ਕਰਤਾਰਪੁਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਤਾਰਪੁਰ. ਜਿਲਾ ਗੁਰਦਾਸਪੁਰ, ਤਸੀਲ ਸ਼ਕਰਗੜ੍ਹ ਵਿੱਚ ਗੁਰੂ ਨਾਨਕ ਦੇਵ ਦਾ ਸੰਮਤ ੧੫੬੧ ਰਾਵੀ ਨਦੀ ਦੇ ਕਿਨਾਰੇ ਵਿੱਚ ਵਸਾਇਆ ਇੱਕ ਨਗਰ, ਜਿਸ ਥਾਂ ਦੇਸ਼ਦੇਸ਼ਾਂਤਰਾਂ ਵਿੱਚ ਸਿੱਖ ਧਰਮ ਦਾ ਉਪਦੇਸ਼ ਕਰਨ ਪਿੱਛੋਂ ਜਗਤਗੁਰੂ ਨੇ ਸੰਮਤ ੧੫੭੯ ਵਿੱਚ ਰਹਾਇਸ਼ ਕੀਤੀ.1
ਭਾਈ ਗੁਰਦਾਸ ਜੀ ਲਿਖਦੇ ਹਨ—
“ਬਾਬਾ ਆਇਆ ਕਰਤਾਰਪੁਰ
ਭੇਖ ਉਦਾਸੀ ਸਗਲ ਉਤਾਰਾ ।
ਪਹਿਰ ਸੰਸਾਰੀ ਕੱਪੜੇ
ਮੰਜੀ ਬੈਠ ਕੀਆ ਅਵਤਾਰਾ.”
(ਵਾਰ ੧)
ਇਸ ਨਗਰ ਦੇ ਵਸਾਉਣ ਵਿੱਚ ਭਾਈ ਦੋਦਾ ਅਤੇ ਦੁਨੀ ਚੰਦ (ਕਰੋੜੀ ਮੱਲ) ਦਾ ਉੱਦਮ ਹੋਇਆ, ਜਿਨ੍ਹਾਂ ਨੇ ਸਤਿਗੁਰੂ ਲਈ ਪਿੰਡ ਵਸਾਕੇ ਧਰਮਸਾਲਾ ਬਣਵਾਈ. ਇਸੇ ਨਗਰ ਸ਼੍ਰੀ ਗੁਰੂ ਨਾਨਕ ਦੇਵ ਸੰਮਤ ੧੫੯੬ ਵਿੱਚ ਜੋਤੀਜੋਤਿ ਸਮਾਏ ਹਨ. ਕਰਤਾਰਪੁਰ ਨੂੰ ਚਿਰੋਕਣਾ ਰਾਵੀ ਨੇ ਆਪਣੇ ਵਿੱਚ ਲੀਨ ਕਰ ਲਿਆ ਹੈ, ਹੁਣ ਜੋ ਦਰਬਾਰ ਸਾਹਿਬ (ਜਗਤ ਗੁਰੂ ਦਾ ਸਮਾਧਿ ਸਥਾਨ) ਵੇਖਿਆ ਜਾਂਦਾ ਹੈ. ਇਸ ਨੂੰ ਭੀ ਰਾਵੀ ਨੇ ਲੋਪ ਕਰਨਾ ਚਾਹਿਆ ਸੀ, ਪਰ ਸੰਗਤਿ ਦੇ ਉੱਦਮ ਅਤੇ ਮਹਾਰਾਜ ਪਟਿਆਲਾ ਦੀ ਉਦਾਰਤਾ ਨਾਲ ਪਕਾ ਬੰਨ੍ਹ ਲਾ ਕੇ ਪੂਰੀ ਰਖ੍ਯਾ ਕੀਤੀ ਗਈ. ਇਹ ਸੇਵਾ ਸਨ ੧੯੨੦ ਅਤੇ ੧੯੨੯ ਵਿਚਕਾਰ ਹੋਈ. ਇਸ ਤੇ ਸੰਗਤਿ ਦੀ ਸੇਵਾ ਅਤੇ ਮਾਯਾ ਤੋਂ ਛੁੱਟ ਪਟਿਆਲਾ ਪਤਿ ਦਾ ਇੱਕ ਲੱਖ ਪੈਂਤੀ ਹਜ਼ਾਰ ਰੁਪਯਾ ਖ਼ਰਚ ਹੋਯਾ. ਹੁਣ ਗੁਰੁਦ੍ਵਾਰਾ ਪ੍ਰਬੰਧਕ ਕਮੇਟੀ ਅਤੇ ਸੰਗਤਿ ਦੇ ਪ੍ਰੇਮ ਨਾਲ ਦਰਬਾਰ ਸਾਹਿਬ ਦੀ ਸ਼ਾਨਦਾਰ ਇਮਾਰਤ ਬਣ ਰਹੀ ਹੈ. ਕਥਾ ਕੀਰਤਨ ਲੰਗਰ ਦਾ ਉੱਤਮ ਪ੍ਰਬੰਧ ਹੈ.
ਦਰਬਾਰ ਸਾਹਿਬ ਦੀ ਡਿਹੁਡੀ ਵੜਦਿਆਂ ਸੱਜੇ ਪਾਸੇ ਇੱਕ ਪਲਾਸ (ਛਿੱਛਰਾ ਸਾਹਿਬ) ਹੈ, ਜਿਸ ਹੇਠ ਮੰਜੀ ਸਾਹਿਬ ਬਣਿਆ ਹੋਯਾ ਹੈ. ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਵਿਰਾਜਿਆ ਕਰਦੇ ਸਨ ਅਤੇ ਇਸੇ ਥਾਂ ਗੁਰੂ ਅੰਗਦ ਜੀ ਨੂੰ ਗੁਰੁਤਾ ਦਾ ਤਿਲਕ ਦਿੱਤਾ ਸੀ.
ਗੁਰਦ੍ਵਾਰੇ ਨੂੰ ੩੭੫ ਰੁਪਯੇ ਸਾਲਾਨਾ ਜਾਗੀਰ ਪਿੰਡ ਕੋਹਲੀਆਂ ਤੋਂ ਮਿਲਦੀ ਹੈ ਅਤੇ ੧੮ ਪਿੰਡਾਂ ਵਿੱਚ ੨੩੦ ਘੁਮਾਉਂ, ੪ ਕਨਾਲ ਅਤੇ ੫ ਮਰਲੇ ਜ਼ਮੀਨ ਹੈ. (ਅਤੇ ੭੦ ਘੁਮਾਉਂ ਜ਼ਮੀਨ ਕਈ ਪਿੰਡਾਂ ਵਿੱਚ ਹੈ)
ਇਹ ਅਸਥਾਨ ਬਟਾਲੇ ਤੋਂ ੨੧ ਮੀਲ ਉੱਤਰ ਪੱਛਮ ਹੈ ਅਤੇ ਨਾਰਥ ਵੈਸਟਰਨ ਰੇਲਵੇ ਲਾਈਨ ਦਾ ਸਟੇਸ਼ਨ ਹੈ, ਜੋ ਅੰਮ੍ਰਿਤਸਰੋਂ ਰੇਲ ਦੇ ਰਸਤੇ ੪੨ ਮੀਲ ਹੈ. ਜੇ ਦੇਹਰਾ ਬਾਬਾ ਨਾਨਕ ਤੋਂ ਰਾਵੀ ਨਦੀ ਪਾਰ ਹੋਕੇ ਸਿੱਧੇ ਜਾਈਏ, ਤਾਂ ਕੇਵਲ ਤਿੰਨ ਮੀਲ ਹੈ.
