ਕਬੱਡੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਬੱਡੀ : ਕਬੱਡੀ ਅੰਤਰਰਾਸ਼ਟਰੀ ਖੇਡ ਹੈ, ਜੋ ਭਾਰਤ, ਲੰਕਾ, ਪਾਕਿਸਤਾਨ, ਨੇਪਾਲ, ਬਰਮ੍ਹਾ ਅਤੇ ਕਈ ਪੱਛਮੀ ਮੁਲਕਾਂ ਵਿੱਚ ਖੇਡੀ ਜਾਂਦੀ ਹੈ। ਇਸ ਖੇਡ ਦੇ ਦੋ ਰੂਪ ਪ੍ਰਚਲਿਤ ਹਨ-ਪੇਂਡੂ ਅਤੇ ਸ਼ਹਿਰੀ। ਸ਼ੁਰੂ ਵਿੱਚ ਇਹ ਖੇਡ ਪਿੰਡਾਂ ਦੇ ਗੱਭਰੂਆਂ ਵਿੱਚ ਹੀ ਵਧੇਰੇ ਪ੍ਰਚਲਿਤ ਸੀ ਜਿਸ ਦੇ ਹਰ ਪੇਂਡੂ ਲੋਕ-ਖੇਡ ਵਾਂਗ ਬੱਝਵੇਂ ਨਿਯਮ ਨਹੀਂ ਸਨ। ਵਿਹਲ ਸਮੇਂ ਪਿੰਡ ਦੇ ਗੱਭਰੂ ਕਿਸੇ ਵਰਿਹਾਲ (ਵਾਹੀ ਹੋਈ ਭੋਂ) ਵਿੱਚ ਇਕੱਠੇ ਹੁੰਦੇ ਅਤੇ ਦੁਵੱਲੀ (ਦੋ ਟੋਲੀਆਂ ਵਿੱਚ) ਇੱਕੋ ਜਿਹੇ ਹਾਣੀ ਵੰਡਣ ਉਪਰੰਤ ਮੈਦਾਨ ਦੇ ਮੱਧ ਵਿੱਚ ਲੀਕ ਮਾਰ ਕੇ ਦੋ ਹਿੱਸੇ ਕਰ ਲਏ ਜਾਂਦੇ। ਇਸ ਲੀਕ ਨੂੰ ‘ਪਾੜਾ’ ਜਾਂ ‘ਪਾਲਾ’ ਕਿਹਾ ਜਾਂਦਾ, ਜਿਸਦੇ ਸਿਰਿਆਂ ਉੱਤੇ ਦੋ ਮਿੱਟੀ ਦੀਆਂ ਢੇਰੀਆਂ ਬਣਾ ਕੇ ਲੀਕ ਉੱਤੋਂ ਲੰਘਣ ਵਾਲਾ ਦੱਰਾ (ਰਾਹ) ਬਣਾ ਲਿਆ ਜਾਂਦਾ ਹੈ। ਦੁਵੱਲੀ ਟੋਲੀਆਂ ਦੇ ਧਾਵੀ ਖਿਡਾਰੀਆਂ ਨੇ ਇਸੇ ਰਾਹ ਵਿੱਚੋਂ ਆਰ-ਪਾਰ ਜਾਣ ਦੇ ਨਿਯਮ ਦਾ ਪਾਲਣ ਕਰਨਾ ਹੁੰਦਾ ਹੈ।

     ਪਾਲੇ ਦੇ ਦੋਹੀਂ ਪਾਸੀਂ ਦੋ ਵੱਖ-ਵੱਖ ਟੋਲੀਆਂ ਖਲੋਂਦੀਆਂ ਹਨ। ਇਹਨਾਂ ਟੋਲੀਆਂ ਵਿੱਚੋਂ ਬਾਰੀ-ਬਾਰੀ ਇੱਕ-ਇੱਕ ਧਾਵੀ (ਖਿਡਾਰੀ) ਵਿਰੋਧੀ ਟੋਲੀ ’ਤੇ ਧਾਵਾ ਬੋਲ ਕੇ, ਕੌਡੀ-ਕੌਡੀ ਕਹਿੰਦਾ ਹੋਇਆ ਕਿਸੇ ਇੱਕ ਜਾਂ ਇੱਕ ਤੋਂ ਵਧੇਰੇ ਵਿਰੋਧੀ ਖਿਡਾਰੀਆਂ ਨੂੰ ਛੋਹ ਜਾਂ ਜ਼ੋਰ ਨਾਲ ਡੇਗ ਕੇ ਮਾਰ ਆਉਂਦਾ ਹੈ, ਅਜਿਹੀ ਹਾਲਤ ਵਿੱਚ ਛੋਹਿਆ ਜਾਂ ਡੇਗਿਆ ਗਿਆ ਖਿਡਾਰੀ ਓਨੇ ਸਮੇਂ ਲਈ ਖੇਡ ਤੋਂ ਬਾਹਰ ਹੋ ਜਾਂਦਾ ਹੈ ਜਿੰਨੇ ਸਮੇਂ ਲਈ ਵਿਰੋਧੀ ਟੋਲੀ ਦਾ ਖਿਡਾਰੀ ਮਾਰਿਆ ਨਹੀਂ ਜਾਂਦਾ, ਪਰ ਜੇਕਰ ਵਿਰੋਧੀ ਟੋਲੀ ਦੇ ਖਿਡਾਰੀ ਵੱਲੋਂ ਧਾਵਾ ਬੋਲ ਕੇ ਖਿਡਾਰੀ ਨੂੰ ਫੜ ਕੇ ਡੇਗ ਲਿਆ, ਰੋਕ ਲਿਆ ਜਾਂ ਉਸ ਦਾ ਕੌਡੀ-ਕੌਡੀ ਕਹਿੰਦੇ ਦਾ ਬੋਲ ਉਚਾਰਨ ਟੁੱਟ ਜਾਵੇ ਤਾਂ ਧਾਵੀ ਖਿਡਾਰੀ ਨੂੰ ਮਰ ਗਿਆ ਸਮਝ ਲਿਆ ਜਾਂਦਾ ਹੈ। ਅਜਿਹੀ ਹਾਲਤ ਵਿੱਚ ਧਾਵੀ ਖੇਡ ਤੋਂ ਬਾਹਰ ਹੋ ਜਾਂਦਾ ਹੈ।

     ਇਉਂ ਵਧੇਰੇ ਬਾਹੂ ਬਲ ਵਾਲੀ ਟੋਲੀ ਦੀ ਜਿੱਤ ਅਤੇ ਕਮਜ਼ੋਰ ਟੋਲੀ ਦੀ ਹਾਰ ਹੋ ਜਾਂਦੀ ਹੈ। ਪੇਂਡੂ ਕਬੱਡੀ ਵਿੱਚ ਦੁਵੱਲੀ ਟੋਲੀਆਂ ਵਿਚਲੇ ਹਾਣੀਆਂ ਦੀ ਗਿਣਤੀ, ਖੇਡ ਦਾ ਸਮਾਂ, ਮੈਦਾਨ ਦਾ ਖੇਤਰਫਲ ਅਤੇ ਖੇਡ ਲਈ ਕਿਸੇ ਵਿਸ਼ੇਸ਼ ਪੁਸ਼ਾਕ ਦੇ ਬੱਝਵੇਂ ਨਿਯਮ ਨਹੀਂ ਹਨ। ਪਰ ਧਾਵੀ ਜਾਂ ਜਾਫੀ ਵੱਲੋਂ ਹਿੱਕ ਵਿੱਚ ਧੱਫਾ ਮਾਰਨ, ਡੇਗ ਕੇ ਲੱਤ ਬਾਂਹ ਤੋੜਨ ਜਾਂ ਮੰਦ-ਭਾਵਨਾ ਅਧੀਨ ਸੱਟ-ਫੇਟ ਮਾਰਨੀ ਵਰਜਿਤ ਮੰਨੀ ਜਾਂਦੀ ਹੈ।

      1919 ਵਿੱਚ ਕੁਝ ਖੇਡ ਪ੍ਰੇਮੀਆਂ ਨੇ ਸ਼ਹਿਰੀ ਕਬੱਡੀ ਨੂੰ ਨਿਯਮਬੱਧ ਕੀਤਾ, ਜਿਸ ਵਿੱਚ ਸਮੇਂ-ਸਮੇਂ ਸੋਧ ਹੁੰਦੀ ਰਹੀ। 1952 ਵਿੱਚ ਕਬੱਡੀ ਖੇਡ ਨੂੰ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਕਰ ਲਿਆ ਗਿਆ। ਇਸੇ ਵਰ੍ਹੇ ‘ਕਬੱਡੀ ਫੈਡਰੇਸ਼ਨ ਆਫ਼ ਇੰਡੀਆ’ ਦੀ ਸਥਾਪਨਾ ਹੋਈ ਜਿਸ ਦੇ ਪਹਿਲੇ ਪ੍ਰਧਾਨ ਐਲ. ਕੇ. ਗਾਡਬੋਲੇ ਚੁਣੇ ਗਏ। 1965 ਵਿੱਚ ਕਲਕੱਤੇ ਵਿਖੇ ਰਾਸ਼ਟਰੀ ਚੈਂਪੀਅਨਸ਼ਿਪ ਲਈ ਮੁਕਾਬਲਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਇਸਤਰੀਆਂ ਦੀ ਕਬੱਡੀ ਨੂੰ ਵੀ ਸ਼ਾਮਲ ਕਰ ਲਿਆ ਗਿਆ।

     ਬੰਗਾਲ ਵਿੱਚ ਇਹ ਖੇਡ ਡੋ ਡੋ ਦੇ ਉਚਾਰਨ, ਦੱਖਣ ਵਿੱਚ ਚੇਡੂ ਗੁਡੂ, ਮਹਾਂਰਾਸ਼ਟਰ ਵਿੱਚ ਹੂ ਤੂ ਤੂ ਅਤੇ ਪੰਜਾਬ ਵਿੱਚ ਕੌਡੀ-ਕੌਡੀ ਉਚਾਰਨ ਦੇ ਆਧਾਰ ’ਤੇ ਵੱਖ-ਵੱਖ ਨਾਂਵਾਂ ਨਾਲ ਜਾਣੀ ਜਾਂਦੀ ਹੈ।

     ਪੰਜਾਬ ਵਿੱਚ ਇਸ ਖੇਡ ਦੇ ਕਈ ਹੋਰ ਨਾਂ ਵੀ ਪ੍ਰਚਲਿਤ ਹਨ। ਜਿਵੇਂ ‘ਗੁੰਗੀ ਕੌਡੀ’, ਇਸ ਵਿੱਚ ਕੌਡੀ-ਕੌਡੀ ਦਾ ਬੋਲ ਉਚਾਰਨ ਨਹੀਂ ਹੁੰਦਾ ਅਤੇ ਧਾਵੀ ਨੇ ਵਿਰੋਧੀ ਟੋਲੀ ਦੇ ਉੱਤੋਂ ਦੀ ਗੇੜਾ ਦੇ ਕੇ ਆਪਣੇ ਪਾਸੇ ਪਰਤਣਾ ਹੁੰਦਾ ਹੈ। ਗੁੰਗੀ ਕੌਡੀ ਵਿੱਚ ਵਿਰੋਧੀ ਟੋਲੀਆਂ ਦੇ ਗੱਭਰੂਆਂ ਤੋਂ ਬਚ ਕੇ ਨਿਕਲਣ ਸਮੇਂ ਦੁਵੱਲੀ ਜ਼ੋਰ ਅਜ਼ਮਾਈ ਵਿੱਚ ਇੱਕ ਦੂਜੇ ਨੂੰ ਦੁਹੱਥੜ ਮਾਰ ਕੇ ਡੇਗਣ, ਗੁੱਟ ਫੜਨ, ਕਰੈਂਚੀ ਅਤੇ ਧਰੋਲ੍ਹ ਮਾਰਨ ਕਾਰਨ, ਖੇਡ ਇੱਕ ਤਰ੍ਹਾਂ ਮਾਰ ਕੁਟਾਈ ਦੀ ਸ਼ਕਲ ਅਖ਼ਤਿਆਰ ਕਰ ਜਾਂਦੀ ਹੈ। ਭਾਵੇਂ ਇਸ ਖੇਡ ਵਿੱਚ ਇਕੱਲੇ ਨੂੰ ਇਕੱਲਾ ਫੜਨ ਦਾ ਚਲਨ ਹੈ, ਖੇਡ ਦੇ ਇਸ ਰੂਪ ਨੂੰ ਅੰਮ੍ਰਿਤਸਰੀ (ਅੰਬਰਸਰੀ) ਕੌਡੀ ਵੀ ਕਹਿੰਦੇ ਹਨ।

     ‘ਅੰਬਾਲਵੀ ਕੌਡੀ’ ਦਾ ਮੈਦਾਨੀ ਖੇਤਰਫ਼ਲ ਸੌੜਾ ਰੱਖਿਆ ਜਾਂਦਾ ਹੈ। ਖੇਡ ਦੀ ਇਸ ਵੰਨਗੀ ਵਿੱਚ ਧਾਵੀ ਨੂੰ ਪਹਿਲੇ ਜਾਫੀ ਤੋਂ ਛੁਟ ਜਾਣ ’ਤੇ, ਦੂਜੇ, ਤੀਜੇ ਜਾਂ ਚੌਥੇ ਜਾਫ਼ੀ ਵੱਲੋਂ ਵੀ ਫੜੇ ਜਾਣ ਦੀ ਛੋਟ ਹੈ।

     ‘ਲਾਹੌਰੀ ਕੌਡੀ’ ਵਿੱਚ ਚੁਫ਼ੇਰੇ ਦਾਇਰਾ ਨਹੀਂ ਮਿਥਿਆ ਜਾਂਦਾ, ਸਿਰਫ਼ ਛੇ ਢੇਰੀਆਂ ਬਣਾਈਆਂ ਜਾਂਦੀਆਂ ਹਨ। ਜਾਫ਼ੀ ਅਤੇ ਧਾਵੀ ਦੋ ਢੇਰੀਆਂ ਉੱਤੇ ਖਲੋਂਦੇ ਹਨ। ਧਾਵੀ ਵੱਲੋਂ ਵਿਰੋਧੀ ਧਿਰ ਦੀਆਂ ਦੂਜੀਆਂ ਢੇਰੀਆਂ ਉੱਤੋਂ ਦੀ ਗੇੜਾ ਦੇ ਕੇ ਆਪਣੀ ਢੇਰੀ ਤੱਕ ਆਉਣਾ ਹੁੰਦਾ ਹੈ।

     ਇਉਂ ਪੇਂਡੂ ਤਰਜ ਦੀ ਕੌਡੀ ਖੇਡ ਦੀਆਂ ਕਈ ਪ੍ਰਾਂਤਿਕ ਅਤੇ ਸਥਾਨਿਕ ਵੰਨਗੀਆਂ ਵੀ ਹਨ, ਜਿਨ੍ਹਾਂ ਵਿੱਚ ਫ਼ਿਰੋਜ਼ਪੁਰੀ ਕਬੱਡੀ, ਬੈਠਵੀ ਕਬੱਡੀ, ਚੀਰਵੀਂ ਕਬੱਡੀ, ਲੰਮੀ ਕਬੱਡੀ, ਜੱਫਲ ਕਬੱਡੀ, ਘੋੜ ਕਬੱਡੀ ਅਤੇ ਖੁੱਲ੍ਹੀ ਕਬੱਡੀ ਆਦਿ ਦੇ ਨਾਂ ਲਏ ਜਾ ਸਕਦੇ ਹਨ। ਪਰ ਇਹਨਾਂ ਵਿਭਿੰਨ ਪ੍ਰਕਾਰ ਦੇ ਨਾਂਵਾਂ ਵਾਲੀਆਂ ਵੰਨਗੀਆਂ ਵਿੱਚ ਕੁਝ ਇੱਕ ਪੱਖਾਂ ਨੂੰ ਛੱਡ ਕੇ ਬੁਨਿਆਦੀ ਵਖਰੇਵਾਂ ਨਾ- ਮਾਤਰ ਹੀ ਹੈ।

     ਪੱਕੀ ਸੌਂਚੀ ਅਤੇ ਕੱਚੀ ਸੌਂਚੀ ਖੇਡ ਭਾਵੇਂ ਕਬੱਡੀ ਨਾਲ ਰਲਦੀ-ਮਿਲਦੀ ਹੈ ਪਰ ਉਸ ਵਿੱਚ ਵੀ ਪਿੰਡੇ ਨੂੰ ਤੇਲ ਮਲਣ, ਹਿੱਕ ਵਿੱਚ ਦੁਹੱਥੜ ਮਾਰਨ ਅਤੇ ਲਲਕਾਰ ਕੇ ਗੁੱਟ ਫੜਨ ਤੋਂ ਇਲਾਵਾ ਕਈ ਕੁਝ ਕਬੱਡੀ ਨਾਲ ਰਲਦਾ-ਮਿਲਦਾ ਹੀ ਹੈ।

     ਅਜੋਕੇ ਸਮੇਂ ਕੌਡੀ ਖੇਡ ਵਿੱਚ ਉਪਰੋਕਤ ਵੰਨਗੀਆਂ ਨੂੰ ਸੰਮਿਲਤ ਕਰ ਕੇ ਪੰਜਾਬ ਸਟਾਈਲ ਕਬੱਡੀ ਬਣਾ ਲਈ ਗਈ ਹੈ। ਇਸ ਵੰਨਗੀ ਨੂੰ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ‘ਜੱਫਲ ਕਬੱਡੀ’ ਅਤੇ ‘ਲੰਮੀ ਕਬੱਡੀ’।

     ਜੱਫਲ ਕਬੱਡੀ ਦਾ ਖੇਡ ਮੈਦਾਨ 10 ਤੋਂ 30 ਫੁੱਟ ਅਰਧ ਵਿਆਸ ਦਾ ਘੇਰਾ ਮਿਥਿਆ ਜਾਂਦਾ ਹੈ। ਵਿਚਕਾਰ ਲਕੀਰ ਵਾਹੀ ਜਾਂਦੀ ਹੈ ਜਿਸ ਨੂੰ ਪਾਲਾ ਜਾਂ ਪਾੜਾ ਕਿਹਾ ਜਾਂਦਾ ਹੈ। ਇਹ ਪਾਲਾ ਮੈਦਾਨ ਨੂੰ ਦੋ ਟੋਲੀਆਂ ਲਈ ਦੋ ਹਿੱਸਿਆਂ ਵਿੱਚ ਵੰਡਦਾ ਹੈ। ਲੀਕ ਦੇ ਦੁਵੱਲੀ ਦੋ ਮਿੱਟੀ ਦੀਆਂ ਢੇਰੀਆਂ ਬਣਾ ਲਈਆਂ ਜਾਂਦੀਆਂ ਹਨ। ਧਾਵੀ ਖਿਡਾਰੀ ਲਈ ਇਹਨਾਂ ਢੇਰੀਆਂ ਦੇ ਵਿੱਚੋਂ ਹੀ ਜਾਣਾ ਅਤੇ ਆਉਣਾ ਹੁੰਦਾ ਹੈ। ਵਿਰੋਧੀ ਵੱਲੋਂ ਜਾਂ ਆਪਣੀ ਗ਼ਲਤੀ ਕਾਰਨ ਇਹਨਾਂ ਢੇਰੀਆਂ ਤੋਂ ਬਾਹਰ ਜਾਣ ਵਾਲਾ ਖਿਡਾਰੀ ਇੱਕ ਨੰਬਰ (ਪੁਆਇੰਟ) ਹਾਰ ਜਾਂਦਾ ਹੈ। ਇਸ ਮੈਦਾਨ ਦੇ ਚੁਫ਼ੇਰੇ ਟੋਲੀ ਦੇ ਖਿਡਾਰੀ ਖਲੋਣ ਲਈ 75 ਫੁੱਟ ਵਿਆਸ ਦਾ ਇੱਕ ਹੋਰ ਗੋਲ ਚੱਕਰ ਵਾਹਿਆ ਜਾਂਦਾ ਹੈ। ਧਾਵੀ ਇਸ ਦਾਇਰੇ ਤੋਂ ਬਾਹਰ ਚਲਾ ਜਾਵੇ ਤਦ ਵੀ ਇੱਕ ਨੰਬਰ ਹਾਰ ਜਾਂਦਾ ਹੈ। ਅਜੋਕੇ ਸਮੇਂ ਉਪਰੋਕਤ ਖੇਡ ਵੰਨਗੀ ਦਾ ਸਮਾਂ 40 ਮਿੰਟ ਹੈ। ਕਬੱਡੀ ਜਾਂ ਕੌਡੀ-ਕੌਡੀ ਬੋਲ ਕੇ ਵਿਰੋਧੀ ਟੋਲੀ ਵਿੱਚ ਜਾਣ ਵਾਲੇ ਖਿਡਾਰੀ ਨੂੰ ‘ਧਾਵੀ’ (ਰੇਡਰ) ਅਤੇ ਉਸ ਨੂੰ ਫੜ੍ਹਨ ਵਾਲੇ ਖਿਡਾਰੀ ਨੂੰ ਜਾਫੀ (ਸਟਾਪਰ) ਕਿਹਾ ਜਾਂਦਾ ਹੈ।

     ਲੰਮੀ ਕਬੱਡੀ ਅਤੇ ਜੱਫਲ ਕਬੱਡੀ ਵਿੱਚ ਮਾਮੂਲੀ ਵਖਰੇਵਾਂ ਹੈ। ਜੱਫਲ ਕਬੱਡੀ ਵਿੱਚ ਧਾਵੀ ਨੂੰ ਜੱਫਾ ਮਾਰ ਕੇ ਡੇਗਣ ਦਾ ਚਲਨ ਹੈ ਜਦ ਕਿ ਲੰਮੀ ਕਬੱਡੀ ਵਿੱਚ ਧਾਵੀ ਨੇ ਕੌਡੀ-ਕੌਡੀ ਬੋਲਦੇ ਹੋਏ ਸਾਹ ਟੁੱਟਣ ਤੋਂ ਪਹਿਲਾਂ ਵਿਰੋਧੀ ਟੋਲੀ ਦੇ ਖਿਡਾਰੀਆਂ ਨੂੰ ਹੱਥ ਲਾ ਕੇ ਛੂਹਣਾ ਹੁੰਦਾ ਹੈ ਅਤੇ ਇਸ ਤੋਂ ਉਲਟ ਧਾਵੀ ਦਾ ਸਾਹ ਟੁੱਟਣ ’ਤੇ ਜਾਫੀਆਂ ਵੱਲੋਂ ਧਾਵੀ ਨੂੰ ਛੂਹ ਕੇ ਇੱਕ ਨੰਬਰ ਲਿਆ ਜਾ ਸਕਦਾ ਹੈ। ਬਾਕੀ ਖੇਡ ਦੇ ਨਿਯਮ ਜੱਫਲ ਕਬੱਡੀ ਵਰਗੇ ਹੀ ਹਨ। ਇਸ ਖੇਡ ਵੰਨਗੀ ਦਾ ਸਮਾਂ ਵੀ 40 ਮਿੰਟ ਹੈ। 20 ਮਿੰਟ ਬਾਅਦ ਟੋਲੀਆਂ ਆਪੋ-ਆਪਣਾ ਪਾਸਾ ਬਦਲ ਸਕਦੀਆਂ ਹਨ। ਜਿਸ ਟੋਲੀ ਦੇ ਜ਼ਿਆਦਾ ਖਿਡਾਰੀ ਫੜ ਕੇ ਡੇਗ ਜਾਂ ਛੂਹ ਲਏ ਜਾਣ ਉਹ ਟੋਲੀ ਹਾਰ ਜਾਂਦੀ ਹੈ।

     ‘ਨੈਸ਼ਨਲ ਸਟਾਈਲ ਕਬੱਡੀ’ ਦੀ ਖੇਡ ਉਪਰੋਕਤ ਕਬੱਡੀ ਦੀਆਂ ਖੇਡ-ਵੰਨਗੀਆਂ ਨਾਲੋਂ ਕਾਫ਼ੀ ਹੱਦ ਤੱਕ ਵਖਰੇਵੇਂ ਵਾਲੀ ਹੈ। ਇਸ ਖੇਡ ਵੰਨਗੀ ਲਈ 10 ਮੀਟਰ ਚੌੜਾ ਅਤੇ 13 ਮੀਟਰ ਲੰਮਾ ਆਇਤਾਕਾਰ ਮੈਦਾਨ ਦਾ ਖੇਤਰਫਲ ਮਿਥਿਆ ਜਾਂਦਾ ਹੈ ਜਿਸ ਦੇ ਮੱਧ ਵਿੱਚ ਪਾਲੇ ਜਾਂ ਪਾੜੇ ਦੀ ਰੂਪ ਵਿੱਚ ਖਿੱਚੀ ਰੇਖਾ ਮੈਦਾਨ ਨੂੰ ਦੋ ਟੋਲੀਆਂ ਲਈ ਦੋ ਹਿੱਸਿਆਂ ਵਿੱਚ ਵੰਡਦੀ ਹੈ। ਇਸ ਲਕੀਰ ਤੋਂ 3 ਮੀਟਰ ਹਟਵੀਂ ਦੋਹਾਂ ਹਿੱਸਿਆਂ ਵਿੱਚ ਇੱਕ-ਇੱਕ ਲਕੀਰ ਅਤੇ ਇਸ ਦੇ ਸਮਾਨੰਤਰ ਸਾਰੇ ਪਿੜ (ਖੇਡ ਮੈਦਾਨ) ਦੇ ਚੌੜੇ ਰੁਖ ਇੱਕ ਲਕੀਰ ਖਿੱਚੀ ਜਾਂਦੀ ਹੈ ਅਤੇ ਪਿੜ ਦੇ ਅੰਦਰਲੇ ਪਾਸੇ ਲੰਮੇ ਰੁਖ ਦੋਹਾਂ ਪਾਸਿਆਂ ਤੇ ਇੱਕ ਮੀਟਰ ਦੂਰੀ ਤੇ ਲੀਕ ਖਿੱਚ ਕੇ (ਭਾਵ : 3'–3½") ਚੌੜੀ ਪੱਟੀ ਬਣਾਈ ਜਾਂਦੀ ਹੈ ਜਿਸ ਨੂੰ ‘ਲਾਬੀ’ ਆਖਿਆ ਜਾਂਦਾ ਹੈ।

     ਬਾਲੜੀਆਂ ਲਈ ਖੇਡ ਮੈਦਾਨ ਦਾ ਰਕਬਾ 11¿8 ਮੀਟਰ ਮਿਥਿਆ ਜਾਂਦਾ ਹੈ ਅਤੇ ਰੋਕ ਲਕੀਰ ਮੱਧ-ਰੇਖਾ (ਪਾੜੇ ਜਾਂ ਪਾਲੇ) ਤੋਂ 2½ ਮੀਟਰ ਦੂਰੀ ਤੇ ਵਾਹੀ ਜਾਂਦੀ ਹੈ। ਲਾਬੀ ਦੀ ਚੌੜਾਈ ਪੁਰਸ਼ਾਂ ਦੇ ਖੇਡ ਮੈਦਾਨ ਜਿੰਨੀ ਹੀ ਹੁੰਦੀ ਹੈ। ਖੇਡ ਮੈਦਾਨ ਦੇ ਦੋਵੇਂ ਪਾਸੇ ਦੀਆਂ ਬਾਹਰਲੀਆਂ ਲਾਈਨਾਂ ਤੋਂ ਬਾਹਰ ਪੁਰਸ਼ਾਂ ਲਈ 8¿2 ਮੀਟਰ ਅਤੇ ਬਾਲੜੀਆਂ ਲਈ 3¿2 ਮੀਟਰ ਦੇ ਉਡੀਕ ਘੇਰੇ ਲੀਕੇ ਜਾਂਦੇ ਹਨ ਤਾਂ ਜੋ ਖੇਡ ਨਾਲ ਸੰਬੰਧਿਤ ਖਿਡਾਰੀ ਉਹਨਾਂ ਘੇਰਿਆਂ ਵਿੱਚ ਖਲੋ ਸਕਣ। ਖੇਡ ਮੈਦਾਨ ਦੇ ਚਾਰੇ ਪਾਸੇ ਚਾਰ-ਚਾਰ ਮੀਟਰ ਸੀਮਾਂਤ ਥਾਂ ਰਾਖਵੀਂ ਰੱਖੀ ਜਾਂਦੀ ਹੈ ਤਾਂ ਜੋ ਚੁਫ਼ੇਰੇ ਖਲੋਤੇ ਦਰਸ਼ਕ ਖੇਡ ਵਿੱਚ ਬਾਧਾ ਨਾ ਬਣਨ।

     ਉਪਰੋਕਤ ਖੇਡ ਵਿੱਚ ‘ਸੱਤ ਖਿਡਾਰੀ ਇੱਕ ਟੋਲੀ’ ਵਿੱਚ ਖੇਡਣ ਦਾ ਨਿਯਮ ਹੈ ਪਰ ਲੋੜ ਪੈਣ ’ਤੇ ਖੇਡੇ ਜਾਣ ਵਾਲੇ ਰਾਖਵੇਂ ਖਿਡਾਰੀਆਂ ਸਮੇਤ ਇਹਨਾਂ ਦੀ ਗਿਣਤੀ 12 ਤੱਕ ਵੀ ਹੋ ਸਕਦੀ ਹੈ। ਕਿਸੇ ਖਿਡਾਰੀ ਨੂੰ ਸੱਟ-ਫੇਟ ਲੱਗਣ ਦੀ ਸੂਰਤ ਵਿੱਚ ਰਾਖਵਾਂ ਖਿਡਾਰੀ ਖੇਡ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

