ਕਪਾਹ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਪਾਹ (ਨਾਂ,ਇ) ਬੂਟੇ ਨੂੰ ਲੱਗਣ ਵਾਲੇ ਟੀਂਡੇ ਤੋਂ ਰੂੰਦਾਰ ਸਫ਼ੈਦ ਰੇਸ਼ਾ ਪ੍ਰਾਪਤ ਹੋਣ ਵਾਲੀ ਫ਼ਸਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਪਾਹ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cotton (ਕੌਟਨ) ਕਪਾਹ: ਇਕ ਛੋਟਾ ਝਾੜ-ਨੁਮਾ ਬੂਟਾ ਜਿਸ ਨੂੰ ਟੀਂਡੇ ਲਗਦੇ ਹਨ। ਇਹਨਾਂ ਵਿੱਚ ਬੀਜਾਂ ਦੁਆਲੇ ਫੁੱਲਵੇਂ ਰੇਸ਼ੇ ਚਿੰਬੜੇ ਹੁੰਦੇ ਹਨ। ਜਦੋਂ ਟੀਂਡਾ ਆਪਣੇ ਆਪ ਫੁੱਟਦਾ ਹੈ, ਕਪਾਹ ਖਿਲੀ ਦਿਖਾਈ ਦਿੰਦੀ ਹੈ। ਇਸ ਨੂੰ ਹੱਥਾਂ ਜਾਂ ਮਸ਼ੀਨਾਂ ਨਾਲ ਚੁਣਿਆ ਜਾਂਦਾ ਹੈ। ਬੀਜਾਂ ਨੂੰ ਵੜੇਵੇਂ ਕਹਿੰਦੇ ਹਾਂ ਜਿਨ੍ਹਾਂ ਤੋਂ ਤੇਲ ਪ੍ਰਾਪਤ ਹੁੰਦਾ ਹੈ। ਕਪਾਹ ਪੈਦਾ ਕਰਨ ਵਾਲੇ ਮੁੱਖ ਦੇਸ਼ ਸੰਯੁਕਤ ਰਾਜ ਅਮਰੀਕਾ, ਚੀਨ, ਭਾਰਤ, ਸੁਡਾਨ, ਮਿਸਰ, ਮੈਕਸੀਕੋ, ਆਦਿ ਹਨ। ਭਾਰਤ ਵਿੱਚ ਕਪਾਹ ਦੇ ਪੌਦੇ ਦਾ ਹਰ ਭਾਗ ਪ੍ਰਯੋਗ ਵਿੱਚ ਲਿਆਉਂਦਾ ਜਾਂਦਾ ਹੈ, ਜਿਵੇਂ ਕਪਾਹ ਦੇ ਰੇਸ਼ੇ ਕੱਪੜੇ ਬਣਾਉਣ ਲਈ, ਵੜੇਵਿਆਂ ਤੋਂ ਬਨਸਪਤੀ ਤੇਲ, ਖਲ ਪਸ਼ੂਆਂ ਨੂੰ ਚਾਰੀ ਜਾਂਦੀ ਹੈ, ਪੱਤੇ ਭੇਡ-ਬੱਕਰੀਆਂ ਲਈ ਚਾਰਾਂ ਅਤੇ ਜੜ੍ਹਾਂ ਤੇ ਤਣੇ ਦਿਹਾਤੀ ਘਰਾਂ ਵਿੱਚ ਬਤੌਰ ਬਾਲਣ ਦੇ ਵਰਤੇ ਜਾਂਦੇ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਕਪਾਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਪਾਹ [ਨਾਂਇ] ਇੱਕ ਪੌਦਾ ਜਿਸ ਦੇ ਟੀਂਡੇ ਵਿੱਚੋਂ ਰੂੰ ਨਿਕਲ਼ਦੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਪਾਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਪਾਹ ਸੰ. ਕਪਸ. L. Gossypium Herbaceum. “ਦਇਆ ਕਪਾਹ ਸੰਤੋਖ ਸੂਤ.” (ਵਾਰ ਆਸਾ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਪਾਹ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਪਾਹ (ਸੰ.। ਦੇਖੋ , ਕਪਾਸ) ਰੂੰ। ਯਥਾ-‘ਦਇਆ ਕਪਾਹ ਸੰਤੋਖੁ ਸੂਤੁ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਪਾਹ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕਪਾਹ : ਕਪਾਹ ਚਿੱਟਾ ਸੋਨਾ ਹੈ। ਇਹ ਅਦਭੁਤ ਫ਼ਸਲ ਪੁਰਾਣੇ ਭਾਰਤ ਦੀ ਸ਼ਾਨ ਸੀ। ਪੁਰਾਤਨ ਯਾਤਰੀਆਂ ਦੀਆਂ ਲਿਖਤਾਂ ਵਿਚ ਅਤੇ ਪੁਰਾਤਨ ਭਾਤਰੀ ਗ੍ਰੰਥਾਂ ਵਿਚ ਇਸ ਦੀ ਕਾਸ਼ਤ ਦੇ ਹਵਾਲੇ ਮਿਲਦੇ ਹਨ । ਸਿੰਧ ਘਾਟੀ ਦੀ 5000 ਸਾਲ ਪੁਰਾਣੀ ਸਭਿਅਤਾ ਜਿਸ ਦਾ ਹਵਾਲਾ ਮਹਿੰਜੋਦੜੋ ਤੋਂ ਮਿਲਦਾ ਹੈ , ਵੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਦੋਂ ਸੂਤੀ ਕੱਪੜੇ ਪਹਿਨੇ ਜਾਂਦੇ ਸਨ ਜੋ ਦੇਸੀ ਕਪਾਹ ਤੋਂ ਬਣਾਦੇ ਸਨ। ਇਸ ਲਈ ਦੁਨੀਆ ਵਿਚ ਭਾਰਤ ਨੂੰ ਕਪਾਹ ਦਾ ਅਸਲੀ ਘਰ ਮੰਨਿਆ ਜਾ ਸਕਦਾ ਹੈ। ਭਾਰਤ ਵਿਚ ਬਣਨ ਵਾਲਾ ਸੂਤੀ ਕੱਪੜਾ ਬਦੇਸ਼ਾਂ ਵਿਚ ਜਾਂਦਾ ਸੀ । ਯੂਰਪੀ ਦੇਸ਼ ਇਸ ਦੇ ਵਪਾਰ ਵਿਚ ਵਿਸ਼ੇਸ਼ ਦਿਲਚਸਪੀ ਰਖਦੇ ਸਨ।
ਬਰਤਾਨੀਆ ਦਾ ਭਾਰਤ ਉਤੇ ਕਬਜ਼ਾ ਅਤੇ ਕਪਾਹ ਦਾ ਆਪਸ ਵਿਚ ਬਹੁਤ ਗੂੜ੍ਹਾ ਸੰਪਰਕ ਹੈ। ਉਦਯੋਗਿਕ ਕ੍ਰਾਂਤੀ ਆਉਣ ਨਾਲ ਇੰਗਲੈਂਡ ਵਿਚ ਕਪਾਹ ਦੁਨੀਆ ਦੀ ਇਕ ਤਾਕਤ ਬਣ ਗਈ ਜਦੋਂ ਕਪਾਹ ਤੋਂ ਕੱਪੜਾ ਬਣਾਉਣ ਵਾਲੀਆਂ ਮਸ਼ੀਨਾਂ ਵੱਡੇ ਪੈਮਾਨੇ ਤੇ ਵਰਤੀਆਂ ਜਾਣ ਲੱਗ ਪਈਆਂ। ਇਸ ਦਾ ਮਾੜਾ ਅਸਰ ਭਾਰਤੀ ਕੱਪੜਾ ਇੰਡਸਟਰੀ ਉਪਰ ਪਿਆ ਜਿਹੜੀ ਜੁਲਾਹਿਆਂ ਉਪਰ ਨਿਰਭਰ ਕਰਦੀ ਸੀ। ਮੁਕਦੀ ਗੱਲ, ਮੁਕਾਬਲੇ ਵਿਚ ਮਨੁੱਖ ਨੂੰ ਮਸ਼ੀਨਾਂ ਸਾਹਮਣੇ ਹਾਰ ਮੰਨਣੀ ਪਈ। ਇਸ ਲਈ ਭਾਰਤ ਦਾ ਇਤਿਹਾਸ ਇਸ ਦੇ ਕਪਾਹ ਉਦਯੋਗ ਨਾਲੋਂ ਵਖਰਾ ਨਹੀਂ ਕੀਤਾ ਜਾ ਸਕਦਾ ।
ਭਾਰਤ ਵਿਚ ਅਮਰੀਕਨ ਕਪਾਹ ਦੀ ਕਾਸ਼ਤ ਅਠ੍ਹਾਰਵੀਂ ਸਦੀ ਦੇ ਦੂਜੇ ਅੱਧ ਤਕ ਹੋਣੀ ਸ਼ੁਰੂ ਹੋ ਗਈ ਸੀ ਪਰ ਪੰਜਾਬ ਵਿਚ ਅਮਰੀਕਨ ਕਪਾਹ ਪਹਿਲੀ ਵਾਰੀ 1853 ਵਿਚ ਬੀਜੀ ਗਈ ਜਦੋਂ ਸ਼ਾਹਪੁਰ ਜ਼ਿਲ੍ਹੇ ( ਹੁਣ ਪਾਕਿਸਤਾਨ ) ਵਿਚ ਪਹਿਲੀ ਵਾਰ ਇਸ ਦਾ ਬੀਜ ਵੰਡਿਆ ਗਿਆ ਸੀ। ਇਸ ਪਿੱਛੋਂ ਧਰਵਰ ਤੋਂ ਹੋਰ ਬੀਜ ਲਿਆ ਕੇ ਪੰਜਾਬ ਦੇ ਹੋਰ ਹਿੱਸਿਆਂ ਵਿਚ ਵੰਡਿਆ ਗਿਆ। ਅਮੀਰਕਨ ਕਪਾਹ ਦੀ ਇਹ ਕਿਸਮ ਬੜੀ ਨਰਮ ਸੀ ਜਿਸ ਕਰਕੇ ਇਸ ਨੂੰ ʻਨਰਮਾʼ ਕਿਹਾ ਜਾਣ ਲੱਗ ਪਿਆ ।
ਭਾਰਤ ਦੀ ਵੰਡ ਵੇਲੇ 1947 ਵਿਚ ਸਿੰਧ ਅਤੇ ਪੰਜਾਬ ਦਾ ਕਪਾਹ ਪੈਦਾ ਕਰਨ ਵਾਲਾ ਚੰਗਾ ਸੇਂਜੂ ਇਲਾਕਾ ਪਾਕਿਸਤਾਨ ਵਿਚ ਰਹਿ ਗਿਆ ਜਿਥੇ ਦਸ ਲੱਖ ਗੰਢਾਂ ਚੰਗੀ ਕਪਾਹ ਪੈਦਾ ਹੁੰਦੀ ਸੀ। ਇਹ ਸਾਰੀ ਕਪਾਹ ਮਿੱਲਾਂ ਵਿਚ ਖ਼ਪਤ ਹੋ ਜਾਂਦੀ ਸੀ, ਜਿਸ ਦਾ ਭਾਰਤ ਨੂੰ ਬਹੁਤ ਵੱਡਾ ਨੁਕਾਸਾਨ ਹੋਇਆ।
