ਆਲਮ ਸਰੋਤ : 
    
      ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
      
           
     
      
      
      
        ਆਲਮ : ਆਲਮ ਰੀਤੀਧਾਰਾ ਦਾ ਪ੍ਰਮੁੱਖ ਕਵੀ ਹੈ। ਉਸ ਦੀ ਜੀਵਨ  ਯਾਤਰਾ  ਨਾਲ  ਸੰਬੰਧਿਤ ਜਾਣਕਾਰੀ ਦਾ ਅਭਾਵ ਹੈ। ਆਲਮ ਦਾ ਜਨਮ ਬ੍ਰਾਹਮਣ  ਵੰਸ਼  ਵਿੱਚ ਹੋਇਆ ਅਤੇ  ਉਹ ਜੌਨਪੁਰ  ਦਾ ਰਹਿਣ  ਵਾਲਾ ਸੀ। ਬਾਅਦ ਵਿੱਚ ਕਿਸੇ ‘ਰੰਗਰੇਜ਼ਨ` ਦੇ ਪ੍ਰੇਮ  ਵਿੱਚ ਪੈ ਕੇ ਬ੍ਰਾਹਮਣ ਤੋਂ ‘ਆਲਮ` ਨਾਂ ਧਾਰਨ  ਕਰ ਕੇ ਉਹ ਮੁਸਲਮਾਨ ਹੋ ਗਿਆ। ਆਲਮ ਅਤੇ ਸ਼ੇਖ਼ ਦੀ ਪ੍ਰੇਮ- ਕਹਾਣੀ ਇਸ ਪ੍ਰਕਾਰ ਕਹੀ  ਜਾਂਦੀ ਹੈ ਕਿ ਇੱਕ ਵਾਰੀ ਆਲਮ ਨੇ ਆਪਣੀ ਪਗੜੀ  ਰੰਗਣ ਨੂੰ ਦਿੱਤੀ, ਉਸ ਪਗੜੀ ਦੇ ਇੱਕ ਪੱਲੇ ਵਿੱਚ ਅੱਧਾ  ਦੋਹਾ ਲਿਖਿਆ ਇੱਕ ਕਾਗ਼ਜ਼ ਦਾ ਟੁਕੜਾ ਰਹਿ ਗਿਆ। ਰੰਗਰੇਜ਼ਨ ਨੇ ਉਸ ਕਾਗ਼ਜ਼ ਦੇ ਟੁਕੜੇ `ਤੇ ਲਿਖੇ ਅੱਧੇ ਦੋਹੇ ਨੂੰ ਪੂਰਾ  ਕਰ ਦਿੱਤਾ। ‘ਆਲਮ` ਉਸ ਦੋਹੇ ਨੂੰ ਪੜ੍ਹ ਕੇ ਮੰਤਰ  ਮੁਗਧ ਹੋ ਗਿਆ। ਇਸ ਤਰ੍ਹਾਂ ਉਹਨਾਂ ਦਾ ਆਪਸੀ ਸਨੇਹ  ਸ਼ੁਰੂ ਹੋ ਗਿਆ। ਅੰਤ ਵਿੱਚ ਉਸ ਨਾਲ ਵਿਆਹ  ਕਰ ਲਿਆ।
	     ਆਲਮ ਦੇ ਘਰ  ‘ਜਹਾਨ` ਨਾਂ ਦਾ ਇੱਕ ਪੁੱਤਰ  ਵੀ ਹੋਇਆ। ਕਿਹਾ ਜਾਂਦਾ ਹੈ ਕਿ ਸ਼ੇਖ਼ ਅਤੇ ਆਲਮ ਦੋਨਾਂ ਨੇ ਅਲੱਗ-ਅਲੱਗ ਰਚਨਾਵਾਂ ਕੀਤੀਆਂ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਆਲਮ ਦੁਆਰਾ ਲਿਖੇ ਗਏ ਅਨੇਕਾਂ  ਛੰਦਾਂ ਵਿੱਚ ਸ਼ੇਖ਼ ਦਾ ਸਹਿਯੋਗ ਹੈ। ਆਲਮ ਦੇ ਕਾਵਿ ਵਿੱਚ ਅਨੂਠੀ ਅਤੇ ਅਛੂਤੀ ਕਲਪਨਾ ਦਾ ਚਮਤਕਾਰ ਦੇਖਣ ਵਿੱਚ ਆਇਆ ਹੈ। ਉਸ ਦੇ ਪਿੱਛੇ ਵੀ ਸ਼ੇਖ਼ ਦੀਆਂ ਕਲਪਨਾਵਾਂ ਦਾ ਹੱਥ  ਹੈ। ਆਲਮ ਦੀ ਪ੍ਰੇਮ-ਕਥਾ ਵਿੱਚ ਆਲਮ ਦੇ ਨਾਲ-ਨਾਲ ਸ਼ੇਖ਼ ਨੂੰ ਵੀ ਕਾਵਿ ਰਚਨਾ  ਸ਼ਕਤੀ ਸੰਪੰਨ ਕਿਹਾ ਗਿਆ ਹੈ। ਕੁਝ ਵਿਦਵਾਨਾਂ ਨੇ ਇਹ ਮੰਨਿਆ ਹੈ ਕਿ ਆਲਮ ਅਤੇ ਸ਼ੇਖ਼ ਇੱਕ ਹੀ ਵਿਅਕਤੀ  ਦੇ ਦੋ ਨਾਂ ਹਨ। ਇਸ ਲਈ ਵਰਤਮਾਨ  ਕਾਲ  ਵਿੱਚ ਸਾਹਿਤ- ਇਤਿਹਾਸ  ਗ੍ਰੰਥਾਂ ਵਿੱਚ ਹੁਣ ਕੇਵਲ  ਆਲਮ ਨਹੀਂ ‘ਸ਼ੇਖ਼-ਆਲਮ` ਦੇ ਕਾਵਿ ਦਾ ਪਰਿਚੈ ਦਿੱਤਾ ਜਾਣ ਲੱਗ ਪਿਆ ਹੈ।
	     ਜਿੱਥੋਂ ਤੱਕ ਆਲਮ ਦੇ ਕਾਵਿ-ਕਾਲ ਦਾ ਪ੍ਰਸ਼ਨ ਹੈ, ਹੁਣ ਤੱਕ ਇਹ ਮੰਨਿਆ ਗਿਆ ਹੈ ਕਿ ਇਸ ਕਾਵਿ ਦਾ ਕਾਵਿ-ਕਾਲ 1640 ਤੋਂ 1680 ਤੱਕ ਹੈ।
	     ਆਲਮ ਦੀਆਂ ਹੁਣ ਤੱਕ ਚਾਰ ਰਚਨਾਵਾਂ ਦਾ ਪਤਾ  ਚੱਲ ਸਕਿਆ ਹੈ ਜਿਨ੍ਹਾਂ ਵਿੱਚ ਤਿੰਨ ਪ੍ਰਬੰਧ  ਅਤੇ ਇੱਕ ਮੁਕਤਕ ਹੈ। ਇਹਨਾਂ ਵਿੱਚੋਂ ਪ੍ਰਮੁੱਖ ਰਚਨਾ ਆਲਮ-ਕੇਲਿ ਹੈ। ਜਿਸ ਵਿੱਚ ਕਵੀ ਦੀਆਂ ਮੁਕਤਕ ਰਚਨਾਵਾਂ ਹਨ। ਕਵੀ ਦੀਆਂ ਬਹੁਤ ਸਾਰੀਆਂ ਮੁਕਤਕ ਰਚਨਾਵਾਂ ਖੋਜ ਵਿੱਚੋਂ ਮਿਲੀਆਂ ਹਨ। ਜਿਨ੍ਹਾਂ ਦੇ ਨਾਵਾਂ ਵਿੱਚ ਬਹੁਤ ਸਾਰੀ ਭਿੰਨਤਾ ਪਾਈ  ਜਾਂਦੀ ਹੈ। ਵਿਦਿਆਨਿਵਾਸ ਮਿਸ਼ਰ ਨੇ ਆਲਮ-ਗ੍ਰੰਥਾਵਲੀ ਦਾ ਸੰਪਾਦਨ ਕੀਤਾ ਹੈ। ਇਸ ਵਿੱਚ ਉਸ ਨੇ ਆਲਮ-ਕੇਲਿ ਤੋਂ ਇਲਾਵਾ ਸਫੁੱਟ ਰਚਨਾਵਾਂ ਦਾ ਆਲੇਖ ਕੀਤਾ ਹੈ। ਆਲਮ ਦੀਆਂ ਸਾਰੀਆਂ ਮੁਕਤਕ ਰਚਨਾਵਾਂ ਵਿੱਚ ਆਲਮ ਅਤੇ ਸ਼ੇਖ਼ ਦੋਨਾਂ ਨਾਵਾਂ ਨਾਲ ਸੰਬੰਧਿਤ ਰਚਨਾਵਾਂ ਪਾਈਆਂ ਜਾਂਦੀਆਂ ਹਨ। ਆਲਮ- ਕੇਲਿ ਨਾਂ ਦੇ ਨਾਲ ਪ੍ਰਕਾਸ਼ਿਤ ਸੰਗ੍ਰਹਿ ਵਿੱਚ ਕੁੱਲ 397 ਛੰਦ ਹਨ। ਇਸ ਤੋਂ ਇਲਾਵਾ ਆਲਮ ਦੀਆਂ ਤਿੰਨ ਹੋਰ ਰਚਨਾਵਾਂ ਮਾਧਵਾਨਲ ਕਾਮਕੰਦਲਾ, ਸੁਦਾਮਾਚਰਿਤ ਅਤੇ ਸਿਆਮਸਨੇਹੀ ਹਨ।
