ਆਸਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਸਨ. ਦੇਖੋ, ਆਸਣ. “ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ.” (ਮਾਝ ਮ: ੫) ੨ ਘੋੜੇ ਦੀ ਪਿੱਠ ਉੱਪਰ ਨਿਸ਼ਸਤ. “ਆਸਨ ਆਏ ਬਾਗ ਗਹਿ ਬਲਵੰਡ ਵਿਸੇਸਾ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਆਸਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਆਸਨ: ਸੰਸਕ੍ਰਿਤ ਪਿਛੋਕੜ ਵਾਲੇ ਇਸ ਸ਼ਬਦ ਦਾ ਅਰਥ ਹੈ ਸਥਿਤ ਬੈਠਣਾ, ਨਿਠ ਕੇ ਬੈਠਣਾ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦੀ ਵਰਤੋਂ ਯੋਗ-ਸਾਧਨਾ ਦੇ ਪ੍ਰਕਰਣ ਵਿਚ ਹੋਈ ਹੈ।
ਯੋਗ ਦੇ ਅਸ਼ਟਾਂਗ (ਅੱਠਾਂ ਅੰਗਾਂ) ਵਿਚੋਂ ਇਹ ਤੀਜਾ ਅੰਗ ਹੈ। ‘ਯੋਗ-ਸੂਤ੍ਰ’ (2/46) ਅਨੁਸਾਰ ਦੇਰ ਤਕ ਨਿਸਚਿੰਤ ਹੋ ਕੇ ਇਕੋ ਹਾਲਤ ਵਿਚ ਬੈਠਣ ਦੀ ਕ੍ਰਿਆ ‘ਆਸਨ’ ਹੈ। ਇਨ੍ਹਾਂ ਦੀ ਸਰਵ-ਪ੍ਰਸਿੱਧ ਗਿਣਤੀ 84 ਮੰਨੀ ਜਾਂਦੀ ਹੈ। ਇਨ੍ਹਾਂ ਆਸਨਾਂ ਦਾ ਸਰੂਪ ਪਸ਼ੂ ਅਤੇ ਪੰਛੀਆਂ ਦੀਆਂ ਬੈਠਕਾਂ ਤੋਂ ਵੀ ਲਿਆ ਗਿਆ ਹੈ। ਇਨ੍ਹਾਂ ਵਿਚੋਂ ਚਾਰ ਆਸਨ ਵਿਸ਼ੇਸ਼ ਮਹੱਤਵਪੂਰਣ ਹਨ, ਜਿਵੇਂ ਸਿੱਧਾਸਨ, ਪਦਮਾਸਨ, ਸਿੰਹਾਸਨ ਅਤੇ ਭਦ੍ਰਾਸਨ। ਇਨ੍ਹਾਂ ਆਸਨਾਂ ਵਿਚ ਸਿੱਧੀ ਪ੍ਰਾਪਤ ਕਰਨ ਲਈ ਬੜੇ ਅਭਿਆਸ ਦੀ ਲੋੜ ਹੈ।
ਸਿੱਖ-ਧਰਮ ਵਿਚ ਆਸਨਾਂ ਪ੍ਰਤਿ ਕੋਈ ਮਾਨਤਾ ਨਹੀਂ ਹੈ। ਅਦਬ ਨਾਲ ਸਾਧ-ਸੰਗਤ ਵਿਚ ਜਾਂ ਹੋਰ ਕਿਸੇ ਸਥਾਨ ਉਤੇ ਚੌਕੜੀ ਮਾਰ ਕੇ ਹਰਿ-ਭਗਤੀ ਕਰਨਾ ਜਾਂ ਨਾਮ-ਸਿਮਰਨਾ ਹੀ ਸਰਵ-ਸ੍ਰੇਸ਼ਠ ‘ਆਸਨ’ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਆਸਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਆਸਨ (ਸੰ.। ਸੰਸਕ੍ਰਿਤ ਸਿੑਥਤਿ) ਬੈਠਣ ਦੀ ਥਾਂ। ਯਥਾ-‘ਆਸਨ ਜਾਕਾ ਸਦਾ ਬੈਕੁੰਠ ’।
੨. ਕੋਈ ਚੀਜ਼ ਜੋ ਬੈਠਣ ਲਈ ਹੇਠ ਵਿਛਾਈ ਜਾਵੇ।
੩. ਜੋਗ ਮਾਰਗ ਦੇ ਸਮਾਧੀ ਆਦਿਕ ਲਈ ਬੈਠਣ ਦੇ ਤਰੀਕੇ ਜੋ ੮੪ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5132, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਆਸਨ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਆਸਨ : ਵੇਖੋ ‘ਅਸ਼ਟਾਂਗਯੋਗ’
