ਇਸ਼ਨਾਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਸ਼ਨਾਨ (ਨਾਂ,ਪੁ) ਪਾਣੀ ਨਾਲ ਪਿੰਡਾ ਧੋਣ ਦੀ ਕਿਰਿਆ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਇਸ਼ਨਾਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਸ਼ਨਾਨ [ਨਾਂਪੁ] ਪਾਣੀ ਨਾਲ਼ ਨਹਾਉਣ ਦੀ ਕਿਰਿਆ , ਪਾਣੀ ਨਾਲ਼ ਸਰੀਰ ਦੀ ਸਫ਼ਾਈ ਕਰਨ ਦਾ ਭਾਵ; ਤੀਰਥ-ਸਥਾਨਾਂ ਤੇ ਨਹਾਉਣ ਦੀ ਕਿਰਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਇਸ਼ਨਾਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਇਸ਼ਨਾਨ: ਇਹ ਸੰਸਕ੍ਰਿਤ ਦੇ ‘ਸੑਨਾਨ’ ਸ਼ਬਦ ਦਾ ਤਦਭਵ ਰੂਪ ਹੈ। ਇਸ ਦਾ ਮੂਲ ਭਾਵ ਜਲ ਨਾਲ ਸ਼ਰੀਰ ਨੂੰ ਧੋਣਾ ਹੈ। ਇਸ ਨਾਲ ਸ਼ਰੀਰ ਸਾਫ਼ ਹੀ ਨਹੀਂ ਹੁੰਦਾ , ਮਾਨਸਿਕ ਸ਼ਾਂਤੀ ਵੀ ਪ੍ਰਾਪਤ ਹੁੰਦੀ ਹੈ। ਦੇਹ ਅਰੋਗਤਾ ਦੇ ਨਾਲ ਨਾਲ ਮਾਨਸਿਕ ਅਰੋਗਤਾ ਦਾ ਸੰਬੰਧ ਵੀ ਇਸ਼ਨਾਨ ਨਾਲ ਜੋੜਿਆ ਜਾਂਦਾ ਹੈ। ਅਧਿਕਾਂਸ਼ ਭਾਰਤੀ ਧਰਮਾਂ ਵਿਚ ਇਸ਼ਨਾਨ ਉਤੇ ਬਲ ਦਿੱਤਾ ਗਿਆ ਹੈ। ਇਸ ਨੂੰ ਧਰਮ-ਸਾਧਨਾ ਦਾ ਇਕ ਜ਼ਰੂਰੀ ਅੰਗ ਜਾਂ ਪ੍ਰਕਾਰਜ ਹੀ ਬਣਾ ਦਿੱਤਾ ਗਿਆ ਹੈ। ਸ਼ਾਸਤ੍ਰਾਂ ਵਿਚ ਮੁੱਖ ਤੌਰ ’ਤੇ ਇਸ ਦੇ ਤਿੰਨ ਭੇਦ ਦਸੇ ਗਏ ਹਨ — ਨਿਤੑਯ, ਨੈਮਿਤਿਕ ਅਤੇ ਕਾਮੑਯ। ਨਿਤੑਯ ਇਸ਼ਨਾਨ ਰੋਜ਼ ਕੀਤਾ ਜਾਂਦਾ ਹੈ। ਇਸ ਤੋਂ ਬਾਦ ਹੀ ਧਾਰਮਿਕ ਪੂਜਾ- ਪਾਠ ਵਿਚ ਲਗਿਆ ਜਾਂਦਾ ਹੈ। ਨੈਮਿਤਿਕ ਇਸ਼ਨਾਨ ਉਹ ਹੈ ਜਿਸ ਨਾਲ ਜਨਮ-ਮਰਨ ਤੋਂ ਪੈਦਾ ਹੋਏ ਸੂਤਕ ਜਾਂ ਅਸ਼ੌਚ ਨੂੰ ਖ਼ਤਮ ਕੀਤਾ ਜਾਂਦਾ ਹੈ ਜਾਂ ਫਿਰ ਗ੍ਰਹਿਣ ਲਗਣ ਤੋਂ ਬਾਦ ਕੀਤਾ ਜਾਂਦਾ ਹੈ। ਕਾਮੑਯ ਇਸ਼ਨਾਨ ਉਹ ਹੈ ਜੋ ਤੀਰਥਾਂ ਉਤੇ ਕਾਮਨਾਵਾਂ ਦੀ ਪੂਰਤੀ ਲਈ ਕੀਤਾ ਜਾਂਦਾ ਹੈ।
