ਇਕਬਾਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਕਬਾਲ [ਨਾਂਪੁ] ਕਬੂਲ ਕਰਨ ਜਾਂ ਮੰਨ ਜਾਣ ਦਾ ਭਾਵ; ਪ੍ਰਤਾਪ, ਕਿਸਮਤ , ਤੇਜ, ਭਾਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਇਕਬਾਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Confession_ਇਕਬਾਲ: ਭਾਰਤੀ ਸ਼ਹਾਦਤ ਐਕਟ ਦੀਆਂ ਧਾਰਾਵਾਂ 17-31 ਮਨੌਤਾਂ ਦੇ ਸਿਰਲੇਖ ਅਧੀਨ ਦਿੱਤੀਆਂ ਗਈਆਂ ਹਨ। ਧਾਰਾ 24 ਵਿਚ ਪਹਿਲ ਵਾਰੀ ਇਕਬਾਲ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਪਰ ਐਕਟ ਵਿਚ ਇਹ ਸ਼ਬਦ ਪਰਿਭਾਸ਼ਤ ਕਿਧਰੇ ਨਹੀਂ ਕੀਤਾ ਗਿਆ। ਸ਼ਹਾਦਤ ਐਕਟ ਦੀ ਧਾਰਾ 24 ਤੋਂ ਲੈ ਕੇ 30 ਤੱਕ ਵਿਚ ਇਕਬਾਲ ਨਾਲ ਸਬੰਧਤ ਸਬਸਟੈਂਟਿਵ ਕਾਨੂੰਨ ਦਰਜ ਹੈ ਜਦ ਕਿ ਇਸ ਨਾਲ ਸਬੰਧੰਤ ਜ਼ਾਬਤੇ ਦਾ ਕਾਨੂੰਨ ਫ਼ੌਜਦਾਰੀ ਜ਼ਾਬਤਾ ਸੰਘਤਾ , 1973 ਦੀਆਂ ਧਾਰਾਵਾਂ 164, 281 ਅਤੇ 463 ਵਿਚ ਵੇਖਿਆ ਜਾ ਸਕਦਾ ਹੈ। ਭਾਰਤੀ ਸ਼ਹਾਦਤ ਐਕਟ, 1872 ਦੀ ਸਮੁੱਚੀ ਸਕੀਮ ਨੂੰ ਮੁੱਖ ਰੱਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਉਸ ਵਿਚ ਬਿਆਨ ਇਕ ਜਿਨਸ ਹੈ, ਮਨੌਤ ਉਸ ਦੀ ਇਕ ਜਾਤ ਹੈ ਅਤੇ ਇਕਬਾਲ ਉਪ-ਜਾਤ। ਫ਼ੌਜਦਾਰੀ ਮੁਕੱਦਮਿਆਂ ਅਧੀਨ ਸ਼ਹਾਦਤ ਵਿਚ ਇਕਬਾਲ ਉਸ ਹੀ ਅਸੂਲ ਮੁਤਾਬਕ ਲਏ ਜਾਂਦੇ ਹਨ ਜਿਸ ਮੁਤਾਬਕ ਮਨੌਤਾਂ ਦੀਵਾਨੀ ਦਾਅਵਿਆਂ ਵਿਚ ਲਈਆਂ ਜਾਂਦੀਆਂ ਹਨ।
