ਈਸ਼ਵਰ ਚੰਦਰ ਨੰਦਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਈਸ਼ਵਰ ਚੰਦਰ ਨੰਦਾ : ਪੰਜਾਬੀ ਨਾਟ-ਸਾਹਿਤ ਵਿੱਚ ਈਸ਼ਵਰ ਚੰਦਰ ਨੰਦਾ ਵਿਲੱਖਣ ਅਤੇ ਵਿਸ਼ੇਸ਼ ਸਥਾਨ ਰੱਖਦਾ ਹੈ। ਇਹ ਪਹਿਲਾ ਨਾਟਕਕਾਰ ਹੈ, ਜਿਸਨੇ ਆਪਣੇ ਨਾਟਕਾਂ ਨੂੰ ਰੰਗ-ਮੰਚ ਦੀ ਦ੍ਰਿਸ਼ਟੀ ਤੋਂ ਲਿਖਿਆ। ਇਸੇ ਲਈ ਈਸ਼ਵਰ ਚੰਦਰ ਨੰਦਾ ਨੂੰ ਆਧੁਨਿਕ ਪੰਜਾਬੀ ਰੰਗ- ਮੰਚ ਦਾ ਮੋਢੀ ਨਾਟਕਕਾਰ ਕਿਹਾ ਜਾਂਦਾ ਹੈ। ਈਸ਼ਵਰ ਚੰਦਰ ਨੰਦਾ ਦਾ ਜਨਮ 30 ਸਤੰਬਰ 1892 ਨੂੰ ਪਿੰਡ ਗਾਂਧੀਆ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਹ ਪੜ੍ਹਾਈ ਵਿੱਚ ਸ਼ੁਰੂ ਤੋਂ ਹੁਸ਼ਿਆਰ ਸੀ। ਉਸ ਨੇ 1905 ਵਿੱਚ ਪ੍ਰਾਇਮਰੀ ਦਾ ਇਮਤਿਹਾਨ ਜ਼ਿਲ੍ਹੇ ਵਿੱਚ ਪਹਿਲੇ ਸਥਾਨ ਤੇ ਰਹਿ ਕੇ ਪਾਸ ਕੀਤਾ। ਦਸਵੀਂ ਦੀ ਪਰੀਖਿਆ 1911 ਵਿੱਚ ਪਹਿਲੇ ਦਰਜੇ ਵਿੱਚ, ਵਜੀਫ਼ਾ ਹਾਸਲ ਕਰਦਿਆਂ ਪਾਸ ਕੀਤੀ। ਉਚੇਰੀ ਪੜ੍ਹਾਈ ਲਈ ਉਹ 1911 ਵਿੱਚ ਦਿਆਲ ਸਿੰਘ ਕਾਲਜ, ਲਾਹੌਰ ਦਾਖ਼ਲ ਹੋ ਗਿਆ।

     ਈਸ਼ਵਰ ਚੰਦਰ ਨੰਦਾ ਨੂੰ ਆਧੁਨਿਕ ਪੰਜਾਬੀ ਰੰਗ-ਮੰਚ ਦਾ ਪਿਤਾਮਾ ਕਿਹਾ ਜਾਂਦਾ ਹੈ। ਆਧੁਨਿਕ ਪੰਜਾਬੀ ਰੰਗ- ਮੰਚ ਦਾ ਪਿਤਾਮਾ ਬਣਾਉਣ ਵਿੱਚ ਬਾਕੀ ਗੱਲਾਂ ਦੇ ਨਾਲ- ਨਾਲ ਉਸ ਸ਼ਕਤੀ ਦਾ ਵਰਣਨ ਕਰਨਾ ਜ਼ਰੂਰੀ ਹੋ ਜਾਂਦਾ ਹੈ, ਜਿਸਨੇ ਉਸ ਨੂੰ ਇਸ ਪਾਸੇ ਵੱਲ ਪ੍ਰੇਰਿਆ। ਉਹ ਸ਼ਕਤੀ ਨੋਰ੍ਹਾ ਰਿਚਰਡਜ਼ ਸੀ। ਈਸ਼ਵਰ ਚੰਦਰ ਨੰਦਾ ਨੇ ਜਦੋਂ ਦਿਆਲ ਸਿੰਘ ਕਾਲਜ ਲਾਹੌਰ ਦਾਖ਼ਲਾ ਲਿਆ, ਉੱਥੇ ਉਸ ਦਾ ਸੰਪਰਕ ਨੋਰ੍ਹਾ ਰਿਚਰਡਜ਼ ਨਾਲ ਹੋਇਆ, ਜਿਸ ਦੇ ਪਤੀ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਪ੍ਰੋਫ਼ੈਸਰ ਸਨ। ਨੋਰ੍ਹਾ ਰਿਚਰਡਜ਼ ਨੂੰ ਨਾਟਕ ਨਾਲ ਡੂੰਘਾ ਸਨੇਹ ਸੀ ਅਤੇ ਉਸ ਨੇ ਨਾਟਕ ਖੇਡਣ ਦੇ ਨਾਲ-ਨਾਲ ਉੱਥੋਂ ਦੇ ਵਿਦਿਆਰਥੀਆਂ ਨੂੰ ਨਾਟਕ ਲਿਖਣ ਦਾ ਸ਼ੌਕ ਪੈਦਾ   ਕਰਨ ਹਿਤ ਨਾਟਕ ਮੁਕਾਬਲੇ ਕਰਵਾਏ। ਅਜਿਹੇ ਵਿਦਿਆਰਥੀਆਂ ਵਿੱਚੋਂ ਈਸ਼ਵਰ ਚੰਦਰ ਨੰਦਾ ਇੱਕ ਸੀ, ਜਿਸ ਦਾ ਨਾਟਕ ਦੁਲਹਨ  ਪਹਿਲੇ ਸਥਾਨ ਤੇ ਆਇਆ ਅਤੇ ਇਕਾਂਗੀ ਬਾਰੇ ਨੋਰ੍ਹਾ ਰਿਚਰਡਜ਼ ਨੇ ਟਿੱਪਣੀ ਵੀ ਦਿੱਤੀ ਦੁਲਹਨ  ਨੇ ਪੰਜਾਬੀ ਡਰਾਮੇ ਨੂੰ ਨਵਾਂ ਸਿਧਾਂਤ ਦਿੱਤਾ। ਉਹ ਪੰਜਾਬੀ ਡਰਾਮੇ ਦਾ ਮੋਢੀ ਹੈ। ਉਸ ਨੇ ਸਟੇਜ ਦੀ ਬਣਾਉਟੀ ਜ਼ਿੰਦਗੀ ਨੂੰ ਅਸਲ ਰੰਗ ਦਿੱਤਾ।’

     ਈਸ਼ਵਰ ਚੰਦਰ ਨੰਦਾ ਲਾਹੌਰ ਵਿਖੇ ਐਮ.ਏ. ਅੰਗਰੇਜ਼ੀ ਕਰਨ ਉਪਰੰਤ ਉੱਥੇ ਹੀ ਅੰਗਰੇਜ਼ੀ ਦਾ ਪ੍ਰੋਫ਼ੈਸਰ ਲੱਗ ਗਿਆ ਅਤੇ ਫਿਰ ਅੰਗਰੇਜ਼ੀ ਦੀ ਉਚੇਰੀ ਸਿੱਖਿਆ ਲਈ ਆਕਸਫ਼ੋਰਡ ਯੂਨੀਵਰਸਿਟੀ ਵਿੱਚ ਦਾਖ਼ਲ ਹੋ ਗਿਆ। ਦੋ ਸਾਲ ਇੰਗਲੈਂਡ ਰਹਿਣ ਉਪਰੰਤ ਵਾਪਸ ਲਾਹੌਰ ਆ ਗਿਆ। ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਉਸ ਉੱਤੇ ਏਨਾ ਪ੍ਰਭਾਵ ਪਾਇਆ ਕਿ ਉਹ ਉਸ ਸੱਭਿਆਚਾਰ ਦੇ ਉਦਾਰਵਾਦੀ ਮੁੱਲਾਂ ਨੂੰ ਆਪਣੇ ਨਾਟਕਾਂ ਰਾਹੀਂ ਪੇਸ਼ ਕਰਨ ਦਾ ਇੱਛੁਕ ਹੋ ਤੁਰਿਆ। ਪੱਛਮੀ ਵਿੱਦਿਆ ਦਾ ਉਸ ਉੱਤੇ ਪਹਿਲਾਂ ਹੀ ਪ੍ਰਭਾਵ ਸੀ ਅਤੇ ਪੱਛਮੀ ਜੀਵਨ ਅਤੇ ਉੱਥੋਂ ਦੇ ਰਹਿਣ-ਸਹਿਣ ਨੇ ਉਸਨੂੰ ਬਹੁਤ ਪ੍ਰਭਾਵਿਤ ਕੀਤਾ।

     ਈਸ਼ਵਰ ਚੰਦਰ ਨੰਦਾ ਨੇ ਚਾਰ ਨਾਟਕਾਂ - ਸੁਭੱਦਰਾ (1920), ਵਰਘਰ (1929), ਸ਼ਾਮੂ ਸ਼ਾਹ (1928), ਸ਼ੋਸ਼ਲ ਸਰਕਲ (1953) ਦੀ ਸਿਰਜਣਾ ਕੀਤੀ। ਸ਼ਾਮੂ ਸ਼ਾਹ ਨਾਟਕ ਸ਼ੇਕਸਪੀਅਰ ਦੇ ਨਾਟਕ ਮਰਚੈਂਟ ਆਫ਼ ਵੈਨਿਸ  ਉੱਤੇ ਆਧਾਰਿਤ ਹੈ। ਈਸ਼ਵਰ ਚੰਦਰ ਨੰਦਾ ਨੇ ਚਾਰ ਪੂਰੇ ਨਾਟਕਾਂ ਦੇ ਨਾਲ-ਨਾਲ ਬਾਰਾਂ ਇਕਾਂਗੀਆਂ ਦੀ ਵੀ ਸਿਰਜਣਾ ਕੀਤੀ ਹੈ -ਦੁਲਹਨ (ਸੁਹਾਗ), ਬੇਬੇ ਰਾਮ ਭਜਨੀ, ਜਿੰਨ, ਬੇਈਮਾਨ, ਚੋਰ ਕੌਣ, ਮਾਂ ਦਾ ਡਿਪਟੀ, ਇਹ ਡੂਮਣੇ, ਬਾਬੇ ਘਸੀਟੇ ਦੀ ਨਾਟਕ ਮੰਡਲੀ, ਹੇਰਾ ਫੇਰੀ, ਮੋਨਧਾਰੀ, ਸੁਖਰਾਸ ਅਤੇ ਮੁਰਾਦ  ਈਸ਼ਵਰ ਚੰਦਰ ਨੰਦਾ ਨੇ ਪੰਜਾਬੀ ਨਾਟਕ ਨੂੰ ਜ਼ਿੰਦਗੀ ਦੇ ਨਵੇਂ ਖੇਤਰਾਂ ਨਾਲ ਜੋੜਿਆ ਅਤੇ ਇਹਨਾਂ ਖੇਤਰਾਂ ਸੰਬੰਧੀ ਵੀ ਉਸ ਦੀ ਪਹੁੰਚ ਅਤੀਤ-ਮੁਖੀ ਨਾ ਹੋ ਕੇ ਆਧੁਨਿਕ ਮੁਖੀ ਰਹੀ ਹੈ ਜਿਹੜੀ ਕਿ ਉਸਨੂੰ ਪੰਜਾਬੀ ਵਿੱਚ ਆਧੁਨਿਕ ਨਾਟਕ ਦਾ ਮੋਢੀ ਨਾਟਕਕਾਰ ਸਥਾਪਿਤ ਕਰਦੀ ਹੈ। ਈਸ਼ਵਰ ਚੰਦਰ ਨੰਦਾ ਨੇ ਜਦੋਂ ਨਾਟਕ ਲਿਖਣੇ ਸ਼ੁਰੂ ਕੀਤੇ ਸਨ ਤਾਂ ਉਸ ਸਮੇਂ ਉਸ ਦੀਆਂ ਸਮਾਜਿਕ ਸਥਿਤੀਆਂ ਅਤੇ ਸਾਹਿਤਿਕ ਪਰੰਪਰਾਵਾਂ ਦੋਵੇਂ ਏਨੇ ਪੱਛੜੇ ਹੋਏ ਸਨ ਕਿ ਸੁਧਾਰਵਾਦ ਤੋਂ ਵੱਖਰੀ ਕਿਸੇ ਹੋਰ ਪਹੁੰਚ ਦਾ ਬੋਧ ਸੰਭਵ ਨਹੀਂ ਸੀ।

     ਈਸ਼ਵਰ ਚੰਦਰ ਨੰਦਾ ਦੇ ਨਾਟਕਾਂ ਦੇ ਵਿਸ਼ੇ ਵੇਲੇ ਦੀਆਂ ਲੋੜਾਂ ਦੀ ਉਪਜ ਸਨ। ਨੰਦਾ ਨੇ ਆਪਣੇ ਆਲੇ-ਦੁਆਲੇ ਵਿਧਵਾ ਇਸਤਰੀਆਂ ਦੀ ਮੰਦੀ ਅਵਸਥਾ ਨੂੰ ਵੇਖਿਆ ਸੀ ਅਤੇ ਉਹਨਾਂ ਦੇ ਦੁੱਖਾਂ ਨੂੰ ਮਹਿਸੂਸ ਕੀਤਾ ਸੀ। ਸਾਮੰਤਵਾਦੀ ਸਮਾਜ ਦੇ ਵਿਧਵਾ-ਵਿਆਹ- ਨਿਸ਼ੇਧ ਵਿਰੁੱਧ ਉਸ ਦੇ ਮਨ ਵਿੱਚ ਰੋਸ ਸੀ। ਇਹ ਰੋਸ ਹੀ ਸੁਭੱਦਰਾ  ਨਾਟਕ ਦੀ ਪ੍ਰੇਰਨਾ ਬਣਿਆ। ਵਰਘਰ  ਨਾਟਕ ਦੀ ਮੁੱਖ ਟੱਕਰ ਪਿਆਰ ਆਧਾਰਿਤ ਵਿਆਹ ਅਤੇ ਮਾਪਿਆਂ ਦੁਆਰਾ ਨਿਸ਼ਚਿਤ ਕੀਤੇ ਵਿਆਹ ਵਿੱਚ ਬਣਦੀ ਹੈ। ਨਵੀਆਂ ਸਥਿਤੀਆਂ ਵਿੱਚ ਸੁਤੰਤਰਤਾ ਪ੍ਰਾਪਤ ਹੋ ਰਹੀ ਸੀ ਅਤੇ ਉਹ ਵੀ ਪਿਆਰ ਵਿਆਹ ਦੀ ਸਫਲਤਾ ਦੀ ਗਵਾਹੀ ਭਰ ਰਹੀ ਸੀ। ਸ਼ਾਮੂ ਸ਼ਾਹ ਨਾਟਕ ਦੀ ਮੂਲ ਟੱਕਰ ਬਰਤਾਨਵੀ ਸਾਮਰਾਜ ਅਧੀਨ ਪੈਦਾ ਹੋਏ ਸ਼ਾਹੂਕਾਰਾ ਕਿੱਤੇ ਨਾਲ ਹੈ। ਇਸ ਨਾਟਕ ਵਿੱਚ ਸਰਮਾਏਦਾਰੀ ਵਿਕਾਸ ਦੇ ਦੌਰ ਵਿੱਚ ਪਰੰਪਰਾਗਤ ਅਧਿਕਾਰਸ਼ੀਲ ਸ਼੍ਰੇਣੀਆਂ ਦੇ ਖੋਰੇ ਦੀ ਪ੍ਰਕਿਰਿਆ ਨੂੰ ਯਥਾਰਥਿਕ ਰੂਪ ਵਿੱਚ ਪੇਸ਼ ਕੀਤਾ ਹੈ। ਸ਼ੋਸਲ ਸਰਕਲ ਨਾਟਕ ਸ਼ਹਿਰੀ ਜ਼ਿੰਦਗੀ ਦੀ ਮੱਧ-ਸ਼੍ਰੇਣੀ ਦੇ ਸਵਾਰਥ ਨਾਲ ਸੰਬੰਧਿਤ ਹੈ। ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਇਸ ਸ਼੍ਰੇਣੀ ਦੇ ਪੰਜ ਜੋੜੇ ਜਿਨ੍ਹਾਂ ਦੇ ਆਪਣੇ ਚਰਿੱਤਰਿਕ ਲੱਛਣ ਹਨ ਪਰ ਇੱਕ ਲੱਛਣ ਇਹਨਾਂ ਦਾ ਸਾਂਝਾ ਹੈ ਕਿ ਹਰੇਕ ਵਿਅਕਤੀ ਦੂਜੇ ਦੀ ਵਰਤੋਂ ਕਰ ਕੇ ਆਪਣੇ ਹਿੱਤ ਦੀ ਲੋਚਾ ਦੀ ਪੂਰਤੀ ਕਰਨਾ ਚਾਹੁੰਦਾ ਹੈ।

