ਕਬਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਬਰ [ਨਾਂਇ] ਮੁਰਦੇ ਨੂੰ ਦਫ਼ਨਾਉਣ ਲਈ ਧਰਤੀ ਪੁੱਟ ਕੇ ਤਿਆਰ ਕੀਤੀ ਵਿਸ਼ੇਸ਼ ਥਾਂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਬਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Grave_ਕਬਰ: ਉਹ ਥਾਂ ਜਿਥੇ ਮਿਰਤਕ ਦਾ ਸਰੀਰ ਦਫ਼ਨ ਕੀਤਾ ਗਿਆ ਹੁੰਦਾ ਹੈ। ਕਬਰ ਵਿਚੋਂ ਮੁਰਦਾ ਕੱਢਣਾ, ਕਫ਼ਨ ਚੁਰਾਉਣਾ, ਕਬਰ ਦੀ ਬੇਹੁਰਮਤੀ ਅਪਰਾਧ ਹਨ।
ਜਦੋਂ ਮੁਰਦਾ ਇਕ ਵਾਰੀ ਦਬ ਦਿੱਤਾ ਜਾਵੇ ਤਾਂ ਬਿਨਾਂ ਮੁਨਾਸਬ ਕਲੀਸੀਆਈ ਅਥਾਰਿਟੀ ਜਾਂ ਅਦਾਲਤੀ ਅਥਾਰਿਟੀ ਦੇ ਹੁਕਮ ਤੋਂ ਬਿਨਾਂ ਉਸ ਵਿਚੋਂ ਕੱਢਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੁੰਦਾ।
ਲਾਊਸੀਆਨਾ ਦਾ ਇਕ ਕੇਸ ਹੈ ਜਿਸ ਵਿਚ ਪੁੱਤਰ ਨੂੰ ਆਪਣੀ ਮਾਂ ਤੋਂ ਬਹੁਤ ਵੱਡਾ ਵਿਰਸਾ ਪ੍ਰਾਪਤ ਹੋਇਆ ਸੀ। ਉਸ ਨੇ ਆਪਣੀ ਮਾਂ ਨੂੰ ਜਦੋਂ ਦਫ਼ਨ ਕੀਤਾ ਤਾਂ ਉਸ ਮੁਰਦੇ ਨੇ ਦੋ ਹਜ਼ਾਰ ਡਾਲਰ ਦੇ ਗਹਿਣੇ ਪਹਿਨੇ ਹੋਏ ਸਨ। ਬਾਦ ਵਿਚ ਉਸ ਨੇ ਮਾਂ ਤੋਂ ਮਿਲਿਆ ਸਭ ਵਿਰਸਾ ਤੀਹ ਹਜ਼ਾਰ ਡਾਲਰ ਵਿਚ ਵੇਚ ਦਿੱਤਾ। ਇਸ ਤੋਂ ਬਾਦ ਕਿਸੇ ਚੋਰ ਨੇ ਉਸ ਦੀ ਮਾਂ ਦੀ ਕਬਰ ਪੁੱਟ ਕੇ ਉਸ ਦੇ ਗਹਿਣੇ ਚੋਰੀ ਕਰ ਲਏ। ਇਹ ਗਹਿਣੇ ਚੋਰ ਦੀ ਦੋਸ਼-ਸਿੱਧੀ ਉਪਰੰਤ ਅਦਾਲਤ ਵਿਚ ਜਮ੍ਹਾਂ ਕਰਵਾ ਦਿੱਤੇ ਗਏ ਤਾਂ ਜੋ ਮਾਲਕ ਦੇ ਹਵਾਲੇ ਕੀਤੇ ਜਾ ਸਕਣ। ਹੁਣ ਪੁੱਤਰ ਨੇ ਉਨ੍ਹਾਂ ਗਹਿਣਿਆਂ ਤੇ ਦਾਅਵਾ ਕੀਤਾ। ਇਸੇ ਤਰ੍ਹਾਂ ਵਿਰਾਸਤ ਦੇ ਖ਼ਰੀਦਦਾਰ ਦਾ ਦਾਅਵਾ ਸੀ ਕਿ ਗਹਿਣੇ ਹੁਣ ਉਸ ਨੂੰ ਮਿਲਣੇ ਚਾਹੀਦੇ ਹਨ। ਇਸ ਕੇਸ ਵਿਚ ਕਰਾਰ ਦਿੱਤਾ ਗਿਆ ਕਿ ਭਾਵੇਂ ਗਹਿਣੇ ਮਾਂ ਦੇ ਸਰੀਰ ਨਾਲ ਦਫ਼ਨਾ ਦਿੱਤੇ ਗਏ ਸਨ, ਉਹ ਪੁੱਤਰ ਦੀ ਵਿਰਾਸਤ ਸਨ, ਪਰ ਬਾਦ ਵਿਚ ਪੁੱਤਰ ਨੇ ਵੀ ਵਿਰਾਸਤ ਵੇਚ ਦਿੱਤੀ ਸੀ ਇਸ ਲਈ ਉਸ ਦੇ ਨਾਲ ਉਹ ਖ਼ਰੀਦਦਾਰ ਦੀ ਸੰਪਤੀ ਬਣ ਗਈ ਸੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਕਬਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਬਰ, (ਅਰਬੀ : ਕਬਰ=ਦੱਬਣਾ) \ ਇਸਤਰੀ ਲਿੰਗ : ਮੁਰਦਾ ਦੱਬਣ ਦਾ ਟੋਆ, ਮਕਬਰਾ, ਮਜ਼ਾਰ, (ਲਾਗੂ ਕਿਰਿਆ : ਖੋਦਣਾ, ਖੱਟਣਾ, ਪੁੱਟਣਾ)
–ਕਬਰਸਤਾਨ, ਉਹ ਜਗ੍ਹਾ ਜਿਥੇ ਕਬਰਾਂ ਹੋਣ, ਮੁਰਦੇ ਦਫਨਾਉਣ ਦੀ ਥਾਂ
–ਕਬਰ ਸਲਾਮੀ, ਇਸਤਰੀ ਲਿੰਗ : ਉਹ ਮੁੱਲ ਜੋ ਜ਼ਮੀਨ ਦੇ ਮਾਲਕ ਨੂੰ ਕਬਰ ਪੱਟਣ ਲਈ ਇਵਜ਼ਾਨੇ ਵਜੋਂ ਦਿੱਤਾ ਜਾਵੇ
–ਕਬਰਕਨ, ਵਿਸ਼ੇਸ਼ਣ / ਪੁਲਿੰਗ : ਕਬਰ ਖੋਦਣ ਵਾਲਾ
–ਕਬਰ ਕੁੱਤੇ ਦੀ ਉਛਾੜ ਮਛਰੂ (ਮਸ਼ੂਰ) ਦਾ, ਅਖੌਤ : ਨੀਚ ਜਾ ਕਮੀਨੇ ਆਦਮੀ ਦੀ ਵਿੱਤੋਂ ਵੱਧ ਜ਼ਾਹਰਦਾਰੀ
–ਕਬਰਗਾਹ, ਇਸਤਰੀ ਲਿੰਗ : ਕਬਰਸਤਾਨ, ਮੁਰਦਾਘਾਟ, ਮੁਰਦੇ ਦੱਬਣ ਦੀ ਜਗ੍ਹਾ
–ਕਬਰ ਚਿੱਟੀ ਤੇ ਮੁਰਦਾ ਬੇਈਮਾਨ, ਅਖੌਤ : ਕਬਰ ਚੂਨੇ ਗੱਚ ਮੁਰਦਾ ਬੇਈਮਾਨ
–ਕਬਰ ਚੂਨੇ ਗੱਚ ਮੁਰਦਾ ਬੇਈਮਾਨ, ਅਖੌਤ : ਬਾਹਰਲੀ ਟੀਪਟਾਪ ਚੰਗੀ ਪਰ ਵਿਚੋਂ ਨਿਰਾ ਧੋਖਾ, ਜਿਹੜਾ ਆਦਮੀ ਵੇਖਣ ਨੂੰ ਈਮਾਨਦਾਰ ਲੱਗੇ ਤੇ ਅਮਲਾਂ ਵਿੱਚ ਫਰੇਬਕਾਰ ਹੋਵੇ ਉਹਦੇ ਵਾਸਤੇ ਕਹਿੰਦੇ ਹਨ, ਉੱਚੀ ਦੁਕਾਨ ਫਿੱਕਾ ਪਕਵਾਨ
–ਕਬਰ ’ਚੋਂ ਉਠ ਕੇ ਆਉਣਾ, ਮੁਹਾਵਰਾ : ਦੋਬਾਰਾ ਜ਼ਿੰਦਾ ਹੋਣਾ
–ਕਬਰ ’ਚੋਂ ਨਿਕਲ ਕੇ ਆਉਣਾ, ਮੁਹਾਵਰਾ : ਬੀਮਾਰੀ ਕਾਰਣ ਬਹੁਤ ਕਮਜ਼ੋਰ ਹੋਣਾ
–ਕਬਰ ਤਕ ਨਾਲ ਜਾਣਾ, ਮੁਹਾਵਰਾ : ੧. ਸਾਰੀ ਉਮਰ ਨਾਲ ਰਹਿਣਾ; ੨. ਕਿਸੇ ਆਦਤ ਦਾ ਮਰਨ ਤੱਕ ਵੀ ਨਾ ਛੁਟਣਾ
–ਕਬਰ ਤੇ ਹੱਥ ਖਲੇ ਕਰਨਾ (ਪੋਠੋਹਾਰੀ) ਮੁਹਾਵਰਾ, : ਫਾਤਿਆ ਪੜ੍ਹਨਾ, ਮੋਏ ਹੋਏ ਦੀ ਕਬਰ ਉਤੇ ਜਾ ਕੇ ਉਹਦੇ ਲਈ ਦੁਆ ਮੰਗਣਾ
–ਕਬਰ ਤੇ ਜਾਣਾ, ਮੁਹਾਵਰਾ : ਕਿਸੇ ਦੀ ਕਬਰ ਤੇ ਫਾਤਿਆ ਪੜ੍ਹਨ ਜਾਣਾ
