ਉਚਾਰਨ ਅੰਗ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਉਚਾਰਨ ਅੰਗ: ਮਨੁੱਖੀ ਉਚਾਰਨ ਅੰਗਾਂ ਦੇ ਕਾਰਜ ਦਾ ਅਧਿਅਨ ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ‘ਧੁਨੀ ਵਿਗਿਆਨ’ ਦੇ ਅੰਤਰਗਤ ਕੀਤਾ ਜਾਂਦਾ ਹੈ। ਪੂਰੇ ਦਾ ਪੂਰਾ ਉਚਾਰਨ ਸਿਸਟਮ ਅਤੇ ਉਚਾਰਨ ਅੰਗ ਕੇਵਲ ਭਾਸ਼ਾਈ ਧੁਨੀਆਂ ਨੂੰ ਉਚਾਰਨ ਲਈ ਹੀ ਕਾਰਜ ਨਹੀਂ ਕਰਦੇ ਸਗੋਂ ਇਨ੍ਹਾਂ ਦੀ ਸਰੀਰ ਵਿਗਿਆਨਕ ਵਿਸ਼ੇਸ਼ਤਾ ਵੀ ਹੈ। ਇਹ ਅੰਗ ਵੱਖੋ ਵੱਖਰੀਆਂ ਸਰੀਰਕ ਲੋੜਾਂ ਲਈ ਕਾਰਜਸ਼ੀਲ ਹੁੰਦੇ ਹਨ। ਭਾਸ਼ਾਈ ਧੁਨੀਆਂ ਦਾ ਉਚਾਰਨ ਇਨ੍ਹਾਂ ਵਲੋਂ ਨਿਭਾਇਆ ਜਾਂਦਾ ਦੂਜੈਲਾ ਕਾਰਜ ਹੈ। ਉਚਾਰਨ ਅੰਗਾਂ ਦੀ ਗਤੀਵਿਧੀ ਦਾ ਅਧਿਅਨ ਕਰਨ ਲਈ ਸਮੁੱਚੇ ਸਾਹ-ਪਰਬੰਧ ਦਾ ਅਧਿਅਨ ਕੀਤਾ ਜਾਂਦਾ ਹੈ। ਧੁਨੀ ਵਿਗਿਆਨ ਵਿਚ ਉਚਾਰਨ ਅੰਗਾਂ ਦੀ ਉਚਾਰਨ ਪਰਕਿਰਿਆ ਅਤੇ ਇਸ ਨਾਲ ਸਬੰਧਤ ਉਚਾਰਨ-ਅਮਲ ਦਾ ਅਧਿਅਨ ਕੀਤਾ ਜਾਂਦਾ ਹੈ। ਇਸ ਸਮੁੱਚੇ ਅਮਲ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : (i) ਸਾਹ-ਪਰਨਾਲੀ, (ii) ਧੁਨੀ-ਪਰਨਾਲੀ ਅਤੇ (iii) ਉਚਾਰਨ-ਪਰਨਾਲੀ। ਸਾਹ-ਪਰਨਾਲੀ ਦੁਆਰਾ ਫੇਫੜੇ, ਛਾਤੀ ਤੇ ਪੱਠੇ ਅਤੇ ਸਾਹ ਨਾਲੀ ਕਾਰਜਸ਼ੀਲ ਹੁੰਦੇ ਹਨ। ਫੇਫੜਿਆਂ ਵਿਚ ਸਾਹ ਬਾਹਰਵਾਰ ਅਤੇ ਅੰਦਰਵਾਰ ਜਾਣ ਅਤੇ ਆਉਣ ਦੀ ਪਰਕਿਰਿਆ ਲਗਾਤਾਰ ਹੁੰਦੀ ਰਹਿੰਦੀ ਹੈ। ਦੁਨੀਆਂ ਦੀਆਂ ਤਕਰੀਬਨ ਸਾਰੀਆਂ ਭਾਸ਼ਾਵਾਂ ਦੀਆਂ ਧੁਨੀਆਂ ਦਾ ਉਚਾਰਨ ਹਵਾ ਦੇ ਬਾਹਰ ਵੱਲ ਨਿਕਲਣ ਨਾਲ ਹੁੰਦਾ ਹੈ। ਇਸ ਪਰਨਾਲੀ ਰਾਹੀਂ ਪੌਣਧਾਰਾ ਹੋਂਦ ਵਿਚ ਆਉਂਦੀ ਹੈ ਅਤੇ ਇਸ ਸ਼ਾਖਾ ਰਾਹੀਂ ਪੌਣਧਾਰਾ ਵਿਧੀਆਂ ਦਾ ਅਧਿਅਨ ਕੀਤਾ ਜਾਂਦਾ ਹੈ। ਇਨ੍ਹਾਂ ਪੌਣਧਾਰਾ ਵਿਧੀਆਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ। (ਵੇਖੋ ਪੌਣਧਾਰਾ ਵਿਧੀਆਂ) ਜੋ ਫੇਫੜਿਆਂ, ਸੁਰ-ਯੰਤਰ ਅਤੇ ਕੋਮਲ ਤਾਲੂ ਨਾਲ ਸਬੰਧਤ ਹੁੰਦੀਆਂ ਹਨ। ਧੁਨੀ-ਪਰਨਾਲੀ ਦੇ ਅੰਤਰਗਤ ਸੁਰ-ਯੰਤਰ ਦੇ ਕਾਰਜ ਦਾ ਅਧਿਅਨ ਕੀਤਾ ਜਾਂਦਾ ਹੈ। ਸੁਰ-ਯੰਤਰ, ਸਾਹ ਨਾਲੀ ’ਤੇ ਟਿਕਿਆ ਹੋਇਆ ਰਹਿੰਦਾ ਹੈ, ਫੇਫੜਿਆਂ ਵਿਚੋਂ ਬਾਹਰ ਨਿਕਲਣ ਵਾਲੀ ਹਵਾ ਜਦੋਂ ਸੁਰ-ਯੰਤਰ ਵਿਚੋਂ ਗੁਜਰਦੀ ਹੈ ਤਾਂ ਧੁਨਾਤਮਕ ਪੱਧਰ ’ਤੇ ਦੋ ਪਰਕਾਰ ਦੇ ਵਰਤਾਰੇ ਵਾਪਰਦੇ ਹਨ। ਪਹਿਲੇ ਵਰਤਾਰੇ ਵੇਲੇ ਸੁਰ-ਤੰਦਾਂ ਵਿਚਲਾ ਰਾਹ ਖੁੱਲ੍ਹਾ ਹੁੰਦਾ ਹੈ ਅਤੇ ਹਵਾ ਬੇਰੋਕ ਬਾਹਰ ਵੱਲ ਨਿਕਲ ਜਾਂਦੀ ਹੈ ਅਤੇ ਧੁਨੀਆਂ ਦੇ ਉਚਾਰਨ ਤੇ ਕੋਈ ਪਰਭਾਵ ਨਹੀਂ ਪੈਂਦਾ। ਇਸ ਸਥਿਤੀ ਵਿਚ ਪੈਦਾ ਹੋਈਆਂ ਧੁਨੀਆਂ ਨੂੰ ਅਘੋਸ਼ ਧੁਨੀਆਂ ਕਿਹਾ ਜਾਂਦਾ ਹੈ। ਦੂਜੀ ਪਰਕਾਰ ਦੇ ਵਰਤਾਰੇ ਵੇਲੇ ਸੁਰ-ਤੰਦਾਂ ਵਿਚਲਾ ਰਾਹ ਤੰਗ ਹੋ ਜਾਂਦਾ ਹੈ ਅਤੇ ਧੁਨੀਆਂ ਦੇ ਉਚਾਰਨ ਵੇਲੇ ਸੁਰ-ਤੰਦਾਂ ਦਾ ਪਰਭਾਵ ਧੁਨੀਆਂ ਦੇ ਉਚਾਰਨ ਤੋਂ ਸਪਸ਼ਟ ਵੇਖਿਆ ਜਾ ਸਕਦਾ ਹੈ। ਇਸ ਸਥਿਤੀ ਵਿਚ ਪੈਦਾ ਹੋਈਆਂ ਧੁਨੀਆਂ ਨੂੰ ਸਘੋਸ਼ ਧੁਨੀਆਂ ਕਿਹਾ ਜਾਂਦਾ ਹੈ। ਤੀਜੀ ਪਰਨਾਲੀ ਦਾ ਸਿੱਧਾ ਸਬੰਧ ਧੁਨੀਆਂ ਦੇ ਉਚਾਰਨ ਨਾਲ ਹੈ। ਬੁੱਲ੍ਹਾਂ ਤੋਂ ਲੈ ਕੇ ਫੇਫੜਿਆਂ ਤੱਕ ਦੇ ਘੇਰੇ ਵਿਚ ਆੳੇੁਣ ਵਾਲੇ ਉਚਾਰਨ ਅੰਗਾਂ ਦੀ ਗਤੀਵਿਧੀ ਨੂੰ ਇਸ ਪਰਨਾਲੀ ਦੇ ਅੰਤਰਗਤ ਵਾਚਿਆ ਜਾਂਦਾ ਹੈ। ਇਸ ਪਰਨਾਲੀ ਵਿਚ ਦੰਦ, ਬੁੱਲ੍ਹ, ਜੀਭ ਅਤੇ ਤਾਲੂ ਆਦਿ ਉਚਾਰਨ ਗਤੀ ਵਿਧੀ ਵਿਚ ਸ਼ਾਮਲ ਹੁੰਦੇ ਹਨ। ਇਨ੍ਹਾਂ ਉਚਾਰਨ ਅੰਗਾਂ ਨੂੰ ਅੱਗੋਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਚੁਸਤ ਉਚਾਰਕ ਅਤੇ (ii) ਸੁਸਤ ਉਚਾਰਕ। ਚੁਸਤ ਉਚਾਰਕਾਂ ਵਿਚ ਉਨ੍ਹਾਂ ਉਚਾਰਨ ਅੰਗਾਂ ਨੂੰ ਰੱਖਿਆ ਜਾਂਦਾ ਹੈ ਜੋ ਆਪਣੇ ਨਿਸ਼ਚਿਤ ਸਥਾਨ ਤੋਂ ਹਿੱਲ ਕੇ ਕਿਸੇ ਦੂਜੇ ਸਥਾਨ ਦੇ ਸੰਪਰਕ ਵਿਚ ਆਉਂਦੇ ਹਨ, ਜਿਵੇਂ : ਹੇਠਲਾ ਬੁੱਲ੍ਹ, ਜੀਭ ਦੇ ਸਾਰੇ ਭਾਗ ਅਤੇ ਕਾਂ ਆਦਿ ਉਚਾਰਨ ਅੰਗਾਂ ਨੂੰ ਚੁਸਤ ਉਚਾਰਕਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ। ਦੂਜੇ ਪਾਸੇ ਉਨ੍ਹਾਂ ਉਚਾਰਕਾਂ ਨੂੰ ਸੁਸਤ ਉਚਾਰਕ ਅੰਗ ਕਿਹਾ ਜਾਂਦਾ ਹੈ ਜੋ ਆਪਣੀ ਥਾਂ ’ਤੇ ਟਿਕੇ ਰਹਿੰਦੇ ਹਨ। ਚੁਸਤ ਉਚਾਰਕ, ਸੁਸਤ ਉਚਾਰਕਾਂ ਦੇ ਸੰਪਰਕ ਵਿਚ ਆ ਕੇ ਧੁਨੀਆਂ ਦਾ ਉਚਾਰਨ ਕਰਦੇ ਰਹਿੰਦੇ ਹਨ। ਸੁਸਤ ਉਚਾਰਕ ਅੰਗਾਂ ਨੂੰ ਉਚਾਰਨ ਸਥਾਨ ਵੀ ਕਿਹਾ ਜਾਂਦਾ ਹੈ। (ਵੇਖੋ ਉਚਾਰਨ ਸਥਾਨ) ਇਨ੍ਹਾਂ ਦੇ ਘੇਰੇ ਵਿਚ ਉਪਰਲਾ ਬੁੱਲ੍ਹ, ਦੰਦ, ਤਾਲੂ ਦੇ ਸਾਰੇ ਭਾਗ ਆਦਿ ਨੂੰ ਰੱਖਿਆ ਜਾਂਦਾ ਹੈ। ਉਚਾਰਨ ਅੰਗਾਂ ਦੇ ਅਧਾਰ ਤੇ ਭਾਸ਼ਾਈ ਧੁਨੀਆਂ ਦਾ ਵਰਗੀਕਰਨ ਕੀਤਾ ਜਾਂਦਾ ਹੈ। ਇਹ ਅਧਾਰ ਇਸ ਪਰਕਾਰ ਹਨ, ਜਿਵੇਂ : (i) ਉਚਾਰਨ ਸਥਾਨ ਅਤੇ (ii) ਉਚਾਰਨ ਵਿਧੀ। ਸੰਘ ਪੋਲ ਅੱਗੋਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ। ਜਿਵੇਂ : (i) ਨੱਕ ਪੋਲ ਅਤੇ (ii) ਮੂੰਹ ਪੋਲ। ਧੁਨੀਆਂ ਦਾ ਉਚਾਰਨ ਇਨ੍ਹਾਂ ਦੋਹਾਂ ਪੋਲਾਂ ਦੇ ਦਰਮਿਆਨ ਹੁੰਦਾ ਹੈ। ਉਚਾਰਨ ਸਥਾਨ ਦੇ ਪੱਖ ਤੋਂ ਧੁਨੀਆਂ ਨੂੰ ਹੋਂਠੀ, ਦੰਤੀ, ਉਲਟ ਜੀਭੀ, ਤਾਲਵੀ, ਕੰਠੀ, ਸੁਰ-ਯੰਤਰੀ ਆਦਿ ਵਰਗਾਂ ਵਿਚ ਵੰਡਿਆ ਜਾਂਦਾ ਹੈ ਜਦੋਂ ਕਿ ਉਚਾਰਨ ਵਿਧੀ ਦੇ ਅਧਾਰ ਤੇ ਧੁਨੀਆਂ ਨੂੰ ਮੌਖਿਕ, ਨਾਸਕੀ, ਫ਼ਾਰਸੀਵਕ, ਟਰਿਲ, ਫਲੈਪ ਅਤੇ ਸੰਘਰਸ਼ੀ ਆਦਿ ਵਿਚ ਵੰਡਿਆ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.