ਉਪ-ਅਵਤਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

-ਅਵਤਾਰ: ਸਿੱਖ-ਸਾਹਿਤ ਵਿਚ ਇਸ ਪ੍ਰਕਾਰ ਦੀ ਅਵਤਾਰ ਪਰੰਪਰਾ ਦਾ ਉੱਲੇਖ ‘ਦਸਮ-ਗ੍ਰੰਥ ’ ਵਿਚ ਹੋਇਆ ਹੈ। ‘ਚੌਬੀਸਾਵਤਾਰ ’ ਪ੍ਰਸੰਗ ਤੋਂ ਬਾਦ ਬ੍ਰਹਮਾ ਦੇ ਅਵਤਾਰ- ਪ੍ਰਸੰਗ ਨੂੰ ਸ਼ੁਰੂ ਕਰਦਿਆਂ ਰਚੈਤਾ ਨੇ ਲਿਖਿਆ ਹੈ — ਗਨਿ ਚਉਬੀਸੇ ਅਵਤਾਰ ਬਹੁ ਕੈ ਕਹੈ ਬਿਸਥਾਰ ਅਬ ਗਨੋ ਉਪ ਅਵਤਾਰ ਜਿਮ ਧਰੇ ਰੂਪ ਮੁਰਾਰ

            ‘ਉਪ’ ਤੋਂ ਭਾਵ ਹੈ ਗੌਣ। ਸੋਲ੍ਹਾਂ ਕਲਾ ਤੋਂ ਘਟ ਵਾਲੇ ‘ਅਵਤਾਰ’ (ਵੇਖੋ) ਨੂੰ ਗੌਣ-ਅਵਤਾਰ ਜਾਂ ਉਪ- ਅਵਤਾਰ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਅਵਤਾਰਾਂ ਦਾ ਜ਼ਿਕਰ ਤਾਂ ਹੋਇਆ ਹੈ, ਪਰ ਉਪ-ਅਵਤਾਰਾਂ ਬਾਰੇ ਕਿਤੇ ਕੋਈ ਉੱਲੇਖ ਨਹੀਂ ਹੋਇਆ। ਉਂਜ ਇਹ ਵੀ ਅਵਤਾਰਵਾਦ ਦੀ ਪਰੰਪਰਾ ਦਾ ਵਿਕਾਸ ਕਰਦੇ ਹਨ।

            ‘ਦਸਮ ਗ੍ਰੰਥ ’ ਵਿਚ ਵਰਣਿਤ ਬ੍ਰਹਮਾ ਦੇ ਅਵਤਾਰ ਧਾਰਣ ਕਰਨ ਪਿਛੇ ਉਸ ਦੇ ਹੰਕਾਰ ਨੂੰ ਖ਼ਤਮ ਕਰਨ ਦੀ ਬਿਰਤੀ ਰਹੀ ਹੈ। ‘ਕਾਲ-ਪੁਰਖ’ ਦੀ ਆਗਿਆ ਨਾਲ ਬ੍ਰਹਮਾ ਨੇ ਵੇਦਾਂ ਦੀ ਜੋ ਰਚਨਾ ਕੀਤੀ, ਉਸ ਕਾਰਣ ਉਹ ਹੰਕਾਰੀ ਹੋ ਗਿਆ। ਕਾਲ-ਪੁਰਖ ਨੇ ਹੰਕਾਰ ਨਿਵਾਰਣ ਲਈ ਬ੍ਰਹਮਾ ਨੂੰ ਧਰਤੀ ਉਤੇ ਭੇਜ ਦਿੱਤਾ। ਉਸ ਨੇ ਲੱਖਾਂ ਵਰ੍ਹੇ ਸੇਵਾ ਕਰਕੇ ਮੁੜ ਕਾਲ-ਪੁਰਖ ਨੂੰ ਪ੍ਰਸੰਨ ਕੀਤਾ। ਕਾਲ-ਪੁਰਖ ਨੇ ਉਸ ਨੂੰ ਪਰਮ-ਗਤੀ ਪ੍ਰਾਪਤ ਕਰਨ ਲਈ ਧਰਤੀ ਉਤੇ ਸੱਤ ਅਵਤਾਰ ਧਾਰਣ ਕਰਨ ਲਈ ਆਦੇਸ਼ ਦਿੱਤਾ — ਧਰਿ ਸਪਤ ਭੂਮ ਵਤਾਰ ਤਬ ਹੋਇ ਤੋਹ ਉਧਾਰ ਸੋਈ ਮਾਨ ਬ੍ਰਹਮਾ ਲੀਨ ਧਰਿ ਜਨਮ ਜਗਤ ਨਵੀਨ35 ਇਸ ਤਰ੍ਹਾਂ ਬ੍ਰਹਮਾ ਨੇ ਸੱਤ ਅਵਤਾਰ ਧਾਰਣ ਕੀਤੇ — ਬਾਲਮੀਕ, ਕਸਪ, ਸੁਕ੍ਰ, ਬਾਚੇਸ (ਬ੍ਰਿਹਸਪਤਿ), ਬਿਆਸ , ਸਾਸਤ੍ਰੋਧਾਰਕ ਅਤੇ ਕਾਲੀਦਾਸ। ਵੇਖੋ ‘ਬ੍ਰਹਮਾ ਅਵਤਾਰ ’।