ਅਸ਼ਟਾਂਗ ਯੋਗ : ਪਤੰਜਲਿ ਰਿਸ਼ੀ ਨੇ ਆਪਣੇ ‘ਯੋਗ ਸੂਤ੍ਰ’ ਦੇ ‘ਸਾਧਨ ਪਾਦ’ ਵਿਚ ਅਵਿਦਿਆ ‘(ਆਗਿਆਨ) ਆਦਿ ਪੰਜ ਕਲੇਸ਼ਾਂ ਨੂੰ ਸਾਰਿਆਂ ਦੁੱਖਾਂ ਦਾ ਕਾਰਣ ਦੱਸਦੇ ਹੋਇਆਂ ਇਨ੍ਹਾਂ ਕਲੇਸ਼ਾਂ ਦਾ ਜੜ੍ਹੋਂ ਨਾਸ਼ ਕਰਨਾ ਜਰੂਰੀ ਮੰਨ ਕੇ ਨਿਰਮਲ ਵਿਵੇਕ ਗਿਆਨ ਦੀ ਪ੍ਰਾਪਤੀ ਉਪਾਂਅ ਵਜੋਂ ਸੁਝਾਈ ਹੈ। ਨਿਰਮਲ ਵਿਵੇਕ ਗਿਆਨ ਦੀ ਪ੍ਰਾਪਤੀ ਜਾਂ ਸਿੱਧੀ ਤੋਂ ਬਿਨਾ ਨਾ ਕਲੇਸ਼ ਨਾਸ਼ ਹੁੰਦੇ ਹਨ ਅਤੇ ਨਾ ਹੀ ਕੈਵਲਯ ਦੀ ਪ੍ਰਾਪਤੀ ਸੰਭਵ ਹੁੰਦੀ ਹੈ। ਵਿਵੇਕ ਗਿਆਨ ਦੀ ਸਿੱਧੀ ਲਈ ਯੋਗ ਦੇ ਅੱਠ ਅੰਗਾਂ (ਅਸ਼ਟਾਂਗ) ਦੀ ਸਥਾਪਨਾ ਕੀਤੀ ਗਈ ਹੈ। ਇਹ ਅੱਠ ਅੰਗ ਜਾਂ ਅਸ਼ਟ ਮਾਰਗ ਇਸ ਪ੍ਰਕਾਰ ਹਨ–ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਯਾਹਾਰ, ਧਾਰਣਾ, ਧਿਆਨ, ਸਮਾਧਿ (ਯੋਗ ਸੂਤ੍ਰ 2/29)। ਇਨ੍ਹਾਂ ਵਿਚੋਂ ਪਹਿਲੇ ਪੰਜ ਯੋਗ ਦੇ ਬਾਹਰਲੇ ਸਾਧਨ ਕਹੇ ਜਾਂਦੇ ਹਨ ਅਤੇ ਅਖੀਰਲੇ ਤਿੰਨ ਅੰਦਰਲੇ ਸਾਧਨ ਮੰਨੇ ਜਾਂਦੇ ਹਨ (ਯੋਗ ਸੂਤ੍ਰ 3/7)। ਇਨ੍ਹਾਂ ਅੰਦਰਲੇ ਤਿੰਨ ਸਾਧਨਾਂ ਦਾ ਵਿਵੇਕ ਦੇ ਉਤਪਾਦਨ ਵਿਚ ਵਿਸ਼ੇਸ਼ ਮਹੱਤਵ ਹੈ ਅਤੇ ਸਮਾਧੀ ਦੀ ਅਵਸਥਾ ਨਾਲ ਇਨ੍ਹਾਂ ਦਾ ਸਿੱਧਾ ਸੰਬੰਧ ਹੈ। ਇਨ੍ਹਾਂ ਦਾ ਵਿਸਤਾਰ ਸਹਿਤ ਪਰਿਚਯ ਇਸ ਪ੍ਰਕਾਰ ਹੈ :
-
:ਯਮ ਦਾ ਅਰਥ ਹੈ ਸੰਜਮ। ‘ਯੋਗ ਸੂਤ੍ਰ’ (2/30) ਅਨੁਸਾਰ ਇਹ ਪੰਜ ਹਨ–ਅਹਿੰਸਾਂ, ਸਤੑਸ, ਅਸਤੇਯ (ਚੋਰੀ ਦਾ ਕਰਨਾ), ਬ੍ਰਹਮਚਰਯ ਅਤੇ ਅਪਰਿਗ੍ਰਹ (ਲੋਭ ਵਸ ਬੇਲੋੜੀ ਵਸਤੂ ਨੂੰ ਇਕੱਠਾ ਨਾ ਕਰਨਾ)। ‘ਹਠਯੋਗ ਪ੍ਰਦੀਪਿਕਾ’ (ਪੰਨਾ16) ਵਿਚ ਇਨ੍ਹਾਂ ਯਮਾਂ ਦੀ ਗਿਣਤੀ 10 ਅਤੇ ‘ਭਾਗਵਤ ਪੁਰਾਣ’ (11/19/33) ਵਿਚ ਬਾਰ੍ਹਾਂ ਦਸੀ ਗਈ ਹੈ। ਇਨ੍ਹਾਂ ਰਾਹੀਂ ਕਾਯਾ ਨੂੰ ਯੋਗ–ਸਾਧਨਾ ਦੇ ਅਨੁਕੂਲ ਬਣਾਉਣ ਲਈ ਕਾਯਾ (ਸ਼ਰੀਰ) ਦਾ ਬਲਵਾਨ ਹੋਣਾ ਜਰੂਰੀ ਹੈ, ਤਾਂ ਹੀ ਚਿੱਤ ਇਕਾਗ੍ਰ ਹੋ ਸਕਦਾ ਹੈ। ਉਂਜ ਇਨ੍ਹਾਂ ਦੀ ਪਾਲਣਾ ਮਨੁੱਖ ਜੀਵਨ ਦੇ ਸੰਤੁਲਿਤ ਅਤੇ ਸਾਵੇਂ ਵਿਕਾਸ ਲਈ ਹਰ ਇਕ ਵਿਅਕਤੀ ਲਈ ਜ਼ਰੂਰੀ ਹੈ।
-
: ‘ਨਿਯਮ’ ਉਸ ਤਪਸਿਆ ਨੂੰ ਆਖਦੇ ਹਨ ਜਿਸ ਰਾਹੀਂ ਸਦਾਕਾਰ ਦੀ ਪਾਲਣਾ ਹੁੰਦੀ ਹੈ ਅਤੇ ਮਨ ਤੇ ਸ਼ਰੀਰ ਦੀ ਸ਼ੁਧੀ ਹੁੰਦੀ ਹੈ। ‘ਯੋਗ ਸੂਤ੍ਰ’ (2/32) ਅਨੁਸਾਰ ਨਿਯਮ ਪੰਜ ਹਨ–ਸ਼ੌਚ (ਸ਼ਰੀਰਿਕ ਅਤੇ ਮਾਨਸਿਕ ਸ਼ੁੱਧੀ), ਸੰਤੋਸ਼, ਤਪ (ਗਰਮੀ, ਸਰਦੀ ਸਹਿਣ ਕਰਨ ਦਾ ਅਭਿਆਸ ਅਤੇ ਕਠੋਰ ਬ੍ਰਤ ਨੂੰ ਪਾਲਣਾ), ਸ੍ਵਾਧੑਯਾਯ (ਨੇਮ ਨਾਲ ਧਰਮ–ਗ੍ਰੰਥਾਂ ਦਾ ਅਧਿਐਨ), ਈਸ਼ਵਰ ਪ੍ਰਣਿਧਾਨ (ਈਸ਼ਵਰ ਦਾ ਧਿਆਨ ਅਤੇ ਉਸ ਵਿਚ ਸਭ ਕਰਮਾਂ ਦਾ ਸਮਰਪਣ)। ‘ਹਠਯੋਗ ਪ੍ਰਦੀਪਿਕਾ’ (ਪੰਨਾ 16) ਅਤੇ ‘ਦਰਸ਼ਨ’ ਉਪਨਿਸ਼ਦ (2/1) ਵਿਚ ਨਿਯਮਾਂ ਦੀ ਗਿਣਤੀ ਦਸ ਹੈ ਅਤੇ ‘ਭਾਗਵਤ ਪੁਰਾਣ’ (11/19/34) ਵਿਚ ਬਾਰ੍ਹਾਂ। ਯਮ ਅਤੇ ਨਿਯਮ ਦੋਵੇਂ ਨੈਤਿਕ ਸਾਧਨਾ ਉਤੇ ਬਲ ਦਿੰਦੇ ਹਨ ਅਤੇ ਯੋਗ ਅਭਿਆਸ ਲਈ ਆਵੱਸ਼ਕ ਹਨ। ਇਨ੍ਹਾਂ ਦੋਹਾਂ ਦੇ ਅਭਿਆਸ ਨਾਲ ਵੈਰਾਗ (ਵਾਸਨਾ ਦਾ ਅਭਾਵ) ਸੁਲਭ ਹੋ ਜਾਂਦਾ ਹੈ।
-
: ‘ਯੋਗ ਸੂਤ੍ਰ’ (2/46) ਅਨੁਸਾਰ ਦੇਰ ਤਕ ਨਿਸ਼ਚਿੰਤ ਹੋ ਕੇ ਇਕੋ ਹਾਲਤ ਵਿਚ ਸੁਖਪੂਰਵਕ ਬੈਠਣਾ ‘ਆਸਨ’ ਹੈ। ਟੀਕਾਕਾਰਾਂ ਨੇ ਆਸਨਾਂ ਦੀ ਗਿਣਤੀ ਅਨੰਤ ਦਸੀ ਹੈ, ਪਰ ਮੁੱਖ ਤੌਰ ਤੇ 84 ਮੰਨੀ ਜਾਂਦੀ ਹੈ। ਇਨ੍ਹਾਂ ਵਿਚੋਂ ਵੀ ਚਾਰ ਅਧਿਕ ਪ੍ਰਸਿੱਧ ਹਨ ––ਸਿੱਧਾਸਨ, ਪਦਮਾਸਨ, ਸਮਾਸਨ, ਸਸਤਿਕਾਸਨ। ਇਨ੍ਹਾਂ ਦੇ ਅਭਿਆਸ ਦਾ ਗਿਆਨ ਕਿਸੇ ਸਿੱਧ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਚਿੱਤ ਦੀ ਇਕਾਗ੍ਰਤਾ ਲਈ ਸ਼ਰੀਰ ਦਾ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਇਸ ਨਾਲ ਸ਼ਰੀਰ ਰੋਗ ਮੁਕਤ ਅਤੇ ਬਲਵਾਨ ਬਣਦਾ ਹੈ। ਆਸਨਾਂ ਰਾਹੀਂ ਸ਼ਰੀਰ ਦੇ ਸਾਰੇ ਅੰਗਾਂ, ਪੱਠਿਆਂ ਅਤੇ ਨਾੜੀਆਂ ਨੂੰ ਵਸ ਵਿਚ ਕੀਤਾ ਜਾ ਸਕਦਾ ਹੈ, ਤਾਂ ਜੋ ਮਨ ਵਿਕਾਰ–ਰਹਿਤ ਹੋ ਸਕੇ। ਇਨ੍ਹਾਂ ਨਾਲ ਉਮਰ ਲੰਮੀ ਹੁੰਦੀ ਹੈ ਅਤੇ ਸ਼ਰੀਰ ਵਿਚ ਥਕਾਵਟ ਮਹਿਸੂਸ ਨਹੀਂ ਹੁੰਦੀ।
-
: ‘ਯੋਗ ਸੂਤ੍ਰ’ (2/49) ਅਨੁਸਾਰ ‘ਆਸਨ’ ਦੇ ਸਥਿਰ ਹੋਣ ਤੋਂ ਬਾਅਦ ਸੁਆਸਾਂ ਦੀ ਗਤਿ ਨੂੰ ਰੋਕਣ ਦੀ ਕ੍ਰਿਆ ਦਾ ਆਰੰਭ ਹੁੰਦਾ ਹੈ ਅਤੇ ਇਸੇ ਨੂੰ ‘ਪ੍ਰਾਣਾਯਾਮ’ ਕਿਹਾ ਜਾਂਦਾ ਹੈ। ਇਸ ਨਾਲ ਮਨ ਨੂੰ ਸਥਿਰਤਾ ਮਿਲਦੀ ਹੈ। ਇਸ ਦੇ ਤਿੰਨ ਅੰਗ ਹਨ ਪੂਰਕ (ਅੰਦਰ ਨੂੰ ਪੂਰਾ ਸੁਆਸ ਲੈਣਾ), ਕੁੰਭਕ (ਸੁਆਸ ਨੂੰ ਅੰਦਰ ਰੋਕਣਾ), ਰੇਚਕ (ਨੇਮ ਨਾਲ ਸੁਆਸ ਨੂੰ ਬਾਹਰ ਛੱਡਣਾ) ਯੋਗ ਸੂਤ੍ਰ 2/50)। ਇਸ ਨਾਲ ਸ਼ਰੀਰ ਅਤੇ ਮਨ ਬਲਵਾਨ ਹੁੰਦੇ ਹਨ, ਚਿੱਤ ਵਿਚ ਇਕਾਗ੍ਰਤਾ ਆਉਂਦੀ ਹੈ। ਇਸ ਅਭਿਆਸ ਨਾਲ ਯੋਗ ਬਹੁਤ ਦੇਰ ਤਕ ਆਪਣੇ ਸੁਆਸਾਂ ਨੂੰ ਅੰਦਰ ਰੋਕ ਸਕਦਾ ਹੈ ਅਤੇ ਸਮਾਧੀ ਦਾ ਸਮਾਂ ਅਗੇ ਵਧਾ ਸਕਦਾ ਹੈ। ‘ਹਠਯੋਗ’ ਵਿਚ ਪ੍ਰਾਣਾਯਾਮ ਦਾ ਮਹੱਤਵ ਕਿਤੇ ਅਧਿਕ ਹੈ।
ਪ੍ਰਤੑਯਾਹਾਰ : ‘ਯੋਗ ਸੂਤ੍ਰ’ (2/54) ਅਨੁਸਾਰ ਇੰਦਰੀਆਂ ਦਾ ਆਪਣੇ ਬਾਹਰਲੇ ਵਿਸ਼ਿਆਂ ਤੋਂ ਹਟ ਕੇ ਅੰਤਰ–ਮੁਖੀ ਹੋਣ ‘ਪ੍ਰਤੑਯਾਹਾਰ’ ਹੈ। ਇੰਦਰੀਆਂ ਮਨ ਨੂੰ ਆਪਣੀ ਇੱਛਾ ਅਨੁਸਾਰ ਇਧਰ ਉਧਰ ਦੌੜਾਈ ਫਿਰਦੀਆਂ ਹਨ। ਪ੍ਰਤੑਯਾਹਾਰ ਦੇ ਅਭਿਆਸ ਨਾਲ ਇਹ ਇੰਦਰੀਆਂ ਪੂਰੀ ਤਰ੍ਹਾਂ ਮਨ ਦੇ ਅਧੀਨ ਹੋ ਜਾਂਦੀਆਂ ਹਨ। ਪ੍ਰਤੑਯਾਹਾਰ ਲਈ ਦ੍ਰਿੜ੍ਹ ਸੰਕਲਪ ਅਤੇ ਇੰਦਰੀਆਂ ਦੀ ਰੋਕ ਬਹੁਤ ਜ਼ਰੂਰੀ ਹਨ।
ਧਾਰਣਾ : ਪਤੰਜਲਿ ਅਨੁਸਾਰ ਮਨ (ਚਿੱਤ) ਨੂੰ ਕਿਸੇ ਇਛਿਤ ਵਸਤੂ ਜਾਂ ਥਾਂ ਉਤੇ ਕੇਂਦਰਿਤ ਕਰਨ ਦੀ ਕ੍ਰਿਆ ‘ਧਾਰਣਾ’ ਹੈ (ਯੋਗ ਸੂਤ੍ਰ 3/1)। ਇਸ ਦੇ ਅਭਿਆਸ ਨਾਲ ਚਿੱਤ ਵਿੱਤ੍ਰੀਆਂ ਸਥਿਰ ਹੁੰਦੀਆਂ ਹਨ। ‘ਧਾਰਣਾ’ ਦੀ ਸਿੱਧੀ ਲਈ ਕੁਝ ਕੁ ਮੁਦ੍ਰਾਵਾਂ ਦੀ ਲੋੜ ਵੀ ਦਸੀ ਗਈ ਹੈ, ਜਿਨ੍ਹਾਂ ਵਿਚ ਚਾਰ ਪ੍ਰਮੁੱਖ ਹਨ–ਅਗੋਚਰੀ, ਭੂਚਰੀ, ਚਾਚਰੀ ਅਤੇ ਸ਼ਾਂਭਵੀ।
ਸਮਾਧਿ : ਪਤੰਜਲਿ ਨੇ ਇਸ ਨੂੰ ਯੋਗ ਦਾ ਅੰਤਿਮ ਅੰਗ ਮੰਨਿਆ ਹੈ। ਜਦੋਂ ਧਿਆਨ ਕਰਦਿਆਂ ਕਰਦਿਆਂ ਚਿੱਤ ਲਕਸ਼ਿਤ ਵਸਤੂ ਜਾਂ ਵਿਸ਼ੇ ਦਾ ਆਕਾਰ ਗ੍ਰਹਿਣ ਕਰ ਲੈਂਦਾ ਹੈ ਜਾਂ ਉਸ ਵਸਤੂ ਅਤੇ ਧਿਆਨ ਮਗਨ ਵਿਅਕਤੀ ਦਾ ਆਪਸੀ ਭੇਦ ਮਿਟ ਜਾਂਦਾ ਹੈ ਤਾਂ ਇਸ ਨੂੰ ‘ਸਮਾਧਿ’ ਕਿਹਾ ਜਾਂਦਾ ਹੈ (ਯੋਗ ਸੂਤ੍ਰ 3/3)। ਮੋਖ ਪ੍ਰਾਪਤੀ ਲਈ ਇਸ ਅਵਸਥਾ ਤੋਂ ਗੁਜ਼ਰਨਾ ਬਹੁਤ ਜ਼ਰੂਰੀ ਹੈ। ਇਸ ਰਾਹੀਂ ਬਾਹਰਲੇ ਜਗਤ ਨਾਲ ਸੰਬੰਧ ਟੁਟ ਜਾਂਦਾ ਹੈ। ਇਸ ਨਾਲ ਨਿੱਤਪਦ ਦੀ ਫਿਰ ਤੋਂ ਪ੍ਰਾਪਤੀ ਹੋ ਜਾਂਦੀ ਹੈ। ਇਸ ਅਵਸਥਾ ਨੂੰ ਸਰਲ ਅਨੁਭਵ ਨਹੀਂ ਸਮਝਣਾ ਚਾਹੀਦਾ। ਇਹ ਅਜਿਹੀਆਂ ਮਾਨਸਿਕ ਅਵਸਥਾਵਾਂ ਦੀ ਸੰਗਲੀ ਹੈ ਜੋ ਸਰਲ ਹੁੰਦੀ ਹੋਈ ਵੀ ਆਖੀਰ ਵਿਚ ਅਚੇਤਨ ਅਵਸਥਾ ਵਿਚ ਬਦਲ ਜਾਂਦੀ ਹੈ।