ਸਿੱਖ-ਧਰਮ ਸਾਧਨਾ ਵਿਚ ਇਸ਼ਨਾਨ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ। ਅੰਮ੍ਰਿਤਸਰ ਦਾ ਇਸ਼ਨਾਨ ਵਿਸ਼ੇਸ਼ ਰੂਪ ਵਿਚ ਚਰਚਿਤ ਹੈ। ਇਸ਼ਨਾਨ ਦੀ ਸੁਵਿਧਾ ਦੇ ਉਦੇਸ਼ ਤੋਂ ਗੁਰੂ-ਧਾਮਾਂ ਅਤੇ ਧਰਮ-ਧਾਮਾਂ ਉਤੇ ਵਿਸ਼ੇਸ਼ ਰੂਪ ਵਿਚ ਸਰੋਵਰ ਬਣਾਏ ਗਏ ਹਨ। ਗੁਰੂ ਰਾਮਦਾਸ ਜੀ ਨੇ ‘ਗਉੜੀ ਕੀ ਵਾਰ ’ ਵਿਚ ਕਿਹਾ ਹੈ ਕਿ ਜੋ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾਉਣ ਦਾ ਗੌਰਵ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸ ਨੂੰ ਸਵੇਰੇ ਉਠ ਕੇ ਹਰਿ-ਨਾਮ ਦੀ ਆਰਾਧਨਾ ਕਰਨੀ ਚਾਹੀਦੀ ਹੈ। ਉਸ ਨੂੰ ਪ੍ਰਭਾਵ ਵੇਲੇ ਉਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਅੰਮ੍ਰਿਤਸਰ ਵਿਚ ਜਾ ਕੇ ਇਸ਼ਨਾਨ ਕਰਨ ਦਾ ਉਦਮ ਕਰਨਾ ਚਾਹੀਦਾ ਹੈ — ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ। ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ। (ਗੁ.ਗ੍ਰੰ.305)। ਭਾਈ ਗੁਰਦਾਸ ਨੇ ਸਿੱਖ ਦੇ ਨਿੱਤ-ਕਰਮ ਵਿਚ ਇਸ਼ਨਾਨ ਦੇ ਮਹੱਤਵ ਦੀ ਸਥਾਪਨਾ ਕੀਤੀ ਹੈ — ਅੰਮ੍ਰਿਤੁ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਇ ਨ੍ਹਵੰਦੇ। ਸਹਿਜ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪ ਜਪੰਦੇ। (6/3)
ਧਿਆਨ-ਯੋਗ ਗੱਲ ਇਹ ਹੈ ਕਿ ਗੁਰਬਾਣੀ ਕੇਵਲ ਇਸ਼ਨਾਨ ਕਰਨ ਨਾਲ ਸੁੱਚੇ ਜਾਂ ਪਵਿੱਤਰ ਹੋ ਜਾਣ ਦੀ ਗੱਲ ਨੂੰ ਸਵੀਕਾਰ ਨਹੀਂ ਕਰਦੀ। ਸੱਚੀ ਸੁਚਮਤਾ ਤਾਂ ਤਦ ਪ੍ਰਾਪਤ ਹੁੰਦੀ ਹੈ ਜੇ ਸੱਚੇ ਪਰਮਾਤਮਾ ਨੂੰ ਹਿਰਦੇ ਦੇ ਅੰਦਰ ਵਸਾਇਆ ਜਾਏ — ਸੂਚੇ ਇਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ। ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ। (ਗੁ.ਗ੍ਰੰ.472)। ਕਿਉਂਕਿ ਅੰਦਰ ਦੀ ਸਥਿਤੀ ਵਿਚ ਤਦ ਹੀ ਸੁਧਾਰ ਹੋਵੇਗਾ ਜੇ ਬ੍ਰਹਮ-ਗਿਆਨ ਦੇ ਮਹਾਰਸ ਵਿਚ ਲੀਨ ਹੋਇਆ ਜਾਏ— ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ। ਗਿਆਨਿ ਮਹਾਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ। (ਗੁ.ਗ੍ਰੰ.637)। ਅਸਲ ਵਿਚ ਉਹੀ ਨਹਾਇਆ ਹੋਇਆ ਪ੍ਰਵਾਨ ਚੜ੍ਹਦਾ ਹੈ ਜੋ ਸੱਚੇ ਨਾਮ ਦੀ ਆਰਾਧਨਾ ਨਾਲ ਸੰਯੁਕਤ ਹੁੰਦਾ ਹੈ — ਨਾਤਾ ਸੋ ਪਰਵਾਣੁ ਸਚੁ ਕਮਾਈਐ। (ਗੁ.ਗ੍ਰੰ.565)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਇਸ਼ਨਾਨ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਇਸ਼ਨਾਨ : ਇਸ਼ਨਾਨ ਸੰਸਕ੍ਰਿਤ ਦੇ ਸੑਨਾਨ (स्नान) ਸ਼ਬਦ ਦਾ ਤਦਭਵਰੂਪ ਹੈ ਅਤੇ ਇਸ ਦੇ ਸ਼ਾਬਦਿਕ ਅਰਥ ਨਹਾਉਣਾ, ਸ਼ਰੀਰ ਧੋਣਾ ਜਾਂ ਗੁਸਲ ਕਰਨਾ ਤੋਂ ਲਏ ਜਾਂਦੇ ਹਨ। ਇਸ਼ਨਾਨ ਨੂੰ ਸਿਆਣਿਆਂ ਨੇ ਅਰੋਗਤਾ ਦਾ ਮੂਲ ਮੰਨਿਆ ਹੈ। ਗਹੁ ਨਾਲ ਵਿਚਾਰਨ ਤੋਂ ਗੱਲ ਸਪਸ਼ਟ ਹੈ ਕਿ ਇਸ਼ਨਾਨ ਦਾ ਮਨੁੱਖੀ ਅੰਤਹਕਰਣ ਤੇ ਵਿਸ਼ੇਸ਼ ਅਸਰ ਪੈਂਦਾ ਹੈ। ਮਨੁੱਖ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਹਰੇਕ ਸਿੰਘ ਸੀਤਲ ਅਵਸਥਾ ਨਿਰਮਲ ਜਲ ਨਾਲ ਇਸ਼ਨਾਨ ਕਰੇ ਪਰ ਜੇਕਰ ਅਸੰਭਵ ਜਾਪੇ ਤਾਂ ਜਲ ਗਰਮ ਕਰ ਲਵੇ। ਪਰ ਬਿਨਾ ਇਸ਼ਨਾਨ ਕੀਤੇ ਭੋਜਨ ਨਹੀਂ ਕਰਨਾ ਅਤੇ ਨਾ ਹੀ ਦਿਨ ਬਿਨਾ ਇਸ਼ਨਾਨ ਬਿਤਾਉਣਾ ਚਾਹੀਦਾ ਹੈ। ਬੀਮਾਰੀ ਆਦਿ ਦੀ ਹਾਲਤ ਵਿਚ ਛੋਟ ਹੋ ਸਕਦੀ ਹੈ।