ਪਰ 1950 ਵਿਚ ਭਾਰਤ ਸਰਕਾਰ ਨੇ ਰਾਜ ਸਰਕਾਰਾਂ ਨਾਲ ਸਲਾਹ ਕਰਕੇ ਕਪਾਹ ਪੈਦਾ ਕਰਨ ਵਾਲੇ ਇਲਾਕਿਆਂ ਲਈ ਵਿਸ਼ੇਸ਼ ਸਕੀਮਾਂ ਮਨਜ਼ੂਰ ਕੀਤੀਆਂ ਅਤੇ ਕਪਾਹ ਪੈਦਾ ਕਰਨ ਵਾਲੇ ਖੇਤਰ ਵਿਚ ਇੰਨੀ ਤੇਜ਼ੀ ਨਾਲ ਵਾਧਾ ਹੋਇਆ ਕਿ 1950-64 ਵਿਚ ਜਿਹੜਾ ਖੇਤਰ 209 ਹਜਾਰ ਹੈਕ. ਸੀ ਉਹ 1963-64 ਵਿਚ ਵਧ ਕੇ 512 ਹਜ਼ਾਰ ਹੈਕ. ਹੋ ਗਿਆ। ਪਰ ਬਹੁਤ ਤੇਜ਼ੀ ਅਮਰੀਕਨ ਕਪਾਹ ਦੀ ਕਾਸ਼ਤ ਵਿਚ ਆਈ। ਇਸ ਸਮੇਂ ਦੇ ਦੌਰਾਨ ਇਸ ਥੱਲੇ ਰਕਬਾ 69 ਹਜ਼ਾਰ ਹੈਕ. ਤੋ ਵਧ ਕੇ 258 ਹੈਕ. ਹੋ ਗਿਆ। ਪਰ ਇਸ ਪਿੱਛੋਂ ਅਮਰੀਕਨ ਅਤੇ ਦੇਸੀ ਕਪਾਹ ਦੋਹਾਂ ਥੱਲੇ ਰਕਬਾ ਘਟਣਾ ਸ਼ੁਰੂ ਹੋ ਗਿਆ ਕਿਉਂਕਿ ਇਸ ਦੌਰਾਨ ਅਨਾਜ ਵਾਲੀਆਂ ਬਹੁਤ ਝਾੜ ਦੇਣ ਵਾਲੀਆਂ ਫਸਲਾਂ ਦੀ ਕਾਸ਼ਤ ਵਲ ਝੁਕਾਅ ਵਧੇਰੇ ਹੋ ਗਿਆ ਸੀ।
ਕਾਸ਼ਤ
ਕਪਾਹ ਦੀ ਫ਼ਸਲ ਦੀ ਕਾਸ਼ਤ ਵਿਚ ਕਈ ਤਰ੍ਹਾਂ ਦੇ ਕਾਸ਼ਤਕਾਰੀ ਤੱਥ ਆਪਣਾ ਬਹਤੁ ਹਿੱਸਾ ਪਾਉਂਦੇ ਹਨ।
ਜਲਵਾਯੂ – ਕਪਾਹ ਦੀ ਚੰਗੀ ਫ਼ਸਲ ਲਈ ਔਸਤਨ ਸਾਲਾਨਾ ਤਾਪਮਾਨ 16 ਸੈਂ . ਤੋਂ ਵੱਧ ਹੋਣਾ ਚਾਹੀਦਾ ਹੈ; ਜੇਕਰ ਸਿੰਜਾਈ ਦੀਆਂ ਸਹੂਲਤਾਂ ਨਾ ਹੋਣ ਤਾਂ ਸਾਲਾਨਾ ਵਰਖਾ ਘਟੋ ਘਟ 50 ਸੈਂ . ਮੀ . ਹੋਣੀ ਚਾਹੀਦੀ ਹੈ। ਟੀਂਡੇ ਪੱਕਣ ਅਤੇ ਚੁਗਾਈ ਸਮੇਂ ਬਹੁਤ ਧੁੱਪ ਹੋਣੀ ਚਾਹੀਦੀ ਹੈ, 180 ਤੋਂ 240 ਦਿਨਾਂ ਤਕ ਕੋਰ੍ਹਾ ਨਹੀ ਪੈਣਾ ਚਾਹੀਦਾ। ਫ਼ਸਲ ਦੇ ਸਾਰੇ ਸਮੇਂ ਲਈ ਜ਼ਮੀਨ ਵਿਚ ਚੰਗੀ ਸਿੱਲ੍ਹ ਦੀ ਬਹੁਤ ਲੋੜ ਹੈ।
ਬੀਜ ਪੁੰਗਰਨ ਸਮੇਂ ਦਿਨ ਦਾ ਔਸਤਨ ਤਾਪਮਾਨ 16° ਸੈਂ. ਅਤੇ ਫ਼ਸਲ ਦੇ ਠੀਕ ਵਾਧੇ ਲਈ 21° ਤੋਂ 27° ਸੈਂ. ਚਾਹੀਦਾ ਹੈ। ਫੁੱਲ ਪੈਣ ਸਮੇਂ ਦਿਨ ਦਾ ਤਾਪਮਾਨ 27° ਤੋਂ 32° ਸੈਂ. ਚਾਹੀਦਾ ਹੈ ਅਤੇ ਰਾਤਾਂ ਠੰਢੀਆਂ ਹੋਣੀਆਂ ਚਾਹੀਦੀਆਂ ਹਨ। ਕਪਾਹ ਚੁਣਨ ਦੇ ਦਿਨਾਂ ਵਿਚ ਅੱਧ ਸਤੰਬਰ ਤਕ ਚਮਕਦੀ ਧੁੱਪ ਜ਼ਰੂਰੀ ਹੈ ਤਾਂ ਕਿ ਉਪਜ ਦੀ ਕਿਸਮ ਚੰਗੀ ਹੋਵੇ।
ਜ਼ਮੀਨ ਦੀ ਕਿਸਮ – ਕਪਾਹ ਦੀ ਕਾਸ਼ਤ ਕਲਰਾਠੀਆਂ ਜਾਂ ਸੇਮ ਵਾਲੀਆਂ ਤੇ ਰੇਤਲੀਆਂ ਜ਼ਮੀਨਾਂ ਨੂੰ ਛੱਡ ਕੇ ਹਰ ਤਰ੍ਹਾਂ ਦੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ।
ਫ਼ਸਲੀ ਚੱਕਰ – ਖਾਦ ਦੀ ਪੂਰੀ ਵਰਤੋਂ ਕਰਕੇ ਕਪਾਹ ਪਿੱਛੋਂ ਕਣਕ ਬੀਜਣੀ ਬਹੁਤ ਲਾਹੇਵੰਦ ਹੈ। ਸਿਫ਼ਾਰਸ਼ ਕੀਤੀਆਂ ਜਾਂਦੀਆਂ ਕਿਸਮਾਂ ਖੇਤ ਨੂੰ ਵੇਲੇ ਸਿਰ ਹਾੜ੍ਹੀ ਦੀ ਫ਼ਸਲ ਬੀਜਣ ਲਈ ਵਿਹਲਾ ਕਰ ਦਿੰਦੀਆਂ ਹਨ। ਫਿਰ ਵੀ ਉਹ ਫ਼ਸਲਾਂ ਜਿਨ੍ਹਾਂ ਦੀਆਂ ਜੜ੍ਹਾਂ ਵਿਚ ਬੈਕਟੀਰੀਅਲ ਗੰਢਾਂ ਹੁੰਦੀਆਂ ਹਨ ਜਿਹਾ ਕਿ ਬਰਸੀਮ, ਸੇਂਜੀ, ਮੇਥੇ, ਮਟਰ, ਛੋਲੇ ਆਦਿ ਨੂੰ ਕਪਾਹ ਦੇ ਫ਼ਸਲੀ- ਚੱਕਰ ਵਿਚ ਸ਼ਾਮਲ ਕਰਨਾ ਬਹੁਤ ਲਾਹੇਵੰਦ ਰਹਿੰਦਾ ਹੈ।
ਅਮਰੀਕਨ ਕਿਸਮਾਂ
ਐਫ਼. 414 – ਇਸ ਨਵੀਂ ਕਿਸਮ ਦੇ ਬੀਜਣ ਦੀ ਸਿਫ਼ਾਰਸ਼ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ। ਇਹ ਕਿਸਮ ਕਪਾਹ ਦੇ ਤੇਲੇ ਅਤੇ ਪੱਤਿਆਂ ਦੇ ਨੋਕਦਾਰ ਧੱਬਿਆਂ ਦੇ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਹ ਕਿਸਮ 180-190 ਦਿਨਾਂ ਤਕ ਪੱਕ ਜਾਂਦੀ ਹੈ। ਇਹ ਅਗੇਤੀ ਪੱਕਦੀ ਹੈ ਜਿਸ ਕਰਕੇ ਟੀਂਡੇ ਛੇਦਣ ਵਾਲੇ ਕੀੜੇ ਤੋਂ ਬਚ ਜਾਂਦੀ ਹੈ। ਇਹ ਕਿਸਮ ਅੱਧ ਨਵੰਬਰ ਤਕ ਖੇਤ ਵਿਹਲਾ ਕਰ ਦੇਂਦੀ ਹੈ ਇਸ ਲਈ ਉਸੇ ਖੇਤ ਵਿਚ ਕਣਕ ਵੇਲੇ ਸਿਰ ਬੀਜੀ ਜਾ ਸਕਦੀ ਹੈ। ਇਸ ਕਿਸਮ ਔਸਤਨ 600 ਕਿ. ਗ੍ਰਾ. ਪ੍ਰਤਿ ਏਕੜ ਉਪਜ ਦਿੰਦੀ ਹੈ। ਇਸ ਦੇ ਰੇਸ਼ੇ ਦੀ ਲੰਬਾਈ 23.2 ਮਿ. ਮੀ . ਅਤੇ ਵੇਲਣ ਦੀ ਦਰ 34.2% ਹੈ।
ਐਲ . ਐਚ . 372 ਕਪਾਹ ਦੀ ਇਸ ਨਵੀਂ ਕਿਸਮ ਦੇ ਬੀਜਣ ਦੀ ਸਿਫ਼ਾਰਸ਼ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ। ਇਸ ਦਾ ਔਸਤਾਨ ਝਾੜ 675 ਕਿ. ਗ੍ਰਾ . ਕਪਾਹ ਪ੍ਰਤੀ ਏਕੜ ਹੈ। ਇਸ ਦੇ ਰੇਸ਼ਿਆਂ ਦੀ ਔਸਤਨ ਲੰਬਾਈ 24.2 ਮਿ. ਮੀ . ਹੁੰਦੀ ਹੈ। ਇਸ ਦੀ ਰੂੰ (ਵੇਲਾਈ) ਦੀ ਮਾਤਰਾ ਐਫ਼-414 ਨਾਲੋਂ ਕੁਝ ਵਖਰੀ ਹੈ। ਇਸ ਦੇ ਹੋਰ ਗੁਣ ਐਫ਼-414 ਵਰਗੇ ਹੀ ਹਨ।
ਦੇਸੀ ਕਿਸਮਾਂ
ਜੀ-27 – ਇਹ ਦੇਸੀ ਕਿਸਮ ਹੈ, ਇਸ ਨੂੰ ਗੁਰਦਾਸਪੁਰ , ਹੁਸ਼ਿਆਰਪੁਰ ਅਤੇ ਰੋਪੜ ਦੇ ਨੀਮ ਪਹਾੜੀ ਇਲਾਕਿਆਂ ਵਿਚ ਬੀਜਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਜਿਥੇ ਅਮਰੀਕਨ ਕੁਝ ਕਾਰਨਾਂ ਕਰਕੇ ਨਹੀਂ ਬੀਜੀ ਜਾ ਸਕਦੀ। ਇਸ ਦਾ ਪੱਤਾ, ਤਣਾ ਅਤੇ ਹੋਰ ਹਿੱਸੇ ਲਾਲ ਭੂਰੇ ਰੰਗ ਦੇ ਹੁੰਦੇ ਹਨ। ਇਸ ਤੋਂ ਔਸਤਨ 600 ਕਿ. ਗ੍ਰਾ. ਕਪਾਹ ਪ੍ਰਤਿ ਏਕੜ ਮਿਲਦੀ ਹੈ। ਇਸ ਦਾ ਰੇਸ਼ਾ ਚੰਗੀ ਕਿਸਮ ਦਾ ਮੰਨਿਆ ਗਿਆ ਹੈ ਅਤੇ ਬਾਹਰ ਭੇਜਣ ਲਈ ਚੰਗਾ ਹੈ। ਇਸ ਦੇ ਰੇਸ਼ੇ ਦੀ ਲੰਬਾਈ 15.5 ਮਿ. ਮੀ. ਅਤੇ ਵੇਲਾਈ 38% ਹੈ। ਇਸ ਦਾ ਔਸਤਨ ਝਾੜ 675 ਕਿ. ਗ੍ਰਾ. ਕਪਾਹ ਪ੍ਰਤਿ ਏਕੜ ਮਿਲਦੀ ਹੈ। ਇਸ ਦਾ ਰੇਸ਼ਾ ਚੰਗੀ ਕਿਸਮ ਦਾ ਮੰਨਿਆ ਗਿਆ ਹੈ ਅਤੇ ਬਾਹਰ ਭੇਜਣ ਲਈ ਚੰਗਾ ਹੈ। ਇਸ ਦੇ ਰੇਸ਼ੇ ਦੀ ਲੰਬਾਈ 15.5 ਮਿ. ਮੀ. ਅਤੇ ਵੇਲਾਈ 38% ਹੁੰਦੀ ਹੈ।
