ਉਤਪਾਦਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਤਪਾਦਨ [ਨਾਂਪੁ] ਪੈਦਾਵਾਰ, ਉਪਜ; ਉਤਪਤੀ, ਨਿਰਮਾਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਤਪਾਦਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਤਪਾਦਨ. उत्पादन. ਸੰਗ੍ਯਾ—ਉਤਪੰਨ ਕਰਨਾ. ਪੈਦਾ ਕਰਨ ਦੀ ਕ੍ਰਿਯਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਤਪਾਦਨ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਉਤਪਾਦਨ : ਅਠਾਰਵੀਂ ਸਦੀ ਅੱਧ ਤੋਂ ਪਹਿਲਾਂ ਉਤਪਾਦਨ (Production) ਦਾ ਕੋਈ ਮਹੱਤਵਪੂਰਨ ਸਿਧਾਂਤ ਹੋਂਦ ਵਿੱਚ ਨਹੀਂ ਸੀ। ਇਸ ਤੋਂ ਪਹਿਲਾਂ ਉਤਪਾਦਨ ਸ਼ਬਦ ਸੌੜੇ ਅਰਥਾਂ ਵਿੱਚ ਵਰਤਿਆ ਜਾਂਦਾ ਸੀ। ਜਿਸਦਾ ਅਰਥ ਸੀ ਨਵੇਂ ਭੌਤਿਕ ਪਦਾਰਥ ਪੈਦਾ ਕਰਨਾ। ਇਸ ਲਈ ਇਹ ਆਮ ਤੌਰ ’ਤੇ ਭੂਮੀ ਤੋਂ ਪੈਦਾ ਹੋਈਆਂ ਵਸਤੂਆਂ ਤੱਕ ਹੀ ਸੀਮਤ ਸੀ। ਫ਼੍ਰਾਂਸੀਸੀ ਅਰਥ-ਵਿਗਿਆਨੀਆਂ ਦੀਆਂ ਲਿਖਤਾਂ ਨਾਲ ਉਤਪਾਦਨ ਦੀ ਧਾਰਨਾ ਨੂੰ ਠੀਕ ਤਕਨੀਕੀ ਅਰਥ ਮਿਲੇ। ਇਸ ਤੋਂ ਬਾਅਦ ਉਤਪਾਦਨ ਰਾਜਨੀਤਿਕ ਆਰਥਿਕਤਾ ਦਾ ਮੁੱਖ ਵਿਸ਼ਾ ਬਣਿਆ। ਆਖ਼ਰਕਾਰ, ਮਾਰਕਸਵਾਦੀ ਅਰਥ-ਵਿਗਿਆਨ ਵਿੱਚ ਉਤਪਾਦਨ ਵਿਸ਼ਲੇਸ਼ਣ ਨੇ ਸਮਾਜਿਕ ਤਬਦੀਲੀ ਦੇ ਪੂਰੇ ਸਿਧਾਂਤ ਦੇ ਨੀਂਹ ਪੱਥਰ ਦਾ ਰੁਤਬਾ ਪ੍ਰਾਪਤ ਕੀਤਾ।

