ਕਬਜ਼ਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬਜ਼ਾ 1 [ਨਾਂਪੁ] ਅਧਿਕਾਰ , ਇਖ਼ਤਿਆਰ , ਦਖ਼ਲ, ਤਾਕਤ 2 [ਨਾਂਪੁ] ਲੋਹੇ ਆਦਿ ਦੇ ਦੋ ਛੋਟੇ-ਛੋਟੇ ਟੁਕੜੇ ਜੋ ਇਸ ਤਰ੍ਹਾਂ ਜੁੜੇ ਹੁੰਦੇ ਹਨ ਕਿ ਉਹਨਾਂ ਨਾਲ਼ ਜੁੜੀਆਂ ਦੋ ਚੀਜ਼ਾਂ ਆਪਸ ਵਿੱਚ ਬੰਦ ਹੋ ਅਤੇ ਖੁੱਲ੍ਹ ਸਕਦੀਆਂ ਹਨ; ਦਸਤਾ , ਮੁੱਠਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5191, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਬਜ਼ਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Possession_ਕਬਜ਼ਾ : ਪ੍ਰਸਿਧ ਨਿਆਂਸ਼ਾਸਤਰੀ ਸਾਮੰਡ ਦੀ ਪੁਸਤਕ ਜਿਉਰੈਸਪ੍ਰੂਡੈਸ (ਜੀ.ਗਲੈਨਵਾਈਲ ਵਿਲੀਅਮ) ਅਨੁਸਾਰ ਕਾਨੂੰਨੀ ਸਿਧਾਂਤਾਂ ਦੇ ਸਮੁੱਚੇ ਪਸਾਰੇ ਵਿਚ ਕੋਈ ਸੰਕਲਪ ਉਤਨਾ ਜਟਿਲ ਨਹੀਂ ਜਿਤਨਾ ਕਿ ਕਬਜ਼ੇ ਦਾ ਸੰਕਲਪ ਔਖਾ ਅਤੇ ਜਟਿਲ ਹੈ।  ਉਸ ਦੇ ਕਹਿਣ ਅਨੁਸਾਰ ਇਸ ਦਾ ਕਾਰਨ ਸਖਣੀ ਉਤਸੁਕਤਾ ਜਾਂ ਵਿਗਿਆਨਕ ਦਿਲਚਸਪੀ ਨਹੀਂ ਸਗੋਂ ਉਸ ਦੀ ਅਮਲੀ ਅਹਿਮੀਅਤ ਹੈ। ਕਬਜ਼ਾ  ਹਾਸਲ ਕਰਨ ਅਤੇ ਖੋ ਦੇਣ ਦੇ ਨਤੀਜੇ ਅਨਗਿਣਤ ਅਤੇ ਗੰਭੀਰ ਹਨ। ਮਿਸਾਲ ਲਈ ਕਬਜ਼ਾ ਮਲਕੀਅਤ ਦੀ ਸ਼ਹਾਦਤ ਹੈ; ਜੋ ਚੀਜ਼ ਕਿਸੇ ਵਿਅਕਤੀ ਦੇ ਕਬਜ਼ੇ ਵਿਚ ਹੈ ਉਸ ਬਾਰੇ ਕਿਆਸ ਕੀਤਾ ਜਾਂਦਾ ਹੈ ਕਿ ਉਹ ਉਸਦਾ ਮਾਲਕ ਹੈ ਅਤੇ ਉਸ ਦੇ ਮੁਕਾਬਲੇ ਵਿਚ ਹੋਰ ਸਭਨਾਂ ਦਾਅਵੇਦਾਰਾਂ ਨੂੰ ਆਪਣਾ ਹੱਕ-ਮਾਲਕੀ ਸਾਬਤ ਕਰਨਾ ਪੈ ਸਕਦਾ ਹੈ। ਜੇ ਕਿਸੇ ਦੀ ਸੰਪੱਤੀ ਕਾਫ਼ੀ ਸਮੇਂ ਤੋਂ  ਕਿਸੇ ਅਨਯ ਵਿਅਕਤੀ ਦੇ ਕਬਜ਼ੇ ਵਿਚ ਚਲੀਰਹੀ ਹੋਵੇ ਤਾਂ ਅਨਯ ਵਿਅਕਤੀ ਉਸ ਤੇ ਹਕ-ਮਾਲਕੀ ਜਤਾ ਸਕਦਾ ਹੈ ਅਤੇ ਉਸ ਦਾ ਜਤਾਵਾ ਮਾਲਕੀ ਲਈ ਕਾਫ਼ੀ ਸਮਝਿਆ ਜਾ ਸਕਦਾ ਹੈ, ਭਾਵੇਂ ਉਹ ਉਸ ਦੀ ਮਾਲਕੀਅਤ ਨ ਹੋਵੇ। ਮਾਲਕੀ ਹੱਕਾਂ ਦਾ ਇੰਤਕਾਲ ਕਬਜ਼ਾ ਦਿੱਤੇ ਜਾਣ ਦੁਆਰਾ ਹੁੰਦਾ ਹੈ। ਕਿਸੇ ਚੀਜ਼ ਤੇ ਕਾਬਜ਼ ਵਿਅਕਤੀ, ਭਾਵੇਂ ਖ਼ੁਦ ਮਾਲਕ ਨ ਵੀ ਹੋਵੇ, ਹੱਥ ਬਦਲੀ ਰਾਹੀਂ ਦੂਜੇ ਵਿਅਕਤੀ ਨੂੰ ਉਸ ਤੇ ਮਲਕੀਅਤ ਦਾ ਹੱਕ ਪ੍ਰਦਾਨ ਕਰ ਸਕਦਾ ਹੈ। ਜੇ ਚੋਰੀ ਕੀਤੇ ਕਰੰਸੀ ਨੋਟ ਚੋਰ ਕਿਸੇ ਹੋਰ ਦੇ ਹਵਾਲੇ ਕਰ ਦੇਵੇ ਤਾਂ ਜਿਸ ਦੇ ਹਵਾਲੇ ਉਹ ਨੋਟ ਕੀਤੇ ਜਾਂਦੇ ਹਨ ਉਹ ਉਨ੍ਹਾਂ ਦਾ ਮਾਲਕ ਹੋਣ ਦਾ ਦਾਅਵਾ ਕਰ ਸਕਦਾ ਹੈ।

