ਉਚਾਰਨ-ਅੰਗ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਉਚਾਰਨ-ਅੰਗ : ਸਰੀਰ ਦੇ ਜਿਨ੍ਹਾਂ ਅੰਗਾਂ ਨਾਲ ਧੁਨੀਆਂ ਉਚਾਰੀਆਂ ਜਾਂਦੀਆਂ ਹਨ ਉਹਨਾਂ ਨੂੰ ਉਚਾਰਨ-ਅੰਗ ਕਿਹਾ ਜਾਂਦਾ ਹੈ। ਅਸੀਂ ਜੋ ਕੁਝ ਵੀ ਬੋਲਦੇ ਹਾਂ ਉਹ ਉਚਾਰਨ-ਅੰਗਾਂ ਕਰ ਕੇ ਹੀ ਬੋਲਦੇ ਹਾਂ। ਉਚਾਰਨ-ਅੰਗ ਵੱਖ-ਵੱਖ ਧੁਨੀਆਂ ਉਚਾਰਨ ਵਿੱਚ ਆਪਣਾ ਹਿੱਸਾ ਪਾਉਂਦੇ ਹਨ। ਦੂਜੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਚਾਰਨ-ਅੰਗ ਬੋਲਣ ਵਿੱਚ ਮੁੱਖ ਰੋਲ ਅਦਾ ਕਰਦੇ ਹਨ। ਧੁਨੀਆਂ ਦੇ ਉਚਾਰਨ ਬਾਰੇ ਜਾਣਕਾਰੀ ਲੈਣ ਲਈ ਉਚਾਰਨ-ਅੰਗਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਇਹ ਉਚਾਰਨ-ਅੰਗ ਹਨ-ਉਪਰਲਾ ਬੁੱਲ੍ਹ, ਹੇਠਲਾ ਬੁੱਲ੍ਹ, ਉਪਰਲੇ ਦੰਦ, ਹੇਠਲੇ ਦੰਦ, ਜੀਭ ਦੀ ਨੋਕ, ਜੀਭ ਦਾ ਅਗਲਾ ਹਿੱਸਾ, ਜੀਭ ਦਾ ਵਿਚਕਾਰਲਾ ਹਿੱਸਾ, ਜੀਭ ਦਾ ਪਿਛਲਾ ਹਿੱਸਾ, ਦੰਦ ਪਠਾਰ, ਸਖ਼ਤ ਤਾਲੂ, ਨਰਮ ਤਾਲੂ, ਕਾਂ, ਗਲੋਟਿਸ ਅਤੇ ਨਾਦ-ਤੰਦਾਂ। ਦੋਵੇਂ ਬੁੱਲ੍ਹ ਵੱਖ- ਵੱਖ ਧੁਨੀਆਂ ਦੇ ਉਚਾਰਨ ਲਈ ਇੱਕ ਦੂਜੇ ਨੂੰ ਛੂੰਹਦੇ ਹਨ। / ਪ, ਫ, ਬ / ਧੁਨੀਆਂ ਦੇ ਉਚਾਰਨ ਵੇਲੇ ਦੋਵੇਂ ਬੁੱਲ੍ਹ ਆਪਸ ਵਿੱਚ ਜੁੜ ਜਾਂਦੇ ਹਨ। ਇਹ ਫੇਫੜਿਆਂ ਵਿੱਚੋਂ ਆਉਂਦੀ ਹਵਾ ਨੂੰ ਰੋਕ ਲੈਂਦੇ ਹਨ। ਜਦੋਂ ਇਹ ਪਰ੍ਹੇ ਹਟਦੇ ਹਨ ਤਾਂ / ਪ, ਫ, ਬ / ਧੁਨੀਆਂ ਦਾ ਉਚਾਰਨ ਹੁੰਦਾ ਹੈ। ਮੂੰਹ ਵਿੱਚ ਰੋਕੀ ਹਵਾ ਬੁੱਲ੍ਹਾਂ ਦੇ ਖੁੱਲ੍ਹਣ ਨਾਲ ਤੇਜ਼ੀ ਨਾਲ ਬਾਹਰ ਨਿਕਲ ਜਾਂਦੀ ਹੈ। / ਮ / ਧੁਨੀ ਦੇ ਉਚਾਰਨ ਵੇਲੇ ਵੀ ਬੁੱਲ੍ਹ ਆਪਸ ਵਿੱਚ ਜੁੜ ਜਾਂਦੇ ਹਨ ਪਰ ਇਹਨਾਂ ਦੇ ਖੁੱਲ੍ਹਣ ਤੋਂ ਬਾਅਦ ਹਵਾ ਮੂੰਹ ਅਤੇ ਨੱਕ ਰਾਹੀਂ ਬਾਹਰ ਨਿਕਲਦੀ ਹੈ ਜਿਸ ਕਰ ਕੇ ਇਸ ਨੂੰ ਨਾਸਕੀ ਧੁਨੀ ਕਿਹਾ ਜਾਂਦਾ ਹੈ। / ਵ / ਅਤੇ / ਫ਼ / ਧੁਨੀਆਂ ਦੇ ਉਚਾਰਨ ਵੇਲੇ ਹੇਠਲਾ ਬੁੱਲ੍ਹ ਉਪਰਲੇ ਦੰਦਾਂ ਨੂੰ ਛੂੰਹਦਾ ਹੈ ਜਿਸ ਕਰ ਕੇ ਹਵਾ ਰਗੜ ਖਾ ਕੇ ਬਾਹਰ ਨਿਕਲਦੀ ਹੈ। ਦੰਦ ਵੀ ਵੱਖ-ਵੱਖ ਧੁਨੀਆਂ ਦੇ ਉਚਾਰਨ ਵਿੱਚ ਸਹਾਇਕ ਹੁੰਦੇ ਹਨ। ਉਪਰਲੇ ਦੰਦਾਂ `ਤੇ ਜੀਭ ਨਾਲ ਹਵਾ ਨੂੰ ਰੋਕ ਪਾਈ ਜਾਂਦੀ ਹੈ ਅਤੇ ਜਦੋਂ ਹਵਾ ਬਾਹਰ ਨਿਕਲਦੀ ਹੈ ਤਾਂ / ਤ, ਥ, ਦ / ਧੁਨੀਆਂ ਦਾ ਉਚਾਰਨ ਹੁੰਦਾ ਹੈ। ਇਹਨਾਂ ਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ। ਜੀਭ ਦੇ ਵੱਖ-ਵੱਖ ਹਿੱਸੇ, ਵੱਖ-ਵੱਖ ਧੁਨੀਆਂ ਉਚਾਰਨ ਵਿੱਚ ਮਦਦ ਕਰਦੇ ਹਨ। ਜਦੋਂ ਜੀਭ ਦੀ ਨੋਕ ਪੁੱਠੀ ਹੋ ਕੇ ਸਖ਼ਤ ਤਾਲੂ ਨੂੰ ਛੂੰਹਦੀ ਹੈ ਅਤੇ ਫਿਰ ਇਕਦਮ ਅੱਗੇ ਨੂੰ ਆ ਕੇ ਗਿਰਦੀ ਹੈ ਅਤੇ ਅਜਿਹੀ ਸਥਿਤੀ ਵਿੱਚ ਮੂੰਹ ਵਿੱਚ ਰੁਕੀ ਹੋਈ ਹਵਾ ਬਾਹਰ ਨਿਕਲਦੀ ਹੈ ਤਾਂ ਪੰਜਾਬੀ ਦੀਆਂ / ਟ, ਠ, ਡ / ਧੁਨੀਆਂ ਦਾ ਉਚਾਰਨ ਹੁੰਦਾ ਹੈ। ਇਹਨਾਂ ਨੂੰ ਉਲਟ ਜੀਭੀ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਦੀਆਂ / ਤ, ਥ, ਦ / ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ ਦੰਦ ਪਠਾਰ ਨੂੰ ਛੂੰਹਦਾ ਹੈ। ਜਦੋਂ ਜੀਭ ਦਾ ਵਿਚਕਾਰਲਾ ਹਿੱਸਾ ਸਖ਼ਤ ਤਾਲੂ ਨੂੰ ਛੂੰਹਦਾ ਹੈ ਤਾਂ ਤਾਲਵੀ ਧੁਨੀਆਂ / ਚ, ਛ, ਜ/ ਦਾ ਉਚਾਰਨ ਹੁੰਦਾ ਹੈ ਅਤੇ ਜਦੋਂ ਜੀਭ ਦਾ ਪਿਛਲਾ ਹਿੱਸਾ ਨਰਮ ਤਾਲੂ ਨੂੰ ਛੂੰਹਦਾ ਹੈ ਤਾਂ / ਕ, ਖ, ਗ / ਧੁਨੀਆਂ ਦਾ ਉਚਾਰਨ ਹੁੰਦਾ ਹੈ। ਇਹਨਾਂ ਨੂੰ ਕੰਠੀ ਧੁਨੀਆਂ ਕਿਹਾ ਜਾਂਦਾ ਹੈ। ਦੰਦ ਪਠਾਰ ਦੰਦ ਦੇ ਪਿਛਲੇ ਹਿੱਸੇ ਵਾਲੇ ਸਥਾਨ ਨੂੰ ਕਿਹਾ ਜਾਂਦਾ ਹੈ। ਇਸ ਸਥਾਨ ਉੱਤੇ ਪੰਜਾਬੀ ਦੀਆਂ / ਲ / ਅਤੇ / ਸ / ਧੁਨੀਆਂ ਦਾ ਉਚਾਰਨ ਹੁੰਦਾ ਹੈ। ਦੰਦ ਪਠਾਰ ਦੇ ਬਿਲਕੁਲ ਨਾਲ ਲੱਗਦੇ ਪਿਛਲੇ ਹਿੱਸੇ ਨੂੰ ਸਖ਼ਤ ਤਾਲੂ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਦੀ / ਚ / ਅਤੇ ਹਿੰਦੀ ਭਾਸ਼ਾ ਦੀ / ਯ / ਧੁਨੀ ਇਸੇ ਸਥਾਨ ਉੱਤੇ ਉਚਾਰੀ ਜਾਂਦੀ ਹੈ। ਸਖ਼ਤ ਤਾਲੂ ਤੋਂ ਅਗਲੇ ਹਿੱਸੇ ਨੂੰ ਨਰਮ ਤਾਲੂ ਕਿਹਾ ਜਾਂਦਾ ਹੈ। / ਕ, ਗ / ਆਦਿ ਧੁਨੀਆਂ ਇਸੇ ਸਥਾਨ ਤੋਂ ਉਚਾਰੀਆਂ ਜਾਂਦੀਆਂ ਹਨ। ਜਦੋਂ ਧੁਨੀਆਂ ਦਾ ਉਚਾਰਨ ਨਾਦ ਤੰਦਾਂ ਦੇ ਵਿਚਕਾਰਲੀ ਵਿੱਥ ਭਾਵ ਗਲੋਟਿਸ ਤੇ ਆਧਾਰਿਤ ਹੁੰਦਾ ਹੈ ਤਾਂ ਇਹਨਾਂ ਧੁਨੀਆਂ ਨੂੰ ਸੁਰਯੰਤਰੀ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਦੀ / ਹ / ਧੁਨੀ ਸੁਰਯੰਤਰੀ ਧੁਨੀ ਹੈ। ਨਾਦ ਤੰਦਾਂ, ਸਾਹ ਨਾਲੀ ਦੇ ਉਪਰਲੇ ਪਾਸੇ ਉੱਤੇ ਜੁੜੀਆਂ ਹੁੰਦੀਆਂ ਹਨ। ਇਹਨਾਂ ਦੀ ਸ਼ਕਲ ਬੁੱਲ੍ਹਾਂ ਵਰਗੀ ਹੁੰਦੀ ਹੈ। ਫੇਫੜਿਆਂ ਵਿੱਚੋਂ ਆਉਂਦੀ ਹਵਾ ਇਹਨਾਂ ਨਾਦ-ਤੰਦਾਂ ਵਿੱਚੋਂ ਲੰਘ ਕੇ ਇਹਨਾਂ ਵਿੱਚ ਕਾਂਬਾ ਪੈਦਾ ਕਰ ਸਕਦੀ ਹੈ ਜਿਸ ਨਾਲ ਨਾਦੀ ਧੁਨੀਆਂ ਪੈਦਾ ਹੁੰਦੀਆਂ ਹਨ। / ਪ / ਅਤੇ / ਬ / ਵਿੱਚ ਸਿਰਫ਼ ਇਹੀ ਫ਼ਰਕ ਹੈ ਕਿ / ਪ / ਅਨਾਦੀ (ਨਾਦ-ਰਹਿਤ) ਹੈ ਪਰ / ਬ /ਨਾਦੀ। ਧੁਨੀਆਂ ਦੇ ਉਚਾਰਨ ਵੇਲੇ ਇਹਨਾਂ ਦੀਆਂ ਤਿੰਨ ਸਥਿਤੀਆਂ ਹੋ ਸਕਦੀਆਂ ਹਨ। ਇਹ ਜਾਂ ਤਾਂ ਇੱਕ ਦੂਜੇ ਦੇ ਨੇੜੇ ਹੁੰਦੀਆਂ ਹਨ ਜਾਂ ਇੱਕ ਦੂਜੇ ਤੋਂ ਦੂਰ ਹੁੰਦੀਆਂ ਹਨ ਜਾਂ ਫਿਰ ਇੱਕ ਦੂਜੇ ਨਾਲ ਜੁੜ ਜਾਂਦੀਆਂ ਹਨ। ਜਦੋਂ ਇਹ ਇੱਕ ਦੂਜੇ ਤੋਂ ਦੂਰ ਹੁੰਦੀਆਂ ਹਨ ਤਾਂ ਹਵਾ ਬਿਨਾਂ ਕਿਸੇ ਰੋਕ ਜਾਂ ਕਾਬੇ ਦੇ ਬਾਹਰ ਨਿਕਲ ਜਾਂਦੀ ਹੈ। ਅਜਿਹੀਆਂ ਧੁਨੀਆਂ ਨੂੰ ਅਨਾਦੀ (ਅਘੋਸ਼) ਧੁਨੀਆਂ ਕਿਹਾ ਜਾਂਦਾ ਹੈ। ਜਦੋਂ ਇਹ ਇੱਕ ਦੂਜੇ ਦੇ ਨੇੜੇ ਹੁੰਦੀਆਂ ਹਨ ਤਾਂ ਤੰਗ ਥਾਂ ਹੋਣ ਕਰ ਕੇ ਹਵਾ ਰਗੜ ਖਾ ਕੇ ਬਾਹਰ ਨਿਕਲਦੀ ਹੈ। ਜਿਸ ਕਰ ਕੇ ਨਾਦ ਤੰਤਾਂ ਵਿੱਚ ਥਰਥਰਾਹਟ ਪੈਦਾ ਹੁੰਦੀ ਹੈ। ਅਜਿਹੀਆਂ ਧੁਨੀਆਂ ਨੂੰ ਨਾਦੀ (ਸਘੋਸ਼) ਧੁਨੀਆਂ ਕਿਹਾ ਜਾਂਦਾ ਹੈ। ਜਦੋਂ ਇਹ ਆਪਸ ਵਿੱਚ ਜੁੜ ਜਾਂਦੀਆਂ ਹਨ ਤਾਂ ਹਵਾ ਝਟਕੇ ਨਾਲ ਬਾਹਰ ਨਿਕਲਦੀ ਹੈ ਅਜਿਹੀ ਧੁਨੀ ਨੂੰ ਸੁਰਯੰਤਰੀ ਧੁਨੀ ਕਿਹਾ ਜਾਂਦਾ ਹੈ। ਫ਼ਾਰਸੀ ਭਾਸ਼ਾ ਦੀ / ਖ਼ / ਧੁਨੀ ਅਜਿਹੀ ਧੁਨੀ ਹੈ।
ਲੇਖਕ : ਦਵਿੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First