ਆਧੁਨਿਕਤਾਵਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਧੁਨਿਕਤਾਵਾਦ : ਆਮ ਤੌਰ ਤੇ ਵਰਤਮਾਨ ਦਾ ਪ੍ਰਾਚੀਨ ਜਾਂ ਪੂਰਵ-ਆਧੁਨਿਕ ਕਾਲ/ਯੁੱਗ ਜਾਂ ਸਥਿਤੀ ਤੋਂ ਨਿਖੇੜਾ ਕਰਨ ਲਈ ਆਧੁਨਿਕਤਾ ਸ਼ਬਦ ਨੂੰ ਵਰਤਿਆ ਜਾਂਦਾ ਹੈ। ਇਸ ਦ੍ਰਿਸ਼ਟੀ ਤੋਂ ਹਰ ਵਰਤਮਾਨ ਯੁੱਗ ਪਹਿਲੇ ਦੇ ਮੁਕਾਬਲੇ ਵੱਧ ਆਧੁਨਿਕ ਹੁੰਦਾ ਹੈ। ਇਹ ਫ਼ੈਸਲਾ ਕਰਨਾ ਕਠਨ ਹੈ ਕਿ ਆਧੁਨਿਕਤਾ ਕਦੋਂ ਸ਼ੁਰੂ ਹੁੰਦੀ ਹੈ। ਪਰ ਇਹ ਸਪਸ਼ਟ ਹੈ ਕਿ ਪਰੰਪਰਾਗਤ ਧਾਰਮਿਕ, ਪਰਾਭੌਤਿਕ ਸੰਸਾਰ ਦ੍ਰਿਸ਼ਟੀਕੋਣ ਦੇ ਮੁਕਾਬਲੇ ਨਵਾਂ ਧਰਮ-ਨਿਰਪੇਖ ਦ੍ਰਿਸ਼ਟੀਕੋਣ ਆਧੁਨਿਕ ਹੈ। ਇਸ ਤਰ੍ਹਾਂ ਪੂਰਵ-ਆਧੁਨਿਕ ਸਨਾਤਨੀ ਖੇਤੀ-ਬਾੜੀ ਪ੍ਰਧਾਨ ਆਰਥਿਕਤਾ ਦੇ ਮੁਕਾਬਲੇ ਨਵਾਂ ਉਦਯੋਗਿਕ ਸਮਾਜ ਆਧੁਨਿਕ ਹੈ। ਆਧੁਨਿਕ ਵਿਚਾਰਾਂ ਅਤੇ ਆਧੁਨਿਕ ਸਥਿਤੀ ਵਿੱਚ ਗਹਿਰਾ ਸੰਬੰਧ ਹੈ। ਆਧੁਨਿਕ ਵਿਚਾਰ ਆਧੁਨਿਕ ਸਮਾਜਿਕ ਪ੍ਰਬੰਧ ਦੀ ਉਸਾਰੀ ਵਿੱਚ ਹਿੱਸਾ ਪਾਉਂਦੇ ਹਨ ਅਤੇ ਆਧੁਨਿਕ ਸਮਾਜਿਕ ਅਵਸਥਾ ਆਧੁਨਿਕ ਵਿਚਾਰਾਂ ਨੂੰ ਜਨਮ ਦਿੰਦੀ ਹੈ। ਇਤਿਹਾਸਕਾਰਾਂ ਵਿੱਚ ਇਹ ਆਮ ਸਹਿਮਤੀ ਹੈ ਕਿ ਆਧੁਨਿਕ ਸੰਸਾਰ ਦ੍ਰਿਸ਼ਟੀਕੋਣ ਦਾ ਮੁੱਢ ਪੁਨਰ- ਜਾਗਰਨ ਲਹਿਰ ਦੇ ਮਾਨਵਵਾਦ ਨਾਲ ਬੱਝਾ। ਇਸ ਲਹਿਰ ਨੇ ਪਹਿਲੀ ਵਾਰ ਮਨੁੱਖ ਦੇ ਤਰਕਸ਼ੀਲ, ਵਿਵੇਕਸ਼ੀਲ ਪ੍ਰਾਣੀ ਹੋਣ ਦਾ ਦਾਅਵਾ ਕੀਤਾ। ਪੱਛਮ ਵਿੱਚ ਹੋਏ ਵਿਗਿਆਨਿਕ ਇਨਕਲਾਬ ਅਤੇ ਇਨ- ਲਾਈਟਨਮੈਂਟ ਵਿਚਾਰਧਾਰਾ ਨੇ ਇਸ ਧਾਰਨਾ ਨੂੰ ਹੋਰ ਮਜ਼ਬੂਤ ਕੀਤਾ ਕਿ ਮਨੁੱਖ ਸ੍ਰਿਸ਼ਟੀ ਨੂੰ ਸਮਝ ਸਕਦਾ ਹੈ ਅਤੇ ਸੰਸਾਰੀ ਪਰਿਸਥਿਤੀਆਂ ਨੂੰ ਆਪਣੇ ਅਨੁਕੂਲ ਬਣਾ ਸਕਦਾ ਹੈ। ਵਿਗਿਆਨਿਕ ਸੋਚ ਨੇ ਨਵੀਂ ਉਤਪਾਦਨ ਤਕਨਾਲੋਜੀ ਈਜਾਦ ਕਰ ਕੇ ਪੱਛਮ ਵਿੱਚ ਉਦਯੋਗਿਕ ਕ੍ਰਾਂਤੀ ਲਿਆਂਦੀ। ਆਧੁਨਿਕਤਾ ਉਦਯੋਗੀਕਰਨ, ਸ਼ਹਿਰੀਕਰਨ ਅਤੇ ਸਮਾਜਿਕ ਪ੍ਰਬੰਧ ਦੇ ਆਧੁਨਿਕੀਕਰਨ ਦੀ ਪ੍ਰਕਿਰਿਆ ਹੈ। ਆਧੁਨਿਕਤਾ ਦਾ ਜਨਮ ਪੱਛਮ ਵਿੱਚ ਹੋਇਆ ਅਤੇ ਇਹ ਸੰਸਾਰ ਭਰ ਲਈ ਵਿਕਾਸ- ਮਾਰਗ ਅਤੇ ਮੁਕਤੀ-ਮਾਰਗ ਬਣ ਗਿਆ। ਉਦਾਰਵਾਦ ਅਤੇ ਮਾਰਕਸਵਾਦ ਵਿਚਾਰਧਾਰਾਵਾਂ ਇਨਲਾਇਟਨਮੈਂਟ ਸੋਚ ਤੋਂ ਪ੍ਰੇਰਨਾ ਲੈਂਦਿਆਂ ਮਨੁੱਖ ਨੂੰ ਤਾਰਕਿਕ ਸੰਗਠਨਕਾਰੀ ਰਾਹੀਂ ਮੁਕਤੀ ਦਿਵਾਉਣ ਦੀ ਚੇਸ਼ਟਾ ਕਰਦੀਆਂ ਹਨ। ਆਧੁਨਿਕ ਚਿੰਤਨ ਨਿਰੰਕੁਸ਼ ਸੱਚ ਅਤੇ ਠੋਸ ਸਮਾਜੀ ਤਬਦੀਲੀ ਦੀ ਗਾਰੰਟੀ ਭਾਲਦਾ ਹੈ। ਇਸਦੀ ਇਸ ਤਲਾਸ਼ ਦਾ ਆਧਾਰ ਇਸਦੀਆਂ ਮਨੁੱਖੀ ਆਤਮਾ ਅਤੇ ਸ੍ਰਿਸ਼ਟੀ ਬਾਰੇ ਵਿਗਿਆਨਿਕ ਧਾਰਨਾਵਾਂ ਹਨ। ਇਸ ਅਨੁਸਾਰ ਵਿਅਕਤੀ ਇੱਕ ਚੇਤਨ, ਖ਼ੁਦਮੁਖ਼ਤਿਆਰ ਅਤੇ ਸੰਗਠਿਤ ਪ੍ਰਾਣੀ ਹੈ ਅਤੇ ਵਸਤੂ-ਪਰਕ ਸੱਚ ਕੁਦਰਤੀ ਕਾਨੂੰਨ ਦੁਆਰਾ ਨਿਯੰਤਰਿਤ ਵਰਤਾਰਾ ਹੈ। ਮਨੁੱਖ ਇਸ ਨੂੰ ਸਮਝ ਸਕਦਾ ਹੈ ਅਤੇ ਬਦਲ ਸਕਦਾ ਹੈ। ਪਰ ਆਧੁਨਿਕ ਅਵਸਥਾ ਜਿੱਥੇ ਨਵੀਆਂ ਉਪਲਬਧੀਆਂ ਅਤੇ ਸੁੱਖ ਸਹੂਲਤਾਂ ਕਰ ਕੇ ਉਤੇਜਨਾਮਈ ਅਤੇ ਮੁਕਤੀ-ਦਿਵਾਊ ਲੱਗਦੀ ਹੈ, ਉੱਥੇ ਨਵੀਆਂ ਜਟਿਲ ਸਮਾਜਿਕ, ਸੱਭਿਆ- ਚਾਰਿਕ ਪਰਿਸਥਿਤੀਆਂ/ਸੰਰਚਨਾਵਾਂ ਕਰ ਕੇ ਸੰਕਟਮਈ ਅਤੇ ਵਿਯੋਗਮਈ ਵੀ ਹੁੰਦੀ ਹੈ। ਕਲਾਤਮਿਕ ਆਧੁਨਿਕਤਾ ਇਸ ਤੇਜ਼ ਪ੍ਰਗਤੀ ਅਤੇ ਸੰਕਟ ਦੀ ਅਵਸਥਾ ਨੂੰ ਪਕੜਨ ਦਾ ਯਤਨ ਹੈ। ਇਸ ਤਰ੍ਹਾਂ ਨਵੇਂ ਯਥਾਰਥ ਦੀ ਪੇਸ਼ਕਾਰੀ ਲਈ ਕਲਾ ਦੇ ਸਾਰੇ ਖੇਤਰਾਂ ਵਿੱਚ ਨਵੀਆਂ ਤਕਨੀਕਾਂ ਦੀ ਈਜਾਦਕਾਰੀ ਅਤੇ ਤਜਰਬੇਕਾਰੀ ਆਧੁ- ਨਿਕਤਾਵਾਦ (Modernism) ਦਾ ਵਿਸ਼ੇਸ਼ ਲੱਛਣ ਬਣ ਜਾਂਦੀ ਹੈ। ਇਹ ਈਜਾਦਕਾਰੀ ਵਿਗਿਆਨ/ਤਕਨਾਲੋਜੀ, ਸਮਾਜ- ਵਿਗਿਆਨ, ਭਾਸ਼ਾ-ਵਿਗਿਆਨ, ਮਾਨਵ-ਵਿਗਿਆਨ, ਮਨੋਵਿਗਿਆਨ ਅਤੇ ਦਰਸ਼ਨ ਸ਼ਾਸਤਰ ਦੇ ਖੇਤਰਾਂ ਦੀਆਂ ਉਪਲਬਧੀਆਂ ਅਤੇ ਅੰਤਰ-ਦ੍ਰਿਸ਼ਟੀਆਂ ਤੋਂ ਵੀ ਗਹਿਰੀ ਪ੍ਰਭਾਵਿਤ ਹੈ। ਮਿਸਾਲ ਦੇ ਤੌਰ ਤੇ ਡਾਰਵਿਨ ਦੇ ਵਿਕਾਸਵਾਦੀ ਸਿਧਾਂਤ, ਨੀਤਸ਼ੇ ਅਤੇ ਕਿਰ ਕੇਗਾਰਦ ਦੇ ਦਾਰਸ਼ਨਿਕ ਚਿੰਤਨ, ਫ਼ਰਾਇਡਵਾਦੀ ਮਨੋਵਿਸ਼ਲੇਸ਼ਣ, ਰੂਸੀ ਰੂਪਵਾਦ ਅਤੇ ਆਇਨਸਟਾਈਨ ਦੇ ਸਾਪੇਖਕਤਾ ਸਿਧਾਂਤ ਨੇ ਪਰੰਪਰਾਗਤ ਨਿਸ਼ਚੈਵਾਦੀ ਆਧੁਨਿਕ ਚਿੰਤਨ ਤੇ ਪ੍ਰਸ਼ਨ ਚਿੰਨ੍ਹ ਲਾ ਕੇ ਕਲਾਤਮਿਕ ਆਧੁਨਿਕਤਾਵਾਦ ਨੂੰ ਵੱਡਾ ਹੁਲਾਰਾ ਦਿੱਤਾ। ਇਸ ਤਰ੍ਹਾਂ ਆਧੁਨਿਕਤਾਵਾਦੀ ਕਲਾ ਜਿਹੜੀ ਆਧੁਨਿਕ ਸਥਿਤੀ ਪ੍ਰਤਿ ਹੁੰਗਾਰੇ ਵਜੋਂ ਉੱਭਰਦੀ ਹੈ, ਆਧੁਨਿਕ ਚਿੰਤਨ ਅਤੇ ਆਧੁਨਿਕ ਸੱਭਿਅਤਾ ਉੱਤੇ ਗੰਭੀਰ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ। ਇਹ ਇਸ ਦੇ ਖਿਲਾਫ਼ ਇੱਕ ਵਿਦਰੋਹ ਹੋ ਨਿਬੜਦੀ ਹੈ। ਇਸ ਲਈ ਆਧੁਨਿਕ ਅਵਸਥਾ, ਆਧੁਨਿਕ ਚਿੰਤਨ ਅਤੇ ਕਲਾਤਮਿਕ ਆਧੁਨਿਕਤਾਵਾਦ ਵਿੱਚ ਨਿਖੇੜਾ ਕਰਨਾ ਜ਼ਰੂਰੀ ਹੈ। ਸਾਹਿਤ ਦੇ ਖੇਤਰ ਵਿੱਚ ਪਰੂਸਟ, ਵਰਜੀਨੀਆ ਵੁਲਫ਼, ਐਜ਼ਰਾ ਪਾਉਂਡ, ਵੈਲਸ ਸਟੀਵਨਸ, ਮਲੈਰਮ ਅਤੇ ਕਾਫ਼ਕਾ ਨੇ ਕਲਾਤਮਿਕ ਆਧੁਨਿਕਤਾ ਦੇ ਵਿਕਾਸ ਵਿੱਚ ਅਹਿਮ ਹਿੱਸਾ ਪਾਇਆ। ਇਸ ਦੌਰ ਨੂੰ ਸਾਹਿਤ ਵਿੱਚ ਉੱਚ ਆਧੁਨਿਕਤਾਵਾਦ ਦਾ ਦੌਰ ਵੀ ਕਿਹਾ ਗਿਆ ਹੈ। ਕਲਾਤਮਿਕ ਆਧੁਨਿਕਤਾ ਆਤਮਪਰਕਤਾ ਅਤੇ ਨਿੱਜੀ ਪ੍ਰਭਾਵ ਤੇ ਬਲ ਦਿੰਦੀ ਹੈ। ਇਹ ਦਰਸਾਉਣ ਦਾ ਯਤਨ ਕਰਦੀ ਹੈ ਕਿ ਆਧੁਨਿਕ ਵਿਅਕਤੀ ਆਪਣੇ ਵਿਸ਼ੇਸ਼ ਪਲਾਂ ਵਿੱਚ ਵਾਸਤਵਿਕਤਾ ਨੂੰ ਕਿਵੇਂ ਅਨੁਭਵ ਕਰਦਾ ਹੈ। ਇਹ ਆਮ ਸੱਚ ਨਾਲੋਂ ਵਿਅਕਤੀਗਤ ਅਤੇ ਵਿਸ਼ਿਸ਼ਟ ਸੱਚ ਵੱਲ ਵਧੇਰੇ ਰੁਚਿਤ ਹੈ। ਇਹ ਕਲਾ ਵਸਤੂਪਰਕਤਾ ਤੋਂ ਕਿਨਾਰਾਕਸ਼ੀ ਕਰਦੀ ਹੈ। ਮਿਸਾਲ ਦੇ ਤੌਰ ਤੇ ਇਹ ਯਥਾਰਥਵਾਦੀ ਨਾਵਲ ਵਿੱਚ ਤੀਜੀ ਧਿਰ ਦੀ ਬਿਰਤਾਂਤਕ ਵਿਧੀ ਅਤੇ ਨਿਸ਼ਚਿਤ ਦ੍ਰਿਸ਼ਟੀਕੋਣ ਅਤੇ ਨੈਤਿਕ ਨਜ਼ਰੀਏ ਨੂੰ ਰੱਦ ਕਰਦੀ ਹੈ। ਫੋਕਨਰ ਆਪਣੀਆਂ ਕ੍ਰਿਤਾਂ ਵਿੱਚ ਬਹੁ-ਪਰਿਪੇਖੀ ਬਿਰਤਾਂਤਕ ਵਿਧੀ ਨੂੰ ਅਪਣਾਉਂਦਾ ਹੈ। ਆਧੁਨਿਕਤਾਵਾਦੀ ਕਲਾ ਆਪਣੀ ਨਵੀਨਤਾ ਅਤੇ ਵਿਲੱਖਣ ਸ਼ੈਲੀ ਕਰ ਕੇ ਆਪਣੇ- ਆਪ ਵੱਲ ਧਿਆਨ ਖਿੱਚਦੀ ਹੈ। ਇਹ ਯਥਾਰਥ ਦੀ ਪੇਸ਼ਕਾਰੀ ਦਾ ਭਰਮ ਸਿਰਜਣ ਦੀ ਬਜਾਏ ਇਹ ਅਹਿਸਾਸ ਕਰਾਉਂਦੀ ਹੈ ਕਿ ਇਹ ਇੱਕ ਘਾੜਤ ਹੈ, ਜਿਸਦਾ ਇੱਕ ਆਪਣਾ ਮਹੱਤਵ ਹੈ। ਕਲਾਤਮਿਕ ਆਧੁਨਿਕਤਾਵਾਦ ਇੱਕ ਵਿਖੰਡਿਤ ਆਤਮ ਜਾਂ ਆਧੁਨਿਕ ਸੰਸਾਰ/ ਸੱਭਿਅਤਾ ਤੋਂ ਇੱਕ ਵਿਯੋਗੇ ਹੋਏ ਮਨੁੱਖ ਦੀ ਬਾਤ ਪਾਉਂਦੀ ਹੈ। ਪ੍ਰਤੀਕਵਾਦੀ, ਪ੍ਰਗਟਵਾਦੀ, ਅਸਤਿਤਵਵਾਦੀ, ਅਬਸਰਡਵਾਦੀ ਕਲਾਤਮਿਕ ਲਹਿਰਾਂ ਆਮ ਤੌਰ ਤੇ ਇਸ ਲਗਾਤਾਰ ਵਿਖੰਡਿਤ ਹੋ ਰਹੇ ਆਧੁਨਿਕ ਮਨੁੱਖ ਦੀ ਤਸਵੀਰ ਹੀ ਪੇਸ਼ ਕਰਦੀਆਂ ਹਨ। ਪਰ ਆਧੁਨਿਕ ਕਲਾ ਕ੍ਰਿਤਾਂ ਇਸ ਵਿਖੰਡਿਤ ਆਤਮ ਦੀ ਪੇਸ਼ਕਾਰੀ ਕਰਦਿਆਂ, ਗੁਆਚੀ ਹੋਈ ਏਕਤਾ, ਇੱਕਸੁਰਤਾ ਅਤੇ ਸਮੁੱਚਤਾ ਦੀ ਮੁੜ-ਵਾਪਸੀ ਦੀ ਕਾਮਨਾ ਰੱਖਦੀਆਂ ਹਨ। ਇਸ ਲਈ ਆਧੁਨਿਕਤਾਵਾਦ ਵਿਖੰਡਿਤ ਹੋ ਰਹੇ ਆਤਮ ਅਤੇ ਆਧੁਨਿਕ ਜੀਵਨ ਦੇ ਗੁਆਚੇ ਹੋਏ ਅਰਥਾਂ ਤੇ ਵਿਰਲਾਪ ਹੀ ਕਰ ਰਹੀ ਹੁੰਦੀ ਹੈ। ਖ਼ੁਦ-ਮੁਖ਼ਤਿਆਰ ਆਧੁਨਿਕਤਾਵਾਦੀ ਕਲਾ ਉਹ ਹਾਸਲ ਕਰਨ ਦਾ ਉਪਰਾਲਾ ਕਰਦੀ ਹੈ ਜੋ ਆਧੁਨਿਕ ਸੱਭਿਅਤਾ ਅਤੇ ਸੰਸਥਾਵਾਂ ਮਨੁੱਖ ਲਈ ਕਰਨ ਵਿੱਚ ਅਸਫਲ ਰਹਿੰਦੀਆਂ ਹਨ। ਇਸ ਤਰ੍ਹਾਂ ਆਧੁਨਿਕਤਾਵਾਦੀ ਕਲਾ ਵਿੱਚ ਮਾਨਵ ਦੀ ਭਵਿੱਖ-ਮੁਖੀ ਯੂਟੋਪੀਆਈ ਸੰਸਾਰ ਦੀ ਲਾਲਸਾ ਲੁਪਤ ਹੁੰਦੀ ਹੈ। ਆਧੁਨਿਕਤਾਵਾਦ ਦੀ ਪਰਿਭਾਸ਼ਾ ਉਹਨਾਂ ਕਲਾਤਮਿਕ ਲਹਿਰਾਂ ਜਾਂ ਸ਼ੈਲੀਆਂ ਦੇ ਤੌਰ ਤੇ ਕੀਤੀ ਜਾ ਸਕਦੀ ਹੈ ਜਿਹੜੀਆਂ ਉਨ੍ਹੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਅਰੰਭ ਵਿੱਚ ਯੂਰਪ ਵਿੱਚ ਯਥਾਰਥਵਾਦ ਅਤੇ ਪ੍ਰਕ੍ਰਿਤੀਵਾਦ ਦੇ ਖਿਲਾਫ਼ ਪ੍ਰਤਿਕਰਮ ਵਜੋਂ ਹੋਂਦ ਵਿੱਚ ਆਈਆਂ। ਇਹ ਲਹਿਰਾਂ ਇਸ ਵਿਚਾਰ ਤੋਂ ਪ੍ਰੇਰਿਤ ਸਨ ਕਿ ਆਧੁਨਿਕ ਸੰਸਾਰ ਦੇ ਵਸਤੂ ਵਰਤਾਰਿਆਂ ਅਤੇ ਮਨੁੱਖ ਦੀ ਸੰਤੋਖਜਨਕ ਪੇਸ਼ਕਾਰੀ ਪੁਰਾਣੇ ਢੰਗ ਤਰੀਕਿਆਂ ਨਾਲ ਨਹੀਂ ਹੋ ਸਕਦੀ। ਨਵੇਂ ਅਨੁਭਵਾਂ ਨੂੰ ਸਾਮ੍ਹਣੇ ਲਿਆਉਣ ਲਈ ਨਵੀਆਂ ਕਲਾਤਮਿਕ ਤਕਨੀਕਾਂ/ਜੁਗਤਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ।


ਲੇਖਕ : ਮਨਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3151, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First