ਜਦੋਂ ਧਾਰਣਾ, ਧਿਆਨ ਅਤੇ ਸਮਾਧਿ, ਇਹ ਤਿੰਨੋਂ ਅੰਗ ਇਕ ਹੀ ਵਿਸ਼ੇ ਵਲ ਪ੍ਰੇਰਿਤ ਹੁੰਦੇ ਹਨ, ਤਾਂ ਉਸ ਨੂੰ ‘ਸੰਯਮ’ ਕਿਹਾ ਜਾਂਦਾ ਹੈ। ਜਦ ਇਹ ਸੰਯਮ ਵਿਸ਼ਿਆਂ ਵਲ ਪ੍ਰੇਰਿਤ ਹੁੰਦਾ ਹੈ, ਤਾਂ ਅਸਾਧਾਰਣ ਸ਼ਕਤੀਆਂ (ਸਿੱਧੀਆਂ) ਪ੍ਰਾਪਤ ਹੋ ਜਾਂਦੀਆਂ ਹਨ, ਪਰ ਮੁਕਤੀ ਲਈ ਇਨ੍ਹਾਂ ਸਿੱਧੀਆਂ ਦੇ ਲੋਭ ਤੋਂ ਬਚਣਾ ਚਾਹੀਦਾ ਹੈ।
[ਸਹਾ. ਗ੍ਰੰਥ–ਡਾ. ਰਾਧਾ ਕ੍ਰਿਸ਼ਣਨ : ‘ਭਾਰਤੀਯ ਦਰਸ਼ਨ’ (ਹਿੰਦੀ) ਭਾਗ 2 ; ‘ਪਾਤੰਜਲ ਯੋਗ ਦਰਸ਼ਨ’ (ਸੰਸਕ੍ਰਿਤ); ਸਵਾਤਮਾ ਰਾਮ ਯੋਗਿੰਦਰ:‘ਹਠਯੋਗ ਪ੍ਰਦੀਪਿਕਾ’ (ਹਿੰਦੀ); ਡਾ. ਰਤਨ ਸਿੰਘ ਜੱਗੀ :‘ਗੁਰੂ ਨਾਨਕ–ਵਿਅਕਤਿਤ੍ਵ, ਕ੍ਰਿਤਿਤ੍ਵ ਔਰ ਚਿੰਤਨ’,(ਹਿੰਦੀ)
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no
ਆਸਨ ਸਰੋਤ :
ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਆਸਨ : ਅਸ਼ਟਾਂਗ—ਯੋਗ ਦਾ ਤੀਜਾ ਅੰਗ । ਵੇਖੋ ‘ਅਸ਼ਟਾਂਗ-ਯੋਗ’।
ਅਸ਼ਟਾਂਗ-ਯੋਗ : ਇਸ ਤੋਂ ਭਾਵ ਹੈ ਅੱਠ ਅੰਗਾਂ ਵਾਲਾ ਯੋਗ ਜਿਸ ਵਿਚ ਯੋਗ-ਸਾਧਨਾ ਦੇ ਅੱਠ ਪੱਖਾਂ ਜਾਂ ਨਿਯਾਮਾਂ ਦੀ ਪਾਲਨਾ ਜ਼ਰੂਰੀ ਦਸੀ ਗਈ ਹੋਵੇ।
ਭਾਈ ਗੁਰਦਾਸ ਨੇ ਲਿਖਿਆ ਹੈ---- ‘ ਅਠ ਪਹਿਰ ਅਸ਼ਟਾਂਗ ਜੋਗੁ ਚਾਵਲ ਰਤੀ ਮਾਸਾ ਰਾਈ।’ (7/8)। ਪਤੰਜਲਿ ਰਿਸ਼ੀ ਨੇ ਆਪਣੇ ‘ਯੋਗ-ਸੂਤ੍ਰ’ ਦੇ ‘ਸਾਧਨ-ਪਦ’ ਵਿਚ ਅਵਿਦਿਆ ( ਅਗਿਆਨ) ਆਦਿ ਪੰਜ ਕਲੇਸ਼ਾ ਨੂੰ ਸਾਰਿਆਂ ਦੁੱਖਾਂ ਦਾ ਕਾਰਣ ਮੰਨ ਕੇ ਇਨ੍ਹਾਂ ਦਾ ਪੂਰੀ ਤਰ੍ਹਾਂ ਨਾਸ਼ ਕਰਨ ਲਈ ਨਿਰਮਲ ਵਿਵੇਕ-ਗਿਆਨ ਦੀ ਪ੍ਰਾਪਤੀ ਆਵੱਸ਼ਕ ਉਪਾ ਦਸਿਆ ਹੈ। ਇਸ ਤੋਂ ਬਿਨ੍ਹਾਂ ਨਾ ਕਲੇਸ਼ ਨਾਸ਼ ਹੁੰਦੇ ਹਨ ਅਤੇ ਨਾ ਹੀ ਕੈਵਲ੍ਰਯ ਦੀ ਪ੍ਰਾਪਤੀ ਸੰਭਵ ਹੁੰਦੀ ਹੈ। ਵਿਵੇਕ-ਗਿਆਨ ਦੀ ਸਿੱਧੀ ਲਈ ‘ ਯੋਗ-ਸੂਤ੍ਰ’ (2/29) ਵਿਚ ਅੱਠ ਅੰਗਾਂ( ਅਸ਼ਟਾਂਗ) ਦੀ ਸਥਾਪਨਾ ਕੀਤੀ ਗਈ ਹੈ। ਇਹ ਅੱਠ ਅੰਗ ਇਸ ਪ੍ਰਕਾਰ ਹਨ---ਯਮ, ਨਿਯਮ, ਆਸਨ, ਪ੍ਰਣਾਯਾਮ, ਪ੍ਰਤ੍ਰਯਾਹਾਰ ,ਧਾਰਣ , ਧਿਆਨ , ਸਮਾਧਿ। ਇਨ੍ਹਾਂ ਵਿਚੋ ਪਹਿਲੇ ਪੰਜ ਅੰਗ ਯੋਗ ਦੇ ਬਾਹਰਲੇ ਸਾਧਨ ਕਹੇ ਜਾਂਦੇ ਹਨ, ਅਤੇ ਬਾਕੀ ਦੇ ਤਿੰਨ ਅੰਦਰਲੇ ਤਿੰਨ ਸਾਧਨਾਂ ਦਾ ਵਿਵੇਕ ਦੇ ਉਤਪਾਦਨ ਵਿਚ ਵਿਸ਼ੇਸ਼ ਮਹੱਤਵ ਹੈ ਅਤੇ ਸਮਾਧੀ ਦੀ ਅਵਸਧਾ ਨਾਲ ਇਨ੍ਹਾਂ ਦਾ ਸਿੱਧਾ ਸੰਬੰਧ ਹੈ। ਅਸ਼ਟਾਂਗ ਯੋਗ ਨੂੰ ‘ਰਾਜ ਯੋਗ’ ਵੀ ਕਿਹਾ ਜਾਂਦਾ ਹੈ (ਵੇਖੋ ‘ਯੋਗ ਦਰਸ਼ਨ’)। ਇਨ੍ਹਾਂ ਅੰਗਾਂ ਬਾਰੇ ਕੁਝ ਵਿਸਤਾਰ ਨਾਲ ਵਿਚਾਰ ਕਰ ਲੈਣਾ ਉਚਿਤ ਹੋਵੇਗਾ।