     ਦੁਵੱਲੀ ਟੋਲੀਆਂ ਵਿੱਚੋਂ ਹਰ ਖਿਡਾਰੀ ਦੇ (ਮਰਨ) ਛੋਹੇ ਜਾਣ, ਜਾਂ ਸਾਹ ਟੁੱਟਣ ਤੇ ਇੱਕ ਪੁਆਇੰਟ ਦਿੱਤਾ ਜਾਂਦਾ ਹੈ। ਕਿਸੇ ਅਜਿਹੀ ਹਾਲਤ ਵਿੱਚ ਜੇਕਰ ਇੱਕ ਟੋਲੀ ਦੇ ਸਾਰੇ ਖਿਡਾਰੀ ਮਾਰੇ ਜਾਣ ਪਰ ਸਮਾਂ (ਮਾਧਿਆਂਤਰ) 20 ਮਿੰਟ ਨਾ ਹੋਇਆ ਹੋਵੇ ਤਾਂ ਹਾਰੀ ਹੋਈ ਟੋਲੀ ਨੂੰ ਫਿਰ ਸੁਰਜੀਤ ਹੋਣ ਦਾ ਸਮਾਂ ਮਿਲ ਜਾਂਦਾ ਹੈ। ਮਰ ਗਏ ਖਿਡਾਰੀ ਉਡੀਕ ਬਲਾਕ ਵਿੱਚ ਬੈਠਦੇ ਹਨ। ਵਿਰੋਧੀ ਧਿਰ ਦਾ ਕੋਈ ਖਿਡਾਰੀ ਮਰਨ ਉੱਤੇ ਪਹਿਲੇ ਮੋਏ ਖਿਡਾਰੀ ਦੇ ਸੁਰਜੀਤ ਹੋਣ ਦਾ ਨਿਯਮ ਹੈ।

     ਬਾਲੜੀਆਂ ਲਈ ਖੇਡ ਦਾ ਸਮਾਂ 15-15 ਮਿੰਟ ਦੀਆਂ ਦੋ ਵਾਰੀਆਂ (ਭਾਵ 30 ਮਿੰਟ) ਦਾ ਹੁੰਦਾ ਹੈ। ਦੋਹਾਂ ਪ੍ਰਕਾਰ ਦੀ ਕਬੱਡੀ ਦੇ ਸੰਖੇਪ ਨਿਯਮ ਨਿਮਨ ਪ੍ਰਕਾਰ ਹਨ :

         -         ਧਾਵੀ ਦੁਆਰਾ ਕਬੱਡੀ ਜਾਂ ਕੌਡੀ ਦਾ ਬੋਲ ਉਚਾਰਨ ਸੁਣਦਾ ਹੋਵੇ।

         -         ਸਾਹ ਦੇ ਟੁੱਟਣ ਤੋਂ ਪਹਿਲਾਂ ਵਾਪਸ ਪਰਤਣਾ ਜ਼ਰੂਰੀ।

         -         ਆਪਸੀ ਸੱਟ-ਫੇਟ ਮਾਰਨਾ ਵਰਜਿਤ।

         -         ਮਿੱਥੇ ਘੇਰੇ ਤੋਂ ਬਾਹਰ ਜਾਣ ਵਾਲੇ ਖਿਡਾਰੀ ਨੂੰ ਇੱਕ ਨੰਬਰ ਦੀ ਹਾਰ।

         -         ਧਾਵੀ ਲਈ ਪਾਲੇ ਜਾਂ ਪਾੜੇ ਦੀਆਂ ਢੇਰੀਆਂ ਵਿੱਚੋਂ ਲੰਘਣਾ ਜ਼ਰੂਰੀ।

         -         ਸਰਕਲ ਕਬੱਡੀ ਵਿੱਚ ਧਾਵੀ ਨੂੰ ਛੋਹੇ ਜਾਣ ਵਾਲਾ ਜਾਫੀ ਹੀ ਫੜ ਸਕਦਾ ਹੈ।

         -         ਟੋਲੀ ਦੇ ਹਰ ਖਿਡਾਰੀ ਲਈ ਧਾਵੀ ਦੇ ਰੂਪ ਵਿੱਚ ਕਬੱਡੀ ਪਾਉਣਾ ਜ਼ਰੂਰੀ।

         -         ਕਿਸੇ ਵੀ ਜਾਫੀ ਜਾਂ ਧਾਵੀ ਲਈ ਵਿਰੋਧੀ ਨੂੰ ਧੱਕ ਕੇ ਲੀਕ ਤੋਂ ਬਾਹਰ ਕਰਨਾ ਵਰਜਿਤ।

         -         ਜਾਫੀ ਜਾਂ ਧਾਵੀ ਲਈ ਕਿਸੇ ਨਾਜ਼ੁਕ ਅੰਗ ਨੂੰ ਫੜਨਾ ਵਰਜਿਤ।

         -         ਰੈਫਰੀ ਜਾਂ ਅੰਪਾਇਰ ਦਾ ਫ਼ੈਸਲਾ ਅੰਤਿਮ।

         -         ਨੈਸ਼ਨਲ ਸਟਾਈਲ ਕਬੱਡੀ ਲਈ ਰੈਫਰੀ, ਅੰਮਪਾਇਰ, ਦੋ ਲਾਈਨਜ਼ਮੈਨ ਅਤੇ ਇੱਕ ਸਕੋਰਰ ਹੋਣਾ ਜ਼ਰੂਰੀ।

     ਕਬੱਡੀ ਦੀ ਖੇਡ ਵਿੱਚ ਕਈ ਖੇਡਾਂ ਦੇ ਰਲੇ-ਮਿਲੇ ਗੁਣ ਹਨ। ਸਮੁੱਚੇ ਤੌਰ ਤੇ ਇਸ ਖੇਡ ਵਿੱਚ ਦਮ, ਦੌੜ, ਚੁਸਤੀ, ਪਕੜ, ਪੈਂਤੜੇ ਅਤੇ ਲੰਮੇ ਸਾਹ ਦੀ ਪਰਖ ਕੀਤੀ ਜਾ ਸਕਣ ਦੇ ਗੁਣਾਂ ਦੀ ਪੁਸ਼ਟੀ ਹੁੰਦੀ ਹੈ।


ਲੇਖਕ : ਲਕਸ਼ਮੀ ਨਰਾਇਣ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 22262, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਬੱਡੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੱਡੀ (ਨਾਂ,ਇ) ਵਿਚਕਾਰ ਪਾਲੇ ਵਜੋਂ ਲੀਕ ਮਾਰ ਕੇ ਅਤੇ ਦੁਵੱਲੀ ਦੋ ਵੱਖ-ਵੱਖ ਟੋਲੀਆਂ ਵੱਲੋਂ ਮੂੰਹ ਦੁਆਰਾ ਕੌਡੀ ਕੌਡੀ ਬੋਲਦਿਆਂ ਇੱਕ ਧਿਰ ਦੇ ਧਾਵੀ ਅਤੇ ਦੂਜੀ ਧਿਰ ਦੇ ਜਾਫੀ ਵੱਲੋਂ ਫੜ ਕੇ ਸਿਟ ਲੈਣ ਉਪਰੰਤ ਧਾਵੀ ਦਾ ਸਾਹ ਤੋੜ ਦੇਣ ਵਾਲੀ ਖੇਡ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਬੱਡੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੱਡੀ [ਨਾਂਇ] ਇੱਕ ਪ੍ਰਸਿੱਧ ਖੇਡ , ਕੌਡੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਬੱਡੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੱਡੀ. ਦੇਖੋ, ਕਵੱਡੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਬੱਡੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਬੱਡੀ : ਇਹ ਇਕ ਅੰਤਰਰਾਸ਼ਟਰੀ ਖੇਡ ਹੈ ਜਿਹੜੀ ਵਧੇਰੇ ਕਰਕੇ ਭਾਰਤ, ਪਾਕਿਸਤਾਨ, ਸ੍ਰੀ ਲੰਕਾ, ਬਰਮਾ, ਨੈਪਾਲ ਅਤੇ ਕਈ ਪੱਛਮੀ ਦੇਸ਼ਾਂ ਜਿਵੇਂ ਇੰਗਲੈਂਡ ਅਤੇ ਕੈਨੇਡਾ ਆਦਿ ਵਿਚ ਖੇਡੀ ਜਾਂਦੀ ਹੈ। ਭਾਰਤ ਵਿਚ ਇਸ ਹਰਮਨ ਪਿਆਰੀ ਖੇਡ ਨੂੰ ਪਹਿਲੀ ਵਾਰ ਸਤਾਰਾ ਦੇ ਖੇਡ ਪ੍ਰੇਮੀਆਂ ਨੇ ਸੰਨ 1919 ਵਿਚ ਬਾਕਾਇਦਾ ਤੌਰ ਤੇ ਨਿਯਮਬਧ ਕੀਤਾ। ਪਿਛੋਂ ਇਸ ਖੇਡ ਲਈ ਕੁਝ ਸੋਧਾਂ ਕੀਤੀਆਂ ਗਈਆਂ। ਸੰਨ 1952 ਵਿਚ ਇਸ ਖੇਡ ਨੂੰ ਰਾਸ਼ਟਰੀ ਖੇਡਾਂ ਵਿਚ ਸ਼ਾਮਲ ਕਰ ਲਿਆ ਗਿਆ। ਇਸੇ ਸਾਲ ਵਿਚ ਹੀ 'ਕਬੱਡੀ ਫੈਡਰੇਸ਼ਨ ਆਫ਼ ਇੰਡੀਆਂ' ਸਥਾਪਤ ਕੀਤੀ ਗਈ ਅਤੇ ਸ੍ਰੀ ਐਲ. ਕੇ. ਗਾਡਬੋਲੇ ਇਸ ਦੇ ਪਹਿਲੇ ਪ੍ਰਧਾਨ ਚੁਣੇ ਗਏ। ਸੰਨ 1961 ਵਿਚ ਅੰਤਰਰਾਸ਼ਟਰੀ ਬੋਰਡ ਨੇ ਇਸ ਖੇਡ ਨੂੰ ਆਪਣੇ ਪ੍ਰੋਗਰਾਮ ਵਿਚ ਸ਼ਾਮਲ ਕਰ ਲਿਆ। ਸੰਨ 1965 ਵਿਚ ਕਲਕੱਤੇ ਵਿਚ 'ਰਾਸ਼ਟਰੀ ਚੈਂਪੀਅਨਸ਼ਿਪ' ਲਈ ਮੁਕਾਬਲਾ ਹੋਇਆ ਅਤੇ ਔਰਤਾਂ ਦੀ ਕਬੱਡੀ ਨੂੰ ਹਿਯ ਵਿਚ ਸ਼ਾਮਲ ਕੀਤਾ ਗਿਆ।

          ਭਾਰਤ ਵਿਚ ਇਹ ਖੇਡ ਕਿਸੇ ਨਾ ਕਿਸੇ ਰੂਪ ਵਿਚ ਪਿੰਡਾਂ ਤੇ ਸ਼ਹਿਰਾਂ ਵਿਚ ਚਿਰਾਂ ਤੋਂ ਖੇਡੀ ਜਾਂਦੀ ਆ ਰਹੀ ਹੈ ਐਪਰ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਇਹ ਵਧੇਰੇ ਪ੍ਰਚਲਤ ਰਹੀ ਹੈ। ਭਾਰਤ ਦੇ ਵਖ ਵਖ ਹਿੱਸਿਆਂ ਵਿਚ ਇਹ ਖੇਡ ਕਈ ਨਾਵਾਂ ਨਾਲ ਪ੍ਰਸਿੱਧ ਰਹੀ ਹੈ ਜਿਵੇਂ ਬੰਗਾਲ ਵਿਚ 'ਡੋ-ੜ-ਡੋ', ਦੱਖਣ ਵਿਚ 'ਚੇਡੂ ਗੁਡੂ', ਮਹਾਰਾਸ਼ਟਰੀ ਵਿਚ 'ਹੂ-ਟੂ-ਟੂ' ਅਤੇ ਪੰਜਾਬ ਵਿਚ 'ਕੌਡੀ'।

