ਕਪੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਪੜਾ ਸੰ. ਕਪਟ. ਸੰਗ੍ਯਾ—ਵਸਤ੍ਰ. ਪਟ. “ਕਪੜੁ ਰੂਪ ਸੁਹਾਵਣਾ.” (ਵਾਰ ਆਸਾ) ੨ ਖ਼ਿਲਤ. “ਸਿਫਤਿ ਸਲਾਹ ਕਪੜਾ ਪਾਇਆ.” (ਮ: ੧ ਵਾਰ ਮਾਝ) ੩ ਭਾਵ, ਦੇਹ. ਸ਼ਰੀਰ. “ਕਰਮੀ ਆਵੈ ਕਪੜਾ.” (ਜਪੁ)3 ਇਸੇ ਭਾਵ ਅਨੁਸਾਰ ਚੋਲਾ ਜਾਮਾ ਆਦਿ ਸ਼ਬਦ ਦੇਹ ਲਈ ਵਰਤੇ ਹਨ। ੪ ਲਿਬਾਸ. “ਪਰਹਰਿ ਕਪੜੁ ਜੇ ਪਿਰ ਮਿਲੈ.” (ਮ: ੧ ਵਾਰ ਸੋਰ) ਇਸ ਥਾਂ ਪਾਖੰਡ ਭੇਸ (ਵੇ) ਦੇ ਤ੍ਯਾਗ ਤੋਂ ਭਾਵ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਪੜਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕਪੜਾ : ਪੁਰਾਣੇ ਜ਼ਮਾਨੇ ਵਿਚ ਇਨਸਾਨ ਜੰਗਲਾਂ ਵਿਚ ਬਿਲਕੁਲ ਨੰਗ-ਧੜੰਗੇ ਫਿਰਦੇ ਰਹਿੰਦੇ ਸਨ। ਜਦੋਂ ਮਨੁੱਖ ਨੂੰ ਆਪਣਾ ਨੰਗੇਜ ਢਕਣ ਦਾ ਖ਼ਿਆਲ ਆਇਆਂ ਤਾਂ ਉਸ ਨੇ ਆਪਣੇ ਲੱਕ ਦੇ ਆਲੇ- ਦੁਆਲੇ ਦਰਖ਼ਤਾਂ ਦੇ ਪੱਤੇ ਅਤੇ ਜਾਨਵਰਾਂ ਦੀ ਖੱਲ ਆਦਿ ਲਪੇਟਣੇ ਸ਼ੁਰੂ ਕਰ ਦਿੱਤੇ। ਇਸ ਤੋਂ ਮਗਰੋਂ ਹੌਲੀ-ਹੌਲੀ ਮਨੁੱਖ ਹੋਰ ਤਰੱਕੀ ਕਰਦਾ ਰਿਹਾ ਅਤੇ ਆਖ਼ਰ ਕਪੜੇ ਦੀ ਕਾਢ ਕੱਢ ਲਈ। ਇਸ ਨਾਲ ਬੰਦਿਆਂ ਨੇ ਜਾਂਘੀਏ ਅਤੇ ਲੰਗੋਟੇ ਬੰਨ੍ਹਣੇ ਸ਼ੁਰੂ ਕਰ ਦਿੱਤੇ ਤੇ ਇਸੇ ਤਰ੍ਹਾਂ ਜਨਾਨੀਆਂ ਨੇ ਅੰਗੀ ਅਤੇ ਚੱਢੀ ਪਾਉਣੀ ਸ਼ੁਰੂ ਕਰ ਦਿੱਤੀ। ਕਪੜੇ ਪਹਿਨਣ ਦਾ ਕਾਰਨ ਭਾਵੇਂ ਕੋਈ ਵੀ ਮੰਨ ਲਿਆ ਜਾਵੇ ਪਰ ਸਚਾਈ ਇਹ ਵੀ ਹੈ ਕਿ ਮਨੁੱਖ ਨੇ ਵੱਧ ਤੋਂ ਵੱਧ ਸੁੰਦਰ ਲਗਣ ਲਈ ਵੀ ਕਪੜੇ ਪਹਿਨਣੇ ਸ਼ੁਰੂ ਕੀਤੇ। ਕਪੜੇ ਦੀ ਵਰਤੋਂ 3,000 ਈ . ਪੂ. ਤੋਂ ਹੁੰਦੀ ਆ ਰਹੀ ਹੈ। ਨੀਲ ਘਾਟੀ ਦੀ ਖੁਦਾਈ ਦੌਰਾਨ ਔਰਤਾਂ ਦੇ ਕੁਝ ਕਪੜਿਆਂ ਦੀ ਪੁਸ਼ਾਕਾਂ ਮਿਲੀਆਂ ਹਨ।
ਭਾਰਤ ਵਿਚ ਕਪੜਾ ਤਿਆਰ ਕਰਨ ਦਾ ਧੰਦਾ ਸਾਰੇ ਸੰਸਾਰ ਵਿਚ ਪ੍ਰਸਿੱਧ ਹੈ। ਇਸ ਵਿਚ ਉੱਨ, ਕਪਾਹ ਅਤੇ ਰੇਸ਼ਮ ਦੀ ਕਤਾਈ, ਕਪੜੇ ਦਾ ਬੁਣਨਾ, ਰੰਗਣਾ ਅਤੇ ਛਪਾਈ ਸਭ ਕੁਝ ਸ਼ਾਮਲ ਹੈ। ਸਾਡੇ ਦੇਸ਼ ਵਿਚ ਕਪੜੇ ਤੋਂ ਤਿਆਰ ਕੀਤੀਆਂ ਬਹੁਤ ਸਾਰੀਆਂ ਚੀਜ਼ਾਂ ਬਾਹਰਲੇ ਦੇਸ਼ਾਂ ਵਿਚ ਭੇਜੀਆਂ ਜਾਂਦੀਆਂ ਹਨ। ਮਦਰਾਸ, ਮੱਧ ਭਾਰਤ ਤੇ ਪੱਛਮੀ ਬੰਗਾਲ ਦੀਆਂ ਧੋਤੀਆਂ ਤੇ ਸੁੰਦਰ ਸਾੜੀਆਂ, ਰਾਜਸਥਾਨ ਦੇ ਪਟੋਲੇ, ਹੈਦਰਾਬਾਦ ਦੇ ਹਿਮਰੂ, ਬਨਾਰਸ ਦਾ ਜ਼ਰੀ ਦਾ ਕੰਮ ਮਦਰਾਸ ਤੇ ਕਾਂਗੜੇ ਦੇ ਰੁਮਾਲ, ਉੜੀਸਾ, ਬਿਹਾਰ ਤੇ ਮਨੀਪੁਰ ਦੀ ਕਰੰਡੀ ਤੇ ਕਾਂਗੜੇ ਦੇ ਰੁਮਾਲ, ਕਸ਼ਮੀਰ ਦੇ ਊਨੀ ਕਪੜੇ (ਖ਼ਾਸ ਕਰਕੇ ਸ਼ਾਹਤੂਸ ) ਅਤੇ ਜੈਪੁਰ ਤੇ ਬੰਬਈ ਵਿਚ ਛਪਾਈ ਦਾ ਕੰਮ ਬਹੁਤ ਹੀ ਵਧੀਆ ਨਮੂਨੇ ਹਨ। ਭਾਰਤ ਵਿਚ ਬਾਰੀਕ ਮਲਮਲ ਉਤੇ ਚਿਕਨ ਨਾਮੀ ਮਲਮਲ ਤੋਂ ਵੀ ਬਾਰੀਕ ਧਾਗੇ ਦਾ ਕੰਮ ਕੀਤਾ ਹੋਇਆ ਮਿਲਦਾ ਹੈ। ਇਹ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਇਕ ਤਰ੍ਹਾਂ ਦੀ ਕਸੀਦਾਕਾਰੀ ਹੀ ਹੈ।
ਕਪੜਾ ਬੁਣਨ ਦੇ ਰੇਸ਼ੇ ਚਾਰ ਤਰ੍ਹਾਂ ਦੇ ਹੁੰਦੇ ਹਨ ਅਰਥਾਤ ਬਨਸਪਤੀ ਰੇਸ਼ੇ, ਧਾਤੂਆਂ ਦੇ ਰੇਸ਼ੇ, ਪਸ਼ੂਆਂ ਦੇ ਰੇਸ਼ੇ ਅਤੇ ਬਣਾਵਟੀ ਰੇਸ਼ੇ। ਬਨਸਪਤੀ ਰੇਸ਼ਿਆਂ ਵਿਚ ਕਪਾਹ, ਸਣ, ਪਟਵਾ, ਰੇਮੀ, ਲਿਲਨ ਅਤੇ ਨਾਰੀਅਲ ਆਦਿ ਸ਼ਾਮਲ ਹਨ। ਸੰਸਾਰ ਵਿਚ ਕੁਲ ਰੂੰ ਦਾ 64 ਅਮਰੀਕਾ ਵਿਚ ਅਤੇ ਦੂਸਰੇ ਨੰਬਰ ਤੇ 15 ਭਾਰਤ ਵਿਚ ਹੁੰਦਾ ਹੈ। ਕਪਾਹ ਦੇ ਰੇਸ਼ਿਆਂ ਵਿਚ ਇਹ ਖੂਬੀ ਹੈ ਕਿ ਇਸ ਵਿਚ ਕੁਦਰਤੀ ਬਲ ਤੇ ਖਿਚਾਵਟ ਹੁੰਦੀ ਹੈ। ਇਸ ਤੋਂ ਤਿਆਰ ਕੀਤਾ ਕਪੜਾ ਆਸਾਨੀ ਨਾਲ ਰੰਗਿਆ ਜਾਂਦਾ ਹੈ। ਲਿਲਨ ਸਣ ਦੇ ਬੂਟੇ ਦੇ ਰੇਸ਼ੇ ਦਾ ਨਾਂ ਹੈ। ਬੂਟੇ ਦੇ ਤਣੇ ਦੇ ਨਾਲ ਨਾਲ ਕਈ ਲੰਮੀਆਂ ਲੰਮੀਆਂ ਟਾਹਣੀਆਂ ਲਟਕਦੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਕੱਟ ਕੇ ਇਕੱਠੇ ਕਰਕੇ ਪਾਣੀ ਵਿਚ ਸੁੱਟ ਤਿੱਤਾ ਜਾਦਾ ਹੈ ਅਤੇ 15-20 ਦਿਨਾਂ ਮਗਰੋਂ ਸੜ ਜਾਣ ਤੇ ਬਲੇਲ ਲਸ ਸਾਫ਼ ਕਰਕੇ ਦੋ ਬੇਲਨਾਂ ਵਿਚ ਰੱਖ ਕੇ ਚੂਰ ਕਰ ਲਿਆ ਜਾਂਦਾ ਹੈ। ਇਸ ਤਰ੍ਹਾਂ ਰੇਸ਼ੇ ਨਿਕਲ ਆਉਂਦੇ ਹਨ ਜਿਨ੍ਹਾਂ ਤੋਂ ਮਸ਼ੀਨ ਦੁਆਰਾ ਜਾਂ ਹੱਥ ਦੁਆਰਾ ਸੂਤਰ ਤਿਆਰ ਕੀਤਾ ਜਾਂਦਾ ਹੈ। ਇਹ ਬਹੁਤ ਦੇਰ ਪਏ ਰਹਿਣ ਤੇ ਵੀ ਗਲਦੇ ਨਹੀਂ । ਇਸ ਨੂੰ ਰੰਗਣਾ ਜਾਂ ਸਫ਼ੈਦ ਕਰਨਾ ਮੁਸ਼ਕਿਲ ਹੈ। ਇਹ ਕਪੜੇ ਨਾਲੋਂ ਠੰਢੀ ਹੁੰਦੀ ਹੈ। ਇਸੇ ਲਈ ਇਸ ਦੀ ਵਰਤੋਂ ਆਮ ਕਰ ਕੇ ਤੌਲੀਏ ਅਤੇ ਗਰਮੀਆਂ ਵਿਚ ਪਾਉਣ ਵਾਲੇ ਕਪੜਿਆਂ ਲਈ ਕੀਤੀ ਜਾਂਦੀ ਹੈ। ਸਣ ਦੇ ਰੇਸ਼ੇ ਵੀ ਬੂਟੇ ਦੇ ਤਣੇ ਨੂੰ ਪਾਣੀ ਵਿਚ ਗਾਲਣ ਉਪਰੰਤ ਧਰਤੀ ਉਤੇ ਜ਼ੋਰ ਜ਼ੋਰ ਨਾਲ ਮਾਰਨ ਨਾਲ ਤਿਆਰ ਕੀਤੇ ਜਾਂਦੇ ਹਨ। ਫਿਰ ਤਾਰਾਂ ਨੂੰ ਤੇਲ ਤੇ ਸਾਬਣ ਨਾਲ ਸਾਫ਼ ਅਤੇ ਨਰਮ ਕਰਕੇ ਸੂਤ ਤਿਆਰ ਕੀਤਾ ਜਾਂਦਾ ਹੈ। ਸਣ ਦੀ ਵਰਤੋਂ ਜ਼ਿਆਦਾਤਰ ਟਾਟ ਅਤੇ ਬੋਰੀਆਂ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ। ਪਟਵਾ ਵੀ ਲਿਲਨ ਵਾਂਗ ਪੌਦਿਆਂ ਤੋਂ ਤਿਆਰ ਕੀਤਾ ਜਾਂਦਾ ਹੈ। ਇਹ ਭਾਰਤ ਵਿਚ ਵੀ ਕਾਫ਼ੀ ਤਿਆਰ ਹੁੰਦਾ ਹੈ ਅਤੇ ਇਸ ਦੀ ਵਰਤੋਂ ਮੋਟੀਆਂ ਬੋਰੀਆਂ ਟਾਟ, ਕੈਨਵਸ, ਗਲੀਚੇ, ਦਰੀਆਂ ਦੇ ਤਾਣੇ ਅਤੇ ਮੱਛੀਆਂ ਫੜਨ ਦੇ ਜਾਲ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਰੇਮੀ ਨੂੰ ਚਾਈਨਾ ਗ੍ਰਾਸ ਵੀ ਕਿਹਾ ਜਾਂਦਾ ਹੈ ਅਤੇ ਚੀਨ ਵਿਚ ਇਸ ਦੀ ਵਰਤੋਂ ਬੜੀ ਦੇਰ ਤੋਂ ਕੀਤੀ ਜਾਂਦੀ ਹੈ। ਇਹ ਕਾਫ਼ੀ ਹੱਦ ਤਕ ਪਟਵਾ, ਲਿਲਨ ਅਤੇ ਸਣ ਨਾਲ ਮਿਲਦੀ ਜੁਲਦੀ ਹੈ । ਇਹ ਬਹੁਤ ਮਜ਼ਬੂਤ, ਲਚਕਦਾਰ ਅਤੇ ਚਮਕਦਾਰ ਹੁੰਦੀ ਹੈ। ਇਸ ਦੀ ਵਰਤੋਂ ਫੀਤੇ, ਕਾਗਜ਼, ਪਰਦੇ, ਗੈਸ ਦੇ ਮੈਂਟਲ ਆਦਿ ਵਿਚ ਕੀਤੀ ਜਾਂਦੀ ਹੈ।
ਪਸ਼ੂਆਂ ਦੇ ਰੇਸ਼ਿਆਂ ਵਿਚ ਵਧੇਰੇ ਪ੍ਰਸਿੱਧ ਉੱਨ ਅਤੇ ਰੇਸ਼ਮ ਹੀ ਹਨ। ਉੱਨ ਭੇਡ, ਬੱਕਰੀ, ਘੋੜੇ , ਊਠ, ਖ਼ਰਗੋਸ਼ ਅਤੇ ਗਾਂ ਆਦਿ ਪਸ਼ੂਆਂ ਦੇ ਵਾਲਾਂ ਤੋਂ ਤਿਆਰ ਕੀਤੀ ਜਾਂਦੀ ਹੈ। ਇਹ ਘੁੰਗਰਾਲੀ ਅਤੇ ਚਮਕਦਾਰ ਹੁੰਦੀ ਹੈ। ਭਾਰਤ ਵਿਚ ਇਕ ਸਾਲ ਵਿਚ ਭੇਡ ਤੋਂ ਤਿੰਨ ਵਾਰ ਉੱਨ ਲਾਹੀ ਜਾਂਦੀ ਹੈ। ਕੱਟਣ ਤੋਂ ਬਆਦ ਉੱਨ ਹਰ ਰੰਗ ਅਤੇ ਹਰ ਕਿਸਮ ਅਨੁਸਾਰ ਵੱਖ ਕੀਤੀ ਜਾਂਦੀ ਹੈ । ਉੱਨ ਦੇ ਵਧੀਆ ਅਤੇ ਲੰਬੇ ਰੇਸ਼ਿਆਂ ਤੋਂ ਜੋ ਊਨੀ ਧਾਗਾ ਤਿਆਰ ਕੀਤਾ ਜਾਂਦਾ ਹੈ ਉਸ ਨੂੰ ਵਰਸਟਿਡ ਕਿਹਾ ਜਾਂਦਾ ਹੈ। ਉੱਨ ਸਰਦੀ ਅਤੇ ਗਰਮੀ ਦੋਹਾਂ ਤੋਂ ਸੁਰੱਖਿਅਤ ਰਖਦੀ ਹੈ ਅਤੇ ਛੂਹਣ ਤੇ ਗਰਮ ਮਹਿਸੂਸ ਹੁੰਦੀ ਹੈ। ਇਹ ਚਿੱਟੇ, ਖਾਕੀ, ਕਾਲੇ , ਭੂਰੇ ਅਤੇ ਪੀਲੇ ਰੰਗਾਂ ਵਿਚ ਮਿਲਦੀ ਹੈ। ਇਸ ਦੇ ਘਟੀਆ ਰੇਸ਼ਿਆਂ ਦੇ ਕੰਬਲ ਅਤੇ ਘਟੀਆ ਕੱਪੜੇ ਤਿਆਰ ਕੀਤੇ ਜਾਂਦੇ ਹਨ। ਰੇਸ਼ਮ ਸਾਰੇ ਕੱਪੜੇ ਬੁਣਨ ਵਾਲੇ ਰੇਸ਼ਿਆਂ ਵਿਚੋਂ ਵਧੀਆ ਹੈ। ਇਸ ਨੂੰ ਰੇਸ਼ਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਇਹ ਇਕ ਕਿਸਮ ਦੇ ਕੀੜੇ ਤੋਂ ਪ੍ਰਾਪਤ ਹੁੰਦਾ ਹੈ। ਜਿਹੜੇ ਕੀੜਿਆਂ ਦਾ ਪਾਲਨ ਪੋਸ਼ਣ ਠੀਕ ਤਰ੍ਹਾਂ ਹੁੰਦਾ ਹੈ, ਉਨ੍ਹਾਂ ਵਿਚੋਂ ਨਿਕਲਣ ਵਾਲੇ ਰੇਸ਼ਿਆਂ ਤੋਂ ਤਿਆਰ ਕੀਤੇ ਰੇਸ਼ਮ ਨੂੰ ਮਲਬਰੀ ਕਹਿੰਦੇ ਹਨ ਅਤੇ ਜਿਹੜੇ ਕੀੜੇ ਜੰਗਲਾਂ ਵਿਚ ਸਹਿਤੂਤ ਦੇ ਪੱਤਿਆਂ ਉਤੇ ਪਲਦੇ ਹਨ, ਉਨ੍ਹਾਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਤਿਆਰ ਕੀਤੇ ਰੇਸ਼ਮ ਨੂੰ ਟਸਰ ਸਿਲਕ ਕਿਹਾ ਜਾਂਦਾ ਹੈ। ਜਿਹੜਾ ਰੇਸ਼ਮ ਅਸ਼ੁੱਧ ਅਤੇ ਕਮਜ਼ੋਰ ਤੇ ਘਟੀਆ ਕਿਸਮ ਦੇ ਰੇਸ਼ਿਆਂ ਤੋਂ ਤਿਆਰ ਕੀਤਾ ਜਾਂਦਾ ਹੈ, ਉਸ ਨੂੰ ਸਪੱਨ ਸਿਲਕ ਕਿਹਾ ਜਾਂਦਾ ਹੈ। ਐਡੀ ਸਿਲਕ ਵੀ ਮਲਬਰੀ ਸਿਲਕ ਵਾਂਗ ਕੀੜਿਆਂ ਤੋਂ ਪ੍ਰਾਪਤ ਹੁੰਦੀ ਹੈ। ਭਾਰਤ ਵਿਚ ਅਸਾਮ ਵਿਚ ਇਸ ਦੀ ਉਪਜ ਕਾਫ਼ੀ ਹੈ। ਇਹ ਕਪਾਹ ਅਤੇ ਲਿਲਨ ਨਾਲੋਂ ਵਧੇਰੇ ਚਮਕਦਾਰ ਹੁੰਦਾ ਹੈ। ਰੇਸ਼ਮ ਤੋਂ ਵਿਸ਼ੇਸ਼ ਕਿਸਮਦੀਆਂ ਰੱਸੀਆਂ, ਪੈਰਾਸ਼ੂਟ ਅਤੇ ਬਿਜਲੀ ਦੀਆਂ ਤਾਰਾਂ ਵੀ ਬਣਾਈਆਂ ਜਾਂਦੀਆਂ ਹਨ।
ਧਾਤੂਆਂ ਦੇ ਰੇਸ਼ਿਆਂ ਵਿਚ ਸੋਨੇ, ਚਾਂਦੀ ਦੀਆਂ ਤਾਰਾਂ, ਸ਼ੀਸ਼ੇ ਦੇ ਬਣੇ ਰੇਸ਼ੇ ਅਤੇ ਐੱਸਬੈੱਟਾਸ ਸ਼ਾਮਲ ਹਨ।
ਪ੍ਰਸਿੱਧ ਬਣਾਵਟੀ ਰੇਸ਼ੇ ਨਾਈਲਾੱਨ, ਵਿਨਯੋਨ ਅਤੇ ਲੈਲੀਟਾੱਲ ਹਨ। ਇਨ੍ਹਾਂ ਵਿਚ ਰੇਆੱਨ ਦੀ ਪੈਦਾਵਾਰ ਸਭ ਤੋਂ ਵੱਧ ਹੁੰਦੀ ਹੈ। ਇਹ ਜ਼ਿਆਦਾਤਰ ਇਸਤਰੀਆਂ ਦੇ ਕੱਪੜਿਆਂ ਲਈ ਵਧੇਰੇ ਵਰਤਿਆ ਜਾਂਦਾ ਹੈ।
ਇਕ ਹੋਰ ਵਿਸ਼ੇਸ਼ ਕੱਪੜਾ ਸਰਜ ਹੈ। ਇਹ ਦੁਸੂਤੀ ਦੀ ਬਣਤਰ ਵਾਲਾ ਕੱਪੜਾ ਹੈ। ਇਹ ਬੁਹਤ ਹੀ ਹੰਢਣਸਾਰ ਹੈ। ਇਹ ਬਹੁਤ ਮੁਲਾਇਮ ਹੁੰਦਾ ਹੈ ਅਤੇ ਵਰਸਟਿਡ ਉੱਨ, ਰੂੰ, ਰੇਸ਼ਮ ਜਾਂ ਰੇਆੱਨ ਤੋਂ ਭਾਰ ਅਨੁਸਾਰ ਤਿਆਰ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਜ਼ਿਆਦਤਾਰ ਸੂਟ, ਕੋਟ ਅਤੇ ਵਰਦੀਆਂ ਬਣਾਉਣ ਲਈ ਕੀਤੀ ਜਾਂਦੀ ਹੈ (ਵਿਸਥਾਰ ਲਈ ਵੇਖੋ ਟੈਕਸਟਾਈਲ ਇੰਜਨੀਅਰਿੰਗ)।