ਇਰਾਦਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇਰਾਦਾ [ਨਾਂਪੁ] ਸੰਕਲਪ , ਇੱਛਾ , ਨਿਸ਼ਚਾ, ਮਰਜ਼ੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਇਰਾਦਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਦਾ.ਸੰਗ੍ਯਾ—ਸੰਕਲਪ. ਫੁਰਣਾ. “ਜੰਗ ਇਰਾਦਾ ਕੀਨ.” (ਗੁਪ੍ਰਸੂ) ੨ ਇੱਛਾ । ੩ ਨਿਸ਼ਚਾ. ਯਕੀਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਇਰਾਦਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Intention_ਇਰਾਦਾ: ਇਰਾਦਾ ਉਹ ਪ੍ਰਯੋਜਨ ਜਾਂ ਮਨਸੂਬਾ ਹੈ ਜਿਸ ਨਾਲ ਕੋਈ ਕੰਮ ਕੀਤਾ ਜਾਂਦਾ ਹੈ। ਇਹ ਕੰਮ ਦਾ ਅਗੇਤਰਾ ਗਿਆਨ ਹੈ ਅਤੇ ਉਹ ਕੰਮ ਕਰਨ ਦੀ ਖ਼ਾਹਿਸ਼ ਇਸ ਨਾਲ ਜੁੜੀ ਹੁੰਦੀ ਹੈ। ਇਸ ਤਰ੍ਹਾਂ ਦਾ ਅਗੇਤਰਾ ਗਿਆਨ ਅਤੇ ਖ਼ਾਹਿਸ਼ ਕਾਰਜ ਦਾ ਕਾਰਨ ਹੁੰਦੇ ਹਨ ਅਤੇ ਇੱਛਾ- ਸ਼ਕਤੀ ਦੇ ਜ਼ੋਰ ਨਾਲ ਉਨ੍ਹਾਂ ਦੀ ਪੂਰਤੀ ਹੁੰਦੀ ਹੈ। ਇੱਛਾ-ਸ਼ਕਤੀ ਦੇ ਜ਼ੋਰ ਦੇ ਪਿੱਛੇ ਇਰਾਦਾ ਕੰਮ ਕਰ ਰਿਹਾ ਹੁੰਦਾ ਹੈ ਅਰਥਾਤ ਇਰਾਦੇ ਨੂੰ ਪ੍ਰਭਾਵੀ ਬਣਾਉਣ ਪਿਛੇ ਇਹ ਮਾਨਸਿਕ ਸਰਗਰਮੀ ਦਾ ਕੰਮ ਕਰਦੀ ਹੈ। ਮਾਨਸਿਕ ਸਰਗਰਮੀ ਉਪਰੰਤ ਸਰੀਰਕ ਸਰਗਰਮੀ ਆਉਂਦੀ ਹੈ।

       ਇਰਾਦੇ ਨੂੰ ਵਧ ਤੋਂ ਵਧ ਇਕ ਦਿਮਾਗ਼ੀ ਜਾਂ ਮਾਨਸਿਕ ਸੂਤਰੀਕਰਣ ਕਿਹਾ ਜਾ ਸਕਦਾ ਹੈ। ਜਿਸ ਵਿਚ ਸੰਭਵ ਨਿਸ਼ਾਨੇ ਦੀ ਪੇਸ਼ਬੀਨੀ ਕੀਤੀ ਗਈ ਹੁੰਦੀ ਹੈ ਅਤੇ ਉਹ ਨਿਸ਼ਾਨਾ ਪ੍ਰਾਪਤ ਕਰਨ ਲਈ ਇੱਛਾ ਦਾ ਅੰਸ਼ ਵੀ ਇਸ ਵਿਚ ਸ਼ਾਮਲ ਹੁੰਦਾ ਹੈ। ਸਿਰਫ਼ ਇਰਾਦਾ ਆਪਣੇ ਆਪ ਵਿਚ ਕੋਈ ਕਾਨੂੰਨੀ ਅਹਿਮੀਅਤ ਨਹੀਂ ਰਖਦਾ। ਪਰ ਜਦੋਂ ਕੋਈ ਵਿਅਕਤੀ ਕੁਝ ਕੰਮ ਕਰਦਾ ਹੈ ਤਾਂ ਉਦੋਂ ਸਵਾਲ ਉਠਦਾ ਹੈ ਕਿ ਉਹ ਕੰਮ ਕਿਸ ਇਰਾਦੇ ਨਾਲ ਕੀਤਾ ਗਿਆ ਹੈ। ਇਥੇ ਇਰਾਦਾ ਉਹ ਕੰਮ ਕਰਨ ਵਾਲੇ ਵਿਅਕਤੀ ਦੀ ਸਿਵਲ ਜਾਂ ਫ਼ੌਜਦਾਰੀ ਦੇਣਦਾਰੀ ਬਾਰੇ ਸੁਸੰਗਤ ਬਣ ਜਾਂਦਾ ਹੈ।

