ਇੰਟਰਨੈੱਟ ਐਕਸਪਲੋਰਰ ਦੀ ਸਕਰੀਨ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Screen of Internet Explorer
ਇਸ ਸਕਰੀਨ ਦੇ ਕਈ ਭਾਗ ਹੁੰਦੇ ਹਨ। ਮਾਈਕਰੋਸਾਫਟ ਪੇਂਟ , ਵਰਡ ਅਤੇ ਐਕਸਲ ਦੀ ਤਰ੍ਹਾਂ ਇਸ ਵਿੱਚ ਟਾਈਟਲ ਬਾਰ, ਮੀਨੂ ਬਾਰ, ਟੂਲ ਬਾਰ ਅਤੇ ਟਾਸਕ ਬਾਰ ਆਦਿ ਹੁੰਦੀਆਂ ਹਨ।
ਟਾਈਟਲ ਬਾਰ (Title Bar)
ਟਾਈਟਲ ਬਾਰ ਵਿੱਚ ਇੰਟਰਨੈੱਟ ਐਕਸਪਲੋਰਰ ਦਾ ਆਈਕਾਨ (Icone), ਖੋਲ੍ਹੀ ਗਈ ਸਾਈਟ ਦਾ ਨਾਮ ਅਤੇ ਸੱਜੇ ਪਾਸੇ ਮਿਨੀਮਾਈਜ਼, ਰੀਸਟੋਰ/ਮੈਕਸੀਮਾਈਜ਼ ਅਤੇ ਕਲੋਜ਼ ਬਟਨ ਹੁੰਦੇ ਹਨ।
ਮੀਨੂ ਬਾਰ (Menu Bar)
ਮੀਨੂ ਬਾਰ ਵੱਖ-ਵੱਖ ਮੀਨੂਆਂ ਜਿਵੇਂ ਕਿ- ਫਾਈਲ , ਐਡਿਟ, ਵੀਊ, ਫੇਵਰਟੀਜ, ਟੂਲ ਅਤੇ ਹੈਲਪ ਆਦਿ ਦਾ ਸੰਗ੍ਰਹਿ ਹੈ। ਹਰੇਕ ਮੀਨੂਆਂ ਦੀਆਂ ਵੱਖ-ਵੱਖ ਆਪਸ਼ਨਜ਼ ਹੁੰਦੀਆਂ ਹਨ।
ਸਟੈਂਡਰਡ ਟੂਲ ਬਾਰ (Standard Toolbar)
ਸਟੈਂਡਰਡ ਟੂਲ ਬਾਰ 'ਤੇ ਵੱਖ-ਵੱਖ ਟੂਲਜ਼ (ਬਟਨ) ਨਜ਼ਰ ਆਉਂਦੇ ਹਨ। ਆਓ ਇਹਨਾਂ ਬਾਰੇ ਜਾਣੀਏ:
i) ਬੈਕ (Back): ਇਸ ਦੀ ਮਦਦ ਨਾਲ ਪਿਛਲੇ ਪੰਨੇ ਉੱਤੇ ਪਹੁੰਚਿਆ ਜਾ ਸਕਦਾ ਹੈ।
ii) ਫਾਰਵਰਡ (Forward): ਇਸ ਦੀ ਮਦਦ ਨਾਲ ਅਸੀਂ ਖੁੱਲ੍ਹੀ ਹੋਈ ਸਾਈਟ ਦੇ ਅੱਗੇ ਵਾਲੇ ਪੇਜ/ਪੇਜਾਂ ਉੱਪਰ ਪਹੁੰਚ ਸਕਦੇ ਹਾਂ। ਜਦੋਂ ਅਸੀਂ ਹੇਠਾਂ ਨੂੰ ਜਾਣ ਵਾਲੇ ਤੀਰ ਦੇ ਨਿਸ਼ਾਨ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਨੂੰ ਉਹ ਸਾਰੇ ਪੇਜ਼ ਨਜ਼ਰ ਆਉਂਦੇ ਹਨ ਜੋ ਅਸੀਂ ਬ੍ਰਾਊਜ਼ ਕਰਕੇ ਪਿਛਾਂਹ ਛੱਡ ਆਏ ਹਾਂ।
iii) ਸਟਾਪ (Stop): ਇਸ ਦੀ ਵਰਤੋਂ ਸਾਈਟ ਦੀ ਲੋਡਿੰਗ ਨੂੰ ਵਿਚਕਾਰੋਂ ਰੋਕਣ ਲਈ ਕੀਤੀ ਜਾਂਦੀ ਹੈ।
iv) ਰੀਫਰੈਸ਼ (Refresh): ਸਾਈਟ ਨੂੰ ਸਹੀ ਢੰਗ ਨਾਲ ਲੋਅਡ (Load) ਕਰਨ ਲਈ ਰੀਫਰੈਸ਼ ਬਟਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੇਕਰ ਵੈੱਬ ਪੇਜ ਰੁਕ-ਰੁਕ ਕੇ ਖੁਲ੍ਹ ਰਿਹਾ ਹੋਵੇ ਤਾਂ ਰੀਫਰੈਸ਼ ਕਰ ਲੈਣਾ ਚਾਹੀਦਾ ਹੈ। ਰੀਫਰੈਸ਼ ਕਰਨ ਦੀ ਸ਼ਾਰਟਕੱਟ ਕੀਅ F5 ਹੈ।
v) ਹੋਮ (Home): ਇਸ ਬਟਨ ਉੱਤੇ ਕਲਿੱਕ ਕਰਨ ਨਾਲ ਅਸੀਂ ਉਸ ਥਾਂ 'ਤੇ ਪਹੁੰਚ ਜਾਂਦੇ ਹਾਂ ਜਿਥੋਂ ਸਾਈਟ ਸ਼ੁਰੂ ਹੋਈ ਸੀ। ਦੂਸਰੇ ਸ਼ਬਦਾਂ ਵਿੱਚ ਵੈੱਬਸਾਈਟ ਦੇ ਸਭ ਤੋਂ ਪਹਿਲੇ ਪੰਨੇ ਉੱਤੇ ਜਾਣ ਲਈ ਹੋਮ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ।
vi) ਫੇਵਰਟੀਜ਼ (Favorites): ਇਸ ਵਿੱਚ ਅਸੀਂ ਵਾਰ-ਵਾਰ ਵਰਤੀਆਂ ਜਾਣ ਵਾਲੀਆਂ ਸਾਈਟਾਂ ਦੇ ਐਡਰੈੱਸ ਸਟੋਰ ਕਰ ਕੇ ਰੱਖ ਸਕਦੇ ਹਾਂ। ਇਸ ਨਾਲ ਸਾਈਟਾਂ ਦੇ ਲੰਬੇ ਪਤਿਆਂ ਨੂੰ ਯਾਦ ਕਰਨ ਤੋਂ ਬਚਿਆ ਜਾ ਸਕਦਾ ਹੈ।
vii) ਹਿਸਟਰੀ (History): ਜਦੋਂ ਅਸੀਂ ਕਿਸੇ ਸਾਈਟ ਨੂੰ ਖੋਲ੍ਹਦੇ ਹਾਂ ਤਾਂ ਇੰਟਰਨੈੱਟ ਐਕਸਪਲੋਰਰ ਸਾਰੀਆਂ ਸਾਈਟਾਂ ਦੇ ਪਤੇ ਰਿਕਾਰਡ ਕਰਦਾ ਜਾਂਦਾ ਹੈ। ਇਸ ਤੋਂ ਸਾਨੂੰ ਖੋਲ੍ਹੀਆਂ ਗਈਆਂ ਕੁਝ ਸਾਈਟਾਂ ਦੇ ਪਤੇ ਪ੍ਰਾਪਤ ਹੋ ਜਾਂਦੇ ਹਨ।
viii) ਮੇਲ (Mail): ਇਸ ਬਟਨ ਦੀ ਵਰਤੋਂ ਈ-ਮੇਲ ਭੇਜਣ ਲਈ ਕੀਤੀ ਜਾਂਦੀ ਹੈ।
ix) ਪ੍ਰਿੰਟ (Print): ਇਸ ਦੀ ਵਰਤੋਂ ਕਰ ਕੇ ਅਸੀਂ ਕਿਸੇ ਵੀ ਵੈੱਬ ਪੇਜ ਨੂੰ ਖੋਲ੍ਹ ਸਕਦੇ ਹਾਂ।
x) ਐਡਿਟ (Edit): ਜੇਕਰ ਕਿਸੇ ਵੈੱਬ ਪੇਜ਼ ਵਿੱਚ ਕੋਈ ਤਬਦੀਲੀ ਕਰਨੀ ਹੋਵੇ ਤਾਂ ਐਡਿਟ ਟੂਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਉੱਪਰ ਕਲਿੱਕ ਕਰਨ ਨਾਲ ਵੈੱਬ ਪੇਜ ਮਾਈਕਰੋਸਾਫਟ ਵਰਡ ਜਾਂ ਕਿਸੇ ਹੋਰ (ਐਡੀਟਰ) ਪ੍ਰੋਗਰਾਮ ਵਿੱਚ ਖੁੱਲ੍ਹ ਜਾਂਦਾ ਹੈ।
ਐਡਰੈੱਸ ਬਾਰ (Address Bar)
ਜੇਕਰ ਤੁਸੀਂ ਕਿਸੇ ਵੈੱਬਸਾਈਟ ਨੂੰ ਖੋਲ੍ਹਣਾ ਚਾਹੁੰਦੇ ਹੋ ਤਾਂ ਉਸ ਦਾ ਪਤਾ (ਐਡਰੈੱਸ) ਐਡਰੈੱਸ ਬਾਰ ਵਿੱਚ ਭਰਿਆ ਜਾਂਦਾ ਹੈ ਤੇ 'ਗੋ' ਬਟਨ 'ਤੇ ਕਲਿੱਕ ਕੀਤਾ ਜਾਂਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First