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕਪੜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਪੜਾ, (ਸੰਸਕ੍ਰਿਤ : कर्पट; ਪ੍ਰਾਕ੍ਰਿਤ : कप्पट=कप्पड) \ ਪੁਲਿੰਗ : ੧. ਤੰਦਾਂ ਦਾ ਬਣਿਆ ਹੋਇਆ ਬਸਤਰ ਜਿਸ ਦੀ ਪੁਸ਼ਾਕ ਬਣਦੀ ਹੈ, ਲੀੜਾ, ਲੱਤਾ, ਟੱਲਾ ਬਸਤਰ; ੨. ਦੇਹ, ਸਰੀਰ
–ਕਪੜਾ ਆਖੇ ਤੂੰ ਮੈਨੂੰ ਰੱਖ ਮੈਂ ਤੈਨੂੰ ਰੱਖਾਂਗਾ, ਅਖੌਤ : ਆਦਮੀ ਕੱਪੜਿਆਂ ਨੂੰ ਇਹਤਿਆਤ ਨਾਲ ਵਰਤੇ ਤਾਂ ਲੋਕਾਂ ਵਿੱਚ ਉਸ ਦਾ ਮਾਨ ਵਧਦਾ ਹੈ
–ਕਪੜਾ ਕਰਨਾ, ਮੁਹਾਵਰਾ : ੧. ਘੁੰਡ ਕੱਢਣਾ, ਸਿਰ ਮੂੰਹ ਢੱਕਣਾ, ਕਪੜੇ ਨਾਲ ਸਰੀਰ ਨੂੰ ਕੱਜਣਾ
–ਕਪੜਾ ਖਾਣਾ, ਖਾ ਜਾਣਾ (ਦਰਜ਼ੀ ਦਾ), ਮੁਹਾਵਰਾ : ਗਾਹਕ ਦੇ ਸੀਣ ਲਈ ਆਏ ਕੱਪੜੇ ਵਿਚੋਂ ਕਪੜਾ ਰੱਖ ਲੈਣਾ
–ਕਪੜਾ ਮਾਰਨਾ, ਮੁਹਾਵਰਾ : ਕੱਪੜੇ ਨਾਲ ਗਰਦ ਆਦਿ ਝਾੜਨਾ, ਸਫ਼ਾਈ ਕਰਨਾ
–ਕਪੜਾ ਨਾ ਲੱਤਾ ਮਿੱਸੀ ਮਲੇ ਅਲਬੱਤਾ, ਅਖੌਤ : ਗ਼ਰੀਬੀ ਵਿੱਚ ਹਾਰ ਸ਼ਿੰਗਾਰ ਦੀ ਹਵਸ
–ਕਪੜਾ-ਲੱਤਾ, ਪੁਲਿੰਗ : ਕਪੜਾ ਲੀੜਾ, ਟਾਕੀ ਟੱਲਾ, ਲੀੜਾ ਲੱਤਾ
–ਕਪੜਾ ਲੈਣਾ, ਮੁਹਾਵਰਾ : ਘੁੰਡ ਕੱਢਣਾ, ਪੜਦਾ ਕਰਨਾ, ਸਿਰ ਢੱਕਣਾ, ਸਰੀਰ ਨੂੰ ਢੱਕਣਾ
–ਕੱਪੜਿਆ ਤੋਂ ਬਾਹਰ ਹੋਣਾ, ਮੁਹਾਵਰਾ : ਬਾਹਲਾ ਗੁੱਸੇ ਵਿੱਚ ਆਉਣਾ, ਭੜਕ ਉਠਣਾ
–ਕੱਪੜਿਆਂ ਵਿੱਚ ਨਾ ਸਮਾਉਣਾ, ਕੱਪੜਿਆਂ ਵਿੱਚ ਨਾ ਮਿਉਣਾ, ਮੁਹਾਵਰਾ : ਖੁਸ਼ੀ ਨਾਲ ਫੁੱਲੇ ਫਿਰਨਾ, ਬੇਹੱਦ ਖੁਸ਼ ਹੋਣਾ
–ਕਪੜੀ, ਵਿਸ਼ੇਸ਼ਣ \ ਇਸਤਰੀ ਲਿੰਗ : ਕੱਪੜੇ ਦੀ ਲੋੜਵਾਨ, ਮੁਟਿਆਰ ਹੋਈ ਹੋਈ
