ਆਲਮਗੀਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਲਮਗੀਰ [ਵਿਸ਼ੇ] ਦੁਨੀਆਂ ਨੂੰ ਜਿੱਤਣ ਵਾਲ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਆਲਮਗੀਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਲਮਗੀਰ : ਲੁਧਿਆਣਾ ਸ਼ਹਿਰ ਦੇ ਦੱਖਣ ਪੱਛਮ ਵੱਲ 13 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਜਿਥੇ ਦਸਵੇਂ ਗੁਰੂ , ਗੁਰੂ ਗੋਬਿੰਦ ਸਿੰਘ ਜੀ ਦਸੰਬਰ 1705 ਵਿਚ ਚਮਕੌਰ ਦੀ ਜੰਗ ਪਿੱਛੋਂ ਮਾਲਵੇ ਦੇ ਇਲਾਕੇ ਵਿਚੋਂ ਦੀ ਲੰਘਦੇ ਹੋਏ ਇਸ ਪਿੰਡ ਦੇ ਬਾਹਰਵਾਰ ਥੋੜ੍ਹੀ ਦੇਰ ਲਈ ਰੁਕੇ ਸਨ। ਇਥੇ ਗੁਰੂ ਜੀ ਨੇ ‘ਉੱਚ ਦੇ ਪੀਰ` ਵਾਲੀ ਪਾਲਕੀ ਛੱਡ ਦਿੱਤੀ ਅਤੇ ਆਪਣੇ ਸ਼ਰਧਾਲੂ ਭਾਈ ਨੌਧਾ ਦੁਆਰਾ ਭੇਟ ਕੀਤੇ ਘੋੜੇ ਉਪਰ ਅਗਲਾ ਸਫ਼ਰ ਕਰਨ ਦਾ ਫ਼ੈਸਲਾ ਕੀਤਾ। ਜਿਥੇ ਗੁਰੂ ਜੀ ਨੇ ਬਿਸਰਾਮ ਕੀਤਾ ਸੀ ਉਥੇ ਸਿੱਖਾਂ ਵੱਲੋਂ ਮੰਜੀ ਸਾਹਿਬ ਗੁਰਦੁਆਰਾ ਸਥਾਪਿਤ ਕਰ ਦਿੱਤਾ ਗਿਆ। ਉਸ ਜਗ੍ਹਾ ਇਸ ਸਮੇਂ ਗੁਰਦੁਆਰੇ ਦਾ ਅਹਾਤਾ ਤਿੰਨ ਏਕੜ ਤੋਂ ਜ਼ਿਆਦਾ ਜ਼ਮੀਨ ਵਿਚ ਹੈ। ਇਸ ਅਸਥਾਨ ਦੀ ਚਾਰ ਮੰਜ਼ਲੀ ਦਰਸ਼ਨੀ ਡਿਓੜੀ ਹੈ ਜਿਸ ਉਪਰ ਛੋਟੇ ਕਮਲ ਫੁੱਲ ਵਾਲਾ ਗੁੰਬਦ ਸੁਸ਼ੋਭਿਤ ਹੈ। ਇਹ ਡਿਓੜੀ ਫਰਸ਼ ਲੱਗੇ ਅਹਾਤੇ ਵਿਚ ਖੁਲ੍ਹਦੀ ਹੈ ਜਿਸਦੇ ਦੂਸਰੇ ਪਾਰ ਮੁੱਖ ਇਮਾਰਤ ਹੈ। ਦੀਵਾਨ ਹਾਲ ਦੇ ਚਾਰੇ ਪਾਸੇ ਵਰਾਂਡਾ ਹੈ। ਹਾਲ ਦੇ ਇਕ ਪਾਸੇ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ਜਿਸਦੇ ਥੱਲੇ ਤਹਿਖਾਨਾ ਹੈ ਅਤੇ ਜਿਸਦੇ ਉੱਪਰ ਮੰਜੀ ਸਾਹਿਬ ਹੈ। ਪ੍ਰਕਾਸ਼ ਅਸਥਾਨ ਦੇ ਉਪਰ ਇਕ ਤਿੰਨ ਮੰਜ਼ਲੀ ਇਮਾਰਤ ਹੈ ਜਿਸ ਉੱਪਰ ਗੁੰਬਦ ਬਣਿਆ ਹੋਇਆ ਹੈ ਅਤੇ ਚਾਰੇ ਕੋਨਿਆਂ ਤੇ ਗੁੰਬਦਾਂ ਵਾਲੀਆਂ ਬੁਰਜੀਆਂ ਵੀ ਹਨ। ਜੋੜ ਮੇਲਿਆਂ ਲਈ ਸੰਗਤਾਂ ਦੇ ਬੈਠਣ ਲਈ ਗੁਰੂ ਨਾਨਕ ਦੇਵ ਦੇ 500 ਸਾਲਾ ਜਨਮ ਦਿਨ ਤੇ 1969 ਵਿਚ ਇਕ ਵੱਡਾ ਦੀਵਾਨ ਹਾਲ ਬਣਾਇਆ ਗਿਆ ਸੀ। ਲੰਗਰ ਹਾਲ ਵਿਚ ਇਕੋ ਵਾਰੀ 2000 ਸ਼ਰਧਾਲੂ ਲੰਗਰ ਛੱਕ ਸਕਦੇ ਹਨ। ਇਸ ਦੇ ਅਹਾਤੇ ਵਿਚ ਸੇਵਾਦਾਰਾਂ ਅਤੇ ਯਾਤਰੂਆਂ ਦੇ ਰਹਿਣ ਲਈ ਕਮਰੇ ਵੀ ਬਣੇ ਹੋਏ ਹਨ। ਇਥੇ ਬਣੇ ਹੋਏ 63 ਮੀਟਰ ਵਰਗਾਕਾਰ ਤੀਰਸਰ ਸਰੋਵਰ ਬਾਰੇ ਪ੍ਰਚਲਿਤ ਗਾਥਾ ਹੈ ਕਿ ਇਥੇ ਪਾਣੀ ਲਈ ਇਕੋ ਇਕ ਖੂਹ ਸੀ ਜਿਸ ਉੱਤੇ ਇਕ ਬਹੁਤ ਵੱਡੀ ਸਰਾਲ ਰਹਿੰਦੀ ਸੀ ਜਿਸ ਨੂੰ ਗੁਰੂ ਜੀ ਨੇ ਤੀਰ ਨਾਲ ਮਾਰਿਆ ਸੀ। ਇਸ ਅਜਗਰ ਦਾ ਇਤਨਾ ਲਹੂ ਡੁਲ੍ਹਿਆ ਕਿ ਖੂਹ ਦਾ ਪਾਣੀ ਪੀਣ ਦੇ ਯੋਗ ਨਾ ਰਿਹਾ। ਇਸ ਦੇ ਨੇੜੇ ਹੋਰ ਕੋਈ ਖੂਹ ਨਾ ਹੋਣ ਕਰਕੇ ਗੁਰੂ ਜੀ ਨੇ ਧਰਤੀ ਵਿਚ ਇਕ ਤੀਰ ਮਾਰਿਆ ਜਿਥੋਂ ਪੀਣ ਲਈ ਸਾਫ਼ ਪਾਣੀ ਦਾ ਝਰਨਾ ਫੁੱਟ ਨਿਕਲਿਆ। ਇਸੇ ਕਰਕੇ ਸਰੋਵਰ ਦਾ ਨਾਂ ਤੀਰਸਰ ਪੈ ਗਿਆ। ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਸਰੋਵਰ ਦਾ ਪਾਣੀ ਰੋਗ ਨਵਿਰਤ ਕਰ ਦਿੰਦਾ ਹੈ। ਹਰ ਸਾਲ ਆਲਮਗੀਰ ਵਿਖੇ 14-16 ਪੋਹ ਨੂੰ (ਦਸੰਬਰ ਦੇ ਅੰਤ ਵਿਚ) ਤਿੰਨ ਰੋਜ਼ਾ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਗੁਰਦੁਆਰੇ ਦਾ ਪ੍ਰਬੰਧ ਸਥਾਨਿਕ ਕਮੇਟੀ ਕੋਲ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ।
ਲੇਖਕ : ਜ.ਜ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਆਲਮਗੀਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਆਲਮਗੀਰ : ਇਹ ਗਰੇਵਾਲ ਜ਼ਿਮੀਦਾਰਾਂ ਦਾ ਪਿੰਡ ਹੈ ਜੋ ਲੁਧਿਆਣੇ ਤੋਂ 14ਕਿ. ਮੀ. ਦੱਖਣ ਵਿਚ ਵਾਕਿਆ ਹੈ। ਇਸ ਦੇ ਵਸਣ ਦੀ ਲੋਕ ਕਥਾ ਇਉਂ ਹੈ ਕਿ ਔਰੰਗਜ਼ੇਬ ਦੇ ਵੇਲੇ ਲੁਧਿਆਣੇ ਦਾ ਮੁਗ਼ਲ ਹਾਕਮ ਇਸ ਇਲਾਕੇ ਦੀ ਪਰਜਾ ਨੂੰ ਦੁੱਖ ਦੇਣ ਤੋਂ ਇਲਾਵਾ ਉਨ੍ਹਾਂ ਦੀਆਂ ਲੜਕੀਆਂ ਜ਼ਬਰਦਸਤੀ ਚੁੱਕ ਕੇ ਲੈ ਜਾਂਦਾ ਸੀ। ਜਦੋਂ ਉਹ ਧਾਂਦਰੇ ਦੇ ਚੌਧਰੀ ਦੀ ਸੁੰਦਰ ਲੜਕੀ ਨਾਲ ਜ਼ਬਰਦਸਤੀ ਨਕਾਹ ਪੜ੍ਹਾਉਣ ਲਈ ਆਇਆ ਤਾਂ ਔਰੰਗਜ਼ੇਬ ਨੇ ਮੌਕੇ ਤੇ ਪੁੱਜ ਕੇ ਉਸ ਨੂੰ ਕਤਲ ਕਰ ਦਿੱਤਾ ਸੀ। ਇਲਾਕੇ ਦੇ ਲੋਕਾਂ ਨੇ ਬਾਦਸ਼ਾਹ ਦੇ ਇਸ ਇਨਸਾਫ਼ ਦੀ ਯਾਦ ਕਾਇਮ ਰੱਖਣ ਲਈ ਉਸੇ ਥਾਂ ਉਸ ਦੇ ਨਾਂ ਤੇ ਇਹ ਪਿੰਡ ਵਸਾਇਆ ਸੀ। ਇਹ ਗੱਲ ਲਗਭਗ 1670 ਈ. ਦੀ ਹੈ।
ਆਬਾਦੀ – 2,699 (1981)
30°45ʹ ਉ. ਵਿਥ.; 75°50ʹ ਪੂ. ਲੰਬ.
ਲੇਖਕ : ਵੀਰ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-25, ਹਵਾਲੇ/ਟਿੱਪਣੀਆਂ: no
ਆਲਮਗੀਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਆਲਮਗੀਰ : ਗੁਰਦੁਆਰਾ ਮੰਜੀ ਸਾਹਿਬ, ਆਲਮਗੀਰ, ਲੁਧਿਆਣੇ ਸ਼ਹਿਰ ਤੋਂ ਲਗਭਗ 10 ਕਿ. ਮੀ. ਦੀ ਦੂਰੀ ਤੇ ਲੁਧਿਆਣਾ-ਮਲੇਰਕੋਟਲਾ ਸੜਕ ਤੇ ਸਥਿਤ ਹੈ।
ਕਿਹਾ ਜਾਂਦਾ ਹੈ ਕਿ ਸਤਾਰ੍ਹਵੀਂ ਸਦੀ ਦੇ ਆਰੰਭ ਵਿਚ ਇਥੇ ਵਸੋਂ ਹੋ ਚੁੱਕੀ ਸੀ। ਰਵਾਇਤ ਹੈ ਕਿ ਪਿੰਡ ਬੀਜਾ (ਲੁਧਿਆਣੇ) ਦੇ ਨਜ਼ਦੀਕ ਸਰਾਏ ਲਸ਼ਕਰੀ ਖ਼ਾਨ ਦਾ ਉਦਘਾਟਨ ਕਰਨ ਲਈ ਮੁਗ਼ਲ ਸਮਰਾਟ ਔਰੰਗਜ਼ੇਬ ਨੂੰ ਦਾਅਵਤ ਦਿੱਤੀ ਗਈ। ਔਰੰਗਜ਼ੇਬ ਜਦੋਂ ਇਸ ਸਰਾਂ ਦਾ ਉਦਘਾਟਨ ਕਰਨ ਆਇਆ ਤਾਂ ਪਾਸ ਦੇ ਧਾਂਦਰੇ ਪਿੰਡ ਦੇ ਚੌਧਰੀ ਨੇ ਉਸ ਅਗੇ ਫਰਿਆਦ ਕੀਤੀ ਕਿ ਨਵਾਬ ਲੋਧੀ ਉਸ ਦੀ ਲੜਕੀ ਨਾਲ ਜ਼ਬਰਦਸਤੀ ਸ਼ਾਦੀ ਕਰ ਕੇ ਲੈ ਜਾਣਾ ਚਾਹੁੰਦਾ ਹੈ। ਇਹ ਸੁਣਨ ਉਪਰੰਤ ਮੁਗ਼ਲ ਸਮਰਾਟ ਨੇ ਸ਼ਾਦੀ ਦੇ ਦਿਨ ਨਵਾਬ ਲੋਧੀ ਦਾ ਸਿਰ ਕੱਟ ਦਿੱਤਾ। ਰਾਜੇ ਦੀ ਇਸ ਇਨਸਾਫ਼ ਪਸੰਦੀ ਦੀ ਚਰਚਾ ਫੈਲ ਗਈ ਅਤੇ ਇਸ ਆਬਾਦੀ ਦਾ ਨਾਂ ਵੀ ਉਸ ਦੇ ਨਾਂ ਤੇ ਹੀ ਆਲਮਗੀਰ ਰੱਖ ਦਿੱਤਾ ਗਿਆ।
