ਕਰਤਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਰਤਾ : ਕਰਤਾ ਤੋਂ ਭਾਵ ਹੈ ‘ਕਰਨ ਵਾਲਾ’। ਪਰੰਪਰਿਕ ਵਿਆਕਰਨ ਵਿੱਚ ਉਸ ਵਿਆਕਰਨਿਕ ਇਕਾਈ ਨੂੰ ਕਰਤਾ ਦਾ ਨਾਂ ਦਿੱਤਾ ਜਾਂਦਾ ਹੈ ਜਿਸ ਤੋਂ ਕੰਮ ਕਰਨ ਵਾਲੇ ਦਾ ਬੋਧ ਹੋਵੇ। ਇੱਕ ਸਧਾਰਨ ਪੰਜਾਬੀ ਵਾਕ ਵਿੱਚ ਕਰਤਾ ਦਾ ਸਥਾਨ ਵਾਕ ਵਿੱਚ ਪਹਿਲਾ ਹੁੰਦਾ ਹੈ। ਇਸੇ ਇਕਾਈ ਨੂੰ ਉਦੇਸ਼ ਦੇ ਤੌਰ ਤੇ ਜਾਣਿਆ ਜਾਂਦਾ ਹੈ। ਪੰਜਾਬੀ ਦੇ ਸਧਾਰਨ ਵਾਕਾਂ ਦੀ ਬਣਤਰ ਵਿੱਚ ਕਰਤਾ ਤੋਂ ਇਲਾਵਾ ਕਰਮ ਵੀ ਵਿਚਰਦਾ ਹੈ ਜਿਸ ਨੂੰ ਪ੍ਰਧਾਨ ਕਰਮ ਅਤੇ ਅਪ੍ਰਧਾਨ ਕਰਮ ਵਿੱਚ ਵੰਡਿਆ ਜਾਂਦਾ ਹੈ। ‘ਜੁਗਿੰਦਰ ਨੇ ਬਲਦੇਵ ਨੂੰ ਇੱਕ ਕਿਤਾਬ ਦਿੱਤੀ’ ਵਾਕ ਵਿੱਚ ਇਕਾਈਆਂ ‘ਜੁਗਿੰਦਰ ਨੇ’ ਕਰਤਾ ਦਾ, ‘ਬਲਦੇਵ ਨੂੰ’ ਗੌਣ (ਅਪ੍ਰਧਾਨ) ਕਰਮ ਦਾ ਅਤੇ ‘ਇੱਕ ਕਿਤਾਬ’ ਮੁੱਖ (ਪ੍ਰਧਾਨ) ਕਰਮ ਦਾ ਬੋਧ ਕਰਾਉਂਦੀ ਹੈ। ਅਪ੍ਰਧਾਨ ਕਰਮ ਵਾਕ ਦੀ ਬਣਤਰ ਵਿੱਚ ਕਈ ਵਾਰ ਦੋ ਵਾਰੀ ਵਿਚਰਨ ਦੀ ਸੰਭਾਵਨਾ ਰੱਖਦਾ ਹੈ। ਇਸ ਤਰ੍ਹਾਂ ਵਾਕ ਦੀ ਬਣਤਰ ਵਿੱਚ ਵਿਚਰਨ ਵਾਲੀਆਂ ਕਾਰਜੀ ਇਕਾਈਆਂ ਦੀ ਗਿਣਤੀ ਚਾਰ ਤੱਕ ਹੋ ਸਕਦੀ ਹੈ। ਦੂਜੇ ਸ਼ਬਦਾਂ ਵਿੱਚ ਸਧਾਰਨ ਵਾਕਾਂ ਵਿੱਚ ਨਾਂਵਾਂ ਦੀ ਗਿਣਤੀ ਚਾਰ ਹੋ ਸਕਦੀ ਹੈ ਪਰੰਤੂ ਵਾਕ ਦੀ ਬਣਤਰ ਵਿੱਚ ਵਿਚਰਨ ਵਾਲੇ ਨਾਵਾਂ ਦਾ ਰੋਲ ਵਾਕਾਂਸ਼ ਵਾਲਾ ਹੁੰਦਾ ਹੈ। ਨਾਂਵ ਜਾਂ ਤਾਂ ਵਾਕਾਂਸ਼ ਵਜੋਂ ਵਿਚਰਦੇ ਹਨ ਜਾਂ ਫਿਰ ਵਾਕਾਂਸ਼ ਦੇ ਹਿੱਸੇ ਵਜੋਂ ਵਿਚਰਦੇ ਹਨ। ਇਸ ਲਈ ਕਰਤਾ ਵਜੋਂ ਕਾਰਜ ਕਰਨ ਵਾਲਾ ਨਾਂਵ ਕਰਤਾ ਨਾਂਵ ਵਾਕਾਂਸ਼ ਵਾਲਾ ਹੁੰਦਾ ਹੈ। ਵਾਕ ਦੀ ਬਣਤਰ ਵਿੱਚ ਵਿਚਰਨ ਵਾਲੇ ਵਾਕਾਂਸ਼ ਵੱਖਰਾ-ਵੱਖਰਾ ਕਾਰਜ ਕਰਦੇ ਹਨ, ਜਿਵੇਂ: ਕਰਤਾ,ਕਰਮ, ਪ੍ਰਧਾਨ ਕਰਮ ਤੇ ਅਪ੍ਰਧਾਨ ਕਰਮ। ਇਸ ਆਧਾਰ ’ਤੇ ਵਾਕ ਵਿੱਚ ਵਿਚਰਨ ਵਾਲੀਆਂ ਨਾਂਵ ਵਾਕਾਂਸ਼ ਇਕਾਈਆਂ ਨੂੰ ਕਰਤਾ ਨਾਂਵ ਵਾਕਾਂਸ਼, ਪ੍ਰਧਾਨ ਕਰਮ ਨਾਂਵ ਵਾਕਾਂਸ਼ ਅਤੇ ਅਪ੍ਰਧਾਨ ਕਰਮ ਨਾਂਵ ਵਾਕਾਂਸ਼ ਵਿੱਚ ਵੰਡਿਆ ਜਾਂਦਾ ਹੈ। ਇੱਕ ਸਧਾਰਨ ਕਰਤਰੀਵਾਚੀ ਬਿਆਨੀਆਂ ਵਾਕ ਦੇ ਸੰਗਠਨ ਵਿੱਚ ਜੇ ਇੱਕ ਨਾਂਵ ਵਾਕਾਂਸ਼ ਵਿਚਰ ਰਿਹਾ ਹੋਵੇ ਤਾਂ ਉਸ ਨਾਂਵ ਵਾਕਾਂਸ਼ ਨੂੰ ਕਰਤਾ ਨਾਂਵ ਵਾਕਾਂਸ਼ ਆਖਿਆ ਜਾਂਦਾ ਹੈ। ਕਾਰਜ ਦੇ ਪੱਖ ਤੋਂ ਵਾਕ ਵਿੱਚ ਕਰਤਾ ਕਾਰਜ ਦੇ ਕਰਨ ਦੀ ਸੂਚਨਾ ਪ੍ਰਦਾਨ ਕਰਦਾ ਹੈ, ਜਿਵੇਂ ‘ਕੁੜੀ ਖੇਡਦੀ ਹੈ’ ਵਿੱਚ ਕੁੜੀ ਖੇਡਣ ਦਾ ਕਾਰਜ ਕਰ ਰਹੀ ਹੈ, ਇਸ ਲਈ ‘ਕੁੜੀ’ ਕਰਤਾ ਨਾਂਵ ਵਾਕਾਂਸ਼ ਹੈ। ਪੰਜਾਬੀ ਵਾਕ ਬਣਤਰ ਵਿੱਚ ਕਰਤਾ (actor) ਉਦੇਸ਼ ਵਜੋਂ (subject) ਵੀ ਵਿਚਰਦਾ ਹੈ ਪਰ ਇਹ ਕੋਈ ਜ਼ਰੂਰੀ ਨਹੀਂ ਕਿ ਹਰ ਉਦੇਸ਼ ਕਰਤਾ ਦਾ ਸੂਚਕ ਹੋਵੇ। ਪੰਜਾਬੀ ਕਰਤਾ ਨਾਂਵ ਵਾਕਾਂਸ਼ ਦੀ ਪਛਾਣ ਹਿਤ ਕੁਝ ਨਿਯਮ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਇਸ ਕਾਰਜੀ ਇਕਾਈ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਨਾਂਵ ਵਾਕਾਂਸ਼ ਦੀ ਪਛਾਣ ਲਈ ਕਿਰਿਆ ਵਾਕਾਂਸ਼ ਨਾਲ ‘ਕੌਣ’ ਪ੍ਰਸ਼ਨ-ਸੂਚਕ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਪ੍ਰਸ਼ਨ ਦਾ ਉੱਤਰ ਤੱਤ ਕਰਤਾ ਨਾਂਵ ਵਾਕਾਂਸ਼ ਹੁੰਦਾ ਹੈ, ਜਿਵੇਂ: ‘ਬੱਚਾ ਦੁੱਧ ਪੀ ਰਿਹਾ ਹੈ’...ਕੌਣ ਦੁੱਧ ਪੀ ਰਿਹਾ ਹੈ...‘ਬੱਚਾ’। ਇਸ ਲਈ ਇਸ ਵਾਕ ਵਿੱਚ ਬੱਚਾ ਕਰਤਾ ਨਾਂਵ ਵਾਕਾਂਸ਼ ਹੈ। ਸਧਾਰਨ ਬਿਆਨੀਆਂ ਵਾਕਾਂ ਵਿੱਚ ਕਰਤਾ ਨਾਂਵ ਵਾਕਾਂਸ਼ ਦਾ ਸਥਾਨ ਪਹਿਲਾ ਹੁੰਦਾ ਹੈ, ਪਰ ਪੰਜਾਬੀ ਵਿੱਚ ਵਾਕਾਂਸ਼ ਦਾ ਸਥਾਨ ਪਰਿਵਰਤਨ ਸੰਭਵ ਹੈ, ਇਸ ਲਈ ਵਾਕ ਵਿੱਚ ਇਸ ਦਾ ਸਥਾਨ ਕਿਤੇ ਵੀ ਹੋ ਸਕਦਾ ਹੈ, ਜਿਵੇਂ: ‘ਪੀ ਰਿਹਾ ਹੈ ਬੱਚਾ ਦੁੱਧ/ਦੁੱਧ ਪੀ ਰਿਹਾ ਹੈ ਬੱਚਾ’ ਆਦਿ। ਕਰਮਣੀ ਵਾਕਾਂ ਦੀ ਬਣਤਰ ਵਿੱਚ ਕਰਤਾ ਨਾਂਵ ਵਾਕਾਂਸ਼ ਨਹੀਂ ਵਿਚਰਦਾ, ਜਿਵੇਂ: ਬੱਚਾ ਚੁੱਕਿਆ ਗਿਆ। ਸੰਬੰਧਕ ਰਹਿਤ ਕਰਤਾ ਨਾਂਵ ਵਾਕਾਂਸ਼ ਦਾ ਕਿਰਿਆ ਵਾਕਾਂਸ਼ ਨਾਲ ਵਿਆਕਰਨਿਕ ਮੇਲ ਹੁੰਦਾ ਹੈ, ‘ਮੁੰਡਾ ਦੁੱਧ ਪੀ ਰਿਹਾ ਸੀ’। ਸੰਬੰਧਕ ਸਹਿਤ ਨਾਂਵ ਵਾਕਾਂਸ਼ ਨਾਲ ‘ਨੇ’ ਸੰਬੰਧਕ ਵਿਚਰਦਾ ਹੈ ਅਤੇ ਇਸ ਵਾਕਾਂਸ਼ ਦਾ ਕਿਰਿਆ ਨਾਲ ਵਿਆਕਰਨਿਕ ਮੇਲ ਨਹੀਂ ਹੁੰਦਾ ਜਿਵੇਂ ‘ਮੁੰਡੇ ਨੇ ਰੋਧੀ ਖਾਧੀ, ਕੁੜੀ ਨੇ ਰੋਟੀ ਖਾਧੀ।’ ਜਿਸ ਨਾਂਵ ਵਾਕਾਂਸ਼ ਨਾਲ ‘ਨੇ’ ਸੰਬੰਧਕ ਲੱਗਦਾ ਹੈ, ਉਹ ਭਾਵੇਂ ਵਾਕ ਵਿੱਚ ਕਿਸੇ ਵੀ ਸਥਾਨ ’ਤੇ ਵਿਚਰੇ ਉਹ ਵਾਕਾਂਸ਼ ਕਰਤਾ ਨਾਂਵ ਵਾਕਾਂਸ਼ ਵਜੋਂ ਕਾਰਜ ਕਰ ਰਿਹਾ ਹੁੰਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਰਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਤਾ [ਨਾਂਪੁ] ਕਰਨ ਵਾਲ਼ਾ , ਰਚਨ ਵਾਲ਼ਾ; ਰੱਬ , ਪਰਮਾਤਮਾ; (ਵਿਆ) ਵਾਕ ਦੀ ਇੱਕ ਇਕਾਈ ਜੋ ਕਰਨ ਵਾਲ਼ੇ ਦਾ ਅਰਥ ਦਿੰਦੀ ਹੈ, ਇੱਕ ਕਾਰਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਤਾ ਸੰ. कर्त्तृ —ਕਤ੍ਰਿ੗. ਵਿ—ਕਰਨ ਵਾਲਾ. ਰਚਣ ਵਾਲਾ. “ਕਰਤਾ ਹੋਇ ਜਨਾਵੈ.” (ਗਉ ਮ: ੫) ੨ ਸੰਗ੍ਯਾ—ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. “ਕਰਤਾਰੰ ਮਮ ਕਰਤਾਰੰ.” (ਨਾਪ੍ਰ) ਕਰਤਾਰ ਮੇਰਾ ਕਰਤਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਤਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਰਤਾ (ਸੰ.। ਸੰਸਕ੍ਰਿਤ ਕਰੑਤਾ) ਕਰਣ ਹਾਰ , ਰਚਣਹਾਰ, ਕਰਤਾਰ , ਉਤਪਤ ਕਰਨ ਵਾਲਾ। ਯਥਾ-‘ਕਰਤਾ ਤੂ ਮੇਰਾ ਜਜਮਾਨੁ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਰਤਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰਤਾ, (ਸੰਸਕ੍ਰਿਤ : कर्तृ√कृ=ਕਰਨਾ) \ ਵਿਸ਼ੇਸ਼ਣ : ੧. ਕਰਨ ਵਾਲਾ, ਬਣਾਉਣ ਵਾਲਾ, ਰਚਨ ਵਾਲਾ; ੨. ਪੁਲਿੰਗ : ਪਰਮੇਸ਼ਰ, ਲੇਖਕ, ਕਰਤਾ ਧਰਤਾ, ਵਿਆਕਰਣ ਵਿੱਚ ਉਹ ਸੰਗਿਆ ਜਾਂ ਪੜਨਾਂਵ ਜਿਸ ਤੋਂ ਕਿਰਿਆ ਕੀਤੀ ਜਾਵੇ ਜਿਵੇਂ:- ‘ਰਾਮ ਨੇ ਰੋਟੀ ਖਾਧੀ ਵਿੱਚ ‘ਰਾਮ’, ‘ਖਾਧੀ’, ਕਿਰਿਆ ਦਾ ਕਰਤਾ ਹੈ ਅਤੇ ਰੋਟੀ ਕਰਮ ਹੇ, ਫਾਇਲ; ੩. ਉਹ ਵਾਧੂ ਰਕਮ ਜਿਹੜੀ ਸ਼ਾਹੂਕਾਰ ਜਾਂ ਆੜ੍ਹਤੀ ਆਪਣੀਆਂ ਅਸਾਮੀਆਂ ਕੋਲੋਂ ਧਰਮ-ਅਰਥ ਵਸੂਲ ਕਰਦੇ ਹਨ; ੪. ਇਸਤਰੀ ਲਿੰਗ : ਬਲ, ਤਾਕਤ, ਹਿੰਮਤ; ੫. (ਪਿਛੇਤਰ) : ਨਾਵਾਂ ਦੇ ਪਿੱਛੇ ਲੱਗ ਕੇ, ਕਰਨ ਵਾਲਾ ਦਾ ਅਰਥ ਦਿੰਦਾ ਹੈ ਜਿਵੇ, ‘ਕਾਰਜਕਰਤਾ’ ‘ਸੰਗ੍ਰਿਹਿਕਰਤਾ’ ਆਦਿ

–ਕਰਤਾ ਧਰਤਾ,  ਪੁਲਿੰਗ : ੧. ਮੁਖਤਿਆਰ, ਮੁਖੀਆ, ਮੋਢੀ, ਉਹ ਮਨੁੱਖ ਜਿਸ ਨੂੰ ਕੋਈ ਕੰਮ ਕਰਨ ਦੇ ਪੂਰੇ ਇਖ਼ਤਿਆਰ ਹੋਣ, ਸਭ ਕੁਝ ਕਰਨ ਧਰਨ ਵਾਲਾ (ਪੁਰਸ਼)

–ਕਰਤਾ-ਪ੍ਰਧਾਨ-ਵਾਚ,  ਪੁਲਿੰਗ : ਕਰਤਰੀ ਵਾਚ, ਉਹ ਵਾਕ, ਜਿਸ ਵਿੱਚ ਕਰਤਾ ਪਰਧਾਨ ਰੂਪ ਵਿੱਚ ਆਇਆ ਹੋਵੇ, ਜਿਵੇਂ :- ‘ਗੋਪਾਲ ਰੋਟੀ ਖਾਂਦਾ ਹੈ’ (Active Voice)

–ਕਰਤਾ ਵਾਚਕ,  ਵਿਸ਼ੇਸ਼ਣ : ਉਹ ਵਾਚ ਜਿਸ ਵਿੱਚ ਕਰਤਾ ਪਰਧਾਨ ਹੋਵੇ (Active Voice)

–ਕਰਤੇ ਦੀ ਵਿੱਦਿਆ, ਅਖੌਤ : ਜੋ ਕੰਮ ਕਰਦਾ ਰਹਿੰਦਾ ਹੈ ਉਸੇ ਨੂੰ ਉਸ ਦੀ ਮਹਾਰਤ ਹੁੰਦੀ ਹੈ, ਹਰ ਕਮ ਅਭਿਆਸ ਨਾਲ ਹੀ (ਚੰਗਾ) ਹੁੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-23-04-09-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.