            ਬ੍ਰਹਮਾ ਦੇ ਉਪ-ਅਵਤਾਰ ਪ੍ਰਸੰਗ ਤੋਂ ਬਾਦ ‘ਦਸਮ-ਗ੍ਰੰਥ’ ਵਿਚ ਰੁਦ੍ਰ ਦੇ ਉਪਾਵਤਾਰ ਲਿਖੇ ਹਨ। ਰੁਦ੍ਰ ਦੇ ਅਵਤਾਰ ਧਾਰਣ ਕਰਨ ਦਾ ਕਾਰਣ ਵੀ ਬ੍ਰਹਮਾ ਦੇ ਕਾਰਣ ਨਾਲ ਮੇਲ ਖਾਂਦਾ ਹੈ। ਅਧਿਕ ਯੋਗ-ਸਾਧਨਾ ਦੇ ਫਲਸਰੂਪ ਰੁਦ੍ਰ ਹੰਕਾਰੀ ਹੋ ਗਿਆ। ਫਲਸਰੂਪ ਕਾਲ-ਪੁਰਖ ਨਾਰਾਜ਼ ਹੋ ਗਿਆ। ਪਰਮ-ਗਤੀ ਪ੍ਰਾਪਤ ਕਰਨ ਲਈ ਰੁਦ੍ਰ ਨੂੰ ਵੀ ਅਵਤਾਰ ਧਾਰਣ ਕਰਨੇ ਪਏ। ਪਰ ਉਸ ਨੇ ਕਿਤਨੇ ਉਪ-ਅਵਤਾਰ ਧਾਰਣ ਕੀਤੇ, ਇਸ ਬਾਰੇ ਸੰਖਿਆ ਦਾ ਉੱਲੇਖ ਪਾਠ ਵਿਚ ਉਪਲਬਧ ਨਹੀਂ। ਉਂਜ ਕੇਵਲ ਦੋ ਅਵਤਾਰਾਂ ਦਾ ਵਰਣਨ ਹੈ — ਦਤਾਤ੍ਰੇਯ ਅਤੇ ਪਾਰਸਨਾਥ। ਪਾਰਸਨਾਥ ਦੇ ਅੰਤ ਉਤੇ ਕੋਈ ਸਮਾਪਨ-ਸੂਚਕ ਉਕਤੀ ਨਹੀਂ ਦਿੱਤੀ ਗਈ , ਇਸ ਲਈ ਰੁਦ੍ਰ ਦੀ ਉਪ-ਅਵਤਾਰ ਸੰਖਿਆ ਨਿਸਚਿਤ ਨਹੀਂ ਹੈ। ਵੇਖੋ ‘ਰੁਦ੍ਰ-ਅਵਤਾਰ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.