       ਇਰਾਦਾ ਨ ਤਾਂ ਪਰਗਟ ਕੀਤਾ ਜਾਂਦਾ ਹੈ ਅਤੇ ਨ ਹੀ ਇਰਾਦੇ ਦੀ ਹੋਂਦ ਮੰਨੀ ਜਾਂਦੀ ਹੈ ਅਤੇ ਆਮ ਤੋਰ ਤੇ ਹਾਲਾਤ ਅਤੇ ਆਚਰਣ ਤੋਂ ਉਸ ਦਾ ਅਨੁਮਾਨ ਲਾਇਆ ਜਾਂਦਾ ਹੈ। ਜੇ ਇਹ ਸਮਝਿਆ ਜਾਵੇ ਕਿ ਕੋਈ ਖ਼ਾਸ ਕੰਮ ਕਰਨ ਵਾਲਾ ਵਿਅਕਤੀ ਉਸ ਕੰਮ ਦੇ ਪਰਿਣਾਮ ਜਾਣਦਾ ਸੀ ਜਾਂ ਇਕ ਬਾਦਲੀਲ ਵਿਅਕਤੀ ਦੇ ਤੌਰ ਤੇ ਪਰਿਣਾਮਾਂ ਦੀ ਪੇਸ਼ਬੀਨੀ ਵੀ ਕਰ ਸਕਦਾ ਸੀ ਅਤੇ ਚਾਹੁੰਦਾ ਸੀ ਕਿ ਉਸ ਤਰ੍ਰਾਂ ਦੇ ਪਰਿਣਾਮ ਨਿਕਲਣ ਤਾਂ ਕਿਹਾ ਜਾ ਸਕਦਾ ਸੀ ਕਿ ਉਨ੍ਹਾਂ ਕੰਮਾਂ ਪਿਛੇ ਉਸ ਦਾ ਇਰਾਦਾ ਉਹ ਪਰਿਣਾਮ ਕਢਣਾ ਸੀ।

       ਜੇ ਉਨ੍ਹਾਂ ਹਾਲਾਤ ਵਿਚ ਸਬੰਧਤ ਵਿਅਕਤੀ ਦੇ ਆਚਰਣ ਦਾ ਨਤੀਜਾ ਉਨ੍ਹਾਂ ਸਿਟਿਆਂ ਦਾ ਨਿਕਲਣਾ ਅਟਲ ਸੀ ਅਤੇ ਉਸ ਵਿਅਕਤੀ ਦੀ ਵੀ ਖ਼ਾਹਿਸ਼ ਉਹ ਹੀ ਸਿਟੇ ਕਢਣਾ ਸੀ ਤਾਂ ਕਿਹਾ ਜਾਵੇਗਾ ਕਿ ਉਸ ਨੇ ਉਹ ਕੰਮ ਇਰਾਦਤਨ ਕੀਤਾ ਹੈ।

       ਅਪਰਾਧਾਂ ਦੇ ਸਬੰਧ ਵਿਚ ਉਨ੍ਹਾਂ ਦੀ ਪਰਿਭਾਸ਼ਾ ਵਿਚ ਇਹ ਗੱਲ ਸਪਸ਼ਟ ਕੀਤੀ ਗਈ ਹੁੰਦੀ ਹੈ ਕਿ ਕੀ ਕੰਮ ਕਰਨ ਵਾਲੇ ਦੇ ਮਨ ਵਿਚ ਕੋਈ ਇਰਾਦਾ ਜ਼ਰੂਰੀ ਹੈ ਜਾਂ ਉਹ ਕੰਮ ਕਰਨਾ ਬਿਲਾ ਲਿਹਾਜ਼ ਇਰਾਦੇ ਦੇ ਅਪਰਾਧ ਹੈ। ਜੇ ਇਰਾਦਾ ਜ਼ਰੂਰੀ ਹੋਵੇ ਤਾਂ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਕਿਸ ਕਿਸਮ ਦਾ ਇਰਾਦਾ ਜ਼ਰੂਰੀ ਹੈ।