(B) ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਲੰਧਰ ਦੇ ਜ਼ਿਲੇ ਵਿੱਚ ਸੰਮਤ ੧੬੫੧ (ਸਨ ੧੫੯੩) ਵਿੱਚ ਵਸਾਇਆ ਨਗਰ, ਜੋ ਰੇਲਵੇ ਸਟੇਸ਼ਨ ਕਰਤਾਰਪੁਰ ਤੋਂ ਅੱਧ ਮੀਲ ਪੂਰਵ ਹੈ. ਅਕਬਰ ਦੇ ਜ਼ਮਾਨੇ ਸ਼ਾਹਜਾਦਾ ਸਲੀਮ (ਜਹਾਂਗੀਰ) ਨੇ ਇਸ ਦੀ ਮੁਆਫ਼ੀ ਦਾ ਪੱਟਾ ਧਰਮਸਾਲਾ ਦੇ ਨਾਉਂ ਸੰਮਤ ੧੬੫੫ ਵਿੱਚ ਦਿੱਤਾ, ਜਿਸ ਵਿੱਚ ਰਕਬਾ ੮੯੪੬ ਘੁਮਾਉਂ, ੭ ਕਨਾਲ, ੧੫ ਮਰਲੇ ਦਰਜ ਹੈ. ਇਸ ਨਗਰ ਦੇ ਮਾਲਿਕ ਸੋਢੀ ਸਾਹਿਬ ਰਈਸ ਕਰਤਾਰਪੁਰ ਹਨ, ਜੋ ਬਾਬਾ ਧੀਰਮੱਲ ਜੀ ਦੀ ਵੰਸ਼ ਵਿੱਚੋਂ ਹਨ. ਸਜਰਾ ਇਹ ਹੈ:-
ਸ਼੍ਰੀ ਗੁਰੂ ਰਾਮ ਦਾਸ ਜੀ
।
ਗੁਰੂ ਅਰਜਨ ਦੇਵ ਜੀ
।
ਗੁਰੂ ਹਰਿ ਗੋਬਿੰਦ ਜੀ
।
ਬਾਬਾ ਗੁਰਦਿੱਤਾ ਜੀ
।
ਧੀਰ ਮੱਲ ਜੀ
।
ਬਹਾਰ ਚੰਦ ਜੀ
।
ਨਿਰੰਜਨ ਰਾਇ ਜੀ
।
ਬਿਕ੍ਰਮ ਸਿੰਘ ਜੀ
।
ਰਾਮ ਸਿੰਘ ਜੀ
।
ਵਡਭਾਗ ਸਿੰਘ ਜੀ
ਕਰਤਾਰਪੁਰ ਵਿੱਚ ਹੇਠ ਲਿਖੇ ਅਸਥਾਨ ਦਰਸ਼ਨ ਯੋਗ ਹਨ—
(੧) ਸ਼ੀਸ਼ ਮਹਲ. ਇਹ ਮਕਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੁੰਦਰ ਸਜਾਇਆ. ਇਸ ਵਿੱਚ ਇਹ ਗੁਰੁਵਸਤੂਆਂ ਹਨ—
(ੳ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਨੇ ਭਾਈ ਗੁਰੁਦਾਸ ਤੋਂ ਲਿਖਵਾਇਆ. ਦੇਖੋ, ਗ੍ਰੰਥਸਾਹਿਬ ਸ਼ਬਦ.
(ਅ) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਖੜਗ , ਜੋ ਛੀ ਸੇਰ ਪੱਕੇ ਤੋਲ ਦਾ ਹੈ. ਇਸੇ ਨਾਲ ਪੈਂਦਾ ਖ਼ਾਨ ਮਾਰਿਆ ਸੀ.
(ੲ) ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਖੰਡਾ , ਜਿਸ ਤੇ ਲਿਖਿਆ ਹੈ—“ਗੁਰੂ ਨਾਨਕ ਜੀ ਸਹਾਇ ਗੁਰੂ ਹਰਿਰਾਇ ਜੀ ੧੬੯੪”
(ਸ) ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਠ ਦਾ ਗੁਟਕਾ.
(ਹ) ਸੇਲੀ ਅਤੇ ਟੋਪੀ ਬਾਬਾ ਸ਼੍ਰੀ ਚੰਦ ਜੀ ਦੀ, ਜੋ ਬਾਬਾ ਗੁਰੁਦਿੱਤਾ ਜੀ ਨੂੰ ਬਖਸ਼ੀ ਸੀ.
(ਕ) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਨਿਸ਼ਾਨ (ਝੰਡਾ).
(ਖ) ਬਾਬਾ ਗੁਰੁਦਿੱਤਾ ਜੀ ਦੀ ਦਸਤਾਰ.
(ਗ) ਬਾਬਾ ਗੁਰੁਦਿੱਤਾ ਜੀ ਦੇ ਬੈਠਣ ਦੀ ਸੋਜ਼ਨੀ.
(ਘ) ਬਾਬਾ ਗੁਰੁਦਿੱਤਾ ਜੀ ਦੇ ਓਢਣ ਦਾ ਸ਼ਾਲ.
(ਙ) ਬਾਬਾ ਜੀ ਦੀ ਗੋਦੜੀ (ਕੰਥਾ)
(੨) ਖੂਹ ਮੱਲੀਆਂ. ਇੱਥੇ ਭਾਈ ਗੁਰੁਦਾਸ ਜੀ ਵਿਰਾਜਿਆ ਕਰਦੇ ਸਨ. ਏਕਾਂਤ ਬੈਠਕੇ ਕਾਵ੍ਯਰਚਨਾ ਕਰਦੇ ਹੁੰਦੇ ਸਨ.
(੩) ਗੁਰੂ ਕੇ ਮਹਲ ਅਤੇ ਥੰਮ ਸਾਹਿਬ. ਸ਼੍ਰੀ ਗੁਰੂ ਅਰਜਨ ਦੇਵ ਨੇ ਇਕ ਦੀਵਾਨਖਾਨਾ ਬਣਵਾਇਆ ਸੀ, ਜਿਸ ਦੇ ਵਿਚਕਾਰ ਪੱਕੇ ਸਤੂਨ ਦੀ ਥਾਂ ਟਾਲ੍ਹੀ ਦਾ ਥੰਮ ਸੀ, ਜਿਸ ਤੋਂ ਨਾਉਂ ਥੰਮ ਸਾਹਿਬ ਹੋ ਗਿਆ. ਹੁਣ ਇਸ ਥਾਂ ਬਹੁਤ ਉੱਚੀ ਕਈ ਮੰਜ਼ਿਲੀ ਇਮਾਰਤ ਹੈ, ਜੋ ਦੂਰੋਂ ਨਜ਼ਰ ਆਉਂਦੀ ਹੈ.
(੪) ਗੰਗਸਰ ਖੂਹ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ ੧੬੫੬ ਵਿੱਚ ਲਗਵਾਇਆ.
(੫) ਟਾਹਲੀ ਸਾਹਿਬ. ਸ਼ਹਿਰ ਤੋਂ ਡੇਢ ਮੀਲ ਦੱਖਣ ਪੱਛਮ ਸ਼੍ਰੀ ਗੁਰੂ ਹਰਿਰਾਇ ਸਾਹਿਬ ਦਾ ਅਸਥਾਨ, ਜਿਸ ਥਾਂ ਆਪ ਵਿਰਾਜਿਆ ਕਰਦੇ ਸਨ.
(੬) ਥੰਮ ਸਾਹਿਬ. ਦੇਖੋ, ਅੰਗ ੩.
(੭) ਦਮਦਮਾ ਸਾਹਿਬ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੈਠਣ ਦਾ ਉੱਚਾ ਅਸਥਾਨ, ਜਿਸ ਥਾਂ ਬੈਠਕੇ ਯੁੱਧ ਦੀਆਂ ਵਾਰਾਂ ਸੁਣਦੇ ਅਤੇ ਫੌਜ ਦੇ ਕਰਤਬ ਦੇਖਦੇ. ਪੈਂਦੇ ਖਾਨ ਨੂੰ ਮਾਰਕੇ ਭੀ ਇੱਥੇ ਵਿਰਾਜੇ ਹਨ.
(੮) ਦਮਦਮਾ ਸਾਹਿਬ ੨. ਇੱਥੇ ਕਈ ਵਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜਿਆ ਕਰਦੇ ਸਨ.