ਰਾਜ ਬਨਾਮ ਨਵਜੋਤ ਸੰਧੂ ਉਰਫ਼ ਅਫ਼ਸ਼ਾਂ ਗੁਰੂ (2005 (2) ਅਪੈਕਸ ਕੋਰਟ ਜਜਮੈਂਟਸ 320) ਵਿਚ ਸਰਵਉਚ ਅਦਲਤ ਅਨੁਸਾਰ ‘‘ਇਕਬਾਲ ਸ਼ਬਦ, ਜੋ ਫ਼ੌਜਦਾਰੀ ਕਾਨੂੰਨ ਵਿਚ ਵਰਤਿਆ ਜਾਂਦਾ ਹੈ, ਭਾਰਤੀ ਸ਼ਹਾਦਤ ਐਕਟ ਦੀ ਧਾਰਾ 17 ਵਿਚ ਯਥਾ-ਪਰਿਭਾਸ਼ਤ ਮਨੌਤਾਂ ਦੀ ਇਕ ਉਪਜਾਤੀ ਹੈ। ਮਨੌਤ, ਇਕ ਜ਼ਬਾਨੀ ਜਾਂ ਦਸਤਾਵੇਜ਼ੀ ਬਿਆਨ ਹੈ ਜੋ ਅਦਾਲਤ ਨੂੰ ਤਨਕੀਹ-ਅਧੀਨ ਤੱਥ ਜਾਂ ਸੁਸੰਗਤ ਤੱਥ ਬਾਰੇ ਅਨੁਮਾਨ ਲਾਉਣ ਦੇ ਕਾਬਲ ਬਣਾਉਂਦਾ ਹੈ। ਇਹ ਕਹਿਣਾ ਸਹੀ ਹੋਵੇਗਾ ਕਿ ਹਰੇਕ ਇਕਬਾਲ ਲਾਜ਼ਮੀ ਤੌਰ ਤੇ ਮਨੌਤ ਹੁੰਦਾ ਹੈ, ਲੇਕਿਨ ਹਰੇਕ ਮਨੌਤ ਦਾ ਇਕਬਾਲ ਦੀ ਕੋਟੀ ਵਿਚ ਆਉਣਾ ਜ਼ਰੂਰੀ ਨਹੀਂ। ਸ਼ਹਾਦਤ ਐਕਟ ਦੀਆਂ ਧਾਰਾਵਾਂ 17 ਤੋਂ ਲੈ ਕੇ 23 ਤਕ ਮਨੌਤਾਂ ਅਥਵਾ ਤਸਲੀਮਾਤ ਬਾਰੇ ਹਨ ਜਦ ਕਿ ਇਕਬਾਲ ਨਾਲ ਸਬੰਧਤ ਕਾਨੂੰਨ ਉਸ ਐਕਟ ਦੀਆਂ ਧਾਰਾਂ 24 ਤੋਂ 30 ਤੱਕ ਵਿਚ ਦਰਜ ਹੈ।’’
ਸਟੀਫ਼ਨ ਅਨੁਸਾਰ,‘‘ਇਕਬਾਲ ਕੋਈ ਅਜਿਹੀ ਮਨੌਤ ਹੈ ਜੋ ਕਿਸੇ ਅਜਿਹੇ ਵਿਅਕਤੀ ਦੁਆਰਾ, ਜਿਸ ਉਤੇ ਅਪਰਾਧ ਦਾ ਅਰੋਪ ਹੈ, ਕਿਸੇ ਵੀ ਸਮੇਂ ਕੀਤੀ ਗਈ ਹੋਵੇ ਅਤੇ ਜਿਸ ਵਿਚ ਅਜਿਹਾ ਬਿਆਨ ਹੋਵੇ ਜਾਂ ਅਜਿਹੇ ਅਨੁਮਾਨ ਦਾ ਸੁਝਾ ਮਿਲਦਾ ਹੋਵੇ ਕਿ ਉਹ ਅਪਰਾਧ ਉਸ ਨੇ ਕੀਤਾ ਹੈ।’’
