ਕਰਮ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਰਮ : ਪਰੰਪਰਾਗਤ ਵਿਆਕਰਨਾਂ ਵਿੱਚ ਕਰਤਾ ਅਤੇ ਕਰਮ ਆਦਿ ਇਕਾਈਆਂ ਨੂੰ ਕਾਰਜੀ ਸ਼੍ਰੇਣੀਆਂ ਦੀ ਸੂਚੀ ਵਿੱਚ ਰੱਖਿਆ ਜਾਂਦਾ ਹੈ। ਪੰਜਾਬੀ ਭਾਸ਼ਾ ਦੇ ਸਧਾਰਨ ਵਾਕਾਂ ਦੀ ਬਣਤਰ ਵਿੱਚ ਕਾਰਜ ਕਰਨ ਵਾਲੀਆਂ ਇਕਾਈਆਂ ਦੀ ਗਿਣਤੀ ਇੱਕ ਤੋਂ ਲੈ ਕੇ ਚਾਰ ਤੱਕ ਹੋ ਸਕਦੀ ਹੈ। ਇਹਨਾਂ ਕਾਰਜੀ ਇਕਾਈਆਂ ਦਾ ਪ੍ਰਗਟਾਵਾ ਵਾਕਾਂਸ਼ ਰਾਹੀਂ ਹੁੰਦਾ ਹੈ। ਵਾਕ ਦੀ ਬਣਤਰ ਵਿੱਚ ਵਿਚਰਨ ਵਾਲੇ ਸ਼ਬਦ ਜਾਂ ਤਾਂ ਵਾਕਾਂਸ਼ ਦੇ ਕਾਰਜ ਦੇ ਸੂਚਕ ਹੁੰਦੇ ਹਨ ਜਾਂ ਫ਼ਿਰ ਉਹਨਾਂ ਦੇ ਹਿੱਸੇ ਦੇ ਤੌਰ ਤੇ ਵਿਚਰਦੇ ਹਨ। ਇਸ ਲਈ ਇਹਨਾਂ ਕਾਰਜੀ ਇਕਾਈ ਦੇ ਸੂਚਕਾਂ ਨੂੰ ਵਾਕਾਂਸ਼ ਦਾ ਨਾਂ ਦਿੱਤਾ ਜਾਂਦਾ ਹੈ। ਇੱਕ ਸਧਾਰਨ ਬਿਆਨੀਆ ਵਾਕ ਦੀ ਬਣਤਰ ਜੇ ਇੱਕ ਨਾਂਵ ਵਾਕਾਂਸ਼ ਵਿਚਰ ਰਿਹਾ ਹੋਵੇ ਤਾਂ ਉਹ ਨਾਂਵ ਵਾਕਾਂਸ਼ ਕਰਤਾ ਦੇ ਤੌਰ ਤੇ ਕਾਰਜ ਕਰਦਾ ਹੈ ਅਤੇ ਉਸ ਵਾਕ ਵਿੱਚ ਵਿਚਰਨ ਵਾਲੀ ਕਿਰਿਆ (ਵਾਕਾਂਸ਼) ਨੂੰ ਅਕਰਮਕ ਕਿਹਾ ਜਾਂਦਾ ਹੈ ਪਰ ਜੇ ਵਾਕ ਦੀ ਬਣਤਰ ਵਿੱਚ ਇੱਕ ਤੋਂ ਵਧੇਰੇ ਨਾਂਵ ਵਾਕਾਂਸ਼ ਵਿਚਰ ਰਹੇ ਹੋਣ ਤਾਂ ਕਿਰਿਆ ਸਕਰਮਕ ਰੂਪੀ ਹੁੰਦੀ ਹੈ। ਸਕਰਮਕ ਕਿਰਿਆ ਨੂੰ ਵਾਕ ਵਿੱਚ ਵਿਚਰਨ ਵਾਲੇ ਨਾਂਵ ਵਾਕਾਂਸ਼ਾਂ ਦੇ ਆਧਾਰ ’ਤੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ: ਇਕਹਿਰੀ ਸਕਰਮਕ ਕਿਰਿਆ ਅਤੇ ਦੋਹਰੀ ਸਕਰਮਕ ਕਿਰਿਆ। ਇਕਹਿਰੀ ਸਕਰਮਕ ਕਿਰਿਆ ਵਾਲੇ ਵਾਕਾਂ ਵਿੱਚ ਕਰਤਾ ਤੋਂ ਇਲਾਵਾ ਇੱਕ ਕਰਮ ਨਾਂਵ ਵਾਕਾਂਸ਼ ਵਿਚਰਦਾ ਹੈ ਜਦੋਂ ਕਿ ਦੋਹਰੀ ਸਕਰਮਕ ਕਿਰਿਆ ਵਾਲੇ ਵਾਕਾਂ ਵਿੱਚ ਦੋ ਕਰਮ ਨਾਂਵ ਵਾਕਾਂਸ਼ ਵਿਚਰਦੇ ਹਨ, ਜਿਵੇਂ ਮੁੰਡਾ ‘ਕਿਤਾਬ` ਪੜ੍ਹਦਾ ਹੈ (ਇਕਹਿਰੀ ਸਕਰਮਕ ਕਿਰਿਆ), ਮੁੰਡਿਆਂ ਨੇ ‘ਬੱਚਿਆਂ ਨੂੰ ਕਿਤਾਬ` ਪੜ੍ਹਾਈ (ਦੋਹਰੀ ਸਕਰਮਕ ਕਿਰਿਆ)। ਵਾਕ ਦੀ ਬਣਤਰ ਵਿੱਚ ਵਿਚਰਨ ਵਾਲੇ ਕਰਮ ਨਾਂਵ ਵਾਕਾਂਸ਼ਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਪ੍ਰਧਾਨ ਕਰਮ ਨਾਂਵ ਵਾਕਾਂਸ਼ ਅਤੇ ਅਪ੍ਰਧਾਨ ਕਰਮ ਨਾਂਵ ਵਾਕਾਂਸ਼। ਕਰਤਾ ਨਾਂਵ ਵਾਕਾਂਸ਼ ਤੋਂ ਇਲਾਵਾ ਵਾਕ ਵਿੱਚ ਜਦੋਂ ਇੱਕ ਕਰਮ ਨਾਂਵ ਵਾਕਾਂਸ਼ ਵਿਚਰੇ ਤਾਂ ਉਸ ਨੂੰ ਕਰਮ ਨਾਂਵ ਵਾਕਾਂਸ਼ ਕਿਹਾ ਜਾਂਦਾ ਹੈ। ਇੱਕ ਤੋਂ ਵਧੇਰੇ ਕਰਮ ਨਾਂਵ ਵਾਕਾਂਸ਼ ਵਿਚਰਨ ਤਾਂ ਉਹਨਾਂ ਨੂੰ ਕਾਰਜ ਦੇ ਆਧਾਰ ਤੇ ਪ੍ਰਧਾਨ ਕਰਮ ਅਤੇ ਅਪ੍ਰਧਾਨ ਕਰਮ ਵਾਕਾਂਸ਼ ਵਿੱਚ ਵੰਡਿਆ ਜਾਂਦਾ ਹੈ। ਪ੍ਰਧਾਨ ਕਰਮ ਦੀ ਪਛਾਣ ਹਿਤ ਕਿਰਿਆ ਨਾਲ ‘ਕੀ’ ਪ੍ਰਸ਼ਨ-ਸੂਚਕ ਰਾਹੀਂ ਪਤਾ ਚੱਲਦਾ ਹੈ ਅਤੇ ਇਸ ਦੇ ਉੱਤਰ ਵਜੋਂ ਜੋ ਇਕਾਈ ਵਾਕ ਵਿੱਚ ਵਿਚਰਦੀ ਹੈ, ਉਸ ਨੂੰ ਕਰਮ ਨਾਂਵ ਵਾਕਾਂਸ਼ ਕਿਹਾ ਜਾਂਦਾ ਹੈ, ਜਿਵੇਂ: ਮੁੰਡੇ ਨੇ ਖ਼ਤ ਲਿਖਿਆ...ਮੁੰਡੇ ਨੇ ਕੀ ਲਿਖਿਆ?...‘ਖ਼ਤ’। ਅਪ੍ਰਧਾਨ ਕਰਮ ਨਾਂਵ ਵਾਕਾਂਸ਼ ਦੀ ਪਛਾਣ ਹਿੱਤ ਕਿਰਿਆ ਨਾਲ ‘ਕਿਸ ਨੂੰ’ ਪ੍ਰਸ਼ਨ-ਸੂਚਕ ਰਾਹੀਂ ਪਤਾ ਲੱਗਦਾ ਹੈ, ਜਿਵੇਂ: ‘ਮੁੰਡੇ ਨੇ ਅਧਿਆਪਕ ਨੂੰ ਖ਼ਤ ਲਿਖਿਆ’ ਵਿੱਚ ‘ਕਿਸ ਨੂੰ’ ਦਾ ਉੱਤਰ ‘ਅਧਿਆਪਕ ਨੂੰ’ ਹੈ ਇਸ ਲਈ ‘ਖ਼ਤ’ ਪ੍ਰਧਾਨ ਕਰਮ ਹੈ ਅਤੇ ‘ਅਧਿਆਪਕ ਨੂੰ’ ਅਪ੍ਰਧਾਨ ਕਰਮ ਹੈ। ਸਧਾਰਨ ਬਿਆਨੀਆਂ ਵਾਕਾਂ ਦੀ ਬਣਤਰ ਵਿੱਚ ਪ੍ਰਧਾਨ ਕਰਮ ਕਿਰਿਆ ਤੋਂ ਪਹਿਲਾਂ ਅਤੇ ਅਪ੍ਰਧਾਨ ਕਰਮ, ਪ੍ਰਧਾਨ ਕਰਮ ਤੋਂ ਪਹਿਲਾਂ ਵਿਚਰਦਾ ਹੈ। ਪ੍ਰਧਾਨ ਕਰਮ ਨਾਲ ਕੋਈ ਸੰਬੰਧਕ ਨਹੀਂ ਵੀ ਹੋ ਸਕਦਾ ਜਦੋਂ ਕਿ ਅਪ੍ਰਧਾਨ ਕਰਮ ਹਮੇਸ਼ਾਂ ਸੰਬੰਧਕੀ ਹੁੰਦਾ ਹੈ। ਇਸ ਨਾਲ ‘ਨੂੰ’, ‘ਲਈ`, ‘ਰਾਹੀਂ`, ‘ਤੋਂ’ ਸੰਬੰਧਕ ਵਿਚਰਦੇ ਹਨ। ਅਪ੍ਰਧਾਨ ਕਰਮ ਪ੍ਰਾਪਤ ਕਰਤਾ ਹੁੰਦਾ ਹੈ। ਇਸ ਪੱਖ ਤੋਂ ਇਸ ਦੇ ਦੋ ਪ੍ਰਕਾਰ ਦੇ ਕਾਰਜ ਹੁੰਦੇ ਹਨ-ਅਪ੍ਰਧਾਨ ਕਰਮ ਲਾਭ ਕਰਤਾ ਅਤੇ ਅਪ੍ਰਧਾਨ ਕਰਮ ਕਰਤਾ ਜਿਵੇਂ: ‘ਮਾਲਕ ਨੇ ‘ਨੌਕਰ ਨੂੰ` ਪੈਸੇ ਦਿੱਤੇ’ ਵਿੱਚ ‘ਨੌਕਰ ਨੂੰ’ ਪਹਿਲੀ ਪ੍ਰਕਾਰ ਦਾ ਅਪ੍ਰਧਾਨ ਕਰਮ ਹੈ ਅਤੇ ‘ਮਾਲਕ ਨੇ ‘ਨੌਕਰ ਨੂੰ` ਮਾਰਿਆ’ ਵਿੱਚ ‘ਨੌਕਰ ਨੂੰ’ ਦੂਜੀ ਪ੍ਰਕਾਰ ਦਾ ਅਪ੍ਰਧਾਨ ਕਰਮ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 33583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਕਰਮ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਮ (ਨਾਂ,ਪੁ) ਕੰਮਕਾਜ; ਧਰਮ; ਫਰਜ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਰਮ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਮ (ਨਾਂ,ਇ) ਮਰਦ ਵੱਲੋਂ ਪੁੱਟੀਆਂ ਦੋ ਪੁਲਾਂਘਾਂ ਦੀ ਲੰਮਾਈ; ਲਗ-ਪਗ ਸਾਢ੍ਹੇ ਪੰਜ ਫੁੱਟ ਲੰਮਾਈ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33567, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਰਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਮ 1 [ਨਾਂਪੁ] ਕਾਰਜ , ਕੰਮ , ਅਮਲ; ਭਾਗ , ਕਿਸਮਤ , ਤਕਦੀਰ 2 [ਵਿਆ] ਸ਼ਬਦ ਦੀ ਉਹ ਸ਼੍ਰੇਣੀ ਜਿਸ ਉੱਤੇ ਕਿਰਿਆ ਦਾ ਸਿੱਧਾ ਪ੍ਰਭਾਵ ਪੈਂਦਾ ਹੈ 3 [ਨਾਂਪੁ] ਕਿਰਪਾ, ਰਹਿਮ, ਮਿਹਰਬਾਨੀ, ਦਿਆਲਤਾ; ਮੁਆਫ਼ੀ 4 [ਨਾਂਪੁ] ਦੋ ਕਦਮਾਂ ਦੇ ਬਰਾਬਰ ਦੀ ਲੰਮਾਈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਰਮ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਮ. ਸੰ. ਕ੍ਰਮ. ਸੰਗ੍ਯਾ—ਡਿੰਗ. ਕ਼ਦਮ. ਡਗ. ਡੇਢ ਗਜ਼ ਪ੍ਰਮਾਣ. ਤਿੰਨ ਹੱਥ1 ਦੀ ਲੰਬਾਈ. “ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ.” (ਚਉਬੋਲੇ ਮ: ੫) ੨ ਸੰ. ਕਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. “ਕਰਮ ਕਰਤ ਹੋਵੈ ਨਿਹਕਰਮ.” (ਸੁਖਮਨੀ)
ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ—
(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.2
(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.
