ਉਦਯੋਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਦਯੋਗ [ਨਾਂਪੁ] ਸਨਅਤ, ਕਾਰਖ਼ਾਨਾ, ਫ਼ੈਕਟਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਦਯੋਗ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Industry_ਉਦਯੋਗ: ਮਨੁਖੀ ਸਰਗਰਮੀ ਦਾ ਹਰ ਅਜਿਹਾ ਰੂਪ ਜਾਂ ਪੱਖ ਉਦਯੋਗ ਹੈ ਜਿਸ ਵਿਚ ਪੂੰਜੀ ਅਤੇ ਕਿਰਤ ਸਹਿਯੋਗੀ ਬਣਦੇ ਹਨ ਜਾਂ ਨਿਯੋਜਕ ਅਤੇ ਨਿਯੋਜਤ ਇਕ ਦੂਜੇ ਦੀ ਸਹਾਇਤਾ ਕਰਦੇ ਹਨ। ਉਦਯੋਗ ਦਾ ਨਿਖੇੜਾ ਕਰੂ ਲਛਣ ਇਹ ਹੈ ਕਿ ਮਾਲ ਦੇ ਉਤਪਾਦਨ ਜਾਂ ਸੇਵਾ ਕਰਨ ਲਈ ਪੂੰਜੀ ਅਤੇ ਕਿਰਤ ਜਾਂ ਨਿਯੋਜਕ ਅਤੇ ਉਸ ਦੇ ਨਿਯੋਜਤਾਂ ਵਿਚਕਾਰ ਸਹਿਯੋਗ ਸਿੱਧਾ ਅਤੇ ਤਤਵਿਕ ਹੋਵੇ (ਨੈਸ਼ਨਲ ਯੂਨੀਅਨ ਔਫ਼ ਕਮਰਸ਼ਲ ਐਂਪਲਾਈਜ਼ ਬਨਾਮ ਐਮ.ਆਰ.ਮੇਹਰ, ਉਦਯੋਗਕ ਟ੍ਰਿਬਿਊਨਲ ਬੰਬੇ-ਏ ਆਈ ਆਰ 1962 ਐਸ ਸੀ 1080)। ‘ਦ ਇੰਡਸਟਰੀਅਲ ਡਿਸਪਿਊਟਸ ਐਕਟ, 1947 ਦੀ ਧਾਰਾ 2(ਜੇ) ਵਿਚ ਦਿੱਤੀ ਉਦਯੋਗ ਦੀ ਪਰਿਭਾਸ਼ਾ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਅਨੁਸਾਰ ਉਦਯੋਗ ਦਾ ਮਤਲਬ ਹੈ ਕੋਈ ਮਾਲਕ ਦਾ ਕਾਰ-ਵਿਹਾਰ, ਟਰੇਡ, ਉਪਕ੍ਰਮ (undertaking) ਨਿਰਮਾਣ ਜਾਂ ਕਿੱਤਾ ਅਤੇ ਦੂਜੇ ਭਾਗ ਵਿਚ ਕਿਹਾ ਗਿਆ ਹੈ ਕਿ ਇਸ ਵਿਚ ਕਾਮਗਾਰਾਂ ਦਾ ਕੋਈ ਧੰਦਾ , ਸੇਵਾ, ਰੋਜ਼ਗਾਰ , ਦਸਤਕਾਰੀ ਜਾਂ ਉਦਯੋਗਕ ਕੰਮ ਅਤੇ ਕਿੱਤਾ ਸ਼ਾਮਲ ਹੈ।