       ਦੂਜੇ ਪਾਸੇ ਇਹ ਵੀ ਇਕ ਹਕੀਕਤ ਹੈ ਕਿ ਕਾਨੂੰਨ ਜਿਸ ਨੂੰ ਕਬਜ਼ੇ ਦਾ ਨਾਂ ਦਿੰਦਾ ਹੈ, ਹਕੀਕਤ ਵਿਚ ਉਹ ਸ਼ਾਇਦ ਕਬਜ਼ਾ ਨ ਹੋਵੇ ਅਤੇ ਇਸ ਦੇ ਉਲਟ ਕਾਨੂੰਨ ਜਿਸ ਹਾਲਤ ਨੂੰ ਕਬਜ਼ਾ ਨਹੀਂ ਸਮਝਦਾ ਉਹ ਵਾਸਤਵ ਵਿਚ ਕਬਜ਼ਾ ਹੋਵੇ।  ਮਿਸਾਲ ਲਈ ਮਾਲਕ ਦੀ ਸੰਪਤੀ ਜਦੋਂ ਨੌਕਰ ਦੇ ਕਬਜ਼ੇ ਵਿਚ ਹੋਵੇ ਤਾਂ ਕਾਨੂੰਨ ਦੀ ਨਿਗਾਹ ਵਿਚ ਉਹ ਮਾਲਕ ਦੇ ਕਬਜ਼ੇ ਵਿਚ ਸਮਝੀ ਜਾਵੇਗੀ। ਇਸ ਹੀ ਅਵਸਥਾ ਵਿਚ ਕਈ ਸੂਰਤਾਂ ਐਸੀਆਂ ਹੋ ਸਕਦੀਆਂ ਹਨ ਜਦੋਂ ਨੌਕਰ ਨੂੰ ਉਸ ਚੀਜ਼ ਤੇ ਕਾਬਜ਼ ਨਹੀਂ ਸਗੋਂ ਉਸ ਦਾ ਰਖਵਾਲਾ ਮੰਨ ਲਿਆ ਜਾਵੇ। ਇਸੇ ਤਰ੍ਹਾਂ ਕਾਨੂੰਨ ਦੀਆਂ ਨਜ਼ਰਾਂ ਵਿਚ ਕਿਸੇ ਚੀਜ਼ ਤੇ ਭਾਵੇਂ ਮਾਲਕ ਦਾ ਵਾਸਤਵਿਕ ਕਬਜ਼ਾ ਨ ਵੀ ਹੋਵੇ ਤਾਂ ਵੀ ਉਸ ਤੇ ਮਾਲਕ ਦਾ ਅਰਥਾਵਾਂ ਕਬਜ਼ਾ ਮੰਨਿਆਂ ਜਾ ਸਕਦਾ ਹੈ। ਇਹ ਕਾਨੂੰਨੀ  ਕਬਜ਼ਾ ਤਾਂ ਹੈ, ਪਰ ਤੱਥ ਰੂਪ ਵਿਚ ਅਥਵਾ ਵਾਸਤਵਿਕ ਕਬਜ਼ਾ  ਨਹੀਂ ਹੈ।