–ਕਬਰ ਤੇ ਫੁੱਲ ਚੜ੍ਹਾਉਣਾ, ਮੁਹਾਵਰਾ : ਫਾਤਿਆ ਪੜ੍ਹਨਾ, ਸ਼ਰਧਾਂਜਲੀ ਭੇਟ ਕਰਨਾ (ਮੁਰਦੇ ਨੂੰ)
–ਕਬਰ ਤੇ ਲੱਤ ਮਾਰਨਾ (ਹਾਤਮ ਦੀ), ਅਖੌਤ : ਸਖਾਵਤ ਵਿੱਚ ਪਰਸਿੱਧ ਸਖੀ ਹਾਤਮ ਨੂੰ ਮਾਤ ਕਰਨਾ
–ਕਬਰ ਦਾ ਅਜ਼ਾਬ, ਪੁਲਿੰਗ : ਉਹ ਤਕਲੀਫ਼ ਜੋ ਮੁਸਲਮਾਨਾਂ ਦੇ ਵਿਸ਼ਵਾਸ ਅਨੁਸਾਰ ਪਾਪੀਆਂ ਨੂੰ ਕਬਰ ਵਿੱਚ ਮਿਲਦੀ ਹੈ
–ਕਬਰ ਦੇ ਮੁਰਦੇ ਪੁੱਟਣਾ, ਮੁਹਾਵਰਾ : ਪੁਰਾਣੇ ਝਗੜੇ ਛੇੜਨਾ, ਸੁੱਤੀਆਂ ਕਲਾਂ ਜਗਾਉਣਾ
–ਕਬਰ ਵਿੱਚ ਉਤਾਰਨਾ, ਕਿਰਿਆ ਸਕਰਮਕ : ਦਫਨਾਊਣ ਲਈ ਮੁਰਦੇ ਨੂੰ ਕਬਰ ਵਿੱਚ ਰੱਖਣਾ
–ਕਬਰ ਵਿੱਚ ਸਭ ਇਕੋ ਜੇਹੇ, ਕਬਰ ਵਿੱਚ ਸਭ ਬਰਾਬਰ, ਅਖੌਤ :ਮਰਨ ਤੋਂ ਬਾਦ ਵੱਡੇ ਛੋਟੇ ਦਾ ਕੋਈ ਫ਼ਰਕ ਨਹੀਂ ਰਹਿੰਦਾ
–ਕਬਰ ਵਿੱਚ ਪੈਣਾ, ਮੁਹਾਵਰਾ : ਮਰਨਾ, ਮਰਨ ਜੋਗਾ, ਤੀਵੀਆਂ ਦੀ ਇੱਕ ਗਾਲ
–ਕਬਰ ਵਿੱਚ ਪੈਰ ਹੋਣੇ (ਪਾਉਣੇ), ਮੁਹਾਵਰਾ : ਮਰਨ ਕਿਨਾਰੇ ਹੋਣਾ, ਬਹੁਤ ਬੁੱਢੇ ਹੋਣਾ, ਅਖ਼ੀਰ ਉਮਰ ਨੂੰ ਪੁੱਜੇ ਹੋਣਾ
–ਕਬਰ ਵਿੱਚ ਲੱਤਾਂ ਹੋਣਾ, ਮੁਹਾਵਰਾ : ਮਰਨ ਕਿਨਾਰੇ ਹੋਣਾ, ਬਹੁਤ ਬੁੱਢੇ ਹੋਣਾ, ਅਖੀਰ ਉਮਰ ਨੂੰ ਪੁੱਜੇ ਹੋਣਾ
–ਕਬਰ ਵਿੱਚ ਲਾਹੁਣਾ, ਕਿਰਿਆ ਸਕਰਮਕ : ਦਫਨਾਊਣ ਲਈ ਮੁਰਦੇ ਨੂੰ ਕਬਰ ਵਿੱਚ ਰੱਖਣਾ
ਕਬਰਾਂ, ਇਸਤਰੀ ਲਿੰਗ : ਕਬਰ ਦਾ ਬਹੁ ਵਚਨ : ਕਬਰਸਤਾਨ
–ਕਬਰਾਂ ਦੇ ਮੁਰਦੇ ਪੁੱਟਣਾ, ਮੁਹਾਵਰਾ : ਪੁਰਾਣੇ ਝਗੜੇ ਮੁੜ ਖੜੇ ਕਰਨਾ, ਪੁਰਾਣੀਆਂ ਗੱਲਾਂ ਫੋਲ ਜਾਂ ਲੈ ਬਹਿਣਾ, ਪਿਛਲੀਆਂ ਗਿਲੇਗੁਜਾਰੀਆਂ ਕਰਨਾ
–ਚਿੱਟੀ ਕਬਰ ਤੇ ਮੁਰਦਾ ਬੇਈਮਾਨ, ਅਖੌਤ : ਕਬਰ ਚੂਨੇ ਗੱਚ ਮੁਰਦਾ ਬੇਈਮਾਨ, ਉੱਚੀ ਦੁਕਾਨ ਫਿੱਕਾ ਪਕਵਾਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-09-53-52, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First