       ਬੰਗਲੋਰ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਬਨਾਮ ਏ. ਰਾਜੱਪਾ (ਏ ਆਈ ਆਰ 1978 ਐਸ ਸੀ 548) ਵਿਚ ਕਿਹਾ ਗਿਆ ਹੈ ਕਿ ਧਾਰਾ 2 (ਜੇ) ਵਿਚ ਯਥਾ-ਪਰਿਭਾਸ਼ਤ ਉਦਯੋਗ ਦੇ ਅਰਥ ਕਾਫ਼ੀ ਵਿਸ਼ਾਲ ਹਨ। ਜਿਥੇ ਕਿਤੇ (1) ਪ੍ਰਣਾਲੀ ਬੱਧ ਸਰਗਰਮੀ ਹੈ (2) ਉਹ ਸਰਗਰਮੀ ਮਾਲਕ ਅਤੇ ਕਾਮਿਆਂ ਦੇ ਸਹਿਯੋਗ ਦਾ ਫਲ ਹੈ, (3) ਉਹ ਸਰਗਰਮੀ ਮਾਲ ਉਤਪਾਦਨ ਕਰਨ ਅਤੇ ਵੰਡਣ ਨਾਲ ਜਾ ਮਨੁੱਖੀ ਲੋੜਾਂ ਪੂਰੀਆਂ ਕਰਨ ਲਈ ਸੇਵਾਵਾਂ ਨਾਲ ਸਬੰਧਤ ਹੈ, ਉਥੇ ਉਸ ਉਪਕ੍ਰਮ ਨੂੰ ਉਦਯੋਗ ਕਿਹਾ ਜਾਵੇਗਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7603, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਉਦਯੋਗ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਉਦਯੋਗ : ਉਦਯੋਗ, ਫ਼ਰਮ ਦਾ ਹੀ ਵਿਸਤ੍ਰਿਤ ਰੂਪ ਹੁੰਦਾ ਹੈ। ‘ਫ਼ਰਮ’ ਕਾਰੋਬਾਰ ਦੀ ਉਹ ਮੁਢਲੀ ਇਕਾਈ ਹੈ, ਜਿੱਥੇ ਉਤਪਾਦਨ ਦੇ ਸਾਧਨਾਂ, ਪੂੰਜੀ ਮਜ਼ਦੂਰ, ਪ੍ਰਬੰਧ ਆਦਿ ਦੀ ਸਹਾਇਤਾ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕੀਤਾ ਜਾਂਦਾ ਹੈ। ਕਿਹੜੇ ਸਾਧਨ, ਕਿੰਨੀ ਮਾਤਰਾ ਵਿੱਚ ਲਗਾਉਣੇ ਹਨ, ਕਿਸ ਵਸਤੂ ਦਾ, ਕਿਸ ਮਨੋਰਥ ਵਾਸਤੇ ਉਤਪਾਦਨ ਕਰਨਾ ਹੈ, ਇਹ ਕਾਰਜ ਉੱਦਮ ਕਰਤਾ ਦੁਆਰਾ ਕੀਤੇ ਜਾਂਦੇ ਹਨ। ਦੂਜੇ ਸ਼ਬਦਾਂ ਵਿੱਚ ਫ਼ਰਮ ਇੱਕ ਅਜਿਹੀ ਪ੍ਰਬੰਧਕੀ ਇਕਾਈ ਹੈ, ਜਿੱਥੇ ਆਮ ਤੌਰ ’ਤੇ ਇੱਕੋ ਹੀ ਵਸਤੂ ਜਾਂ ਇੱਕੋ ਹੀ ਪ੍ਰਕਾਰ ਦੀਆਂ ਵਸਤਾਂ ਦਾ ਉਤਪਾਦਨ ਕੀਤਾ ਜਾਂਦਾ ਹੈ।