(੯) ਨਾਨਕੀਆਣਾ. ਸ਼ਹਿਰ ਤੋਂ ਦੱਖਣ ਅੱਧ ਮੀਲ ਜਰਨੈਲੀ ਸੜਕ ਦੇ ਕਿਨਾਰੇ ਮਾਤਾ ਜੀ ਦਾ ਅਸਥਾਨ. ਲੋਕ ਆਖਦੇ ਹਨ ਕਿ ਇਹ ਮਾਤਾ ਜੀ ਦੀ ਸਮਾਧਿ ਹੈ. ਪਰੰਤੂ ਮਾਤਾ ਜੀ ਦਾ ਦੇਹਾਂਤ ਕੀਰਤਪੁਰ ਹੋਇਆ ਹੈ. ਕੋਈ ਅਚਰਜ ਨਹੀਂ ਕਿ ਕਰਤਾਰਪੁਰ ਦੇ ਸੋਢੀ ਸਾਹਿਬਾਨ ਨੇ ਉਸ ਥਾਂ ਤੋਂ ਭਸਮ ਲਿਆਕੇ ਸਮਾਧਿ ਬਣਾਈ ਹੋਵੇ.
(੧੦) ਬੇਰਸਾਹਿਬ. ਸ਼ਹਿਰ ਤੋਂ ਇੱਕ ਮੀਲ ਪੂਰਵ ਦੱਖਣ ਇੱਕ ਬੇਰੀ , ਜਿਸ ਹੇਠ ਬਾਬਾ ਗੁਰੁਦਿੱਤਾ ਜੀ ਕਈ ਵਾਰ ਵਿਰਾਜੇ ਅਤੇ ਇੱਕ ਵਾਰ ਬਾਬਾ ਸ਼੍ਰੀਚੰਦ ਜੀ ਭੀ ਮਿਲਣ ਆਏ ਠਹਿਰੇ ਸਨ.
(੧੧) ਮਾਤਾ ਕੌਲਾਂ ਜੀ ਦੀ ਸਮਾਧਿ. ਰਾਮਗੜ੍ਹੀਆਂ ਦੇ ਮਹੱਲੇ ਪਾਸ ਪੱਕੇ ਬਾਗ ਅੰਦਰ ਹੈ.
(੧੨) ਵਿਵਾਹ ਅਸਥਾਨ, ਜਿੱਥੇ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼੍ਰੀਮਤੀ ਗੁਜਰੀ ਜੀ ਨਾਲ ਸ਼ਾਦੀ ਹੋਈ. ਇਹ ਗੁਰਦ੍ਵਾਰਾ ਰਬਾਬੀਆਂ ਦੇ ਮਹੱਲੇ ਹੈ.
ਕਰਤਾਰਪੁਰ ਨੂੰ ਸੰਮਤ ੧੮੧੪ (ਸਨ ੧੭੫੬) ਵਿੱਚ ਅਹਮਦਸ਼ਾਹ ਨੇ ਅੱਗ ਲਾਕੇ ਭਾਰੀ ਨੁਕਸਾਨ ਪਹੁੰਚਾਇਆ ਸੀ. ਦੇਖੋ, ਵਡਭਾਗ ਸਿੰਘ.
(C) ਸਤਿਸੰਗ. ਵਾਹਗੁਰੂ ਦੇ ਨਿਵਾਸ ਦਾ ਅਸਥਾਨ. ਦੇਖੋ, ਕਰਤਾਰਪੁਰਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਰਤਾਰਪੁਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਤਾਰਪੁਰ: ਪਾਕਿਸਤਾਨ ਦੇ ਅਜੋਕੇ ਜ਼ਿਲਾ ਸਿਆਲਕੋਟ ਵਿਚ ਰਾਵੀ ਦਰਿਆ ਦੇ ਕੰਢੇ ਤੇ ਵੱਸਿਆ ਹੋਇਆ ਇਕ ਨਗਰ ਹੈ। ਭਾਰਤੀ ਪੰਜਾਬ ਦੇ ਜਲੰਧਰ ਜ਼ਿਲੇ ਵਿਚ ਵੀ ਇਸੇ ਨਾਂ ਦਾ ਇਕ ਹੋਰ ਸ਼ਹਿਰ ਹੋਣ ਕਰਕੇ ਇਸਨੂੰ ਉਸ ਨਾਲੋਂ ਨਖੇੜਨ ਲਈ ਇਸਨੂੰ ਆਮ ਤੌਰ ਤੇ ਕਰਤਾਰਪੁਰ ਰਾਵੀ ਕਿਹਾ ਜਾਂਦਾ ਹੈ। ਇਹ ਗੁਰੂ ਨਾਨਕ ਦੇਵ (1469-1539) ਜੀ ਦੁਆਰਾ ਵਸਾਇਆ ਇਕ ਪਵਿੱਤਰ ਅਸਥਾਨ ਹੈ। ਗੁਰੂ ਸਾਹਿਬ ਭਾਰਤ ਅਤੇ ਦੂਜੇ ਦੇਸਾਂ ਵਿਚ ਰੂਹਾਨੀਅਤ ਦਾ ਪ੍ਰਚਾਰ ਕਰਦੇ ਹੋਏ ਲੰਮੀਆਂ ਉਦਾਸੀਆਂ ਤੋਂ ਬਾਅਦ ਇੱਥੇ ਆ ਕੇ ਵੱਸੇ ਸਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਆਪਣੇ ਜੀਵਨ ਦੇ ਆਖ਼ਰੀ ਦੋ ਦਹਾਕੇ ਕਰਤਾਰਪੁਰ ਵਿਖੇ ਬਿਤਾਏ ਸਨ। ਉਸ ਸਮੇਂ ਇਹ ਅਸਥਾਨ ਸਿੱਖ ਧਰਮ ਦਾ ਪ੍ਰਮੁਖ ਪ੍ਰਚਾਰ ਕੇਂਦਰ ਬਣ ਗਿਆ ਸੀ। ਬਾਅਦ ਵਿਚ ਗੁਰੂ ਅੰਗਦ ਦੇਵ ਵਜੋਂ ਸਜੇ ਭਾਈ ਲਹਿਣਾ, ਨੇ ਇੱਥੇ ਹੀ ਸਿੱਖੀ ਧਾਰਨ ਕੀਤੀ ਅਤੇ ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ (ਗੁਰੂ) ਅੰਗਦ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨ ਉਪਰੰਤ 7 ਸਤੰਬਰ 1539, (ਅਸੂ ਵਦੀ 10, 1596 ਬਿਕਰਮੀ) ਨੂੰ ਜੋਤੀ-ਜੋਤਿ ਸਮਾ ਗਏ ਸਨ। ਇਸ ਦਾ ਬਹੁਤ ਸਾਰਾ ਹਿੱਸਾ ਰਾਵੀ ਦਰਿਆ ਦੀ ਲਪੇਟ ਵਿਚ ਆ ਜਾਣ ਕਰਕੇ ਗੁਰੂ ਜੀ ਦੇ ਪਰਵਾਰ-ਜਨ ਅਤੇ ਪੈਰੋਕਾਰ ਡੇਰਾ ਬਾਬਾ ਨਾਨਕ ਚੱਲੇ ਗਏ ਸੀ। ਇਹ ਨਵਾਂ ਅਸਥਾਨ ਉਹਨਾਂ ਨੇ ਰਾਵੀ ਦਰਿਆ ਦੇ ਦੂਜੇ ਕੰਢੇ ਤੇ ਅਬਾਦ ਕੀਤਾ ਸੀ ।ਕਰਤਾਰਪੁਰ ਵਿਖੇ ਬਾਅਦ ਵਿਚ ‘ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਪਾਤਸ਼ਾਹੀ ੧’ ਦੀ ਇਕ ਉੱਚੀ ਇਮਾਰਤ ਬਣਾਈ ਗਈ ਜੋ ਕਿ ਅੱਜ ਵੀ ਡੇਰਾ ਬਾਬਾ ਨਾਨਕ ਦੇ ਉੱਤਰ ਵਿਚ ਬਣੀ ਭਾਰਤ-ਪਾਕਿਸਤਾਨ ਸਰਹੱਦ ਦੇ ਉੱਚੇ ਕਿਨਾਰੇ ਤੋਂ ਵੇਖੀ ਜਾ ਸਕਦੀ ਹੈ। ਪਰ 1947 ਦੀ ਵੰਡ ਤੋਂ ਬਾਅਦ ਭਾਰਤੀ ਯਾਤਰੂਆਂ ਅਤੇ ਸ਼ਰਧਾਲੂਆਂ ਲਈ ਇਸ ਦੇ ਦਰਸ਼ਨ ਮੁਸ਼ਕਲ ਹੋ ਗਏ ਹਨ।
ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਰਤਾਰਪੁਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਤਾਰਪੁਰ (31°-26’ਉ, 75°-30’ਪੂ): ਫ਼ਰਨੀਚਰ ਉਦਯੋਗ ਲਈ ਮਸ਼ਹੂਰ ਸ਼ੇਰ ਸ਼ਾਹ ਸੂਰੀ ਮਾਰਗ ਉੱਪਰ ਸਥਿਤ ਪੰਜਾਬ ਦੇ ਸ਼ਹਿਰ ਜਲੰਧਰ ਤੋਂ 15 ਕਿ.ਮੀ. ਉੱਤਰ-ਪੱਛਮ ਵੱਲ ਸਥਿਤ ਇਹ ਇਕ ਮਿਉਂਸਿਪਲ ਕਸਬਾ ਹੈ। ਇਸ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ (1563-1606) ਨੇ ਬਾਦਸ਼ਾਹ ਅਕਬਰ (1556-1605) ਦੇ ਰਾਜ ਸਮੇਂ ਬਾਦਸ਼ਾਹ ਦੁਆਰਾ ਦਿੱਤੀ ਗਈ ਜ਼ਮੀਨ ਉੱਪਰ 1594 ਨੂੰ ਕੀਤੀ ਸੀ। ਗੁਰੂ ਅਰਜਨ ਦੇਵ ਜੀ ਦੇ ਉੱਤਰਾਧਿਕਾਰੀ ਗੁਰੂ ਹਰਿਗੋਬਿੰਦ ਜੀ (1595-1644) ਵੀ ਕੁਝ ਸਮਾਂ ਇੱਥੇ ਰਹੇ ਸਨ। ਉਹਨਾਂ ਦੇ ਦੋ ਸੁਪੁੱਤਰਾਂ ਸੂਰਜ ਮੱਲ ਅਤੇ ਗੁਰੂ ਤੇਗ਼ ਬਹਾਦਰ ਜੀ ਦੇ ਵਿਆਹ ਵੀ ਕਰਤਾਰਪੁਰ ਵਿਖੇ ਹੋਏ ਸਨ। ਗੁਰੂ ਹਰਿਗੋਬਿੰਦ ਜੀ ਦੇ ਦੁਸ਼ਮਣ ਬਣੇ ਇਕ ਪਹਿਲਾਂ ਰਹਿ ਚੁੱਕੇ ਸੇਵਕ ਪੈਂਦਾ ਖ਼ਾਨ ਦੇ ਉਕਸਾਉਣ’ਤੇ ਜਲੰਧਰ ਦੇ ਫ਼ੌਜਦਾਰ ਨੇ ਅਪ੍ਰੈਲ 1635 ਨੂੰ ਕਰਤਾਰਪੁਰ ਉੱਤੇ ਹਮਲਾ ਕਰ ਦਿੱਤਾ ਸੀ। ਤਿੰਨ ਦਿਨ ਦੀ ਇਸ ਲੜ੍ਹਾਈ ਵਿਚ ਗੁਰੂ ਜੀ ਦੇ ਸਭ ਤੋਂ ਛੋਟੇ ਸੁਪੁੱਤਰ, ਤੇਗ਼ ਬਹਾਦਰ ਜੀ, ਨੇ ਇੱਥੇ ਹੀ ਬਹਾਦਰੀ ਦੇ ਜੌਹਰ ਦਿਖਾਏ ਸਨ। ਇਸ ਲੜਾਈ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਰਵਾਰ ਅਤੇ ਸਿੱਖਾਂ ਨੇ ਇਹ ਨਗਰ ਛੱਡ ਦਿੱਤਾ ਅਤੇ ਕੀਰਤਪੁਰ ਦੇ ਪਹਾੜੀ ਖੇਤਰ ਵਿਚ ਆ ਵੱਸੇ ਸਨ। ਉਹਨਾਂ ਦੇ ਛੋਟੇ ਪੋਤਰੇ ਧੀਰ ਮੱਲ (1627-77) ਨੇ ਨਾ ਤਾਂ ਕਦੇ ਕਰਤਾਰਪੁਰ ਹੀ ਛੱਡਣਾ ਚਾਹਿਆ ਅਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਨੂੰ ਆਪਣੇ ਤੋਂ ਅਲੱਗ ਕੀਤਾ ਸੀ। ਉਹ ਉੱਥੇ ਹੀ ਰਹਿ ਗਿਆ ਅਤੇ ਆਪਣੇ ਆਪ ਨੂੰ ਗੁਰੂ ਕਹਾਉਣ ਕਰਕੇ ਉਸ ਨੇ ਆਪਣੀ ਇਕ ਵੱਖਰੀ ਸੰਪਰਦਾਇ ਬਣਾ ਲਈ ਸੀ ਜਿਸ ਨੂੰ ਬਾਅਦ ਵਿਚ ਧੀਰਮੱਲੀਆ ਸੰਪਰਦਾਇ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਉਸ ਨੇ ਜ਼ਮੀਨ ਦੀ ਆਮਦਨ ਅਤੇ ਪਵਿੱਤਰ ਗ੍ਰੰਥ ਨੂੰ ਸ਼ਰਧਾਲੂਆਂ ਦੁਆਰਾ ਭੇਟ ਕੀਤੇ ਜਾਣ ਵਾਲੇ ਚੜ੍ਹਾਵੇ ਉੱਪਰ ਆਪਣਾ ਅਧਿਕਾਰ ਜਮਾ ਲਿਆ। ਕਰਤਾਰਪੁਰ ਦੇ ਸੋਢੀ ਅਖਵਾਉਣ ਵਾਲੇ ਉਸ ਦੇ ਉੱਤਰਾਧਿਕਾਰੀ ਇਸ ਜਗ੍ਹਾ ਦੇ ਮਾਲਕ ਬਣ ਗਏ ਅਤੇ ਨਗਰ ਵਿਚ ਸਥਾਪਿਤ ਸਿੱਖ ਧਾਰਮਿਕ ਅਸਥਾਨਾਂ ਦੇ ਮੁੱਖ ਪੁਜਾਰੀ ਬਣ ਗਏ। ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ (1666- 1708) ਨੇ ਇਸ ਸੰਪਰਦਾਇ ਨੂੰ ਤਨਖ਼ਾਹੀਆ ਘੋਸ਼ਿਤ ਕਰ ਦਿੱਤਾ ਅਤੇ ਸਿੱਖਾਂ ਨੂੰ ਇਹਨਾਂ ਨਾਲ ਕਿਸੇ ਵੀ ਕਿਸਮ ਦਾ ਸੰਬੰਧ ਰੱਖਣ ਦੀ ਮਨਾਹੀ ਕਰ ਦਿੱਤੀ। ਬਾਅਦ ਵਿਚ ਕਰਤਾਰਪੁਰ ਦੇ ਇਹਨਾਂ ਸੋਢੀਆਂ ਨੇ ਸਿੱਖ ਪੰਥ ਵਿਚ ਸ਼ਾਮਲ ਹੋ ਕੇ ਖ਼ਾਲਸੇ ਦੀ ਮਰਯਾਦਾ ਨੂੰ ਪ੍ਰਵਾਨ ਕਰ ਲਿਆ ਸੀ। 1757 ਵਿਚ ਅਹਮਦ ਸ਼ਾਹ ਦੁੱਰਾਨੀ ਨੇ ਕਰਤਾਰਪੁਰ ’ਤੇ ਹਮਲਾ ਕਰਕੇ ਪਵਿੱਤਰ ਥੰਮ ਸਾਹਿਬ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਅਤੇ ਸੋਢੀ ਵਡਭਾਗ ਸਿੰਘ (ਅ.ਚ. 1762) ਨੂੰ ਊਨਾ ਦੀਆਂ ਪਹਾੜੀਆਂ ਵੱਲ ਭੱਜ ਜਾਣ ਲਈ ਮਜਬੂਰ ਕਰ ਦਿੱਤਾ ਸੀ। ਸਿੱਖਾਂ ਨੇ ਛੇਤੀ ਹੀ ਇਸ ਬੇਹੁਰਮਤੀ ਦਾ ਬਦਲਾ ਲੈ ਲਿਆ ਅਤੇ ਜਦੋਂ ਉਹ ਪੰਜਾਬ ਵਿਚ ਤਾਕਤ ਵਿਚ ਆਏ ਤਾਂ ਉਹਨਾਂ ਨੇ ਇਸ ਪਵਿੱਤਰ ਅਸਥਾਨ ਦਾ ਪੁਨਰ- ਸਥਾਪਨ ਕੀਤਾ। ਕਰਤਾਰਪੁਰ ਵਿਚ ਅੱਜ-ਕੱਲ੍ਹ ਹੇਠ ਲਿਖੇ ਪਵਿੱਤਰ ਅਸਥਾਨ ਮੌਜੂਦ ਹਨ: -