ਐਲ. ਡੀ.-133–ਇਸ ਕਿਸਮ ਦੀ ਬਿਫਾਰਸ਼ ਜੀ-27 ਦੀ ਥਾਂ ਕੀਤੀ ਗਈ ਹੈ। ਇਸ ਦੇ ਬੂਟੇ ਹਰੇ ਰੰਗ ਦੇ ਹੁੰਦੇ ਹਨ ਅਤੇ ਇਸ ਦੇ ਫੁੱਲਾਂ ਦਾ ਰੰਗ ਚਿੱਟਾ ਹੁੰਦਾ ਹੈ। ਇਸ ਦੇ ਟੀਂਡੇ ਵੱਡੇ ਹੁੰਦਾ ਹਨ। ਚੁਣਾਈ ਤੋਂ ਬਾਅਦ ਇਸ ਦੇ ਬੂਟੇ ਨਾਲ ਘੱਟ ਟੀਂਡੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਕਪਾਹ ਦੀ ਗੁਲਾਬੀ ਸੁੰਡੀ ਦੇ ਕੀੜੇ ਵੀ ਅਗਲੀ ਫ਼ਸਲ ਤਕ ਘਟ ਜਾਂਦੇ ਹਨ। ਇਸ ਦਾ ਰੇਸ਼ਾ ਉੱਨ ਵਰਗਾ ਖੁਰਦਰਾ ਹੁੰਦਾ ਹੈ। ਇਸ ਦੇ ਰੇਸ਼ੇ ਦੀ ਲੰਬਾਈ 16.7 ਮਿ.ਮੀ. ਅਤੇ ਵੇਲਾਈ ਦੀ ਦਰ 38.9% ਹੈ। ਇਸ ਦਾ ਅੋਸਤਾਨ ਝਾੜ 675 ਕਿ. ਗ੍ਰਾ. ਕਪਾਹ ਪ੍ਰਤਿ ਏਕੜ ਹੈ।
ਜ਼ਮੀਨ ਦੀ ਤਿਆਰੀ ––ਚਾਰ ਤੋਂ ਪੰਜ ਵੇਰ ਵਾਹੁਣ ਨਾਲ ਖੇਤ ਚੰਗਾ ਭੁਰ ਭੁਰਾ ਹੋ ਜਾਂਦਾ ਹੈ। ਹਰ ਵਾਹੀ ਬਾਅਦ ਸੁਹਾਗਾਂ ਫੇਰਨਾ ਚਾਹੀਦਾ ਹੈ। ਚੰਗੇ ਬੀਜ ਜੰਮਣ ਲਈ ਖੇਤ ਬਾਰੀਕ ਤਿਆਰ ਕਰਨਾ ਜ਼ਰੂਰੀ ਹੈ।
ਬੀਜ ਦੀ ਮਾਤਰਾ ਪ੍ਰਤਿ ਏਕੜ––
ਕਿਸਮ ਬੀਜ
ਐਫ਼ 414 8 ਕਿਲੋ
ਐਲ ਐੱਚ-372 8 ਕਿਲੋ
ਜੀ-27 5 ਕਿਲੋ
ਐੱਲ. ਡੀ-133 6 ਕਿਲੋ
ਬੀਜ ਦੀ ਸੋਧ––ਬੀਜ ਨੂੰ ਬੀਮਾਰੀ ਰਹਿਤ ਕਰਨ ਲਈ ਬੀਜਣ ਤੋਂ ਪਹਿਲਾਂ ਦਵਾਈ ਵਾਲੇ ਘੋਲ ਵਿਚ 6 ਤੋਂ 8 ਘੰਟੇ ਲਈ ਭਿਉਂ ਲੈਣਾ ਚਾਹੀਦਾ ਹੈ। ਇਹ ਘੋਲ ਬਨਾਉਣ ਲਈ 10 ਗ੍ਰਾ. ਸੈਰੀਸਨ ਗਿੱਲੀ ਅਤੇ 0.5 ਗ੍ਰਾ. ਸਟਰੈਪਟੋਸਾਈਕਲੀਨ ਜਾਂ 15 ਗ੍ਰਾ. ਐਗਰੀਮਾਈਸੀਨ 10 ਲਿਟਰ ਪਾਣੀ ਵਿਚ 1 ਗ੍ਰਾ. ਸਕਮਿਨਿਕ ਤੇਜ਼ਾਬ ਵੀ ਮਿਲਾ ਲੈਣਾ ਚਾਹੀਦਾ ਹੈ। ਇਸ ਨਾਲ ਫ਼ਸਲ ਚੰਗੀ ਹੋਵੇਗੀ ਅਤੇ ਝਾੜ ਵੀ 10% ਵਧੇਗਾ। ਬੀਜਣ ਲਈ ਬੀਜ ਨੂੰ ਬਾਰੀਕ ਮਿੱਟੀ, ਗੋਹੇ ਜਾਂ ਸੁਆਹ ਵਿਚ ਮਸਲ ਲਓ ਤਾਂ ਕਿ ਬੀਜ ਇਕੱਲਾ ਨਿਖੜ ਜਾਵੇ ਅਤੇ ਇਕਸਾਰ ਬੀਜਿਆ ਜਾ ਸਕੇ।
ਬਿਜਾਈ ਦਾ ਸਮਾਂ––ਬਿਜਾਈ ਦਾ ਸਮਾਂ ਵਖ ਵਖ ਇਲਾਕਿਆਂ ਲਈ ਵਖ ਵਖ ਹੈ ਜਿਵੇਂ ਹੇਠਾਂ ਦਸਿਆ ਗਿਆ ਹੈ:-
ਕੇਂਦਰੀ ਅਤੇ ਨੀਮ ਪਹਾੜੀ ਜ਼ਿਲ੍ਹੇ––ਅੱਧ ਅਪ੍ਰੈਲ ਤੋਂ ਮਈ ਦਾ ਪਹਿਲਾ ਹਫ਼ਤਾ।
ਪੱਛਮੀ ਜ਼ਿਲ੍ਹੇ––ਅੱਧ ਅਪ੍ਰੈਲ ਤੋਂ ਅੱਧ ਮਈ।
ਜੇਕਰ ਕੇਂਦਰੀ ਅਤੇ ਨੀਮ ਪਹਾੜੀ ਜ਼ਿਲ੍ਹਿਆਂ ਵਿਚ ਬਿਜਾਈ ਮਈ ਦੇ ਅਖੀਰ ਤਕ ਪਿਛੇਤੀ ਕਰ ਦਿੱਤੀ ਜਾਵੇ ਤਾਂ ਝਾੜ ਵਿਚ 45% ਕਮੀ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਬਿਜਾਈ ਪੱਛਮੀ ਜ਼ਿਲ੍ਹਿਆਂ ਵਿਚ ਜੂਨ ਦੇ ਪਹਿਲੇ ਹਫ਼ਤੇ ਤਕ ਪਿਛੇਤੀ ਹੋ ਜਾਵੇ ਤਾਂ ਝਾੜ 25% ਘਟ ਜਾਂਦਾ ਹੈ।
ਬਿਜਾਈ ਅਤੇ ਫ਼ਾਸਲਾ ਅਮਰੀਕਨ ਕਪਾਹ ਅਤੇ ਦੇਸੀ ਕਪਾਹ ਦੀ ਬਿਜਾਈ 60 ਸੈਂ. ਮੀ. ਦੂਰੀ ਵਾਲੀਆਂ ਲਾਈਨਾਂ ਵਿਚ ਇਕ ਕਤਾਰ ਵਾਲੀ ਡਰਿਲ ਨਾਲ ਕਰਨੀ ਚਾਹੀਦੀ ਹੈ। ਦੇਸੀ ਕਪਾਹ ਲਈ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂ. ਮੀ. ਅਤੇ ਅਮਰੀਕਨ ਕਪਾਹ ਲਈ ਫ਼ਾਸਲਾ 45 ਸੈਂ. ਮੀ. ਰਖਿਆ ਜਾਂਦਾ ਹੈ। ਪਿਛੇਤੀ ਬਿਜਾਈ ਸਮੇਂ ਥੋੜ੍ਹਾ ਜਿਹਾ ਵੱਧ ਬੀਜ ਵਰਤ ਕੇ ਕਤਾਰਾਂ ਵਿਚ ਫ਼ਾਸਲਾ ਘੱਟ ਵੀ ਕੀਤਾ ਜਾ ਸਕਦਾ ਹੈ ਅਤੇ ਬੂਟੇ ਜ਼ਿਆਦਾ ਵਿਰਲੇ ਨਹੀਂ ਕਰਨੇ ਚਾਹੀਦੇ।
ਗੋਡੀ––ਦੋ ਤੋਂ ਤਿੰਨ ਗੋਡੀਆਂ ਕਾਫ਼ੀ ਹਨ। ਘਾਹ-ਬੂਟ ਦੇ ਨਾਸ਼ ਲਈ ਪਹਿਲੀ ਗੋਡੀ ਪਹਿਲੇ ਪਾਣੀ ਤੋਂ ਪਹਿਲਾਂ ਕਰਨੀ ਚਾਹੀਦੀ ਹੈ। ਇਸ ਕੰਮ ਲਈ ਪਹੀਏ ਵਾਲੀ ਫ਼ਾਲੀ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਟਰੈਕਟਰ ਨਾਲ ਚੱਲਣ ਵਾਲੇ ਟਿੱਲਰ ਦੀ ਵਰਤੋਂ ਵੀ ਛੋਟੀ ਫ਼ਸਲ ਵਿਚ ਕੀਤੀ ਜਾ ਸਕਦੀ ਹੈ।
ਖਾਦਾਂ––ਕਪਾਹ ਦੀ ਫ਼ਸਲ ਨਾਈਟ੍ਰੋਜਨ ਵਾਲੀਆ ਖਾਦਾਂ ਨੂੰ ਬਹੁਤ ਮੰਨਦੀ ਹੈ। ਕਈ ਇਲਾਕਿਆ ਵਿਚ ਇਹ ਫ਼ਾੱਸਫ਼ੋਰਸ ਖਾਦ ਦੀ ਵਰਤੋਂ ਨੂੰ ਵੀ ਮੰਨਦੀ ਹੈ। ਖਾਦਾਂ ਦੀ ਸਿਫ਼ਾਰਸ਼ ਉਪਰੋਕਤ ਸਾਰਨੀ ਵਿਚ ਦਰਸਾਈ ਗਈ ਹੈ।
ਸਾਰੀ ਫ਼ਾੱਸਫ਼ੋਰਸ ਬਿਜਾਈ ਸਮੇਂ ਆਖਰੀ ਵਾਹੀ ਨਾਨ ਮਿਲਾ ਦੇਣੀ ਚਾਹੀਦੀ ਹੈ। ਅੱਧੀ ਨਾਈਟ੍ਰੋਜਨ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਅੱਧੀ ਫੁੱਲ ਨਿਕਲਣ ਸਮੇਂ ਪਾਉਣੀ ਚਾਹੀਦੀ ਹੈ। ਜਦੋਂ ਕਣਕ ਪਿੱਛੋਂ
ਜ਼ਿਲ੍ਹੇ
|
ਖ਼ੁਰਾਕੀ ਤੱਤ* (ਕਿ. ਗ੍ਰਾ./ਏਕੜ)
|
ਖਾਦਾਂ (ਕਿ. ਗ੍ਰਾ./ਏਕੜ)
|
ਨਾਈਟ੍ਰੋਜਨ
N
|
ਫ਼ਾੱਸਫ਼ੋਰਸ
P2O5
|
ਕਿਸਾਨ ਖਾਦ
(25%N)
|
ਸੁਪਰ ਫ਼ਾੱਸਫ਼ੋਸ
(16% P2O5)
|
ਫਿਰੋਜਪੁਰ, ਫਰੀਦਕੋਟ ਅਤੇ ਬਠਿੰਡਾ
ਪਟਿਆਲਾ, ਲੁਧਿਆਣਾ ਅਤੇ ਸੰਗਰੂਰ
ਹੋਰ ਜ਼ਿਲ੍ਹੇ
|
40
25
20
|
12
12
––
|
160
100
80
|
75
75
––
|
ਕਪਾਹ ਬੀਜੀ ਜਾਵੇ ਜਾਂ ਜ਼ਮੀਨ ਦੀ ਮੁੱਢਲੀ ਉਪਜਾਊ ਸ਼ਕਤੀ ਘੱਟ ਹੋਵੇ ਤਾਂ ਨਾਈਟ੍ਰੋਜਨ ਖਾਦ ਦੀ ਪਹਿਲੀ ਕਿਸ਼ਤ ਬੂਟੇ ਵਿਰਲੇ ਕਰਨ ਦੀ ਥਾਂ ਬਿਜਾਈ ਸਮੇਂ ਹੀ ਪਾ ਦੇਣੀ ਚਾਹੀਦੀ ਹੈ। ਪੋਟਾਸ਼ ਖਾਦ ਦੀ ਵਰਤੋਂ ਕੇਵਲ ਮਿੱਟੀ ਪਰਖ ਦੇ ਅਧਾਰ ਤੇ ਹੀ ਕਰਨੀ ਚਾਹੀਦੀ ਹੈ।
ਸਿੰਜਾਈ ਅਤੇ ਜਲ ਨਿਕਾਸ––ਵਰਖਾ ਦੇ ਅਧਾਰ ਤੇ ਕਪਾਹ ਦੀ ਫ਼ਸਲ ਨੂੰ ਕੁੱਲ 4 ਤੋਂ 6 ਪਾਣੀ ਚਾਹੀਦੇ ਹਨ। ਪਹਿਲਾਂ ਪਾਣੀ ਬਿਜਾਈ ਤੋਂ ਇਕ ਮਹੀਨਾ ਬਾਅਦ ਅਤੇ ਇਸ ਪਿੱਛੋਂ ਪਾਣੀ ਤਿੰਨ ਹਫ਼ਤਿਆਂ ਦੇ ਵਕਫੇ ਨਾਲ ਦੇਣਾ ਚਾਹੀਦਾ ਹੈ। ਫ਼ਸਲ ਨੂੰ ਫੁੱਲ ਨਿਕਲਣ ਅਤੇ ਫੁੱਲ ਪੈਣ ਸਮੇਂ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ, ਨਹੀਂ ਤਾਂ ਬਹੁਤ ਸਾਰੇ ਫੁੱਲ ਅਤੇ ਟੀਂਡੇ ਝੜ ਜਾਣਗੇ ਅਤੇ ਉਪਜ ਬਹੁਤ ਘੱਟ ਮਿਲੇਗੀ। ਛੋਟੀ ਫ਼ਸਲ ਖੜ੍ਹਾ ਪਾਣੀ ਜ਼ਿਆਦਾ ਚਿਰ ਨਹੀਂ ਸਹਾਰ ਸਕਦੀ। ਇਸ ਲਈ ਅਜਿਹੀ ਹਾਲਤ ਵਿਚ ਪਾਣੀ ਦਾ ਨਿਕਾਸ ਛੇਤੀ ਕਰ ਦੇਣਾ ਚਾਹੀਦਾ ਹੈ। ਟੀਂਡਿਆਂ ਨੂੰ ਛੇਤੀ ਖਿੜਾਉਣ ਲਈ ਦੇਸੀ ਕਪਾਹ ਤੇ ਐਫ-414 ਨੂੰ ਆਖਰੀ ਪਾਣੀ ਸਤੰਬਰ ਦੇ ਅਖੀਰ ਵਿਚ ਦੇਣਾ ਚਾਹੀਦਾ ਹੈ।
ਸਾਈਕੋਸਿਲ ਦਾ ਛਿੜਕਾਅ––ਸਾਈਕੋਸਿਲ ਦੇ ਛਿੜਕਾਅ ਨਾਲ ਫ਼ਸਲ ਦਾ ਵਾਧਾ ਆਰਜ਼ੀ ਤੌਰ ਤੇ ਰੁਕ ਜਾਂਦਾ ਹੈ ਅਤੇ ਪੱਤੇ ਗੁੜ੍ਹੇ ਹਰੇ ਹੋ ਜਾਂਦੇ ਹਨ। ਇਸ ਛਿੜਕਾਅ ਨਾਲ ਉਪਜ ਵਿਚ 40 ਤੋਂ 120 ਕਿ. ਗ੍ਰਾ. ਵਾਧੇ ਦੀ ਆਸ ਕੀਤੀ ਜਾਂਦੀ ਹੈ।
ਅਮਰੀਕਨ ਕਪਾਹ ਅਤੇ ਦੇਸੀ ਕਪਾਹ ਦੀ ਬਿਜਾਈ ਤੋਂ 70-80 ਦਿਨਾਂ ਬਾਅਦ ਸਾਈਕੋਸਿਲ ਦਾ ਛਿੜਕਾਅ ਕੀਤਾ ਜਾਂਦਾ ਹੈ। ਇਕ ਏਕੜ ਲਈ 32 ਮਿ. ਲਿ. ਸਾਈਕੋਸਿਲ (CCC 50%) ਨੂੰ 120 ਲਿਟਰ ਪਾਣੀ ਵਿਚ ਘੋਲ ਕੇ ਛਿੜਕਣਾ ਚਾਹੀਦਾ ਹੈ। ਸਾਇਕੋਸਿਲ ਜੁਲਾਈ-ਅਗਸਤ ਵਿਚ ਛਿੜਕੀਆਂ ਜਾਣ ਵਾਲੀਆਂ ਕੀੜੇ ਮਾਰ ਦਵਾਈਆਂ ਵਿਚ ਮਿਲਾ ਕੇ ਛਿੜਕੀ ਜਾ ਸਕਦੀ ਹੈ। ਜਿਥੇ ਕਪਾਹ ਵੱਡੇ ਰਕਬੇ ਵਿਚ ਬੀਜੀ ਗਈ ਹੋਵੇ ਉੇਥੇ ਸਾਈਕੋਸਿਲਿ ਕੀੜੇ ਮਾਰ ਦਵਾਈਆਂ ਦੇ ਹਵਾਈ ਛਿੜਕਾਓ ਵਿਚ ਵੀ ਮਿਲਾਈ ਜਾ ਸਕਦੀ ਹੈ। ਛਿੜਕਾਅ ਇਕਸਾਰ ਕਰਨਾ ਚਾਹੀਦਾ ਹੈ ਅਤੇ ਛਿੜਕਦੇ ਸਮੇਂ ਘੱਟ ਤੋਂ ਘੱਟ ਤੁਪਕੇ ਪੱਤਿਆਂ ਤੇ ਡਿਗਣ ਦੇਣੇ ਚਾਹੀਦੇ ਹਨ। ਬਹੁਤੀ ਪਿਛੇਤੀ ਬਿਜਾਈ ਸਮੇਂ ਜਦੋਂ ਕਿ ਫ਼ਸਲ ਦਾ ਵਾਧਾ ਪਹਿਲਾਂ ਹੀ ਘੱਟ ਹੋਣਾ ਹੁੰਦਾ ਹੈ, ਸਾਈਕੋਸਿਲ ਦੇ ਛਿੜਕਾਅ ਦੀ ਲੋੜ ਨਹੀਂ।
ਚੁਣਾਈ––ਕਪਾਹ ਸਾਫ਼ ਅਤੇ ਸੁੱਕੀ ਚਾਹੀਦੀ ਹੈ ਤਾਂ ਕਿ ਮੰਡੀ ਵਿਚ ਇਸ ਦਾ ਮੁੱਲ ਜ਼ਿਆਦਾ ਪਵੇ। ਅਮਰੀਕਨ ਪਹਿਲੀ ਚੁਣਾਈ ਲਈ ਅਕਤੂਬਰ ਵਿਚ ਤਿਆਰ ਹੋ ਜਾਂਦੀ ਹੈ। ਚੁਣਾਈ 15-20 ਦਿਨਾਂ ਦੇ ਵਕਫ਼ੇ ਤੇ ਕਰਨੀ ਚਾਹੀਦੀ ਹੈ। ਦੇਸੀ ਕਪਾਹ ਸਤੰਬਰ ਦੇ ਤੀਸਰੇ ਹਫ਼ਤੇ ਚੁਣਨ ਲਈ ਤਿਆਰ ਹੋ ਜਾਂਦੀ ਹੈ ਅਤੇ ਇਸ ਨੂੰ 8-10 ਦਿਨਾਂਦੇ ਵਕਫ਼ੇ ਤੇ ਚੁਣਨਾਂ ਚਾਹੀਦਾ ਹੈ। ਚੁਣੀ ਹੋਈ ਕਪਾਹ ਕਦੇ ਵੀ ਗਿੱਲੀ ਥਾਂ ਤੇ ਨਹੀਂ ਰਖਣੀ ਚਾਹੀਦੀ ਕਿਉਂਕਿ ਇਸ ਨਾਲ ਕਪਾਹ ਦੀ ਉੱਤਮਤਾ ਵਿਚ ਫ਼ਰਕ ਪੈ ਜਾਂਦਾ ਹੈ। ਕਪਾਹ ਸੁੱਕੇ ਗੁਦਾਮਾਂ ਵਿਚ ਸਾਂਭ ਕੇ ਰਖਣੀ ਚਾਹੀਦੀ ਹੈ।
ਕਪਾਹਾ ਦੀਆਂ ਛਿੱਟੀਆਂ ਪੁੱਟਣਾ––ਆਖਰੀ ਚੁਣਾੲ. ਤੋਂ ਛੇਤੀ ਪਿੱਛੋਂ ਛਿੱਟੀਆਂ ਜੜ੍ਹਾਂ ਸਮੇਤ ਪੁੱਟ ਦੇਣੀਆਂ ਚਾਹੀਦੀਆਂ ਹਨ ਅਤੇ ਫ਼ਸਲ ਦੀ ਵਾਧੂ ਰਹਿੰਦ ਖੂੰਹਦ ਉਲਟਾਂਵੇ ਹਲ ਨਾਲ ਖੱਬ ਦੇਣੀ ਚਾਹੀਦੀ ਹੈ ਤਾਂ ਕਿ ਕੀੜੇ ਤੇ ਬਿਮਾਰੀਆਂ ਦਾ ਪਸਾਰ ਨਾ ਹੋ ਸਕੇ। ਫ਼ਰਵਰੀ ਦੇ ਅਖੀਰ ਤਕ ਕਪਾੲ ਦੀਆਂ ਛਿੱਟੀਆਂ ਵਰਤ ਲੈਣੀਆਂ ਜਾਂ ਸਾੜ ਦੇਣੀਆਂ ਚਾਹੀਦੀਆਂ ਹਨ।
ਵਪਾਹ ਵੇਲਣਾ–– ਕਪਾਹ ਦੇ ਵੇਲਣ ਲਈ ਮਸ਼.ਨੀ ਸੰਦ ਦੀ ਵਰਤੋਂ ਦਾ ਸਭ ਤੋਂ ਪਹਿਲਾ ਰਿਕਾਰਡ ਭਾਰਤ ਤੋਂ ਹੀ ਮਿਲਦਾ ਹੈ, ਜਿਥੇ ਇਸੇ ਫ਼ਸਲ ਦਾ ਉਪਯੋਗ ਸਭ ਤੋਂ ਪਹਿਲਾਂ ਵਿਕਸਿਤ ਹੋਇਆ ਮੰਨਿਆ ਜਾਂਦਾ ਹੈ। ਪੁਰਾਤਨ ਵੇਲਣਾ ਦੇ ਰੋਲਰਾਂ ਦਾ ਬਣਿਆ ਹੁੰਦਾ ਸੀ, ਜਿਸ ਵਿਚੋਂ ਰੂੰ ਤਾਂ ਨਿਕਲ ਜਾਂਦੀ ਸੀ, ਪਰ ਬੀਜ ਨਹੀਂ ਸੀ ਲੰਘ ਸਕਦਾ।
ਇਸ ਹੱਥ ਨਾਲ ਚੱਲਣ ਵਾਲੇ ਵੇਲਣੇ ਤੋਂ ਬਾਅਦ ਵਿਚ ਮਸ਼ੀਨਾਂ ਨਾਲ ਕਪਾਹ ਵੇਲਣ ਦੀਆਂ ਕਈ ਮਸ਼ੀਨਾਂ ਤਿਆਰ ਕੀਤੀਆਂ ਗਈਆਂ ਜਿਨ੍ਹਾਂ ਨਾਲ ਕਪਾਹ ਦੀਆਂ ਬਹੁਤ ਸਾਰੀਆਂ ਕਿਸਮਾਂ ਦੀ ਵੇਲਾਈ ਹੋ ਸਕਦੀ ਹੈ।
ਸੰਯੁਕਤ ਰਾਜ ਅਮਰੀਕਾ ਵਿਚ ਹੱਥ ਨਾਲ ਚੱਲਣ ਵਾਲੇ ਵੇਲਣੇ ਦੀ ਜਗ੍ਹਾ ਆਰਾ ਕਿਸਮਾਂ ਦੇ ਵੇਲਣੇ ਐਲੀਵਿਟਨੀ 1794 ਅਤੇ ਹਾਗਡੈਨ ਹਾੱਲਮਜ਼ 1776 ਦੁਆਰਾ ਈਜਾਦ ਕੀਤੇ ਜਾ ਚੁੱਕੇ ਸਨ।
ਵਕਤ ਦੇ ਤਕਾਜ਼ੇ ਨਾਲ ਕਪਾਹ ਦੀ ਚੁਣਾਈ ਵੀ ਮਸ਼ੀਨਾਂ ਨਾਲ ਅਤੇ ਇਸ ਦੀ ਬਾਅਦ ਵਿਚ ਵੇਲਾਈ ਵਿਚ ਵੀ ਬਹੁਤ ਸੁਧਾਰ ਆਇਆ ਹੈ ਜਿਸ ਨਾਲ ਕਿ ਅਜੋਕੇ ਸਮੇਂ ਦੀ ਕਪੜੇ ਦੀ ਬੁਹਤ ਜ਼ਿਆਦਾ ਤੇ ਤੇਜ਼ੀ ਨਾਲ ਕੀਤੀ ਜਾ ਰਹੀ ਮੰਗ ਪੂਰੀ ਕੀਤੀ ਜਾਂਦੀ ਹੈ। ਅਜਿਹੀਆਂ ਮਸ਼ੀਨਾਂ ਹੋਂਦ ਵਿਚ ਆ ਚੁੱਕੀਆਂ ਹਨ ਜਿਨ੍ਹਾਂ ਨਾਲ ਬੀਜ ਸੁਕਾਇਆ, ਸਾਫ਼ ਕੀਤਾ, ਰੂੰਈ ਵਖ ਕੀਤੀ ਅਤੇ ਹਰੇ ਟੀਂਡੇ ਵਖ ਕੀਤੇ ਜਾਣ ਆਦਿ ਕੰਮ ਇਕੋ ਹੀ ਸਮੇਂ ਹੋ ਸਕਣੇ ਸੰਭਵ ਹਨ, ਕਪਾਹ ਦੇ ਵੜੇਂਵਿਆ ਤੋਂ ਰੂੰਈਂ ਅਲੱਗ ਕਰਕੇ ਬੀਜ ਸਿੱਧਾ ਤੇਲ ਕੱਢਣ ਅਤੇ ਰੂੰਈ ਨੂੰ ਗੱਠਾਂ ਆਦਿ ਵਿਚ ਬੰਨ੍ਹਣ ਲਈ ਵੀ ਮਸ਼ੀਨਾਂ ਮੌਜੂਦ ਹਨ।