       ਉਪਰੋਕਤ ਮੁਸ਼ਕਲਾਂ ਤੋਂ ਬਚਣ ਲਈ ਕਾਨੂੰਨ-ਵੈਤਾਵਾਂ ਅਨੁਸਾਰ ਕਿਸੇ ਚੀਜ਼ ਤੇ ਕਬਜ਼ਾ ਗਠਤ ਕਰਨ ਲਈ ਦੋ ਚੀਜ਼ਾ ਦਾ ਹੋਣਾ ਜ਼ਰੂਰੀ ਹੇ। ਪਹਿਲੀ ਨੂੰ ਸੰਪਤੀ ਦਾ ਕੋਰਪਸ ਅਤੇ ਦੂਜੀ ਨੂੰ ਕਬਜ਼ੇ ਦੀ ਭਾਵਨਾ ਦਾ ਨਾਂ ਦਿੱਤਾ ਜਾਂਦਾ ਹੈ। ਇਨ੍ਹਾਂ ਦੋਹਾਂ ਚੀਜ਼ਾਂ ਦੀ ਸਮਵਰਤੀ ਹੋਂਦ ਦੇ ਫਲਸਰੂਪ ਕਬਜ਼ੇ ਦਾ ਜੀਵਤ ਸੰਕਲਪ ਸਾਹਮਣੇ ਆਉਂਦਾ ਹੇ। ਕਿਸੇ ਜ਼ਮੀਨ ਦੇ ਟੋਟੇ ਉਤੇ ਮਾਲਕ ਦੇ ਕਬਜ਼ੇ ਦੀ ਭਾਵਨਾ ਦਾ ਸੰਕੇਤ ਕਿਸੇ ਗੱਲ ਤੋਂ ਵੀ ਮਿਲ ਸਕਦਾ ਹੈ। ਉਹ ਉਸ ਦੁਆਰਾ ਉਸ ਦੀ ਵਰਤੋਂ ਤੋਂ ਪਰਗਟ ਹੋ ਸਕਦਾ ਹੈ। ਜੇ ਕਿਸੇ ਕਿਸਮ ਦੀ ਵਰਤੋਂ ਨ ਕੀਤੀ ਜਾ ਰਹੀ ਹੋਵੇ ਅਤੇ ਮਾਲਕ ਉਸ ਦੇ ਦੁਆਲੇ ਚਾਰ ਦੀਵਾਰੀ ਜਾਂ ਕੰਡਿਆਲੀ ਵਾੜ ਵੀ ਕਰ ਦੇਵੇ ਤਾ ਇਹ ਉਸ ਦੇ ਕਬਜ਼ੇ ਦੀ ਭਾਵਨਾ ਦਾ ਸੂਚਕ ਹੋਵੇਗਾ ਅਤੇ ਜ਼ਮੀਨ ਦਾ ਟੋਟਾ-ਉਸ ਤੇ ਕਬਜ਼ੇ ਦੀ ਭਾਵਨਾ ਮਿਲਕੇ ਮਾਲਕ ਦੇ ਉਸ ਤੇ ਕਬਜ਼ੇ ਦੇ ਸੂਚਕ ਹੋਣਗੇ। ਕਾਰਲਾਇਲ ਦੀ ਕਹਾਣੀ ‘‘ਹਾਉ ਮਚ ਲੈਂਡ ਏ ਮੈਨ ਰੀਕੁਆਇਰਜ਼’’ ਵਿਚ ਕਹਾਣੀ ਦਾ ਨਾਇਕ ਕਬਜ਼ੇ ਦੀ ਭਾਵਨਾ ਨਾਲ ਉਸ ਜ਼ਮੀਨ ਦੇ ਵਿਸ਼ਾਲ ਟੋਟੇ ਉਤੇ ਘੁੰਮਦਾ ਹੈ, ਪਰ ਬਦਕਿਸਮਤੀ ਨਾਲ ਸੂਰਜ ਛੁਪ ਜਾਂਦਾ ਹੈ ਅਤੇ ਉਹ ਜਿਥੋਂ ਉਹ ਚਲਿਆ ਸੀ ਉਥੇ ਪਹੁੰਚਣ ਤੋਂ ਪਹਿਲਾਂ ਡਿਗ ਕੇ ਮਰ ਜਾਂਦਾ ਹੈ।

ਇਥੇ ਯਾਦ ਰਖਣ ਵਾਲੀ ਇਕ ਗੱਲ ਹੋਰ ਇਹ ਹੈ ਕਿ ਕਬਜ਼ੇ ਦੀ ਭਾਵਨਾ (animus possidendi) ਵਿਚ ਉਸ ਚੀਜ਼ ਤੋਂ ਹੋਰਨਾਂ ਨੂੰ ਦਖ਼ਲ ਅੰਦਾਜ਼ੀ ਕਰਨ ਤੋਂ ਵਰਜਣ ਦੀ ਭਾਵਨਾ ਵੀ ਸ਼ਾਮਲ ਹੈ। ਜਿਸ ਚੀਜ਼ ਤੇ ਕਿਸੇ ਵਿਅਕਤੀ ਦਾ ਕਬਜ਼ਾ ਹੈ ਉਸ ਦੀ ਵਰਤੋਂ ਕੇਵਲ ਉਹ ਜਾਂ ਉਸ ਦੁਆਰਾ ਅਧਿਕਾਰਤ ਵਿਅਕਤੀ ਹੀ ਕਰ ਸਕਦਾ ਹੈ, ਬਾਕੀ ਸੰਸਾਰ ਉਸ ਦੀ ਵਰਤੋਂ ਤੋਂ ਵਿਰਵਾ ਰਖਿਆ ਜਾਂਦਾ ਹੈ।

       ਲੇਕਿਨ ਇਹ ਵੀ ਹੈ ਕਿ ਕਈ ਵਾਰੀ ਕਬਜ਼ਾ ਲਾਜ਼ਮੀ ਤੌਰ ਤੇ ਕਿਸੇ ਹੱਕ ਅਥਵਾ ਅਧਿਕਾਰ ਦਾ ਦਾਅਵਾ ਨਹੀਂ ਜਤਾਉਂਦਾ। ਚੋਰ ਦਾ ਕਿਸੇ ਚੀਜ਼ ਉਤੇ ਕਬਜ਼ਾ ਮਾਲਕ ਨੂੰ ਵੀ ਵੰਚਤ ਕਰ ਦਿੰਦਾ ਹੈ। ਇਸ ਤਰ੍ਹਾਂ ਕਾਬਜ਼ ਦਾ ਮਤਲਬ ਉਸ ਚੀਜ਼ ਉਤੇ ਅਧਿਕਾਰ ਰਖਣ ਵਾਲੇ ਦਾ ਨਹੀਂ, ਸਗੋਂ ਉਸ ਵਿਅਕਤੀ ਤੋਂ ਹੈ ਜੋ ਉਸ ਤੇ ਕਬਜ਼ਾ ਜਤਾਉਂਦਾ ਹੈ।

