ਔਰੰਗਾਬਾਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਔਰੰਗਾਬਾਦ. ਹੈਦਰਾਬਾਦ ਦੱਖਣ ਦੇ ਇਲਾਕੇ ਇੱਕ ਪ੍ਰਸਿੱਧ ਨਗਰ, ਜਿਸ ਦਾ ਪਹਿਲਾ ਨਾਉਂ ਖਿਰਕੀ ਸੀ. ਸਨ ੧੬੫੩ ਵਿੱਚ ਸ਼ਾਹਜ਼ਾਦਾ ਔਰੰਗਜ਼ੇਬ ਨੇ ਆਪਣੇ ਨਾਉਂ ਤੇ ਇਸ ਦਾ ਨਾਉਂ ਔਰੰਗਾਬਾਦ ਥਾਪਿਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਔਰੰਗਾਬਾਦ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਔਰੰਗਾਬਾਦ : ਮਹਾਰਾਸ਼ਟਰ ਵਿਚ ਇਕ ਪ੍ਰਸਿੱਧ ਨਗਰ ਅਤੇ ਇਸੇ ਨਾਂ ਦੇ ਜ਼ਿਲੇ ਦਾ ਸਦਰ-ਮੁਕਾਮ ਹੈ। ਇਹ ਨੰਦੇੜ ਵੱਲ ਮਨਮਾੜ ਤੋਂ 114 ਕਿਲੋਮੀਟਰ ਦੂਰ ਦੱਖਣ-ਕੇਂਦਰੀ ਰੇਲਵੇ ਦੀ ਮਨਮਾੜ-ਕਾਚੀਗੁਡਾ ਲਾਈਨ ਤੇ ਇਕ ਰੇਲਵੇ ਸਟੇਸ਼ਨ ਹੈ। ਇਹ ਨਗਰ 12ਵੀਂ ਅਤੇ 13ਵੀਂ ਸਦੀਆਂ ਵਿਚ ਦੇਵਗਿਰੀ ਜਾਂ ਦੇਓਗੀਰ ਦੇ ਯਾਦਵਾਂ ਦੀ ਰਾਜਧਾਨੀ ਰਿਹਾ ਹੈ। ਔਰੰਗਜ਼ੇਬ ਨੂੰ 1636 ਵਿਚ ਜਦੋਂ ਦੱਖਣ ਦੇ ਚਾਰ ਪ੍ਰਾਂਤਾਂ ਦਾ ਨਾਜ਼ਮ ਨਿਯੁਕਤ ਕੀਤਾ ਗਿਆ ਤਾਂ ਉਸ ਨੇ ਇਥੇ ਹੀ ਆਪਣਾ ਸਦਮ ਮੁਕਾਮ ਬਣਾ ਲਿਆ। ਪਿੱਛੋਂ ਬਾਦਸ਼ਾਹ ਬਣ ਕੇ 1681 ਵਿਚ ਔਰੰਗਜ਼ੇਬ ਦੱਖਣ ਆਇਆ (ਜਿਥੋਂ ਉਹ ਵਾਪਸ ਉਤਰ ਵੱਲ ਦੁਬਾਰਾ ਨਾ ਜਾ ਸਕਿਆ) ਤਾਂ ਉਹ ਪਹਿਲਾਂ ਇਸੇ ਨਗਰ ਵਿਚ ਹੀ ਠਹਿਰਿਆ ਅਤੇ ਬਾਅਦ ਵਿਚ ਅਹਮਦਨਗਰ ਚਲਾ ਗਿਆ ਸੀ ।
ਸੰਨ 1706 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਯਾ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਆਪਣੀ ਜਫ਼ਰਨਾਮਹ ਚਿੱਠੀ ਦੇ ਕੇ ਔਰੰਗਜ਼ੇਬ ਕੋਲ ਭੇਜਿਆ। ਅਹਮਦਨਗਰ ਵਲ ਜਾਣ ਤੋਂ ਪਹਿਲਾਂ ਸਿੰਘ ਕੁਝ ਸਮੇਂ ਲਈ ਔਰੰਗਾਬਾਦ ਠਹਿਰੇ ਸਨ। ਇਸ ਸਮੇਂ ਔਰੰਗਜ਼ੇਬ ਅਹਮਦ ਨਗਰ ਵਿਖੇ ਸੀ ਅਤੇ ਸਿੰਘਾਂ ਨੇ ਮਹਿਸੂਸ ਕੀਤਾ ਕਿ ਗੁਰੂ ਜੀ ਦੇ ਆਦੇਸ਼ਾਂ ਦੇ ਅਨੁਸਾਰ ਚਿੱਠੀ ਵਿਅਕਤੀਗਤ ਰੂਪ ਵਿਚ ਬਾਦਸ਼ਾਹ ਨੂੰ ਦੇਣਾ ਅਸੰਭਵ ਸੀ। ਇਸ ਸੰਬੰਧੀ ਭਾਈ ਦਯਾ ਸਿੰਘ ਨੇ ਗੁਰੂ ਜੀ ਨੂੰ ਸੂਚਨਾ ਦੇਣ ਅਤੇ ਅਗਲੀ ਕਾਰਵਾਈ ਲਈ ਅਗਵਾਈ ਲੈਣ ਲਈ ਆਪਣੇ ਇਕ ਸਾਥੀ ਭਾਈ ਧਰਮ ਸਿੰਘ ਨੂੰ ਗੁਰੂ ਜੀ ਕੋਲ ਭੇਜਿਆ। ਇਸੇ ਦੌਰਾਨ, ਭਾਈ ਦਯਾ ਸਿੰਘ ਗੁਰੂ ਜੀ ਦੀ ਚਿੱਠੀ ਔਰੰਗਜ਼ੇਬ ਤਕ ਪਹੁੰਚਾਉਣ ਵਿਚ ਸਫ਼ਲ ਹੋ ਗਏ ਅਤੇ ਔਰੰਗਾਬਾਦ ਪਰਤ ਆਏ। ਦੋਵੇਂ ਹੀ ਫਿਰ ਗੁਰੂ ਸਾਹਿਬ ਕੋਲ ਆ ਗਏ ਜੋ ਉਸ ਸਮੇਂ ਰਾਜਸਥਾਨ ਵਿਚ ਅਗੇ ਵਧ ਰਹੇ ਸਨ।
ਔਰੰਗਾਬਾਦ ਵਿਖੇ ਭਾਈ ਦਯਾ ਸਿੰਘ ਇਕ ਸਿੱਖ ਦੇ ਘਰ ਠਹਿਰੇ ਸਨ ਜਿਸ ਦਾ ਘਰ ਗੁਰ-ਸੰਗਤ ਦੇ ਜੁੜਨ ਲਈ ਧਰਮਸਾਲ ਬਣ ਗਿਆ। ਇਹ ਸਥਾਨ ਕਸਬੇ ਦੇ ਅੰਦਰ ਧਾਮੀ ਮੁਹੱਲੇ ਵਿਚ ਸਥਿਤ ਹੈ। ਇਸੇ ਅਸਥਾਨ ਤੇ ਹੁਣ ਗੁਰਦੁਆਰਾ ਭਾਈ ਦਯਾ ਸਿੰਘ ਵਿੱਦਮਾਨ ਹੈ। ਮੌਜੂਦਾ ਇਮਾਰਤ 1960 ਵਿਆਂ ਵਿਚ ਸਥਾਨਿਕ ਸੰਗਤ ਵਲੋਂ ਬਣਾਈ ਗਈ ਸੀ।
ਗੁਰਦੁਆਰੇ ਦਾ ਪ੍ਰਬੰਧ ਇਕ ਸਥਾਨਿਕ ਕਮੇਟੀ ਦੁਆਰਾ ਕੀਤਾ ਜਾਂਦਾ ਹੈ। ਗੁਰਦੁਆਰੇ ਵਿਚ ਸਵੇਰੇ ਅਤੇ ਸ਼ਾਮ ਬਾਣੀ ਦਾ ਪਾਠ ਹੁੰਦਾ ਹੈ ਅਤੇ ਮਹੱਤਵਪੂਰਨ ਗੁਰਪੁਰਬ ਮਨਾਏ ਜਾਂਦੇ ਹਨ। ਗੁਰਦੁਆਰਾ ਸਾਹਿਬ ਦਾ ਗ੍ਰੰਥੀ ਬੱਚਿਆਂ ਨੂੰ ਗੁਰਬਾਣੀ ਦਾ ਪਾਠ ਕਰਨਾ ਵੀ ਸਿਖਾਉਂਦਾ ਹੈ।
ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਔਰੰਗਾਬਾਦ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਔਰੰਗਾਬਾਦ : ਜਿਲ੍ਹਾਂ –– ਮਹਾਰਾਸ਼ਟਰ ਰਾਜ ਦਾ ਇਹ ਇਕ ਜ਼ਿਲ੍ਹਾ ਹੈ ਜੋ ਪ੍ਰਬੰਧ ਲਈ 9 ਤਅਲੁਕਿਆਂ ਤੇ 3 ਮਹਾਲਾਂ ਵਿਚ ਵੰਡਿਆ ਹੋਇਆ ਹੈ। ਇਸ ਦਾ ਰਕਬਾ 16,306ਵ. ਕਿ. ਮੀ. ਅਤੇ ਵਸੋਂ 22,13,789 (1991) ਹੈ।
ਇਸ ਜ਼ਿਲ੍ਹੇ ਵਿਚ ਭਾਰਤ ਦੀਆਂ ਸੰਸਾਰ–ਪ੍ਰਸਿੱਧ ਅਲੋਰਾ ਅਤੇ ਅਜੰਤਾ ਦੀਆਂ ਗੁਫ਼ਾਵਾਂ ਹਨ। ਦੌਲਤਾਬਾਦ ਦਾ ਕਿਲਾ, ਜੋ ਕਿ ਆਪਣੀ ਬਣਤਰ ਵਿਚ ਬਹੁਤ ਹੀ ਸੋਹਣਾ ਹੈ, ਇਸੇ ਜ਼ਿਲ੍ਹੇ ਵਿਚ ਹੈ।
ਖੁਲਦਾਬਾਦ ਵਿਚ ਔਰੰਗਜ਼ੇਬ ਤੇ ਹੈਦਰਾਬਾਦ ਦੇ ਰਾਜ-ਘਰਾਣੇ ਦੇ ਮੋਢੀ ਆਸਫ਼ ਜਾਹ ਦੇ ਮਕਬਰੇ ਹਨ।
ਇਸ ਜ਼ਿਲ੍ਹੇ ਦੀ ਜ਼ਮੀਨ ਆਮ ਤੌਰ ਤੇ ਪਠਾਰੀ ਹੈ ਜਿਸਦੀ ਉਚਾਈ 457 ਮੀ. ਦੇ ਲਗਭਗ ਹੈ। ਉੱਤਰ ਵਿਚ ਅਜੰਤਾ ਦੀਆਂ ਪਹਾੜੀਆਂ ਅਤੇ ਉੱਤਰ-ਪੱਛਮ ਵਿਚ ਸਤਮਾਲਾ ਪਹਾੜੀਆਂ ਹਨ ਜੋ 600 ਤੋਂ 900 ਮੀ. ਤੱਕ ਉੱਚੀਆਂ ਹਨ। ਕਪਾਹ, ਤੇਲ ਦੇ ਬੀਜ, ਕਣਕ, ਜਵਾਰ ਦੇ ਦਾਲਾਂ ਇਥੋਂ ਦੀਆਂ ਮਸ਼ਹੂਰ ਫ਼ਸਲਾਂ ਹਨ।
ਇਸ ਜ਼ਿਲ੍ਹੇ ਵਿਚ ਸਿਰਫ਼ ਇਕ ਹੀ ਛੋਟੀ ਪਟੜੀ ਦੇ ਰੇਲ ਲਾਈਨ ਹੈ ਜੋ ਮਨਮਾੜ ਨੂੰ ਹੈਦਰਾਬਾਦ ਨਾਲ ਮਿਲਾਉਂਦੀ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-27, ਹਵਾਲੇ/ਟਿੱਪਣੀਆਂ: no
ਔਰੰਗਾਬਾਦ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਔਰੰਗਾਬਾਦ : ਸ਼ਹਿਰ – ਇਹ ਮਹਾਰਾਸ਼ਟਰ ਦੇ ਮਰਾਠਵਾੜਾ ਇਲਾਕੇ ਦਾ ਉੱਘਾ ਸ਼ਹਿਰ ਹੈ। ਇਹ ਰਾਜਾਂ ਦੇ ਪੁਨਰਗਠਨ ਤੋਂ ਪਹਿਲਾਂ ਹੈਦਰਾਬਾਦੀ ਰਾਜ ਵਿਚ ਸੀ। ਇਹ ਗੋਦਵਾਰੀ ਦੇ ਸਹਾਇਕ ਦਰਿਆ ਕੋਮ ਦੇ ਕੋਲ ਸਥਿਤ ਹੈ। ਇਹ ਰੇਲ ਰਾਹੀਂ ਪੂਨੇ ਤੋਂ 222 ਕਿ. ਮੀ., ਹੈਦਰਾਬਾਦ ਤੋਂ 434 ਕਿ. ਮੀ. ਅਤੇ ਬੰਬਈ ਤੋਂ 321 ਕਿ. ਮੀ. ਦੂਰ ਹੈ। ਇਹ ਇਸੇ ਹੀ ਨਾਂ ਜ਼ਿਲ੍ਹੇ ਦਾ ਸਦਰ-ਮੁਕਾਮ ਵੀ ਹੈ।