ਚਮਕੌਰ ਦੇ ਕਿਲੇ ਨੂੰ ਛੱਡ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਵਿਚ ਠਹਿਰੇ ਤਾਂ ਉਹ ਮਾਛੀਵਾੜੇ ਤੋਂ ਹੀ ਪਲੰਘ ਤੇ ਸਵਾਰ ਹੋ ਕੇ ਆਲਮਗੀਰ ਪਿੰਡ ਪਹੁੰਚੇ ਸਨ। ਇਥੇ ਕੁਝ ਚਿਰ ਠਹਿਰਨ ਪਿੱਛੋਂ ਆਪ ਨੇ ਘੋੜਾ ਪ੍ਰਾਪਤ ਕੀਤਾ ਤੇ ਅਗਲੇ ਪੜਾਅ ਵੱਲ ਨੂੰ ਵਧੇ। ਇਹ ਧਾਰਮਿਕ ਅਸਥਾਨ ਉਸ ਸਮੇਂ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਹੈ।
ਇਸ ਗੁਰਦੁਆਰੇ ਵਿਖੇ ਹਰ ਸਾਲ ਸਾਲਾਨਾ ਜੋੜ ਮੇਲਾ 14, 15, 16 ਪੋਹ ਨੂੰ ਤਿੰਨ ਦਿਨ ਹੁੰਦਾ ਹੈ। ਗੁਰਦੁਆਰੇ ਵਿਚ ਖ਼ਾਸ ਕਰ ਕੇ ਨਿਸ਼ਾਨ ਸਾਹਿਬ, ਤੀਰਸਰ ਸਰੋਵਰ, ਕਲਗੀਧਰ ਨਿਵਾਸ ਅਤੇ ਗੁਰੂ ਕੇ ਲੰਗਰ ਦੀ ਇਮਾਰਤ ਬਹੁਤ ਹੀ ਸ਼ਾਨਦਾਰ ਬਣੀ ਹੋਈ ਹੈ। ਗੁਰਦੁਆਰਾ ਸਾਹਿਬ ਦੀ ਹੇਠਲੀ ਤਹਿ ਤੇ ਭੌਰਾ ਮੌਜੂਦ ਹੈ ਜਿਥੇ ਗੁਰੂ ਜੀ ਦੀ ਮੰਜੀ ਲਿਆ ਕੇ ਰੱਖੀ ਸੀ।
ਗੁਰਦੁਆਰੇ ਵੱਲੋਂ ਕਲਗੀਧਰ ਲਾਇਬ੍ਰੇਰੀ ਅਤੇ ਗੁਰੂ ਅਮਰਦਾਸ ਫ਼ਰੀ ਹਸਪਤਾਲ ਦਾ ਪ੍ਰਬੰਧ ਹੈ। ਸਮਾਧ ਬਾਬਾ ਨਾਨੂੰ ਸਿੰਘ ਜੀ ਵੀ ਇਸੇ ਗੁਰਦੁਆਰੇ ਅੰਦਰ ਸਥਿਤ ਹੈ। ਗੁਰਦੁਆਰਾ ਸਾਹਿਬ ਵਿਚ ਪੂਜਾ ਪਾਠ ਲਈ ਗ੍ਰੰਥੀ ਅਤੇ ਸੇਵਾਦਾਰ ਹਨ। ਬਕਾਇਦਾ ਕਮੇਟੀ ਦਾ ਪ੍ਰਬੰਧ ਹੈ। ਲੰਗਰ ਅਤੇ ਪ੍ਰਸ਼ਾਦ ਆਉਣ ਜਾਣ ਵਾਲੀਆਂ ਸੰਗਤਾਂ ਅਤੇ ਮੁਸਾਫ਼ਰਾਂ ਨੂੰ ਮਿਲਦਾ ਹੈ।
ਲੇਖਕ : ਬੇਦੀ ਹਰਪਾਲ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1562, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-10-34-53, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ. ; ਆਲਮਗੀਰ ਟ੍ਰੈਕਟ
ਵਿਚਾਰ / ਸੁਝਾਅ
Please Login First