗੇ ਸੁਖਵਾਦੀ ਨੇ ਵੀ ਕਿਹਾ ਹੈ ਕਿ ਇਕ ਸੰਤੁਸ਼ਟ ਸੂਰ ਨਾਲੋਂ ਅਸੰਤੁਸ਼ਟ ਸੁਕਰਾਤ ਹੋਣਾ ਚੰਗਾ ਹੈ। ਮਿੱਲ ਨੇ ਇਹ ਨਹੀਂ ਵੇਖਿਆ ਕਿ ਇਹ ਗੱਲ ਮੰਨਣ ਵਿਚ ਉਹ ਆਪਣੇ ਸਿਧਾਂਤ ਨੂੰ ਛੱਡ ਕੇ ਆਦਰਸ਼ਵਾਦ ਨੂੰ ਮੰਨ ਰਿਹਾ ਹੈ। ਸੁਕਰਾਤ ਵਿਚ ਅਧਿਆਤਮਕ ਅੰਸ਼ ਹੈ ਜੋ ਸੂਰ ਵਿਚ ਨਹੀਂ। ਟਾਮਸ ਹਿੱਲ ਗ੍ਰੀਨ ਨੇ ਵਿਸਥਾਰ ਨਾਲ ਇਹ ਦੱਸਣ ਦਾ ਜਤਨ ਕੀਤਾ ਹੈ ਕਿ ਅੱਜਕੱਲ੍ਹ ਦੀ ਨੈਤਿਕ ਭਾਵਨਾ ਪੁਰਾਣੇ ਯੂਨਾਨ ਦੀ ਭਾਵਨਾ ਤੋਂ ਇਨ੍ਹਾਂ ਦੋ ਗੱਲਾਂ ਵਿਚ ਬਹੁਤ ਅੱਗੇ ਵੱਧ ਗਈ ਹੈ। (1) ਮਨੁੱਖੀ ਤੇ ਮਨੁੱਖ ਵਿਚ ਫ਼ਰਕ ਬਹੁਤ ਘੱਟ ਗਿਆ ਹੈ ਅਤੇ (2) ਜੀਵਨ ਵਿਚ ਅਧਿਆਤਮਕ ਪੱਖ ਅੱਗੇ ਵੱਧ ਰਿਹਾ ਹੈ।

          (3) ਨੈਤਿਕ ਸੁਤੰਤਰਤਾ – ਕਾਂਤ ਦੇ ਵਿਚਾਰ ਵਿਚ ਮਨੁੱਖੀ ਸੁਭਾਅ ਵਿਚ ਮੁੱਖ ਅੰਗ ‘ਨੈਤਿਕ ਭਾਵਨਾ’ ਦਾ ਹੈ। ਉਹ ਅਨੁਭਵ ਕਰਦਾ ਹੈ ਕਿ ਆਪਣੇ ਕਰਤੱਵ ਦੀ ਪਾਲਣਾ ਦੀ ਮੰਗ ਹੋਰ ਸਭ ਮੰਗਾਂ ਨਾਲੋਂ ਵਧੇਰੇ ਹੈ, ਨੈਤਿਕ ਆਦੇਸ਼ ਨਿਰਪੱਖ ਆਦੇਸ਼ ਹਨ। ਇਹ ਮੰਨਣ ਦੇ ਨਾਲ ਨੈਤਿਕ ਸੁਤੰਤਰਤਾ ਦੀ ਮਨੌਤ ਵੀ ਜ਼ਰੂਰੀ ਹੋ ਜਾਂਦੀ ਹੈ। “ਤੁਹਾਨੁੰ ਕਰਨਾ ਚਾਹੀਦਾ ਹੈ ਇਸ ਲਈ ਤੁਸੀਂ ਕਰ ਸਕਦੇ ਹੌ।” ਜੇ ਕਰਨ ਦੀ ਯੋਗਤਾ ਨਹੀਂ ਤਾਂ ਜ਼ਿੰਮੇਵਾਰੀ ਦਾ ਪ੍ਰਸ਼ਨ ਹੀ ਨਹੀਂ ਉਠ ਸਕਦਾ।

          (4) ਸ੍ਰੇਸ਼ਟ, ਵਧੇਰੇ ਸ੍ਰੇਸ਼ਟ ਤੇ ਸਰਵਸ੍ਰੇਸ਼ਟਇਥੇ ਇਕ ਔਕੜ ਨਜ਼ਰ ਆਉਂਦੀ ਹੈ। ਨੈਤਿਕ ਆਦਰਸ਼ ‘ਸਰਵਸ੍ਰੇਸ਼ਟ’ ਦੀ ਪ੍ਰਾਪਤੀ ਹੈ ਜਾਂ ਉਸ ਵੱਲ ਵਧਣਾ ਹੈ ? ਜਿਸ ਅਵਸਥਾ ਨੂੰ ਅਸੀਂ ਸਰਵਸ੍ਰੇਸ਼ਟ ਸਮਝਦੇ ਹਾਂ ਉਸ ਦੀ ਪ੍ਰਾਪਤੀ ਉਪਰੰਤ ਅਸੀਂ ਦੇਖਦੇ ਹਾਂ ਕਿ ਉਹ ਅਸਲ ਤੋਂ ਚੰਗੀ ਲਗਦੀ ਹੈ। ਇਸ ਸਿਲਸਿਲੇ ਵਿਚ ਭਾਵੇਂ ਅਸੀਂ ਕਿਤੇ ਵੀ ਪਹੁੰਚ ਜਾਈਏ ਪਰ ਉਣਤਾਈ ਰਹਿੰਦੀ ਹੀ ਹੈ। ਕਾਂਤ ਨੇ ਆਪ ਕਿਹਾ ਹੈ ਕਿ ਸਾਡਾ ਅੰਤਮ ਉਦੇਸ਼ ਪੂਰਨਤਾ ਹੈ ਅਤੇ ਉਸ ਦੀ ਪ੍ਰਾਪਤੀ ਲਈ ਅਨੰਤ ਸਮੇਂ ਦੀ ਲੋੜ ਹੈ। ਕੁੱਝ ਵਿਚਾਰਵਾਨ ਤਾਂ ਕਹਿੰਦੇ ਹਨ ਕਿ ਅਪੂਰਨਤਾ ਦਾ ਕੁਝ ਅੰਸ਼ ਤਾਂ ਰਹਿਣਾ ਹੀ ਚਾਹੀਦਾ ਹੈ। ਸੋਰਟੋ ਆਪਣੀ ਪੁਸਤਕ ‘ਨੈਤਿਕ ਮੁੱਲ’ ਵਿਚ ਕਹਿੰਦਾ ਹੈ, ਕਿ ਕਲਪਨਾ ਕਰੋ ਕਿ ਸਾਰੇ ਮੁੱਲ ਪ੍ਰਾਪਤ ਹੋ ਗਏ ਹਨ। ਅਜਿਹਾ ਹੋਣ ਉਤੇ ਨੀਤੀ ਦਾ ਕੀ ਬਣੇਗਾ। ਅੱਗੇ ਵਧਣ ਲਈ ਕੋਈ ਆਦਰਸ਼ ਰਹੇਗਾ ਹੀ ਨਹੀਂ। ਇਹ ਸਫ਼ਲਤਾ ਸਾਰੇ ਉੱਦਮ ਦਾ ਅੰਤ ਕਰ ਦੇਵੇਗੀ ਅਤੇ ਇਸ ਤਰ੍ਹਾਂ ਪ੍ਰਾਪਤ ਨੈਤਿਕ ਆਦਰਸ਼, ਨੈਤਿਕ ਜੀਵਨ ਨੂੰ ਪੂਰਨ ਕਰ ਕੇ ਉਸ ਨੂੰ ਸਮਾਪਤ ਕਰ ਦੇਵੇਗਾ। ਇਕ ਔਕੜ ਦੇ ਕਾਰਨ ਬ੍ਰੈਡਲੇ ਨੇ ਕਿਹਾ ਹੈ ਕਿ ਨੈਤਿਕ ਜੀਵਨ ਵਿਚ ਅੰਦਰੂਨੀ ਵਿਰੋਧ ਹੈ। ਸਾਰੇ ਨੈਤਿਕ ਜਤਨ ਦਾ ਅੰਤ ਇਸ ਦੀ ਆਪਣੀ ਹੀ ਹੱਤਿਆ ਹੈ।

          ਹ.ਪੁ. . ਹਿੰ. ਵਿ. ਕੋ. 1 : 367          


ਲੇਖਕ : ਹਰਪ੍ਰੀਤ ਕੌਰ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-21, ਹਵਾਲੇ/ਟਿੱਪਣੀਆਂ: no

ਆਦਰਸ਼ਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਦਰਸ਼ਵਾਦ : ਆਦਰਸ਼ਵਾਦ ਦੀ ਸਥਾਪਨਾ ਕਰਨ ਵਾਲੇ ਵਾਦ ਨੂੰ ਆਦਰਸ਼ਵਾਦ ਕਿਹਾ ਜਾਂਦਾ ਹੈ। ਸਾਧਾਰਣ ਗੱਲਬਾਤ ਵਿਚ ਸ਼ਬਦ ‘ਆਦਰਸ਼ਵਾਦ’ ਤੇ ਦਾਰਸ਼ਨਿਕ ਪਰਿਭਾਸ਼ਾ ਅਨੁਸਾਰ ‘ਆਦਰਸ਼ਵਾਦ’ ਵਿਚ ਇਕ ਵੱਡਾ ਅਰਥ–ਭੇਦ ਹੈ। ਸਾਧਾਰਣ ਗੱਲਬਾਤ ਵਿਚ ਉਸ ਮਨੁੱਖ ਨੂੰ ਆਦਰਸ਼ਵਾਦੀ ਆਖਿਆ ਜਾਂਦਾ ਹੈ ਜੋ ਆਪਣੇ ਯਤਨਾਂ ਦੇ ਅੱਗੇ ਇਕ ਉੱਚਾ, ਪਵਿਤਰ ਤੇ ਨਿਸ਼ਕਾਮ ਜਿਹਾ ਨਿਸ਼ਾਨਾ ਰੱਖਦਾ ਹੈ ਪਰ ਦਾਰਸ਼ਨਿਕ ਪਰਿਭਾਸ਼ਾ ਵਿਚ ਇਸ ਦੇ ਅਰਥ ਵੱਖਰੇ ਹਨ।

          ਪ੍ਰਸਿੱਧ ਯੂਨਾਨੀ ਦਾਰਸ਼ਨਿਕ ਅਫ਼ਲਾਤੂਨ ਦੇ ਸਿਧਾਂਤ ਅਨੁਸਾਰ ਹਰ ਵਸਤੂ ਜੋ ਇਸ ਪਦਾਰਥਕ ਸੰਸਾਰ ਵਿਚ ਦਿਸਦੀ ਹੈ, ਆਦਰਸ਼ਕ ਸੰਸਾਰ ਵਿਚ ਪਏ ਇਕ ਸੰਪੂਰਣ ਰੂਪ ਦਾ ਅਪੂਰਣ ਜਿਹਾ ਰੂਪਾਂਤਰ ਹੈ, ਅਰਥਾਤ ਮਨੁੱਖ ਆਪ ਨਵਾਂ ਕੁਝ ਨਹੀਂ ਬਣਾਉਂਦਾ ਜਾਂ ਘੜਦਾ, ਉਸ ਦੀ ਸਾਰੀ ਬਣਾਵਟ ਤੇ ਘਾੜਤ ਆਦਰਸ਼–ਰੂਪਾਂ ਦਾ ਪਰਛਾਵਾਂ ਹੈ।

          ਇਹ ਸਿਧਾਂਤ ਸਾਡੇ ਦੇਸ਼ ਦੇ ਅਧਿਆਤਮਵਾਦੀ ਸਿਧਾਂਤ ਦੇ ਅਨੁਕੂਲ ਵੀ ਹੈ, ਭਾਵੇਂ ਗੁਰੂ ਨਾਨਕ ਸਾਹਿਬ ਦਾ ਸਰਮ ਖੰਡ ਦਾ ਸਿਧਾਂਤ :

ਸਰਮ ਖੰਡ ਕੀ ਬਾਣੀ ਰੂਪੁ।

                                                ਤਿਥੈ ਘਾੜਤਿ ਘੜੀਐ ਬਹੁਤ ਅਨੂਪ।                   ––(ਜਪੁਜੀ)

ਇਸ ਤੋਂ ਵੱਖਰਾ ਪ੍ਰਤੀਤ ਹੁੰਦਾ ਹੈ ਪਰ ਆਦਰਸ਼ਵਾਦੀ ਅਨੁਸਾਰ ਆਦਰਸ਼ਕ ਸੰਸਾਰ ਵਿਚ ਘਾੜਤ ਘੜੀ ਨਹੀਂ ਜਾਂਦੀ, ਇਹ ਅਨਾਦਿ ਕਾਲ ਤੋਂ ਹੀ ਤੁਰੀ ਆਉਂਦੀ ਹੈ। ਆਦਰਸ਼ਕ ਸੰਸਾਰ, ਕਰਮ ਦਾ ਸੰਸਾਰ ਨਹੀਂ ਹੈ।

          ਉਂਜ ਅਫ਼ਲਾਤੂਨ ਦੇ ਸਮਾਨਾਰਥ ਸਿਧਾਂਤ ਸ਼ਾਇਦ ਸਾਡੇ ਭਾਰਤੀ ਸ਼ਾਸਤ੍ਰਾਂ ਵਿਚ ਕਿਧਰੇ ਨਹੀਂ ਮਿਲਦੇ। ਇਹ ਠੀਕ ਹੈ ਕਿ ਮਨੁੱਖ ਲਈ ਹਰ ਭਾਂਤ ਦੀ ਪ੍ਰਾਪਤੀ ਦਾ ਆਦਰਸ਼ਕ ਰੂਪ ਸਾਡੇ ਸ਼ਾਸਤ੍ਰਾਂ ਨੇ ਪਹਿਲਾਂ ਹੀ ਵਿਸ਼ਨੂੰ ਆਦਿ ਦੇਵ–ਸ਼ਕਤੀਆਂ ਨੂੰ ਮਿਥਿਆ ਹੋਇਆ ਹੈ, ਜਿਨ੍ਹਾਂ ਅਨੁਸਾਰ ਮਨੁੱਖ ਤਪ, ਸਾਧਨਾ ਆਦਿ ਕਰ ਕੇ ਦੇਵ–ਸ਼ਕਤੀਆਂ ਨਾਲ ਸਮਤਾ ਲਈ ਤਾਂਘਦਾ ਹੈ ਪਰ ਉਹ ਇਸ ਵਿਚ ਸਫਲ ਨਹੀਂ ਹੁੰਦਾ। ਜਦੋਂ ਵੀ ਇਸ ਸਮਤਾ ਦੀ ਪ੍ਰਾਪਤੀ ਦੀ ਮਨੁੱਖ ਵਲੋਂ ਸੰਭਾਵਨਾ ਹੈ, ਤਾਂ ਦੇਵ–ਸ਼ਕਤੀਆਂ ਨਾਲ ਉਸ ਦੀ ਟੱਕਰ ਹੋ ਜਾਂਦੀ ਹੈ। ਇਸ ਟੱਕਰ ਵਿਚ ਉਹ ਦੇਵ–ਸ਼ਕਤੀਆਂ ਅੱਗੇ ਹਾਰ  ਜਾਂਦਾ ਹੈ ਅਰਥਾਤ ਮਨੁੱਖ ਤਪ, ਸਾਧਨਾ ਆਦਿ ਰਹੀਂ ਸੰਪੂਰਣਤਾ ਲਈ ਤਾਂਘਦਾ ਹੈ ਪਰ ਉਸ ਨੂੰ ਇਹ ਸੰਪੂਰਣਤਾ ਪ੍ਰਾਪਤ ਨਹੀਂ ਹੋ ਸਕਦੀ। ਦੇਵ–ਸ਼ਕਤੀਆਂ ਵਾਲੀ ਸੰਪੂਰਣਤਾ ਮਨੁੱਖ ਲਈ ਇਕ ਤਾਂਘ, ਇਕ ਆਦਰਸ਼ ਹੀ ਹੈ।

          ਭਾਰਤ ਵਿਚ ਸ਼ਾਇਦ ਸਭ ਤੋਂ ਵੱਧ ਪ੍ਰਚੱਲਿਤ ਆਦਰਸ਼ਵਾਦੀ ਦਰਸ਼ਨ/ਸਿਧਾਂਤ ਵੇਦਾਂਤ ਦਾ ਬ੍ਰਹਮਵਾਦ ਹੈ, ਜਿਸ ਨੂੰ ਪਿਛੋਂ ਜਾ ਕੇ ਸ਼ੰਕਰਾਚਾਰਯ ਨੇ ਬੜੀ ਸਫਲਤਾ ਨਾਲ ਪ੍ਰਚਾਰਿਆ। ਇਸ ਸਿਧਾਂਤ ਨੂੰ ਸਾਧਾਰਣ ਰੂਪ ਵਿਚ ਸਿੱਖ ਧਰਮ ਨੇ ਵੀ ਮੰਨਿਆ ਹੈ।

          ਪ੍ਰਾਚੀਨਤਮ ਸਮੇਂ ਦੇ ਪੱਛਮੀ ਦਾਰਸ਼ਨਿਕਾਂ ਵਿਚ ਸਪੀਨੋਜ਼ਾ (Spinoza) ਸ਼ਾਇਦ ਸਭ ਤੋਂ ਵਧੀਕ ਇਸ ਸਿਧਾਂਤ ਦੇ ਨੇੜੇ ਹੈ। ਗੁਰਬਾਣੀ ਵਿਚ ਖ਼ਾਸ ਕਰਕੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਵਿਚ, ਇਸ ਸਿਧਾਂਤ ਦਾ ਸਮਰਥਨ ਮਿਲਦਾ ਹੈ, ਭਾਵੇਂ ਵਧੇਰੇ ਪ੍ਰਮਾਣਿਕ ਭਾਵ ਵਿਚ, ਇਸ ਸੰਸਾਰ ਨੂੰ ਬ੍ਰਹਮ ਦੀ ਖੇਡ ਹੀ ਮੰਨਿਆ ਗਿਆ ਹੈ, ਜਿਸ ਖੇਡ ਦਾ ਮਨੁੱਖ ਇਕ ਭਾਗ ਹੈ। ਆਦਰਸ਼ਵਾਦ ਕਿਸੇ ਰੂਪ ਵਿਚ ਵੀ ਹੋਵੇ, ਇਸ ਦੇ ਮੁੱਖ ਵਿਚਾਰ ਇਹ ਹਨ–ਸੰਸਾਰ ਇਕ ਪਰਮ ਤੱਤ ਜਾਂ ਸਰਬ ਤੱਤ ਦਾ ਪਸਾਰ, ਭਾਗ ਜਾਂ ਪ੍ਰਤਿਬਿੰਬ ਹੈ, ਇਸ ਦੀ ਅਨੰਤਤਾ ਵਿਚ ਇਸ ਸੰਸਾਰ ਦਾ ਕੋਈ ਮਹਾਨ ਅਰਥ ਨਹੀਂ। ਇਸ ਤਰ੍ਹਾਂ ਆਦਰਸ਼ਵਾਦ ਇਕ ਅਜਿਹਾ ਸਿਧਾਂਤ ਹੈ, ਜੋ ਇਸ ਸੰਸਾਰ ਨੂੰ ਜਿਸ ਦਾ ਮਨੁੱਖ ਇਕ ਭਾਗ ਹੈ, ਛੁਟਿਆਂਦਾ ਤੇ ਨਿਰਰਥਕ ਸਮਝਦਾ ਹੈ।

          ਯਥਾਰਥਵਾਦੀ ਦ੍ਰਿਸ਼ਟੀਕੋਣ ਤੋਂ ਇਸ ਸਿਧਾਂਤ ਵਿਚ ਸਭ ਤੋਂ ਵੱਡਾ ਦੋਸ਼ ਇਹ ਹੈ ਕਿ ਇਹ ਸ੍ਰਿਸ਼ਟੀ ਦੇ ਇਕ ਭਾਗ ਨੂੰ, ਜਾਂ ਵੇਦਾਂਤ ਬ੍ਰਹਮ ਦੇ ਪਸਾਰ ਦੇ ਹੀ ਇਕ ਭਾਗ ਨੂੰ, ਉਸ ਸ੍ਰਿਸ਼ਟੀ ਵਿਚੋਂ ਕੱਢ ਕੇ ਉਸ ਤੋਂ ਇਸ ਸ੍ਰਿਸ਼ਟੀ ਬਾਰੇ, ਨਿਰਣਾ ਕਰਵਾਂਦਾ ਹੈ। ਜਿੱਥੇ ਯਥਾਰਥਵਾਦ ਮਨੁੱਖ ਪਾਸੋਂ ਇਹ ਨਿਰਣਾ ਉਸ ਨੂੰ ਇਕ ਪ੍ਰਸਾਰ ਦੇ ਭਾਗ–ਰੂਪ ਵਿਚ ਰਹਿ ਕੇ ਕਰਨ ਨੂੰ ਆਖਦਾ ਹੈ, ਉੱਥੇ ਆਦਰਸ਼ਵਾਦ ਮਨੁੱਖ ਨੂੰ ਇਸ ਸ੍ਰਿਸ਼ਟੀ ਦੀ ਖੇਡ ਦਾ ਇਕ ਖਿਡਾਰੀ ਸਮਝਦਾ ਹੈ। ਸ਼ਾਇਦ ਇਨ੍ਹਾਂ ਨਿਯਮਾਂ ਵਿਚ ਕੋਈ ਬਹੁਤ ਦੋਸ਼ ਨਾ ਹੋਵੇ ਜੇ ਇਹ ਸਦਾ ਲਈ ਠੀਕ ਹੋਣ। ਰਾਜਾ ਸ਼੍ਰੇਣੀ ਇਨ੍ਹਾਂ ਨੂੰ ਸਦਾ ਲਈ ਠੀਕ ਇਸ ਲਈ ਦੱਸਦੀ ਹੈ ਕਿ ਇਹ ਇਸ ਦੇ ਹਿੱਤਾਂ ਦੀ ਪਾਲਣਾ ਲਈ ਬਣੇ ਹੁੰਦੇ ਹਨ ਅਤੇ ਉਹ ਇਨ੍ਹਾਂ ਨੂੰ ਅਨਾਦਿ ਕੇਵਲ ਇਸ ਲਈ ਆਖਦੀ ਹੈ ਕਿ ਪੁਰਾਣੇ ਬਣੇ ਹੋਏ ਹਨ। ਰਾਜਾ ਸ਼੍ਰੇਣੀ, ਆਦਰਸ਼ਵਾਦ ਦੇ ਸਿਧਾਂਤ ਤੇ ਮਨੁੱਖ ਦੀਆਂ  ਆਦਰਸ਼ਵਾਦੀ ਰੁਚੀਆਂ ਨੂੰ ਪਦਾਰਥਕ, ਇਤਿਹਾਸਕ ਤੇ ਸਮਾਜਕ ਵਿਕਾਸ ਦੇ ਵਿਰੋਧ ਵਿਚ ਵਰਤਦੀ ਹੈ।

          ਇਹ ਠੀਕ ਹੈ ਕਿ ਸਮੇਂ ਸਮੇਂ ਧਾਰਮਿਕ ਯਥਾਰਥਵਾਦੀ ਰੁਚੀਆਂ ਰਾਜਾ ਸ਼੍ਰੇਣੀ ਦੇ ਆਦਰਸ਼ਵਾਦ ਨੂੰ ਇਉਂ ਵਰਤਣ ਨੂੰ ਨਿੰਦਦੀਆਂ ਰਹਿੰਦੀਆਂ ਹਨ, ਪਰ ਉਨ੍ਹਾਂ ਦੀ ਇਹ ਨਿਖੇਧੀ ਬਹੁਤੀ ਸਫ਼ਲਤਾ ਪ੍ਰਾਪਤ ਨਹੀਂ ਕਰਦੀ ਕਿਉਂਕਿ ਉਹ ਆਦਰਸ਼ਵਾਦ ਦੇ ਮੂਲ ਸੁਭਾਵ ਨੂੰ ਅਸਵੀਕਾਰ ਨਹੀਂ ਕਰਦੀਆਂ। ਉਹ ਆਦਰਸ਼ਵਾਦ ਦੇ ਵਿਕਾਸ–ਵਿਰੋਧੀ ਬੰਧਨਾਂ ਵਿਚ ਰਹਿੰਦੀਆਂ ਹੋਈਆਂ ਸਮਾਜਕ ਵਿਕਾਸ ਦਾ ਸਮਰਥਨ ਕਰਦੀਆਂ ਹਨ। ਰਾਜਾ ਸ਼੍ਰੇਣੀਆਂ ਭਾਵੇਂ ਇਨ੍ਹਾਂ ਦੇ ਸਮਰਥਨ ਕੀਤੇ ਕੁਝ ਵਿਕਾਸ ਤੱਤਾਂ ਨੂੰ ਸਵੀਕਾਰ ਕਰ ਲੈਂਦੀਆਂ ਹਨ ਪਰ ਅੱਗੋਂ ਦੇ ਵਿਕਾਸ ਨੂੰ ਰੋਕਣ ਲਈ ਉਹ ਇਨ੍ਹਾਂ ਵਿਕਾਸ ਤੱਤਾਂ ਨੂੰ ਵੀ ਆਦਰਸ਼ਵਾਦੀ ਚੌਖਟੇ ਵਿਚ ਜੜ ਲੈਂਦੀਆਂ ਹਨ।

          ਇਸ ਤਰ੍ਹਾਂ ਆਦਰਸ਼ਵਾਦ ਦਾ ਕਰਮ ਸਮਾਜਕ ਤੇ ਆਰਥਿਕ ਖੇਤਰ ਵਿਚ ਵਿਕਾਸ–ਵਿਰੋਧੀ ਹੈ ਅਤੇ ਇਸ ਦਾ ਇਹ ਕਰਮ ਇਸ ਦੇ ਮੂਲ ਸੁਭਾਵ ਅਨੁਸਾਰ ਹੋਣ ਕਰਕੇ ਬਦਲਿਆ ਨਹੀਂ ਜਾ ਸਕਦਾ । ਪੁਰਾਣੇ ਸਮੇਂ ਦੇ ਸਾਹਿੱਤ ਵਿਚ ਆਦਰਸ਼ਵਾਦੀ ਰੁਚੀਆਂ ਦਾ ਪ੍ਰਧਾਨ ਹੋਣਾ ਸੁਭਾਵਿਕ ਸੀ ਕਿਉਂਕਿ ਉਸ ਸਮੇ ਦੇ ਉਤਪਤੀ ਦੇ ਸਾਧਨਾਂ ਦੇ ਅਨੁਕੂਲ ਸਮਾਜ ਦਾ ਕੇਵਲ ਛੋਟਾ ਜਿਹਾ ਭਾਗ ਹੀ ਪਦਾਰਥਕ ਕੁਸ਼ਲਤਾ ਪ੍ਰਾਪਤ ਕਰ ਸਕਦਾ ਸੀ ਤੇ ਵੱਡੇ ਭਾਗ ਨੂੰ ਅਤਿ ਗ਼ਰੀਬੀ ਨਾਲ ਹੀ ਸੰਤੁਸ਼ਟ ਰਹਿਣਾ ਪੈਂਦਾ ਸੀ।

           ਜਿਵੇਂ ਉੱਪਰ ਦੱਸਿਆ ਗਿਆ ਹੈ, ਆਦਰਸ਼ਵਾਦ ਦਾ ਮੂਲ ਆਧਾਰ ਇਕ ਪਰਮ ਤੱਤ ਹੈ, ਜਿਸ ਨੂੰ ਪਰਮਾਤਮਾ, ਪਰਮੇਸ਼ਵਰ ਆਦਿ ਦੇ ਨਾਂ ਦਿੱਤੇ ਗਏ ਹਨ। ਇਸ ਲਈ ਆਦਰਸ਼ਵਾਦੀ ਸਾਹਿੱਤ ਵਧੇਰੇ ਅਧਿਆਤਮਿਕ ਹੋਵੇਗਾ ਤੇ ਜਿੱਥੇ ਇਸ ਦਾ ਵਿਸ਼ਾ ਸਮਾਜ ਦੇ ਪਦਾਰਥਕ ਜੀਵਨ ਦਾ ਵੀ ਕੋਈ ਪੱਖ ਹੋਵੇਗਾ, ਉੱਥੇ ਵੀ ਉਹ ਇਸ ਜੀਵਨ ਪੱਖ ਨੂੰ ਪਰਮ ਤੱਤ ਨਾਲ ਜੋੜ ਦੇ ਅਧਿਆਤਮਿਕ ਤੇ ਵਾਸਤਵ ਤੋਂ ਵੱਖਰਾ ਬਣਾ ਦੇਵੇਗਾ।

          ਰਾਜਾ ਸ਼੍ਰੇਣੀ ਸਦਾ ਪਦਾਰਥਕ ਤੇ ਸਮਾਜਕ ਵਿਕਾਸ ਦਾ ਵਿਰੋਧ ਕਰਦੀ ਹੈ ਕਿਉਂਕਿ ਉਸ ਵਿਚ ਇਸ ਨੂੰ ਆਪਣੀ ਕੁਸ਼ਲਤਾ ਤੇ ਅਧਿਕਾਰਾਂ ਦੇ ਘਟ ਜਾਣ ਦਾ ਡਰ ਹੁੰਦਾ ਹੈ। ਵਿਕਾਸ ਦਾ ਵਿਰੋਧ ਆਦਰਸ਼ਵਾਦ ਦੇ ਬੁਰਕੇ ਵਿਚ ਹੀ ਕੀਤਾ ਜਾ ਸਕਦਾ ਹੈ। ਸੋ ਰਾਜਾ ਸ਼੍ਰੇਣੀ ਜਾਂ ਉੱਚੀਆਂ ਸ਼੍ਰੇਣੀਆਂ ਦਾ ਸਾਹਿੱਤ ਤੇ ਕਲਾ ਆਦਰਸ਼ਵਾਦੀ ਹੋਣਗੇ। ਉੱਚੀਆਂ ਸ਼੍ਰੇਣੀਆਂ ਦੇ ਸਦੀਆਂ ਬੱਧੀ ਅਧਿਕਾਰ ਅਤੇ ਧਾਰਮਿਕ ਰੁਚੀਆਂ ਦੇ ਪ੍ਰਭਾਵ ਰੂਪ ਵਿਚ ਬਹੁਤ ਸਾਧਾਰਣ ਲੋਕ ਤੇ ਕਈ ਬੁੱਧੀਮਾਨ ਵੀ ਸਮੇਂ ਦੀਆਂ ਸਮਾਜਕ ਤੇ ਗ੍ਰਿਹਸਥੀ ਜੀਵਨ ਦੀਆਂ ਗੁੰਝਲਾਂ ਨੂੰ ਪਦਾਰਥਵਾਦ ਦਾ ਉਪਜਾਇਆ ਕਲੇਸ਼ ਸਮਝ ਕੇ ਆਦਰਸ਼ਵਾਦੀ ਰੁਚੀਆਂ ਵਾਲੇ ਹੋ ਜਾਂਦੇ ਹਨ। ਇਸ ਕਰਕੇ ਇਸ ਅਵਸਥਾ ਵਿਚ, ਆਦਰਸ਼ਵਾਦੀ ਸਾਹਿੱਤ ਦੀ ਉਤਪੱਤੀ ਤੇ ਪ੍ਰਵਾਨਗੀ ਦਾ ਘੇਰਾ ਵਿਸ਼ਾਲ ਰਹਿਣ ਦੀ ਸੰਭਾਵਨਾ ਰਹਿੰਦੀ ਹੈ।

          ਸਾਹਿੱਤ ਵਿਚ ਅਸਲੋਂ, ਆਦਰਸ਼ ਸ਼ਬਦ ਦੀ ਵਰਤੋਂ ਦਰਸ਼ਨ ਜਾਂ ਰਾਜਨੀਤੀ ਵਾਂਗ ਕਿਸੇ ਰੂੜ੍ਹ ਅਰਥ ਵਿਚ ਨਹੀਂ ਕੀਤੀ ਜਾਂਦੀ। ਸਾਹਿੱਤ ਦਾ ਆਦਰਸ਼ਵਾਦ ਮਾਨਵ–ਜੀਵਨ ਦੇ ਆਂਤਰਿਕ ਪੱਖ ਉੱਤੇ ਜ਼ੋਰ ਦਿੰਦਾ ਹੈ। ਜੀਵਨ ਦੇ ਦੋ ਪੱਖ ਹਨ–ਆਂਤਰਿਕ ਪੱਖ ਵਿਚ ਮਾਨਸਿਕ, ਸੁਖ, ਪ੍ਰਸੰਨਤਾ, ਸੰਤੋਸ਼, ਆਨੰਦ ਆ ਜਾਂਦੇ ਹਨ। ਬਾਹਰਲੇ ਪੱਖ ਵਿਚ ਐਸ਼ਵਰਜ, ਭੌਤਿਕ ਉੱਨਤੀ ਆਦਿ ਦਾ ਸਥਾਨ ਹੈ। ਆਦਰਸ਼ਵਾਦੀ ਸਾਹਿੱਤਕਾਰ ਦਾ ਵਿਸ਼ਵਾਸ ਹੈ ਕਿ ਮਨੁੱਖ ਜਦ ਤਕ ਆਂਤਰਿਕ ਸੁਖ ਪ੍ਰਾਪਤ ਨਹੀਂ ਕਰਦਾ, ਉਸ ਨੂੰ ਵਾਸਤਵਿਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਤਰ੍ਹਾਂ ਆਦਰਸ਼ਵਾਦ ਦਾ ਮਾਨਵ–ਜੀਵਨ ਦੀ ਆਂਤਰਿਕ ਵਿਆਖਿਆ ਕਰਦਾ ਹੈ। ਭਾਰਤੀ ਸਾਹਿੱਤ ਸ਼ਾਸਤ੍ਰ ਵਿਚ ਰਸ ਨੂੰ ਮਹਾਨਤਾ ਦੇਣ ਦੇ ਪਿੱਛੇ ਆਦਰਸ਼ਵਾਦ ਦਾ ਸਿਧਾਂਤ ਹੀ ਕਿਸੇ ਨਾ ਕਿਸੇ ਰੂਪ ਵਿਚ ਆਪਣੀ ਭੂਮਿਕਾ ਨਿਭਾ ਰਿਹਾ ਹੈ।

          ਆਦਰਸ਼ਵਾਦੀ ਸਾਹਿੱਤਕਾਰ ਭਾਵ ਅਤੇ ਕਲਾ ਦੀਆਂ ਉੱਚੀਆਂ ਸਿੱਖਰਾਂ ਨੂੰ ਛੋਹਣ ਦਾ ਯਤਨ ਕਰਦਾ ਹੈ। ਅੰਤਰਮੁਖੀ ਹੋਣ ਕਾਰਣ ਕਦੇ ਕਦੇ ਉਸ ਦੀ ਚੇਤਨਾ ਅਧਿਆਤਮਿਕ, ਇੱਥੋਂ ਤਕ ਕਿ ਰਹੱਸਵਾਦੀ, ਹੋ ਨਿਬੜਦੀ ਹੈ। ਸਥਾਈ ਮਾਨਵ–ਮੁੱਲਾਂ ਨੂੰ ਮਹੱਤਵ ਦੇਣ ਕਰਕੇ ਲਗਭਗ ਹਰ ਇਕ ਮਹਾਨ ਸਾਹਿੱਤਕਾਰ ਕਿਸੇ ਸੀਮਾ ਤਕ ਆਦਰਸ਼ਵਾਦੀ ਹੁੰਦਾ ਹੈ, ਕਿਉਂਕਿ ਮਹਾਨ ਸਾਹਿੱਤ ਸਿਰਜਨ ਲਈ ਸਦੀਵੀ ਮਾਨਵ–ਮੁੱਲਾਂ ਦੇ ਗ੍ਰਹਿਣ ਕਰਨ ਦੇ ਨਾਲ ਮਾਨਵ ਦੀਆਂ ਉੱਚਤਮ ਸੰਭਾਵਨਾਵਾਂ ਦਾ ਪ੍ਰਕਾਸ਼ਨ ਜ਼ਰੂਰੀ ਹੈ।

          ਸਾਹਿੱਤ ਵਿਚ ਆਦਰਸ਼ਵਾਦ ਦੇ ਵਿਰੋਧ ਵਿਚ ਯਥਾਰਥਵਾਦੀ ਜੀਵਨ–ਦ੍ਰਿਸ਼ਟੀ ਹੈ, ਜੋ ਜੀਵਨ ਦੇ ਭੌਤਿਕ ਮੁੱਲਾਂ ਨੂੰ ਪ੍ਰਮੁੱਖਤਾ ਦਿੰਦੀ ਹੈ। ਵਿਗਿਆਨਿਕ ਸਭਿਅਤਾ ਦੇ ਵਿਕਾਸ ਦੇ ਨਾਲ ਨਾਲ ਯਥਾਰਥਵਾਦੀ ਪ੍ਰਵ੍ਰਿਤੀ ਦਾ ਵਿਕਾਸ ਹੁੰਦਾ ਗਿਆ। ਕਿਸੇ ਹਦ ਤਕ ਇਹ ਆਦਰਸ਼ਵਾਦ ਦੀ ਉਹ ਦ੍ਰਿਸ਼ਟੀ ਦੀ ਪ੍ਰਤਿਕ੍ਰਿਆ ਵਜੋਂ ਹੈ, ਜਿਸ ਵਿਚ ਅਤਿ–ਅਧਿਕ ਕਲਪਨਾ ਨੂੰ ਪ੍ਰਧਾਨਤਾ ਪ੍ਰਾਪਤ ਹੁੰਦੀ ਹੈ। ਯਥਾਰਥਵਾਦੀ ਸਾਹਿੱਤਕਾਰ ਵਸਤੂ–ਜਗਤ ਨੂੰ ਨਗਨ ਰੂਪ ਵਿਚ ਪੇਸ਼ ਕਰਨ ਦੇ ਪੱਖ ਵਿਚ ਹੈ। ਉਸ ਦਾ ਵਰਣਨ–ਵਿਸ਼ਾ ਹੈ ਇਹ ਦਿਸਦਾ ਸੰਸਾਰ ਜੋ ਕੁਝ ਹੈ। ਪਰ ਇਸ ਦੇ ਮੁਕਾਬਲੇ ਆਦਰਸ਼ਵਾਦ ਦਾ ਵਰਣਨ–ਵਿਸ਼ਾ ਹੈ ਇਹ ਸੰਸਾਰ ਜਿਹੜਾ ਉਸ ਅਨੁਸਾਰ ਹੋਣਾ ਚਾਹੀਦਾ ਹੈ। (ਵੇਖੋ ‘ਯਥਾਰਥਵਾਦ’)              [ਸਹਾ. ਗ੍ਰੰਥ–ਹਿ. ਸਾ. ਕੋ.(1)]


ਲੇਖਕ : ਡਾ.ਰਾਜਿੰਦਰ ਸਿੰਘ ਲਾਂਬਾ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਆਦਰਸ਼ਵਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਆਦਰਸ਼ਵਾਦ : ਪੁਰਾਤਨ ਸਮਿਆਂ ਵਿੱਚ ਆਦਰਸ਼ਵਾਦ ਸਭ ਤੋਂ ਮਹੱਤਵਪੂਰਨ ਵਿਚਾਰਧਾਰਾ ਸੀ। ਪਰੰਤੂ ਅਜੋਕੇ ਸਮੇਂ ਵਿੱਚ ਵੀ ਆਦਰਸ਼ਵਾਦ ਵਿੱਚ ਕਈ ਗੱਲਾਂ ਅਜਿਹੀਆਂ ਹਨ ਜੋ ਕਿ ਮਨੁੱਖ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਉਸਦੀ ਸੋਚਣੀ ਤੇ ਅਸਰ ਪਾਉਂਦੀਆਂ ਹਨ। ਜੀਵਨ ਦੇ ਫ਼ਲਸਫ਼ੇ ਵਜੋਂ ਵੀ ਆਦਰਸ਼ਵਾਦ ਨੇ ਵੱਡੇ-ਵੱਡੇ ਫ਼ਿਲਾਸਫ਼ਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੁਕਰਾਤ, ਪਲੈਟੋ, ਕਾਂਟ, ਹੀਗਲ, ਬਰਕਲੇ, ਫਰੋਬੈੱਲ, ਫਿੱਚੇ, ਗੁਰੂ ਨਾਨਕ, ਦਯਾਨੰਦ, ਵਿਵੇਕਾਨੰਦ, ਟੈਗੋਰ, ਗਾਂਧੀ ਅਤੇ ਰਾਧਾ ਕ੍ਰਿਸ਼ਨਨ ਆਦਿ ਕੁਝ ਫ਼ਿਲਾਸਫ਼ਰਾਂ ਦਾ ਨਾਮ ਵਰਣਨਯੋਗ ਹੈ।

ਆਮ ਭਾਸ਼ਾ ਵਿੱਚ ਆਦਰਸ਼ਵਾਦੀ ਉਹ ਵਿਅਕਤੀ ਹੈ, ਜਿਹੜਾ ਕਿ ਉੱਚੀਆਂ-ਸੁੱਚੀਆਂ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਪਰੰਤੂ ਅੰਗਰੇਜ਼ੀ ਦਾ ਸ਼ਬਦ ‘Idealism’ ਇੱਕ ਹੋਰ ਸ਼ਬਦ ‘Ideal’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ‘ਆਦਰਸ਼’। ਇਸ ਤਰ੍ਹਾਂ ਸ਼ਾਬਦਿਕ ਅਰਥਾਂ ਵਿੱਚ ਆਦਰਸ਼ਵਾਦ ਵਸਤਾਂ ਦੇ ਆਦਰਸ਼ ਨੂੰ ਹੀ ਅੰਤਿਮ ਅਸਲੀਅਤ ਮੰਨਦਾ ਹੈ। ਇਸ ਦੇ ਅਨੁਸਾਰ ਸੰਸਾਰਿਕ ਵਸਤਾਂ ਅਸਲੀਅਤ ਨਹੀਂ ਹਨ ਕਿਉਂਕਿ ਇਹ ਸਦਾ ਰਹਿਣ ਵਾਲੀਆਂ ਨਹੀਂ ਹਨ। ਇਹ ਪੈਦਾ ਹੁੰਦੀਆਂ ਹਨ ਅਤੇ ਸਮਾਂ ਪਾ ਕੇ ਖ਼ਤਮ ਹੋ ਜਾਂਦੀਆਂ ਹਨ। ਪਰੰਤੂ ਇਹਨਾਂ ਦੇ ਆਦਰਸ਼ ਜਾਂ ਵਿਚਾਰ ਅਸਲੀਅਤ ਹਨ ਕਿਉਂਕਿ ਇੱਕ ਵਸਤੂ ਦੇ ਖ਼ਤਮ ਹੋਣ ਦੇ ਬਾਵਜੂਦ ਵੀ ਉਸਦਾ ਵਿਚਾਰ ਬਣਿਆ ਹੀ ਰਹਿੰਦਾ ਹੈ। ਉਦਾਹਰਨ ਵਜੋਂ ਡਾਇਨਾਸੋਰ ਨਾਮਕ ਜਾਨਵਰ ਦੇ ਇਸ ਸੰਸਾਰ ਤੋਂ ਸਦੀਆਂ ਪਹਿਲਾਂ ਖ਼ਤਮ ਹੋਣ ਦੇ ਬਾਵਜੂਦ ਵੀ ਉਸਦਾ ਵਿਚਾਰ ਅੱਜ ਤੱਕ ਬਣਿਆ ਹੋਇਆ ਹੈ। ਇਸ ਤਰ੍ਹਾਂ ਵਸਤਾਂ ਅਸਲੀਅਤ ਨਹੀਂ ਹਨ ਪਰੰਤੂ ਉਹਨਾਂ ਦੇ ਵਿਚਾਰ ਅਸਲੀਅਤ ਹਨ। ਪਰੰਤੂ ਆਦਰਸ਼ਵਾਦ, ਜਿਸ ਨੂੰ ਅਧਿਆਤਮਿਕਵਾਦ ਵੀ ਕਿਹਾ ਜਾਂਦਾ ਹੈ, ਦੀ ਦਾਰਸ਼ਨਿਕ ਪਰਿਭਾਸ਼ਾ ਇਸ ਤਰ੍ਹਾਂ ਹੈ :

ਆਦਰਸ਼ਵਾਦ ਇੱਕ ਦਾਰਸ਼ਨਿਕ ਪ੍ਰਨਾਲੀ ਹੈ ਜੋ ਕਿ ਸਿਰਫ਼ ਮਾਨਸਿਕ ਤੱਤ ਨੂੰ ਹੀ ਅਸਲੀਅਤ ਮੰਨਦੀ ਹੈ। ਇਸਦੇ ਅਨੁਸਾਰ ਸੰਸਾਰ ਦੀ ਹਰ ਵਸਤੂ ਮਾਨਸਿਕ ਤੱਤ ਤੋਂ ਬਣੀ ਹੋਈ ਹੈ। ਆਦਰਸ਼ਵਾਦ ਭੌਤਿਕਵਾਦ ਦਾ ਵਿਰੋਧ ਕਰਦਾ ਹੈ। ਭੌਤਿਕਵਾਦ ਦੇ ਅਨੁਸਾਰ ਸੰਸਾਰ ਦੀ ਹਰ ਵਸਤੂ ਭੌਤਿਕ ਤੱਤ ਤੋਂ ਪੈਦਾ ਹੋਈ ਹੈ। ਇੱਥੋਂ ਤੱਕ ਕਿ ਮਨ ਵੀ ਭੌਤਿਕ ਪਦਾਰਥ ਦੀ ਹੀ ਉਪਜ ਹੈ। ਪਰੰਤੂ ਆਦਰਸ਼ਵਾਦ ਦੇ ਅਨੁਸਾਰ ਸੰਸਾਰ ਦੀ ਹਰ ਇੱਕ ਵਸਤੂ ਚਾਹੇ ਉਹ ਮਨ ਹੈ ਜਾਂ ਭੌਤਿਕ ਸੰਸਾਰ ਮਾਨਸਿਕ ਤੱਤ ਤੋਂ ਹੀ ਪੈਦਾ ਹੁੰਦੇ ਹਨ। ਆਦਰਸ਼ਵਾਦ ਭੌਤਿਕਵਾਦ ਦੀ ਆਲੋਚਨਾ ਕਰਦੇ ਹੋਏ ਕਹਿੰਦਾ ਹੈ ਕਿ ਭੌਤਿਕਵਾਦੀਆਂ ਦੇ ਅਨੁਸਾਰ ਸੰਸਾਰ ਦੀ ਹਰ ਵਸਤੂ ਭੌਤਿਕ ਪਦਾਰਥ ਤੋਂ ਬਣੀ ਹੋਈ ਹੈ ਅਤੇ ਭੌਤਿਕ ਪਦਾਰਥ ਦੇ ਸਭ ਤੋਂ ਛੋਟੇ ਹਿੱਸੇ ਨੂੰ ਪ੍ਰਮਾਣੂ ਕਿਹਾ ਜਾਂਦਾ ਹੈ। ਇਸ ਪ੍ਰਮਾਣੂ ਨੂੰ ਅੱਗੇ ਹੋਰ ਹਿੱਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ ਅਤੇ ਇਹ ਪ੍ਰਮਾਣੂ ਵੀ ਭੌਤਿਕ ਤੱਤ ਹੀ ਹਨ। ਇਸ ਤਰ੍ਹਾਂ ਸੰਸਾਰ ਦੀ ਹਰ ਵਸਤੂ ਭੌਤਿਕ ਤੱਤ ਤੋਂ ਪੈਦਾ ਹੁੰਦੀ ਹੈ ਅਤੇ ਭੌਤਿਕ ਤੱਤ ਹੀ ਅੰਤਿਮ ਹੈ। ਪਰੰਤੂ ਅਜੋਕੀ ਸਾਇੰਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪ੍ਰਮਾਣੂ ਜੋ ਕਿ ਭੌਤਿਕ ਪਦਾਰਥ ਦਾ ਸਭ ਤੋਂ ਛੋਟਾ ਹਿੱਸਾ ਹੈ, ਨੂੰ ਅੱਗੇ ਹੋਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਅਤੇ ਉਹ ਹਿੱਸੇ ਭੌਤਿਕ ਨਹੀਂ ਬਲਕਿ ਊਰਜਈ ਕਿਰਨਾਂ ਹਨ। ਇਹਨਾਂ ਹਿੱਸਿਆਂ ਨੂੰ ਇਲੈਕਟਰੋਨ, ਨਿਊਟਰੋਨ ਅਤੇ ਪ੍ਰੋਟੋਨ ਕਹਿੰਦੇ ਹਨ। ਇਸ ਤਰ੍ਹਾਂ ਭੌਤਿਕ ਪਦਾਰਥ ਭੌਤਿਕ ਨਾ ਹੋ ਕੇ ਮਾਨਸਿਕ ਵਰਗਾ ਲੱਗਦਾ ਹੈ। ਆਦਰਸ਼ਵਾਦ ਦੀਆਂ ਕਿਸਮਾਂ: ਆਦਰਸ਼ਵਾਦ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਪਰੰਤੂ ਮੁੱਖ ਤੌਰ ’ਤੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ :

1. ਆਤਮਪੂਰਕ ਆਦਰਸ਼ਵਾਦ ਅਤੇ

2. ਵਸਤੂਪੂਰਕ ਆਦਰਸ਼ਵਾਦ

ਆਤਮਪੂਰਕ ਆਦਰਸ਼ਵਾਦ ਦਾ ਪ੍ਰਮੁਖ ਪ੍ਰਤਿਨਿਧ ਬ੍ਰਿਟਿਸ਼ ਫ਼ਿਲਾਸਫ਼ਰ ਜਾਰਜ ਬਰਕਲੇ ਹੈ। ਬਰਕਲੇ ਕਹਿੰਦਾ ਹੈ ਕਿ ਵਸਤਾਂ ਦੀ ਹੋਂਦ ਪ੍ਰਤੱਖ ਵਿੱਚ ਹੈ। ਦੂਜੇ ਸ਼ਬਦਾਂ ਵਿੱਚ ਪ੍ਰਤੱਖ ਤੋਂ ਪਰ੍ਹੇ ਕੋਈ ਵਸਤੂ ਹੋਂਦ ਨਹੀਂ ਰੱਖਦੀ। ਜੇਕਰ ਕਿਸੇ ਵਸਤੂ ਨੂੰ ਕਿਸੇ ਮਨ ਦੁਆਰਾ ਅਨੁਭਵ ਨਹੀਂ ਕੀਤਾ ਜਾ ਰਿਹਾ ਤਾਂ ਇਸਦਾ ਮਤਲਬ ਹੈ ਉਹ ਵਸਤੂ ਹੋਂਦ ਹੀ ਨਹੀਂ ਰੱਖਦੀ। ਕਿਸੇ ਵਸਤੂ ਨੂੰ ਦੇਖਣ ਜਾਂ ਅਨੁਭਵ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਵਸਤੂ ਸਿਰਫ਼ ਮੇਰੇ ਮਨ ਦੁਆਰਾ ਹੀ ਅਨੁਭਵ ਕੀਤੀ ਜਾ ਰਹੀ ਹੈੇ ਇਹ ਵਿਸ਼ਵ ਵਿੱਚ ਕਿਸੇ ਵੀ ਮਨ ਦੁਆਰਾ ਅਨੁਭਵ ਕੀਤੀ ਜਾ ਸਕਦੀ ਹੈ। ਪਰੰਤੂ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੁਣ ਕਿਉਂਕਿ ਮਨ ਸੀਮਿਤ ਹੈ ਅਤੇ ਇਹ ਸਿਰਫ਼ ਸੀਮਿਤ ਵਸਤਾਂ ਦਾ ਹੀ ਅਨੁਭਵ ਕਰ ਸਕਦਾ ਹੈ ਤਾਂ ਅਸੀਮਤ ਵਸਤਾਂ ਦਾ ਅਨੁਭਵ ਕੌਣ ਕਰਦਾ ਹੈ। ਬਰਕਲੇ ਕਹਿੰਦਾ ਹੈ ਕਿ ਅਸੀਮਤ ਵਸਤਾਂ ਦਾ ਅਨੁਭਵ ਕੋਈ ਵਿਅਕਤੀਗਤ ਮਨ ਨਹੀਂ ਕਰ ਸਕਦਾ ਬਲਕਿ ਈਸ਼ਵਰ ਕਰਦਾ ਹੈ ਕਿਉਂਕਿ ਈਸ਼ਵਰ ਖ਼ੁਦ ਅਸੀਮਤ ਹੈ। ਇਸ ਤਰ੍ਹਾਂ ਬਰਕਲੇ ਦੇ ਅਨੁਸਾਰ ਭੌਤਿਕ ਵਸਤਾਂ ਹੋਂਦ ਤਾਂ ਰੱਖਦੀਆਂ ਹਨ ਪਰੰਤੂ ਉਹ ਅਨੁਭਵ ਕਰ ਰਹੇ ਮਨ ਤੋਂ ਅਜ਼ਾਦ ਹੋਂਦ ਨਹੀਂ ਰੱਖਦੀਆਂ। ਉਸਦਾ ਕਹਿਣਾ ਹੈ ਕਿ ‘ਹੋਂਦ ਪ੍ਰਤੱਖ ਵਿੱਚ ਹੈ’।

ਵਸਤੂਪੂਰਕ ਆਦਰਸ਼ਵਾਦ ਦੇ ਅਨੁਸਾਰ ਬਾਹਰੀ ਵਸਤਾਂ ਬਣੀਆਂ ਤਾਂ ਮਾਨਸਿਕ ਤੱਤ ਤੋਂ ਹੀ ਹੋਈਆਂ ਹਨ ਪਰੰਤੂ ਉਹਨਾਂ ਦੀ ਹੋਂਦ ਵਾਸਤੇ ਉਹਨਾਂ ਦਾ ਕਿਸੇ ਮਨ ਦੁਆਰਾ ਅਨੁਭਵ ਕੀਤਾ ਜਾਣਾ ਜ਼ਰੂਰੀ ਨਹੀਂ ਹੈ। ਉਹ ਅਨੁਭਵ ਕਰ ਰਹੇ ਮਨ ਤੋਂ ਬਾਹਰ ਅਜ਼ਾਦ ਹੋਂਦ ਰੱਖਦੀਆਂ ਹਨ। ਉਹਨਾਂ ਦੀ ਹੋਂਦ ਆਪਣੇ-ਆਪ ਵਿੱਚ ਹੈ। ਉਹਨਾਂ ਨੂੰ ਕੋਈ ਮਨ ਅਨੁਭਵ ਕਰੇ ਚਾਹੇ ਨਾ ਕਰੇ ਪਰੰਤੂ ਉਹ ਫਿਰ ਵੀ ਹੋਂਦ ਰੱਖਦੀਆਂ ਹਨ। ਅਰਥਾਤ ਉਹ ਆਤਮਪੂਰਕ ਨਹੀਂ ਬਲਕਿ ਵਸਤੂਪੂਰਕ ਹਨ।

ਇਸ ਤਰ੍ਹਾਂ ਆਦਰਸ਼ਵਾਦ ਵਸਤਾਂ ਦੀ ਮਾਨਸਿਕ ਸੱਤਾ ਅਤੇ ਉਹਨਾਂ ਦੀ ਅਸਲੀਅਤ ਨੂੰ ਮੰਨਦਾ ਹੈ ਅਤੇ ਭੌਤਿਕ ਸੰਸਾਰ ਦੀ ਅਸਲੀਅਤ ਤੋਂ ਇਨਕਾਰ ਕਰਦਾ ਹੈ।


ਲੇਖਕ : ਮਨਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 3806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-25-03-54-01, ਹਵਾਲੇ/ਟਿੱਪਣੀਆਂ:

ਆਦਰਸ਼ਵਾਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਦਰਸ਼ਵਾਦ, ਪੁਲਿੰਗ : ਆਦਰਸ਼ ਅਧੀਨ ਵਰਤੋਂ ਕਰਨ ਦਾ ਮਤ, ਸਭ ਤੋਂ ਉੱਚਾ ਚਾਲਚਲਨ ਬਣਾਉਣ ਦਾ ਖਿਆਲ

–ਆਦਰਸ਼ਵਾਦੀ, ਪੁਲਿੰਗ : ਕੇਵਲ ਆਦਰਸ਼ ਨੂੰ ਸਾਮ੍ਹਣੇ ਰੱਖ ਕੇ ਕੰਮ ਕਰਨ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2536, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-03-32-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.