ਇਹ ਮਸ਼ਹੂਰ ਇਤਿਹਾਸਕ ਸ਼ਹਿਰ 1610 ਈ. ਵਿਚ ਮਲਕ ਅੰਬਰ ਨੇ, ਜੋ ਕਿ ਇਕ ਹਬਸ਼ੀ ਗ਼ੁਲਾਮ ਸੀ, ਫ਼ਤਹਿਨਗਰ ਦੇ ਨਾਂ ਨਾਲ ਵਸਾਇਆ ਸੀ। ਸ਼ਾਹਜਹਾਨ ਦੇ ਰਾਜ ਵਿਚ ਦੱਖਣ ਦੀ ਸੂਬੇਦਾਰੀ ਕਰਦਿਆਂ ਹੋਇਆਂ ਔਰੰਗਜ਼ੇਬ ਨੇ ਇਸਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਦਾ ਨਾਂ ਔਰੰਗਾਬਾਦ ਰੱਖਿਆ। ਮੁਗ਼ਲਾਂ ਦੇ ਰਾਜ ਵਿਚ ਇਹ ਫ਼ੌਜ ਦਾ ਵੱਡਾ ਕੇਂਦਰ ਸੀ। ਰਿਆਸਤ ਹੈਦਰਾਬਾਦ ਦੀ ਰਾਜਧਾਨੀ ਬਹੁਤ ਦੇਰ ਇਥੇ ਹੀ ਰਹੀ। ਰਾਜਧਾਨੀ ਜਦੋਂ ਹੈਦਰਾਬਾਦ ਬਣੀ ਤਾਂ ਇਹ ਸ਼ਹਿਰ ਘਟਣ ਲੱਗ ਪਿਆ। ਹੁਣ ਦੋਬਾਰਾ ਵਸਾਇਆ ਗਿਆ ਹੈ। ਇਥੇ ਕਈ ਇਤਿਹਾਸਕ ਇਮਾਰਤਾਂ ਵੇਖਣ ਵਾਲੀਆਂ ਹਨ। ਇਨ੍ਹਾਂ ਵਿਚੋਂ ਔਰੰਗਜ਼ੇਬ ਦੀ ਪਤਨੀ ਦਾ ਮਕਬਰਾ ਮਸ਼ਹੂਰ ਹੈ ਜਿਸਦੀ ਤੁਲਨਾ ਤਾਜ ਮਹਿਲ ਨਾਲ ਕੀਤੀ ਜਾ ਸਕਦੀ ਹੈ। ਧੁਲੀਆਂ ਤੋਂ ਸ਼ੋਲਾਪੁਰ ਜਾਣ ਵਾਲੀ ਮੁੱਖ ਸੜਕ ਇਥੋਂ ਦੀ ਹੋ ਕੇ ਜਾਂਦੀ ਹੈ।
ਇਥੇ ਕਈ ਕਲਾਜ ਹਨ ਅਤੇ ਮਰਾਠਵਾੜਾ ਯੂਨੀਵਰਸਿਟੀ ਵੀ ਇਥੇ ਹੀ ਹੈ। ਇਹ ਸ਼ਹਿਰ ਨਾਲ ਲਗਵੇਂ ਇਲਾਕਿਆਂ ਦਾ ਵਪਾਰਕ ਕੇਂਦਰ ਹੈ। ਔਰੰਗਾਬਾਦ ਰੇਸ਼ਮੀ ਕਪੜੇ ਦਾ ਵੀ ਕੇਂਦਰ ਹੈ। ਇਥੋਂ ਦੀ ‘ਔਰੰਗਾਬਾਦੀ ਸਿਲਕ’ ਬਹੁਤ ਪ੍ਰਸਿੱਧ ਹੈ।
ਆਬਾਦੀ – 5,921,709 (1991)
19º53'ਉ. ਵਿਥ. ; 75º 20' ਪੂ. ਲੰਬ.
ਹ. ਪੁ. – ਐਨ. ਬ੍ਰਿ. ਮਾ. 1 : 703
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-27, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First