ਕੀੜੇ ਮਕੋੜੇ––ਕਾਪਹ ਦੀ ਫ਼ਸਲ ਉਪਰ ਕਈ ਪ੍ਰਕਾਰ ਦੇ ਕੀੜੇ ਹਮਲਾ ਕਰਦੇ ਹਨ। ਇਨ੍ਹਾਂ ਵਿਚੋਂ ਤੇਲਾ ਅਤੇ ਟੀਂਡੇ ਦੀ ਸੁੰਡੀ ਬਹੁਤ ਖ਼ਤਰਨਾਕ ਕੀੜੇ ਹਨ। ਤੇਲਾ ਜੂਨ ਤੋਂ ਅਗਸਤ ਵਿਚਾਲੇ ਬਹੁਤ ਨੁਕਸਾਨ ਕਰਦਾ ਹੈ ਜਿਸ ਨਾਲ ਹਮਾਲੇ ਵਾਲੇ ਪੱਤੇ ਹੇਠਾਂ ਵਲ ਮੁੜ ਜਾਂਦੇ ਹਨ ਅਤੇ ਸੰਤਰੀ ਜਾਂ ਤਾਂਬੇ ਰੰਗ ਦੇ ਹੋ ਜਾਂਦੇ ਹਨ। ਟੀਂਡੇ ਦੀ ਗੁਲਾਬੀ ਅਤੇ ਚਿਤ੍ਰੀਦਾਰ ਸੁੰਡੀ ਦਾ ਹਮਲਾ ਫ਼ਸਲ ਨੂੰ ਫੁੱਲ ਪੈਣ ਸਮੇਂ ਬਹੁਤ ਹੁੰਦਾ ਹੈ। ਇਨ੍ਹਾਂ ਕੀੜਿਆਂ ਦੀਆਂ ਸੁੰਡੀਆਂ ਫ਼ਸਲ ਦੀਆਂ ਡੰਡੀਆਂ, ਫੁੱਲਾਂ ਅਤੇ ਹਰੇ ਟੀਂਡਿਆਂ ਨੂੰ ਨੁਕਸਾਨ ਕਰਦੀਆਂ ਹਨ। ਚਿਤ੍ਰੀਦਾਰ ਸੁੰਡੀ ਬੂਟੇ ਦੀਆਂ ਕਰੂੰਬਲਾਂ ਨੂੰ ਵੀ ਨੁਕਸਾਨ ਕਰਦੀ ਹੈ।
ਹੈਲਿਓਥਿਅਸ ਵੀ ਟੀਂਡਿਆਂ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਦੇ ਲਾਰਵੇ ਫੁੱਲ ਅਤੇ ਟੀਂਡੇ ਖਾਂਦੇ ਹਨ ਜਿਸ ਨਾਲ ਬਹੁਤ ਸਾਰੇ ਟੀਂਡੇ ਝੜ ਜਾਂਦੇ ਹਨ।
ਮੋਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਸਫ਼ੈਦ ਮੱਖੀ ਅਤੇ ਮੋਨਸੂਨ ਦੇ ਬਾਅਦ ਤੇਲਾ, ਕਿਸੇ ਕਿਸੇ ਸਾਲ ਜਾਂ ਕੁਝ ਹਲਕਿਆਂ ਵਿਚ ਨੁਕਸਾਨ ਕਰਦੇ ਹਨ। ਇਹ ਕੀੜੇ ਸ਼ਹਿਦ ਦੇ ਤੁਪਕਿਆਂ ਵਰਗਾ ਜੋ ਸੈਲ ਬਾਹਰ ਕਢਦੇ ਹਨ ਉਸ ਨਾਲ ਪੱਤਿਆਂ ਅਤੇ ਕਪਾਹ ਦੇ ਬੀਜ ਉਪਰ ਉੱਲੀ ਪੈਦਾ ਹੋ ਜਾਂਦੀ ਹੈ ਤੇ ਇਹ ਕਾਲੇ ਰੰਗ ਦੇ ਹੋ ਜਾਂਦੇ ਹਨ। ਪੱਤਾ ਲਪੇਟ ਸੁੰਡੀ ਅਗਸਤ-ਸਤੰਬਰ ਦੇ ਮਹੀਨ, ਜੇ ਬੱਦਲਵਾਈ ਰਹੇ, ਤਾਂ ਬਹੁਤ ਨੁਕਸਾਨ ਕਰਦੀ ਹੈ। ਇਹ ਸੁੰਡੀ ਪੱਤੇ ਨੂੰ ਅੰਦੋਰੋਂ ਖਾਂਦੀ ਹੈ ਅਤੇ ਫਿਰ ਪੱਤਾ ਲਪੇਟ ਲੈਂਦੀ ਹੈ ਅਤੇ ਪੱਤੇ ਦਾ ਪਿੰਜਰ ਬਣਾ ਦੇਂਦੀ ਹੈ।
ਕੀੜੇ-ਮਕੋੜਿਅਆਂ ਦੀ ਰੋਕਥਾਮ––ਸਿਫ਼ਾਰਸ਼ ਕੀਤੀਆਂ ਕਿਸਮਾਂ ਅਤੇ ਸੁਚੱਜੇ ਬੀਜਣ ਅਤੇ ਬੀਜ ਦੀ ਸਾਂਭ ਢੰਗਾਂ ਆਦਿ ਨਾਲ ਕੀੜੇ-ਮਕੋੜਿਆਂ ਦੀ ਰੋਕਥਾਮ ਘਟ ਕੀਤੀ ਜਾ ਸਕਦੀ ਹੈ ਪਰ ਫਿਰ ਵੀ ਰਸਾਇਣਿਕ ਢੰਗਾਂ ਲਾਲ ਇਨ੍ਹਾਂ ਦਾ ਖ਼ਾਤਮਾ ਕੀਤਾ ਜਾ ਸਕਦਾ ਹੈ।
ਰਸਾਇਣਿਕ ਰੋਕਥਾਮ––ਜਦੋਂ ਵੀ ਫ਼ਸਲ ਦੇ ਪੱਤੇ ਚੁਰੜ ਮੁਰੜ ਹੋਏ ਜਾਪਣ ਜਾਂ ਕਿਨਾਰਿਆਂ ਤੋਂ ਤੇਲੇ ਕਾਰਨ ਤਕਰੀਬਨ 50%ਬੂਟੇ ਮੀਲੇ ਹੋ ਜਾਣ ਜਾਂ ਉਨ੍ਹਾਂ ਉਪਰ ਸ਼ਹਿਦ ਵਰਗੀਆਂ ਬੂੰਦਾਂ ਪੱਤਿਆਂ ਅਤੇ ਟਹਿਣਆਂ ਉਪਰ, ਸਫ਼ੈਦ ਮੱਖੀ ਕਰਦੇ ਜਾਂ ਤੇਲੇ ਕਾਰਨ ਲੱਗੀਆਂ ਜਾਪਣ ਤਾਂ ਇਨ੍ਹਾਂ ਦਵਾੲੀਆਂ ਵਿਚੋਂ ਕਿਸੇ ਇਕ ਦਾ ਛਿੜਕਾਅ ਕਰ ਲੈਣਾ ਚਾਹੀਦਾ ਹੈ। ਜਿਵੇਂ 500 ਗ੍ਰਾ. ਡੀ ਡੀ ਟੀ 50 ਡਬਲਯੂ ਪੀ+500 ਗ੍ਰਾ. ਬੀ ਐਚ ਸੀ 50 ਡਬਲਯੂ ਪੀ; 350 ਮਿ.ਲੀ, ਮੈਲਾਥੀਆਨ ਐਲ ਵੀ ਸੀ; 450 ਮਿ. ਲਿ ਮੈਲਾਥੀਆਨ 50 ਈ ਸੀ; 250 ਮਿ. ਲਿ. ਰੋਗੋਰ 30 ਈ ਸੀ (ਡਾਈਮੀਥੋਏਟ); 300 ਮਿ. ਲਿ. ਮੈਟਾਸਿਸਟਾਕਸ ਐਸ 25 ਈ ਸੀ (ਫਾਰਮੋਥੀਐਨ); 475 ਮਿ. ਲਿ. ਡਾਈਮੈਕਰਾਨ 85 ਡਬਲਯੂ ਐਸ ਸੀ (ਫ਼ਾੱਸਫ਼ੌਮੀਡੋਨ) ਆਦਿ।
ਆਮ ਕਰਕੇ ਇਕ ਜਾਂ ਕੋ ਛਿੜਕਾਅ ਹੀ ਕਾਫ਼ੀ ਹਨ ਕਿਉਂਕਿ ਪੰਜਾਬ ਵਿਚ ਬੀਜੀਆਂ ਜਾਣ ਵਾਲੀਆਂ ਕਪਾਹ ਦੀਆਂ ਕਿਸਮਾਂ ਤੇਲੇ ਦਾ ਟਾਕਰਾ ਕਰਨ ਦੇ ਯੋਗ ਹਨ। ਤੀਸਰੇ ਛਿੜਕਾਅ ਦੀ ਕਦੇ ਕਦੇ ਹੀ ਲੋੜ ਪੈਂਦੀ ਹੈ। ਵਰਖਾ ਰੁੱਤ ਦੌਰਾਨ ਕੇਵਲ ਉਹੀ ਦਵਾਈਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਅਸਰ ਸਾਰੇ ਬੂਟੇ ਦੇ ਅੰਦਰ ਹੋ ਸਕੇ ਕਿਹਾ ਕਿ ਰੋਗੋਰ, ਮੈਟਾਸਿਸਟਾਕਸ, ਐਂਥੀਓ ਅਤੇ ਡਾਈਮੈਕਰਾਨ ਆਦਿ, ਜੇਕਰ 2 ਜਾਂ 3 ਛਿੜਕਾਅ ਤੇਲੇ ਦੀ ਰੋਕਥਾਮ ਲਈ ਕੀਤੇ ਜਾਦ ਤਾਂ ਅਖੀਰਲਾ ਛਿੜਕਾਅ ਡੀ ਡੀ ਟੀ ਅਤੇ ਬੀ ਐਚ ਸੀ ਮਿਲਾ ਕੇ ਕਰਨਾ ਚਾਹੀਦਾ ਹੈ। ਜਿਨ੍ਹਾਂ ਇਲਾਕਿਆਂ ਵਿਚ ਤੇਲੇ ਦਾ ਹਮਲਾ ਬਹੁਤ ਖ਼ਤਰਨਾਕ ਹੁੰਦਾ ਹੈ ਉਥੇ ਪ੍ਰਤਿ ਏਕੜ 4 ਕਿ. ਗ੍ਰਾ, ਥੀਮਟ 10-ਜੀ ਦੀ ਵਰਤੋਂ, ਕੀੜੇ ਨਜ਼ਰ ਆਉਣ ਤੇ ਹੀ ਕਰ ਦੇਣੀ ਚਾਹੀਦੀ ਹੈ। ਇਹ ਦਾਣੇਦਾਰ ਦਵਾਈ ਹਲ ਪਿੱਛੇ ਪੋਰ ਬੰਨ੍ਹ ਕੇ ਪਾਉਣੀ ਚਾਹੀਦੀ ਹੈ। ਕਦੀ ਵੀ ਇਹ ਨੰਗੇ ਹੱਥਾਂ ਨਾਲ ਨਹੀਂ ਵਰਤਣੀ ਚਾਹੀਦੀ।
ਟੀਂਡੇ ਦੀਆਂ ਸੁੰਡੀਆਂ ਲਈ 10 ਦਿਨਾਂ ਦੇ ਵਕਫ਼ੇ ਤੇ ਸਪਰੇਅ ਕਰਨੀ ਚਾਹੀਦੀ ਹੈ। ਇਹ ਸਾਰੇ ਸਪਰੇਅ ਫੁੱਲ ਪੈਣੇ ਸ਼ੁਰੂ ਹੋਣ ਤੋਂ ਦੋ ਹਫ਼ਤੇ ਬਾਅਦ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਅਤੇ ਪਹਿਲੀ ਚੁਣਾਈ ਲੈਣ ਤੋਂ ਦੋ ਹਫ਼ਤੇ ਪਹਿਲਾਂ ਬੰਦ ਕਰ ਦੇਣੇ ਚਾਹੀਦੇ ਹਨ। ਪੱਤਾ ਲਪੇਟ ਸੁੰਡੀ ਲਈ ਹੇਠ ਲਿਖੀਆਂ ਦਵਾਈਆਂ ਦੀ ਸਪਰੇਅ ਕਰਨੀ ਲਾਹੇਵੰਦ ਰਹਿੰਦੀ ਹੈ:––
(ੳ) 850 ਮਿ. ਲਿ. ਫ਼ੋਲੀਥੀਆਨ ਜਾਂ ਸੁਮੀਥੀਆਨ ਜਾਂ ਐਕੋਥੀਆਨ 50 ਈ ਸੀ (ਫੈਨੀਟਰੋਬੀਅਨ) ਜਾਂ 500 ਮਿ. ਲਿ. ਫੋਲੀਥੀਆਨ 82.5 ਈ ਸੀ (ਅ) ਇਕ ਕਿਲੋ ਡੀ ਡੀ ਟੀ 50 ਤਾਕਤ ਦੀ ਘੁਲਨਸ਼ੀਲ ਜਾਂ 2 ਲਿਟਰ ਡੀ ਡੀ ਟੀ 25 ਈ ਸੀ (ੲ) ਇਕ ਲਿਟਰ ਥਾਇਓਡਾਨ 35 ਈ ਸੀ (ਐਂਡੋਸੁਲਫਾਨ) (ਸ) ਇਕ ਕਿਲੋ ਸੇਵਿਨ ਜਾਂ ਹੈਕਸਾਵਿਨ 50 ਤਾਕਤ ਦੀ ਘੁਲਨਸ਼ੀਲ (ਕਾਰਬਰੇਲ) ਜਾਂ 1.25 ਕਿਲੋ ਸੈਵੀਮੋਲ 40 ਐਲ. ਵੀ. (ਕਾਰਰਰੇਲ) ਜਾਂ 600 ਗ੍ਰਾ. ਕਾਰਬਰੇਲ 85 ਐਸ (ਹ) 800 ਮਿ. ਲਿ. ਏਕਾਲੈਕਸ 25 ਈ ਸੀ (ਕੁਈਨਲਫੋਸ) 500 ਮਿ. ਲਿ. ਨੁਵਾਕਰਾਨ 40 ਡਬਲਯੂ ਐਸ ਸੀ ( ਮਾੱਨੋਕਰੋਅੋਫੋਸ) (ਖ) 500 ਮਿ. ਲਿ. ਫੈਨਡਾਲ 50 ਈ ਸੀ ( ਫੈਨਾਥੋਏਟ) (ਗ) 600 ਮਿ. ਲਿ. ਜੋਲੋਨ 35 ਈ ਸੀ ( ਫੋਸਾਲੋਨ)।