‘ਯਮ’ ਦਾ ਅਰਥ ਹੈ ਸੰਜਮ। ‘ਯੋਗ ਸੂਤ੍ਰ’ (2/30) ਅਨੁਸਾਰ ਇਹ ਪੰਜ ਹਨ--- ਅਹਿੰਸਾ,ਸਤ੍ਰਯ, ਅਸਤੇਯ (ਚੋਰੀ ਨਾ ਕਰਨਾ), ਬ੍ਰਹਮਚਰਯ ਅਤੇ ਅਪਰਿ-ਗ੍ਰਹ ( ਲੋਭ ਵਸ ਬੇਲੋੜੀ ਇਕੱਠਾ ਨਾ ਕਰਨਾ)। ‘ ਹਠਯੋਗ-ਪ੍ਰਦੀਪਿਕਾ’ ਵਿਚ ਇਨ੍ਹਾਂ ਯਮਾ ਦੀ ਗਿਣਤੀ 10 ਅਤੇ ‘ ਭਾਗਵਤ ਪੁਰਾਣ’ (11/19) ਵਿਚ ਬਾਰ੍ਹਾਂ ਦਸੀ ਗਈ ਹੈ। ਇਨ੍ਹਾਂ ਰਾਹੀਂ ਕਾਯਾ ਨੂੰ ਯੋਗ-ਸਾਧਨਾ ਦੇ ਅਨੁਕੂਲ ਬਣਾਇਆ ਜਾਂਦਾ ਹੈ ਕਿਉਂਕਿ ਉਸ ਦਾ ਬਲਵਾਨ ਹੋਣਾ ਜ਼ਰੂਰੀ ਹੈ, ਤਾਂ ਹੀ ਚਿੱਤ ਇਕਾਗ੍ਰ ਹੋ ਸਕਦਾ ਹੈ। ਉਂਜ ਇਨ੍ਹਾਂ ਦੀ ਪਾਲਣਾ ਜੀਵਨ ਦੇ ਸਾਵੇਂ ਲਈ ਹਰ ਇਕ ਵਿਅਕਤੀ ਲਈ ਜ਼ਰੂਰੀ ਹੈ।
‘ਨਿਯਮ’ ਉਸ ਤਪਸਿਆ ਨੂੰ ਆਖਦੇ ਹਨ ਜਿਨ੍ਹਾਂ ਰਾਹੀ ਸਦਾਚਾਰ ਦੀ ਪਾਲਨਾ ਹੁੰਦੀ ਹੈ ਅਤੇ ਮਨ ਤੇ ਸ਼ਰੀਰ ਦੀ ਸ਼ੁੱਧੀ ਹੁੰਦੀ ਹੈ। ‘ਯੋਗ-ਸੂਤ੍ਰ’(2/32) ਅਨੁਸਾਰ ਨਿਯਮ ਪੰਜ ਹਨ—ਸ਼ੌਚ (ਸ਼ਰੀਰਕਿ ਅਤੇ ਮਾਨਸਿਕ ਸ਼ੁੱਧੀ), ਸੰਤੋਸ਼, ਤਪ (ਗਰਮੀ, ਸਰਦੀ ਸਹਿਨ ਕਰਨ ਦਾ ਅਭਿਆਸ ਅਤੇ ਕਠੋਰ ਬ੍ਰਤ ਦੀ ਪਾਲਨਾ), ਸ੍ਵਧ੍ਰਯਾਯ (ਨੇਮ ਨਾਲ ਧਰਮ-ਗ੍ਰੰਥ ਦਾ ਅਧਿਐਨ), ਈਸ਼ਵਰ ਪ੍ਰਣਿਧਾਨ (ਈਸ਼ਵਰ ਦਾ ਧਿਆਨ ਅਤੇ ਉਸ ਵਿਚ ਸਭ ਕਰਮਾਂ ਦਾ ਸਮਰਪਣ)। ‘ਹਠਯੋਗ-ਪ੍ਰਦੀਪਿਕਾ’ ਅਤੇ ‘ਦਰਸ਼ਨ-ਉਪਨਿਸ਼ਦ’ (2/1) ਵਿਚ ਨਿਯਮਾਂ ਦੀ ਗਿਣਤੀ ਦਸ ਹੈ ਅਤੇ ‘ ਭਗਵਤ ਪੁਰਾਣ’ (11/19) ਵਿਚ ਬਾਰ੍ਹਾਂ। ਯਮ ਅਤੇ ਨਿਯਮ ਦੋਵੇਂ ਨੈਤਿਕ ਸਾਧਨਾ ਉਤੇ ਬਲ ਦਿੰਦੇ ਹਨ ਅਤੇ ਯੋਗ-ਅਭਿਆਸ ਲਈ ਆਵੱਸ਼ਕ ਹਨ। ਇਨ੍ਹਾਂ ਦੋਹਾਂ ਦੇ ਅਭਿਆਸ ਨਾਲ ਵੈਰਾਗ (ਵਾਸਨਾ ਦਾ ਅਭਾਵ) ਸੁਲੱਭ ਹੋ ਜਾਂਦਾ ਹੈ।
‘ਆਸਨ’ ਦਾ ਅਰਥ ਹੈ ਬੈਠਣਾ। ‘ ਯੋਗ-ਸੂਤ੍ਰ’(2/46) ਅਨੁਸਾਰ ਦੇਰ ਤਕ ਨਿਸਚਿੰਤ ਹੋ ਕੇ ਇਕੋ ਹਾਲਤ ਵਿਚ ਸੁਖਪੂਰਵਕ ਬੈਠਣਾ ‘ਆਸਾਨ’ ਹੈ। ਟੀਕਾਕਾਰਾਂ ਨੇ ਆਸਨਾਂ ਦੀ ਗਿਣਤੀ ਅਨੰਤ ਦਸੀ ਹੈ, ਪਰ ਮੁੱਖ ਤੌਰ ਤੋ 84 ਮੰਨੀ ਜਾਂਦੀ ਹੈ। ਇਨ੍ਹਾਂ ਵਿਚੋਂ ਵੀ ਚਾਰ ਅਧਿਕ ਪ੍ਰਸਿੱਧ ਹਨ—ਸਿੱਧਾਸਨ, ਪਦਮਾਸਨ, ਸਮਾਸਨ, ਸ੍ਵਸ੍ਰਤਿਕਾਸਨ। ਇਨ੍ਹਾਂ ਦੇ ਅਭਿਆਸ ਦਾ ਗਿਆਨ ਕਿਸੇ ਸਿੱਧ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਚਿੱਤ ਦੀ ਇਕਾਗ੍ਰਤਾ ਲਈ ਸ਼ਰੀਰ ਦਾ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਇਸ ਨਾਲ ਸ਼ਰੀਰ ਰੋਗ- ਮੁਕਤ ਅਤੇ ਬਲਵਾਨ ਬਣਦਾ ਹੈ। ਆਸਨਾਂ ਰਾਹੀਂ ਸ਼ਰੀਰ ਦੇ ਸਾਰੇ ਅੰਗਾ, ਪੱਠੀਆਂ ਅਤੇ ਨਾੜੀਆਂ ਨੂੰ ਵਸ ਵਿਚ ਕੀਤਾ ਜਾ ਸਕਦਾ ਹੈ, ਤਾਂ ਜੋ ਮਨ ਵਿਕਾਸ-ਰਹਿਤ ਹੋ ਸਕੇ। ਇਨ੍ਹਾਂ ਨਾਲ ਉਮਰ ਲੰਮੀ ਹੁੰਦੀ ਹੈ ਅਤੇ ਸ਼ਰੀਰ ਵਿਚ ਥਾਕਵਟ ਮਹਿਸੂਸ ਨਹੀਂ ਹੁੰਦੀ।
‘ਪ੍ਰਾਂਣਾਯਾਮ’ ਤੋਂ’ ਭਾਵ ਹੈ ਸੁਆਸਾਂ ਦੀ ਗਤਿ ਨੂੰ ਨਿਯਮ ਵਿਚ ਬੰਨਣਾ। ਯੋਗ-ਸੂਤ੍ਰ(24/9) ‘ਆਸਨ’ ਦੇ ਸਥਿਰ ਹੋਣ ਤੋਂ ਬਾਦ ਸੁਆਸਾਂ ਦੀ ਗਤਿ ਨੂੰ ਰੋਕਣ ਦੀ ਕ੍ਰਿਆ ਦਾ ਆਰੰਭ ਹੁੰਦਾ ਹੈ ਅਤੇ ਇਸੇ ਨੂੰ ‘ਪ੍ਰਾਣਾਯਾਮ’ ਕਿਹਾ ਜਾਂਦਾ ਹੈ। ਇਸ ਨਾਲ ਮਨ ਨੂੰ ਸਥਿਰਤਾ ਮਿਲਦੀ ਹੈ। ਇਸ ਦੇ ਤਿੰਨ ਅੰਗ ਹਨ---ਪੂਰਕ (ਅੰਦਰ ਨੂੰ ਪੂਰਾ ਸੁਆਸ ਲੈਣਾ), ਕੁੰਭਕ( ਸੁਆਸ ਨੂੰ ਅੰਦਰ ਰੋਕਣਾ), ਰੇਚਕ (ਨੇਮ ਨਾਲ ਸੁਆਸ ਨੂੰ ਬਾਹਰ ਛਡਣਾ) (ਯੋਗ-ਸੂਤ੍ਰ 2/50)। ਇਸ ਨਾਲ ਸ਼ਰੀਰ ਅਤੇ ਮਨ ਬਲਵਾਨ ਹੁੰਦੇ ਹਨ, ਚਿੱਤ ਵਿਚ ਇਕਾਗ੍ਰਤਾ ਆਉਂਦੀ ਹੈ। ਇਸ ਅਭਿਆਸ ਨਾਲ ਯੋਗੀ ਬਹੁਤ ਦੇਰ ਤਕ ਆਪਣੇ ਸੁਆਸਾਂ ਨੂੰ ਰੋਕ ਸਕਦਾ ਹੈ ਅਤੇ ਸਮਾਧੀ ਦਾ ਸਮਾਂ ਵਧਾ ਸਕਦਾ ਹੈ। ‘ ਹਠਯੋਗ’ ਵਿਚ ਪ੍ਰਣਾਯਾਮ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ।
‘ਪ੍ਰਤਾਯਾਹਰ’ ਤੋਂ ‘ਯੋਗ-ਸੂਤ੍ਰ’ (2/54) ਅਨੁਸਾਰ ਭਾਵ ਹੈ ਇੰਦਰੈਆਂ ਦੇ ਆਪਣੇ ਬਾਹਰਲੇ ਵਿਸ਼ਿਆਂ ਤੋਂ ਹਟ ਕੇ ਅੰਤਰ-ਮੁਖੀ ਹੋਣਾ। ਇੰਦਰੀਆਂ ਮਨ ਨੂੰ ਆਪਣੀ ਇੱਛਾ ਅਨੁਸਾਰ ਇਧਰ ਉਧਰ ਦੌੜਾਈ ਫਿਰਦੀਆਂ ਹਨ। ਪ੍ਰਤ੍ਰਯਾਹਾਰ ਲਈ ਇਹ ਇੰਦਰੀਆਂ ਪੁਰੀ ਤਰ੍ਹਾਂ ਮਨ ਦੇ ਅਧੀਨ ਹੋ ਜਾਂਦੀਆਂ ਹਨ। ਪ੍ਰਤ੍ਰਯਾਹਾਰ ਲਈ ਦ੍ਰਿੜ ਸੰਕਲਪ ਅਤੇ ਇੰਦਰੀਆਂ ਦੀ ਰੋਕ ਬਹੁਤ ਜ਼ਰੂਰੀ ਹੈ।
‘ਧਾਰਣਾ’ ਤੋਂ ਭਾਵ ਹੈ ਕਿਸੇ ਗੱਲ ਨੂੰ ਧਾਰਣ ਕਰਨਾ। ਪਤੰਜਲਿ ਅਨੁਸਾਰ ਮਨ(ਚਿੱਤ) ਨੂੰ ਕਿਸੇ ਇਛਿਤ ਵਸਤੂ ਜਾਂ ਥਾਂ ਉਤੇ ਕੇਂਦਰਿਤ ਕਰਨ ਦੀ ਕ੍ਰਿਆ ‘ਧਾਰਣ’ ਹੈ(‘ਯੋਗ-ਸੂਤ੍ਰ’ 3/1)। ਇਸ ਦੇ ਅਭਿਆਸ ਨਾਲ ਚਿੱਤ-ਵ੍ਰਿੱਤੀਆ ਸਥਿਰ ਹੁੰਦੀਆਂ ਹਨ। ਧਾਰਣ ਦੀ ਸਿੱਧੀ ਲਈ ਕੁਝ ਕੁ ਮੁਦ੍ਰਾਵਾਂ ਦਾ ਲੋੜ ਵੀ ਦਸੀ ਗਈ ਹੈ, ਜਿਨ੍ਹਾਂ ਵਿਚ ਚਾਰ ਪ੍ਰਮੁਖ ਹਨ---ਅਗੋਚਰੀ, ਭੂਚਰੀ, ਚਾਚਰੀ ਅਤੇ ਸ਼ਾਂਭਵੀ।