          ਕੱਬਡੀ ਸ਼ਾਇਦ ਸਭ ਤੋਂ ਵਧ ਹਰਮਨ ਪਿਆਰੀ ਖੇਡ ਤਾਂ ਪੰਜਾਬ ਅਤੇ ਖਾਸ ਕਰਕੇ ਪੂਰਬੀ ਪੰਜਾਬ (ਭਾਰਤ) ਦੀ ਹੀ ਹੈ ਕਿਉਂਕਿ ਇਹੀ ਖੇਡ ਹੈ ਜਿਹੜੀ ਇਨ੍ਹਾਂ ਦੇ ਸਰੀਰਕ ਬਲ ਅਤੇ ਸੁਭਾਉ ਨੂੰ ਪ੍ਰਤੀਅਨ ਕਰ ਸਕਦੀ ਹੈ। ਇਸ ਖੇਡ ਰਾਹੀਂ ਖਿਡਾਰੀ ਨੂੰ ਆਪਦੀ ਤਾਕਤ, ਫੁਰਤੀ, ਚਲਾਕੀ, ਦੌੜ ਅਤੇ ਸਾਹ ਦਾ ਬਲ ਵਿਖਾਉਣ ਦਾ ਮੌਕਾ ਮਿਲਦਾ ਹੈ। ਹਰੇਕ ਦੀ ਮਨਪਸੰਦ ਹੋਣ ਕਰਕੇ ਇਹ ਖੇਡ ਛੋਟੇ ਬੱਚਿਆਂ ਤੋਂ ਲੈ ਕੇ ਜਵਾਨਾਂ ਤਕ ਟੋਲੀਆਂ ਵਿਚ ਖੇਡੀ ਜਾਂਦੀ ਹੈ। ਸਭ ਤੋਂ ਵੱਡੀ ਗੱਲ ਜਿਸ ਵਿਚ ਪੰਜਾਬ ਦੀ ਕਬੱਡੀ ਭਾਰਤ ਦੇ ਹੋਰਨਾਂ ਪ੍ਰਾਂਤਾਂ ਦੀ ਕਬੱਡੀ ਦੀਆਂ ਕਿਸਮਾਂ ਤੋਂ ਦਿਲਚਸਪ ਹੈ ਉਹ ਇਸ ਖੇਡ ਦੀ 'ਪਕੜ' ਹੈ। ਪੰਜਾਬ ਸਟਾਈਲ ਕਬੱਡੀ ਵਿਚ ਕੇਵਲ ਇਕ ਖਿਡਾਰੀ ਹੀ ਕਬੱਡੀ ਪਾਉਣ ਆਏ ਖਿਡਾਰੀ ਨੂੰ ਆਪਣੀ ਤਾਕਤ ਅਤੇ ਫੁਰਤੀ ਨਾਲ ਜੱਫਾ ਮਾਰ ਕੇ ਆਪਣੇ ਪਾਲੇ ਵਿਚ ਰੱਖ ਸਕਦਾ ਹੈ। ਪਰ ਇਸ ਦੇ ਉਲਟ ਹੋਰਨਾਂ ਪ੍ਰਾਂਤਾਂ ਦੀਆਂ ਕਬੱਡੀਆਂ ਵਿਚ ਕਬੱਡੀ ਪਾਉਣ ਆਏ ਖਿਡਾਰੀ ਨੂੰ ਇਕ ਤੋਂ ਵੱਧ ਖਿਡਾਰੀ ਭੀ ਫੜ ਸਕਦੇ ਹਨ। ਇਸ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਕਬੱਡੀ ਵਿਚ ਹਰ ਖਿਡਾਰੀ ਨੂੰ ਬਹੁਤ ਬਲ, ਹਿੰਮਤ, ਫੁਰਤੀ ਤੇ ਚੁਸਤੀ ਦਾ ਮਾਲਕ ਹੋਣਾ ਜ਼ਰੂਰੀ ਹੈ। ਇਕ ਹੋਰ ਪਖ ਜਿਸ ਵਿਚ ਇਹ ਦੂਜੀਆਂ ਕਬੱਡੀਆਂ ਤੋਂ ਵਖਰੀ ਹੈ, ਉਹ ਇਸ ਦੇ ਖੇਡਣ ਦਾ ਘੇਰਾ ਹੈ। ਪੰਜਾਬੀ ਕਬੱਡੀ ਦਾ ਘੇਰਾ ਲੰਬਾ ਚੌੜਾ ਹੁੰਦਾ ਹੈ ਜਿਸ ਵਿਚ ਧਾੜਵੀ (ਕਬੱਡੀ ਪਾਉਣ ਵਾਲਾ) ਆਪਣੇ ਬਲ ਅਤੇ ਕਲਾ ਦਾ ਪੂਰਾ ਜੋਹਰ ਵਿਖਾ ਸਕਦਾ ਹੈ ਅਤੇ ਜਾਫੀ (ਫੜਨ ਵਾਲਾ) ਭੀ ਆਪਣੀ ਹਰ ਵਾਹ ਲਾ ਕੇ ਵੇਖ ਸਕਦਾ ਹੈ। ਇਸ ਦੇ ਮੁਕਾਬਲੇ ਦੂਜੇ ਪ੍ਰਾਂਤਾਂ ਦੀ ਕਬੱਡੀ ਖੇਡਣ ਦਾ ਘੇਰਾ ਬਹੁਤ ਸੀਮਤ ਜਿਹਾ ਹੁੰਦਾ ਹੈ। ਆਮ ਕਰਕੇ ਦੋ ਕਿਸਮ ਦੀ ਕਬੱਡੀ ਹੀ ਪੰਜਾਬ ਸਟਾਈਲ ਜਾਂ ਸਰਕਲ ਕਬੱਡੀ ਅਤੇ ਨੈਸ਼ਨਲ ਸਟਾਈਲ ਕਬੱਡੀ ਹੀ ਖੇਡੀ ਜਾਂਦੀ ਹੈ।

          ਪੰਜਾਬ ਸਟਾਈਲ ਕਬੱਡੀ (ਸਰਕਲ ਕਬੱਡੀ)––

          ਪੰਜਾਬ ਵਿਚ ਵੀ ਕਬੱਡੀਆਂ ਕਈ ਕਿਸਮ ਦੀਆਂ ਮਿਲਦੀਆਂ ਹਨ। ਇਨ੍ਹਾਂ ਵਿਚੋਂ ਮਸ਼ਹੂਰ ਤਰ੍ਹਾਂ ਦੀਆਂ ਸਿਆਲਕੋਟੀ, ਲਾਹੌਰੀ, ਮੀਆਂਵਾਲੀ, ਹੁਸ਼ਿਆਰਪੁਰੀ, ਹਰਿਆਣਵੀ, ਜਲੰਧਰੀ, ਅੰਬਾਲਵੀ ਜਾਂ ਜੱਫਲ ਆਦਿ ਹਨ। ਇਨ੍ਹਾਂ ਸਾਰੀਆਂ ਨੂੰ ਦੋ ਮੁੱਖ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ। ਇਕ ਕਿਸਮ ਜਫਲ ਕਬੱਡੀ ਜਾਂ ਸਰਕਲ ਕਬੱਡੀ ਕਹਾਉਂਦੀ ਹੈ ਅਤੇ ਦੂਜੀ ਲੰਬੀ ਕਬੱਡੀ।

          (ੳ) ਜੱਫਲ ਕਬੱਡੀ––

          ਖੇਡਣ ਦਾ ਮੈਦਾਨ––ਇਹ ਇਕ 10 ਤੋਂ 30 ਫੁੱਟ ਅੱਧ-ਵਿਆਸ ਦਾ ਗੋਲ ਚੱਕਰ ਹੁੰਦਾ ਹੈ ਅਤੇ ਇਹੀ ਖੇਡ ਦੇ ਮੈਦਾਨ ਦੀ ਹੱਦ ਹੁੰਦੀ ਹੈ ਜਿਸ ਤਕ ਕਬੱਡੀ ਪਾਉਣ ਵਾਲੇ ਦਾ ਜਾਣਾ ਜ਼ਰੂਰੀ ਹੁੰਦਾ ਹੈ। ਇਸ ਚੱਕਰ ਦੇ ਵਿਚ ਇਕ ਲਕੀਰ ਖਿੱਚ ਲਈ ਜਾਂਦੀ ਹੈ ਅਤੇ ਇਸ ਤਰ੍ਹਾਂ ਮੈਦਾਨ ਦੇ ਦੋ ਇਕੋ ਜਿਹੇ ਹਿੱਸੇ ਬਣ ਜਾਂਦੇ ਹਨ। ਵਿਚਕਾਰਲੀ ਲਕੀਰ ਦੇ ਵਿਚਕਾਰੌਂ ਦੋਵੇਂ ਪਾਸੇ ਦਸ ਦਸ ਫੁੱਟ ਦੀ ਵਿਥ ਤੇ ਦੋ ਪਾਲੇ ਜਾਂ ਪਾੜੇ (ਮਿੱਟੀ ਦੀਆਂ ਦੋ ਉੱਚੀਆਂ ਉੱਚੀਆਂ ਢੇਰੀਆਂ) ਬਣਾ ਲਏ ਜਾਂਦੇ ਹਨ। ਖਿਡਾਰੀ ਨੂੰ ਇਕ ਪਾਸੇ ਆਉਣ ਜਾਣ ਲਗਿਆਂ ਇਨ੍ਹਾਂ ਪਾਲਿਆਂ ਦੇ ਵਿਚੋਂ ਦੀ ਆਉਣਾ ਜਾਣਾ ਜ਼ਰੂਰੀ ਹੁੰਦਾ ਹੈ ਜੇ ਗਲਤੀ ਨਾਲ ਜਾਂ ਵਿਰੋਧੀ ਵਲੋਂ ਧੱਕਾ ਮਾਰ ਕੇ ਕਬੱਡੀ ਪਾਉਣ ਵਾਲੇ ਖਿਡਾਰੀ ਨੂੰ ਪਾਲਿਆਂ ਤੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਉਹ ਨੰਬਰ ਹਾਰ ਜਾਂਦਾ ਹੈ। ਇਸ ਮੈਦਾਨ ਦੇ ਉੱਪਰ 75 ਫੁੱਟ ਵਿਆਸ ਦਾ ਇਕ ਚੱਕਰ ਲਾਇਆ ਹੁੰਦਾ ਹੈ ਜਿਸ ਉਪਰ ਆਮ ਕਰਕੇ ਟੀਮਾਂ ਖੜੀਆਂ ਹੁੰਦੀਆਂ ਹਨ। ਖੇਡਣ ਸਮੇਂ ਜੇ ਕਬੱਡੀ ਪਾਉਣ ਵਾਲਾ ਖਿਡਾਰੀ ਜਾਂ ਫੜਨ ਵਾਲਾ ਖਿਡਾਰੀ ਇਸ ਤੋਂ ਬਾਹਰ ਚਲਾ ਜਾਵੇ ਤਾਂ ਨੰਬਰ ਹਾਰ ਜਾਂਦਾ ਹੈ।

          ਸਮਾਂ––ਪਹਿਲਾਂ ਇਸ ਖੇਡ ਦਾ ਕੋਈ ਨਿਸਚਿਤ ਸਮਾਂ ਨਹੀਂ ਸੀ, ਪਰ ਅੱਜਕਲ੍ਹ ਇਸ ਖੇਡ ਦਾ ਸਮਾਂ ਨਿਸ਼ਚਿਤ ਕਰ ਦਿਤਾ ਗਿਆ ਹੈ। ਇਹ ਸਮਾਂ ਕੁਲ ਚਾਲੀ ਮਿੰਟਾਂ ਦਾ ਹੁੰਦਾ ਹੈ। ਵੀਹ ਮਿੰਟਾਂ ਪਿਛੋਂ ਟੀਮਾਂ ਨੂੰ ਪਾਸੇ ਬਦਲਣੇ ਪੈਂਦੇ ਹਨ। ਕੁਝ ਸਾਲ ਪਹਿਲਾਂ ਇਹ ਸਮਾਂ ਦੋਵੇਂ ਖੇਡਣ ਵਾਲੀਆਂ ਟੀਮਾ ਸਹਿਮਤੀ ਅਨੁਸਾਰ ਨਿਸ਼ਚਿਤ ਕੀਤਾ ਜਾਂਦਾ ਸੀ।

          ਖੇਡਣ ਦਾ ਤਰੀਕਾ––ਦੋਹਾਂ ਟੀਮਾਂ ਦੇ ਆਗੂ ਆਪਸ ਵਿਚ ਟਾਸ ਕਰਦੇ ਹਨ ਅਤੇ ਜਿਹੜਾ ਆਗੂ ਟਾਸ ਜਿੱਤ ਜਾਂਦਾ ਹੈ, ਉਹ ਜਾਂ ਤਾਂ ਕਬੱਡੀ ਜਾਣਾ ਮੱਲਦਾ ਹੈ ਜਾਂ ਆਪਣੀ ਮਰਜ਼ੀ ਦਾ ਪਾਸਾ ਮੱਲਦਾ ਹੈ। ਇਸ ਤਰ੍ਹਾਂ ਕਬੱਡੀ ਮੱਲਣ ਵਾਲੇ ਪਾਸੇ ਵਲੋਂ ਇਕ ਖਿਡਾਰੀ ਵਿਰੋਧੀ ਪਾਸੇ ਵਲ ਪਾਲਿਆਂ ਦੇ ਵਿਚੋਂ ਦੀ ਲੰਘ ਕੇ 'ਕਬੱਡੀ' 'ਕਬੱਡੀ' ਕਹਿੰਦਾ ਹੋਇਆ ਵਿਰੋਧੀ ਖਿਡਾਰੀਆਂ ਦੀ ਟੀਮ ਵਲ ਵਧਦਾ ਹੈ ਅਤੇ ਆਪ ਬਚਦਾ ਬਚਾਂਦਾ ਕਿਸੇ ਇਕ ਖਿਡਾਰੀ ਨੂੰ ਹੱਥ ਲਾਉਣ ਦਾ ਜਤਨ ਕਰਦਾ ਹੈ। ਜਿਸ ਕਿਸੇ ਖਿਡਾਰੀ ਨੂੰ ਹੱਥ ਲਗਦਾ ਹੈ, ਉਹ ਕੱਬਡੀ ਪਾਉਣ ਵਾਲੇ ਨੂੰ ਜੰਫਾ ਮਾਰ ਕੇ ਆਪਣੇ ਪਾਸੇ ਰੱਖਣ ਦਾ ਜਤਨ ਕਰਦਾ ਹੈ ਅਤੇ ਦੂਜਾ ਸਾਹ ਮੁਕਣ ਤੋਂ ਪਹਿਲਾਂ ਪਾਲੇ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਵੀ ਕਾਮਯਾਬ ਹੋ ਜਾਂਦਾ ਹੈ ਉਹ ਆਪਣੀ ਟੀਮ ਲਈ ਇਕ ਨੰਬਰ ਜਿੱਤ ਲੈਂਦਾ ਹੈ। ਕਬੱਡੀ ਪਾਉਣ ਵਾਲੇ ਨੂੰ 'ਧਾੜਵੀ' ਜਾਂ 'ਰੇਡਰ' ਆਖਦੇ ਹਨ ਅਤੇ ਫੜ੍ਹਨ ਵਾਲੇ ਨੂੰ 'ਜਾਫੀ' ਜਾਂ 'ਸਟਾਪਰ'। ਇਸੇ ਤਰ੍ਹਾਂ ਵਾਰੋ ਵਾਰੀ ਦੋਹਾਂ ਟੀਮਾਂ ਦੇ ਖਿਡਾਰੀ ਇਕ ਇਕ ਕਰਕੇ ਵਿਰੋਧੀ ਪਾਸੇ ਵਲ ਕਬੱਡੀ ਪਾਉਣ ਜਾਂਦੇ ਹਨ ਅਤੇ ਆਪਣੀ ਟੀਮ ਲਈ ਨੰਬਰ ਬਣਾਉਂਦੇ ਹਨ। ਨਿਸ਼ਚਿਤ ਕੀਤੇ ਸਮੇਂ ਵਿਚ ਦੋਵੇਂ ਟੀਮਾਂ ਇਕ ਦੂਜੇ ਨਾਲੋਂ ਵੱਧ ਨੰਬਰ ਬਣਾਉਣ ਦਾ ਜਤਨ ਕਰਦੀਆਂ ਹਨ ਅਤੇ ਜਿਹੜੀ ਟੀਮ ਜ਼ਿਆਦਾ ਨੰਬਰ ਬਣਾ ਲਵੇ, ਉਹ ਟੀਮ ਜਿੱਤ ਜਾਂਦੀ ਹੈ।