       ਬਲੈਕ ਦੀ ਲਾ ਡਿਕਸ਼ਨਰੀ (ਪੰਜਵਾਂ ਐਡੀਸ਼ਨ)  ਅਨੁਸਾਰ ਕਬਜ਼ੇ ਦਾ ਮਤਲਬ ਹੈ, ‘‘ਤੱਥਾਂ ਦੀ ਉਹ ਅਵਸਥਾ ਜਿਨ੍ਹਾਂ ਅਧੀਨ ਕੋਈ ਵਿਅਕਤੀ ਕਿਸੇ ਮੂਰਤ ਅਥਵਾ ਸਾਕਾਰ ਚੀਜ਼ ਉਤੇ, ਆਪਣੀ ਮਰਜ਼ੀ ਅਨੁਸਾਰ ਹੋਰ ਸਭਨਾਂ ਨੂੰ ਖ਼ਾਰਜ ਕਰ ਕੇ, ਆਪਣੇ ਇਖ਼ਤਿਆਰ ਜਾਂ ਦਾਅਵੇ ਦੀ ਨਿਰੰਤਰ ਵਰਤੋਂ ਕਰ ਸਕਦਾ ਹੈ।’’ ਜਿਥੋਂ ਤਕ ਅਮੂਰਤ ਸੰਪਤੀ ਉਤੇ ਕਬਜ਼ੇ ਦਾ ਸਬੰਧ ਹੈ ਸਾਮੰਡ ਅਨੁਸਾਰ ਉਸ ਨੂੰ ਮੂਰਤ ਕਬਜ਼ੇ ਦੀ ਪਰਿਭਾਸ਼ਾ ਵਿਚ ਵਰਤੀ ਗਈ ਸ਼ਬਦਾਵਲੀ ਦੀ ਵਰਤੋਂ ਕਰਦਿਆਂ, ਕਿਹਾ ਜਾ ਸਕਦਾ ਹੈ ਕਿ ਮੂਰਤ ਕਬਜ਼ੇ ਦੀ ਸੂਰਤ ਵਿਚ ਕਿਸੇ ਇਖ਼ਤਿਆਰ ਜਾਂ ਦਾਅਵੇ ਦੀ ਨਿਰੰਤਰ ਵਰਤੋਂ ਦੀ ਥਾਵੇ, ਅਮੂਰਤ ਕਬਜ਼ੇ ਵਿਚ ਉਸ ਨੂੰ ਅਧਿਕਾਰ ਦੀ ਵਰਤੋਂ ਕਿਹਾ ਜਾ ਸਕਦਾ ਹੈ। ਕਿਸੇ ਅਧਿਕਾਰ ਦੀ ਵਰਤੋਂ ਦਾ ਮਤਲਬ ਹੈ ਕਿਸੇ ਦਾਅਵੇ ਅਥਵਾ ਇਖ਼ਤਿਆਰ ਦੀ ਇਸ ਤਰ੍ਹਾਂ ਵਰਤੋਂ ਕਰਨਾ ਜਿਵੇਂ ਕਿ ਉਹ ਦਾਅਵਾ ਅਧਿਕਾਰ ਹੋਵੇ। ਹੋ ਸਕਦਾ ਹੈ ਕਿ ਸਬੰਧਤ ਸੰਪਤੀ ਉਤੇ ਕੋਈ ਅਧਿਕਾਰ ਨ ਹੋਵੇ, ਅਤੇ ਜਿਥੇ ਅਧਿਕਾਰ ਹੋਵੇ ਉਹ ਕਾਬਜ਼ ਵਿਅਕਤੀ ਵਿਚ ਨਿਹਿਤ ਨ  ਹੋ ਕੇ ਕਿਸੇ ਹੋਰ ਵਿਅਕਤੀ ਵਿਚ ਨਿਹਿਤ ਹੋਵੇ।  ਜੇ ਕਿਸੇ ਵਿਅਕਤੀ ਦਾ ਕਿਸੇ ਹੋਰ ਦੀ ਜ਼ਮੀਨ ਵਿਚੋਂ ਲਾਂਘੇ ਦਾ ਅਧਿਕਾਰ ਹੈ ਤਾਂ ਉਸ ਅਧਿਕਾਰ ਤੇ ਕਾਬਜ਼ ਹੈ।