	     ਮਾਧਵਾਨਲ ਕਾਮਕੰਦਲਾ ਨਾਮੀ ਗ੍ਰੰਥ  ਦੀਆਂ ਹੁਣ ਤੱਕ ‘ਖੋਜ` ਵਿੱਚ ਬਾਰਾਂ ਹੱਥ ਲਿਖਤ  ਪ੍ਰਤੀਆਂ ਵੇਖੀਆਂ ਗਈਆਂ ਹਨ। ਇਹ ਪ੍ਰਤੀਆਂ ਦੋ ਪ੍ਰਕਾਰ ਦੀਆਂ ਹਨ। ਇੱਕ ਛੋਟੀ ਹੈ ਤੇ ਦੂਸਰੀ ਵੱਡੀ। ਇਹਨਾਂ ਦੋਹਾਂ ਤਰ੍ਹਾਂ ਦੀਆਂ ਪ੍ਰਤੀਆਂ ਵਿੱਚ ਕਿਹੜੀ ਮੌਲਿਕ ਹੈ, ਇਸਦਾ ਨਿਰਣਾ ਹੁਣ ਤੱਕ ਨਹੀਂ ਹੋ ਸਕਿਆ। ਆਲਮ ਦੀ ਇਹ ਰਚਨਾ ਬਹੁਤ ਹੀ ਪ੍ਰਭਾਵਸ਼ਾਲੀ ਹੈ। ਹਿੰਦੀ  ਵਿੱਚ, ਪ੍ਰੇਮ- ਕਥਾ  ਦੀ ਪਰੰਪਰਾ  ਨੂੰ ਤਿੰਨ ਰੂਪਾਂ ਵਿੱਚ ਰੱਖ  ਕੇ ਦੇਖਿਆ ਜਾ ਸਕਦਾ ਹੈ। ਪਹਿਲਾ ਰੂਪ  ਪੁਰਾਣੀਆਂ ਪ੍ਰੇਮ-ਕਥਾਵਾਂ ‘ਢੋਲਾਮਾਰੂਰਾ ਦੂਹਾ` ਆਦਿ ਦੇ ਰੂਪ ਵਿੱਚ ਸਾਮ੍ਹਣੇ ਆਇਆ ਹੈ। ਦੂਸਰਾ ਉਹ ਪ੍ਰੇਮ-ਕਥਾਵਾਂ ਜਿਨ੍ਹਾਂ ਦੇ ਰਚਨਾਕਾਰ ਸੂਫ਼ੀ  ਮੁਸਲਮਾਨ ਸਨ ਅਤੇ ਜਿਨ੍ਹਾਂ ਦਾ ਉਦੇਸ਼ ਇਸ ਤਰ੍ਹਾਂ ਦੀਆਂ ਕਹਾਣੀਆਂ ਦੇ ਮਾਧਿਅਮ ਨਾਲ ਧਰਮ  ਪ੍ਰਚਾਰ  ਕਰਨਾ, ਉਪਦੇਸ਼  ਦੇਣਾ ਆਦਿ ਹੁੰਦਾ ਹੈ। ਤੀਸਰੀ ਕੋਟੀ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਦਾ ਸਰੂਪ ‘ਨਲ-ਦਮਯੰਤੀ` ਨਾਲ ਸੰਬੰਧਿਤ ਹੈ। ਵਰਣਨ ਸ਼ੈਲੀ  ਅਤੇ ਚਰਿੱਤਰ-ਚਿਤਰਨ ਆਦਿ ਦੀ ਦ੍ਰਿਸ਼ਟੀ ਤੋਂ ਪਹਿਲੇ ਅਤੇ ਤੀਸਰੇ ਪ੍ਰਕਾਰ ਦੀਆਂ ਪ੍ਰੇਮ-ਕਥਾਵਾਂ ਵਿੱਚ ਭਾਰਤੀ ਰੀਤੀ-ਰਿਵਾਜਾਂ ਦੀ ਪ੍ਰਮੁਖਤਾ ਹੈ, ਜਦੋਂ ਕਿ ਦੂਸਰੇ ਪ੍ਰਕਾਰ ਦੀਆਂ ਪ੍ਰੇਮ-ਕਥਾਵਾਂ ਵਿੱਚ ਭਾਰਤੀ ਅਤੇ ਗ਼ੈਰ-ਭਾਰਤੀ ਦੋਨਾਂ ਤੱਤਾਂ ਦਾ ਸੁਮੇਲ  ਹੈ। ਇਕੱਤਰਿਤ ਸਮਗਰੀ ਬਹੁਤ ਪੌਰਾਣਿਕ ਢੰਗ  ਦੀ ਅਤੇ ਵਿਕਾਸ  ਲੋਕ-ਗੀਤਾਂ ਵਾਲੀ ਪੱਧਤੀ ਉੱਤੇ ਕੀਤਾ ਹੈ। ਕਹਾਣੀ ਦਾ ਅੰਤ ਦ੍ਰਿੜ੍ਹ-ਪ੍ਰ਼ੇਮ-ਵਿਜੈ ਅਤੇ ਭਾਰਤੀ ਸੰਸਕ੍ਰਿਤੀ ਦੇ ਰੱਖਿਅਕ ਵਿਕਰਮਾਦਿੱਤਯ ਵਿੱਚ ਦਿਖਾਈ ਦਿੱਤਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ ਇਸ ਗੱਲ  ਨੂੰ ਧਿਆਨ  ਵਿੱਚ ਰੱਖਿਆ ਗਿਆ ਹੈ ਕਿ ਕਵੀ ਨੇ ਸੂਫ਼ੀਆਂ ਦੀ ਪ੍ਰੇਮ ਸ਼ੈਲੀ ਦੇ ਆਦਰਸ਼ਾਂ ਉੱਤੇ ਵੀ ਆਪਣੀ ਦ੍ਰਿਸ਼ਟੀ ਰੱਖੀ ਹੈ।
	     ਆਲਮ ਤੋਂ ਬਾਅਦ ਬੋਧਾ ਨੇ ਵੀ ਇਸ ਤਰ੍ਹਾਂ ਦੀਆਂ ਰਚਨਾਵਾਂ ਨੂੰ ਪ੍ਰਸਤੁਤ ਕੀਤਾ ਹੈ। ਸ਼ਿੰਗਾਰ  ਰਸ  ਪ੍ਰਮੁੱਖ ਰਸ ਮੰਨਿਆ ਗਿਆ ਹੈ ਅਤੇ ਭਾਸ਼ਾ  ਅਵਧੀ ਹੈ। ਪ੍ਰਬੰਧ ਕੌਸ਼ਲ ਪ੍ਰਸੰਸਾਯੋਗ ਹੋਣ ਦੇ ਨਾਲ-ਨਾਲ ਇਹ ਕਵੀ ਦੀ ਪਹਿਲੀ ਕ੍ਰਿਤੀ ਹੋਣ ਦਾ ਸੰਕੇਤ ਕਰਦੀ ਹੈ।
	     ਸੁਦਾਮਾਚਰਿਤ ਨਾਮੀ ਗ੍ਰੰਥ ਦੀਆਂ ਅਨੇਕ  ਹੱਥ ਲਿਖਤ ਪ੍ਰਤੀਆਂ ਪ੍ਰਾਪਤ ਹੋਈਆਂ ਹਨ। ਕਿਸੇ ਪ੍ਰਤੀ ਦੇ 52 ਛੰਦ ਹਨ, ਕਿਸੇ ਦੇ 91 ਅਤੇ ਕਿਸੇ ਦੇ ਅੱਠ। ਜਿਸ ਤਰ੍ਹਾਂ ਇਸ ਦੇ ਨਾਂ ਤੋਂ ਸਪਸ਼ਟ ਹੈ, ਇਸ ਵਿੱਚ ਸ੍ਰੀ ਕ੍ਰਿਸ਼ਨ ਅਤੇ ਸੁਦਾਮਾ ਦੀ ਉਸ ਕਥਾ ਦਾ ਵਰਣਨ ਹੈ ਜਿਸਨੂੰ ਆਲਮ ਤੋਂ ਪਹਿਲਾਂ  ਵੀ ਕੁਝ ਵਿਦਵਾਨ ਚਿਤਰਿਤ ਕਰ ਚੁੱਕੇ ਹਨ। ਇਸ ਵਿੱਚ ਪ੍ਰੇਮਾ-ਭਗਤੀ ਨੂੰ ਦਰਸਾਇਆ ਗਿਆ ਹੈ। ਕਵੀ ਦਾ ਮਨ  ਮੁਸਲਮਾਨ ਹੋ ਜਾਣ ਤੋਂ ਬਾਅਦ ਵੀ ਕ੍ਰਿਸ਼ਨਾ ਭਗਤੀ  ਦੇ ਰੰਗ ਵਿੱਚ ਰਮਿਆ ਰਿਹਾ ਹੈ। ਇਸ ਦਾ ਸਬੂਤ  ਇਸ ਰਚਨਾ ਵਿੱਚੋਂ ਮਿਲਦਾ ਹੈ।
	     ਸਿਆਮਸਨੇਹੀ ਵਰਣਨ ਪ੍ਰਧਾਨ ਖੰਡ-ਕਾਵਿ ਹੈ। ਜਿਸ ਵਿੱਚ ਰੁਕਮਣੀ ਵਿਆਹ ਦਾ ਵਰਣਨ ਕੀਤਾ ਗਿਆ ਹੈ। ਇਸ ਦੀ ਕਥਾ ਬਹੁਤ ਛੋਟੀ ਹੈ, ਵਰਣਨ ਦੇ ਸਹਾਰੇ ਉਸ ਦਾ ਵਿਕਾਸ ਕੀਤਾ ਗਿਆ ਹੈ।
	          ਆਲਮ-ਕੇਲਿ ਵਿੱਚ ਕਵੀ ਦੀਆਂ ਫੁਟਕਲ ਕਵਿਤਾਵਾਂ ਸ੍ਰੀ ਕ੍ਰਿਸ਼ਨ ਦੀ ਬਾਲ ਲੀਲਾ, ਮਾਨਿਨੀ, ਨਾਇਕ ਦੀ ਦੂਤੀ, ਵੰਸ਼ੀ, ਗੋਪੀ ਵਿਰਹ, ਪਵਨ ਵਰਣਨ, ਗੰਗਾ  ਵਰਣਨ, ਦੀਨਤਾ, ਦੇਵੀ  ਦੇ ਕਬਿੱਤ, ਰਾਮਲੀਲ੍ਹਾ, ਰੇਖਤਾ ਆਦਿ ਸਿਰਲੇਖਾਂ ਵਿੱਚ ਰੱਖੀਆਂ ਗਈਆਂ ਹਨ।
    
      
      
      
         ਲੇਖਕ : ਹਰਮਿੰਦਰ ਸਿੰਘ ਬੇਦੀ, 
        ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
      
      
   
   
      ਆਲਮ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਆਲਮ 1 [ਵਿਸ਼ੇ] ਵਿਦਵਾਨ, ਗਿਆਨੀ , ਬੁੱਧੀਜੀਵੀ 2 [ਨਾਂਪੁ] ਜਹਾਨ , ਦੁਨੀਆਂ, ਵਿਸ਼ਵ, ਜਗਤ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਆਲਮ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
       
	
	ਆਲਮ. ਅ਼ 
 ਅ਼ਲਿਮ. ਵਿ—ਇ਼ਲਮ ਰੱਖਣ ਵਾਲਾ. ਵਿਦ੍ਵਾਨ. ਪੰਡਿਤ. “ਜਾਨਤ ਬੇਦ ਭੇਦ ਅਰ ਆਲਮ.” (ਚੌਪਈ) ੨ ਸੰਗ੍ਯਾ— ਅ਼ਲਮ. ਸੰਸਾਰ. ਜਗਤ. “ਆਲਮ ਕੁਸਾਇ ਖ਼ੂਬੀ.” (ਰਾਮਾਵ) ੩ ਸਮਾਂ. ਵੇਲਾ. ਕਾਲ । ੪ ਪ੍ਰਾਣੀ. ਜੀਵ. “ਚੰਦੀਂ ਹਜਾਰ ਆਲਮ ਏਕਲ ਖਾਨਾ.” (ਤਿਲੰ ਨਾਮਦੇਵ) ੫ ਦਸ਼ਮੇਸ਼ ਦਾ ਦਰਬਾਰੀ ਇੱਕ ਕਵੀ, ਜਿਸ ਦੀ ਕਵਿਤਾ ਇਹ ਹੈ:—
	ਸੋਭਾ ਹੂੰ ਕੇ ਸਾਗਰ ਨਵਲ ਨੇਹ ਨਾਗਰ ਹੈਂ,
	ਬਲ ਭੀਮ ਸਮ ਸੀਲ ਕਹਾਂ ਲੌ ਗਨਾਈਏ?
	ਭੂਮਿ ਕੇ ਵਿਭੂਖਨ ਜੁ ਦੂਖਨ ਕੇ ਦੂਖਨ,
	ਸਮੂਹ ਸੁਖ ਹੂੰ ਕੇ ਸੁਖ ਦੇਖੇ ਤੇ ਅਘਾਈਏ,
	ਹਿੰਮਤ ਨਿਧਾਨ ਆਨ ਦਾਨ ਕੋ ਬਖਾਨੈ ਜਾਨ?
	ਆਲਮ ਤਮਾਮ ਜਾਮ ਆਠੋਂ ਗੁਨ ਗਾਈਏ,
	ਪ੍ਰਬਲ ਪ੍ਰਤਾਪੀ ਪਾਤਸ਼ਾਹ ਗੁਰੁ ਗੋਬਿੰਦ ਜੀ!
	ਭੋਜ ਕੀ ਸੀ ਮੌਜ ਤੇਰੇ ਰੋਜ ਰੋਜ ਪਾਈਏ.
	੬ ਫ਼ਾਰਸੀ ਅਤੇ ਹਿੰਦੀ ਦਾ ਇੱਕ ਪ੍ਰਸਿੱਧ ਕਵੀ, ਜਿਸ ਨੇ ਸਨ ੯੯੧ ਹਿਜਰੀ ਵਿੱਚ ਮਾਧਵਾਨਲ ਸੰਗੀਤ ਦਾ ਵ੍ਰਿਜਭਾ ਵਿੱਚ ਉਲਥਾ (ਅਨੁਵਾਦ) ਕੀਤਾ ਹੈ. ਰਾਗਮਾਲਾ ਇਸੇ ਗ੍ਰੰਥ ਦਾ ਇੱਕ ਹਿੱਸਾ ਹੈ। ੭ ਦਸ਼ਮੇਸ਼ ਦਾ ਇੱਕ ਸੇਵਕ. “ਜਬ ਦਲ ਪਾਰ ਨਦੀ ਕੇ ਆਯੋ। ਆਨ ਆਲਮੇ ਹਮੈ ਜਗਾਯੋ.” (ਵਿਚਿਤ੍ਰ)
	੯ ਬ੍ਰਾਹਮਣ ਤੋਂ ਮੁਸਲਮਾਨ ਹੋਇਆ ਇੱਕ ਕਵੀ, ਜੋ ਬਹਾਦੁਰ ਸ਼ਾਹ ਦਿੱਲੀਪਤਿ ਦੇ ਦਰਬਾਰ ਵਿੱਚ ਹਾਜਿਰ ਰਹਿੰਦਾ ਸੀ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
      
      
   
   
      ਆਲਮ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਆਲਮ (ਸੰ.। ਅ਼ਰਬੀ  ਆ਼ਲਮ=ਲੋਕ, ਜ਼ਹਾਜ। ਜੋ  ਕੁਛ  ਰੱਬ  ਤੋਂ ਸਿਵਾ  ਰਚਨਾ  ਵਿਚ ਹੈ, ਸਭ  ਆਲਮ ਹੈ) ਸਾਰਾ ਸੰਸਾਰ , ਲੋਕ।  ਯਥਾ-‘ਖਾਕ ਨੂਰ ਕਰਦੰ  ਆਲਮ ਦੁਨੀਆਇ’ ਇਸ ਦੁਨੀਆਂ  ਦਾ (ਆਲਮ) ਲੋਕ, ਨੂਰ (ਆਤਮਾ) ਤੇ ਖਾਕ (ਪ੍ਰਕ੍ਰਿਤੀ) ਤੋਂ ਕੀਤਾ ਨੇ।
	੨. ਆਲਮ ਇਹ ਲੋਕ, ਦੁਨੀਆਂ=ਦੂਸਰਾ ਲੋਕ ਭਾਵ ਦੋਵੇਂ  ਜਹਾਨ  (ਨੂਰ) ਚੇਤਨ ਨੇ ਮਿੱਟੀ  ਤੋਂ ਬਨਾਏ।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      ਆਲਮ ਸਰੋਤ : 
    
      ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
      
           
     
      
      
      
       
	ਆਲਮ : ਇਹ ਅਕਬਰ ਦੇ ਸਮੇਂ ਦਾ ਇਕ ਮੁਸਲਮਾਨ ਕਵੀ ਸੀ ਜਿਸ ਨੇ 1991 ਹਿ. ਅਰਥਾਤ 1583 ਈ. ਵਿਚ ‘ਮਾਧਵਾਨਲ ਕਾਮਕੰਦਲਾ’ ਨਾਮੀ ਪ੍ਰੇਮ–ਕਹਾਣੀ ਦੋਹਾ–ਚੌਪਈ ਵਿਚ ਲਿਖੀ। ਇਸ ਰਚਨਾ ਵਿਚ ਪੰਜ ਪੰਜ ਚੌਪਈਆਂ ਮਗਰੋਂ ਇਕ ਇਕ ਦੋਹਾ ਜਾਂ ਸੋਰਠਾ ਹੈ। ਇਹ ਪੁਸਤਕ ਅਧਿਆਤਮਕ ਪੱਖ ਦੀ ਬਜਾਏ ਸ਼ਿੰਗਾਰ–ਰਸ ਦੇ ਪੱਖੋਂ ਹੀ ਲਿਖੀ ਗਈ ਜਾਪਦੀ ਹੈ। ਇਸ ਰਚਨਾ ਦੀ ਵੱਡੀ ਖ਼ੂਬੀ ਇਸ ਵਿਚਲੀ ਕਹਾਣੀ ਹੀ ਹੈ। ਵਸਤੂ–ਵਰਣਨ ਤੇ ਭਾਵ–ਪ੍ਰਗਟਾਅ ਆਦਿ ਦਾ ਦਰਜਾ ਦੂਜੇ ਨੰਬਰ ਤੇ ਹੈ। ਕਹਾਣੀ ਵੀ ਪ੍ਰਾਕ੍ਰਿਤ ਜਾਂ ਅਪਭ੍ਰੰਸ਼–ਕਾਲ ਤੋਂ ਚਲੀ ਆ ਰਹੀ ਹੈ। ਕਵੀ ਨੇ ਰਚਨਾ ਕਾਲ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ :‒
	                                ਦਿਲੀਪਤਿ ਅਕਬਰ ਸੁਰਤਾਨਾ, ਸਪਤਦੀਪ ਸੇਂ ਜਾਕੀ ਆਨਾ ।।
	                   ਧਰਮਰਾਜ ਸਭ ਦੇਸ ਚਲਾਵਾ, ਹਿੰਦੂ ਤੁਰੁਕ ਪੰਥ ਸਭ ਲਾਵਾ ।।
	                   ਸਨ ਨੌ ਸੈ ਇੱਕਾਨਬੇ ਆਹੀ, ਕਰੌਂ ਕਥਾ ਔ ਬੋਲੌਂ ਤਾਹੀ ।।              ਹ. ਪੁ. – ਹਿੰ. ਸਾ. ਇ. – ਸ਼ੁਕਲ
    
      
      
      
         ਲੇਖਕ : ਭਾਸ਼ਾ ਵਿਭਾਗ, 
        ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-25, ਹਵਾਲੇ/ਟਿੱਪਣੀਆਂ: no
      
      
   
   
      ਆਲਮ ਸਰੋਤ : 
    
      ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
      
           
     
      
      
      
       