ਪ੍ਰੀਵੀ ਕੌਂਸਿਲ ਨੇ ਸਟੀਫ਼ਨ ਦੀ ਇਸ ਪਰਿਭਾਸ਼ਾ ਉੱਤੇ ਪਾਕਲਾ ਨਾਰਾਇਨਾ ਸੁਆਮੀ ਬਨਾਮ ਸ਼ਹਿਨਸ਼ਾਹ (ਏ ਆਈ ਆਰ 1939 ਪ੍ਰੀ. ਕੌਂ 47) ਵਿਚ ਵਿਚਾਰ ਕੀਤਾ ਸੀ , ਪਰ ਇਸ ਦਾ ਅਨੁਸਰਣ ਨਹੀਂ ਸੀ ਕੀਤਾ। ਪ੍ਰੀਵੀ ਕੌਂਸਿਲ ਦੇ ਸ਼ਬਦਾਂ ਵਿਚ, ‘‘ਕੋਈ ਬਿਆਨ ਜਿਸ ਵਿਚ ਸਵੈ-ਨਿਰਦੋਸ਼ਣ ਦੀ ਗੱਲ ਆਉਂਦੀ ਹੋਵੇ ਇਕਬਾਲ ਦੀ ਕੋਟੀ ਵਿਚ ਨਹੀਂ ਆ ਸਕਦਾ, ਪਰ ਇਹ ਤਦ ਜੇ ਨਿਰਦੋਸ਼ਣ ਵਾਲਾ ਬਿਆਨ ਕਿਸੇ ਅਜਿਹੇ ਤੱਥ ਦਾ ਹੈ ਜਿਸ ਦੇ ਸੱਚ ਹੋਣ ਦੀ ਸੂਰਤ ਵਿਚ ਕਥਿਤ ਅਪਰਾਧ ਨਕਾਰਿਆ ਜਾਵੇਗਾ।’’ ਇਕਬਾਲ ਵਿਚ ਜਾਂ ਤਾਂ ਅਪਰਾਧ ਦੇ ਲਫ਼ਜ਼ਾਂ ਵਿਚ ਜਾਂ ਠੋਸ ਰੂਪ ਵਿਚ ਉਹ ਸਾਰੇ ਤੱਥ ਮੰਨੇ ਗਏ ਹੋਣੇ ਜ਼ਰੂਰੀ ਹਨ ਜੋ ਉਹ ਅਪਰਾਧ ਗਠਤ ਕਰਦੇ ਹਨ।
ਪ੍ਰੀਵੀ ਕੌਂਸਿਲ ਦੇ ਉਪਰੋਕਤ ਵਿਚਾਰ ਦਾ ਸਰਵ-ਉੱਚ ਅਦਾਲਤ ਹੁਣ ਤੱਕ ਅਨੁਸਰਣ ਕਰਦੀ ਆ ਰਹੀ ਹੈ।
ਇਕਬਾਲੀਆ ਬਿਆਨ ਸਰਬੋਤਮ ਕਿਸਮ ਦੀ ਸ਼ਹਾਦਤ ਮੰਨੇ ਜਾ ਸਕਦੇ ਹਨ, ਪਰ ਇਹ ਤੱਦ ਜੇ ਉਹ ਸਵੈ-ਇੱਛਤ ਅਤੇ ਸੱਚ ਹੋਣ। ਇਸ ਕਾਰਨ ਹੀ ਇਕਬਾਲੀਆ ਬਿਆਨ ਦੇ ਸੁਸੰਗਤ ਹੋਣ ਲਈ ਅਤੇ ਸ਼ਹਾਦਤ ਵਿਚ ਗ੍ਰਹਿਣ ਕੀਤੇ ਜਾਣ ਲਈ ਅਦਾਲਤ ਲਈ ਇਹ ਸੁਨਿਸਚਿਤ ਕਰਨਾ ਜ਼ਰੂਰੀ ਹੈ ਕਿ ਉਹ ਬਿਆਨ ਸੱਚਾ ਅਤੇ ਸਵੈ-ਇੱਛਤ ਹੈ। ਭਾਰਤੀ ਸ਼ਹਾਦਤ ਐਕਟ, 1872 ਦੀ ਧਾਰਾ 24 ਅਨੁਸਰ ਇਕਬਾਲ ਵਿਸੰਗਤ ਹੋਵੇਗਾ ‘‘ਜੇ ਅਦਾਲਤ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਮੁਲਜ਼ਮ ਵਿਅਕਤੀ ਦੇ ਖਿਲਾਫ਼ ਅਰੋਪ ਦੇ ਬਾਰੇ ਵਿਚ ਇਕਬਾਲ ਅਜਿਹੀ ਪ੍ਰੇਰਨਾ , ਧਮਕੀ ਜਾਂ ਬਚਨ ਦੁਆਰਾ ਕਰਾਇਆ ਗਿਆ ਹੈ ਜੋ ਕਿਸੇ ਸੱਤਾ ਰਖਣ ਵਾਲੇ ਵਿਅਕਤੀ ਦੁਆਰਾ ਦਿੱਤਾ ਗਿਆ ਹੈ ਅਤੇ ਜੋ ਅਦਾਲਤ ਦੀ ਰਾਏ ਵਿਚ ਇਸ ਲਈ ਕਾਫ਼ੀ ਹੈ ਕਿ ਉਸ ਮੁਲਜ਼ਮ ਵਿਅਕਤੀ ਨੂੰ ਇਹ ਫ਼ਰਜ਼ ਕਰਨ ਲਈ ਵਾਜਬੀ ਪ੍ਰਤੀਤ ਹੁੰਦਾ ਆਧਾਰ ਦਿੰਦਾ ਹੈ ਕਿ ਇਕਬਾਲ ਕਰਨ ਨਾਲ ਉਹ ਆਪਣੇ ਖ਼ਿਲਾਫ਼ ਕਾਰਵਾਈਆਂ ਦੇ ਹਵਾਲੇ ਵਿਚ ਸੰਸਾਰਕ ਪ੍ਰਕਿਰਤੀ ਦਾ ਕੋਈ ਲਾਭ ਉਠਾਵੇਗਾ ਜਾਂ ਸੰਸਾਰਕ ਪ੍ਰਕਾਰ ਦੀ ਕਿਸੇ ਬੁਰਾਈ ਤੋਂ ਬਚੇਗਾ।’’ ਕਿਸੇ ਅਜਿਹੇ ਵਿਅਕਤੀ ਦੁਆਰਾ ਜਿਸ ਤੇ ਅਪਰਾਧ ਦਾ ਇਲਜ਼ਾਮ ਲੱਗਾ ਹੋਇਆ ਹੋਵੇ, ਪੁਲਿਸ ਅਫ਼ਸਰ ਅੱਗੇ ਕੀਤਾ ਗਿਆ ਇਕਬਾਲ ਉਸ ਇਲਜ਼ਾਮ ਲਗੇ ਵਿਅਕਤੀ ਵਿਰੁਧ ਸਾਬਤ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ, ਸਾਧਾਰਨ ਤੌਰ ਤੇ ਪੁਲਿਸ ਦੀ ਹਿਰਾਸਤ ਵਿਚ ਕਿਸੇ ਵਿਅਕਤੀ ਦੁਆਰਾ ਕੀਤਾ ਇਕਬਾਲ ਉਸ ਵਿਅਕਤੀ ਦੇ ਵਿਰੁੱਧ ਸਾਬਤ ਨਹੀਂ ਕੀਤਾ ਜਾ ਸਕਦਾ; ਲੇਕਿਨ ਪੁਲਿਸ ਦੀ ਹਿਰਾਸਤ ਵਿਚ ਕਿਸੇ ਵਿਅਕਤੀ ਦੁਆਰਾ ਕਿਸੇ ਮੈਜਿਸਟਰੇਟ ਦੀ ਸਾਖਿਆਤ ਹਾਜ਼ਰੀ ਵਿਚ ਕੀਤਾ ਗਿਆ ਇਕਬਾਲ ਉਸ ਵਿਅਕਤੀ ਦੇ ਵਿਰੁੱਧ ਸਾਬਤ ਕੀਤਾ ਜਾ ਸਕਦਾ ਹੈ।
ਟਾਡਾ ਅਧੀਨ ਇਕਬਾਲ- ‘‘ਦ ਟੈਰਾਰਸਿਟ ਐਂਡ ਡਿਸਰੱਪਟਿਵ ਐਕਟਿਵਿਟੀਜ਼ (ਪ੍ਰੀਵੈਨਸ਼ਨ) ਐਕਟ, 1987 ਅਧੀਨ ਕੀਤੇ ਗਏ ਇਕਬਾਲ ਉਤੇ ਅਜਿਹੀ ਕੋਈ ਪਾਬੰਦੀ ਨਹੀਂ ਕਿ ਜੇ ਉਹ ਕਿਸੇ ਪੁਲਿਸ ਅਫ਼ਸਰ ਅੱਗੇ ਕੀਤਾ ਜਾਵੇ ਤਾਂ ਇਲਜ਼ਾਮ ਲੱਗੇ ਵਿਅਕਤੀ ਦੇ ਖ਼ਿਲਾਫ਼ ਸਾਬਤ ਨਹੀਂ ਕੀਤਾ ਜਾ ਸਕਦਾ। ਉਸ ਐਕਟ ਅਧੀਨ ਮਹਾਂ ਨਗਰ ਸ਼ਹਿਰਾਂ ਵਿਚ ਕੋਈ ਪੁਲਿਸ ਅਫ਼ਸਰ, ਜੋ ਸਹਾਇਕ ਕਮਿਸ਼ਨਰ ਪੁਲਿਸ ਤੋਂ ਅਤੇ ਹੋਰਥੇ ਕੋਈ ਪੁਲਿਸ ਅਫ਼ਸਰ ਜੋ ਡਿਪਟੀ ਸੁਪਰਡੰਟ, ਪੁਲਿਸ ਦੇ ਰੈਂਕ ਤੋਂ ਥੱਲੇ ਨ ਹੋਵੇ ਮੁਲਜ਼ਮ ਦਾ ਇਕਬਾਲ ਕਲਮਬੰਦ ਕਰ ਸਕਦਾ ਹੈ।
ਟਾਡਾ ਦੀ ਧਾਰਾ 15 ਬਾਰੇ ਸਰਵ-ਉੱਚ ਅਦਾਲਤ ਨੇ ਐਸ. ਐਨ.ਦੂਬੇ ਬਨਾਮ ਐਨ.ਬੀ.(ਏ ਆਈ ਆਰ 2000 ਐਸ ਸੀ 776) ਵਿਚ ਮੰਨਿਆਂ ਹੈ ਕਿ ਟਾਡਾ ਦੀ ਧਾਰਾ 15 ਵਿਚ ਸਾਧਾਰਨ ਕਾਨੂੰਨ ਤੋਂ ਕਾਫ਼ੀ ਪਰੇ ਜਾਣ ਦਾ ਉਪਬੰਧ ਕੀਤਾ ਗਿਆ ਹੈ ਅਤੇ ਉਸ ਦੇ ਉਹ ਅਰਥ ਕੱਢਣੇ ਜ਼ਰੂਰੀ ਹਨ ਜੋ ਉਪਬੰਧ ਦਾ ਮਨੋਰਥ ਪੂਰਾ ਕਰਦੇ ਹੋਣ ਅਤੇ ਉਸ ਨੂੰ ਵਿਫਲ ਨ ਬਣਾਉਂਦੇ ਹੋਣ। ਅਦਾਲਤ ਨੇ ਇਸ ਕੇਸ ਵਿਚ ਕਰਾਰ ਦਿੱਤਾ ਹੈ ਕਿ ਸਹੀ ਕਾਨੂੰਨੀ ਪੋਜ਼ੀਸ਼ਨ ਇਹ ਹੈ ਕਿ ਟਾਡਾ ਦੀ ਧਾਰਾ 15 ਅਧੀਨ ਕਲਮਬੰਦ ਕੀਤਾ ਗਿਆ ਇਕਬਾਲ ਸਬਸਟੈਂਟਿਵ ਸ਼ਹਾਦਤ ਹੈ ਅਤੇ ਸਹਿ-ਅਪਰਾਧੀ ਦੇ ਖ਼ਿਲਾਫ਼ ਵੀ ਵਰਤੀ ਜਾ ਸਕਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਇਕਬਾਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Ikbal_ਇਕਬਾਲ: ਕ੍ਰਿਆ ਰੂਪ ਵਿਚ ਇਕਬਾਲ ਕਰਨ ਦਾ ਮਤਲਬ ਹੈ confess ਕਰਨਾ। ਪਰ ਵਿਲਸਨ ਨੇ ਇਸ ਦਾ ਅੰਗਰੇਜ਼ੀ ਸਮਾਨਰਥਕ Acceptance ਦਿੱਤਾ ਹੈ। ਸ਼ਹਾਦਤ ਐਕਟ ਦੇ ਪੰਜਾਬੀ ਅਨੁਵਾਦ ਵਿਚ ਇਕਬਾਲ ਸ਼ਬਦ confesion ਦੇ ਸਮਾਨਾਰਥਕ ਦੇ ਤੌਰ ਤੇ ਰਖਿਆ ਗਿਆ ਹੈ ਅਤੇ ਵਣਜਕ ਕਾਨੂੰਨ ਵਿਚ Acceptance ਲਈ ਸਵੀਕ੍ਰਿਤੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਪੰਜਾਬੀ ਅਨੁਵਾਦ ਵਿਚ ਸ਼ਬਦਾਂ ਦੀ ਰੰਗਤ ਅਤੇ ਕਾਨੂੰਨੀ ਖੇਤਰ ਵਿਚ ਪ੍ਰਚਲਤ ਅਰਥਾਂ ਦੇ ਸਨਮੁਖ ਸਹੀ ਸ਼ਬਦ ਰਖੇ ਗਏ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਇਕਬਾਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਇਕਬਾਲ, (ਅਰਬੀ) / ਪੁਲਿੰਗ : ੧. ਪਰਤਾਪ, ਕਿਸਮਤ, ਤੇਜ, ਭਾਗ; ੨. ਉਰਦੂ ਫ਼ਾਰਸੀ ਦਾ ਇਕ ਪ੍ਰਸਿੱਧ ਪੰਜਾਬੀ ਕਵੀ; ੩. ਹਾਂ, ਕਬੂਲੀ, ਮੰਨ ਜਾਣ ਦਾ ਭਾਵ, (ਲਾਗੂ ਕਿਰਿਆ : ਕਰਨਾ, ਕਰਾਉਣਾ)
–ਇਕਬਾਲਮੰਦ, ਪੁਲਿੰਗ : ਸੁਭਾਗਾ, ਖੁਸ਼ਨਸੀਬ, ਭਾਗਾਂ ਵਾਲਾ, ਖੁਸ਼ਹਾਲ, ਅਸੂਦਾ
–ਇਕਬਾਲਮੰਦੀ, ਇਸਤਰੀ ਲਿੰਗ : ਖੁਸ਼ਨਸੀਬੀ, ਚੰਗੀ ਕਿਸਮਤ, ਖੁਸ਼ਹਾਲੀ, ਅਸੂਦਾਹਾਲੀ, ਅਸੂਦਗੀ
–ਇਕਬਾਲੀਆ, ਵਿਸ਼ੇਸ਼ਣ : ਜਿਸ ਅਪਰਾਧੀ ਨੇ (ਅਦਾਲਤ ਵਿਚ) ਆਪਣੇ ਦੋਸ਼ ਨੂੰ ਮੰਨ ਲਿਆ ਹੋਵੇ
–ਇਕਬਾਲੀ ਹੋਣਾ, ਕਿਰਿਆ ਅਕਰਮਕ : ਆਪਣੇ ਦੋਸ਼ ਜਾਂ ਪਾਪ ਨੂੰ ਮੰਨ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-19-03-37-55, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First