ਕਬਜ਼ੇ ਦੇ ਸੰਕਲਪ ਵਿਚ ਉਪਰੋਕਤ ਤਰ੍ਹਾਂ ਦੀਆਂ ਗੁੰਝਲਾਂ ਦੇ ਪਲਚੇ ਹੋਣ ਕਾਰਨ ਸਰਵ ਉੱਚ ਅਦਾਲਤ ਨੇ ਸੁਪਰਡੈਂਟ ਅਤੇ ਰੀਮੈਂਬਰੈਂਸਰ ਆਫ਼ ਲੀਗਲ ਅਫ਼ੇਅਰਜ਼ ਪਛਮੀ ਬੰਗਾਲ ਬਨਾਮ ਅਨਿਲ ਕੁਮਾਰ ਭੂੰਜਾਂ (ਏ ਆਈ ਆਰ 1980 ਐਸ ਸੀ 52) ਵਿਚ ਕਿਹਾ ਹੈ ਕਿ ‘‘ਕਬਜ਼ਾ ਸ਼ਬਦ ਨਿਰੋਲ ਕਾਨੂੰਨੀ ਸੰਕਲਪ ਨਹੀਂ ਸਗੋਂ ਬਹੁ-ਅਰਥਕ ਸ਼ਬਦ ਹੈ ਜਿਸ ਦੇ ਅਰਥ ਵਖ ਵਖ ਪ੍ਰਸੰਗਾਂ ਵਿਚ ਵਖ ਵਖ ਹੋ ਸਕਦੇ ਹਨ। ‘ਕਬਜ਼ਾ’ ਸ਼ਬਦ ਦੇ ਅਰਥਾਂ ਵਿਚ ਜਿਥੇ ਇਕ ਪਾਸੇ ਅਧਿਕਾਰ ਦੇ ਭਾਵ ਹਨ ਉਥੇ ਦੂਜੇ ਪਾਸੇ ਉਸ ਵਿਚ ਤੱਥ ਦਾ ਭਾਵ ਵੀ ਆ ਜਾਂਦਾ ਹੈ; ਅਧਿਕਾਰ ਹੈ ਸੰਪਤੀ ਦੇ ਅਧਿਕਾਰ ਨਾਲ ਜੁੜਿਆ ਸੰਪਤੀ ਨੂੰ ਮਾਣਨ ਅਥਵਾ ਭੋਗਣ ਦਾ ਅਤੇ ਤੱਥ ਹੈ ਉਸ ਸਬੰਧ ਵਿਚ ਵਾਸਤਵਿਕ ਇਰਾਦਾ। ਉਸ ਵਿਚ ਸ਼ਾਮਲ ਹਨ, ਕੰਟਰੋਲ ਕਰਨ ਦਾ ਇਖ਼ਤਿਆਰ ਅਤੇ ਉਸ ਆਸ਼ੇ ਦਾ ਇਰਾਦਾ। ਇਸ ਲਈ ਇਹ ਤੈਅ ਕਰਨ ਲਈ ਟੈਸਟ ਕਿ ਕੀ ਕੋਈ ਚੀਜ਼ ਕਿਸੇ ਵਿਅਕਤੀ ਦੇ ਕਬਜ਼ੇ ਵਿਚ ਹੈ ਇਹ ਹੈ ਕਿ ਉਸ ਵਿਅਕਤੀ ਦਾ ਉਸ ਚੀਜ਼ ਤੇ ਆਮ ਕੰਟਰੋਲ ਹੈ।’’