‘ਉਦਯੋਗ’ ਉਹਨਾਂ ਸਾਰੀਆਂ ਫ਼ਰਮਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ, ਜਿਹੜੀਆਂ ਇੱਕੋ ਹੀ ਸਮਰੂਪ ਵਸਤੂ ਪੈਦਾ ਕਰਕੇ ਸਾਂਝੀ ਮੰਡੀ ਵਿੱਚ ਵੇਚ ਰਹੀਆਂ ਹੋਣ। ਵਸਤੂ ਦਾ ਇੱਕੋ ਜਿਹਾ ਹੋਣਾ ਖ਼ਰੀਦਦਾਰ ਜਾਂ ਉਪਭੋਗੀ ਦੇ ਦ੍ਰਿਸ਼ਟੀਕੋਣ ਤੋਂ ਵੀ ਅਹਿਮੀਅਤ ਰੱਖਦਾ ਹੈ। ਉਹ ਵਸਤੂ ਚਾਹੇ ਕਿਸੇ ਵੀ ਫ਼ਰਮ ਦੀ ਹੋਵੇ, ਉਪਭੋਗੀ ਉਸ ਦੀ ਖ਼ਾਸ ਮਾਤਰਾ ਲਈ ਉਹੀ ਕੀਮਤ ਦਿੰਦਾ ਹੈ, ਜਿਹੜੀ ਜੇਕਰ ਉਹ ਇਸ ਨੂੰ ਕਿਸੇ ਦੂਸਰੀ ਫ਼ਰਮ ਕੋਲੋਂ ਖ਼ਰੀਦਦਾ ਤਾਂ ਉਸ ਵੇਲੇ ਦੇਣੀ ਸੀ। ਉਪਭੋਗੀ ਦਾ ਉਸ ਵਸਤੂ ਨੂੰ ਕਿਸੇ ਖ਼ਾਸ ਫ਼ਰਮ ਕੋਲੋ ਖ਼ਰੀਦਣ ਲਈ ਤਰਜੀਹ ਨਾ ਦੇਣਾ ਹੀ ਉਸ ਵਸਤੂ ਦੇ ਸਮਰੂਪ ਹੋਣ ਦਾ ਸਬੂਤ ਹੁੰਦਾ ਹੈ। ਜੇ.ਐੱਸ. ਬੈਨ ਦੇ ਸ਼ਬਦਾਂ ਵਿੱਚ, “ਉਦਯੋਗ ਉਹਨਾਂ ਵਿਕਰੇਤਾਵਾਂ ਦਾ ਸਮੂਹ ਹੈ, ਜਿਹੜੇ ਨੇੜੇ ਦੇ ਬਦਲ ਦੀਆਂ ਵਸਤਾਂ ਦਾ ਉਤਪਾਦਨ ਕਰਦੇ ਹਨ ਅਤੇ ਖ਼ਰੀਦਦਾਰਾਂ ਦੇ ਸਾਰੇ ਸਮੂਹ ਨੂੰ ਵੇਚਦੇ ਹਨ।” ਇਹ ਗਰੁੱਪ ਉਹਨਾਂ ਫ਼ਰਮਾਂ ਦਾ ਸਮੂਹ ਜਾਂ ਇਕੱਠ ਹੁੰਦਾ ਹੈ, ਜਿਹੜੀਆਂ ਮੋਟੇ ਤੌਰ ’ਤੇ ਇੱਕੋ ਜਿਹੇ ਕੱਚੇ ਮਾਲ ਦੀ ਵਰਤੋਂ ਕਰਦੇ ਹੋਏ, ਮਜ਼ਦੂਰਾਂ ਕੋਲੋਂ ਉਤਪਾਦਨ ਕਰਵਾਉਂਦੀਆਂ ਹਨ ਅਤੇ ਉਸ ਕੱਚੇ ਮਾਲ ਨੂੰ ਤਿਆਰ ਮਾਲ ਵਿੱਚ ਬਦਲ ਕੇ ਉਸਦੇ ਮੁੱਲ ਵਿੱਚ ਵਾਧਾ ਕਰਦੀਆਂ ਹਨ। ਇਸ ਪ੍ਰਕਿਰਿਆ ਦੌਰਾਨ ਉਦਯੋਗ ਨਾ ਕੇਵਲ ਆਪਣੇ ਲਈ ਹੀ ਸਗੋਂ ਦੂਜੀਆਂ ਉਦਯੋਗਿਕ ਇਕਾਈਆਂ ਦੇ ਪ੍ਰਯੋਗ ਵਿੱਚ ਆਉਣ ਵਾਲੀਆਂ ਆਗਤਾਂ (Inputs) ਦਾ ਵੀ ਉਤਪਾਦਨ ਕਰਦੇ ਹਨ। ਡੋਨੀ (Dowine) ਅਨੁਸਾਰ :

ਉਦਯੋਗ ਉਹਨਾਂ ਫ਼ਰਮਾਂ ਦਾ ਇਕੱਠ ਜਾਂ ਸਮੂਹ ਹੁੰਦਾ ਹੈ, ਜਿਨ੍ਹਾਂ ਵਿੱਚ ਉਤਪਾਦਨ ਤਕਨੀਕ ਲਗਪਗ ਇੱਕੋ ਜਿਹੀ ਵਰਤੀ ਜਾ ਰਹੀ ਹੁੰਦੀ ਹੈ, ਭਾਵੇਂ ਇਹਨਾਂ ਵੱਖੋ-ਵੱਖਰੀਆਂ ਫ਼ਰਮਾਂ ਦੀ ਸੁਯੋਗਤਾ ਵਿੱਚ ਵਖਰੇਵਾਂ ਹੁੰਦਾ ਹੈ।