          (ਅ) ਲੰਬੀ ਕਬੱਡੀ––

          ਲੰਬੀ ਕਬੱਡੀ ਤੇ ਜੱਫ਼ਲ ਕਬੱਡੀ ਵਿਚ ਫ਼ਰਕ ਇਹ ਹੈ ਕਿ ਜਿਥੇ ਜੱਫ਼ਲ ਵਿਚ ਕਬੱਡੀ ਪਾਉਣ ਵਾਲੇ ਨੂੰ ਜੱਫ਼ਾ ਮਾਰਕੇ ਆਪਣੇ ਪਾਸੇ ਵਲ ਨੂੰ ਰੱਖਣ ਦਾ ਜਤਨ ਕੀਤਾ ਜਾਂਦਾ ਹੈ, ਉਥੇ ਲੰਬੀ ਕਬੱਡੀ ਵਿਚ ਕਬੱਡੀ ਪਾਉਣ ਵਾਲੇ ਦੇ ਹੱਥ ਲੱਗਣ ਤੋਂ ਬਚਣ ਤੇ ਉਸ ਦੇ ਸਾਹ ਮੁਕਣ ਉਤੇ ਉਸ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਜੇ ਇਸ ਲੰਬੀ ਕਬੱਡੀ ਨੂੰ 'ਛੁਹਣ ਛੁਹਾਣ' ਵਰਗੀ ਖੇਡ ਕਿਹਾ ਜਾਵੇ ਤਾਂ ਕੋਈ ਭੁੱਲ ਨਹੀਂ ਹੋਵੇਗੀ। ਇਉਂ ਸਮਝੋ ਕਿ 'ਛੁਹਣ ਛੁਹਾਣ' ਦੀ ਖੇਡ ਵਿਚ ਕੇਵਲ 'ਕਬੱਡੀ ਕਬੱਡੀ' ਕਹਿਣ ਦਾ ਹੀ ਵਾਧਾ ਕੀਤਾ ਗਿਆ ਹੈ। ਇਹ ਕਬੱਡੀ ਵੀ ਜੱਫ਼ਲ ਕਬੱਡੀ ਵਾਂਗ ਦੋ ਟੋਲੀਆਂ ਖੇਡਦੀਆਂ ਹਨ। ਇਕ ਟੋਲੀ ਦੀ ਗਿਣਤੀ ਦਸ ਤੋਂ ਲੈ ਕੇ ਪੰਦਰਾਂ ਤੀਕ ਹੁੰਦੀ ਹੈ। ਚੰਗੀ ਖੁਲ੍ਹੀ ਥਾਂ ਉਤੇ, ਦੋ ਮਿੱਟੀ ਜਾਂ ਕਪੜਿਆਂ ਦੇ ਪਾਲੇ, ਜਿਨ੍ਹਾਂ ਦੀ ਆਪਸ ਵਿਚ ਦੀ ਦਸ ਤੋਂ ਵੀਹ ਫੁੱਟ ਤਕ ਦੀ ਵਿੱਥ ਹੁੰਦੀ ਹੈ, ਬਣਾ ਲਏ ਜਾਂਦੇ ਹਨ। ਇਹ ਢੇਰੀਆਂ ਜਾਂ ਪਾਲਿਆਂ ਤੋਂ ਇਕ ਪਾਸੇ ਦੀ ਥਾਂ ਇਕ ਟੋਲੀ, ਦੂਜੇ ਪਾਸੇ ਦੀ ਥਾਂ, ਦੂਜੀ ਟੋਲੀ ਹੋ ਜਾਂਦੀ ਹੈ। ਅਖੀਰੀ ਹੱਦ ਦੋਹਾਂ ਪਾਸਿਆਂ ਵਲ ਕੋਈ ਨਹੀਂ ਹੁੰਦੀ ਤੇ ਖਿਡਾਰੀ ਜਿੰਨੀ ਦੂਰ ਦੌੜਨਾ ਚਾਹੁਣ ਦੌੜ ਸਕਦੇ ਹਨ।

          ਸਾਰੀ ਖੇਡ ਦਾ ਸਮਾਂ ਜੱਫ਼ਲ ਕਬੱਡੀ ਵਾਂਗ, ਚਾਲੀ ਮਿੰਟਾਂ ਦਾ ਹੁੰਦਾ ਹੈ ਅਤੇ ਇਸ ਸਮੇਂ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ। ਜਿਥੇ ਘੜੀ ਨਾ ਮਿਲ ਸਕੇ ਜਾਂ ਨਾ ਵਰਤਣੀ ਹੋਵੇ ਉਥੇ ਜਦ ਇਕ ਪਾਸੇ ਦੇ ਸਾਰੇ ਖਿਡਾਰੀ ਬੈਠ (ਮਰ) ਜਾਂਦੇ ਹਨ, ਤਾਂ ਇਕ ਭਾਗ ਖ਼ਤਮ ਹੋਇਆ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਜੇ ਉਸ ਟੋਲੀ ਦੇ ਸਾਰੇ ਖਿਡਾਰੀ ਦੂਜੀ ਵਾਰੀ ਵੀ ਬੈਠ ਜਾਣ ਤਾਂ ਖੇਡ ਖ਼ਤਮ ਹੋ ਜਾਂਦੀ ਹੈ। ਜੇ ਦੋਵੇਂ ਟੋਲੀਆਂ ਇਕ ਇਕ ਵਾਰੀ ਬੈਠ ਜਾਣ ਤਾਂ ਤੀਜੀ ਵਾਰੀ ਦੋ ਨਤੀਜੇ ਉਤੇ ਖੇਡ ਦੀ ਹਾਰ ਜਿੱਤ ਦਾ ਫ਼ੈਸਲਾ ਹੁੰਦਾ ਹੈ।

          ਪੰਜਾਬ ਸਟਾਈਲ ਜਾਂ ਸਰਕਲ ਕਬੱਡੀ ਦੇ ਕਈ ਨਾਮਵਰ ਖਿਡਾਰੀ ਹੋਏ ਹਨ ਜਿਹੜੇ ਬਾਹਰਲੇ ਮੁਲਕਾਂ ਵਿਚ ਭੀ ਮਸ਼ਹੂਰ ਰਹੇ ਹਨ ਅਤੇ ਸਾਲਾਂ ਬੱਧੀ ਪੰਜਾਬੀਆਂ ਵਿਚ ਹਰਮਨ ਪਿਆਰੇ ਰਹੇ ਹਨ। ਉਨ੍ਹਾਂ ਵਿਚ ਸੰਤੋਖ ਸਿੰਘ ਤੋਖੀ (ਦਾਤਾ) ਰੋਡਰ; ਸੰਤੋਖ ਸਿੰਘ ਤੋਖੀ (ਸਾਨਗੜ੍ਹ) ਜਾਫ਼ੀ, ਪ੍ਰੀਤਮ ਸਿੰਘ ਪ੍ਰੀਤਾਂ (ਕਪੂਰਥਲਾ) ਰੋਡਰ; ਮਹਿੰਦਰ ਸਿੰਘ ਬੋਲਾ (ਹੁਸ਼ਿਆਰਪੁਰ) ਜਾਫ਼ੀ; ਸਰਵਣ ਸਿੰਘ (ਰੇਡਰ); ਗੁਰਦੇਵ ਸਿੰਘ ਅੱਟਾ; ਅਜਾਇਤ ਸਿੰਘ; ਰਾਜ (ਹਰਿਆਣਾ) ਅਤੇ ਫਿੱਡਾ ਦੇ ਨਾਂ ਵਿਸ਼ੇਸ਼ ਤੌਰ ਤੇ ਵਰਣਨਯੋਗ ਹਨ।

          2. ਨੈਸ਼ਨਲ ਸਟਾਈਲ ਕਬੱਡੀ––

          ਇਹ ਕਬੱਡੀ ਪੰਜਾਬ ਸਟਾਈਲ ਨਾਲੋਂ ਮੈਦਾਨ ਅਤੇ ਖੇਡਣ ਦੇ ਪੱਖੋਂ ਵੱਖਰੀ ਕਿਸਮ ਦੀ ਹੈ ਪਰ ਉਸ ਜਿੰਨੀ ਦਿਲਚਸਪ ਨਹੀਂ ਹੁੰਦੀ।

          ਮੈਦਾਨ––ਇਸ ਕਬੱਡੀ ਦੇ ਖੇਡ ਲਹ. 13 ਮੀਟਰ ਲੰਬਾ ਅਤੇ 10 ਮੀਟਰ ਚੌੜਾ ਨਰਮ ਤੇ ਪੱਧਰਾ ਆਇਤਾਕਾਰ ਮੈਦਾਨ ਲੌੜੀਂਦਾ ਹੈ। ਇਕ ਮੱਧ ਰੇਖਾ ਇਯ ਪਿੜ ਨੂੰ  ਦੋ ਹਿੱਸਿਆਂ ਵਿਚ ਵੰਡਦੀ ਹੈ, ਹਰ ਇਕ ਹਿੱਸਾ ਚੌੜੇ ਰੁਖ 10 ਮੀਟਰ ਅਤੇ ਲੰਬੇ ਰੁੱਖ 6.5 ਮੀਟਰ ਹੁੰਦਾ ਹੈ। ਪਿੜ ਦੇ ਹਰ ਅੱਧ ਵਿਚ ਮੱਧ ਰੇਖਾ ਤੋਂ 3 ਮੀਟਰ ਦੀ ਵਿੱਥ ਉਤੇ ਅਤੇ ਇਸ ਦੇ ਸਮਾਂਤਰ ਸਾਰੇ ਪਿੜ ਦੇ ਚੌੜੇ ਰੁੱਖ ਰੋਕ-ਲਕੀਰ ਖਿਚੀ ਜਾਂਦੀ ਹੈ। ਪਿੜ ਦੇ ਅੰਦਰਲੇ ਪਾਸੇ ਲੰਬੇ ਰੁਖ ਦੋਹਾਂ ਪਾਸਿਆਂ ਤੇ ਇਕ ਮੀਟਰ ਚੌੜੀ ਪੱਟੀ, ਜਿਸ ਨੂੰ ਲਾਂਬੀ ਆਖਿਆ ਜਾਂਦਾ ਹੈ, ਬਣਾਈ ਜਾਂਦੀ ਹੈ।

          ਜੂਨੀਅਰਾਂ ਤੇ ਇਸਤ੍ਰੀਆਂ ਲਈ ਮੈਦਾਨ ਦਾ ਰਕਬਾ 11x8 ਮੀਟਰ ਸੀਮਤ ਹੁੰਦਾ ਹੈ ਅਤੇ ਰੋਕ-ਲਕੀਰ ਮੱਧ-ਰੇਖਾ ਤੋਂ 2.5 ਮੀਟਰ ਦੂਰ ਹੁੰਦੀ ਹੈ। ਲਾੱਬੀਆਂ ਦੀ ਚੌੜਾਈ ਪੁਰਖਾਂ ਦੇ ਬਰਾਬਰ ਹੀ ਹੁੰਦੀ ਹੈ।

          ਪਿੜ ਦੇ ਦੋਵੇਂ ਪਾਸੇ ਦੀਆਂ ਲਾਈਨਾਂ ਤੋਂ ਬਾਹਰ ਪੁਰਖਾਂ ਲਈ 8 ਮੀਟਰ × 2 ਮੀਟਰ ਅਤੇ ਜੂਨੀਅਰਾਂ ਤੇ ਇਸਤ੍ਰੀਆਂ ਲਈ 3 ਮੀਟਰ × 2 ਮੀਟਰ ਦੇ ਉਡੀਕ ਬਲਾਕ ਹੁੰਦੇ ਹਨ। ਨਿਯਮਾਂ ਮੁਤਾਬਕ ਮੈਦਾਨ ਦੇ ਚਾਰੇ ਪਾਸੇ ਚਾਰ ਮੀਟਰ ਸੀਮਾਂਤ ਥਾਂ ਹੁੰਦੀ ਹੈ।

          ਖੇਡਣ ਦਾ ਤਰੀਕਾ––ਇਸ ਵਿਚ ਟੀਮ ਦੇ ਸੱਤ ਖਿਡਾਰੀ ਖੇਡਦੇ ਹਨ ਪਰ ਸਪੇਅਰ ਖਿਡਾਰੀਆਂ ਸਣੇ ਇਨ੍ਹਾਂ ਦੀ ਗਿਣਤੀ 12 ਤਕ ਹੋ ਸਕਦੀ ਹੈ। ਖਿਡਾਰੀ ਕੇਵਲ ਸੱਟ ਲੱਗਣ ਕਰਕੇ ਨਾ ਖੇਡਣ ਦੀ ਸੂਰਤ ਵਿਚ ਹੀ ਬਦਲਿਆ ਜਾ ਸਕਦਾ ਹੈ। ਖੇਡ ਸ਼ੁਰੂ ਹੋਣ ਵੇਲੇ ਕੋਈ ਟੀਮ ਇਕ ਜਾਂ ਕੋ ਘੱਟ ਖਿਡਾਰੀਆਂ ਨਾਲ ਵੀ ਖੇਡ ਸ਼ੁਰੂ ਕਰ ਸਕਦੀ ਹੈ ਅਤੇ ਉਹ ਖਿਡਾਰੀ, ਜਿਹੜੇ ਖੇਡ ਸ਼ੁਰੂ ਹੋਣ ਸਮੇਂ ਹਾਜ਼ਰ ਨਹੀਂ ਹੁੰਦੇ, ਖੇਡ ਖੇਡਣ ਦੇ ਦੌਰਾਨ ਕਿਸੇ ਵਕਤ ਰਲ ਸਕਦੇ ਹਨ। ਪਰ ਇਸ ਲਈ ਰੈਫਰੀ ਨੂੰ ਸੂਚਿਤ ਕਰਨਾ ਪੈਂਦਾ ਹੈ।