–ਕਪੜੀਂ, ਕਿਰਿਆ ਵਿਸ਼ੇਸ਼ਣ : ਕੱਪੜਿਆਂ ਨੂੰ, ਕੱਪੜਿਆਂ ਵਿੱਚ
–ਸਣਕਪੜੀਂ ਕਿਰਿਆ ਵਿਸ਼ੇਸ਼ਣ : ਕੱਪੜਿਆਂ ਸਮੇਤ, ਕੱਪੜੇ ਨਾ ਲਾਹ ਕੇ
—ਸੱਤੀਂ ਕਪੜੀਂ ਅੱਗ ਲੱਗਣਾ, ਮੁਹਵਰਾ : ਸੜ ਬਲ ਜਾਣਾ, ਕਿਸੇ ਗੱਲ ਤੋਂ ਬਹੁਤ ਕਰੋਧਵਾਨ ਹੋ ਜਾਣਾ
–ਤਿੰਨੀਂ ਕਪੜੀਂ, ਕਿਰਿਆ ਵਿਸ਼ੇਸ਼ਣ : ਸਿਰ ਗੱਲ ਤੇ ਲੱਕ ਦੇ ਤਿੰਨਾਂ ਕੱਪੜਿਆਂ ਇਨ੍ਹਾਂ ਸਿਵਾਏ ਹੋਰ ਕੁਝ ਨਾ ਲੈ ਕੇ, ਖਾਲੀ ਹੱਥ
–ਤਿੰਨੀਂ ਕਪੜੀਂ ਤੋਰਨਾ (ਤੁਰਨਾ), ਅਖੌਤ : ਕੇਵਲ ਤਿੰਨ ਕਪੜੇ (ਤੇੜ ਦਾ, ਸਿਰ ਦਾ ਤੇ ਗਲ ਦਾ) ਪੁਆ ਕੇ ਹੋਰ ਕੁਝ ਦਿੱਤੇ ਬਿਨਾਂ (ਧੀ, ਭੈਣ ਨੂੰ) ਵਿਦਾ ਕਰ ਦੇਣਾ ਜਾਂ ਭੇਜਣਾ, ਖਾਲੀ ਹੱਥ ਘੱਲਣਾ
–ਕੱਪੜੇ, ਪੁਲਿੰਗ : ੧. ਕਪੜਾ ਦਾ, ਬਹੁ-ਵਚਨ, ੨. ਮਾਹਵਾਰੀ, ਸਿਰ ਨ੍ਹਾਉਣੀ, ਰਿਤੂ, ਮਾਸਕ ਧਰਮ, ਹੈਜ਼
—ਕੱਪੜੇ ਉਤਾਰਨਾਂ, ਮੁਹਾਵਰਾ : ਲੁੱਟਣਾ, ਲੁੱਟਣ ਪੈਣਾ, ਬਹੁਤ ਮਹਿੰਗੇ ਭਾ ਵੇਚਣਾ
–ਕੱਪੜੇ ਆਉਣਾ, ਮੁਹਾਵਰਾ : ਔਰਤ ਦੀ ਮਾਹਵਾਰੀ ਜਾਂ ਰਿਤੂ ਦਾ ਜਾਰੀ ਹੋਣਾ, ਹੈਜ਼ ਆਉਣਾ
–ਕੱਪੜੇ ਸਬੂਣੀ ਤੇ ਦਾਲ ਅਲੂਣੀ, ਅਖੌਤ : ਇਹ ਅਖੌਤ ਉਸ ਵੇਲੇ ਬੋਲਦੇ ਹਨ ਜਦੋਂ ਕੋਈ ਆਦਮੀ ਕਪੜੇ ਤਾਂ ਚੰਗੇ ਧੋਤੇ ਹੋਏ ਪਾਵੇ, ਪਰ ਖਾਣ ਨੂੰ ਘਰ ਕੁਝ ਨਾ ਹੋਵੇ
–ਕੱਪੜੇ ਖੁਹਾਉਣਾ, ਮੁਹਾਵਰਾ : ਕੱਪੜੇ ਲੁਹਾਉਣਾ
–ਕੱਪੜੇ ਗੂੰਹ ਹੋਣਾ ਜਾਂ ਕਰਨਾ, ਮੁਹਾਵਰਾ: ਕਪੜੇ ਬਹੁਤ ਮੈਲੇ ਹੋਣਾ ਜਾਂ ਕਰ ਦੇਣਾ
–ਕੱਪੜੇ ਚਿੱਕੜ ਹੋਣਾ ਜਾਂ ਕਰਨਾ, ਮੁਹਾਵਰਾ : ਕਪੜੇ ਬਹੁਤ ਮੈਲੇ ਹੋਣਾ ਜਾਂ ਕਰ ਲੈਣਾ
–ਕੱਪੜੇ ਛਡਾਉਣਾ, ਮੁਹਾਵਰਾ : ਪੱਲਾ ਛਡਾਉਣਾ, ਪਿੱਛਾ ਛਡਾਉਣਾ, ਖਲਾਸੀ ਕਰਾਉਣਾ