ਕਿਸੇ ਦੇਸ ਵਿੱਚ ਕਿਸ ਕਿਸਮ ਦੇ ਉਦਯੋਗ, ਕਿੰਨੀ ਮਾਤਰਾ ਵਿੱਚ ਲੱਗੇ ਹੋਏ ਹਨ, ਇਹ ਉਸ ਦੇਸ ਦੇ ਵਿਕਾਸ ਦੇ ਪੱਧਰ ਅਤੇ ਤਕਨੀਕੀ ਪੱਖ ਤੋਂ ਉਨਤ ਹੋਣ ਬਾਰੇ ਸੰਕੇਤ ਕਰਦੇ ਹਨ। ਇਸ ਵਾਸਤੇ ਉਦਯੋਗਾਂ ਦੀਆਂ ਕਿਸਮਾਂ ਬਾਰੇ ਵੀ ਵਿਚਾਰ ਕਰਨੀ ਜ਼ਰੂਰੀ ਹੈ।

ਵਸਤੂਆਂ ਦੇ ਸਰੂਪ ਦੇ ਆਧਾਰ ਉੱਪਰ ਉਦਯੋਗਾਂ ਦੀਆਂ ਦੋ ਸ਼੍ਰੇਣੀਆਂ ਹਨ। ਪਹਿਲੀ, ਆਦਾਨ ਜਾਂ ਕੱਚੇ ਮਾਲ ਨਾਲ ਸੰਬੰਧਿਤ ਉਦਯੋਗ ਅਤੇ ਦੂਜੀ, ਸਿੱਧੇ ਤੌਰ ’ਤੇ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦਾ ਉਤਪਾਦਨ ਕਰਨ ਵਾਲੇ ਉਦਯੋਗ।

1.        ਪਹਿਲੀ ਸ਼੍ਰੇਣੀ ਵਿੱਚ ਤਿੰਨ ਪ੍ਰਕਾਰ ਦੇ ਉਦਯੋਗ ਆਉਂਦੇ ਹਨ।

ੳ.       ਰਵਾਇਤੀ ਵਸਤਾਂ ਉੱਪਰ ਆਧਾਰਿਤ ਉਦਯੋਗ

ਅ.       ਧਾਤਾਂ ਨਾਲ ਸੰਬੰਧਿਤ ਉਦਯੋਗ।

ੲ.       ਰਸਾਇਣਿਕ ਪਦਾਰਥਾਂ ਨਾਲ ਸੰਬੰਧਿਤ ਉਦਯੋਗ।

2.       ਦੂਜੀ ਸ਼੍ਰੇਣੀ ਵਿੱਚ ਆਉਂਦੇ ਉਦਯੋਗ ਚਾਰ ਪ੍ਰਕਾਰ ਦੇ ਹਨ।

ੳ.       ਮੁਢਲੇ ਉਦਯੋਗ

ਅ.       ਵਿਚਕਾਰਲੇ ਜਾਂ ਸਹਾਇਕ ਉਦਯੋਗ

ੲ.       ਪੂੰਜੀਗਤ ਵਸਤਾਂ ਦੇ ਉਦਯੋਗ

ਸ.       ਉਪਭੋਗੀ ਵਸਤਾਂ ਪੈਦਾ ਕਰਨ ਵਾਲੇ ਉਦਯੋਗ।

ਉਪਭੋਗੀ ਵਸਤਾਂ ਥੁੜ੍ਹ-ਚਿਰੀਆਂ ਅਤੇ ਲੰਮੇ ਸਮੇਂ ਦੌਰਾਨ ਉਪਯੋਗ ਵਿੱਚ ਆਉਣ ਵਾਲੀਆਂ ਦੋਵੇਂ ਪ੍ਰਕਾਰ ਦੀਆਂ ਹੁੰਦੀਆਂ ਹਨ।

3. ਪੈਮਾਨੇ ਦੇ ਲਿਹਾਜ਼ ਨਾਲ ਉਦਯੋਗਾਂ ਨੂੰ ਮੁੱਖ ਰੂਪ ਵਿੱਚ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ।