          ਧਾਵੇ ਦੌਰਾਨ ਹਰ ਵਿਰੋਧੀ ਨੂੰ ਮਾਰਨ ਲਈ ਇਕ ਪੁਆਇੰਟ ਮਿਲਦਾ ਹੈ ਅਤੇ ਜਦੋਂ ਇਕ ਧਿਰ ਸਾਰੀ ਦੀ ਸਾਰੀ 'ਮਰ' ਜਾਂਦੀ ਹੈ ਤਾਂ ਵਿਰੋਧੀਆਂ ਨੂੰ ਲੋਨਾ ਵਜੋਂ ਵਾਧੂ ਪੁਆਇੰਟ ਦਿਤੇ ਜਾਂਦੇ ਹਨ। ਲੋਨਾ ਕਾਰਨ ਵਧੇਰੇ ਪੁਆਇੰਟ ਪ੍ਰਾਪਤ ਕਰਨ ਵਾਲੀ ਟੀਮ ਜੇਤੂ ਟੀਮ ਸਮਝੀ ਜਾਂਦੀ ਹੈ। ਜੇਕਰ ਖੇਡ ਵਾਸਤੇ ਨਿਸਚਿਤ ਸਮਾਂ ਅਰਥਾਤ ਹਰੇਕ ਵਾਰੀ ਵਾਸਤੇ 20 ਮਿੰਟ ਨਾ ਖਤਮ ਹੋਇਆ ਹੋਵੇ ਤਾਂ ਹਾਰ ਰਹੀ ਟੀਮ ਨੂੰ ਸੁਰਜੀਤ ਹੋਣ ਦਾ ਮੌਕਾ ਮਿਲ ਜਾਂਦਾ ਹੈ ਅਤੇ ਖੇਡ ਜਾਰੀ ਰਹਿੰਦੀ ਹੈ। ਇਸ ਤਰ੍ਹਾਂ ਇਸ ਕਬੱਡੀ ਨੂੰ ਸੁਰਜੀਤੀ ਕਬੱਡੀ ਵੀ ਕਿਹਾ ਜਾਂਦਾ ਹੈ। ਜਿਹੜੇ ਖਿਡਾਰੀ ਮਰ ਜਾਂਦੇ ਹਨ, ਉਹ ਉਡੀਕ ਬਲਾਕ ਵਿਚ ਬੈਠਦੇ ਹਨ ਜੋ ਪਿੜ ਦੇ ਉਨ੍ਹਾਂ ਦੇ ਆਪਣੇ ਹਿੱਸੇ ਦੀ ਆਖਰੀ ਲਾਈਨ ਤੋਂ ਪਿਛੋਂ  ਹੁੰਦਾ ਹੈ ਅਤੇ ਜਦੋਂ ਵੀ ਵਿਰੋਧੀ ਕਿਸੇ ਧਾਵੇ ਦੇ ਦੌਰਾਨ 'ਮਰ'ਜਾਣ ਤਾਂ ਹਰ ਇਕ ਵਿਰੋਧੀ ਪਿੱਛੇ ਇਕ ਦੇ ਹਿਸਾਬ ਨਾਲ ਉਨ੍ਹਾਂ ਨੂੰ ਉਸੇ ਤਰਤੀਬ ਵਿਚ, ਜਿਸ ਵਿਚ ਉਹ 'ਮਰੇ'ਸਨ, 'ਸੁਰਜੀਤ' ਕੀਤਾ ਜਾਂਦਾ ਹੈ।

          ਜੂਨੀਅਰਾਂ ਤੇ ਇਸਤ੍ਰੀਆਂ ਲਈ ਖੇਡ ਦਾ ਸਮਾਂ 15-15 ਮਿੰਟ ਦੀਆਂ ਦੋ ਵਾਰੀਆਂ ਦਾ ਹੁੰਦਾ ਹੈ ਅਤੇ ਵਿਸ਼ਰਾਮ ਕਾਲ ਪੁਰਖਾਂ ਦੇ ਨਿਯਮ ਵਾਂਗ ਪੰਜ-ਪੰਜ ਮਿੰਟ ਹੀ ਹੁੰਦਾ ਹੈ।

          ਨਿਯਮ–– ਦੋਹਾਂ ਕਿਸਮਾਂ ਦੀ ਕਬੱਡੀ ਦੇ ਨਿਯਮ ਲਗਭਗ ਇਕੋ ਹੀ ਹਨ। ਮੁੱਖ ਨਿਯਮ ਇਹ ਹਨ :––

          1. ਕਬੱਡੀ ਪਾਉਣ ਵੇਲੇ ਉੱਚੀ ਉੱਚੀ 'ਕਬੱਡੀ' 'ਕਬੱਡੀ' ਜਾਂ 'ਕੌਡੀ' 'ਕੌਡੀ' ਕਹਿਣਾ ਜ਼ਰੂਰੀ ਹੁੰਦਾ ਹੈ ਜਿਸ ਨੂੰ ਰੈਫਰੀ ਸੁਣ ਸਕਦਾ ਹੋਵੇ ਅਤੇ ਇਕ ਸਾਹ ਦੇ ਅੰਦਰ ਅੰਦਰ ਆਪਣੇ ਪਾਸੇ ਵਾਪਸ ਆਉਣਾ ਜ਼ਰੂਰੀ ਹੁੰਦਾ ਹੈ।

          2. ਕਿਸੇ ਖਿਡਾਰੀ ਨੂੰ ਖੇਡ ਸਮੇਂ, ਮੁੱਕਾ, ਠੁੱਡਾ, ਚਪੇੜ, ਧੌਲ ਜਾਂ ਲੱਤਾਂ ਦੀ ਹਵਾਈ ਕੈਂਚੀ ਮਾਰਨਾ ਮਨ੍ਹਾਂ ਹੈ। ਇਸ ਤਰ੍ਹਾਂ ਮਾਰਨ ਵਾਲੇ ਦੇ ਉਲਟ ਨੰਬਰ ਦਿਤਾ ਜਾ ਸਕਦਾ ਹੈ।

          3. ਸਰਕਲ ਕਬੱਡੀ ਵਿਚ ਪੱਚਤਰ ਫੁੱਟੇ ਚੱਕਰ ਤੋਂ ਬਾਹਰ ਨਿਕਲ ਜਾਣ ਵਾਲੇ ਖਿਡਾਰੀ ਦੇ ਖਿਲਾਫ ਵਿਰੋਧੀ ਟੀਮ ਨੂੰ ਇਕ ਨੰਬਰ ਦਿਤਾ ਜਾਂਦਾ ਹੈ।

          4. ਰੇਡਰ ਨੂੰ ਪਾਲਿਆਂ ਵਿਚੋਂ ਆਉਣਾ ਜਾਣਾ ਜਰੂਰੀ ਹੁੰਦਾ ਹੈ। ਪਾਲਿਆਂ ਤੋਂ ਬਾਹਰ ਆਉਣ ਵਾਲੇ ਖਿਡਾਰੀ ਦੇ ਖਿਲਾਫ ਵੀ ਇਕ ਨੰਬਰ ਵਿਰੋਧੀ ਟੀਮ ਨੂੰ ਦਿਤਾ ਜਾਂਦਾ ਹੈ।

          5. ਸਰਕਲ ਕਬੱਡੀ ਵਿਚ ਕਬੱਡੀ ਪਾਉਣ ਵਾਲਾ ਖਿਡਾਰੀ ਜਿਸ ਵਿਰੋਧੀ ਖਿਡਾਰੀ ਨੂੰ ਛੂਹ ਦੇਵੇ ਕੇਵਲ ਉਹ ਹੀ ਉਸ ਨੂੰ ਫੜ ਸਕਦਾ ਹੈ ਅਤੇ ਜੇ ਕੋਈ ਹੋਰ ਖਿਡਾਰੀ ਫੜਨ ਦਾ ਯਤਨ ਕਰੇ ਉਸਦੇ ਖਿਲਾਫ਼ ਨੰਬਰ ਦਿਤਾ ਜਾ ਸਕਦਾ ਹੈ।

          6. ਹਰ ਇਕ ਟੀਮ ਦੇ ਹਰ ਖਿਡਾਰੀ ਨੂੰ ਖੇਡ ਦੇ ਦੋਵੇਂ ਹਿੱਸਿਆਂ ਵਿਚ ਇਕ ਵੇਰ ਜ਼ਰੂਰ ਕਬੱਡੀ ਪਾਉਣੀ ਪੈਂਦੀ ਹੈ।

          7. ਰੇਡਰ ਨੂੰ ਸਰਕਲ ਕਬੱਡੀ ਦੀ ਪੱਚੀ ਫੁੱਟੀ ਰੇਖਾ ਨੂੰ ਛੂਹਣਾ ਜ਼ਰੂਰੀ ਹੁੰਦਾ ਹੈ। ਇਸੇ ਤਰ੍ਹਾਂ ਨੈਸ਼ਨਲ ਕਬੱਡੀ ਵਿਚ ਨਿਸਚਿਤ ਸਥਾਨ ਤਕ ਜਾਣਾ ਜ਼ਰੂਰੀ ਹੁੰਦਾ ਹੈ।

          8. ਨੈਸ਼ਨਲ ਸਟਾਈਲ ਕਬੱਡੀ ਵਿਚ ਜਦੋਂ ਸੰਘਰਸ਼ ਸ਼ੁਰੂ ਹੁੰਦਾ ਹੈ ਤਾਂ ਲਾਂਬੀ ਜਾਂ ਪੱਟੀ ਵਾਲਾ ਹਿੱਸਾ ਪਿੜ ਵਿਚ ਸ਼ਾਮ ਸਮਝਿਆ ਜਾਂਦਾ ਹੈ। ਸੰਘਰਸ਼ ਖਤਮ ਹੋਣ ਉਪਰੰਤ ਇਸ ਵਿਚ ਸ਼ਾਮਲ ਖਿਡਾਰੀ ਪੱਟੀ ਜਾਂ ਪਿੜ ਵਿਚ ਪ੍ਰਵੇਸ਼ ਕਰਨ ਲਈ ਲਾਂਬੀ ਦੀ ਵਰਤੋਂ ਕਰ ਸਕਦੇ ਹਨ।

          9. ਜੇਕਰ ਰੇਡਰ 'ਕਬੱਡੀ'ਜਾਂ 'ਕੌਡੀ ਕੌਡੀ' ਕਹਿਣਾ ਛੱਡ ਦਿੰਦਾ ਹੈ ਤਾਂ ਅੰਪਾਇਰ ਉਸ ਨੂੰ ਵਾਪਸ ਮੁੜਨ ਦਾ ਹੁਕਮ ਦੇ ਸਕਦਾ ਹੈ ਅਤੇ ਵਿਰੋਧੀਆਂ ਵਲੋਂ ਧਾਵੀ ਦਾ ਪਿੱਛਾ ਨਹੀਂ ਕੀਤਾ ਜਾਂਦਾ ਜੇਕਰ ਧਾਵੀ 'ਕਬੱਡੀ ਕਬੱਡੀ' ਕਹਿਣ ਵਿਚ ਕੋਈ ਹੋਰਾ ਫੇਰੀ ਕਰਦਾ ਹੈ ਤਾਂ ਵੀ ਅੰਪਾਇਰ ਉਸ ਨੂੰ ਵਾਪਸ ਭੇਜ ਸਕਦਾ ਹੈ।

          10. ਜੇਕਰ ਰੇਡਰ ਤਾੜਨਾ ਉਪਰੰਤ ਵੀ ਜਾਣ ਬੁਝ ਕੇ ਨਿਯਮ ਭੰਗ ਕਰੇ ਤਾਂ ਅੰਪਾਇਰ ਉਸ ਦੀ ਵਾਰੀ ਦੀ ਸਮਾਪਤੀ ਦਾ ਐਲਾਨ ਕਰ ਸਕਦਾ ਹੈ ਅਤੇ ਵਿਰੋਧੀਆਂ ਨੂੰ ਇਕ ਪੁਆਇੰਟ ਦੇ ਦੇਵੇਗਾ ਪਰ ਧਾਵੀ ਨੂੰ 'ਮਰਿਆ' ਨਹੀਂ ਮੰਨਿਆ ਜਾਂਦਾ।

          11. ਵਿਰੋਧੀਆਂ ਦੇ ਪਿੜ ਵਿਚ ਇਕ ਸਮੇਂ ਕੇਵਲ ਇਕੋ ਰੇਡਰ ਮਨ੍ਹਾਂ ਹੁੰਦਾ ਹੈ।

          12. ਫੜਨ ਵਾਲਿਆ ਵਲੋਂ ਰੇਡਰ ਦਾ ਜ਼ਬਰਦਸਤੀ ਸਾਹ ਤੋੜਨਾ ਮਨ੍ਹਾਂ ਹੁੰਦਾ ਹੈ।

          13. ਕੋਈ ਵੀ ਰੇਡਰ ਜਾਂ ਜਾਫੀ ਜਾਣ ਕੁਝ ਕੇ ਕਿਸੇ ਨੂੰ ਪਿੜ ਦੀ ਹੱਦ ਤੋਂ ਬਾਹਰ ਨਹੀਂ ਧਕ ਸਕਦਾ ਅਜਿਹਾ ਕਰਨ ਵਾਲੇ ਦੇ ਖਿਲਾਫ਼ ਨੰਬਰ ਦਿਤਾ ਜਾ ਸਕਦਾ ਹੈ।

          14. ਜੇ ਕੋਈ ਜਾਫੀ, ਰੇਡਰ ਨੂੰ ਫੜਨ ਵੇਲੇ ਮਧ ਰੇਖਾ ਨੂੰ ਛੂਹ ਜਾਂਦਾ ਹੈ ਤਾਂ ਉਹ 'ਮਰ ਗਿਆ' ਸਮਝਿਆ ਜਾਂਦਾ ਹੈ।

          15. ਜੇਕਰ ਕਿਸੇ ਰੇਡਰ ਨੂੰ ਆਪਦੀ ਧਿਰ ਵਲੋਂ ਕਿਸੇ ਖ਼ਤਰੇ ਦੀ ਤਾੜਨਾ ਕੀਤੀ ਜਾਂਦੀ ਹੈ ਤਾਂ ਅੰਪਾਇਰ ਉਸ ਵਿਰੁਧ ਇਕ ਨੰਬਰ ਦੇ ਸਕਦਾ ਹੈ।

          16. ਜੇਕਰ ਕੋਈ ਖਿਡਾਰੀ ਕਿਸੇ ਜਾਫੀ ਜਾਂ ਰੇਡਰ ਨੂੰ ਉਸਦੀਆ ਲੱਤਾਂ, ਬਾਹਾਂ ਜਾਂ ਲੱਕ ਤੋਂ ਫੜਨ ਤੋਂ ਸਿਵਾਏ ਜਾਣ ਬੁਝ ਕੇ ਸਰੀਰ ਦੇ ਕਿਸੇ ਹੋਰ ਅੰਗ ਤੋਂ ਫੜਦਾ ਹੈ ਤਾਂ ਅੰਪਾਇਰ ਉਸਦੇ ਖਿਲਾਫ ਫੈਸਲਾ ਦੇ ਸਕਦਾ ਹੈ।

          17. ਜਦੋਂ ਖੇਡ ਦੇ ਦੌਰਾਨ ਇਕ ਟੀਮ ਦੇ ਇਕ ਜਾਂ ਦੋ ਖਿਡਾਰੀ ਰਹਿ ਜਾਣ ਅਤੇ ਇਸ ਟੀਮ ਦਾ ਕਪਤਾਨ ਸਾਰੇ ਖਿਡਾਰੀਆਂ ਨੂੰ ਸ਼ਾਮਲ ਕਰਨ ਲਈ ਉਨ੍ਹਾਂ ਦੇ ਆਊਟ ਹੋਣ ਦਾ ਐਲਾਨ ਕਰ ਦੇਵੇ ਤਾਂ ਵਿਰੋਧੀਆਂ ਨੂੰ, ਜਿੰਨੇ ਖਿਡਾਰੀ ਰਹਿ ਗਏ ਹੋਣ ਉਨ੍ਹਾਂ ਦੇ ਨੰਬਰ ਪੁਆਇੰਟ ਸਮੇਤ ਚਾਰ ਪੁਆਇੰਟ ਬਾਜੀ ਜਿੱਤਣ ਲਈ (ਲੋਨਾ ਵਜੋਂ) ਦਿਤੇ ਜਾਂਦੇ ਹਨ।