ਆਮ ਤੌਰ ’ਤੇ ਅਰਥ-ਵਿਗਿਆਨ ਦੇ ਅਧਿਐਨ ਨੂੰ ਉਤਪਾਦਨ, ਉਪਭੋਗ, ਵਟਾਂਦਰਾ, ਵੰਡ ਅਤੇ ਜਨਤਿਕ ਵਿੱਤ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇਸ ਤਰ੍ਹਾਂ ਉਤਪਾਦਨ ਅਰਥ-ਵਿਗਿਆਨ ਦਾ ਇੱਕ ਮੁੱਖ ਵਿਸ਼ਾ ਬਣ ਜਾਂਦਾ ਹੈ। ਅਰਥ-ਵਿਗਿਆਨ ਵਿੱਚ ਉਤਪਾਦਨ ਤੋਂ ਭਾਵ ਉਹ ਤੁਸ਼ਟੀਗੁਣ ਹੁੰਦਾ ਹੈ, ਜੋ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਲਈ ਪੈਦਾ ਕੀਤਾ ਜਾਂਦਾ ਹੈ। ਉਤਪਾਦਨ ਦਾ ਅਰਥ ਹਰ ਤਰ੍ਹਾਂ ਦਾ ਤੁਸ਼ਟੀਗੁਣ ਪੈਦਾ ਕਰਨਾ ਨਹੀਂ ਹੁੰਦਾ ਸਗੋਂ ਉਹ ਤੁਸ਼ਟੀਗੁਣ ਪੈਦਾ ਕਰਨਾ ਹੁੰਦਾ ਹੈ, ਜਿਸਦਾ ਵਟਾਂਦਰਾ ਮੁੱਲ ਅਤੇ ਵਰਤੋਂ ਮੁੱਲ ਹੋਵੇ। ਪੈਦਾਵਾਰ ਨੂੰ ਉਤਪਾਦਨ ਓਦੋਂ ਹੀ ਕਿਹਾ ਜਾਵੇਗਾ, ਜਦੋਂ ਇਹ ਅੰਤਿਮ ਉਪਭੋਗ ਲਈ ਉਪਭੋਗੀਆਂ ਦੇ ਹੱਥਾਂ ਵਿੱਚ ਪਹੁੰਚ ਜਾਵੇ। ਇਸ ਤਰ੍ਹਾਂ ਉਤਪਾਦਨ ਵਸਤੂ ਨਿਰਮਾਣ ਸਥਾਨ ਅਤੇ ਸਮਾਂ ਤੁਸ਼ਟੀਗੁਣਾਂ ਰਾਹੀਂ ਪੈਦਾ ਕੀਤਾ ਜਾ ਸਕਦਾ ਹੈ।

ਕਿਸੇ ਵਸਤੂ ਦਾ ਉਤਪਾਦਨ ਸਾਧਨਾਂ ਦੀ ਮਾਤਰਾ ਅਤੇ ਉਤਪਾਦਨ ਦੀ ਤਕਨੀਕ ਤੇ ਨਿਰਭਰ ਕਰਦਾ ਹੈ। ਵਸਤੂਆਂ ਦੇ ਉਤਪਾਦਨ ਵਿੱਚ ਵਾਧਾ ਕਰਨ ਲਈ ਸਾਧਨਾਂ ਦੀ ਮਾਤਰਾ ਵਿੱਚ ਵਾਧਾ ਕਰਨਾ ਜਾਂ ਉਤਪਾਦਨ ਦੀ ਤਕਨੀਕ ਵਿੱਚ ਸੁਧਾਰ ਕਰਨਾ ਜਾਂ ਦੋਵੇਂ ਇਕੱਠੇ ਕਰਨਾ ਜ਼ਰੂਰੀ ਹੁੰਦੇ ਹਨ।

ਕਿਸੇ ਵੀ ਆਰਥਿਕਤਾ ਵਿੱਚ ਉਤਪਾਦਨ ਮੁੱਖ ਤੌਰ ’ਤੇ ਤਿੰਨ ਖੇਤਰਾਂ ਵਿੱਚ ਹੁੰਦਾ ਹੈ। ਇਹ ਤਿੰਨ ਖੇਤਰ ਹਨ; ਮੁਢਲਾ ਉਤਪਾਦਨ (Primary), ਮੁਢਲਾ ਖੇਤਰ (Primary Sector), ਗੌਣ ਖੇਤਰ (Secondary School), ਉਤਪਾਦਨ ਤੇ ਸੇਵਾਵਾਂ ਦਾ ਖੇਤਰ (Tertiary School) ਉੁਤਪਾਦਨ ਹੁੰਦੀਆਂ ਹਨ। ਆਰਥਿਕਤਾ ਦਾ ਉਹ ਹਿੱਸਾ, ਜਿਸਦਾ ਸੰਬੰਧ ਖੇਤੀ-ਬਾੜੀ, ਜੰਗਲ ਅਤੇ ਖਾਣਾਂ ਨਾਲ ਹੋਵੇ, ਮੁਢਲਾ ਉਤਪਾਦਨ ਅਖਵਾਉਂਦੀ ਹੈ। ਉਸਾਰੀ, ਸ਼ਕਤੀ ਅਤੇ ਉਦਯੋਗਿਕ ਕਿਰਿਆਵਾਂ ਸੰਬੰਧੀ ਆਰਥਿਕਤਾ ਦਾ ਹਿੱਸਾ ਗੌਣ ਉਤਪਾਦਨ ਵਿੱਚ ਆਉਂਦਾ ਹੈ। ਆਰਥਿਕਤਾ ਦਾ ਉਹ ਹਿੱਸਾ, ਜਿਸ ਦਾ ਸੰਬੰਧ ਆਵਾਜਾਈ, ਬੈਂਕਿੰਗ, ਸੰਚਾਰ ਆਦਿ ਸੇਵਾਵਾਂ ਨਾਲ ਹੁੰਦਾ ਹੈ, ਸੇਵਾਵਾਂ ਦਾ ਖੇਤਰ ਅਖਵਾਉਂਦਾ ਹੈ।