ੳ.       ਘਰੇਲੂ ਅਤੇ ਛੋਟੇ ਪੈਮਾਨੇ ਦੇ ਉਦਯੋਗ

ਅ.       ਵੱਡੇ ਪੈਮਾਨੇ ਦੇ ਉਦਯੋਗ।

ਉਦਯੋਗ ਵੱਡਾ ਹੈ ਜਾਂ ਛੋਟਾ ਇਹ ਕਈ ਗੱਲਾਂ ਉੱਪਰ ਨਿਰਭਰ ਕਰਦਾ ਹੈ। ਛੋਟੇ ਉਦਯੋਗਾਂ ਨੂੰ ਵੱਡੇ ਉਦਯੋਗਾਂ ਨਾਲੋਂ ਵੱਖਰੇ ਕਰਨ ਲਈ ਕਈ ਪੱਖ ਲਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਪ੍ਰਮੁਖ ਹਨ-ਯੂਨਿਟ ਦਾ ਆਕਾਰ, ਪੂੰਜੀ ਨਿਵੇਸ਼ ਦੀ ਮਾਤਰਾ, ਕੰਮ ਤੇ ਲਗਾਏ ਗਏ ਕਿਰਤੀਆਂ ਦੀ ਗਿਣਤੀ, ਉਤਪਾਦਨ ਦੀ ਮਾਤਰਾ ਅਤੇ ਮੁੱਲ ਆਦਿ। ਪਰੰਤੂ ਕੇਵਲ ਇਹਨਾਂ ਕਾਰਕਾਂ ਦੀ ਸਹਾਇਤਾ ਨਾਲ ਹੀ ਉਦਯੋਗ ਦੇ ਆਕਾਰ ਬਾਰੇ ਨਿਸ਼ਚਿਤ ਰੂਪ ਵਿੱਚ ਨਹੀਂ ਕਿਹਾ ਜਾ ਸਕਦਾ ਕਿ ਉਦਯੋਗ ਵੱਡੇ ਪੈਮਾਨੇ ਦਾ ਹੈ ਜਾਂ ਛੋਟੇ ਪੈਮਾਨੇ ਦਾ।

ਇਸ ਲਈ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਉਦਯੋਗਾਂ ਵਿੱਚ ਉਤਪਾਦਨ ਵਸਤੂਆਂ ਦੇ ਮੁੱਲ ਨੂੰ ਲਿਆ ਜਾਂਦਾ ਹੈ। ਜਿਹੜੇ ਉਦਯੋਗ ਵਧੇਰੇ ਮੁੱਲ ਦੀਆਂ ਵਸਤੂਆਂ ਦਾ ਉਤਪਾਦਨ ਕਰ ਰਹੇ ਹੋਣ, ਉਹ ਵੱਡੇ ਉਦਯੋਗਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।

ਭਾਵੇਂ ਪੈਮਾਨੇ ਦੇ ਲਿਹਾਜ਼ ਨਾਲ ਇਸ ਢੰਗ ਨਾਲ ਉਦਯੋਗਾਂ ਦੀ ਪਰਿਭਾਸ਼ਾ ਸਮਝ ਆ ਜਾਂਦੀ ਹੈ, ਪਰੰਤੂ ਮੁੱਖ ਰੂਪ ਵਿੱਚ ਅਸੀਂ ਉਦਯੋਗਿਕ ਨੀਤੀ ਅਨੁਸਾਰ ਨਿਸ਼ਚਿਤ ਕੀਤੀ ਪੂੰਜੀ ਦੀ ਮਾਤਰਾ ਅਤੇ ਵਰਤੋਂ ਵਿੱਚ ਆਉਂਦੇ ਸਾਧਨਾਂ ਦੇ ਮੁੱਲ (Value of Capital assets) ਨਾਲ ਹੀ ਜਾਣਦੇ ਹਾਂ ਕਿ ਕਿਹੜੇ ਉਦਯੋਗ ਛੋਟੇ ਹੋਣਗੇ ਅਤੇ ਕਿਹੜੇ ਵੱਡੇ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬੇਤੁਕਾ ਨਹੀਂ ਹੋਵੇਗਾ ਕਿ ਹਰ ਇੱਕ ਉਦਯੋਗਿਕ ਨੀਤੀ ਵਿੱਚ ਇਸ ਨਿਰਧਾਰਿਤ ਕੀਤੀ ਪੂੰਜੀ ਅਤੇ ਸਾਧਨਾਂ ਦੀ ਸੀਮਾ ਨੂੰ ਵੀ ਸਮੇਂ-ਸਮੇਂ ਤੇ ਵਧਾ ਦਿੱਤਾ ਜਾਂਦਾ ਰਿਹਾ ਹੈ। ਉਦਾਹਰਨ ਦੇ ਤੌਰ ’ਤੇ ਭਾਰਤੀ ਸਰਕਾਰ ਦੀ 1991 ਦੀ ਉਦਯੋਗਿਕ ਨੀਤੀ ਅਨੁਸਾਰ ਘਰੇਲੂ ਅਤੇ ਛੋਟੇ ਉਦਯੋਗਾਂ ਲਈ ਮਸ਼ੀਨਰੀ ਵਿੱਚ ਪੂੰਜੀ ਨਿਵੇਸ਼ ਸੀਮਾ 60 ਲੱਖ ਰੁਪਏ ਰੱਖੀ ਗਈ ਸੀ, ਜਿਹੜੀ 1975 ਵਿੱਚ ਕੇਵਲ 10 ਲੱਖ ਰੁਪਏ ਸੀ। ਕੁਝ ਉਦਯੋਗ ਸਹਾਇਕ ਉਦਯੋਗ ਹੁੰਦੇ ਹਨ, ਜਿਨ੍ਹਾਂ ਦਾ ਤਿਆਰ ਮਾਲ ਵੱਡੇ ਉਦਯੋਗਾਂ ਵਿੱਚ ਆਗਤਾਂ (Inputs) ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਇਹਨਾਂ ਦੀ ਨਿਵੇਸ਼ ਸੀਮਾ 1991 ਵਿੱਚ 75 ਲੱਖ ਰੁਪਏ ਸੀ। ਉਹ ਉਦਯੋਗ ਜਿਹੜੇ ਕੇਵਲ ਨਿਰਯਾਤ ਲਈ ਮਾਲ (Export Oriented) ਪੈਦਾ ਕਰਦੇ ਹਨ, ਉਹਨਾਂ ਦੀ ਪੂੰਜੀ ਨਿਵੇਸ਼ ਸੀਮਾ ਵੀ ਸਹਾਇਕ ਉਦਯੋਗਾਂ ਦੀ ਤਰ੍ਹਾਂ 75 ਲੱਖ ਰੁਪਏ ਨਿਸ਼ਚਿਤ ਕੀਤੀ ਗਈ ਸੀ।

ਮਸ਼ੀਨਰੀ ਵਿੱਚ ਇਸ ਪੂੰਜੀ ਨਿਵੇਸ਼ ਦੀ ਸੀਮਾ ਤੋਂ ਵਧੇਰੇ ਨਿਵੇਸ਼ ਕਰਨ ਵਾਲੇ ਉਦਯੋਗਾਂ ਨੂੰ ਵੱਡੇ ਪੈਮਾਨੇ ਦੇ ਉਦਯੋਗ ਕਿਹਾ ਜਾਂਦਾ ਹੈ। ਆਮ ਤੌਰ ’ਤੇ ਘਰੇਲੂ ਅਤੇ ਛੋਟੇ ਉਦਯੋਗਾਂ ਨੂੰ ਇੱਕੋ ਹੀ ਗਰੁੱਪ ਵਿੱਚ ਲਿਆ ਜਾਂਦਾ ਹੈ ਪਰ ਕਈ ਵਿਸ਼ੇਸ਼ਤਾਈਆਂ ਕਾਰਨ ਇਹ ਇੱਕ ਦੂਜੇ ਤੋਂ ਭਿੰਨ ਹਨ: ਜਿਵੇਂ ਘਰੇਲੂ ਉਦਯੋਗਾਂ ਵਿੱਚ ਉੱਦਮੀ ਘੱਟ ਪੂੰਜੀ ਨਾਲ ਘਰੇਲੂ ਸਾਧਨਾਂ ਅਤੇ ਹੁਨਰ ਦੀ ਵਰਤੋਂ ਕਰਦੇ ਹੋਏ, ਸਥਾਨਿਕ ਮੰਡੀ ਦੀਆਂ ਜ਼ਰੂਰਤਾਂ ਅਨੁਸਾਰ ਉਤਪਾਦਨ ਕਰਦਾ ਹੈ, ਜਦੋਂ ਕਿ ਛੋਟੇ ਉਦਯੋਗਾਂ ਵਿੱਚ ਮੁਕਾਬਲਤਨ ਜ਼ਿਆਦਾ ਪੂੰਜੀ ਦੀ ਵਰਤੋਂ ਕਰਦੇ ਹੋਏ, ਬਿਜਲੀ ਦੀ ਸ਼ਕਤੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੇ ਪ੍ਰਯੋਗ ਨਾਲ, ਸਥਾਨਿਕ ਦੇ ਨਾਲ-ਨਾਲ ਦੂਰ-ਦੁਰੇਡੇ ਦੀ ਮੰਡੀ-ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਆਧੁਨਿਕ ਢੰਗ ਨਾਲ ਵੀ ਮਾਲ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਉਦਯੋਗ ਵਧੇਰੇ ਪੂੰਜੀ ਦੀ ਵਰਤੋਂ ਕਰ ਰਹੇ ਹੋਣ ਅਤੇ ਉਹਨਾਂ ਵਿੱਚ ਘੱਟ ਕਿਰਤੀਆਂ ਦੀ ਜ਼ਰੂਰਤ ਹੋਵੇ ਉਹਨਾਂ ਨੂੰ ਪੂੰਜੀ ਪ੍ਰਧਾਨ (Capital intensive) ਉਦਯੋਗ ਕਿਹਾ ਜਾਂਦਾ ਹੈ। ਜਿਵੇਂ ਅੱਜ-ਕੱਲ੍ਹ ਕੰਪਿਊਟਰ ਆਦਿ ਦੇ ਨਾਲ ਸੰਬੰਧਿਤ ਉਦਯੋਗ ਹਨ। ਦੂਜੇ ਪਾਸੇ ਜਿੱਥੇ ਪੂੰਜੀ ਦੇ ਮੁਕਾਬਲੇ ਵਧੇਰੇ ਮਜ਼ਦੂਰ, ਕਿਰਤੀ ਰੁਜ਼ਗਾਰ ਤੇ ਲਗਾਏ ਹੋਣ ਉਹਨਾਂ ਨੂੰ ਕਿਰਤ ਪ੍ਰਧਾਨ (Labour intensive) ਉਦਯੋਗ ਕਿਹਾ ਜਾਂਦਾ ਹੈ। ਉਦਯੋਗ ਸਥਾਪਿਤ ਕਰਨ ਤੋਂ ਪਹਿਲਾਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਜਿਵੇਂ, ਉਦਯੋਗ ਸਥਾਪਿਤ ਕਰਨ ਵਿੱਚ ਕਿੰਨੀਆਂ ਕੁ ਕਨੂੰਨੀ ਅੜਚਨਾਂ ਹਨ। ਇਹਨਾਂ ਵਾਸਤੇ ਕਿੰਨੀ ਪੂੰਜੀ ਚਾਹੀਦੀ ਹੈ, ਉਤਪਾਦਿਤ ਕੀਤੀ ਜਾਣ ਵਾਲੀ ਵਸਤੂ ਦੇ ਨਿਰਮਾਣ ਦਾ ਫ਼ਾਰਮੂਲਾ ਗੁਪਤ ਰੱਖਣਾ ਹੈ ਜਾਂ ਨਹੀਂ, ਉਤਪਾਦਨ ਕਿਰਿਆ ਨਿਰੰਤਰ ਜਾਰੀ ਰੱਖਣੀ ਹੈ ਜਾਂ ਕੁਝ ਸਮੇਂ ਬਾਅਦ ਬੰਦ ਕਰ ਦੇਣੀ ਹੈ, ਨਫ਼ੇ ਨੁਕਸਾਨ ਨੂੰ ਸਹਿਨ ਕਰਨ ਦੀ ਜ਼ੁੰਮੇਵਾਰੀ ਕਿੰਨੀ ਕੁ ਹੈ; ਆਦਿ। ਇਹਨਾਂ ਗੱਲਾਂ ਉੱਪਰ ਆਧਾਰਿਤ ਕਰਦੇ ਹੋਏ ਹੀ ਉਦਯੋਗਿਕ ਸੰਗਠਨ ਬਣਦੇ ਹਨ।