ਗੁਰਦੁਆਰਾ ਥੰਮਜੀ ਸਾਹਿਬ (ਜਿਸ ਨੂੰ ਆਮ ਤੌਰ ਤੇ ਥੰਮ ਸਾਹਿਬ ਕਿਹਾ ਜਾਂਦਾ ਹੈ) ਦਾ ਨਾਂ ਇੱਥੇ ਸਭ ਤੋਂ ਪਹਿਲੀ ਇਮਾਰਤ ਵਿਚ ਵਰਤੇ ਗਏ ਲੱਕੜੀ ਦੇ ਵੱਡੇ ਥੰਮ ਕਰਕੇ ਪਿਆ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਸੰਗਤ ਦੇ ਨਿਵਾਸ ਲਈ ਬਣਵਾਇਆ ਸੀ। ਥੰਮ ਨੂੰ ਬਾਅਦ ਵਿਚ ਸਿੱਖਾਂ ਨੇ ਪਵਿੱਤਰ ਯਾਦਗਾਰ ਮੰਨ ਲਿਆ। ਅਹਮਦ ਸ਼ਾਹ ਦੁੱਰਾਨੀ ਨੇ 1757 ਵਿਚ ਇਸ ਇਮਾਰਤ ਨੂੰ ਤਬਾਹ ਕਰ ਦਿੱਤਾ ਸੀ। ਇਸ ਦੇ ਕੁਝ ਸਮੇਂ ਪਿੱਛੋਂ ਇਸ ਅਸਥਾਨ’ਤੇ ਇਕ ਸਧਾਰਨ ਭਵਨ ਉਸਾਰਿਆ ਗਿਆ। ਉਪਰੰਤ ਮਹਾਰਾਜਾ ਰਣਜੀਤ ਸਿੰਘ (1780 -1839) ਦੀ ਉਦਾਰਤਾ ਕਾਰਨ ਜਿੱਥੇ ਅਜੋਕੀ ਸੱਤ ਮੰਜ਼ਲੀ ਇਮਾਰਤ ਉਸਾਰੀ ਗਈ ਸੀ। ਚਾਰ ਦੀਵਾਰੀ ਦੇ ਐਨ ਵਿਚਕਾਰ ਉੱਚੀ ਕੁਰਸੀ ਵਾਲਾ 15 ਵਰਗਮੀਟਰ ਦਾ ਇਕ ਦੋ ਮੰਜ਼ਲਾ ਹਾਲ ਹੈ। ਇਸ ਦਾ ਫ਼ਰਸ਼ ਸੰਗਮਰਮਰ ਦਾ ਹੈ ਅਤੇ ਇਸ ਦੀ ਹੇਠਲੀ ਮੰਜ਼ਲ ਦੇ ਵਿਚਕਾਰ ਇਕ ਉੱਚੀ ਥਾਂ ਨੂੰ ਪ੍ਰਕਾਸ਼-ਅਸਥਾਨ ਬਣਾਇਆ ਗਿਆ ਹੈ। ਇਸ ਪਵਿੱਤਰ ਅਸਥਾਨ ਦੀਆਂ ਛੇ ਮੰਜ਼ਲਾਂ ਦੇ ਉੱਪਰ ਸੁਨਹਿਰੀ ਗੁੰਬਦ ਹੈ। ਗੁਰਦੁਆਰੇ ਦੀ 100 ਏਕੜ ਜ਼ਮੀਨ ਹੈ ਅਤੇ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਥਾਨਿਕ ਕਮੇਟੀ ਰਾਹੀਂ ਕੀਤਾ ਜਾਂਦਾ ਹੈ। ਇਹ ਕਮੇਟੀ ਗੰਗਸਰ, ਚੁਬੱਚਾ ਸਾਹਿਬ, ਵਿਆਹ ਅਸਥਾਨ ਅਤੇ ਟਾਹਲੀ ਸਾਹਿਬ ਗੁਰਦੁਆਰਿਆਂ ਦਾ ਪ੍ਰਬੰਧ ਵੀ ਕਰਦੀ ਹੈ।
ਗੁਰਦੁਆਰਾ ਗੰਗਸਰ ਪਾਤਸ਼ਾਹੀ ਪੰਜਵੀਂ ਅਤੇ ਛੇਵੀਂ, ਸ਼ਹਿਰ ਦੇ 200 ਮੀਟਰ ਪੂਰਬ ਵੱਲ ਸਥਿਤ ਹੈ। 1599 ਵਿਚ ਇਕ ਖੂਹ ਦੀ ਪੁਟਾਈ ਸਮੇਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਇਹ ਗੰਗਾ ਦਰਿਆ ਜਿੰਨਾ ਹੀ ਪਵਿੱਤਰ ਹੈ। ਉਦੋਂ ਤੋਂ ਇਸ ਦਾ ਇਹ ਨਾਂ ਪੈ ਗਿਆ। ਖੂਹ ਦੇ ਕੋਲ ਪੁਰਾਤਨ ਮੰਜੀ ਸਾਹਿਬ ਨੂੰ 1975 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਮੰਜ਼ਲੀ ਇਮਾਰਤ ਵਿਚ ਤਬਦੀਲ ਕਰ ਦਿੱਤਾ। ਪ੍ਰਕਾਸ਼-ਅਸਥਾਨ ਹੇਠਲੀ ਮੰਜ਼ਲ ਤੇ ਵਰਗਾਕਾਰ ਹਾਲ ਦੇ ਇਕ ਪਾਸੇ ਸੁਸ਼ੋਭਿਤ ਹੈ। ਇਸ ਪ੍ਰਕਾਸ਼-ਅਸਥਾਨ ਤੋਂ ਉੱਪਰ ਚਾਰ ਮੰਜ਼ਲਾਂ ਦੇ ਸਿਖਰ ਤੇ ਗੁੰਬਦ ਬਣਿਆ ਹੋਇਆ ਹੈ। ਹਾਲ ਦੇ ਅੰਦਰ ਸੱਜੇ ਹੱਥ ਪ੍ਰਕਾਸ਼-ਅਸਥਾਨ ਦੇ ਕੋਲ ਗੁਰੂ ਹਰਿਗੋਬਿੰਦ ਜੀ ਨੂੰ ਸਮਰਪਿਤ ਇਕ ਥੜ੍ਹਾ ਬਣਿਆ ਹੋਇਆ ਹੈ ਜਿਸ ਬਾਰੇ ਇਕ ਸਥਾਨਿਕ ਰਵਾਇਤ ਅਨੁਸਾਰ ਮੰਨਿਆ ਜਾਂਦਾ ਹੈ ਕਿ ਗੁਰੂ ਜੀ ਇੱਥੇ ਬੈਠ ਕੇ ਹਾਜ਼ਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਿਆ ਕਰਦੇ ਸਨ।
ਗੁਰਦੁਆਰਾ ਵਿਆਹ ਅਸਥਾਨ ਗੁਰੂ ਤੇਗ਼ ਬਹਾਦਰ ਤੇ ਮਾਤਾ ਗੁਜਰੀ ਜੀ, ਰਬਾਬੀਆਂ ਵਾਲੀ ਤੰਗ ਗਲੀ ਦੇ ਅਖੀਰ ਵਿਚ ਉਸ ਘਰ ਦੀ ਥਾਂ ਉੱਪਰ ਸਥਿਤ ਹੈ ਜਿੱਥੇ ਮਾਤਾ ਗੁਜਰੀ ਦੇ ਪਿਤਾ ਜੀ ਭਾਈ ਲਾਲ ਚੰਦ ਸੁਭਿੱਖੀ ਰਹਿੰਦੇ ਸਨ। ਇਸ ਥਾਂ’ਤੇ ਹੀ ਮਾਤਾ ਗੁਜਰੀ ਜੀ ਦਾ ਵਿਆਹ ਗੁਰੂ ਤੇਗ਼ ਬਹਾਦਰ ਜੀ ਨਾਲ 4 ਫ਼ਰਵਰੀ 1633 ਨੂੰ ਹੋਇਆ ਸੀ। 1980 ਵਿਚ ਖਡੂਰ ਸਾਹਿਬ ਦੇ ਬਾਬਾ ਉੱਤਮ ਸਿੰਘ ਦੀ ਦੇਖ-ਰੇਖ ਹੇਠ ਇੱਥੇ ਇਕ ਪੰਜ ਮੰਜ਼ਲੇ ਗੁਰਦੁਆਰੇ ਦਾ ਨਿਰਮਾਣ ਕੀਤਾ ਗਿਆ। ਇਸ ਦੀ ਹੇਠਲੀ ਮੰਜ਼ਲ ਦੇ ਆਇਤਾਕਾਰ ਹਾਲ ਦੇ ਇਕ ਕੋਨੇ ਵਿਚ ਪ੍ਰਕਾਸ਼-ਅਸਥਾਨ ਹੈ।ਇਸ ਤੋਂ ਇਲਾਵਾ ਉੱਤਰ ਵੱਲ ਇਕ ਹੋਰ ਇਮਾਰਤ ਵਿਚ ਲਾਇਬ੍ਰੇਰੀ ਬਣੀ ਹੋਈ ਹੈ।