          18. ਟੀਮ ਰੇਡਰ ਭੇਜਣ ਲਈ ਪੰਜ ਸੈਕਿੰਡ ਤੋਂ ਵਧ ਸਮਾਂ ਨਹੀਂ ਲੈ ਸਕਦੀ।

          ਕਰਮਚਾਰੀ––ਨੈਸ਼ਨਲ ਸਟਾਈਲ ਕਬੱਡੀ ਵਿਚ ਇਕ ਰੈਫਰੀ, ਦੋ ਅੰਪਾਇਰ, ਦੋ ਲਾਈਨਜ਼ਮੈਨ ਅਤੇ ਇਕ ਸਕੋਰਰ ਹੁੰਦਾ ਹੈ। ਖੇਡ ਦੇ ਮੈਦਾਨ ਵਿਚ ਅੰਪਾਇਰ ਦਾ ਫੈਸਲਾ ਆਮ ਤੌਰ ਤੇ ਅੰਤਿਮ ਹੁੰਦਾ ਹੈ ਪਰ ਖਾਸ ਹਾਲਤਾਂ ਵਿਚ ਰੈਫਰੀ ਖੇਡ ਨੂੰ ਮੁੱਖ ਰਖਦਿਆਂ ਅੰਪਾਇਰ ਦੇ ਫੈਸਲੇ ਨੂੰ ਬਦਲ ਸਕਦਾ ਹੈ। ਪਰ ਪੰਜਾਬ ਸਟਾਈਲ ਵਿਚ ਇਕ ਹੀ ਰੈਫਰੀ ਹੁੰਦਾ ਹੈ ਅਤੇ ਇਕ ਜਾਂ ਦੋ ਨੰਬਰ ਗਿਣਨ ਵਾਲੇ ਵਿਅਕਤੀ ਹੁੰਦੇ ਹਨ।

          ਹ. ਪੁ.––ਕਬੱਡੀ––ਭਾਸ਼ਾ ਵਿਭਾਗ, ਪੰਜਾਬ; ਪੰਜਾਬ––ਭਾਸ਼ਾ ਵਿਭਾਗ, ਪੰਜਾਬ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਬੱਡੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਬੱਡੀ : ਇਹ ਅੰਤਰ ਰਾਸ਼ਟਰੀ ਖੇਡ ਪੰਜਾਬੀਆਂ ਦੀ ਮਨਪਸੰਦ ਖੇਡ ਹੈ ਜੋ ਪੰਜਾਬ ਵਿਚ ਸਭ ਤੋਂ ਵੱਧ ਖੇਡੀ ਜਾਂਦੀ ਹੈ। ਇਸ ਖੇਡ ਰਾਹੀਂ ਖਿਡਾਰੀ ਨੂੰ ਆਪਣੀ ਤਾਕਤ, ਫੁਰਤੀ, ਚਲਾਕੀ, ਦੌੜ ਅਤੇ ਸਾਹ ਦਾ ਬਲ ਵਿਖਾਉਣ ਦਾ ਅਵਸਰ ਮਿਲਦਾ ਹੈ। ਇਹ ਖੇਡ ਛੋਟੇ ਬੱਚਿਆਂ ਤੋਂ ਲੈ ਕੇ ਜਵਾਨ ਤੇ ਗੱਭਰੂਆਂ ਤਕ ਟੋਲੀਆਂ ਵਿਚ ਖੇਡੀ ਜਾਂਦੀ ਹੈ। ਇਹ ਵਧੇਰੇ ਕਰਕੇ ਭਾਰਤ, ਪਾਕਿਸਤਾਨ, ਸ੍ਰੀ ਲੰਕਾ, ਬਰਮਾ, ਨੇਪਾਲ ਅਤੇ ਕਈ ਪੱਛਮੀ ਦੇਸ਼ਾਂ ਜਿਵੇਂ ਇੰਗਲੈਂਡ ਅਤੇ ਕਨੈਡਾ ਆਦਿ ਵਿਚ ਖੇਡੀ ਜਾਂਦੀ ਹੈ।

            ਕਬੱਡੀ ਕਿਸੇ ਖੁਲ੍ਹੇ ਮੈਦਾਨ ਵਿਚ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ। ਖਿਡਾਰੀ ਮੈਦਾਨ ਵਿਚ ਦੋ ਪਾਲੇ ਬਣਾ ਕੇ ਵਿਚਕਾਰ ਇਕ ਪਾੜਾ ਖਿਚਦੇ ਹਨ। ਇਕ ਟੋਲੀ ਦਾ ਕੋਈ ਖਿਡਾਰੀ ਲਕੀਰ ਟਪ ਕੇ ਇਕੋ ਸਾਹ ਵਿਚ ‘ਕਬੱਡੀ, ਕਬੱਡੀ' ਕਰਦਾ ਦੂਜੀ ਧਿਰ ਦੇ ਕਿਸੇ ਇਕ ਖਿਡਾਰੀ ਨੂੰ ਛੂੰਹਦਾ ਹੈ ਤੇ ਬਿਨਾ ਪਕੜਾਈ ਦਿੱਤੇ ਜਾਂ ਸਾਹ ਛੁੱਟੇ ਆਪਣੇ ਪਾਸੇ ਵਾਪਸ ਪਰਤ ਆਉਂਦਾ ਹੈ। ਜੇ ਦੂਜੀ ਧਿਰ ਦਾ ਉਹ ਖਿਡਾਰੀ, ਜਿਸਨੂੰ ਉਸ ਨੇ ਛੂਹਿਆ ਸੀ, ਉਸ ਨੂੰ ਫੜ੍ਹ ਲਏ ਅਤੇ ਸਾਹ ਟੁੱਟਣ ਤੋਂ ਪਹਿਲਾਂ ਉਹ ਉਸ ਤੋਂ ਆਪਣਾ ਆਪ ਛੁਡਾ ਨਾ ਸਕੇ ਤਾਂ ਉਹ ਖਿਡਾਰੀ ਮਰ ਗਿਆ ਮੰਨਿਆ ਜਾਂਦਾ ਹੈ ਅਤੇ ਹਾਰ ਜਾਣ ਕਾਰਨ ਖੇਡ ਵਿਚੋਂ ਖਾਰਜ ਕਰ ਦਿੱਤਾ ਜਾਂਦਾ ਹੈ।ਇਸ ਖਿਡਾਰੀ ਨੂੰ ਉਦੋਂ ਤੱਕ ਖੇਡ ਤੋਂ ਬਾਹਰ ਰਖਿਆ ਜਾਂਦਾ ਹੈ ਜਦੋਂ ਤੱਕ ਇਹ ਟੋਲੀ ਦੂਸਰੀ ਟੋਲੀ ਦੇ ਕਿਸੇ ਖਿਡਾਰੀ ਨੂੰ ਮਾਰ ਨਹੀਂ ਦਿੰਦੀ।

            ਪੰਜਾਬ ਵਿਚ ਕਬੱਡੀ ਦੀਆਂ ਪ੍ਰਸਿੱਧ ਕਿਸਮਾਂ ਇਹ ਹਨ :-

          1. ਅੰਬਾਲਵੀ ਜਫ਼ਲ ਕਬੱਡੀ

           2.   ਲੰਮੀ ਕਬੱਡੀ

           3.  ਗੂੰਗੀ ਕਬੱਡੀ

            4. ਨੈਸ਼ਨਲ ਕਬੱਡੀ

 

ਅੰਬਾਲਵੀ ਜਫ਼ਲ ਕਬੱਡੀ

ਅੰਬਾਲਵੀ ਜਫ਼ਲ ਕਬੱਡੀ - ਇਸ ਕਬੱਡੀ ਦਾ ਪਿੜ ਸੀਮਿਤ ਹੁੰਦਾ ਹੈ ਅਤੇ ਦੋ ਪਾਲੇ ਬਣਾ ਕੇ ਵਿਚੋਂ ਲਕੀਰ ਵਾਹ ਲਈ ਜਾਂਦੀ ਹੈ। ਇਕ ਧਿਰ ਦਾ ਖਿਡਾਰੀ ਪਾੜੇ ਨੂੰ ਟਪਦਾ ਹੋਇਆ ਇਕੋ ਸਾਹੇ ‘ਕਬੱਡੀ, ਕਬੱਡੀ' ਕਰਦਾ ਵਿਰੋਧੀ ਪਿੜ ਵਿਚ ਜਾ ਧਮਕਦਾ ਹੈ ਅਤੇ ਆਪਣੇ ਆਪ ਨੂੰ ਬਚਾਉਂਦਾ ਹੋਇਆ ਕਿਸੇ ਖਿਡਾਰੀ ਨੂੰ ਛੂੰਹਦਾ ਹੈ। ਜਿਹੜਾ ਖਿਡਾਰੀ ਛੂਹਿਆ ਜਾਵੇ, ਉਹ ਉਸ ਨੂੰ ਜੱਫ਼ਾ ਮਾਰ ਕੇ ਆਪਣੇ ਪਿੜ ਵਿਚ ਉਦੋਂ ਤੱਕ ਰਖਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਤੱਕ ਉਸ ਦਾ ਸਾਹ ਟੁੱਟ ਨਾ ਜਾਵੇ। ਜੇ ਸਾਹ ਟੁਟ ਜਾਵੇ ਤਾਂ ਕਬੱਡੀ ਪਾਉਣ ਵਾਲਾ ਪਿੜ ਦੇ ਬਾਹਰ ਬੈਠ ਜਾਂਦਾ ਹੈ। ਜਦੋਂ ਤਕ ਇਕ ਧਿਰ ਦੇ ਸਾਰੇ ਖਿਡਾਰੀ ਮਾਰੇ ਨਹੀਂ ਜਾਂਦੇ ਜਾਂ ਬਾਹਰ ਨਹੀਂ ਹੋ ਜਾਂਦੇ, ਉਦੋਂ ਤਕ ਬਾਜੀ ਨਹੀਂ ਮੁਕਦੀ।

ਲੰਮੀ ਕਬੱਡੀ

ਲੰਮੀ ਕਬੱਡੀ : ਇਸ ਕਬੱਡੀ ਵਿਚ ਪਿੜ ਅਸੀਮਿਤ ਹੁੰਦਾ ਹੈ, ਭਾਵ ਪਾੜੇ ਤੋਂ ਪਾਰ ਪਿੜ ਦੀ ਕੋਈ ਹੱਦ ਨਹੀਂ ਹੁੰਦੀ। ਜਿੰਨੀ ਦੂਰ ਤਕ ਕੋਈ ਖਿਡਾਰੀ ਦੌੜਨਾ ਚਾਹੇ ਦੌੜ ਸਕਦਾ ਹੈ। ਇਸ ਕਿਸਮ ਦੀ ਕਬੱਡੀ ਵਿਚ ਖਿਡਾਰੀ ਸਾਹ ਭਰ ਕੇ ‘ ਕਬੱਡੀ, ਕਬੱਡੀ' ਬੋਲਦਾ ਵਿਰੋਧੀ ਧਿਰ ਵਿਚ ਦਾਖਲ ਹੁੰਦਾ ਹੈ ਤੇ ਖਿਡਾਰੀਆਂ ਪਿਛੇ ਦੌੜਦਾ ਹੋਇਆ ਵੱਧ ਤੋਂ ਵੱਧ ਖਿਡਾਰੀਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ। ਜੇ ਉਹ ਵਿਰੋਧੀ ਧਿਰ ਦੇ ਕਿਸੇ ਖਿਡਾਰੀ ਨੂੰ ਛੂਹ ਲਵੇ ਤਾਂ ਛੂਹੇ ਜਾਣ ਵਾਲਾ ਖੇਡ ਤੋਂ ਬਾਹਰ ਹੋ ਕੇ ਬੈਠ ਜਾਂਦਾ ਹੈ। ਜੇ ਕਬੱਡੀ ਪਾਉਣ ਵਾਲੇ ਖਿਡਾਰੀ ਦਾ ਵਿਰੋਧੀ ਪਿੜ ਵਿਚ ਸਾਹ ਟੁੱਟ ਜਾਵੇ ਅਤੇ ਦੂਜੀ ਧਿਰ ਦਾ ਕੋਈ ਖਿਡਾਰੀ ਉਸ ਨੂੰ ਛੂਹ ਦੇਵੇ ਤਾਂ ਕਬੱਡੀ ਪਾਉਣ ਵਾਲਾ ਹਾਰ ਜਾਂਦਾ ਹੈ। ਜਿਸ ਧਿਰ ਦੇ ਸਾਰੇ ਜਾਂ ਬਹੁਤੇ ਖਿਡਾਰੀ ਬੈਠ ਜਾਣ ਉਹ ਧਿਰ ਹਾਰ ਜਾਂਦੀ ਹੈ।

ਗੂੰਗੀ ਕਬੱਡੀ

ਗੂੰਗੀ ਕਬੱਡੀ : ਇਸ ਕਬੱਡੀ ਵਿਚ ਕਬੱਡੀ ਪਾਉਣ ਵਾਲਾ ਮੂੰਹੋਂ ‘ਕਬੱਡੀ, ਕਬੱਡੀ' ਨਹੀਂ ਆਖਦਾ । ਇਸ ਕਬੱਡੀ ਵਿਚ ਸਮਾਂ ਜਾਂ ਅੰਕ ਮਿਥ ਲਏ ਜਾਂਦੇ ਹਨ। ਨਿਰਧਾਰਿਤ ਸਮੇਂ ਵਿਚ ਵੱਧ ਅੰਕ ਜਾਂ ਮਿਥੇ ਹੋਏ ਅੰਕ ਪਹਿਲਾਂ ਪ੍ਰਾਪਤ ਕਰਨ ਵਾਲੀ ਟੀਮ ਜੇਤੂ ਕਰਾਰ ਦਿੱਤੀ ਜਾਂਦੀ ਹੈ।ਇਸ ਕਬੱਡੀ ਵਿਚ ਖਿਡਾਰੀ ਨੂੰ ਛੂਹ ਕੇ ਆਉਣ ਜਾਂ ਕਬੱਡੀ ਪਾਉਣ ਵਾਲੇ ਦੇ ਫੜੇ ਜਾਣ ਉਪਰੰਤ ਖਿਡਾਰੀ ਮਰਿਆ ਨਹੀਂ ਸਮਝਿਆ ਜਾਂਦਾ। ਸਿਰਫ਼ ਜੇਤੂ ਟੀਮ ਨੂੰ ਇਕ ਅੰਕ ਮਿਲਦਾ ਹੈ ਤੇ ਖਿਡਾਰੀ ਉਸੇ ਤਰ੍ਹਾਂ ਹੀ ਟੀਮ ਵਿਚ ਖੇਡਦਾ ਰਹਿੰਦਾ ਹੈ।

