ਇੰਦ੍ਰੀਆਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਇੰਦ੍ਰੀਆਂ: ਸ਼ਰੀਰ ਦੇ ਅੰਦਰ ਅਤੇ ਬਾਹਰ ਸਥਿਤ ਉਹ ਸੂਖਮ ਅਤੇ ਸਥੂਲ ਅੰਗ ਜਿਨ੍ਹਾਂ ਰਾਹੀਂ ਸਾਨੂੰ ਬਾਹਰਲੇ ਵਿਸ਼ਿਆਂ ਦਾ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਜਿਨ੍ਹਾਂ ਰਾਹੀਂ ਅੰਦਰਲੇ ਸੁਖ-ਦੁਖ ਦਾ ਅਨੁਭਵ ਹੁੰਦਾ ਹੈ। ਇਨ੍ਹਾਂ ਦੀ ਗਿਣਤੀ ਬਾਰੇ ਵਿਦਵਾਨ ਇਕ ਮਤ ਨਹੀਂ ਹਨ। ਨਿਆਇ-ਸ਼ਾਸਤ੍ਰ ਇਨ੍ਹਾਂ ਨੂੰ ਦੋ ਵਰਗਾਂ ਵਿਚ ਵੰਡਦਾ ਹੇ। ਪਹਿਲੇ ਵਰਗ ਵਿਚ ਨਕ , ਜੀਭ , ਅੱਖਾਂ, ਕੰਨ ਅਤੇ ਚਮੜੀ ਨੂੰ ਸ਼ਾਮਲ ਕੀਤਾ ਹੈ ਅਤੇ ਦੂਜੇ ਵਰਗ ਵਿਚ ਕੇਵਲ ਮਨ ਨੂੰ ਰਖਿਆ ਹੈ। ਪਹਿਲੇ ਵਰਗ ਦੁਆਰਾ ਕ੍ਰਮਵਾਰ ਗੰਧ, ਰਸ , ਰੂਪ , ਸ਼ਬਦ ਅਤੇ ਛੋਹ ਦਾ ਅਨੁਭਵ ਹੁੰਦਾ ਹੈ ਅਤੇ ਦੂਜੇ ਵਰਗ ਦੇ ਮਨ ਦੁਆਰਾ ਸੁਖ-ਦੁਖ ਦਾ ਅਨੁਭਵ ਹੁੰਦਾ ਹੈ।
ਸਾਂਖੑਯ-ਮਤ ਵਾਲਿਆਂ ਨੇ ਇੰਦ੍ਰੀਆਂ ਦੀ ਗਿਣਤੀ ਯਾਰ੍ਹਾਂ ਮੰਨੀ ਹੈ। ਇਨ੍ਹਾਂ ਵਿਚੋਂ ਪੰਜ ਗਿਆਨ ਇੰਦ੍ਰੀਆਂ ਹਨ, ਜਿਵੇਂ ਨਕ, ਜੀਭ, ਅੱਖਾਂ, ਕੰਨ ਅਤੇ ਚਮੜੀ। ਪੰਜ ਕਰਮ- ਇੰਦ੍ਰੀਆਂ ਹਨ, ਜਿਵੇਂ ਮੁਖ , ਹੱਥ , ਪੈਰ , ਮਲ-ਦਵਾਰ ਅਤੇ ਜਨੇਨ-ਦਵਾਰ। ਯਾਰ੍ਹਵੀਂ ਇੰਦ੍ਰੀ ਮਨ ਹੈ ਜਿਸ ਨੂੰ ਸੰਕਲਪ- ਵਿਕਲਪਾਤਮਕ ਇੰਦ੍ਰੀ ਕਿਹਾ ਗਿਆ ਹੈ। ਇਸ ਨੂੰ ਕੁਝ ਵਿਦਵਾਨਾਂ ਨੇ ‘ਅੰਤਹਕਰਣ’ ਵੀ ਕਿਹਾ ਹੈ।
ਬੌਧ-ਮਤ ਨੇ ਸ਼ਰੀਰ ਵਿਚ ਦਿਖਣ ਵਾਲੇ ਗੋਲਕਾਂ (ਛਿਦ੍ਰਾਂ) ਨੂੰ ਇੰਦ੍ਰੀਆਂ ਕਿਹਾ ਹੈ। ਹੋਰਨਾਂ ਮਤਾਂ ਵਿਚ ਵੀ ਇੰਦ੍ਰੀਆਂ ਬਾਰੇ ਪ੍ਰਕਾਸ਼ ਪਾਇਆ ਗਿਆ ਹੈ, ਪਰ ਅਧਿਕ ਪ੍ਰਸਿੱਧ ਸਾਂਖੑਯਵਾਦੀਆਂ ਦਾ ਮਤ ਹੈ।
ਗੁਰਬਾਣੀ ਵਿਚ ਮਨੁੱਖ ਨੂੰ ਇੰਦ੍ਰੀਆਂ ਤੋਂ ਪ੍ਰੇਰਿਤ ਹੋਣੋਂ ਵਰਜਿਆ ਗਿਆ ਹੈ— ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ। ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ। (ਗੁ.ਗ੍ਰੰ.335)। ਇਸ ਦੇ ਮੁਕਾਬਲੇ ਇੰਦ੍ਰੀਆਂ ਨੂੰ ਵਸ ਵਿਚ ਕਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਨੇ ਅੰਤਰ ਆਤਮੇ ਵਿਚ ਬ੍ਰਹਮ-ਜੋਤਿ ਦਾ ਪ੍ਰਕਾਸ਼ ਤਦ ਹੀ ਸੰਭਵ ਮੰਨਿਆ ਹੈ ਜੇ ਦਸਾਂ ਇੰਦ੍ਰੀਆਂ ਨੂੰ ਵਸ ਵਿਚ ਰਖਿਆ ਜਾਏ— ਦਸ ਇੰਦ੍ਰੀ ਕਰਿ ਰਾਖੈ ਵਾਸਿ। ਤਾ ਕੈ ਆਤਮੈ ਹੋਇ ਪਰਗਾਸੁ। (ਗੁ.ਗ੍ਰੰ. 236)। ‘ਸੁਖਮਨੀ ’ ਨਾਂ ਦੀ ਬਾਣੀ ਵਿਚ ਅਜਿਹੇ ਇੰਦ੍ਰੀ- ਜਿਤ ਅਤੇ ਪੰਜ ਵਿਕਾਰਾਂ ਤੋਂ ਮੁਕਤ ਵਿਅਕਤੀ ਨੂੰ ਕਰੋੜਾਂ ਵਿਚੋਂ ਇਕ ‘ਅਪਰਸ ’ ਮੰਨਿਆ ਗਿਆ ਹੈ— ਇੰਦ੍ਰੀਜਿਤ ਪੰਚ ਦੋਖ ਤੇ ਰਹਤ। ਨਾਨਕ ਕੋਟਿ ਮਧੇ ਕੋ ਐਸਾ ਅਪਰਸ। (ਗੁ.ਗ੍ਰੰ.274)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First