ਉਤਪਾਦਨ ਦੋ ਤਰ੍ਹਾਂ ਦਾ ਹੁੰਦਾ ਹੈ-ਸਿੱਧਾ ਉਤਪਾਦਨ ਅਤੇ ਅਸਿੱਧਾ ਉਤਪਾਦਨ। ਜਿਹੜਾ ਉਤਪਾਦਨ ਉਤਪਾਦਕ ਦੀਆਂ ਆਪਣੀਆਂ ਲੋੜਾਂ ਨੂੰ ਸਿੱਧੇ ਤੌਰ ’ਤੇ ਸੰਤੁਸ਼ਟ ਕਰਨ ਲਈ ਕੀਤਾ ਜਾਂਦਾ ਹੈ, ਉਸਨੂੰ ਸਿੱਧਾ ਉਤਪਾਦਨ ਕਹਿੰਦੇ ਹਨ। ਦੂਸਰੇ ਵਿਅਕਤੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੀਤੇ ਜਾਣ ਵਾਲੇ ਉਤਪਾਦਨ ਨੂੰ ਅਸਿੱਧਾ ਉਤਪਾਦਨ ਆਖਦੇ ਹਨ।

ਉਤਪਾਦਨ ਦੇ ਸਾਧਨਾਂ ਨੂੰ ਚਾਰ ਭਾਗਾਂ-ਭੂਮੀ, ਕਿਰਤ, ਪੂੰਜੀ ਅਤੇ ਉੱਦਮੀ ਵਿੱਚ ਵੰਡਿਆ ਜਾ ਸਕਦਾ ਹੈ। ਅਰਥ-ਵਿਗਿਆਨ ਵਿੱਚ ਭੂਮੀ ਦਾ ਅਰਥ ਕੁਦਰਤ ਵੱਲੋਂ ਮਿਲੇ ਸਾਰੇ ਮੁਫ਼ਤ ਉਪਹਾਰ ਹੁੰਦੇ ਹਨ, ਜਿਨ੍ਹਾਂ ਵਿੱਚ ਭੂਮੀ ਦੀ ਸਤ੍ਹਾ ਵਾਲੇ,  ਸਤ੍ਹਾ ਤੋਂ ਹੇਠਲੇ ਅਤੇ ਸਤ੍ਹਾ ਤੋਂ ਉੱਪਰਲੇ ਸਾਰੇ ਤੱਤ ਸ਼ਾਮਲ ਹੁੰਦੇ ਹਨ। ਭੂਮੀ ਦੀਆਂ ਆਪਣੀਆਂ ਕੁਝ ਖ਼ਾਸ ਵਿਸ਼ੇਸ਼ਤਾਈਆਂ ਹੁੰਦੀਆਂ ਹਨ, ਜਿਵੇਂ ਭੂਮੀ ਉਤਪਾਦਨ ਦਾ ਮੌਲਿਕ ਸਾਧਨ ਹੈ, ਭੂਮੀ ਦੀ ਪੂਰਤੀ ਸੀਮਤ ਹੁੰਦੀ ਹੈ, ਭੂਮੀ ਅਨਾਸ਼ਵਾਨ ਅਤੇ ਗਤੀਹੀਨ ਹੁੰਦੀ ਹੈ। ਭੂਮੀ ਤੋਂ ਬਿਨਾਂ ਕਿਸੇ ਵੀ ਖੇਤਰ-ਮੁਢਲਾ ਖੇਤਰ, ਗੌਣ ਖੇਤਰ ਅਤੇ ਟਰਸ਼ਰੀ ਭਾਵ ਸੇਵਾਵਾਂ ਦੇ ਖੇਤਰ-ਵਿੱਚ ਉਤਪਾਦਨ ਨਹੀਂ ਹੋ ਸਕਦਾ। ਕਿਸੇ ਵਸਤੂ ਜਾਂ ਸੇਵਾ ਨੂੰ ਪ੍ਰਾਪਤ ਕਰਨ ਲਈ ਕੀਤਾ ਗਿਆ ਕੋਈ ਸਰੀਰਕ ਜਾਂ ਦਿਮਾਗੀ ਕੰਮ ਕਿਰਤ ਅਖਵਾਉਂਦਾ ਹੈ। ਕਿਰਤ ਦੀਆਂ ਆਪਣੀਆਂ ਕੁਝ ਖ਼ਾਸ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਜਿਵੇਂ ਕਿਰਤੀ ਆਪਣੀ ਕੰਮ ਕਰਨ ਦੀ ਸ਼ਕਤੀ ਨੂੰ ਵੇਚਦਾ ਹੈ, ਕਿਰਤ ਨਾਸ਼ਵਾਨ ਹੈ, ਕਿਰਤੀ ਗਤੀਸ਼ੀਲ ਹੁੰਦੇ ਹਨ ਅਤੇ ਵੱਖ-ਵੱਖ ਕਿਰਤੀਆਂ ਦੀ ਕਾਰਜਕੁਸ਼ਲਤਾ ਵੱਖ-ਵੱਖ ਹੁੰਦੀ ਹੈ। ਪੂੰਜੀ ਧਨ ਦਾ ਉਹ ਭਾਗ ਹੁੰਦੀ ਹੈ ਜੋ ਉਤਪਾਦਨ/ਆਮਦਨ ਪੈਦਾ ਕਰਦੀ ਹੈ। ਇਹ ਵੱਖ-ਵੱਖ ਰੂਪਾਂ ਵਿੱਚ ਪਾਈ ਜਾਂਦੀ ਹੈ ਜਿਵੇਂ ਚੱਲ ਤੇ ਅਚੱਲ, ਭੌਤਿਕ ਤੇ ਅਭੌਤਿਕ, ਨਿੱਜੀ ਤੇ ਸਮਾਜਿਕ, ਘਰੇਲੂ ਤੇ ਵਿਦੇਸ਼ੀ। ਪੂੰਜੀ ਕਿਰਤੀਆਂ ਦੀ ਕਾਰਜਕੁਸ਼ਲਤਾ ਅਤੇ ਭੂਮੀ ਦੀ ਉਤਪਾਦਿਕਤਾ ਨੂੰ ਵਧਾਉਂਦੀ ਹੈ। ਕੋਈ ਵੀ ਉਤਪਾਦਨ ਕਰਨ ਲਈ ਜੋ ਵਿਅਕਤੀ ਜੋਖਮ ਸਹਿਨ ਅਤੇ ਭੂਮੀ, ਕਿਰਤ ਤੇ ਪੂੰਜੀ ਨੂੰ ਇਕੱਠਾ ਅਤੇ ਕੰਟ੍ਰੋਲ ਕਰਨ ਦਾ ਕੰਮ ਕਰਦਾ ਹੈ, ਉਸ ਨੂੰ ਉੱਦਮੀ ਕਹਿੰਦੇ ਹਨ। ਉੱਦਮੀ ਉਤਪਾਦਨ ਦੇ ਦੂਜੇ ਸਾਧਨਾਂ ਨੂੰ ਇਕੱਠਾ ਕਰਕੇ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕਰਦਾ ਹੈ।

ਬਹੁਤ ਸਾਰੇ ਤੱਤ ਉਤਪਾਦਨ ਨੂੰ ਪ੍ਰਭਾਵਿਤ ਕਰਦੇ ਹਨ। ਇਹਨਾਂ ਵਿੱਚ ਕਿਸੇ ਦੇਸ ਵਿੱਚ ਮਿਲਦੇ ਕੁਦਰਤੀ ਸਾਧਨ ਤੇ ਉਹਨਾਂ ਦੀ ਵਰਤੋਂ, ਮਨੁੱਖੀ ਸਾਧਨਾਂ ਦੀ ਕਾਰਜਕੁਸ਼ਲਤਾ ਤੇ ਯੋਗਤਾ, ਪੂੰਜੀ, ਉੱਦਮੀ ਦੇ ਗੁਣ, ਤਕਨੀਕ ਦਾ ਵਿਕਾਸ, ਸਮਾਜਿਕ ਮਾਹੌਲ, ਰਾਜਨੀਤਿਕ ਸਥਿਰਤਾ ਜਾਂ ਅਸਥਿਰਤਾ, ਵਿਦੇਸ਼ੀ ਵਪਾਰ, ਵਿਦੇਸ਼ਾਂ ਨਾਲ ਸੰਬੰਧ, ਸਰਕਾਰ ਦੀਆਂ ਆਰਥਿਕ ਨੀਤੀਆਂ ਆਦਿ ਸ਼ਾਮਲ ਹਨ।

ਦੇਸ ਦੀ ਆਰਥਿਕ ਉਨਤੀ ਵਿੱਚ ਉਤਪਾਦਨ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਉਤਪਾਦਨ ਸਾਰੀਆਂ ਆਰਥਿਕ ਕਿਰਿਆਵਾਂ ਦਾ ਆਧਾਰ ਹੁੰਦਾ ਹੈ। ਕਿਸੇ ਦੇਸ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਮਿਆਰ ਦਾ ਉਹਨਾਂ ਦੇ ਉਪਭੋਗ ਦੇ ਪੱਧਰ ਤੋਂ ਪਤਾ ਲਗਦਾ ਹੈ। ਲੋਕਾਂ ਦਾ ਉਪਭੋਗ ਦਾ ਪੱਧਰ ਉਤਪਾਦਨ ਦੇ ਪੱਧਰ ਉੱਪਰ ਨਿਰਭਰ ਕਰਦਾ ਹੈ। ਉਤਪਾਦਨ ਵਿੱਚ ਵਾਧੇ ਨਾਲ ਰਾਸ਼ਟਰੀ ਆਮਦਨ ਕਲਿਆਣ ਵਿੱਚ ਵਾਧਾ ਹੁੰਦਾ ਹੈ। ਆਮ ਤੌਰ ’ਤੇ ਸਰਬ-ਜਨਿਕ ਆਮਦਨ ਦਾ ਮੁੱਖ ਸੋਮਾ ਕਰ ਹੁੰਦੇ ਹਨ ਅਤੇ ਉਤਪਾਦਨ ਦੇ ਵਧਣ ਨਾਲ ਇਹਨਾਂ ਕਰਾਂ ਤੋਂ ਸਰਬ-ਜਨਿਕ ਆਮਦਨ ਵਿੱਚ ਵਾਧਾ ਹੁੰਦਾ ਹੈ। ਦੇਸ ਦੀ ਆਰਥਿਕ ਉਨਤੀ ਵਿੱਚ ਵਪਾਰ ਦਾ ਇੱਕ ਖ਼ਾਸ ਯੋਗਦਾਨ ਹੁੰਦਾ ਹੈ। ਉਤਪਾਦਨ ਦਾ ਪੱਧਰ ਘਰੇਲੂ ਅਤੇ ਵਿਦੇਸ਼ੀ ਵਪਾਰ ਦੇ ਪੱਧਰ ਨੂੰ ਨਿਰਧਾਰਿਤ ਕਰਦਾ ਹੈ। ਉਤਪਾਦਨ ਦੇ ਵਧਣ ਨਾਲ ਘਰੇਲੂ ਅਤੇ ਵਿਦੇਸ਼ੀ ਵਪਾਰ ਵਿੱਚ ਵਾਧਾ ਹੁੰਦਾ ਹੈ, ਜਿਸ ਨਾਲ ਦੇਸ ਖ਼ੁਸ਼ਹਾਲ ਹੁੰਦਾ ਹੈ।


ਲੇਖਕ : ਗਿਆਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 6860, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-21-10-42-14, ਹਵਾਲੇ/ਟਿੱਪਣੀਆਂ:

ਉਤਪਾਦਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉਤਪਾਦਨ, ਸੰਸਕ੍ਰਿਤ (ਉਤਪਾਦਕ) / ਪੁਲਿੰਗ  : ਉਤਪੰਨ ਕਰਨਾ, ਪੈਦਾ ਕਰਨਾ (ਲਾਗੂ ਕਿਰਿਆ : ਕਰਨਾ, ਹੋਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-23-03-13-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.