ਮਲਕੀਅਤ ਦੇ ਆਧਾਰ ਉੱਪਰ ਉਦਯੋਗਿਕ ਸੰਗਠਨ (Industrial organisations) ਦੋ ਪ੍ਰਕਾਰ ਦੇ ਹੁੰਦੇ ਹਨ।

(ੳ) ਨਿੱਜੀ ਅਤੇ (ਅ) ਸਰਕਾਰੀ।

ਨਿੱਜੀ ਸੰਗਠਨ ਕਿਸੇ ਇੱਕਲੇ ਵਿਅਕਤੀ ਦੀ ਮਲਕੀਅਤ ਹੋ ਸਕਦੀ ਹੈ, ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦੀ ਸਾਂਝੀ ਮਲਕੀਅਤ ਵੀ ਹੋ ਸਕਦੀ ਹੈ। ਸੰਯੁਕਤ ਪੂੰਜੀ ਕੰਪਨੀ ਵੀ ਨਿੱਜੀ ਸੰਗਠਨ ਹੋ ਸਕਦੀ ਹੈ। ਅਜਿਹੀ ਕੰਪਨੀ ਵਿੱਚ ਭਾਈਵਾਲ ਪੂੰਜੀ ਲਗਾਉਂਦੇ ਹਨ। ਜਿਸ ਅਨੁਪਾਤ ਨਾਲ ਇਹ ਪੂੰਜੀ ਲਗਾਈ ਜਾਂਦੀ ਹੈ ਉਸੇ ਹਿਸਾਬ ਨਾਲ ਉਹਨਾਂ ਨੂੰ ਲਾਭ ਦਾ ਹਿੱਸਾ ਮਿਲਦਾ ਰਹਿੰਦਾ ਹੈ।

ਸਰਕਾਰੀ ਸੰਸਥਾਵਾਂ ਤੋਂ ਭਾਵ ਉਹਨਾਂ ਸਾਰੀਆਂ ਉਦਯੋਗਿਕ, ਵਪਾਰਿਕ ਅਤੇ ਸਰਬ-ਜਨਿਕ ਉਤਪਾਦਿਕ ਸੰਸਥਾਵਾਂ ਤੋਂ ਹੈ, ਜੋ ਸਰਕਾਰੀ ਜਾਂ ਕਿਸੇ ਸਥਾਨਿਕ ਸੰਸਥਾ ਦੀ ਮਲਕੀਅਤ, ਪੂੰਜੀ ਅਤੇ ਪ੍ਰਬੰਧ ਦੁਆਰਾ ਚੱਲਦੀਆਂ ਹੋਣ। ਉਹ ਉਦਯੋਗ ਜਿਹੜੇ ਕੌਮੀ ਸੁਰੱਖਿਆ ਦੇ ਨਜ਼ਰੀਏ ਤੋਂ ਮਹੱਤਵਪੂਰਨ ਹਨ ਜਾਂ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਪੂੰਜੀ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ ਉਹ ਸਰਕਾਰ ਦੁਆਰਾ ਚਲਾਏ ਜਾਂਦੇ ਹਨ ਜਿਵੇਂ ਪ੍ਰਮਾਣੂ ਸ਼ਕਤੀ, ਹਵਾਈ-ਜਹਾਜ਼, ਡਾਕ ਤੇ ਸੰਚਾਰ, ਸੋਨੇ ਦੀਆਂ ਖਾਣਾਂ ਦਾ ਕੰਮ, ਹਥਿਆਰ ਅਤੇ ਗੋਲਾ ਬਾਰੂਦ, ਪਟਰੋਲੀਅਮ, ਗੈਸ ਅਤੇ ਕਈ ਹੋਰ ਜ਼ਰੂਰੀ ਵਸਤਾਂ ਦੇ ਉਦਯੋਗ।


ਲੇਖਕ : ਕੰਵਲਜੀਤ ਕੌਰ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 6102, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-22-10-12-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.