‘ਧਿਆਨ’ ਬਾਰੇ ‘ਯੋਗ-ਸੂਤ੍ਰ’(3/2) ਵਿਚ ਦਸਿਆ ਗਿਆ ਹੈ ਕਿ ਇਛਿਤ ਵਸਤੂ ਦੀ ਧਾਰਣ ਤੋਂ ਬਾਦ ਨਿੰਰਤਰ ਉਸ ਦਾ ਮਨਨ ਕਰਨਾ ਜਾਂ ਚਿੱਤ-ਵ੍ਰਿੱਤੀ ਨੂੰ ਲਗਾਤਾਰ ਉਸ ਵਿਚ ਰਖਣਾ ‘ਧਿਆਨ’ ਹੈ। ਇਸ ਨਾਲ,ਜਿਸ ਵਸਤੂ ਜਾਂ ਵਿਸ਼ੇ ਦਾ ਧਿਆਨ ਕੀਤਾ ਜਾਂਦਾ ਹੈ, ਉਸ ਦਾ ਸਪੱਸ਼ਟ ਗਿਆਨ ਪ੍ਰਾਪਤ ਹੋ ਜਾਂਦਾ ਹੈ। ਇਸ ਦੇ ਤਿਂਨ ਭੇਦ ਮੰਨੇ ਗਏ ਹਨ--- ਸਥੂਲ ਧਿਆਨ,ਜ੍ਰਯੋਤਿ ਧਿਆਨ ਅਤੇ ਸੂਖਮ ਧਿਆਨ।
‘ਸਮਾਧਿ’ ਨੂੰ ਪਤੰਜਲਿ ਨੇ ਯੋਗ ਦਾ ਅੰਤਿਮ ਅੰਗ ਮੰਨਿਆ ਹੈ। ਜਦੋਂ ਧਿਆਨ ਕਰਦਿਆਂ ਕਰਦਿਆਂ ਚਿੱਤ ਲਕਸ਼ਿਤ ਵਸਤੂ ਜਾਂ ਵਿਸ਼ੇ ਦਾ ਆਕਾਰ ਗ੍ਰਹਿਣ ਕਰ ਲੈਂਦਾ ਹੈ ਜਾ ਉਸ ਵਸਤੂ ਅਤੇ ਧਿਆਨ ਮਗਨ ਵਿਅਕਤੀ ਦਾ ਆਪਸੀ ਭੇਦ ਮਿਟ ਜਾਂਦਾ ਹੈ, ਤਾਂ ਉਸ ਅਵਸਥਾ ਨੂੰ ‘ਸਮਾਧਿ’ ਕਿਹਾ ਜਾਂਦਾਂ ਹੈ। (ਯੋਗ-ਸੂਤ੍ਰ 3/3)। ਮੋਖ-ਪ੍ਰਪਤੀ ਲਈ ਇਸ ਅਵਸਥਾ ਤੋਂ ਗੁਜ਼ਰਨਾ ਬਹੁਤ ਜਰੂਰੀ ਹੈ। ਇਸ ਰਾਹੀ ਬਾਹਰਲੇ ਜਗਤ ਨਾਲ ਸੰਬੰਧ ਟੁਟ ਜਾਂਦਾ ਹੈ ਅਤੇ ਨਿੱਤਪਦ ਦੀ ਫਿਰ ਤੋਂ ਪ੍ਰਪਾਤੀ ਹੋ ਜਾਂਦੀ ਹੈ। ਇਸ ਅਵਸਥਾ ਨੂੰ ਸਰਲ ਅਨੁਭਵ ਨਹੀਂ ਸਮਝਣਾ ਚਾਹੀਦਾ। ਇਹ ਅਜਿਹੀਆਂ ਮਾਨਸਿਕ ਅਵਸਥਾਵਾਂ ਦੀ ਸੰਗਲੀ ਹੈ ਜੋ ਸਰਲ ਹੁੰਦੀ ਵੀ ਆਖੀਰ ਵਿਚ ਅਚੇਤਨ ਅਵਸਥਾ ਵਿਚ ਬਦਲ ਜਾਂਦੀ ਹੈ।
ਜਦੋਂ ਧਾਰਣ, ਧਿਆਨ ਅਤੇ ਸਮਧਿ ਇਹ ਤਿੰਨੋਂ ਅੰਗ ਇਕ ਹੀ ਵਿਸ਼ੇ ਵਲ ਪ੍ਰੇਰਿਤ ਹੁੰਦੇ ਹਨ, ਤਾਂ ਉਸ ਨੂੰ ‘ਸੰਯਮ’ ਕਿਹਾ ਜਾਂਦਾ ਹੈ। ਜਦ ਇਹ ਸੰਯਮ ਵਿਸ਼ਿਆਂ ਵਲ ਪ੍ਰੇਰਿਤ ਹੁੰਦੇ ਹਨ, ਤਾਂ ਅਸਾਧਾਰਣ ਸ਼ਕਤੀਆਂ(ਸਿੱਧੀਆਂ) ਪ੍ਰਾਪਤ ਹੋ ਜਾਂਦੀਆਂ ਹਨ। ਪਰ ਮੁਕਤੀ ਲਈ ਇਨ੍ਹਾਂ ਸਿੱਧੀਆਂ ਦੇ ਲੋਭ ਤੋਂ ਬਚਣ ਚਾਹੀਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-05, ਹਵਾਲੇ/ਟਿੱਪਣੀਆਂ: no
ਆਸਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਆਸਨ, ਪੁਲਿੰਗ : ਆਸਣ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2082, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-12-10-21-11, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First