       ਕਾਨੂੰਨ ਵਿਚ ਇਰਾਦੇ ਦਾ ਮਤਲਬ ਹੈ ਕੋਈ ਚਿਤਵਿਆ ਨਤੀਜਾ ਪੈਦਾ ਕਰਨ ਦੀ ਖ਼ਾਹਿਸ਼ ਜਾਂ ਇਹ ਪੇਸ਼ਬੀਨੀ ਕਿ ਕਿਸੇ ਵਿਅਕਤੀ ਦੇ ਕਿਸੇ ਕੰਮ ਅਥਵਾ ਆਚਰਣ ਤੋਂ ਕੁਝ ਖ਼ਾਸ ਨਤੀਜੇ ਨਿਕਲਣਗੇ। ਜੇ ਕੋਈ ਵਿਅਕਤੀ ਨਰਮ ਉਮਰ ਦੇ ਬੱਚੇ ਨੂੰ ਤਿੰਨ ਮਨਜ਼ਲਾ ਮਕਾਨ ਦੀ ਛੱਤ ਤੋਂ ਹੇਠਾਂ ਸੁਟਦਾ ਹੈ ਤਾਂ ਉਸ ਦਾ ਇਰਾਦਾ ਸਪਸ਼ਟ ਤੌਰ ਤੇ ਉਸ ਬੱਚੇ ਦੀ ਮੌਤ ਕਾਰਤ ਕਰਨਾ ਹੈ। ਸਟੀਫ਼ਨ ਦੇ ਸ਼ਬਦਾਂ ਵਿਚ, ਇਰਾਦਾ ਕਿਸੇ ਖ਼ਾਹਿਸ਼ ਨੂੰ ਦਿਸ਼ਾ ਦੇ ਕੇ ਬਾਹਰ-ਮੁੱਖੀ ਕੰਮ ਨੂੰ ਹੋਂਦ ਵਿਚ ਲਿਆਉਣ ਵਾਲੀ ਮਨੋ-ਸ਼ਕਤੀ ਦਾ ਨਾਂ ਹੈ।’’ ਹਿਸਟਰੀ ਆਫ਼ ਦ ਇੰਗਲਿਸ਼ ਕ੍ਰਿਮੀਨਲ ਲਾ , ਜਿਲਦ-2)।

       ਇਰਾਦਾ ਉਹ ਪ੍ਰਯੋਜਨ ਜਾਂ ਮਨਸੂਬਾ ਹੈ ਜਿਸ ਨਾਲ ਕੋਈ ਕੰਮ ਕੀਤਾ ਜਾਂਦਾ ਹੈ। ਇਹ ਉਸ ਕੰਮ ਦੀ ਖ਼ਾਹਿਸ਼ ਨਾਲ ਰਚਿਆ ਮਿਚਿਆ ਪੂਰਵ-ਗਿਆਨ ਹੈ। ਅਜਿਹਾ ਪੂਰਵ-ਗਿਆਨ ਅਤੇ ਖ਼ਾਹਿਸ਼ ਉਸ ਬਾਹਰ-ਮੁੱਖੀ ਕੰਮ ਦਾ ਕਾਰਨ ਬਣਦੇ ਹਨ ਅਤੇ ਚਾਹਤ ਦੇ ਅਮਲ ਵਿਚ ਆਉਣ ਦੁਆਰਾ ਆਪਣੀ ਪੂਰਤੀ ਕਰਦੇ ਹਨ। ਹਾਲ , ਜੈਰੋਮ ਅਨੁਸਾਰ ਇਰਾਦੇ ਦੁਆਰਾ ਮਿਥੀ ਹਾਨੀ ਨੂੰ ਹੋਂਦ ਵਿਚ ਲਿਆਉਣ ਲਈ ਅਪਰਾਧੀ ਉਨ੍ਹਾਂ ਸਾਧਨਾਂ ਦੀ ਚੇਤੰਨ ਤੌਰ ਤੇ ਚੋਣ ਕਰਦਾ ਹੈ ਜਿਨ੍ਹਾਂ ਦੀ ਉਹ ਆਪਣੇ ਨਿਸ਼ਾਨੇ ਤੇ ਪਹੁੰਚਣ ਲਈ ਵਰਤੋਂ ਕਰਦਾ ਹੈ (ਪ੍ਰਿੰਸੀਪਲਜ਼ ਆਫ਼ ਕ੍ਰਿਮੀਨਲ ਲਾ (ਦੂਜੀ ਐਡੀ.) ਪੰਨਾ 112)। ਸਾਮੰਡ ਅਨੁਸਾਰ ਕੋਈ ਕੰਮ ਇਰਾਦਤਨ ਕੀਤਾ ਗਿਆ ਕਿਹਾ ਜਾਂਦਾ ਹੈ ਜੇ ਉਹ ਕਿਸੇ ਅਜਿਹੇ ਵਿਚਾਰ ਨੂੰ ਤੱਥ ਰੂਪ ਵਿਚ ਹੋਂਦ ਵਿਚ ਲਿਆਉਂਦਾ ਹੈ ਜਿਸ ਵਿਚਾਰ ਦਾ ਆਧਾਰ ਉਸ ਵਿਅਕਤੀ ਦੀ ਖ਼ਾਹਿਸ਼ ਹੁੰਦੀ ਹੈ। (ਜਿਊਰੈਸ-ਪਰੂਡੈਂਸ ਪੰ. 410)।

       ਜੁਥੇਲ ਬਨਾਮ ਮੱਧ ਪ੍ਰਦੇਸ਼ ਰਾਜ (ਏ ਆਈ ਆਰ 1995 ਐਸ ਸੀ 1455 ਅਨੁਸਾਰ ਹਲਾਕ ਕਰਨ ਦੇ ਇਰਾਦੇ ਦਾ ਅਨੁਮਾਨ ਮਿਰਤਕ ਉਤੇ ਕੀਤੇ ਗਏ ਮਾਰੂ ਵਾਰਾਂ ਤੋਂ ਲਾਇਆ ਜਾ ਸਕਦਾ ਹੈ। ਹਵਾਲੇ ਅਧੀਨ ਕੇਸ ਵਿਚ ਮਿਰਤਕ ਦੇ ਸਿਰ ਤੇ ਮਾਰੂ ਵਾਰਾਂ ਕਾਰਨ ਉਸ ਦੀ ਖੋਪਰੀ ਬੁਰੀ ਤਰ੍ਹਾਂ ਤੋੜ ਦਿੱਤੀ ਗਈ ਸੀ ਅਤੇ ਦਿਮਾਗ਼ ਨੂੰ ਵੀ ਹਾਨੀ ਪਹੁੰਚਾਈ ਗਈ ਸੀ। ਇਸ ਤਰ੍ਹਾਂ ਅਪਰਾਧ ਪਿਛੇ ਕੰਮ ਕਰ ਰਹੇ ਇਰਾਦੇ ਦਾ ਅਨੁਮਾਨ ਕੇਸ ਦੇ ਹਾਲਾਤ ਤੋਂ ਲਾਇਆ ਜਾ ਸਕਦਾ ਹੈ। ਵਰਨਾ ਸ਼ੈਤਾਨ ਵੀ ਇਹ ਨਹੀਂ ਦਸ ਸਕਦਾ ਕਿ ਅਪਰਾਧੀ ਦੇ ਮਨ ਵਿਚ ਕੀ ਚਲ ਰਿਹਾ    ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4649, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਇਰਾਦਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਇਰਾਦਾ, (ਅਰਬੀ) / ਪੁਲਿੰਗ : ਸਲਾਹ, ਮਰਜ਼ੀ, ਇੱਛਿਆ

–ਇਰਾਦਿਉਂ, ਇਰਾਦੇ ਨਾਲ ਕਿਰਿਆ ਵਿਸ਼ੇਸ਼ਣ : ਜਾਣ ਬੁੱਝ ਕੇ, ਦਿਲ ਵਿਚ ਠਾਣ ਕੇ, ਨੀਤ ਧਾਰ ਕੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-21-02-21-24, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.