ਉਸ ਤੋਂ ਪਹਿਲਾਂ ਵੀ ਸਰਵ ਉੱਚ ਅਦਾਲਤ ਨੇ ਸੈਕਸਾਰੀਆ ਕਾਟਨ ਮਿਲਜ਼ ਬਨਾਮ ਬੰਬੇ ਰਾਜ (ਏ ਆਈ ਆਰ 1953 ਐਸ ਸੀ 278) ਵਿਚ ਸਪਸ਼ਟ ਕੀਤਾ ਹੈ ਕਿ ‘‘ਕਬਜ਼ਾ’’ ਸ਼ਬਦ ਬਹੁ-ਅਰਥਕ ਸ਼ਬਦ ਹੈ। ਕਾਨੂੰਨ ਦੀਆਂ ਕਿਤਾਬਾਂ ਵਿਚ ਕਬਜ਼ੇ ਦੇ ਸੰਕਲਪ ਨੂੰ ਦੋ ਮੋਟੇ ਵਰਗਾਂ ਵਿਚ ਵੰਡਿਆ ਗਿਆ ਹੈ; ਅਰਥਾਤ (1) ਸਰੀਰਕ ਅਥਵਾ ਫ਼ਿਜ਼ੀਕਲ ਕਬਜ਼ਾ ਜਾਂ ਵਾਸਤਵਿਕ ਕਬਜ਼ਾ; ਅਤੇ (2) ਕਾਨੂੰਨੀ ਕਬਜ਼ਾ, ਜਿਸ ਦੇ ਨਾਲ ਤੱਥ-ਰੂਪ ਅਥਵਾ ਵਾਸਤਵਿਕ ਕਬਜ਼ੇ ਦਾ ਹੋਣਾ ਜ਼ਰੂਰੀ ਨਹੀਂ। ਸੰਪੱਤੀ ਉਤੇ ਕੰਟਰੋਲ ਹਮੇਸ਼ਾ ਫ਼ਿਜ਼ੀਕਲ ਕਬਜ਼ੇ ਜਾਂ  ਡੀਫ਼ੈਕਟੋ ਕਬਜ਼ੇ ਦੇ ਹੋਂਦ ਦੀ ਕਸਵਟੀ ਰਹੀ ਹੈ। ਇਹ ਸੱਚ ਹੈ ਕਿ ਏਜੰਟ ਰਾਹੀਂ ਕਬਜ਼ੇ ਦੀ ਸੂਰਤ ਵਿਚ ਕਾਨੂੰਨੀ ਕਬਜ਼ਾ ਮਾਲਕ ਦਾ ਮੰਨਿਆ ਜਾਵੇਗਾ, ਲੇਕਿਨ ਵਾਸਤਵਿਕ ਫ਼ਿਜ਼ੀਕਲ ਕਬਜ਼ਾ ਏਜੰਟ ਕੋਲ ਹੋਵੇਗਾ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਬਜ਼ਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਬਜ਼ਾ, (ਅਰਬੀ : ਬਜ਼ਹ √ਕਬਜ਼=ਪਕੜਨਾ) \ ਪੁਲਿੰਗ : ੧. ਦਖ਼ਲ, ਅਧਿਕਾਰ, ਅਖਤਿਆਰ, ਕਾਬੂ, ਤਾਕਤ. ਹੋਣਾ, ਕਰਨਾ, ਕਰਾਉਣਾ, ਜੰਮਣਾ, ਜਮਾਉਣਾ, ਦਿਵਾਉਣਾ, ਦੇਣਾ, ਮਿਲਣਾ, ਲੈਣਾ, ਲੈ ਰਹਿਣਾ, ਪਾਣਾ; ੨. ਮੁੱਠਾ, ਦਸਤਾ (ਲਾਗੂ ਕਿਰਿਆ : ਲਾਉਣਾ); ੩. ਲੋਹੇ ਦੇ ਛੋਟੇ ਛੋਟੇ ਟੁਕੜੇ ਜੋ ਇਸ ਤਰ੍ਹਾਂ ਜੁੜੇ ਹੁੰਦੇ ਹਨ ਕਿ ਉਨ੍ਹਾਂ ਨਾਲ ਜੁੜੀਆਂ ਕੋਈ ਦੋ ਚੀਜ਼ਾਂ ਆਪਸ ਵਿੱਚ ਬੰਦ ਹੋ ਅਤੇ ਖੁਲ੍ਹ ਸਕਦੀਆਂ ਹਨ