	ਆਲਮ : ਇਹ ਹਿੰਦੀ ਸਾਹਿਤ ਦੇ ‘ਰੀਤੀ ਕਾਲ’ ਦਾ ਕਵੀ ਸੀ ਪਰ ਇਸ ਨੇ ਰੀਤੀ–ਕਾਲ ਦੇ ਆਮ ਕਵੀਆਂ ਵਾਂਗ ਆਪਣੀ ਕਵਿਤਾ ਦੀ ਰਚਨਾ ਅਲੰਕਾਰਾਂ ਆਦਿ ਦੇ ਉਦਾਹਰਣ ਦੇਣ ਲਈ ਨਹੀਂ ਕੀਤੀ। ਇਸ ਲਈ ਇਸ ਦੀ ਕਵਿਤਾ ਵਿਚ ਪ੍ਰੇਮ ਅਤੇ ਸ਼ਿੰਗਾਰ ਰਸ ਦਾ ਸੁਚੱਜਾ ਤੇ ਸੁਭਾਵਕ ਰੂਪ ਨਜ਼ਰ ਆਉਂਦਾ ਹੈ।
	ਆਲਮ ਦਾ ਸਮਾਂ ਸਤਾਰ੍ਹਵੀਂ ਸਦੀ ਦੀ ਅੰਤਮ ਚੌਥਾਈ ਅਤੇ ਅਠਾਰ੍ਹਵੀਂ ਸਦੀ ਦਾ ਪਹਿਲਾ ਅੱਧ ਮੰਨਿਆ ਜਾਂਦਾ ਹੈ। ਇਹ ਬਹਾਦੁਰਸ਼ਾਹ ਦੇ ਨਾਂ ਨਾਲ ਗੱਦੀ ਤੇ ਬੈਠਣ ਵਾਲੇ ਔਰੰਗਜ਼ੇਬ ਦੇ ਦੂਜੇ ਪੁੱਤਰ ਮੁਅੱਜ਼ਮ ਦਾ ਦਰਬਾਰੀ ਕਵੀ ਸੀ। ਇਹ ਜਾਤ ਦਾ ਬ੍ਰਾਹਮਣ ਸੀ ਪਰ ਇਸ ਨੇ ਸ਼ੇਖ਼ ਨਾਂ ਦੀ ਲਲਾਰਨ ਦੇ ਪ੍ਰੇਮ ਵਿਚ ਮੁਸਲਮਾਨ ਹੋ ਕੇ ਉਸ ਨਾਲ ਵਿਆਹ ਕਰਾ ਲਿਆ ਸੀ। ਸ਼ੇਖ਼ ਵੀ ਕਵਿਤਾ ਲਿਖਣ ਵਿਚ ਚੰਗੀ ਮਾਹਰ ਸੀ। ਆਲਮ ਦੀ ਕਵਿਤਾ ਵਿਚ ਵੀ ਸ਼ੇਖ਼ ਦੀਆਂ ਕਵਿਤਾਵਾਂ ਦੇ ਅੰਸ਼ ਮਿਲਦੇ ਹਨ। ਇਸ ਬਾਰੇ ਮਸ਼ਹੂਰ ਹੈ ਕਿ ਆਲਮ ਨੇ ਇਕ ਵਾਰੀ ਸ਼ੇਖ਼ ਪਾਸ ਆਪਣੀ ਪਗੜੀ ਰੰਗਣ ਲਈ ਭੇਜੀ। ਉਸ ਪਗੜੀ ਦੇ ਲੜ ਵਿਚ ਕਾਗ਼ਜ਼ ਦਾ ਇਕ ਟੁਕੜਾ ਬੱਝਾ ਹੋਇਆ ਚਲਾ ਗਿਆ ਜਿਸ ਤੇ ਆਲਮ ਨੇ ਇਹ ਅੱਧਾ ਦੋਹਾ ਲਿਖਿਆ ਹੋਇਆ ਸੀ – ‘ਕਨਕ ਛਰੀ ਸੀ ਕਾਮਿਨੀ ਕਾਹੇ ਕੋ ਕਟਿ ਛੀਨ।’ ਕਹਿੰਦੇ ਹਨ ਕਿ ਸ਼ੇਖ਼ ਨੇ ਪਗੜੀ ਦੇ ਨਾਲ ਇਹ ਦੋਹਾ ਉਸੇ ਕਾਗਜ਼ ਉੱਤੇ ਇੰਜ ਪੂਰਾ ਕਰ ਕੇ ਭੇਜ ਦਿੱਤਾ, ‘ਕੋਟਿ ਕੋ ਕੰਚਨ ਕਾਟ ਬਿਧਿ ਕੁਚਨਿ ਮੱਧਯ ਧਰਿ ਦੀਨ।’ ਆਲਮ ਇਸ ਨੂੰ ਪੜ੍ਹ ਕੇ ਸ਼ੇਖ਼ ਤੇ ਮੋਹਿਤ ਹੋ ਗਿਆ।
	ਆਲਮ ਦੀਆਂ ਕਵਿਤਾਵਾਂ ਦਾ ਇਕ ਸੰਗ੍ਰਹਿ ‘ਆਲਮਕੇਲੀ’ ਨਾਂ ਦਾ ਛਪਿਆ ਵੀ ਮਿਲਦਾ ਹੈ। ਇਸ ਤੋਂ ਇਲਾਵਾ ਇਸ ਦੇ ਫੁਟਕਲ ਕਬਿਤ–ਸਵੱਯੀਏ ਹੋਰ ਕਾਵਿ–ਸੰਗ੍ਰਹਿਆਂ ਵਿਚ ਵੀ ਮਿਲਦੇ ਹਨ।                     
    
      
      
      
         ਲੇਖਕ : ਕੇ. ਕੇ. ਧੌਮੀਆ, 
        ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-25, ਹਵਾਲੇ/ਟਿੱਪਣੀਆਂ: no
      
      
   
   
      ਆਲਮ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਆਲਮ, (ਅਰਬੀ) / ਵਿਸ਼ੇਸ਼ਣ : ਇਲਮ ਵਾਲਾ, ਪੜ੍ਹਿਆ ਹੋਇਆ, ਵਿਦਿਆਵਾਨ, ਪੁਲਿੰਗ : ਸੰਸਾਰ ਦੁਨੀਆ, ਲੋਕੀ
	–ਆਲਮਗੀਰ (ਫ਼ਾਰਸੀ) / ਵਿਸ਼ੇਸ਼ਣ : ੧. ਦੁਨੀਆ ਨੂੰ ਜਿੱਤਣ ਵਾਲਾ, ਸੰਸਾਰ ਵਿਆਪੀ, ਵਿਆਪਕ, ੨. ਔਰੰਗਜ਼ੇਬ ਬਾਦਸ਼ਾਹ ਦੀ ਉਪਾਧੀ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-38-20, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First