ਕਾਰਬਰੇਲ ਦਵਾਈ ਚੁਗਾਈ ਨੇੜੇ ਵਰਤਣੀ ਚਾਹੀਦੀ ਹੈ। ਇਕ ਹੀ ਦਵਾਈ ਬਾਰ ਬਾਰ ਨਹੀਂ ਵਰਤੀ ਜਾਣੀ ਚਾਹੀਦੀ ਬਿਮਾਰੀਆਂ ਅਤੇ ਰੋਕਥਾਮ
ਜੜ੍ਹਾਂ ਦਾ ਗਲਣਾ––ਇਹ ਬਿਮਾਰੀ ਇਕ ਜੀਵਾਣੂ ਕਰਕੇ ਹੁੰਦੀ ਹੈ। ਜੇਕਰ ਫ਼ਸਲ ਵਿਚ ਮੋਠ ਬੀਜੇ ਜਾਣ ਤਾਂ ਇਹ ਰੋਗ ਪੈਦਾ ਨਹੀਂ ਹੁੰਦਾ। ਮੋਠਾਂ ਦੀ ਫ਼ਸਲ ਅਗਸਤ ਦੇ ਪਹਿਲੇ ਹਫ਼ਤੇ ਵੱਢ ਲੈਣੀ ਚਾਹੀਦੀ ਹੈ।
ਪੱਤੇ ਕੁਮਲਾਉਣਾ–– ਇਹ ਬਿਮਾਰੀ ਇਕ ਉੱਲੀ ਕਰਕੇ ਹੁੰਦੀ ਹੈ ਤੇ ਜ਼ਮੀਨ ਰਾਹੀਂ ਲਗਦੀ ਹੈ। ਇਸ ਨਾਲ ਪੱਤੇ ਪੀਲੇ ਪੈ ਕੇ ਝੜ ਜਾਂਦੇ ਹਨ। ਬੂਟਾ ਛੋਟਾ ਰਹਿੰਦਾ ਹੈ ਤੇ ਕੁਮਲਾ ਕੇ ਮਰ ਜਾਂਦਾ ਹੈ। ਜਿਨ੍ਹਾ ਖੇਤਾਂ ਵਿਚ ਇਹ ਬਿਮਾਰੀ ਲਗਦੀ ਹੋਵੇ ਉੱਥੇ ਅਮਰੀਕਨ ਕਪਾਹ ਬੀਜਣੀ ਚਾਹੀਦੀ ਹੈ ਕਿਉਂਕਿ ਇਹ ਕਿਸਮ ਬਿਮਾਰੀ ਦੇ ਅਸਰ ਤੋਂ ਬਚੀ ਰਹਿੰਦੀ ਹੈ।
ਬੈਕਟੀਰੀਅਲ ਬਲਾਈਟ––ਇਹ ਬਿਮਾਰੀ ਜ਼ਮੀਨ ਰਾਹੀਂ ਲਗਦੀ ਹੈ। ਪੱਤਿਆਂ ਉਪਰ ਪਾਣੀ ਭਿੱਜੇ ਜਿਹੇ ਨੋਕਦਾਰ ਧੱਬੇ ਪੱਤਿਆਂ ਦੇ ਦੋਹੀਂ ਪਾਸੀਂ ਪੈ ਜਾਂਦੇ ਹਨ ਅਤੇ ਇਹ ਧੱਬੇ ਬਾਅਦ ਵਿਚ ਭੂਰੇ ਅਤੇ ਫਿਰ ਕਾਲੇ ਹੋ ਕੇ ਸੜ ਸੁੱਕ ਜਾਂਦੇ ਹਨ। ਇਸ ਬਿਮਾਰੀ ਦੇ ਕਣ ਨਵੇਂ ਬਣ ਰਹੇ ਟੀਂਡਿਆਂ ਉਪਰ ਵੀ ਅਸਰ ਕਰਦੇ ਹਨ ਅਤੇ ਟੀਂਡਿਆਂ ਉਪਰ ਛੋਟੇ, ਗੋਲ ਪਾਣੀ ਭਿੱਜੇ ਧੱਬੇ ਪੈਦਾ ਹੋ ਜਾਂਦੇ ਹਨ ਅਤੇ ਇਹ ਧੱਬੇ ਵਿਚਕਾਰੋਂ ਅੰਦਰ ਨੂੰ ਧਸੇ ਹੁੰਦੇ ਹਨ। ਇਸ ਦੀ ਰੋਕਥਾਮ ਲਈ 500 ਗ੍ਰਾ. ਬਲਾਈਟੌਕਸ ਵਿਚ 20 ਗ੍ਰਾ. ਐਗਰੀਮਾਈਸੀਨ ਜਾਂ 3 ਗ੍ਰਾ. ਸਟਰੈਪਟੋ-ਸਾਈਕਲੀਨ ਰਲਾ ਕੇ 15-20 ਦਿਨਾਂ ਦੇ ਵਕਫ਼ੇ ਨਾਲ ਪਹਿਲਾ ਮੀਂਹ ਪੈਣ ਪਿੱਛੋਂ ਕਰਨਾ ਚਾਹੀਦਾ ਹੈ । ਤਿੰਨ ਛਿੜਕਾਅ ਕਾਫ਼ੀ ਹਨ। ਇਹ ਦਵਾਈ ਹੋਰ ਕੀੜੇ ਮਾਰ ਦਵਾਈਆਂ ਵਿਚ ਰਲਾ ਕੇ ਵੀ ਛਿੜਕੀ ਜਾ ਸਕਦੀ ਹੈ। ਪਾਣੀ ਦੀ ਮਿਕਦਾਰ ਫ਼ਸਲ ਦੇ ਵਾਧੇ ਅਤੇ ਸਪਰੇਅ ਪੰਪ ਮੁਤਾਬਕ ਰਖਣੀ ਚਾਹੀਦੀ ਹੈ।
ਲਾਲ ਧੱਬਿਆਂ ਦਾ ਰੋਗ––ਇਸ ਬਿਮਾਰੀ ਦੇ ਕਣ ਕਪਾਹ ਦੀ ਫ਼ਸਲ ਦੇ ਬਚੇ ਖੁਚੇ ਹਿੱਸਿਆਂ ਵਿਚ ਜ਼ਮੀਨ ਵਿਚ ਰਹਿੰਦੇ ਹਨ। ਇਸ ਬਿਮਾਰੀ ਨਾਲ ਪੱਤਿਆਂ, ਸ਼ਾਖ਼ਾਂ ਅਤੇ ਟੀਂਡਿਆਂ ਉਪਰ ਛੋਟੇ, ਗੋਲ ਲਾਲ ਰੰਗ ਦੇ ਧੱਬੇ ਪੈ ਜਾਂਦੇ ਹਨ। ਇਹ ਬਿਮਾਰੀ ਛੋਟੇ ਬੂਟਿਆਂ ਦਾ ਵਧੇਰੇ ਨਕਸ਼ਾਨ ਕਰਦੀ ਹੈ।
ਝੁਲਸ ਰੋਗ––ਇਹ ਰੋਗ ਵੀ ਇਕ ਉੱਲੀ ਕਰਕੇ ਲਗਦਾ ਹੈ। ਇਸ ਨਾਲ ਬੂਟੇ ਉੱਗਣ ਤੋਂ ਪਹਿਲਾਂ ਜਾਂ ਬਾਅਦ ਵਿਚ ਮਰ ਜਾਂਦੇ ਹਨ। ਪੱਤਿਆਂ ਉਤੇ ਹਲਕੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਬਿਮਾਰੀ ਦੇ ਵਧੇਰੇ ਫੈਲਣ ਨਾਲ ਫੁੱਲ ਅਤੇ ਟੀਂਡੇ ਝੜ ਜਾਂਦੇ ਹਨ। ਇਸ ਦੀ ਰੋਕਥਾਮ ਲਈ ਬੀਜ ਸੋਧ ਕੇ ਬੀਜਣਾ ਚਾਹੀਦਾ ਹੈ। ਲਾਲ ਧੱਬਿਆਂ ਦੇ ਰੋਗ ਅਤੇ ਝੁਲਸ ਰੋਗ ਦੀ ਰੋਕਥਾਮ ਲਈ ਫ਼ਸਲ ਉਤੇ ਅਦਲ ਬਦਲ ਕੇ 0.25% ਬਲਾਈਟੇਕਸ 50 ਜਾਂ ਕੈਪਟਾਨ 83 (500 ਗ੍ਰਾ. 200 ਲਿਟਰ ਪਾਣੀ ਵਿਚ) 15-20 ਦਿਨਾਂ ਦੇ ਵਕਫ਼ੇ ਤੇ ਪਹਿਲੇ ਮੀਂਹ ਤੋਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ। ਦੋ ਤੋਂ ਤਿੰਨ ਛਿੜਕਾਅ ਕਾਫ਼ੀ ਹਨ।
ਤਿੜਕ––ਇਸ ਰੋਗ ਨਾਲ ਪੱਤੇ ਪੀਲੇ ਅਤੇ ਲਾਲ ਹੋ ਜਾਂਦੇ ਹਨ ਅਤੇ ਪਿਛੋਂ ਟੀਂਡੇ ਠੀਕ ਨਹੀਂ ਖਿੜਕੇ। ਇਹ ਬਿਮਾਰੀ ਕਦੀ ਕਦੀ ਲਗਦੀ ਹੈ। ਇਹ ਰੋਗ ਜ਼ਿਆਦਾ ਕਰਕੇ ਖੁਸ਼ਕ ਇਲਾਕੇ ਵਿਚ ਹੁੰਦਾ ਹੈ, ਜੋ ਰਾਜਸਥਾਨ ਅਤੇ ਹਰਿਆਣੇ ਨਾਲ ਲਗਦੇ ਹਨ। ਇਸ ਰੋਗ ਦੇ ਜ਼ਿਆਦਾ ਖ਼ਤਰਨਾਕ ਹੋਣ ਦੇ ਮੁੱਖ ਕਾਰਨ ਇਹ ਹਨ––ਜਿਵੇਂ ਲੰਬੇ ਸਮੇਂ ਦੀ ਅੋੜ, ਘਟੀਆ ਪਾਣੀ ਪ੍ਰਬੰਧ, ਹਲਕੀ ਰੇਤਲੀ ਜ਼ਮੀਨ ਵਿਚ ਖ਼ੁਰਾਕੀ ਤੱਤਾਂ ਦੀ ਘਾਟ, ਬਹੁਤ ਅਗੇਤੀ ਬਿਜਾਈ ਜਾਂ ਪੌਦਾ ਸੁਰੱਖਿਆ ਦੇ ਪ੍ਰਬੰਧ ਨਾ ਕੀਤੇ ਹੋਣ। ਇਹ ਕਾਰਨ ਇਕੱਠੇ ਜਾਂ ਇਕੱਲੇ ਹੀ ਤਿੜਕ ਦੀ ਬਿਮਾਰੀ ਲਾ ਸਕਦੇ ਹਨ। ਫੁੱਲ ਅਤੇ ਟੀਂਡੇ ਹੈਣ ਸਮੇਂ ਅਤਿ ਦੀ ਗਰਮੀ ਇਸ ਬਿਮਾਰੀ ਨੂੰ ਹੋਰ ਵੀ ਵਧਾਉਂਦੀ ਹੈ। ਖਾਦਾਂ ਦੀ ਪੂਰੀ ਵਰਤੋਂ, ਸਮੇਂ ਸਿਰ ਸਿੰਜਾਈ ਖ਼ਾਸ ਕਰਕੇ ਫੁੱਲਅਤੇ ਟੀਂਡੇ ਪੈਣ ਸਮੇਂ ਅਤੇ ਪੌਦੇ ਸੁਰੱਖਿਆ ਦੀਆਂ ਸਿਫ਼ਾਰਸ਼ਾਂ ਤੇ ਅਮਲ ਕਰਨ ਨਾਲ ਇਸ ਰੋਗ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ।
ਕਪਾਹ ਦਾ ਵਰਗੀਕਰਨ–– ਕਪਾਹ ਦੀਆਂ ਕਾਸ਼ਤ ਕੀਤੀਆਂ ਜਾਣ ਵਾਲੀਆਂ ਅਤੇ ਜੰਗਲੀ ਕਿਸਮਾਂ ਗੌਸੀਪੀਅਮ ਪ੍ਰਜਾਤੀ ਵਿਚ ਰਖੀਆਂ ਗਈਆਂ ਹਨ। ਕਪਾਹ ਪੈਦਾ ਕਰਨ ਲਈ 4 ਪ੍ਰਜਾਤੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਗੌਸੀਪੀਅਮ ਹਰਬੇਸੀਅਮ (G. hernaceum) ਅਤੇ ਗੌਸੀਪੀਅਮ ਆਰਬੋਰੀਅਮ (G. arboreum) ਜਿਨ੍ਹਾਂ ਨੂੰ ਆਮ ਤੌਰ ਤੇ ਏਸ਼ੀਆਈ ਜਾਤੀਆ ਕਿਹਾ ਜਾਂਦਾ ਹੈ, ਇਨ੍ਹਾਂ ਦਾ ਹੈਪਲਾੱਇਡ ਕ੍ਰੋਮੋਸੋਮ ਨੰਬਰ 13 ਹੈ ਅਤੇ ਇਹ ਛੋਟੇ (3/8'' ਤੋਂ 3/4'') ਆਕਾਰ ਦੀ ਰੂੰਈ ਪੈਦਾ ਕਰਦੇ ਹਨ। ਇਕ ਹੋਰ ਜਾਤੀ ਹਿਰਸੂਟਮ (G. hirsutum) ਜਿਸ ਨੂੰ ਅਮਰੀਕਨ ਕਿਸਮ ਕਿਹਾ ਜਾਂਦਾ ਹੈ, ਇਸ ਦਾ ਹੈਪਲਾੱਇਡ ਕ੍ਰੋਮੋਸੋਮ ਨੰਬਰ 26 ਹੈ ਅਤੇ ਇਹ ਦਰਮਿਆਨੀ ਲੰਬਾਈ (13/16'' ਤੋਂ 1¼'') ਦੀ ਰੂੰਈ ਪੈਦਾ ਕਰਦੀ ਹੈ ਜੋ ਖੁਰਦਰੀ ਜਿਹੀ ਹੁੰਦੀ ਹੈ। ਚੌਥੀ ਪ੍ਰਜਾਤੀ ਬਾਰਬੇਡੈਂਸ (G. barbadense) ਦਾ ਹੈਪਲਾੱਇਡ ਕ੍ਰੋਮੋਸੋਮ ਨੰਬਰ 26 ਹੈ ਅਤੇ ਇਸ ਵਿਚ ਕਈ ਕਿਸਮਾਂ ਸ਼ਾਮਲ ਹਨ ਜਿਵੇਂ ਸੀ ਆਈਲੈਂਡ, ਮਿਸਰੀ, ਅਮਰੀਕਨ-ਮਿਸਰੀ ਅਤੇ ਪੈਰੁਵੀਅਨ ਐਂਗੂਇਸ ਆਦਿ। ਇਨ੍ਹਾਂ ਵਪਾਰਕ ਕਿਸਮਾ ਵਿਚ ਸਿਵਾਇ ਪੈਰੁਵੀਅਨ ਟੈਂਗੂਇਸ ਤੋਂ ਇਹ ਕਾਫ਼ੀ ਲੰਬੀ ਰੂੰਈ ( ਤੋਂ ਤੋਂ 2½") ਪੈਦਾ ਕਰਦੀਆਂ ਹਨ ਜੋ ਬਹੁਤ ਹੀ ਬਾਰੀਕ ਹੁੰਦੀ ਹੈ।