ਸਿੱਖ ਧਰਮ ਵਿਚ ਇਸ਼ਨਾਨ ਦੀ ਵਿਸ਼ੇਸ਼ ਮਹੱਤਾ ਹੈ। ਸਿੱਖੀ ਵਿਚ ਸ਼ਰੀਰ ਦੀ ਪਵਿੱਤਰਤਾ ਨਾਲੋਂ ਮਨ ਦੇ ਸੁਖ ਨੂੰ ਵਧੇਰੇ ਸਤਿਕਾਰਿਆ ਗਿਆ ਹੈ (“ਕਰਿ ਇਸਨਾਨ ਸਿਮਰਿ ਪ੍ਰਭੂ ਅਪਨਾ ਮਨ ਤਨ ਭਏ ਅਰੋਗਾ” ਸੋਰਠਿ ਮ. ਪ)। ਸਿੱਖੀ ਵਿਚ ‘ਨਾਮ ਦਾਨ ਸਨਾਨ’ ਦੀ ਤ੍ਰੈਬਣੀ ਨੂੰ ਵਡਿਆਇਆ ਗਿਆ ਹੈ ਅਤੇ ਇਹ ਤਿੰਨ ਇਕ ਦੁਜੇ ਵਿਚ ਬੀਜ ਵਿਚ ਦਰਖ਼ਤ ਵਾਂਗ ਸਮਾਏ ਹੋਏ ਹਨ। ਨਾਮ ਤੋਂ ਭਾਵ ਪ੍ਰਭੂ ਦਾ ਸਿਮਰਨ ਕਰਨ ਤੇ ਦਾਨ ਤੋਂ ਭਾਵ ਆਪਣੇ ਨਿਰਬਾਹ ਲਈ ਹੱਥੀਂ ਕਿਰਤ ਕਰਕੇ ਕਮਾਉਣਾ ਤੇ ਬਚਦਾ ਧਨ ਲੋੜਵੰਦਾਂ ਨੂੰ ਦਾਨ ਵਜੋਂ ਦੇ ਦੇਣਾ ਅਤੇ ਸਨਾਨ ਤੋਂ ਭਾਵ ਇਸ਼ਨਾਨ ਹੈ ਜਿਸ ਤੋਂ ਸਪਸ਼ਟ ਹੈ ਕਿ ਮਨ, ਸ਼ਰੀਰ, ਆਚਰਣ, ਬਸਤਰ ਅਤੇ ਘਰ ਆਦਿ ਨੂੰ ਸਵੱਛ ਰੱਖਣਾ ਤਾਕਿ ਆਤਮਾ ਅਤੇ ਸ਼ਰੀਰ ਤਿੰਨ ਤਾਪਾਂ ਤੋਂ ਬਚੇ ਰਹਿਣ। ਸਿੱਖ ਲਈ ਅੰਮ੍ਰਿਤ ਵੇਲੇ ਦਾ ਜਾਗਣਾ ਤੇ ਇਸ਼ਨਾਨ ਕਰਨਾ ਅਤਿ ਜ਼ਰੂਰੀ ਹੈ। ਪਰ ਇਸ ਦੇ ਨਾਲ ਹੀ ਗੁਰਬਾਣੀ ਵਿਚ ਦਿਖਾਵੇ ਦੇ ਇਸ਼ਨਾਨ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਕਿਉਂਕਿ ਕੇਵਲ ਸ਼ਰੀਰਿਕ ਇਸ਼ਨਾਨ ਨਾਲ ਮਨ ਦੀ ਸ਼ੁੱਧੀ ਨਹੀਂ ਹੁੰਦੀ (“ਇਕ ਪਹੁ ਲਥੀ ਨਾਤਿਆਂ ਦੋ ਪਹੁ ਚੜੀਐ ਹੋਰ”)। ਇਸ ਦੇ ਨਾਲ ਹੀ ਪਖੰਡ ਕਰਕੇ ਤੀਰਥਾਂ ਦੇ ਇਸ਼ਨਾਨ ਦਾ ਵੀ ਖੰਡਨ ਕੀਤਾ ਗਿਆ ਹੈ (“ਅਠ ਸਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ”)। ਕਿਉਂਕਿ ਅੱਜ ਕਲ੍ਹ ਲੋਕ ਤੀਰਥਾਂ ਉਪਰ ਸ਼ਰਧਾ ਭਾਵਨਾ ਨਾਲ ਨਹੀਂ ਸਗੋਂ ਦਿਖਾਵੇ ਵਜੋਂ ਇਸ਼ਨਾਨ ਕਰਨ ਜਾਂਦੇ ਹਨ।
ਸਾਧਾਰਣ ਇਸ਼ਨਾਨ ਜਾਂ ਤੀਰਥ ਇਸ਼ਨਾਨ ਤੋਂ ਬਿਨਾ ਲੋਕਾਂ ਵਿਚ ਕਈ ਪ੍ਰਕਾਰ ਦੇ ਵਹਿਮਾਂ ਭਰਮਾਂ ਅਧੀਨ ਇਸ਼ਨਾਨ ਕੀਤੇ ਜਾਂਦੇ ਹਨ, ਖ਼ਾਸ ਕਰਕੇ ਔਲਾਦ ਦੀ ਪ੍ਰਾਪਤੀ ਲਈ ਜ਼ਨਾਨੀਆਂ ਚੌਰਾਹਿਆਂ ਆਦਿ ਵਿਚ ਕਈ ਪ੍ਰਕਾਰ ਦੇ ਜਾਦੂ ਟੂਣਿਆਂ ਨਾਲ ਨਹਾਉਂਦੀਆਂ ਹਨ ਜੋ ਗੁਰਬਾਣੀ ਅਨੁਸਾਰ ਉਚਿਤ ਨਹੀਂ। ਗੁਰਬਾਣੀ ਅਨੁਸਾਰ ਤਾਂ ‘ਨਾਤਾ ਸੋ ਪਰਵਾਣੂ ਸਚੁ ਕਮਾਈਆ’ ਹੀ ਪ੍ਰਵਾਨ ਹੈ। ਪ੍ਰਚੱਲਿਤ ਵਿਚਾਰ ਅਨੁਸਾਰ ਮਨੁੱਖ ਦੇ ਅਸਲ ਤਿੰਨ ਇਸ਼ਨਾਨ ਸਵੀਕਾਰੇ ਜਾਂਦੇ ਹਨ–ਇਕ ਜਨਮ ਸਮੇਂ ਦਾਈ ਦਾ, ਦੂਜਾ ਵਿਆਹ ਸਮੇਂ ਨਾਈ ਦਾ, ਤੀਜਾ ਮਰਨ ਸਮੇਂ ਭਾਈਆਂ ਦਾ।
[ਸਹਾ. ਗ੍ਰੰਥ–ਮ. ਕੋ.; ਗੁ. ਮਾ.; ਭਾਈ ਸੰਤੋਖ ਸਿੰਘ : ‘ਗੁਰ ਪ੍ਰਤਾਪ ਸੂਰਯ’; ‘ਸਿੱਖ ਰਹਿਤਨਾਮੇ’]
ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no
ਇਸ਼ਨਾਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਇਸ਼ਨਾਨ, (ਸੰਸਕ੍ਰਿਤ, ਸ਼ਨਾਨ) / ਪੁਲਿੰਗ : ਨ੍ਹਾਉਣ ਦੀ ਕਿਰਿਆ, ਪਾਣੀ ਨਾਲ ਸਰੀਰ ਨੂੰ ਧੋਣ ਜਾਂ ਸਾਫ਼ ਕਰਨ ਦੀ ਕਿਰਿਆ, ਪਾਣੀ ਨਾਲ ਪਵਿੱਤਰ ਹੋਣ ਦਾ ਕੰਮ ਜਾਂ ਭਾਵ, ਗੁਸਲ (ਮੁਸਲਮਾਨੀ)
–ਇਸ਼ਨਾਨੀ, ਵਿਸ਼ੇਸ਼ਣ : ਨੇਮ ਨਾਲ ਨ੍ਹਾਉਣ ਵਾਲਾ, ਬਹੁਤ ਇਸ਼ਨਾਨ ਕਰਨ ਤੇ ਪਵਿੱਤਰ ਰਹਿਣ ਤੇ ਜ਼ੋਰ ਦੇਣ ਵਾਲਾ
–ਇਸ਼ਨਾਨ, ਇਸਤਰੀ ਲਿੰਗ.
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-19-02-37-46, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First