(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩ ਵਿ—
dfeZu~—ਕਰਮੀ. ਕਰਮ ਕਰਨ ਵਾਲਾ. “ਕਉਣ ਕਰਮ ਕਉਣ ਨਿਹਕਰਮਾ?” (ਮਾਝ ਮ: ੫) ੪ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ। ੫ ਅ਼ਮਲ. ਕਰਣੀ. “ਮਨਸਾ ਕਰਿ ਸਿਮਰੰਤੁ ਤੁਝੈ xxx ਬਾਚਾ ਕਰਿ ਸਿਮਰੰਤੁ ਤੁਝੈ xx ਕਰਮ ਕਰਿ ਤੁਅ ਦਰਸ ਪਰਸ.” (ਸਵੈਯੇ ਮ: ੪ ਕੇ) ੬ ਅ਼ ਉਦਾਰਤਾ। ੭ ਕ੍ਰਿਪਾ. ਮਿਹਰਬਾਨੀ. “ਨਾਨਕ ਰਾਖਿਲੇਹੁ ਆਪਨ ਕਰਿ ਕਰਮ.” (ਸੁਖਮਨੀ) “ਆਵਣ ਜਾਣ ਰਖੇ ਕਰਿ ਕਰਮ.” (ਗਉ ਮ: ੫) “ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ.” (ਰਾਮ ਅ: ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਰਮ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਮ (ਸਿਧਾਂਤ): ਪੁਨਰ ਜਨਮ ਅਤੇ ਆਵਾਗਵਣ ਨਾਲ ਸੰਬੰਧਿਤ ਇਕ ਸੰਕਲਪ ਜੋ ਭਾਰਤੀ ਖਿੱਤੇ ਦੀਆਂ ਧਾਰਮਿਕ ਪਰੰਪਰਾਵਾਂ , ਜਿਹਾ ਕਿ ਹਿੰਦੂ ਧਰਮ , ਜੈਨ ਧਰਮ, ਬੁੱਧ ਧਰਮ ਅਤੇ ਸਿੱਖ ਧਰਮ , ਦਾ ਇਕ ਮੂਲ ਸਿਧਾਂਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ‘ਕਰਮ’ ਸ਼ਬਦ ਨੂੰ ਤਿੰਨ ਵਿਭਿੰਨ ਅਰਥਾਂ ਵਿਚ ਵਰਤਿਆ ਗਿਆ ਹੈ। ਇਸ ਸ਼ਬਦ ਦਾ ਮੂਲ ਸੰਸਕ੍ਰਿਤ ਭਾਸ਼ਾ ਹੈ ਅਤੇ ਇਹ ਸੰਸਕ੍ਰਿਤ ਦੇ ‘ਕਰਮਨ’ ਦਾ ਰੂਪਾਂਤਰਣ ਹੈ ਅਤੇ ਸੰਸਕ੍ਰਿਤ ਦੇ ਇਸ ਸ਼ਬਦ ਦਾ ਮੂਲ ‘ਕਰਿ’ ਹੈ ਜਿਸ ਦਾ ਅਰਥ ਹੈ ਕਰਨਾ, ਨਿਰਬਾਹ, ਪੂਰਨ ਕਰਨਾ, ਬਨਾਉਣਾ, ਕਾਰਨ , ਆਦਿ। ਪੰਜਾਬੀ ਭਾਸ਼ਾ ਵਿਚ ਕਰਮ ਦਾ ਭਾਵ ਹੈ ਕੰਮ , ਕਿਰਿਆ ਅਤੇ ਕਾਰਜ। ਇਸ ਦਾ ਭਾਵ ਨਸੀਬ , ਕਿਸਮਤ ਵੀ ਹੈ ਕਿਉਂਕਿ ਇਹ ਮਾਨਵੀ ਕਾਰਜਾਂ ਤੋਂ ਪੈਦਾ ਹੁੰਦੀ ਹੈ। ਅਰਬੀ ਭਾਸ਼ਾ ਵਿਚ ‘ਕਰਮ’ ਸ਼ਬਦ ਨਦਰਿ ਜਾਂ ਦੈਵੀ ਮਿਹਰ ਜਾਂ ਕਿਰਪਾ ਦਾ ਸਮਾਨਾਰਥਿਕ ਵੀ ਹੈ। ਕਰਮ ਦਾ ਸਿਧਾਂਤ ਮੁੱਖ ਤੌਰ ਤੇ ਪਹਿਲੇ ਦੋ ਭਾਵ-ਅਰਥਾਂ ਨਾਲ ਸੰਬੰਧਿਤ ਹੈ ਭਾਵੇਂ ਕਿ ਰੱਬੀ ਮਿਹਰ ਦੇ ਤੌਰ ਤੇ ਕਰਮ ਅਹਿਮ ਹੈ ਕਿਉਂਕਿ ਕਰਮਾਂ ਦੇ ਪੂਰਨ ਤੌਰ ਤੇ ਖ਼ਤਮ ਕਰਨ, ਮੋਕਸ਼ ਜਾਂ ਮੁਕਤੀ ਦੀ ਪ੍ਰਾਪਤੀ ਅਤੇ ਜਨਮ-ਮਰਨ ਦੇ ਬੰਧਨ ਤੋਂ ਮੁਕਤੀ ਹਾਸਲ ਕਰਨ ਲਈ ਇਹ ਜ਼ਰੂਰੀ ਹੈ।
ਕਰਮ ਸਿਧਾਂਤ ਅਨੁਸਾਰ ਹਰ ਸਰੀਰਿਕ ਜਾਂ ਮਾਨਸਿਕ ਕਰਮ ਦੇ ਆਪਣੇ ਸਿੱਟੇ ਹੁੰਦੇ ਹਨ ਜੋ ਇਸ ਜੀਵਨ ਜਾਂ ਅਗਲੇ ਜੀਵਨ ਵਿਚ ਭੁਗਤਣੇ ਪੈਂਦੇ ਹਨ। ਇਸ ਕਰਕੇ ਭਾਰਤੀ ਧਾਰਮਿਕ ਪਰੰਪਰਾਵਾਂ ਵਿਚ ਕਰਮ ਦਾ ਸਿਧਾਂਤ ਪੁਨਰ-ਅਵਤਾਰ ਅਤੇ ਆਵਾਗਵਣ ਦੇ ਸਿਧਾਂਤ ਅਤੇ ਕਿਰਿਆਵਾਂ ਨਾਲ ਜੁੜਿਆ ਹੋਇਆ ਹੈ। ਪੱਛਮ ਦੇ ਕੁਝ ਪ੍ਰਾਚੀਨ ਦਾਰਸ਼ਨਿਕ ਵੀ ਆਵਾਗਵਣ ਵਿਚ ਵਿਸ਼ਵਾਸ ਰੱਖਦੇ ਸਨ ਪਰੰਤੂ ਉਹਨਾਂ ਦੀ ਧਾਰਨਾ ਆਤਮਾ ਦੀ ਅਮਰਤਾ ਦੇ ਸਿਧਾਂਤ ਨਾਲ ਜੁੜੀ ਹੋਈ ਸੀ। ਦੂਜੇ ਪਾਸੇ, ਭਾਰਤੀ ਧਾਰਮਿਕ ਵਿਚਾਰਧਾਰਾ ਵਿਚ ਆਵਾਗਵਣ ਜ਼ਰੂਰੀ ਤੌਰ’ਤੇ ਕਰਮ ਨਾਲ ਸਹਿਗਾਮੀ ਰੂਪ ਵਿਚ ਜੁੜਿਆ ਹੋਇਆ ਹੈ। ਜੀਵ ਆਪਣੇ ਪਹਿਲੇ ਕਰਮਾਂ ਕਰਕੇ ਹੀ ਦੂਸਰਾ ਜਨਮ ਲੈਂਦਾ ਹੈ। ਪਰੰਤੂ ਇਸ ਪ੍ਰਕਿਰਿਆ ਵਿਚੋਂ ਵਿਚਰਨ ਦੇ ਸਿਲਸਿਲੇ ਦੌਰਾਨ ਜੀਵ ਆਪਣੇ ਲਈ ਹੋਰ ਵਧੇਰੇ ਕਰਮਾਂ ਦੀ ਲੜੀ ਪੈਦਾ ਕਰ ਲੈਂਦਾ ਹੈ। ਇਸ ਤਰ੍ਹਾਂ ਲਗਾਤਾਰ ਜਨਮ-ਕਰਮ-ਮੌਤ-ਪੁਨਰ ਜਨਮ ਦਾ ਨਾ ਖ਼ਤਮ ਹੋਣ ਵਾਲਾ ਚੱਕਰ ਤੁਰ ਪੈਂਦਾ ਹੈ। ਇਸ ਨੂੰ ਕਰਮ ਚੱਕਰ ਕਿਹਾ ਗਿਆ ਹੈ: ਮਨੁੱਖ ਜਨਮ ਲੈਂਦਾ ਹੈ ਅਤੇ ਮੌਤ ਦੇ ਮੂੰਹ ਪੈ ਜਾਂਦਾ ਹੈ ਅਤੇ ਜੀਵਨ ਦੇ ਦੌਰਾਨ ਕਰਮ, ਜਨਮ-ਮੌਤ- ਜਨਮ ਦੇ ਚੱਕਰ ਨੂੰ ਉਦੋਂ ਤੀਕ ਨਿਰੰਤਰ ਜਾਰੀ ਰੱਖਦੇ ਹਨ ਜਦੋਂ ਤਕ ਕਿ ਇਹ ਚੱਕਰ ਕਰਮ ਦੇ ਖ਼ਤਮ ਹੋਣ ਨਾਲ ਟੁੱਟ ਨਹੀਂ ਜਾਂਦਾ ਅਤੇ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਭਾਰਤੀ ਧਾਰਮਿਕ ਪ੍ਰਬੰਧ ਵਿਚ ਵੱਖਰੀਆਂ- ਵੱਖਰੀਆਂ ਸੰਪਰਦਾਵਾਂ ਇਸ ਕਰਮ ਚੱਕਰ ਨੂੰ ਤੋੜਣ ਲਈ ਵੱਖਰੇ-ਵੱਖਰੇ ਸਾਧਨ ਦੱਸਦੀਆਂ ਹਨ ਜਿਨ੍ਹਾਂ ਵਿਚ ਇਕ ਪਾਸੇ ਤਪੱਸਿਆ , ਸੰਨਿਆਸ ਅਤੇ ਕਾਰਮਿਕਤਾ ਸ਼ਾਮਲ ਹਨ ਅਤੇ ਦੂਜੇ ਪਾਸੇ ਕਰਮਕਾਂਡ, ਦਰਸ਼ਨ ਦਾ ਗਿਆਨ , ਸ਼ਰਧਾ ਅਤੇ ਫਲ ਪ੍ਰਦਾਤਾ ਕਰਮ ਆਦਿ ਹਨ।
ਸਿੱਖ ਗੁਰੂ ਸਾਹਿਬਾਨ ਨੇ ਕਰਮ ਸਿਧਾਂਤ ਨੂੰ ਅਬਦਲ ਨਿਯਮ ਵਜੋਂ ਨਹੀਂ ਪਰੰਤੂ ਕੁਦਰਤ ਦੇ ਇਕ ਪ੍ਰਬੰਧ ਦੇ ਤੌਰ ਤੇ ਸਵੀਕਾਰ ਕੀਤਾ ਹੈ ਜਿਹੜਾ ਕਿ ਹੁਕਮ (ਦੈਵੀ ਹੁਕਮ) ਅਤੇ ਨਦਰਿ (ਦੈਵੀ ਮਿਹਰ) ਦੇ ਅਧੀਨ ਹੈ। ਹੁਕਮ ਅਤੇ ਨਦਰਿ ਦੀਆਂ ਦੋ ਧਾਰਨਾਵਾਂ ਗੁਰੂ ਨਾਨਕ ਦੇਵ ਜੀ ਦੀ ਭਾਰਤੀ ਧਾਰਮਿਕ ਵਿਚਾਰਧਾਰਾ ਨੂੰ ਵਿਸ਼ੇਸ਼ ਦੇਣ ਹਨ। ਹੁਕਮ ਇਕ ਫ਼ਾਰਸੀ ਪਦ ਹੈ ਜਿਸ ਦਾ ਅਰਥ ਹੈ ਆਦੇਸ਼ ਜਾਂ ਫ਼ੁਰਮਾਨ, ਕੰਟਰੋਲ ਜਾਂ ਨਿਰਦੇਸ਼ਨ, ਮਨਜ਼ੂਰੀ ਜਾਂ ਆਗਿਆ। ਇਹ ਪਦ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਕਈ ਵੱਖ-ਵੱਖ ਵੀ ਪਰੰਤੂ ਪਰਸਪਰ ਸੰਬੰਧਿਤ ਅਰਥਾਂ ਵਿਚ ਵੀ ਵਰਤਿਆ ਮਿਲਦਾ ਹੈ। ਇਹ ਅਰਥ ਹਨ- ਦੈਵੀ ਕਾਨੂੰਨ , ਦੈਵੀ ਇੱਛਾ ਜਾਂ ਦੈਵੀ ਖ਼ੁਸ਼ੀ (ਭਾਣਾ ਜਾਂ ਰਜ਼ਾ), ਦੈਵੀ ਆਗਿਆ (ਅਮਰ, ਫ਼ੁਰਮਾਨ), ਦੈਵੀ ਸ਼ਕਤੀ ਜਾਂ ਦੈਵੀ ਉਤਪਤੀ (ਕੁਦਰਤ)। ਨਦਰਿ ਦਾ ਦੂਸਰਾ ਅਰਥ ਮਿਹਰ ਹੀ ਹੈ ਪਰੰਤੂ ਸਿੱਖ ਧਰਮ ਵਿਚ ਇਸ ਦੀ ਵਰਤੋਂ ਈਸਾਈ ਧਰਮ-ਸ਼ਾਸਤਰ ਵਿਚ ਵਰਤੇ ਅਰਥਾਂ ਨਾਲੋਂ ਵੱਖਰੇ ਅਰਥਾਂ ਵਿਚ ਕੀਤੀ ਗਈ ਹੈ। ਈਸਾਈ ਧਰਮ ਵਿਚ ਬਹੁਤਾ ਜ਼ੋਰ ਨਦਰਿ ਦੇ ਸਰਬ- ਵਿਆਪਕ ਸੁਭਾਅ ਉੱਪਰ ਹੈ ਅਤੇ ਇਸ ਨੂੰ ਮੁਕਤੀ ਹਿਤ ਸਰਬ-ਸਮਰੱਥ ਮੰਨਿਆ ਗਿਆ ਹੈ। ਸਿੱਖ ਧਰਮ ਵਿਚ ਨਦਰਿ ਰਜ਼ਾ (ਦੈਵੀ ਖ਼ੁਸ਼ੀ) ਨਾਲ ਜੁੜੀ ਹੋਈ ਹੈ। ਇਹ ਕੁਝ ਕੁ ਨਿਓ ਕੈਲਵਿਨਿਸਟ ਧਰਮ ਸ਼ਾਸਤਰ ਦੇ ‘ਚੋਣ’ ਸਿਧਾਂਤ ਦੇ ਨਜ਼ਦੀਕ ਹੈ। ਇਸ ਵਿਚ ਵਿਅਕਤੀਗਤ ਅਜ਼ਾਦ ਇੱਛਾ ਲਈ ਕੋਈ ਗੁੰਜਾਇਸ਼ ਨਹੀਂ।
ਸਿੱਖ ਵਿਸ਼ਵਾਸ ਅਨੁਸਾਰ ਕਰਮ ਸਿਧਾਂਤ ਹੁਕਮ ਦਾ ਹਿੱਸਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ “ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ॥ (ਗੁ. ਗ੍ਰੰ. 51)। ਗੁਰੂ ਨਾਨਕ ਦੇਵ ਜੀ ਨੇ ਵੀ ਜਪੁ ਵਿਚ ਫ਼ੁਰਮਾਇਆ ਹੈ “ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਆਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥" (ਗੁ.ਗ੍ਰੰ. 1)। ਗੁਰੂ ਨਾਨਕ ਸਾਹਿਬ ਅੱਗੇ ਜਾ ਕੇ ਕਹਿੰਦੇ ਹਨ “ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥" (ਗੁ.ਗ੍ਰੰ. 2)। ਸਿੱਖ ਧਰਮ ਅਨੁਸਾਰ ਕਰਮ ਅਤੇ ਕਿਰਤ ਵਿਚ ਅੰਤਰ ਹੈ। ‘ਕਿਰਤ’ ਪਦ ਪੂਰਬਲੇ ਜਨਮਾਂ ਦੇ ਕਰਮਾਂ ਦੇ ਸਮੂਹਿਕ ਪ੍ਰਭਾਵ ਨੂੰ ਮੰਨਿਆ ਗਿਆ ਹੈ। ਇਹ ਕੁਝ ਹੱਦ ਤਕ ਹਿੰਦੂ ਸਿਧਾਂਤਵਾਦੀਆਂ ਦੇ ‘ਸੰਚਿਤ ਕਰਮ’ ਅਤੇ ‘ਪ੍ਰਾਰਬਧ ਕਰਮ’ ਦੇ ਨਜ਼ਦੀਕ ਹੈ। ਪਰੰਤੂ ਸਿੱਖ ਧਰਮ ਵਿਚ ਕਰਮ ਦਾ ਲਾਗੂ ਹੋਣਾ ਅਰੋਕ ਹੈ। ਇਸ ਦੇ ਨੁਕਸਾਨਦੇਹ ਪ੍ਰਭਾਵ ਨੂੰ, ਹੁਕਮ ਨੂੰ ਠੀਕ ਤਰ੍ਹਾਂ ਸਮਝਣ ਅਤੇ ਉਸ ਅਨੁਸਾਰ ਜੀਵਨ-ਜਾਚ ਢਾਲਣ ਅਤੇ ਦੈਵੀ ਨਦਰਿ ਦੀ ਪ੍ਰਾਪਤੀ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ।
ਦੂਸਰੀਆਂ ਪ੍ਰਜਾਤੀਆਂ ਦੀਆਂ ਕਿਰਿਆਵਾਂ ਜ਼ਿਆਦਾਤਰ ਚੌਗਿਰਦੇ ਦੀ ਉਕਸਾਹਟ ਪ੍ਰਤੀ ਇਕ ਕੁਦਰਤੀ ਪ੍ਰੇਰਨਾਮੂਲਕ ਹੁੰਗਾਰਾ ਭਰਦੀਆਂ ਹਨ ਜਦੋਂ ਕਿ ਮਨੁੱਖ ਕੋਲ ਇਕ ਬੇਹਤਰ ਦਿਮਾਗ਼ ਹੈ ਜਿਸ ਰਾਹੀਂ ਉਹ ਹੁਕਮ ਨੂੰ ਸਮਝਣ ਦੇ ਸਮਰੱਥ ਹੈ। ਇਸ ਤਰ੍ਹਾਂ ਉਹ ਅਜਿਹੇ ਕਰਮਾਂ ਦੀ ਚੋਣ ਕਰ ਸਕਦਾ ਹੈ ਜਿਹੜੇ ਉਸ ਦੀ ਅਧਿਆਤਮਿਕ ਉਨਤੀ ਵਿਚ ਸਹਾਈ ਹੋਣ ਅਤੇ ਉਸ ਨੂੰ ਨਦਰਿ ਪ੍ਰਾਪਤੀ ਦੇ ਯੋਗ ਬਨਾਉਣ। ਇਸ ਲਈ ਮਨੁੱਖੀ ਜਨਮ ਬਹੁਤ ਕੀਮਤੀ ਤੋਹਫ਼ਾ ਹੈ ਅਤੇ ਮਨੁੱਖੀ ਆਤਮਾ (ਜੀਵਾਤਮਾ) ਲਈ ਇਕ ਸੁਨਹਿਰੀ ਮੌਕਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ: “ਸੁਣਿ ਸੁਣਿ ਸਿਖ ਹਮਾਰੀ॥ ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ॥” (ਗੁ.ਗ੍ਰੰ. 154-155)। ਸਿੱਖ ਦ੍ਰਿਸ਼ਟੀਕੋਣ ਤੋਂ ਕਰਮਾਂ ਦੇ ਕੁਝ ਖ਼ਾਸ ਨੁਕਤੇ ਧਿਆਨ ਯੋਗ ਹਨ। ਸਿੱਖ ਧਰਮ ਅਨੁਸਾਰ ਕੋਈ ਸਵਰਗ ਜਾਂ ਨਰਕ ਨਹੀਂ ਹੈ ਜਿੱਥੇ ਚੰਗੇ ਅਤੇ ਬੁਰੇ ਕੰਮਾਂ ਵਾਲੇ ਮਨੁੱਖਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਇਨਾਮ ਜਾਂ ਸਜ਼ਾ ਦਿੱਤੀ ਜਾਂਦੀ ਹੋਵੇ। ਸਿੱਖ ਧਰਮ ਅਨੁਸਾਰ ਮਨੁੱਖੀ ਜਨਮ ਪਰਮਾਤਮਾ ਦੀ ਇੱਛਾ ਅਤੇ ਪੂਰਬਲੇ ਕਰਮਾਂ ਦਾ ਫਲ ਹੈ। ਇਸ ਤੋਂ ਅੱਗੇ, ਪੂਰਬਲੇ ਕਰਮ ਜੀਵ ਦੇ ਜਨਮ ਲੈਣ ਸਮੇਂ ਜਾਤ ਜਾਂ ਜਮਾਤ ਨਿਰਧਾਰਿਤ ਨਹੀਂ ਕਰਦੇ ਸਗੋਂ ਸਾਰੇ ਮਨੁੱਖ ਜਨਮ ਤੋਂ ਬਰਾਬਰ ਹਨ।
ਚੰਗੇ ਕੰਮ (ਸੁਕ੍ਰਿਤ) ਕੀ ਹਨ ਜੋ ਮਨੁੱਖ ਦੇ ਅੰਤਿਮ ਲਕਸ਼, ਮੋਕਸ਼ ਦੀ ਪ੍ਰਾਪਤੀ ਹਿਤ ਸਹਾਇਕ ਹੁੰਦੇ ਹਨ? ਗੁਰੂ ਸਾਹਿਬਾਨ ਨੇ ਸਵੈ-ਦਮਨ ਅਤੇ ਕਰਮਹੀਨਤਾ ਦੀ ਨਿੰਦਾ ਕੀਤੀ ਹੈ ਅਤੇ ਕਰਮ-ਕਾਂਡ ਨੂੰ ਫ਼ਜ਼ੂਲ ਦੱਸਿਆ ਹੈ। ਉਹਨਾਂ ਨੇ ਗ੍ਰਹਿਸਤੀ ਜੀਵਨ ਦੀ ਸਿਫ਼ਾਰਸ਼ ਕੀਤੀ ਹੈ ਜੋ ਪੂਰੀ ਸਰਗਰਮੀ, ਜ਼ੁੰਮੇਵਾਰੀ ਅਤੇ ਹਲੀਮੀ ਨਾਲ ਜੀਵਿਆ ਜਾਵੇ: ਇਹ ਜੀਵਨ ਸਮਰਪਣ ਅਤੇ ਸੇਵਾ ਵਾਲਾ ਹੋਵੇ ਅਤੇ ਇਹ ਹੁਕਮ ਨੂੰ ਪੂਰੀ ਤਰ੍ਹਾਂ ਸਮਝ ਕੇ ਉਸ ਅਨੁਸਾਰ ਹੋਵੇ ਅਤੇ ਇਹ ਦੈਵੀ ਰਜ਼ਾ ਅਧੀਨ ਹੋਵੇ। ਪਰਮਾਤਮਾ ਨਾਲ ਮੇਲ ਕਰਵਾਉਣ ਲਈ ਸਿੱਖ ਧਰਮ ਗਿਆਨ ਮਾਰਗ , ਭਗਤੀ ਮਾਰਗ ਅਤੇ ਕਰਮ ਮਾਰਗ ਤਿੰਨਾਂ ਰਸਤਿਆਂ ਦਾ ਸੁਮੇਲ ਕਰਦਾ ਹੈ। ਇਕ ਸਿੱਖ ਨੂੰ ਅਧਿਆਤਮਿਕ ਅਤੇ ਦੁਨਿਆਵੀ, ਨੈਤਿਕ ਅਤੇ ਸੰਸਾਰਿਕ ਗਿਆਨ ਹਾਸਲ ਕਰਨ ਅਤੇ ਗੁਰਮੁਖਾਂ ਵਾਲਾ ਜੀਵਨ ਜਿਊਂਦੇ ਹੋਏ ਪ੍ਰੇਮਾ- ਭਗਤੀ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ। ਉਸਦੇ ਕਰਮ ਗਿਆਨ ਰਾਹੀਂ ਹਾਸਲ ਕੀਤੇ ਬਿਬੇਕ ਦੁਆਰਾ ਨਿਰਦੇਸ਼ਿਤ ਅਤੇ ਇਕ ਸ਼ਰਧਾਲੂ ਦੀ ਤਰ੍ਹਾਂ ਪੂਰੀ ਸ਼ਰਧਾ ਅਤੇ ਸਵੈ-ਸਮਰਪਣ ਦੀ ਭਾਵਨਾ ਨਾਲ ਕੀਤੇ ਜਾਣੇ ਚਾਹੀਦੇ ਹਨ: ਇਹਨਾਂ ਦਾ ਨਿਰਬਾਹ ਪੂਰੀ ਸੰਜੀਦਗੀ ਅਤੇ ਈਮਾਨਦਾਰੀ ਨਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਇੰਝ ਕਰਦੇ ਸਮੇਂ ਮਨੁੱਖ ਨੂੰ ਆਪਣੀਆਂ ਸਾਰੀਆਂ ਦੁਨਿਆਵੀ ਜ਼ੁੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਉਣੀਆਂ ਚਾਹੀਦੀਆਂ ਹਨ। ਉਸਨੂੰ ਮੌਜੂਦਾ ਜੀਵਨ ਵਿਚ ਇਤਨਾ ਜ਼ਿਆਦਾ ਗ੍ਰਸਤ ਨਹੀਂ ਹੋ ਜਾਣਾ ਚਾਹੀਦਾ ਕਿ ਉਹ ਆਪਣੇ ਅਗਲੇ ਜੀਵਨ ਅਤੇ ਪਰਮਾਤਮਾ ਨਾਲ ਮੇਲ ਦੇ ਉਦੇਸ਼ ਨੂੰ ਭੁੱਲ ਹੀ ਜਾਵੇ। ਇਸ ਤਰ੍ਹਾਂ ਦੇ ਇੱਛਾ-ਰਹਿਤ ਕਰਮ ਮਨੁੱਖ ਨੂੰ ਹਉਮੈ ਖ਼ਤਮ ਕਰਨ ਵਿਚ ਸਹਾਈ ਹੁੰਦੇ ਹਨ ਅਤੇ ਜਦੋਂ ਪਰਮਾਤਮਾ ਦੀ ਨਦਰਿ ਜਾਂ ਮਿਹਰ ਹੁੰਦੀ ਹੈ ਤਾਂ ਮਨੁੱਖ ਪੂਰਬਲੇ ਕਰਮਾਂ ਦੇ ਅਸਰ ਉੱਤੇ ਕਾਬੂ ਪਾ ਲੈਂਦਾ ਹੈ ਅਤੇ ਜੀਵਨ-ਮੁਕਤ ਅਰਥਾਤ ਇਸ ਦੁਨੀਆ ਵਿਚ ਰਹਿੰਦਾ ਹੋਇਆ ਵੀ ਮੁਕਤੀ ਦੇ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ।
ਲੇਖਕ : ਕ.ਰ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32721, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਰਮ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਰਮ (ਸੰ.। ਸੰਸਕ੍ਰਿਤ ਕਰੑਮੑਮ) ੧. ਜੋ ਕੀਤਾ ਜਾਵੇ, ਕੰਮ , ਕਾਰਜ ।
ਦੇਖੋ, ‘ਕਰਮ ਭੂਮਿ’, ‘ਕਰਮ ਬਿਧਾਤਾ’,
‘ਕਰਮ ਮਣੀ’, ‘ਕਰਮ ਕਾਂਡ’,
‘ਕਰਮਾ ਕਾਰੀ’, ‘ਕਰਮ ਖੰਡ ’ ‘ਕਰਮ ਪੇਡੁ ’,
‘ਕਰਮੁ ਨ ਕੀਤੋ ਮਿਤ’।
੨. ਕਿਸਮਤ , ਭਾਗ ।
੩. (ਅ਼ਰਬੀ) ਬਖਸ਼ਸ਼। ਯਥਾ-‘ਜਿਨ ਕਉ ਨਦਰਿ ਕਰਮੁ ਤਿਨ ਕਾਰ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 32718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਰਮ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਰਮ : ਕਰਮ ਸ਼ਬਦ ‘ਕ੍ਰਿ’ ਧਾਤੂ ਤੋ ਬਣਿਆ ਹੈ, ਜਿਸ ਦਾ ਅਰਥ ‘ਕਰਨਾ’ ਹੈ। ਕਿਸੇ ਜੀਵ ਦੁਆਰਾ ਕੀਤਾ ਗਿਆ ਕਾਰਜ, ਵਿਆਪਾਰ ਚੇਸ਼ਟਾ ਜਾਂ ਕਿਰਿਆ ਉਸ ਦਾ ਕਰਮ ਅਖਵਾਉਂਦਾ ਹੈ ਅਤੇ ਉਸ ਅਨੁਸਾਰ ਹੀ ਉਸ ਨੂੰ ਫਲ ਭੋਗਣਾ ਪੈਂਦਾ ਹੈ। ਇਸ ਸਿਧਾਂਤ ਨੂੰ ਕਰਮਵਾਦ ਆਖਿਆ ਜਾਂਦਾ ਹੈ। ਵੇਦਾਂ ਵਿਚ ਕੀਤੇ ਗਏ ਕੰਮਾਂ ਅਨੁਸਾਰ ਨਰਕ ਜਾਂ ਸਵਰਗ ਦੀ ਪ੍ਰਾਪਤੀ ਦੇ ਸਿਧਾਂਤ ਨੂੰ ਮੰਨਿਆ ਗਿਆ ਹੈ। ਉਪਾਸ਼ਨਾ, ਪੂਜਾ, ਪਾਠ, ਯੋਗ ਆਦਿ ਨੂੰ ਸ਼ੁਭ ਕਰਮ ਆਖਿਆ ਗਿਆ ਹੈ। ਉਪਨਿਸ਼ਦਾਂ ਵਿਚ ਇਨ੍ਹਾਂ ਕਰਮਾਂ ਤੋਂ ਇਲਾਵਾ ਗਿਆਨ, ਯੋਗ ਤੇ ਤਪਸਿਆ ਨੂੰ ਵੀ ਮਹੱਤਵ ਦਿੱਤਾ ਗਿਆ ਹੈ। ਗੀਤਾ ਵਿਚ ਇਸ ਦ੍ਰਿਸ਼ਟੀਕੋਣ ਦੀ ਸਥਾਪਨਾ ਕਰਮਯੋਗ ਦੇ ਰੂਪ ਵਿਚ ਹੋਈ ਹੈ ਤੇ ਨਿਸ਼ਕਾਮ ਕਰਮਾਂ ਨੂੰ ਸ਼ੁਭ ਮੰਨਿਆ ਗਿਆ ਹੈ। ਜੈਨ ਤੇ ਬੁੱਧ ਧਰਮ ਵਿਚ ਸੰਜਮ ਤੇ ਸਦਾਚਾਰ ਨੂੰ ਹੀ ਸ਼ੁਭ ਕਰਮ ਕਿਹਾ ਗਿਆ ਹੈ।
ਛੇ ਸ਼ਾਸਤਰਾਂ ਵਿਚੋਂ ਸਾਂਖ ਵਾਲਿਆਂ ਨੇ ਵਿਵੇਕਪੂਰਨ ਕਰਮਾਂ ਨੂੰ ਬੰਧਨ ਰਹਿਤ ਮੰਨਿਆ ਹੈ ਤੇ ਯੋਗ ਦਰਸ਼ਨ ਵਿਚ ਯੋਗ ਅਭਿਆਸ ਦੁਆਰਾ ਚਿਤ ਦੀ ਸ਼ੁਧੀ ਨੂੰ ਕਰਮ ਆਖਿਆ ਗਿਆ ਹੈ। ਮੀਮਾਂਸਾ ਵਿਚ ਸੰਧਿਆ, ਉਪਾਸ਼ਨਾ, ਪੂਜਾ, ਪਾਠ, ਯਗ ਆਦਿ ਨੂੰ ਸ਼ੁਭ ਕਰਮ ਮੰਨਿਆ ਗਿਆ ਹੈ। ਅਦਵੈਦ ਵੇਦਾਂਤ ਵਾਲੇ ਗਿਆਨ ਤੇ ਵੈਰਾਗ ਦੁਆਰਾ ਕੀਤੇ ਕਰਮਾਂ ਨੂੰ ਹੀ ਸ਼ੁਭ ਕਰਮ ਸਮਝਦੇ ਹਨ। ਪੁਰਾਣਾਂ ਵਿਚ ਪੂਜਾ ਵਿਧੀਆਂ ਤੇ ਕਰਮ ਕਾਂਡਾਂ ਬਾਰੇ ਵਿਸਤਾਰ ਸਹਿਤ ਲਿਖਿਆ ਮਿਲਦਾ ਹੈ ਤੇ ਸਭ ਤੋਂ ਵਧ ਮਹੱਤਵ ਤੀਰਥ ਯਾਤਰਾ ਨੂੰ ਦਿੱਤਾ ਗਿਆ ਹੈ। ਈਸਾਈ ਮੱਤ ਤੇ ਇਸਲਾਮ ਵਿਚ ਥੋੜ੍ਹੇ ਬਹੁਤ ਫ਼ਰਕ ਨਾਲ ਇਸ ਸਿਧਾਂਤ ਨੂੰ ਸਵੀਕਾਰ ਕੀਤਾ ਗਿਆ ਹੈ। ਇਉਂ ਕਰਮ ਸਿਧਾਂਤ ਨੂੰ ਸਾਰੇ ਧਰਮਾਂ ਨੇ ਸਵੀਕਾਰ ਕਰ ਲਿਆ ਹੈ। ਜੇ ਕਰ ਥੋੜ੍ਹਾ ਬਹੁਤ ਫ਼ਰਕ ਦ੍ਰਿਸ਼ਟੀਗੋਚਰ ਹੁੰਦਾ ਹੈ ਤਾਂ ਦਾਰਸ਼ਨਿਕ ਵਿਚਾਰਧਾਰਾ ਦੇ ਭੇਦ ਕਰਕੇ ਹੈ ਕਿਉਂਕਿ ਹਰ ਇਕ ਨੇ ਇਸ ਨੂੰ ਅਜਿਹੀ ਦ੍ਰਿਸ਼ਟੀ ਤੋਂ ਦੇਖਣ ਦਾ ਯਤਨ ਕੀਤਾ ਹੈ।
ਕਰਮ ਵਿਧਾਨ ਸ੍ਰਿਸ਼ਟੀ ਦੇ ਆਰੰਭ ਤੋਂ ਹੀ ਚਲਿਆ ਆ ਰਿਹਾ ਹੈ ਜਦੋਂ ਜੀਵ ਨੇ ਕਰਮ ਕਰਨੇ ਆਰੰਭ ਕੀਤੇ ਸਨ।
ਕਿਰਤ ਸੰਸਕ੍ਰਿਤ ਦੇ ‘ਕ੍ਰਿਤ’ ਦਾ ਵਿਕਰਿਤ ਰੂਪ ਹੈ ਜਿਸ ਦਾ ਅਰਥ ਹੈ ਕੀਤਾ ਹੋਇਆ। ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਦਾ ਫਲ ਵੀ ਭੋਗਣਾ ਪੈਂਦਾ ਹੈ। ਜੀਵ ਦੇ ਤਿੰਨ ਸਰੀਰ ਮੰਨੇ ਜਾਂਦੇ ਹਨ––ਕਾਰਨ ਸਰੀਰ, ਸੂਖਮ ਸਰੀਰ ਤੇ ਸਥੂਲ ਸਰੀਰ। ਇਨ੍ਹਾਂ ਵਿਚ ਸੂਖਮ ਸਰੀਰ ਦਾ ਸਬੰਧ ਕਰਮਾਂ ਨਾਲ ਹੈ। ਬ੍ਰਹਮ ਗਿਆਨ ਦੀ ਪ੍ਰਾਪਤੀ ਤੱਕ ਸੂਖਮ ਸਰੀਰ ਦੇ ਰੂਪ ਵਿਚ ਪੂਰਬ-ਜਨਮ ਦੇ ਸੰਸਕਾਰ ਬਣੇ ਰਹਿੰਦੇ ਹਨ, ਜਿਨ੍ਹਾਂ ਅਨੁਸਾਰ ਜੀਵ ਜਨਮ ਧਾਰਨ ਕਰਦਾ ਹੈ। ਪਿਛਲੇ ਜਨਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਦਾ ਸੁਭਾ ਬਣਦਾ ਹੈ, ਜਿਸ ਅਨੁਸਾਰ ਉਹ ਦੁਖ ਸੁੱਖ ਭੋਗਦਾ ਹੈ। ਇੰਜ ਇਸ ਜਨਮ ਦੇ ਕਰਮ ਸਾਡੇ ਅਗਲੇ ਜਨਮ ਵਿਚ ਸਾਨੂੰ ਪ੍ਰਭਾਵਿਤ ਕਰਨਗੇ। ਇਹ ਕਿਰਤ ਕਰਮ ਮੇਟੇ ਨਹੀਂ ਜਾ ਸਕਦੇ।
ਜੀਵ ਆਪਣੀ ਇੱਛਾ ਅਨੁਸਾਰ ਕਰਮ ਨਹੀਂ ਕਰ ਸਕਦਾ ਕਿਉਂ ਜੋ ਉਹ ਪਰਮਾਤਾ ਦੇ ਅਧੀਨ ਹੈ। ਪ੍ਰਾਣੀ ਉਹੀ ਕਰਮ ਕਰਦਾ ਹੈ ਜੋ ਧੁਰੋਂ ਲਿਖੇ ਹੁੰਦੇ ਹਨ। ਇਸ ਦਾ ਭਾਵ ਹੈ ਕਿ ਜੀਵ ਕਰਮ ਕਰਨ ਤੇ ਉਸ ਦੇ ਫਲ ਭੋਗਣ ਦੇ ਮਾਮਲੇ ਵਿਚ ਪਰਤੰਤਰ ਹੈ; ਪਰਮਾਤਮਾ ਦੇ ਅਧੀਨ ਹੈ।
ਸਥੂਲ ਰੂਪ ਵਿਚ ਕਰਮਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ––ਸਮਸ਼ਟੀ ਕਰਮ ਤੇ ਵਿਅਸ਼ਟੀ ਕਰਮ। ਸਮਸ਼ਟੀ-ਕਰਮ ਉਹ ਕਰਮ ਹਨ ਜੋ ਪਰਮਾਤਮਾ ਦੇ ਹੁਕਮ ਅਧੀਨ ਸਮੂਹਿਕ ਰੂਪ ਵਿਚ ਹੋ ਰਹੇ ਹਨ। ਇਨ੍ਹਾਂ ਕਰਮ ਦਾ ਕਾਰਜ ਖੇਤਰ ਵਿਸ਼ਾਲ ਪ੍ਰਕਿਰਤੀ ਹੈ। ਸੂਰਜ ਅਤੇ ਚੰਦਰਮਾ ਚੜ੍ਹਨਾ, ਲਥਣਾ, ਨਦੀਆਂ ਦਾ ਲਗਾਤਾਰ ਵਹਿੰਦੇ ਰਹਿਣਾ, ਹਵਾ ਦਾ ਚਲਣਾ ਆਦਿ ਸਮਸ਼ਟੀ ਕਰਮ ਹਨ। ਮਾਨਵ ਸਿਰਫ਼ ਵਿਅਕਤੀਗਤ ਜਾਂ ਵਿਅਸ਼ਟੀ ਕਰਮ ਹੀ ਕਰ ਸਕਦਾ ਹੈ। ਵਿਅਸ਼ਟੀ ਕਰਮ ਤਿੰਨ ਪ੍ਰਕਾਰ ਦੇ ਹਨ––ਸਰੀਰਕ, ਮਾਨਸਿਕ ਅਤੇ ਅਧਿਆਤਮਿਕ। ਇਨ੍ਹਾਂ ਤਿੰਨਾਂ ਵਿਚੋਂ ਅਧਿਆਤਮਿਕ ਕਰਮ ਸੂਖਮ ਹਨ ਜੋ ਪਰਮਾਤਮਾ ਦੇ ਮਿਲਾਪ ਲਈ ਕੀਤੇ ਗਏ ਹੁੰਦੇ ਹਨ। ਵਿਅਸ਼ਟੀ ਕਰਮਾਂ ਨੂੰ ਪ੍ਰਵਿਤਰੀ ਦੇ ਆਧਾਰ ਤੇ ਦੋ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ––ਅਸ਼ੁਭ ਕਰਮ ਤੇ ਸ਼ੁਭ ਕਰਮ।
ਅਸ਼ੁਭ ਕਰਮ ਉਹ ਹਨ ਜੋ ਮਨੁੱਖ ਨੂੰ ਸੰਸਾਰਿਕ ਬੰਧਨਾਂ ਵਿਚ ਲੀਨ ਰਖਦੇ ਹਨ ਅਤੇ ਭਗਤੀ ਅਤੇ ਗਿਆਨ ਦੇ ਮਾਰਗ ਵਿਚ ਰੁਕਾਵਟ ਬਣਦੇ ਹਨ। ਇਨ੍ਹਾਂ ਕਾਰਨ ਮਨ ਵਿਸ਼ੇ ਵਾਸ਼ਨਾਵਾਂ ਵਿਚ ਲੱਗਿਆ ਆਵਾਗਵਣ ਵਿਚ ਪਿਆ ਰਹਿੰਦਾ ਹੈ। ਇਨ੍ਹਾਂ ਕਰਮਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ––ਵਾਸ਼ਨਾ ਪ੍ਰਧਾਨ ਕਰਮ, ਕਰਮ ਪ੍ਰਧਾਨ ਕਰਮ ਤੇ ਤ੍ਰੈਗੁਣੀ ਕਰਮ।
ਵਾਸ਼ਨਾ ਪ੍ਰਧਾਨ ਕਰਮ ਦੁਨਿਆਵੀ ਵਿਸ਼ੇ ਵਿਕਾਰਾਂ ਵੱਲ ਖਿਚਿਆ ਜਾਣ ਤੇ ਮਨੁੱਖ ਕਰਦਾ ਹੈ ਜਿਸ ਕਾਰਨ ਉਸ ਦਾ ਮਨ ਸੰਸਾਰਕਤਾ ਵਿਚ ਖੁਭ ਜਾਂਦਾ ਹੈ, ਅਹੰਕਾਰ ਵਸ ਹੋ ਜਾਇਜ਼ ਨਾਜਾਇਜ਼ ਕੰਮ ਕਰਦਾ ਹੈ। ਪਾਪ ਪੁੰਨ ਕਾਰਨ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ। ਇਹ ਕਰਮ ਉਸ ਦੀ ਅਧਿਆਤਮਕ ਪ੍ਰਗਤੀ ਵਿਚ ਰੁਕਾਵਟ ਬਣਦੇ ਹਨ ਤੇ ਪਰਮਾਤਮਾ ਨੂੰ ਮਿਲਣ ਨਹੀਂ ਦਿੰਦੇ।
ਕਰਮ ਪ੍ਰਧਾਨ ਕਰਮ ਉਨ੍ਹਾਂ ਕਰਮਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਕਿ ਪ੍ਰੇਮ-ਭਾਵਨਾ ਰਹਿਤ ਹੋ ਕੇ ਦਿਖਾਵੇ ਲਈ ਕੀਤੇ ਜਾਂਦੇ ਹਨ। ਪ੍ਰੇਮ-ਭਾਵਨਾ ਰਹਿਤ ਸਾਰੇ ਕਰਮ ਵਿਅਰਥ ਦੇ ਯਤਨ ਹਨ। ਇਨ੍ਹਾਂ ਦਾ ਰੂੜ੍ਹ ਰੂਪ ਹੀ ਕਰਮ ਕਾਂਡ ਹੈ, ਭਾਵੇਂ ਇਹ ਕਿਸੇ ਧਰਮ ਨਾਲ ਵੀ ਸਬੰਧਤ ਕਿਉਂ ਨਾ ਹੋਣ।
ਤ੍ਰੈਗੁਣੀ ਕਰਮ ਮਨੁੱਖੀ ਜੀਵਨ ਵਿਚ ਰਜੋ, ਸਤੋ ਤੇ ਤਮੋ ਗੁਣਾਂ ਦਾ ਬੜਾ ਮਹੱਤਵ ਹੈ। ਗੀਤਾ ਵਿਚ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਇਨ੍ਹਾਂ ਤਿੰਨਾਂ ਗੁਣਾਂ ਦੇ ਸਰੂਪ ਤੇ ਪ੍ਰਕਾਸ਼ ਪਾਉਂਦਿਆਂ ਆਖਿਆ ਹੈ ਕਿ ਇਹ ਅਵਿਨਾਸ਼ੀ ਜੀਵਾਤਮਾਂ ਨੂੰ ਸਰੀਰ ਵਿਚ ਬੰਨ੍ਹਦੇ ਹਨ। ਸੰਸਾਰ ਦੇ ਸਾਰੇ ਪ੍ਰਾਣੀ ਇਨ੍ਹਾਂ ਤਿੰਨਾਂ ਗੁਣਾਂ ਦਾ ਅਧੀਨ ਹਨ, ਜਿਸ ਦੇ ਫਲ ਸਰੂਪ ਉਹ ਜਨਮ ਮਰਨ ਦੇ ਚੱਕਰ ਵਿਚ ਪਏ ਰਹਿੰਦੇ ਹਨ। ਮਨ ਸਿਰਫ਼ ਭਗਤੀ ਨਾਲ ਹੀ ਸ਼ੁਧ ਹੁੰਦਾ ਹੈ ਤੇ ਮਾਨਵ ਜੀਵਨ––ਮੁਕਤ ਬਣ ਜਾਂਦਾ ਹੈ।
ਸ਼ੁਭ ਕਰਮ ਜੋ ਕਰਮ ਸ਼ਾਂਤ ਬੁਧੀ ਦੀ ਪ੍ਰਾਪਤੀ ਲਈ ਸਹਾਈ ਹੋਣ ਉਹ ਸ਼ੁਭ ਕਰਮ ਹਨ। ਇਨ੍ਹਾਂ ਨੂੰ ਅਧਿਆਤਮ ਕਰਮ ਵੀ ਆਖਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਨਾਲ ਸਾਧਕ ਨੂੰ ਦਿਬ ਦ੍ਰਿਸ਼ਟੀ, ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਸ ਨੂੰ ਸਭ ਪਾਸੇ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ। ਅਜਿਹੀ ਸਮ ਦ੍ਰਿਸ਼ਟੀ ਦੀ ਸਥਿਤੀ ਵਿਚ ਕੀਤਾ ਗਿਆ ਹਰ ਕਰਮ ਹਉਮੈ-ਰਹਿਤ ਹੋ ਜਾਂਦਾ ਹੈ ਤੇ ਮਨ ਵਿਕਾਰ ਰਹਿਤ ਹੋ ਜਾਂਦਾ ਹੈ। ਇਨ੍ਹਾਂ ਕਰਮਾਂ ਦੁਆਰਾ ਜੀਵ-ਅਧਿਆਤਮਕ ਖੇਤਰ ਵਿਚ ਅੱਗੇ ਵਧਦਾ ਹੈ। ਇਸ ਅਵਸਥਾ ਵਿਚ ਪੁੰਨ, ਦਾਨ, ਇਸ਼ਨਾਨ ਸਭ ਉਚਿਤ ਹਨ।
ਆਵਾਗਵਣ :––ਆਵਾਗਵਣ ਦਾ ਮੂਲ ਆਧਾਰ ਕਰਮ ਹੈ। ਕਰਮਾਂ ਦਾ ਫਲ ਲਾਜ਼ਮੀ ਪੈਂਦਾ ਹੈ। ਇਹੀ ਕਰਮ ਬੰਧਨ ਹਨ। ਇਨ੍ਹਾਂ ਤੋਂ ਬੱਚ ਨਿਕਲਣਾ ਔਖਾ ਹੈ। ਇਸ ਦਾ ਪ੍ਰਵਾਹ ਅਨਾਦੀ ਹੈ ਤੇ ਇਕ ਕਰਮ ਦੂਜੇ ਦਾ ਸਿਰਜਨ ਕਰਦਾ ਰਹਿੰਦਾ ਹੈ। ਕਰਮ ਦਾ ਫਲ ਭੋਗਣ ਲਈ ਜੀਵਾਤਮਾ ਦਾ ਸਬੰਧ ਸਰੀਰ ਨਾਲ ਹੈ। ਇਹੀ ਜਨਮ ਹੈ ਤੇ ਇਕ ਨਿਸ਼ਚਿਤ ਸਮੇਂ ਪੰਜ ਭੌਤਿਕ ਸ਼ਰੀਰ ਦਾ ਅੰਤ ਹੋ ