ਆਦਿ ਸਾਖੀਆਂ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਦਿ ਸਾਖੀਆਂ : (ਆਦਿ=ਪਹਿਲੀਆਂ ਮੁੱਢਲੀਆਂ ਸਾਖੀਆਂ=ਕਹਾਣੀਆਂ ਜਾਂ ਬਚਨ) ਸਾਖੀਆਂ ਦੇ ਮੁੱਢਲੇ ਸੰਗ੍ਰਹਿਆਂ ਵਿਚੋਂ ਇਕ ਹੈ। ਪਰ ਇਹ ਜ਼ਰੂਰੀ ਨਹੀਂ ਕਿ ਉਪਲਬਧ ਜਨਮ ਸਾਖੀਆਂ ਦਾ ਵਿਕਾਸ ਇਹਨਾਂ ਵਿਚੋਂ ਹੀ ਹੋਇਆ ਹੋਵੇ। ਡਾ. ਮੋਹਨ ਸਿੰਘ ਦੀਵਾਨਾ ਨੇ ਸ਼ੰਭੂ ਨਾਥ ਬ੍ਰਾਹਮਣ ਦੁਆਰਾ ਉਤਾਰਾ ਕੀਤਾ ਹੋਇਆ ਇਕ ਖਰੜਾ (1758 ਬਿ./1701 ਈ.) ਸਭ ਤੋਂ ਪਹਿਲੀ ਵਾਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚੋਂ ਲੱਭਾ ਸੀ। ਭਾਰਤ ਦੀ 1947 ਦੀ ਵੰਡ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ, ਲਾਹੌਰ ਵਿਖੇ ਅਧਿਆਪਨ ਕਰਦੇ ਹੋਏ ਡਾ. ਮੋਹਨ ਸਿੰਘ ਦੀਵਾਨਾ ਨੇ ਯੂਨੀਵਰਸਿਟੀ ਲਾਇਬ੍ਰੇਰੀ ਵਿਚੋਂ ਜਨਮ ਸਾਖੀ ਦਾ ਇਕ ਖਰੜਾ ਖੋਜਿਆ ਸੀ ਜੋ ਬਾਕੀ ਉਪਲਬਧ ਜਨਮ ਸਾਖੀਆਂ ਨਾਲੋਂ ਵਖਰੀ ਕਿਸਮ ਦਾ ਸੀ ਅਤੇ ਜਿਸ ਉਤੇ ਇਸ ਤੋਂ ਪਹਿਲਾਂ ਦੀ ਤਾਰੀਖ਼ ਪਈ ਹੋਈ ਸੀ। ਡਾ. ਦੀਵਾਨਾ ਦਾ ਵਿਸ਼ਵਾਸ ਸੀ ਕਿ ਇਹ ਖਰੜਾ ਪਰੰਪਰਾ ਵਿਚ ਲੱਭੀਆਂ ਸਾਰੀਆਂ ਜਨਮ ਸਾਖੀਆਂ ਵਿਚੋਂ ਸਭ ਤੋਂ ਪਹਿਲਾਂ ਦਾ ਹੈ ਅਤੇ ਇਸ ਦਾ ਨਾਂ ਉਹਨਾਂ ਨੇ ਆਦਿ ਸਾਖੀਆਂ ਰੱਖ ਦਿੱਤਾ। ਇਸ ਤੋਂ ਪਿੱਛੋਂ ਭਾਰਤੀ ਪੰਜਾਬ ਵਿਚ ਇਸ ਖਰੜੇ ਦੀਆਂ ਚਾਰ ਹੋਰ ਕਾਪੀਆਂ ਪ੍ਰੋਫ਼ੈਸਰ ਪਿਆਰ ਸਿੰਘ ਨੇ ਲੱਭੀਆਂ ਅਤੇ 1969 ਵਿਚ ਇਕ ਖਰੜਾ ਛਾਪਿਆ ਜੋ ਮੋਤੀ ਬਾਗ ਮਹਿਲ ਪਟਿਆਲਾ ਦੀ ਲਾਇਬ੍ਰੇਰੀ ਵਾਲੇ ਖਰੜੇ ਤੇ ਆਧਾਰਿਤ ਸੀ ਅਤੇ ਇਸੇ ਕਿਸਮ ਦਾ ਇਕ ਹੋਰ ਖਰੜਾ ਸਿੱਖ ਰੈਫਰੈਂਸ ਲਾਇਬ੍ਰੇਰੀ , ਅੰਮ੍ਰਿਤਸਰ ਵਿਚ ਮਿਲਿਆ ਸੀ। ਇਹ ਗ੍ਰੰਥ ‘ਸ਼ੰਭੂ ਨਾਥ ਵਾਲੀ ਜਨਮ ਪੱਤਰੀ ਬਾਬੇ ਨਾਨਕ ਜੀ ਕੀ ਪ੍ਰਸਿੱਧ ਨਾਂ ਆਦਿ ਸਾਖੀਆਂ` ਸਿਰਲੇਖ ਹੇਠ ਛਾਪਿਆ ਗਿਆ।
ਇਹ ਤੱਥ ਕਿ ਸਭ ਤੋਂ ਪਹਿਲਾਂ ਦੇ ਦੋ ਖਰੜੇ ਜੋ 1701 ਈਸਵੀ ਵਿਚ ਸੰਪੂਰਨ ਕੀਤੇ ਗਏ ਸਨ ਤੋਂ ਇਹ ਗੱਲ ਸਪਸ਼ਟ ਰੂਪ ਵਿਚ ਸਾਮ੍ਹਣੇ ਆਉਂਦੀ ਹੈ ਕਿ ਇਹ ਰਚਨਾ ਨਿਰਸੰਦੇਹ ਸਤਾਰ੍ਹਵੀਂ ਸਦੀ ਦੀ ਹੈ। ਇਹ ਵੀ ਸੰਭਵ ਨਹੀਂ ਲਗਦਾ ਕਿ ਇਹਨਾਂ ਸਾਖੀਆਂ ਦਾ ਉਪਲਬਧ ਰੂਪ ਮੱਧ ਸਤਾਰ੍ਹਵੀਂ ਸਦੀ ਤੋਂ ਪਹਿਲਾਂ ਸ਼ੁਰੂ ਹੋਇਆ ਹੋਵੇਗਾ। ਇਹ ਤੱਥ ਇਸ ਗੱਲ ਤੋਂ ਸਪਸ਼ਟ ਰੂਪ ਵਿਚ ਉਭਰ ਕੇ ਸਾਮ੍ਹਣੇ ਆਉਂਦਾ ਹੈ ਕਿ ਇਸ ਦੀ ਤਿਆਰੀ ਵਿਚ ਕਈ ਸ੍ਰੋਤਾਂ ਦੀ ਵਰਤੋਂ ਕਰਨਾ ਅਤੇ ਸਾਖੀਆਂ ਨੂੰ ਢੁਕਵਾਂ ਕ੍ਰਮ ਦੇਣਾ ਮਾਨਸਿਕ ਪਰਿਪੱਕਤਾ ਦੀ ਨਿਸ਼ਾਨੀ ਹੈ। ਆਦਿ ਸਾਖੀਆਂ ਦੇ ਪਹਿਲੇ ਸੰਗ੍ਰਹਿ ਕਰਤਾ ਨੇ ਸਪਸ਼ਟ ਰੂਪ ਵਿਚ ਇਹਨਾਂ ਨੂੰ ਸੰਗ੍ਰਹਿ ਕਰਨ ਸਮੇਂ ਦੋ ਮੁੱਖ ਸ੍ਰੋਤਾਂ ਦੀ ਵਰਤੋਂ ਕੀਤੀ ਹੈ। ਇਹਨਾਂ ਵਿਚੋਂ ਇਕ ਸ੍ਰੋਤ ਇਹਨਾਂ ਦਾ ਸੰਬੰਧ ‘ਪੁਰਾਤਨ` ਪਰੰਪਰਾ ਨਾਲ ਜੋੜਦਾ ਹੈ; ਖਾਸ ਕਰਕੇ ਭਾਸ਼ਾ ਵਿਭਾਗ , ਪਟਿਆਲਾ ਵਿਚ ਪਏ ਖਰੜੇ ਨਾਲ ਜਾਪਦਾ ਹੈ। ਦੂਸਰਾ ਸ੍ਰੋਤ ਅੱਜ-ਕੱਲ੍ਹ ਉਪਲਬਧ ਨਹੀਂ ਹੈ ਜਿਸ ਦੀ ਬੀ 40 ਜਨਮ ਸਾਖੀ ਦੇ ਸੰਗ੍ਰਹਿ ਕਰਤਾ ਨੇ ਇਸ ਦੇ ਸੰਕਲਣ ਵੇਲੇ ਵਰਤੋਂ ਕੀਤੀ ਸੀ। ਇਸ ਖਰੜੇ ਵਿਚ ਚਾਰ ਸਾਖੀਆਂ ਅਜਿਹੀਆਂ ਹਨ ਜੋ ਮਿਹਰਬਾਨ ਸਾਖੀਆਂ ਦੇ ਸ੍ਰੋਤ ਤੋਂ ਲਈਆਂ ਗਈਆਂ ਹਨ (ਇਹ ਸਾਖੀਆਂ ਹਨ 26, 27,28ੳ ਅਤੇ 28ਅ)। ਨਿਸ਼ਚਿਤ ਤੌਰ ਤੇ
ਆਦਿ ਸਾਖੀਆਂ ਮੁੱਖ ਰੂਪ ਵਿਚ ਵਰਣਾਤਮਿਕ ਸਾਖੀਆਂ ਦਾ ਸੰਗ੍ਰਹਿ ਹੈ ਇਸ ਲਈ ਇਹ ਸਪਸ਼ਟ ਹੈ ਕਿ ਇਹਨਾਂ ਦਾ ਪਹਿਲਾ ਸੰਸਕਰਨ ਪੂਰਨ ਤੌਰ ਤੇ ਵਰਣਾਤਮਿਕ ਰੂਪ ਵਾਲਾ ਹੀ ਸੀ। ਮਿਹਰਬਾਨ ਪਰੰਪਰਾ ਵਿਚੋਂ ਲਈਆਂ ਗੋਸਟਾਂ ਮੂਲ ਸੰਕਲਨ ਵਿਚ ਬਾਅਦ ਵਿਚ ਜੋੜੀਆਂ ਗਈਆਂ ਜਾਪਦੀਆਂ ਹਨ। ਭਾਵੇਂ ਕਿ ਆਦਿ ਸਾਖੀਆਂ ਨੇ ਪੁਰਾਤਨ ਪਰੰਪਰਾ ਦੇ ਮਹੱਤਵਪੂਰਨ ਸ੍ਰੋਤ ਤੋਂ ਕੁਝ ਜ਼ਰੂਰ ਲਿਆ ਹੋਵੇਗਾ ਫਿਰ ਵੀ ਇਹਨਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦੀ ਵੰਡ ਬਾਕੀ ਸਾਖੀਆਂ ਦੀ ਤਰ੍ਹਾਂ ਉਪਲਬਧ ਨਹੀਂ ਹੈ। ਆਦਿ ਸਾਖੀਆਂ ਦੇ ਸੰਗ੍ਰਹਿ ਕਰਤਾ ਨੇ ਉਦਾਸੀਆਂ ਦੀਆਂ ਲਗਪਗ ਸਾਰੀਆਂ ਸਾਖੀਆਂ ਦੂਸਰੇ ਮੁਖ ਸ੍ਰੋਤ ਅਰਥਾਤ ਬੀ40 ਦੇ ਸੰਗ੍ਰਹਿ ਕਰਤਾ ਤੋਂ ਲਈਆਂ ਜਾਪਦੀਆਂ ਹਨ ਅਤੇ ਇਹਨਾਂ ਵਿਚ ਬਹੁਤੀਆਂ ਉਦਾਸੀਆਂ ਨੂੰ ਇਕ ਉਦਾਸੀ ਹੀ ਲਿਖਿਆ ਹੈ (ਸਾਖੀਆਂ 8-16)। ਇਸ ਵੰਨਗੀ ਤੋਂ ਬਾਹਰ ਸਿਰਫ ਇਕ ਕਹਾਣੀ ਹੀ ਛੱਡੀ ਗਈ ਹੈ ਉਹ ਹੈ ਰਾਜਾ ਸ਼ਿਵਨਾਭ ਵੱਲ ਗੁਰੂ ਨਾਨਕ ਦੇਵ ਜੀ ਦੀ ਫੇਰੀ (21ਬ)। ਇਹ ਸਾਖੀ ਵੀ ਦੂਸਰੇ ਸ੍ਰੋਤ ਤੋਂ ਹੀ ਲਈ ਗਈ ਹੈ। ਪਰੰਤੂ ਆਦਿ ਸਾਖੀਆਂ ਦੇ ਕ੍ਰਮਅੰਕ ਵਿਚ ਇਹ ਇਸ ਤਰ੍ਹਾਂ ਦਿੱਤੀ ਗਈ ਹੈ ਜਿਵੇਂ ਇਹ ਵਖਰੀ ਜਿਹੀ ਉਦਾਸੀ ਕੇਵਲ ਰਾਜਾ ਸ਼ਿਵਨਾਭ ਨਾਲ ਹੀ ਸੰਬੰਧਿਤ ਹੋਵੇ। ਪੰਜਾਬ ਤੋਂ ਬਾਹਰ ਇਹਨਾਂ ਦੋ ਸਾਖੀਆਂ ਤੋਂ ਇਲਾਵਾ ਇਸ ਖਰੜੇ ਵਿਚ ਗੁਰੂ ਨਾਨਕ ਦੇਵ ਜੀ ਦੀ ਪਾਕ ਪਟਨ, ਸੈਦਪੁਰ ਅਤੇ ਅਚਲ(ਸਾਖੀਆਂ 17,18,19 ਅਤੇ 23) ਦੀਆਂ ਸਾਖੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਖਰੜੇ ਦੇ ਅੰਤ ਵਿਚ (ਸਾਖੀ 29-30) ਸੰਗ੍ਰਹਿ ਕਰਤਾ ਦੀ ਅਸਪਸ਼ਟਤਾ ਹੋਰ ਸਪਸ਼ਟ ਹੋ ਜਾਂਦੀ ਹੈ ਅਤੇ ਇਹਨਾਂ ਦੇ ਸੰਗ੍ਰਹਿ ਕਰਨ ਵੇਲੇ ਵਰਤੇ ਗਏ ਸ੍ਰੋਤਾਂ ਦੀ ਪਛਾਣ ਅਸਪਸ਼ਟ ਹੋ ਜਾਂਦੀ ਹੈ। ਇਸ ਦਾ ਇਕ ਤਾਂ ਇਹ ਕਾਰਨ ਹੋ ਸਕਦਾ ਹੈ ਕਿ ਇਹਨਾਂ ਸਾਖੀਆਂ ਦਾ ਸੰਗ੍ਰਹਿ ਕਰਤਾ ਜਾਂ ਤਾਂ ਕਾਹਲੀ ਵਿਚ ਇਹਨਾਂ ਨੂੰ ਸੰਪੂਰਨ ਕਰਨਾ ਚਾਹੁੰਦਾ ਹੋਵੇ ਅਤੇ ਜਾਂ ਇਸ ਦੇ ਅੰਤ ਦੀਆਂ ਸਾਖੀਆਂ ਦਾ ਕੋਈ ਹੋਰ ਹੀ ਘਟ ਕਾਬਲ ਸੰਗ੍ਰਹਿ ਕਰਤਾ ਹੋਵੇ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਇਸ ਨੇ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦਾ ਠੀਕ ਰੂਪ ਪੇਸ਼ ਨਹੀਂ ਕੀਤਾ। ਫਿਰ ਵੀ ਇਹ ਬਹੁਤ ਦਿਲਚਸਪ ਰਚਨਾ ਹੈ ਕਿਉਂਕਿ ਇਸ ਦੇ ਸੰਗ੍ਰਹਿ ਕਰਤਾ ਨੇ ਬਹੁਤ ਸਾਰੀਆਂ ਸਾਖੀਆਂ ਮਿਹਰਬਾਨ ਸ੍ਰੋਤ ਤੋਂ ਲਈਆਂ ਹਨ ਜਿਨ੍ਹਾਂ ਦੀ ਪਿੱਛੋਂ ਬਾਲਾ ਜਨਮਸਾਖੀਆਂ ਵਿਚ ਵੀ ਵਰਤੋਂ ਕੀਤੀ ਗਈ ਸੀ।
ਲੇਖਕ : ਡਬਲਯੂ.ਐਚ.ਮ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First