ਗੁਰਦੁਆਰਾ ਚੁਬੱਚਾ ਸਾਹਿਬ ਪਾਤਸ਼ਾਹੀ ਛੇਵੀਂ, ਗੁਰਦੁਆਰਾ ਥੰਮ ਸਾਹਿਬ ਦੇ ਉੱਤਰ-ਪੱਛਮ ਵੱਲ ਲਗ-ਪਗ 100 ਮੀਟਰ ਚਾਰ ਦੀਵਾਰੀ ਦੇ ਅੰਦਰ ਸਥਿਤ ਹੈ। ਪ੍ਰਕਾਸ਼-ਅਸਥਾਨ 1940 ਵਿਚ ਬਣੇ ਸਮਤਲ ਛੱਤ ਵਾਲੇ ਆਇਤਾਕਾਰ ਹਾਲ ਦੇ ਇਕ ਕੋਨੇ ਵਿਚ ਹੈ।
ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਸਤਵੀਂ, ਮੁੱਖ ਸ਼ਹਿਰ ਤੋਂ ਲਗ-ਪਗ 2 ਕਿਲੋਮੀਟਰ ਦੱਖਣ ਵੱਲ ਸਥਿਤ ਹੈ। ਇਹ ਗੁਰਦੁਆਰਾ ਗੁਰੂ ਹਰਿਰਾਇ ਜੀ (1630-61) ਦੀ ਯਾਦ ਵਿਚ ਬਣਿਆ ਹੋਇਆ ਹੈ ਜੋ ਕਿ 1658 ਵਿਚ ਕੀਰਤਪੁਰ ਤੋਂ ਗੋਇੰਦਵਾਲ ਜਾਂਦੇ ਹੋਏ ਆਪਣੀ ਘੋੜ-ਸਵਾਰ ਫ਼ੌਜ ਸਮੇਤ ਇੱਥੇ ਰੁਕੇ ਸਨ। ਗੁਰਦੁਆਰੇ ਦਾ ਨਾਂ ‘ਟਾਹਲੀ ਦਰਖ਼ਤ’ ਕਰਕੇ ਪਿਆ ਹੈ। ਅੱਜ ਤਕ ਪ੍ਰਚਲਿਤ ਸਥਾਨਿਕ ਰਵਾਇਤ ਅਨੁਸਾਰ ਟਾਹਲੀ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ। ਅਜੋਕੀ ਇਮਾਰਤ 1949 ਵਿਚ ਰਾੜਾ ਸਾਹਿਬ ਦੇ ਸੰਤ ਈਸ਼ਰ ਸਿੰਘ ਦੀ ਦੇਖ- ਰੇਖ ਹੇਠ ਤਿਆਰ ਹੋਈ ਹੈ। ਪ੍ਰਮੁਖ ਇਮਾਰਤ ਦੀ ਛੱਤ ਪੱਧਰੀ ਹੈ ਅਤੇ ਇਸ ਦੇ ਆਇਤਾਕਾਰ ਹਾਲ ਵਿਚ ਪ੍ਰਕਾਸ਼-ਅਸਥਾਨ ਸੁਸ਼ੋਭਿਤ ਹੈ।
ਗੁਰਦੁਆਰਾ ਬਾਬੇ ਦੀ ਬੇਰ ਜਾਂ ਬੇਰ ਸਾਹਿਬ, ਸ਼ਹਿਰ ਦੇ ਪੂਰਬ ਵੱਲ ਲਗ-ਪਗ ਡੇਢ ਕਿਲੋਮੀਟਰ ਦੂਰੀ ਤੇ ਸਥਿਤ ਹੈ ਜੋ ਕਿ ਗੁਰੂ ਹਰਿਗੋਬਿੰਦ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ (1613-38) ਦੀ ਯਾਦ ਵਿਚ ਬਣਿਆ ਹੋਇਆ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ (1494-1629) ਨੇ ਬੇਰ ਦੇ ਦਰਖ਼ਤ ਹੇਠ ਉਦਾਸੀ ਸੰਪਰਦਾਇ ਦੇ ਮੁੱਖ ਉੱਤਰਾਧਿਕਾਰੀ ਚੁਣਨ ਤੋਂ ਪਹਿਲਾਂ ਗੁਰਦਿੱਤਾ ਜੀ ਨਾਲ ਸੰਵਾਦ ਕੀਤਾ ਸੀ। ਬੇਰ ਦਾ ਦਰਖ਼ਤ ਅੱਜ ਤਕ ਉੱਥੇ ਸਥਿਤ ਹੈ ਜਿਸਦੇ ਨਾਲ ਹੀ ਪੁਰਾਤਨ ਖੂਹ ਮੌਜੂਦ ਹੈ ਜੋ ‘ਖੂਹ ਮਲੀਆਂ` ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰਵਾਇਤ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਵਿਆਖਿਆਕਾਰ ਅਤੇ ਮਹਾਨ ਕਵੀ ਭਾਈ ਗੁਰਦਾਸ (ਅ.ਚ. 1636), ਨੇ ਇਸ ਅਸਥਾਨ ਦੇ ਇਕਾਂਤ ਤੋਂ ਪ੍ਰਭਾਵਿਤ ਹੋ ਕੇ ਕੁਝ ਪਉੜੀਆਂ ਦੀ ਰਚਨਾ ਕੀਤੀ ਸੀ। ਅਜੋਕੇ ਗੁਰਦੁਆਰੇ ਦਾ ਨਿਰਮਾਣ 1961 ਵਿਚ ਸਥਾਨਿਕ ਸੰਗਤ ਦੁਆਰਾ ਕੀਤਾ ਗਿਆ ਜਿਸ ਵਿਚ ਇਕ ਵਰਗਾਕਾਰ ਕਮਰਾ ਅਤੇ ਬਾਹਰ ਵਰਾਂਡਾ ਬਣਿਆ ਹੋਇਆ ਹੈ।
ਸ਼ੀਸ਼ ਮਹਿਲ , ਉਸ ਅਸਥਾਨ ਦੀ ਯਾਦ ਦਿਵਾਉਂਦਾ ਹੈ ਜਿਹੜਾ ਅਸਲ ਵਿਚ ਗੁਰੂ ਅਰਜਨ ਦੇਵ ਅਤੇ ਗੁਰੂ ਹਰਿਗੋਬਿੰਦ ਜੀ ਦਾ ਨਿਵਾਸ ਅਸਥਾਨ ਸੀ। ਗੁਰੂ ਸਾਹਿਬਾਨ ਆਪਣੀ ਕਰਤਾਰਪੁਰ ਫੇਰੀ ਸਮੇਂ ਇੱਥੇ ਨਿਵਾਸ ਕਰਿਆ ਕਰਦੇ ਸਨ। ਇਹ ਇਕ ਕਿਲ੍ਹਾਨੁਮਾ ਘਰ ਹੈ ਜਿਸ ਉੱਤੇ ਬਾਬਾ ਧੀਰ ਮੱਲ ਦੇ ਸੋਢੀ ਉੱਤਰਾਧਿਕਾਰੀਆਂ ਦੀ ਮਲਕੀਅਤ ਹੈ। ਸ਼ੀਸ਼ ਮਹਿਲ ਵਿਚ ਗੁਰੂ ਸਾਹਿਬਾਨ ਦੀਆਂ ਬਹੁਤ ਸਾਰੀਆਂ ਪਵਿੱਤਰ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਹੋਈਆਂ ਹਨ ਜਿਵੇਂ ਕਿ ਗੁਰੂ ਅਰਜਨ ਦੇਵ ਜੀ ਦੁਆਰਾ ਤਿਆਰ ਕਰਵਾਏ ਪਵਿੱਤਰ ਗ੍ਰੰਥ ਦੀ ਅਸਲ ਕਾਪੀ: ਗੁਰੂ ਅਰਜਨ ਦੇਵ ਜੀ ਦੇ ਨਿਤਨੇਮ ਦਾ ਗੁਟਕਾ; ਇਕ ਭਾਰੀ ਖੰਡਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੁਰੂ ਹਰਿਗੋਬਿੰਦ ਜੀ ਦੁਆਰਾ ਵਰਤਿਆ ਜਾਂਦਾ ਸੀ; ਗੁਰੂ ਹਰਿਰਾਇ ਜੀ ਨਾਲ ਸੰਬੰਧਿਤ ਇਕ ਹੋਰ ਖੰਡਾ; ਬਾਬਾ ਸ੍ਰੀ ਚੰਦ ਦੁਆਰਾ ਬਾਬਾ ਗੁਰਦਿੱਤਾ ਜੀ ਨੂੰ ਉਦਾਸੀ ਸੰਪਰਦਾਇ ਦੇ ਮੁਖੀ ਦੀ ਨਿਸ਼ਾਨੀ ਦੇ ਤੌਰ’ਤੇ ਦਿੱਤੀ ਸੇਲੀ ਤੇ ਟੋਪੀ; ਅਤੇ ਬਾਬਾ ਗੁਰਦਿੱਤਾ ਜੀ ਨਾਲ ਸੰਬੰਧਿਤ ਕੁਝ ਕੱਪੜੇ।
ਕਰਤਾਰਪੁਰ ਵਿਖੇ ਹੋਰ ਇਤਿਹਾਸਿਕ ਅਸਥਾਨਾਂ ਦਾ ਵੇਰਵਾ ਇਸ ਤਰ੍ਹਾਂ ਹੈ - ਬੀਬੀ ਕੌਲਾਂ ਦੀ ਸਮਾਧ; ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਨਾਨਕੀ ਜੀ ਦੀ ਯਾਦ ਵਿਚ ਬਣਿਆ ਇਕ ਪਵਿੱਤਰ ਅਸਥਾਨ ਨਾਨਕੀਆਣਾ ਸਾਹਿਬ; ਗੁਰੂ ਹਰਿਗੋਬਿੰਦ ਸਾਹਿਬ ਨੂੰ ਸਮਰਪਿਤ ਇਕ ਥੜ੍ਹਾ- ਦਮਦਮਾ ਸਾਹਿਬ; ਅਤੇ ਡੇਰਾ ਭਾਈ ਭਗਤੂ ਜੀ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਭਾਈ ਭਗਤੂ, ਜੋ ਪੰਜਵੇਂ, ਛੇਵੇਂ ਅਤੇ ਸਤਵੇਂ ਗੁਰੂ ਸਾਹਿਬਾਨ ਦੇ ਸਮਕਾਲੀ ਸਨ, ਦਾ ਸਸਕਾਰ 1652 ਵਿਚ ਗੁਰੂ ਹਰਿਰਾਇ ਜੀ ਦੁਆਰਾ ਕੀਤਾ ਗਿਆ ਸੀ।
ਲੇਖਕ : ਬ.ਸ.ਨ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਰਤਾਰਪੁਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕਰਤਾਰਪੁਰ: ਭਾਰਤ-ਪਾਕਿਸਤਾਨ ਸਰਹੱਦ ਤੇ ਸ਼ਕਰਗੜ੍ਹ ਤਹਿਸੀਲ (ਪਾਕਿਸਤਾਨੀ ਪੰਜਾਬ) ਵਿਚ ਸਥਿਤ ਇਸ ਪ੍ਰਸਿੱਧ ਇਤਿਹਾਸਕ ਨਗਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1509 ਈ. ਵਿਚ ਵਸਾਇਆ ਸੀ।
ਮਹਾਨ ਕੋਸ਼ ਅਨੁਸਾਰ ਇਸ ਨਗਰ ਨੂੰ ਵਸਾਉਣ ਵਿਚ ਭਾਈ ਦੋਦਾ ਅਤੇ ਦੁਨੀ ਚੰਦ (ਕਰੋੜੀ ਮੱਲ) ਨੇ ਕਾਫ਼ੀ ਉੱਦਮ ਕੀਤਾ। ਇਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਲਈ ਇੱਥੇ ਇਕ ਧਰਮਸ਼ਾਲਾ ਵੀ ਬਣਵਾਈ। ਸੰਨ 1522 ਵਿਚ ਗੁਰੂ ਜੀ ਇੱਥੇ ਆ ਕੇ ਵਸੇ ਅਤੇ ਸੰਸਾਰਕ ਯਾਤਰਾ ਦੇ ਅੰਤਿਮ 18 ਸਾਲ ਇਥੇ ਹੀ ਗੁਜ਼ਾਰ ਕੇ 1539 ਈ ਵਿਚ ਇਸੇ ਹੀ ਥਾਂ ਤੇ ਜੋਤੀ ਜੋਤਿ ਸਮਾਏ। ਇਸੇ ਹੀ ਥਾਂ ਤੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਬਖਸ਼ੀ ਗਈ, ਲੰਗਰ ਦੀ ਪ੍ਰਥਾ ਵੀ ਇਸੇ ਨਗਰ ਤੋਂ ਹੀ ਸ਼ੁਰੂ ਹੋਈ।
ਇਹ ਨਗਰ ਕਾਫੀ ਸਮੇਂ ਤੋਂ ਰਾਵੀ ਦਰਿਆ ਨੇ ਆਪਣੇ ਵਿਚ ਸਮਾ ਲਿਆ ਹੈ ਅਤੇ ਅਜੋਕਾ ਦੇਹਰਾ ਬਾਬਾ ਨਾਨਕ, ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਨੇ ਵਸਾਇਆ ਸੀ। ਗੁਰੂ ਨਾਨਕ ਦੇਵ ਜੀ ਦੀ ਸਮਾਧ ਵੀ ਨਵੇਂ ਸਿਰਿਓਂ ਬਣਾਈ ਗਈ ਹੈ।ਇਸ ਥਾਂ ਪ੍ਰਸਿੱਧ ਗੁਰਦੁਆਰੇ ਚੋਲਾ ਸਾਹਿਬ, ਬਾਬਾ ਸ੍ਰੀ ਚੰਦ ਦਾ ਬਿਰਾਜਣ ਸਥਾਨ, ਗੁ. ਟਾਹਲੀ ਸਾਹਿਬ, ਦੇਹਰਾ ਸਾਹਿਬ, ਧਰਮਸ਼ਾਲਾ ਗੁਰੂ ਨਾਨਕ ਦੇਵ ਜੀ ਆਦਿ ਪ੍ਰਸਿੱਧ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਸ ਥਾਂ ਪਧਾਰੇ ਸਨ ਅਤੇ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ ਸਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-23-10-29-37, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਤ. ਗਾ. ਗੁ.
ਕਰਤਾਰਪੁਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕਰਤਾਰਪੁਰ : ਇਹ ਜਲੰਧਰ ਜ਼ਿਲੇ ਦਾ ਇਕ ਇਤਿਹਾਸਕ ਸ਼ਹਿਰ ਹੈ ਜਿਹੜਾ ਜਲੰਧਰ ਤੋਂ 16 ਕਿ.ਮੀ. ਉੱਤਰ-ਪੱਛਮ ਵੱਲ ਸਥਿਤ ਹੈ। ਇਸ ਸ਼ਹਿਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1593 ਈ. ਵਿਚ ਵਸਾਇਆ ਸੀ।ਇਕ ਧਾਰਨਾ ਅਨੁਸਾਰ ਮਾਤਾ ਭਾਨੀ ਜੀ ਦੇ ਸਵਰਗਵਾਸ ਹੋਣ ਉਪਰੰਤ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਤੋਂ ਦੁਆਬੇ ਵੱਲ ਚੱਲ ਪਏ ਅਤੇ ਕਰਤਾਰਪੁਰ ਵਾਲੀ ਥਾਂ ਤੇ ਹੱਥਲੀ ਸੋਟੀ ਗੱਡ ਕੇ ਕਿਹਾ ਇਹ ਥਾਂ ਸਾਡੇ ਧਰਮ ਦਾ ਥੰਮ ਬਣੇਗੀ। ਇਸ ਥਾਂ ਜੋ ਨਗਰ ਵਸਿਆ ਉਹ ਕਰਤਾਰਪੁਰ ਨਾਂ ਨਾਲ ਪ੍ਰਸਿੱਧ ਹੋਇਆ। ਗੁਰੂ ਜੀ ਨੇ ਜਿਸ ਥਾਂ ਸੋਟੀ ਗੱਡੀ ਸੀ ਉਸ ਸਥਾਨ ਦਾ ਨਾਂ ਗੁਰਦੁਵਾਰਾ ਥੰਮ ਸਾਹਿਬ ਹੈ।
ਅਕਬਰ ਦੇ ਰਾਜਕਾਲ ਸਮੇਂ 1597 ਈ. ਵਿਚ ਸ਼ਹਿਜ਼ਾਦਾ ਸਲੀਮ (ਜਹਾਂਗੀਰ) ਨੇ ਇਸਦੇ ਮਾਮਲੇ ਦੀ ਮੁਆਫ਼ੀ ਦਾ ਪਟਾ ਧਰਮਸ਼ਾਲਾ ਦੇ ਨਾਉਂ ਦਿੱਤਾ ਸੀ। ਅਕਬਰਨਾਮੇ ਵਿਚ ਲਿਖਿਆ ਹੈ ਕਿ ਅਕਬਰ 1598 ਈ. ਵਿਚ ਗੋਇੰਦਵਾਲ ਦੇ ਪੱਤਣ ਤੋਂ ਬਿਆਸਾ ਪਾਰ ਕਰਕੇ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿਚ ਆਇਆ ਅਤੇ ਇਸ ਜ਼ਮੀਨ ਦਾ ਪਟਾ ਦਰਸ਼ਨ ਭੇਟ ਵਜੋਂ ਦਿੱਤਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਗਰੋਂ ਗੁਰੂ ਹਰਿਗੋਬਿੰਦ ਜੀ ਨੇ ਇਸ ਨਗਰ ਦਾ ਵਿਸਥਾਰ ਕਰਵਾਇਆ।
ਸੰਨ 1756 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਕਰਤਾਰਪੁਰ ਅਤੇ ਥੰਮ ਸਾਹਿਬ ਤਬਾਹ ਕਰ ਦਿੱਤੇ ਸਨ। ਸੰਨ 1833 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਸ਼ਹਿਰ ਦੇ ਬਾਹਰ ਵਾਰ ਇਕ ਸੁੰਦਰ ਗੁਰਦੁਆਰਾ ਬਣਵਾਇਆ। ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਤੋਂ ਬਾਅਦ ਇਥੇ ਛਾਉਣੀ ਬਣਾਈ ਗਈ ਸੀ ਜੋ 1854 ਈ. ਵਿਚ ਖਤਮ ਕਰ ਦਿੱਤੀ ਗਈ।
ਕਰਤਾਰਪੁਰ ਵਿਚ ਕਈ ਇਤਿਹਾਸਕ ਥਾਵਾਂ ਹਨ, ਜਿੱਥੇ ਸਿੱਖ ਗੁਰੂਆਂ ਨਾਲ ਸਬੰਧਤ ਪ੍ਰਾਚੀਨ ਵਸਤਾਂ ਸੰਭਾਲ ਕੇ ਰਖੀਆਂ ਹਨ।ਸ਼ੀਸ਼ ਮਹੱਲ, ਖੂਹ ਮੱਲੀਆਂ, ਗੁਰੂ ਕੇ ਮਹਿਲ, ਗੰਗਸਰ ਕੂਆ, ਗੁਰਦੁਆਰਾ ਟਾਹਲੀ ਸਾਹਿਬ, ਥੰਮ੍ਹ ਸਾਹਿਬ, ਦਮਦਮਾ ਸਾਹਿਬ, ਨਾਨਕੀਆਣਾ, ਬੇਰ ਸਾਹਿਬ, ਮਾਤਾ ਕੌਲਾਂ ਦੀ ਸਮਾਧ ਅਤੇ ਵਿਆਹ ਅਸਥਾਨ ਕੁਝ ਅਜਿਹੀਆਂ ਹੀ ਵਰਣਨਯੋਗ ਥਾਵਾਂ ਹਨ।
ਕਰਤਾਰਪੁਰ ਵਿਖੇ ਲੱਕੜੀ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ। ਇਥੋਂ ਦਾ ਬਣਿਆ ਫ਼ਰਨੀਚਰ ਬਹੁਤ ਪ੍ਰਸਿੱਧ ਹੈ। ਇਥੇ ਬਿਜਲੀ ਦਾ ਬਣਿਆ ਸਮਾਨ ਵੀ ਤਿਆਰ ਹੁੰਦਾ ਹੈ। ਇਥੇ ਇਕ ਡਿਗਰੀ ਕਾਲਜ,ਤਿੰਨ ਹਾਈ,ਹਾਇਰ ਸੈਕੰਡਰੀ ਸਕੂਲ, ਇਕ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ, ਇਕ ਡਾਕ ਅਤੇ ਤਾਰ ਘਰ, ਇਕ ਟੈਲੀਫ਼ੋਨ ਐਕਸਚੇਂਜ, ਇਕ ਪੁਲਿਸ ਸਟੇਸ਼ਨ ਅਤੇ ਇਕ ਪੀ.ਡਬਲਿਊ. ਡੀ. ਦਾ ਆਰਾਮ ਘਰ ਹੈ। ਪੰਜਾਬ ਟੂਰਿਜ਼ਮ ਵਿਭਾਗ ਵੱਲੋਂ ਸ਼ੇਰ ਸ਼ਾਹ ਸੂਰੀ ਮਾਰਗ ਦੇ ਨਾਲ ਇਕ ਬੜਾ ਵਧੀਆ ਆਰਾਮ ਘਰ ਹੈ ਜਿਸਦਾ ਨਾਂ ਪਿੰਕਕੇਸ਼ੀਆ ਹੈ। ਵਿਸਾਖੀ ਨੂੰ ਹਰ ਸਾਲ ਇਥੇ ਭਾਰੀ ਮੇਲਾ ਲਗਦਾ ਹੈ। ਇਸ ਦਾ ਕੁੱਲ ਰਕਬਾ 2,604 ਹੈਕਟੇਅਰ ਹੈ।
ਆਬਾਦੀ - 21,093 (1991)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6239, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-23-10-30-55, ਹਵਾਲੇ/ਟਿੱਪਣੀਆਂ: ਹ. ਪੁ. – ਇੰਪ. ਗ. ਇੰਡ. 15 : 61: ਮ. ਕੋ. 302
ਕਰਤਾਰਪੁਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰਤਾਰਪੁਰ, ਪੁਲਿੰਗ : ਜ਼ਿਲ੍ਹਾ ਗੁਰਦਾਸਪੁਰ, ਤਸੀਲ ਸ਼ੰਕਰਗੜ੍ਹ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਸਾਇਆ ਨਗਰ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ, ਡੇਰਾ ਬਾਬਾ ਨਾਨਕ; ੨. ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜ਼ਿਲ੍ਹਾ ਜਲੰਧਰ ਵਿੱਚ ਵਸਾਇਆ ਨਗਰ। ਇਥੋਂ ਦਾ ਲੱਕੜੀ ਦਾ ਸਾਮਾਨ ਪਰਸਿੱਧ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-24-11-28-45, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First