     ਈਸ਼ਵਰ ਚੰਦਰ ਨੰਦਾ ਦਾ ਇਕਾਂਗੀ ਦੁਲਹਨ (ਸੁਹਾਗ) ਧੀਆਂ ਵੇਚਣ ਦੇ ਧੁਰੇ ਦੁਆਲੇ ਉਸਰਿਆ ਹੋਇਆ ਹੈ। ਬੇਬੇ ਰਾਮ ਭਜਨੀ  ਇਕਾਂਗੀ ਰਾਹੀਂ ਧਰਮ ਸੰਸਕ੍ਰਿਤੀ ਦੇ ਮਹੱਤਵਪੂਰਨ ਮੁੱਲ ਦਾਨ-ਪੁੰਨ ਉੱਤੇ ਵਿਅੰਗ ਹੈ। ਜਿੰਨ ਇਕਾਂਗੀ ਵਿੱਚ ਵਹਿਮਾਂ-ਭਰਮਾਂ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਸੁਧਾਰਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ ਅਤੇ ਉਸ ਦਾ ਵਿਚਾਰ ਹੈ ਕਿ ਵਹਿਮ-ਭਰਮ ਵਿੱਦਿਆ ਦੀ ਘਾਟ ਕਾਰਨ ਪੈਦਾ ਹੋਏ ਹਨ। ਬੇਈਮਾਨ ਇਕਾਂਗੀ ਨੰਦਾ ਦੀ ਵਿਅੰਗਭਾਵੀ ਦ੍ਰਿਸ਼ਟੀ ਦੀ ਉੱਤਮ ਮਿਸਾਲ ਹੈ ਜਿਸ ਵਿੱਚ ਉਸ ਨੇ ਪੂੰਜੀਵਾਦੀ ਸਮਾਜਿਕ ਆਰਥਿਕ ਵਿਵਸਥਾ ਦੇ ਰਿਸ਼ਤਿਆਂ ਦੀ ਬੁਨਿਆਦ ਨੂੰ ਵਿਅੰਗਭਾਵੀ ਦ੍ਰਿਸ਼ਟੀ ਤੋਂ ਰੂਪਮਾਨ ਕੀਤਾ ਹੈ। ਚੋਰ ਕੌਣ ਇਕਾਂਗੀ ਵਿੱਚ ਉਹ ਸਮਕਾਲੀ ਸਮਾਜ ਦੀ ਮੂਲ ਸਮੱਸਿਆ ‘ਪੈਸੇ ਦੀ ਲਾਲਸਾ’ ਨੂੰ ਆਧਾਰ ਬਣਾਉਂਦਾ ਹੋਇਆ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਇਹ ਲਾਲਸਾ ਮਾਪਿਆਂ ਅਤੇ ਸੰਤਾਨ ਵਿਚਕਾਰ ਦੁਫਾੜ ਪਾ ਦਿੰਦੀ ਹੈ।ਮਾਂ ਦਾ ਡਿਪਟੀ  ਇਕਾਂਗੀ ਵਿੱਚ ਵਿਖਾਇਆ ਗਿਆ ਹੈ ਕਿ ਕਿਰਸਾਣ ਆਪਣੀਆਂ ਆਰਥਿਕ ਲੋੜਾਂ ਦੀ ਪੂਰਤੀ ਲਈ ਆਪਣੀ ਸੰਤਾਨ ਲਈ ਨਵੇਂ ਕਿੱਤਿਆਂ ਦਾ ਰਾਹ ਖੋਲ੍ਹਣ ਲਈ ਯਤਨਸ਼ੀਲ ਸੀ ਪਰ ਸਥਿਤੀ ਦਾ ਦੁਖਾਂਤ ਇਹ ਸੀ ਕਿ ਬਹੁਤੇ ਲੋਕ ਪੜ੍ਹਾਈ ਕਰ ਲੈਣ ਦੇ ਬਾਵਜੂਦ ਬੇਰੁਜ਼ਗਾਰੀ ਦਾ ਸ਼ਿਕਾਰ ਸਨ। ਇਹ ਡੂਮਣੇ  ਇਕਾਂਗੀ ਵਿੱਚ ਸਦੀਆਂ ਪੁਰਾਣੀ ਭਾਰਤੀ ਜਾਤ-ਪਾਤ ਦੀ ਵਿਵਸਥਾ ਦੀ ਇੱਕ ਸਮੱਸਿਆ ਛੂਤ-ਛਾਤ ਨੂੰ ਨਾਟਕੀ ਰੂਪ ਵਿੱਚ ਪੇਸ਼ ਕੀਤਾ ਹੈ। ਬਾਬੇ ਘਸੀਟੇ ਦੀ ਮੰਡਲੀ  ਸ਼ੇਕਸਪੀਅਰ ਦੇ ਨਾਟਕ ਏ ਮਿਡ ਸਮਰ ਨਾਈਟਸ ਡਰੀਮ  ਉੱਤੇ ਆਧਾਰਿਤ ਹੈ। ਇਸ ਵਿੱਚ ਵਿਅੰਗਭਾਵੀ ਦ੍ਰਿਸ਼ਟੀ ਤੋਂ ਨਾਟਕ ਮੰਡਲੀ ਨੂੰ ਪੇਸ਼ ਕੀਤਾ ਹੈ। ਹੇਰਾ ਫੇਰੀ ਇਕਾਂਗੀ ਸ਼ਰਮਾਏਦਾਰੀ ਸਮਾਜ ਦੀ ਵਿਅਕਤੀਗਤ ਲਾਲਸਾ ਦੇ ਧੁਰੇ ਦੁਆਲੇ ਉਸਰਿਆ ਇਕਾਂਗੀ ਹੈ ਜਿਸ ਵਿੱਚ ਜਾਇਜ਼-ਨਜਾਇਜ਼ ਢੰਗ ਨਾਲ ਹਿਤ ਪੂਰਨ ਦੀ ਭਾਵਨਾ ਨੂੰ ਸਮਕਾਲੀ ਸਮਾਜਿਕ ਆਰਥਿਕ ਵਿਵਸਥਾ ਦੇ ਅਧੀਨ ਪੇਸ਼ ਕੀਤਾ ਗਿਆ ਹੈ। ਮੋਨਧਾਰੀ ਇਕਾਂਗੀ ਸਮਾਜਿਕ ਅੰਤਰ-ਵਿਰੋਧਾਂ ਦਾ ਯਥਾਰਥਿਕ ਚਿਤਰਨ ਹੈ। ਇਹ ਕਰਮਚਾਰੀ ਵਰਗ ਦੀਆਂ ਲਾਲਸਾਵਾਂ, ਹੇਰਾ-ਫੇਰੀਆਂ ਅਤੇ ਫ਼ਜ਼ੂਲ ਖ਼ਰਚਿਆਂ ਉੱਤੇ ਵਿਅੰਗ ਹੈ। ਸੁਖਰਾਸ ਇਕਾਂਗੀ ਵੀ ਅਜਿਹੀ ਸਮੱਸਿਆ ਨੂੰ ਆਪਣੇ ਘੇਰੇ ਵਿੱਚ ਲੈਂਦਾ ਹੈ। ਮੁਰਾਦ ਪਿਆਰ ਵਿਆਹ ਦੀ ਸਮੱਸਿਆ ਨੂੰ ਪੇਸ਼ ਕਰਦਾ ਹੈ ਜਿਸ ਦਾ ਅੰਤ ਦੁਖਾਂਤਭਾਵੀ ਹੈ। ਇਸ ਇਕਾਂਗੀ ਵਿੱਚ ਨਾਟਕਕਾਰ ਸਰਮਾਏਦਾਰੀ ਸਮਾਜ ਵਿੱਚ ਮਾਨਵੀ ਰਿਸ਼ਤਿਆਂ ਵਿੱਚ ਆਉਣ ਵਾਲੀ ਤਰੇੜ ਦੇ ਵਸਤੂ ਯਥਾਰਥ ਨੂੰ ਪੇਸ਼ ਕਰਦਾ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਈਸ਼ਵਰ ਚੰਦਰ ਨੰਦਾ ਨੇ ਵਿਭਿੰਨ ਵਿਸ਼ਿਆਂ ਨੂੰ ਆਪਣੇ ਨਾਟਕਾਂ ਵਿੱਚ ਵਿਚਾਰਿਆ ਅਤੇ ਪੰਜਾਬੀ ਰੰਗ- ਮੰਚ ਦੇ ਖੇਤਰ ਵਿੱਚ ਉਸ ਵੱਲੋਂ ਪਾਏ ਯੋਗਦਾਨ ਨੂੰ ਉਸ ਦੇ ਪੈਰੋਕਾਰਾਂ ਨੇ ਅੱਗੇ ਤੋਰਿਆ ਅਤੇ ਪ੍ਰੋਫ਼ੈਸਰ ਹਰਚਰਨ ਸਿੰਘ ਉਸ ਦਾ ਸਾਹਿਤਿਕ ਪੈਰੋਕਾਰ ਬਣਿਆ। ਈਸ਼ਵਰ ਚੰਦਰ ਨੰਦਾ ਦੇ ਨਾਟਕਾਂ ਦੀ ਇੱਕ ਵਿਲੱਖਣਤਾ ਇਹ ਵੀ ਹੈ ਕਿ ਉਹ ਇੱਕ ਸੁਚੇਤ ਨਾਟਕਕਾਰ ਸੀ ਜਿਸਨੇ ਕਿਸੇ ਵੀ ਸਿਆਸੀ ਪਾਰਟੀ ਦੇ ਸਿਧਾਂਤ ਨੂੰ ਨਾ ਅਪਣਾਉਂਦਿਆਂ ਲੋਕ-ਪੱਖੀ ਪਹੁੰਚ ਨੂੰ ਅਪਣਾਇਆ ਅਤੇ ਲੋਕਾਂ ਦੀ ਬੋਲੀ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ। ਇਸੇ ਕਰ ਕੇ ਅੱਜ ਵੀ ਉਸ ਦੇ ਨਾਟਕ ਮੁੱਲਵਾਨ ਹਨ।

     ਈਸ਼ਵਰ ਚੰਦਰ ਨੰਦਾ ਦੇ ਇਕਾਂਗੀ ਸੰਗ੍ਰਹਿ ਝਲਕਾਰੇ, ਚਮਕਾਰੇ, ਲਿਸ਼ਕਾਰੇ  ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਈਸ਼ਵਰ ਚੰਦਰ ਨੰਦਾ ਦੇ ਸਾਰੇ ਨਾਟਕ ਹਰਚਰਨ ਸਿੰਘ ਨੇ ਸੰਪਾਦਿਤ ਕੀਤੇ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤੇ। ਦੋ ਪੁਸਤਕਾਂ-ਨੰਦਾ ਦਾ ਗੱਲਪ ਸਾਹਿਤ ਸੰਪਾਦਕ ਸੰਤ ਸਿੰਘ ਸੇਖੋਂ ਅਤੇ ਨੰਦਾ ਦਾ ਗੱਦ ਸਾਹਿਤ ਸੰਪਾਦਕ ਗੁਰਬਚਨ ਸਿੰਘ ਤਾਲਿਬ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਹੋਈਆਂ ਹਨ।


ਲੇਖਕ : ਹਰਬੰਸ ਸਿੰਘ ਧੀਮਾਨ, ਸਤਨਾਮ ਸਿੰਘ ਜੱਸਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 22356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.