ਕਪਾਹ ਦੇ ਰੇਸ਼ੇ––ਕਪਾਹ ਦਾ ਰੇਸ਼ਾ ਅਸਲ ਵਿਚ ਇਕਹਿਰੇ ਸੈੱਲ ਦਾ ਵਾਧਾ ਹੁੰਦਾ ਹੈ ਜੋ ਕਪਾਹ ਦੇ ਬੀਜ ਦੀ ਬਾਹਰਲੀ ਪਰਤ ਤੋਂ ਪੈਦਾ ਹੁੰਦਾ ਹੈ। ਹਰੇਕ ਰੇਸ਼ੇ ਵਿਚ ਇਕ ਬਾਹਰਲੀ ਜਾਂ ਮੁਢਲੀ ਸੈੱਲ ਕੰਧ ਅਤੇ ਵਿਚਲੀ ਪਰਤ ਸੈਲੂਲੋਜ਼ ਦੀ ਹੁੰਦੀ ਹੈ ਜੋ ਸੈਕੰਡਰੀ ਕੰਧ ਬਣਾਉਂਦੀ ਹੈ। ਮਾਈਕ੍ਰੋਸਕੋਪ ਰਾਹੀਂ ਨਿਰੀਖਣ ਕੀਤਿਆਂ ਕਪਾਹ ਦੇ ਰੇਸ਼ੇ ਦੇ ਲੰਬੇ ਦਾਅ ਸੈਕਸ਼ਨ ਵਿਚ ਰੋਜ਼ਾਨਾ ਵਿਕਾਸ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵਾਧੇ ਨਾਲ ਇਨ੍ਹਾਂ ਵਿਚ ਸਮਕੇਂਦਰੀ ਚੱਕਰ ਬਣਦੇ ਰਹਿੰਦੇ ਹਨ। ਵਾਧੇ ਦਰਮਿਆਨ ਹਰੇਕ ਰੇਸ਼ੇ ਵਿਚ ਸੈੱਲ ਦਾ ਜ਼ਿੰਦਾ ਪ੍ਰੋਟੋਪਲਾਜ਼ਮ ਹੁੰਦਾ ਹੈ। ਜਦ ਇਹ ਪਕਦਾ ਹੈ ਅਤੇ ਹਵਾ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਰੇਸ਼ਾ ਖ਼ੁਸ਼ਕ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸੁਕੱਣ ਨਾਲ ਇਸ ਵਿਚ ਫੈਲਾਅ ਆ ਜਾਂਦਾ ਹੈ ਇਹ ਮੁੜਣਾ ਸੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਪਿੰਜਣ ਵਿ ਸੁਖਾਲਾ ਹੋ ਜਾਂਦਾ ਹੈ।
ਭਾਵੇਂ ਸਾਰੀ ਰੂੰਈ ਵਿਚ ਪਿੰਜਣ ਤੇ ਮਰੋੜਨ ਲਛਣਾਤਮਕ ਮਹਤਤਾ ਬਰਾਬਰ ਹੀ ਹੁੰਦੀ ਹੈ, ਪਰ ਫਿਰ ਵੀ ਇਨ੍ਹਾਂ ਦੀ ਲੰਬਾਈ, ਖੁਰਦਰਾਪਨ ਅਤ ਮਜ਼ਬੂਤੀ ਵਿਚ ਬਹੁਤ ਵਖਰੇਵਾਂ ਮਿਲਦਾ ਹੈ। ਇਕ ਹੀ ਕਿਸਮ ਵਿਚ ਇਨ੍ਹਾਂ ਦੇ ਉਤਪਾਦਨ ਦੇ ਗੁਣਾਂ ਵਿਚ ਕਈ ਤਰ੍ਹਾਂ ਦੇ ਫ਼ਰਕ ਮਿਲਦੇ ਹਨ। ਵਿਰਾਸਤ ਵਖਰੇਵਿਆਂ ਤੋਂ ਇਲਾਕਾ ਵੀ ਜਲਵਾਯੂ-ਹਾਲਤਾਂ ਜਿਨ੍ਹਾਂ ਥੱਲੇ ਇਹ ਫ਼ਸਲ ਉਗਾਈ ਜਾਂਦੀ ਹੈ, ਉਨ੍ਹਾਂ ਦੀ ਵੀ ਇਨ੍ਹਾਂ ਗੁਣਾਂ ਵਿਚ ਕਾਫ਼ੀ ਮਹੱਤਤਾ ਹੈ।
ਗਰੇਡਿੰਗ ਅਤੇ ਮਾਰਕੀਟਿੰਗ–– ਮੰਡੀਆਂ ਵਿਚ ਕਪਾਹ ਦੀ ਕੀਮਤ ਇਸ ਦੇ ਰੇਸ਼ੇ ਦੀ ਲੰਬਾਈ, ਰੰਗ, ਤਿਆਰੀ ਅਤੇ ਇਸ ਵਿਚਲੀ ਮਿਲਾਵਟ ਆਦਿ ਤੱਥਾਂ ਦੇ ਅਧਾਰ ਤੇ ਪਾਈ ਜਾਂਦੀ ਹੈ। ਇਹ ਤੱਥ ਗਰੇਡਿੰਗ ਲਈ ਵੀ ਅਪਣਾਏ ਜਾਂਦੇ ਹਨ। ਗਰੇਡਿੰਗ ਦੇ ਸਿਸਟਮ ਦੁਨੀਆ ਭਰ ਵਿਚ ਜਿਥੇ ਕਪਾਹ ਉਗਾਈ ਅਤੇ ਉਪਯੋਗ ਵਿਚ ਲਿਆਂਦੀ ਜਾਂਦੀ ਹੈ, ਵਖਰੇ ਵਖਰੇ ਹਨ। ਕਪਾਹ ਦੀਆਂ ਗੰਢਾਂ ਵਿਚੋਂ ਕੁਝ ਸੈਂਪਲ ਲੈ ਲਏ ਜਾਂਦੇ ਹਨ ਤੇ ਇਨ੍ਹਾਂ ਸੈਂਪਲਾਂ ਦੇ ਅਧਾਰ ਤੇ ਹੀ ਗਰੇਡਿੰਗ ਕੀਤੀ ਜਾਂਦੀ ਹੈ। ਸਟੋਰ ਕਰਨ ਉਪਰੰਤ ਇਸ ਦੀ ਵਿਕਰੀ ਸਮੇਂ ਵੀ ਗਰੇਡਿੰਗ ਅਤੇ ਮਾਰਕਟਿੰਗ ਲਈ ਵੀ ਇਹੀ ਢੰਗ ਅਪਣਾਏ ਜਾਂਦੇ ਹਨ। ਗਰੇਡਿੰਗ ਖੇਤੀਬਾੜੀ ਵਿਭਾਗ ਦੇ ਕਰਮਚਾਰੀ, ਕਪਾਹ ਵੇਲਣ ਦੀਆਂ ਮਿਲਾਂ ਅਤੇ ਕੱਪੜਾ ਬੁਣਨ ਲਈ ਖਰੀਦਣ ਵਾਲੇ ਵਪਾਰੀਆਂ ਦੇ ਨੁਮਾਇੰਦੇ ਵੀ ਕਰਦੇ ਹਨ। ਗਰੇਡਿੰਗ ਲਈ ਕਈ ਤਰ੍ਹਾਂ ਦੇ ਵਖ ਵਖ ਗਰੇਡ ਮਿਥੇ ਜਾਂਦੇ ਹਨ। ਇਸੇ ਤਰ੍ਹਾਂ ਹੀ ਗਰੇਡਿੰਗ ਤੋਂ ਬਾਅਦ ਖਰੀਦਣ ਵਾਲੇ ਦੀ ਮਰਜ਼ੀ ਅਨੁਸਾਰ ਕਪਾਹ ਦੀ ਵਿਕਰੀ ਨਿਰਭਰ ਕਰਦੀ ਹੈ। ਮੰਡੀਆਂ ਵਿਚੋਂ ਕਪਾਹ ਵਪਾਰੀ, ਸਰਕਾਰੀ ਏਜੰਸੀਆਂ ਅਤੇ ਕੱਪੜਾ ਤਿਆਰ ਕਰਨ ਵਾਲੀਆਂ ਮਿਲਾਂ ਦੇ ਨੁਮਾਇੰਦੇ ਇਸ ਦੀ ਖਰੀਦੋ-ਫ਼ਰੋਖ਼ਤ ਕਰ ਲੈਂਦੇ ਹਨ।
ਉਤਪਾਦਨ––ਸੰਯੁਕਤ ਰਾਜ ਅਮਰੀਕਾ ਦੁਆਰਾ ਇਕੱਠੇ ਕੀਤੇ ਗਏ ਅੰਕੜਿਆਂ ਅਮਰੀਕਨ ਗੰਢਾਂ (490 ਪੌਂਡ ਅੋਸਤਨ) ਅਤੇ ਅਮਰੀਕਾ ਤੋਂ ਬਾਹਰਲੇ ਦੇਸ਼ਾਂ ਦੀਆਂ ਗੰਢਾਂ (478 ਪੌਂਡ ਅੋਸਤਨ) ਦੇ ਹਿਸਾਬ ਦੁਨੀਆ ਭਰ ਵਿਚ ਕਪਾਹ ਦਾ ਉਤਪਾਦਨ ਕਰੀਬ 48,000,000 ਗੰਢਾਂ ਹਨ। ਇਸ ਵਿਚ 60 ਤੋਂ ਉਪਰ ਦੇਸ਼ਾਂ ਦਾ ਉਤਪਾਦਨ ਇਸ ਤਰ੍ਹਾਂ ਹੈ:- ਸੰਯੋਕਤ ਰਾਜ ਅਮਰੀਕਾ (15,000,000) ਗੰਢਾਂ; ਬਰਾਜ਼ੀਲ (2,000,000); ਭਾਰਤ (4,500,000); ਪਾਕਿਸਤਾਨ (1,300,000); ਰੂਸ (7,000,000) ਅਤੇ ਮੈਕਸੀਕੋ (2,000,000)।
ਉਨ੍ਹਾਂ ਦੇਸ਼ਾਂ ਵਿਚੋਂ ਜੋ ਆਪਣੀ ਉਪਜ ਦਾ ਬਹੁਤ ਜ਼ਿਆਦਾ ਪ੍ਰਤਿਸ਼ਤ ਹਿੱਸਾ ਉਪਯੋਗ ਵਿਚ ਲਿਆਉਂਦੇ ਹਨ, ਉਹ ਇਸ ਤਰ੍ਹਾਂ ਹਨ, ਅਮਰੀਕਾ, ਰੂਸ, ਚੀਨ, ਕੋਰੀਆ, ਭਾਰਤ, ਬਰਾਜ਼ੀਲ ਅਤੇ ਅਰਜੈਨਟਾਈਨਾ। ਜੋ ਦੇਸ਼ ਆਪਣੀ ਬਹੁਤ ਸਾਰੀ ਉਪਜ ਬਾਹਰਲੇ ਦੇਸ਼ਾਂ ਨੂੰ ਭੇਜਦੇ ਹਭ ਉਨ੍ਹਾਂ ਵਿਚ ਮਿਸਰ, ਤੁਰਕੀ, ਮੈਕਸੀਕੋ, ਪੀਰੂ, ਸੁਡਾਨ, ਯੁਗਾਂਡਾ ਅਤੇ ਕਾਂਗੋ ਆਦਿ ਸ਼ਾਮਲ ਹਨ। ਯੂਰਪੀਅਨ ਮੰਡੀਆਂ ਵਿਚੋਂ ਬਹੁਤ ਸਾਰੀ ਕਪਾਹ ਜਾਪਾਨ ਬਰਾਮਦ ਕਰਦਾ ਹੈ।
ਹ. ਪੁ.––ਐਨ. ਬ੍ਰਿ. 6 : 613; ਕਪਾਹ ਦੀ ਕਾਸ਼ਤ : ਫਾਰਮ ਬੁਲਿਟਿਨ ਖੇਤੀ ਬਾੜੀ ਵਿਭਾਗ, ਪੰਜਾਬ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5394, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕਪਾਹ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕਪਾਹ––ਕਪਾਹ ਦੀ ਪੰਜਾਬ ਦੇ ਸਮਾਜਿਕ ਜੀਵਨ ਵਿਚ ਵਿਸ਼ੇਸ਼ ਮਹੱਤਤਾ ਹੈ। ਕਪਾਹ ਦੀ ਬਿਜਾਈ, ਗੁਡਾਈ ਅਤੇ ਚੁਗਾਈ, ਚਰਖੇ ਦੀ ਘੂਕਰ, ਤ੍ਰਿੰਜਣ, ਪੰਜਾਬੀ ਸਭਿਆਚਾਰ ਦਾ ਵਿਸ਼ੇਸ਼ ਅੰਗ ਹਨ। ਕਪਾਹ ਆਮ ਕਰ ਕੇ ਅਪ੍ਰੈਲ (ਵਿਸਾਖ) ਵਿਚ ਕਣਕ ਜਾਂ ਛੋਲਿਆਂ ਦੇ ਪਿਛੋਂ ਬੀਜੀ ਜਾਂਦੀ ਹੈ।
ਕਪਾਹ ਅਤੇ ਨਰਮੇ (ਅਮਰੀਕਨ ਕਿਸਮਾਂ) ਦੀ ਭਰਪੂਰ ਫ਼ਸਲ ਲੈਣ ਲਈ ਚੰਗਾ ਬੀਜ, ਸਮੇਂ ਸਿਰ ਬਿਜਾਈ, ਬੂਟਿਆਂ ਵਿਚਕਾਰ ਠੀਕ ਫਾਸਲਾ ਅਤੇ ਗੁਡਾਈ ਬਹੁਤੀ ਜ਼ਰੂਰੀ ਹਨ।
ਕਪਾਹ ਜਾਂ ਨਰਮੇ ਦੀ ਭਰਪੂਰ ਫ਼ਸਲ ਲੈਣ ਲਈ ਸਭ ਤੋਂ ਵੱਧ ਜ਼ਰੂਰੀ ਹੈ ਕੀੜਿਆਂ ਦਾ ਨਾਸ਼ ਕਰਨਾ। ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਨਰਮੇ ਦੀ ਫ਼ਸਲ ਤਾਂ ਸਾਰੀ ਦੀ ਸਾਰੀ ਹੀ ਤਬਾਹ ਹੋ ਜਾਂਦੀ ਹੈ। ਪੰਜਾਬ ਵਿਚ ਨਰਮੇ ਦੀ ਕਾਸ਼ਤ ਪੱਛਮੀ ਜ਼ਿਲ੍ਹਿਆਂ ਜਿਥੇ ਮੌਸਮ ਖੁਸ਼ਕ ਰਹਿੰਦਾ ਹੈ, ਫਿਰੋਜ਼ਪੁਰ, ਫ਼ਰੀਦਕੋਟ, ਮਾਨਸਾ, ਮੁਕਤਸਰ, ਮੋਗਾ ਤੇ ਬਠਿੰਡਾ ਵਿਚ ਬਹੁਤ ਹੁੰਦੀ ਹੈ। ਦੇਸੀ ਕਪਾਹ ਘਰ ਦੇ ਗੁਜ਼ਾਰੇ ਲਈ ਕਿਸਾਨ ਸਾਰੇ ਜ਼ਿਲ੍ਹਿਆਂ ਵਿਚ ਬੀਜ ਲੈਂਦੇ ਹਨ। ਪਹਿਲੇ ਸਮਿਆਂ ਵਿਚ ਟੀਂਡੇ ਦੀ ਸੁੰਡੀ ਨੂੰ ਕੁਦਰਤੀ ਆਫ਼ਤ ਸਮਝ ਕੇ ਹਾਲਾਤ ਨਾਲ ਸਮਝੌਤਾ ਕਰ ਲਿਆ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀੜੇਮਾਰ ਦਵਾਈਆਂ ਦੇ ਛਿੜਕਾਅ ਦਾ ਇਕ ਸੰਯੁਕਤ ਪ੍ਰੋਗਰਾਮ ਬਣਾਇਆ ਗਿਆ ਹੈ। ਜੇਕਰ ਉਸ ਨੂੰ ਠੀਕ ਤਰ੍ਹਾਂ ਅਪਣਾਇਆ ਜਾਵੇ ਤਾਂ ਕਪਾਹ ਅਤੇ ਨਰਮੇ ਦੀ ਭਰਪੂਰ ਫ਼ਸਲ ਪ੍ਰਾਪਤ ਹੋ ਸਕਦੀ ਹੈ। ਪੰਜਾਬ ਵਿਚ 471 ਹਜ਼ਾਰ ਹੈਕਟੇਅਰ ਦੇ ਲਗਭਗ ਧਰਮੀ ਵਿਚ ਨਰਮਾ ਅਤੇ 87 ਹਜ਼ਾਰ ਹੈਕਟੇਅਰ ਜ਼ਮੀਨ ਵਿਚ ਦੇਸੀ ਕਪਾਹ ਦੀ ਕਾਸ਼ਤ ਹੁੰਦੀ ਹੈ। ਪੰਜਾਬ ਵਿਚ ਲਗਭਗ 17 ਹਜ਼ਾਰ ਗੰਢਾਂ ਕਪਾਹ ਹੁੰਦੀ ਹੈ ਜਿਹੜੀ ਕਿ ਦੇਸ਼ ਦੇ ਉਤਪਾਦਨ ਦਾ ਲਗਭਗ ਚੌਥਾ ਹਿੱਸਾ ਹੈ।
ਪੰਜਾਬ ਵਿਚ ਐਫ.-414, ਐਫ. 505, ਐਲ. ਐਚ-900, ਨਰਮੇ ਦੀਆਂ ਅਤੇ ਐਲ. ਡੀ.-230 ਐਲ ਡੀ.-133 ਅਤੇ ਜੀ-27 ਦੇਸੀ ਕਪਾਹ ਦੀਆਂ ਕਿਸਮਾਂ ਦੀ ਕਾਸ਼ਤ ਹੁੰਦੀ ਹੈ।
ਲੇਖਕ : ਡਾ. ਰਣਜੀਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-30-26, ਹਵਾਲੇ/ਟਿੱਪਣੀਆਂ:
ਕਪਾਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਪਾਹ, (ਸੰਸਕ੍ਰਿਤ : कर्पास;ਟਾਕਰੀ :ਕਰਪਾਸ) \ ਇਸਤਰੀ ਲਿੰਗ : ੧. ਇੱਕ ਫ਼ਸਲ ਜਾਂ ਬੂਟਾ ਜਿਸ ਦੇ ਟੀਂਡੇ (ਫਲ) ਵਿਚੋਂ ਰੂੰ ਨਿਕਲਦੀ ਹੈ ਇਸ ਦੇ ਅੰਦਰ ਹੀ ਵੜੇਵੇਂ; ਹੁੰਦੇ ਹਨ; ੨. (ਲਹਿੰਦੀ) ਰੂੰ
–ਕਪਾਹ ਝੰਬਣਾ, ਕਪਾਹ ਝੰਮਣਾ, ਕਿਰਿਆ ਸਕਰਮਕ : ਖੰਮਣੀ ਮਾਰ ਮਾਰ ਕੇ ਕਪਾਹ ਦੇ ਫੁੱਟਾਂ ਦੇ ਰੂੰ ਨੂੰ ਪੋਲਾ ਕਰਨਾ ਅਤੇ ਉਸ ਵਿਚੋਂ ਪੱਤਰੀ ਜਾਂ ਭੰਨ ਆਦਿ ਕੱਢਣਾ ਤਾਂ ਜੋ ਉਸ ਦੇ ਵੇਲਣ ਵਿੱਚ ਸੁਖਾਲ ਰਹੇ ਅਤੇ ਵਿਲ ਕੇ ਰੂੰ ਵਿੱਚ ਸਫ਼ਾਈ ਆ ਸਕੇ
–ਕਪਾਹ ਦੀ ਸੁੰਡੀ, (ਖੇਤੀ ਬਾੜੀ ) \ ਇਸਤਰੀ ਲਿੰਗ : ਇੱਕ ਪਰਕਾਰ ਦਾ ਕੀੜਾ ਜੋ ਕਪਾਹ ਦੇ ਟੀਡੇਂਆਂ ਨੂੰ ਲੱਗਦਾ ਹੈ ਅਤੇ ਰੂੰ ਵਿਚਲੇ ਵੜੇਵਿਆਂ ਨੂੰ ਖਾ ਜਾਂਦਾ ਹੈ
–ਕਪਾਹ ਫੁੜਕਣਾ, (ਪੁਆਧੀ) \ ਮੁਹਾਵਰਾ : ਕਪਾਹ ਦੇ ਪਹਿਲੀ ਵਾਰੀ ਚੁਗਣ ਸਮੇਂ ਤਿਲ ਦੇ ਚੌਲ ਵੰਡ ਕੇ ਖਾਂਦੇ ਫੁਰਕੜੇ ਮਾਰਦੇ ਹਨ ਤਾਂ ਜੋ ਕਪਾਹ ਚੰਗੀ ਖਿੜੇ। ਇੱਕ ਖੂੰਜੇ ਦੋ ਕੁੜੀਆਂ ਖਲੋ ਕੇ ਇਕੱਠੀਆਂ ਤੁਰਦੀਆੰ ਹਨ ਇੱਕ ਸਿੱਧੇ ਗੇੜ ਦੂਜੀ ਪੁੱਠੇ ਗੇੜੇ ਆਉਂਦੀ ਹੈ ਪਹਿਲਾਂ ਆਉਣ ਵਾਲੀ ਨੂੰ ਇਨਾਮ ਦਿੱਤਾ ਜਾਂਦਾ ਹੈ
–ਕਪਾਹਾ, (ਮੁਲਤਾਨੀ) \ ਵਿਸ਼ੇਸ਼ਣ : ਕਪਾਹ ਦਾ ਕਪੜਾ, ਸੂਤੀ ਕਪੜਾ
–ਕਪਾਹੀ, (ਸੰਸਕ੍ਰਿਤ : कर्पास; ਫ਼ਰਸੀ : ਕਰਪਾਸ) \ ਵਿਸ਼ੇਸ਼ਣ : ਹਲਕਾ ਪੀਲਾ ਰੰਗ
–ਕਪਾਹੇ, (ਮਲਵਈ) \ ਵਿਸ਼ੇਸ਼ਣ : ਕਪਾਹ ਦੇ ਰੰਗ ਦਾ, ਕਪਾਹ ਦਾ ਬਣਿਆ ਹੋਇਆ
–ਕਪਾਹੇ ਜਾਣਾ, ਕਿਰਿਆ ਅਕਰਮਕ : ੧. ਜਵਾਂ ਦਾ ਫੁੱਟਣਾ ਜਿਸ ਸਮੇਂ ਅਜੇ ਉਨ੍ਹਾਂ ਦੀਆਂ ਤੂਈਆਂ ਸਫ਼ੈਦ ਹੁੰਦੀਆਂ ਹਨ; ੨. ਖਿੜੀ ਹੋਈ ਕਪਾਹ ਨੂੰ ਚੁਣਨ ਜਾਣਾ
–ਇਨ੍ਹੀਂ ਤਿਲੀਂ ਨਹੀਂ ਤੇਲ, ਟੀਂਡੀ ਨਹੀਂ ਕਪਾਹ, ਅਖੌਤ : ਜਦੋਂ ਕਿਸੇ ਤੋਂ ਕੋਈ ਚੀਜ਼ ਮਿਲਣ ਦੀ ਆਸ ਨਾ ਹੋਵੇ ਤਾਂ ਵਰਤਦੇ ਹਨ
–ਹੱਟੀ ਵਿੱਚ ਕਪਾਹ ਤੇ ਮੇਰੀ ਤਾਣੀ ਦੇ ਲਾਹ, ਅਖੌਤ : ਸੂਤ ਨਾ ਪਤਾਨ ਜੁਲਾਹੇ ਨਾਲ ਠੇਂਗਾ ਠੇਂਗੀ, ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-09-03-40-35, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First