–ਕਬਜ਼ਾ ਉਠਣਾ,  ਮੁਹਾਵਰਾ :  ਬੇਦਖ਼ਲ ਹੋਣਾ, ਅਧਿਕਾਰ ਨਾ ਰਹਿਣਾ

–ਕਬਜ਼ਾ ਉਠਾਉਣਾ,  ਮੁਹਾਵਰਾ : ਬੇਦਖ਼ਲ ਕਰਨਾ, ਕਬਜ਼ੇ ਦਾ ਅਧਿਕਾਰ ਖੋਹਣਾ

–ਕਬਜ਼ਾ ਹੱਕ, ਪੁਲਿੰਗ : ਉਹ ਹੱਕ ਜੋ ਕਬਜ਼ੇ ਕਾਰਣ ਪਰਾਪਤ ਹੋਵੇ

–ਕਬਜ਼ਾ ਟੁੱਟਣਾ, ਮੁਹਾਵਰਾ : ਕਬਜ਼ੇ ਦਾ ਅਧਿਕਾਰ ਜਾਂਦਾ ਰਹਿਣਾ

–ਕਬਜ਼ਾ ਨਾਹੱਕ ਕਰਨਾ,  ਕਿਰਿਆ ਸਕਰਮਕ : ਨਾਜਾਇਜ਼ ਤੇ ਗੈਰ ਕਾਨੂੰਨੀ ਕਬਜ਼ਾ ਕਰਨਾ

–ਕਬਜ਼ਾ ਫ਼ੌਜ,  (ਅੰਗਰੇਜ਼ੀ : Occupation Army) / ਇਸਤਰੀ ਲਿੰਗ : ਅਧਿਕਾਰ ਰੱਖਿਅਕ, ਫ਼ੌਜ, ਦਖਲੀ ਫ਼ੌਜ, ਉਹ ਸੈਨਾ ਜੋ ਕਿਸੇ ਮੁਲਕ ਉਤੇ ਕਬਜ਼ਾ ਕਰਨ ਤੋਂ ਉਪਰੰਤ ਆਪਣਾ ਕਬਜ਼ਾ ਕਾਇਮ ਰੱਖਣ ਲਈ ਉਸ ਮੁਲਕ ਵਿੱਚ ਰੱਖੀ ਜਾਂਦੀ ਹੈ

–ਕਬਜ਼ਾ ਬਹਾਲ ਰੱਖਣਾ,  ਕਿਰਿਆ ਸਕਰਮਕ : ਜਿਸ ਦਾ ਕਬਜ਼ਾ ਪਹਿਲਾਂ ਹੋਵੇ ਉਸੇ ਦਾ ਕਬਜ਼ਾ ਰਹਿਣ ਦੇਣਾ
 
–ਕਬਜ਼ਾ ਰੱਖਣਾ, ਕਿਰਿਆ ਸਕਰਮਕ : ਕੋਈ ਚੀਜ਼ ਆਪਣੇ ਕਾਬੂ ਵਿੱਚ ਰੱਖਣਾ

–ਕਬਜ਼ੇ ਹੇਠ, ਕਿਰਿਆ ਵਿਸ਼ੇਸ਼ਣ : ਕਬਜ਼ੇ ਵਿੱਚ, ਕਾਬੂ ਵਿੱਚ, ਅਧਿਕਾਰ ਵਿੱਚ, ਅਧੀਨ

–ਕਬਜ਼ੇ ਤੇ ਹੱਥ ਰੱਖਣਾ, ਕਬਜ਼ੇ ਤੇ ਹੱਥ ਲੈ ਜਾਣਾ, ਮੁਹਾਵਰਾ : ਤਲਵਾਰ ਖਿੱਚਣ ਲਈ ਤਿਆਰ ਹੋਣਾ, ਲੜਨ ਲਈ ਤਿਆਰ ਹੋਣਾ

–ਕਬਜ਼ੇਦਾਰ, ਪੁਲਿੰਗ : ੧. ਕਬਜ਼ੇ ਵਾਲਾ, ਜਿਸ ਦਾ ਕਬਜ਼ਾ ਹੋਵੇ; ੨. ਜਿਸ ਨੂੰ ਕਬਜ਼ੇ ਲੱਗੇ ਹੋਣ; ੩. ਇਕ ਤਰ੍ਹਾਂ ਦਾ ਮੌਰੂਸੀ ਮੁਜ਼ਾਰਾ

–ਕਬਜ਼ੇਦਾਰ ਜੋੜ, ਸਰੀਰਕ ਵਿਗਿਆਨ /ਪੁਲਿੰਗ :  ਸਰੀਰ ਦੇ ਅਜੇਹੇ ਜੋੜ ਜੋ ਕਬਜ਼ੇ ਵਾਂਗ ਖੁਲ੍ਹਦੇ ਅਤੇ ਬੰਦ ਹੁੰਦੇ ਹਨ

–ਕਬਜ਼ੇ ਵਿਚ, ਕਿਰਿਆ ਵਿਸ਼ੇਸ਼ਣ : ਕਾਬੂ ਵਿੱਚ, ਅਧਿਕਾਰ ਵਿਚ, ਅਧੀਨ

–ਕਬਜ਼ੇ ਵਿਚ ਲਿਆਉਣਾ, ਕਬਜ਼ੇ ਵਿਚ ਲੈਣਾ,  ਕਿਰਿਆ ਸਕਰਮਕ : ਦਖ਼ਲ ਲੈਣਾ, ਕਾਬੂ ਵਿਚ ਲਿਆਉਣਾ, ਅਧਿਕਾਰ ਜਮਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-11-12-45-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.