     ਤਿੰਨੋਂ ਕਿਸਮਾਂ ਦੀ ਕਬੱਡੀ ਵਿਚ ਹੀ ਸੀਮਾ-ਰੇਖਾ ਤੋਂ ਬਾਹਰ ਜਾਣ ਵਾਲੇ ਖਿਡਾਰੀ ਨੂੰ ‘ ਆਉਟ' ਸਮਝਿਆ ਜਾਂਦਾ ਹੈ ਅਤੇ ਵਿਰੋਧੀਆਂ ਨੂੰ ਇਕ ਅੰਕ ਮਿਲਦਾ ਹੈ।

ਨੈਸ਼ਨਲ ਕਬੱਡੀ

ਨੈਸ਼ਨਲ ਕਬੱਡੀ : ਇਹ ਕਬੱਡੀ ਆਦਮੀ ਅਤੇ ਔਰਤਾਂ ਦੋਹਾਂ ਵਲੋਂ ਹੀ ਖੇਡੀ ਜਾਂਦੀ ਹੈ। ਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ, ਗੋਲਡ ਕੱਪ (ਬੰਬਈ) ਪੀ. ਐਂਡ ਟੀ. ਕੱਪ, ਅੰਤਰ ਵਿਸ਼ਵ ਵਿਦਿਆਲਾ ਚੈਂਪੀਅਨਸ਼ਿਪ, ਫੈਡਰੇਸ਼ਨ ਕੱਪ ਅਤੇ ਅੰਤਰ ਸਕੂਲ ਮੁਕਾਬਲੇ ਇਸ ਦੇ ਪ੍ਰਸਿੱਧ ਟੂਰਨਾਮੈਂਟ ਹਨ।

 ਕਬੱਡੀ ਦਾ ਗਰਾਉਂਡ-ਪੁਰਸ਼ਾਂ ਲਈ ਮੀਟਰ ਇਸਤਰੀਆਂ ਲਈ

 ਲਾਬੀ- 1 ਮੀਟਰ ਚੌੜੀ

  ਸੈਂਟਰਲ ਲਾਈਨ ਤੋਂ ਵਾਕ ਲਾਈਨ - ਮੀਟਰ ਦੂਰ ਬਲਾਕ ਦਾ ਸਾਈਜ਼-ਪੁਰਸ਼ਾਂ ਲਈ 8 ਮੀਟਰ ਮੀਟਰ, ਇਸਤਰੀਆਂ ਲਈ 6 ਮੀਟਰ ਮੀਟਰ ਗਰਾਊਂਡ ਦੀਆਂ ਰੇਖਾਵਾਂ ਦੀ ਚੌੜਾਈ - 5 ਸੈਂਟੀਮੀਟਰ, ਖੇਡ ਦਾ ਸਮਾਂ -ਪੁਰਸ਼ਾਂ ਲਈ 20-5-20 ਇਸਤਰੀਆਂ ਲਈ 15-5-15.

       ਇਕ ਟੀਮ ਦੇ ਖਿਡਾਰੀ -12 ਹੁੰਦੇ ਹਨ ਪਰ ਮੈਦਾਨ ਵਿਚ ਸਿਰਫ਼ 7 ਖਿਡਾਰੀ ਖੇਡਦੇ ਹਨ, ਪੰਜ ਵੇਟਰ ਹੁੰਦੇ ਹਨ। ਅਧਿਕਾਰੀ-ਰੈਫ਼ਰੀ 1.   ਅੰਪਾਇਰ 1.    ਸਕੋਰਰ 1.    ਟਾਈਮ ਕੀਪਰ 1. ਅਤੇ ਲਾਈਨਜ਼ਮੈਨ 2.

           ਇਸ ਖੇਡ ਨੂੰ ਆਰੰਭ ਕਰਨ ਲਈ ਟਾੱਸ ਕੀਤਾ ਜਾਂਦਾ ਹੈ ਤੇ ਟਾੱਸ ਜਿੱਤਣ ਵਾਲੀ ਟੀਮ ਫ਼ੈਸਲਾ ਕਰਦੀ ਹੈ ਕਿ ਉਹ ਗਰਾਉਂਡ ਦੇ ਕਿਹੜੇ ਪਾਸੇ ਖੜ੍ਹੇਗੀ ਅਤੇ ਖੇਡ ਕਿਹੜੀ ਟੀਮ ਸ਼ੁਰੂ ਕਰੇਗੀ।ਇਕ ਰੇਡਰ ਨੂੰ ਵਿਰੋਧੀ ਟੀਮ ਦੇ ਸਾਰੇ ਮੈਂਬਰ ਰਲ ਕੇ ਫੜ  ਸਕਦੇ ਹਨ। ਰੇਡਰ ਜਿਸ ਖਿਡਾਰੀ ਨੂੰ ਹੱਥ ਲਾ ਕੇ ਪਾਲੇ ਤੇ ਸੁਰੱਖਿਅਤ ਵਾਪਸ ਆ ਜਾਂਦਾ ਹੈ ਉਹ ਆਉਟ ਹੋ ਜਾਂਦਾ ਹੈ ਤੇ ਰੇਡਰ ਦੀ ਟੀਮ ਨੂੰ ਇਕ ਅੰਕ ਮਿਲ ਜਾਂਦਾ ਹੈ। ਜੇ ਰੇਡਰ ਇਕ ਤੋਂ ਵੱਧ ਖਿਡਾਰੀਆਂ ਨੂੰ ਹੱਥ ਲਾ ਦੇਵੇ ਤਾਂ ਵੱਧ ਅੰਕ ਪ੍ਰਾਪਤ ਕਰਦਾ ਹੈ। ਖੇਡ ਸਮੇਂ ਗਰਾਉਂਡ ਤੋਂ ਬਾਹਰ ਹੋ ਜਾਣ ਵਾਲੇ ਖਿਡਾਰੀ ਨੂੰ ਆਉਟ ਸਮਝਕੇ ਦੂਜੀ ਧਿਰ ਨੂੰ ਪੁਆਇੰਟ ਦੇ ਦਿੱਤਾ ਜਾਂਦਾ ਹੈ। ਆਉਟ ਹੋਇਆ ਖਿਡਾਰੀ ਦੁਬਾਰਾ ਤਦ ਹੀ ਖੇੇਡ ਸਕਦਾ ਹੈ ਜੇ ਉਸਦੀ ਟੀਮ ਵਿਰੋਧੀ ਧਿਰ ਦੇ ਕਿਸੇ ਖਿਡਾਰੀ ਨੂੰ ਆਉਟ ਕਰਕੇ ਪੁਆਇੰਟ ਲਵੇ ਜਾਂ ਜੇ ਸਾਰੀ ਟੀਮ ਆਉਟ ਹੋਣ ਪਿਛੋਂ ਦੁਬਾਰਾ ਖੇਡੇ। ਜਦੋਂ ਕਿਸੇ ਟੀਮ ਦੇ ਸਾਰੇ ਖਿਡਾਰੀ ਆਉਟ ਹੋ ਜਾਣ ਤਾਂ ਵਿਰੋਧੀ ਧਿਰ ਨੂੰ ਦੋ ਨੰਬਰ ਵਾਧੂ ਮਿਲਦੇ ਹਨ ਅਤੇ ਇਸ ਨੂੰ ਲੋਨਾ ਆਖਦੇ ਹਨ। ਵੱਧ ਅੰਕ ਪ੍ਰਾਪਤ ਕਰਨ ਵਾਲੀ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਨਿਰਧਾਰਤ ਸਮੇਂ ਉਤੇ ਜਿੱਤ ਹਾਰ ਦਾ ਫ਼ੈਸਲਾ ਨਾ ਹੋਵੇ ਤਾਂ ਵਾਧੂ ਸਮਾਂ ਵੀ ਦਿੱਤਾ ਜਾ ਸਕਦਾ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-04-47-51, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਰੰਧਾਵਾ. ਪੰ. ਲੋ. ਵਿ. ਕੋ. –4

ਕਬੱਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਬੱਡੀ, (ਕੌਡੀ=ਛਾਤੀ ਦੀ ਹੱਡੀ<ਪ੍ਰਾਕ੍ਰਿਤ : कबड्ड: ਸੰਸਕ੍ਰਿਤ : कपर्दक) \ ਇਸਤਰੀ ਲਿੰਗ : ਇੱਕ ਪਰਸਿੱਧ ਖੇਡ ਜਿਸ ਵਿੱਚ ਦੋ ਟੋਲੀਆਂ ਬਣਾ ਕੇ ਖਿਡਾਰੀ ਮੈਦਾਨ ਵਿੱਚ ਇੱਕ ਪਾੜਾ (ਲਕੀਰ) ਖਿੱਚਦੇ ਹਨ ਲਕੀਰ ਤੋਂ ਇੱਕ ਪਾਸੇ ਦਾ ਆਦਮੀ ‘ਕਬੱਡੀ ਕਬੱਡੀ’ ਇੱਕ ਸਾਹੇ ਆਖਦਾ ਹੋਇਆ ਦੂਜੇ ਪਾਸੇ ਜਾ ਕੇ ਫੁਰਤੀ ਨਾਲ ਕਿਸੇ ਨੂੰ ਛੁੰਹਦਾ ਹੈ ਅਤੇ ਬਿਨਾ ਫੜਾਈ ਖਾਧੇ ਅਤੇ ਸਾਹ ਟੁੱਟੇ ਆਪਣੀ ਟੋਲੀ ਨਾਲ ਆ ਮਿਲਦਾ ਹੈ ਜੇ ਵਿਰੋਧੀ ਮੰਡਲੀ ਵਾਲੇ ਫੜ ਲੈਣ ਤਾਂ ਹਾਰ ਹੁੰਦੀ ਹੈ ਕਿ ਖਿਡਾਰੀ ਬਿਨਾਂ ਸਾਹ ਟੁੱਟੇ ਵਿਰੋਧੀ ਨੂੰ ਛੂਹ ਕੇ ਬਿਨਾਂ ਫੜਾਈ ਖਾਧੀ ਮੁੜ ਆਵੇ

–ਕੌਡੀ ਕਬੱਡੀ, ਇਸਤਰੀ ਲਿੰਗ : ਇਸ ਬਾਰੇ ਇੱਕ ਰਵਾਇਤ ਪਰਸਿੱਧ ਹੈ ਕਿ ਪਿਛਲੇ ਸਮਿਆਂ ਵਿੱਚ ਵਿਰੋਧੀ ਦੇ ਪਾੜੇ (ਪਾਲੇ) ਵਿੱਚ ਕੌਡੀ ਸਿੱਟ ਦਿੰਦੇ ਸੀ ਤੇ ਇੱਕ ਖਿਡਾਰੀ ਕੌਡੀ ਕੌਡੀ ਕਹਿੰਦਾ ਉਸ ਨੂੰ ਚੁੱਕਣ ਜਾਂਦਾ ਸੀ ਜੇ ਸਾਹ ਟੁਟੇ ਬਿਨਾਂ ਪਾੜਾ ਟੱਪ ਉਹ ਵਾਪਸ ਆਪਣੀ ਧਿਰ ਵੱਲ ਪਰਤ ਨਹੀਂ ਆਉਂਦਾ ਸੀ ਤਾਂ ਉਹ ਮਰਿਆ ਗਿਣਿਆ ਜਾਂਦਾ ਸੀ ਤੇ ਤਦੋਂ ਤਕ ਮੁੜ ਖੇਡ ਵਿੱਚ ਨਹੀਂ ਸ਼ਾਮਲ ਹੋ ਸਕਦਾ ਸੀ ਜਦੋਂ ਤੱਕ ਉਹਦੀ ਧਿਰ ਦਾ ਦੂਜਾ ਸਾਥੀ ਵਿਰੋਧੀ ਨੂੰ ਮਾਰ ਕੇ ਕੌਡੀ ਵਾਪਸ ਚੁੱਕ ਨਾ ਲੈ ਲਾਉਂਦਾ, ਇਸ ਲਈ ਇਸ ਖੇਡ ਦਾ ਨਾਂ ਕੌਡੀ ਪੈ ਗਿਆ

–ਕੌਡੀ ਬਾਡੀ, ਇਸਤਰੀ ਲਿੰਗ : ਕਬੱਡੀ, ਕੌਡੀ

–ਗੁੰਗੀ ਕਬੱਡੀ, ਇਸਤਰੀ ਲਿੰਗ : ਇੱਕ ਤਰ੍ਹਾਂ ਦੀ ਕਬੱਡੀ ਜਿਸ ਵਿੱਚ ਕੌਡੀ ਪਾਉਣ ਵਾਲਾ ਮੂੰਹੋਂ ਕੌਡੀ ਕੌਡੀ ਨਹੀਂ ਆਖਦਾ

–ਜੱਫਲ ਕਬੱਡੀ, ਇਸਤਰੀ ਲਿੰਗ : ਜੱਫਲ ਕਬੱਡੀ ਜਿਸ ਵਿੱਚ ਸਾਹ ਪਾਉਣ ਗਏ ਖਿਡਾਰੀ ਨੂੰ ਵਿਰੋਧੀ ਧਿਰ ਨੇ ਜੱਫਾ ਮਾਰ ਕੇ ਜਾਂ ਫੜ ਕੇ ਆਪਣੇ ਪਾਸੇ ਰੱਖ ਲੈਣਾ ਹੁੰਦਾ ਹੈ

–ਢਹਿਣ(ਢਾਹੁਣ) ਕਬੱਡੀ, ਇਸਤਰੀ ਲਿੰਗ : ਜੱਫਲ ਕਬੱਡੀ

–ਲੰਮੀ ਕਬੱਡੀ, ਇਸਤਰੀ ਲਿੰਗ : ੧. ਲੰਮੀ ਕੌਡੀ; ੨. ਕਬੱਡੀ ਜਿਸ ਵਿੱਚ ਸਾਹ ਪਾਉਣ ਗਏ ਖਿਡਾਰੀ ਨੇ ਇੱਕ ਜਾਂ ਵਧ ਵਿਰੋਧੀਆਂ ਨੂੰ ਹੱਥ ਲਾ ਕੇ ਮੁੜ ਆਉਣਾ ਹੁੰਦਾ ਹੈ ਉਸ ਦੇ ਵਿਰੋਧੀ ਉਸ ਦੇ ਹੱਥ ਲੱਗਣ ਤੋਂ ਬਚਦੇ ਹਨ ਉਸ ਨੂੰ ਫੜਦੇ ਨਹੀਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-11-12-46-34, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.