–ਕੱਪੜੇ ਦੇਣਾ, ਮੁਹਾਵਰਾ : ਵਿਆਹ ਦੇ ਸਮੇਂ ਰਿਸ਼ਤੇਦਾਰਾਂ ਨੂੰ ਪੁਸ਼ਾਕਾਂ ਦੇਣਾ ਜਾਂ ਉਨ੍ਹਾਂ ਦਾ ਪੁਸ਼ਾਕਾਂ ਆਦਿ ਲੈ ਕੇ ਆਉਣਾ, ਪਹਿਨਾਉਣੀਆਂ ਦੇਣਾ
—ਕੱਪੜੇ ਪਾੜਨਾ, ਮੁਹਾਵਰਾ : ਝੱਲਾ ਹੋਣਾ, ਪਾਗਲ ਹੋ ਜਾਣਾ, ਕਿਸੇ ਗੱਲ ਦਾ ਬਹੁਤਾ ਖਹਿੜਾ ਕਰਨਾ, ਕਪੜੇ ਫੜ ਫੜ ਕੇ ਕੋਈ ਚੀਜ਼ ਮੰਗਣ ਜਾਂ ਗੱਲ ਜਤਾਉਣ ਪੈਣਾ
—ਕੱਪੜੇ ਬਦਲਣਾ, ਕਿਰਿਆ ਸਕਰਮਕ : ਪੋਸ਼ਾਕ ਤਬਦੀਲ ਕਰਨਾ, ਪਹਿਲੇ ਵਸਤਰ ਲਾਹ ਕੇ ਹੋਰ ਪਾਉਣਾ
–ਕੱਪੜੇ ਮਿਲਣਾ, ਮੁਹਾਵਰਾ : ਵਿਆਹ ਸ਼ਾਦੀ ਤੇ ਪਹਿਨਾਉਣੀਆਂ ਮਿਲਣਾ
–ਕੱਪੜੇ ਮਿਲਾਉਣਾ, (ਧੋਬੀ) \ ਕਿਰਿਆ ਸਕਰਮਕ : ਧੋਤੇ ਕਪੜਿਆਂ ਨੂੰ ਉਨ੍ਹਾਂ ਦੇ ਨਿਸ਼ਾਨਾਂ ਅਨੁਸਾਰ ਵੱਖ ਕਰਨਾ
—ਕੱਪੜੇ ਰੰਗਾਉਣਾ (ਰੰਗ ਲੈਣਾ), ਮੁਹਾਵਰਾ : ਜੋਗੀ ਬਣਨਾ
–ਕੱਪੜੇ ਲਹਾਉਣਾ, ਮੁਹਾਵਰਾ : ਠਗਾਈ ਖਾਣਾ, ਠਗਿਆ ਜਾਣਾ, ਬਹੁਤ ਮਹਿੰਗੀ ਚੀਜ਼ ਲੈਣਾ
–ਕੱਪੜੇ ਲਾਹੁਣਾ, ਮੁਹਾਵਰਾ : ਠਗ ਲੈਣਾ, ਲੁੱਟ ਲੈਣਾ, ਬਹੁਤ ਨਫ਼ਾ ਲੈਣਾ, ਚੀਜ਼ਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਲਾਉਣਾ
–ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ਼, ਮੁਹਾਵਰਾ : ਚੋਰੀ ਕੀਤਾ ਮਾਲ ਮੁਫ਼ਤ ਵੇਚਣ ਦਾ ਭਾਵ : ‘ਮਾਲੇ ਮੁਫ਼ਤ ਦਿਲੇ ਬੇਰਹਿਮ’
–ਰੋਟੀ ਖਾਧੀ ਡੰਗ ਵਲਾਏ ਕੱਪੜੇ ਪਾਟੇ ਘਰ ਨੂੰ ਆਏ, ਅਖੌਤ : ਕੇਵਲ ਰੋਟੀ ਦਾ ਗੁਜ਼ਾਰਾ ਚਲਣਾ ਤੇ ਨਾਲੇ ਕੱਪੜਿਆਂ ਜੋਗੀ ਆਮਦਨ ਨਾ ਹੋਣਾ, ‘ਰੋਟੀ ਤਾਂ ਚੱਲਦੀ ਰਹੀ ਪਰ ਕੱਪੜਿਆਂ ਦਾ ਨਿਭਾ ਨਾ ਹੋ ਸਕਿਆ’
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-09-03-36-16, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First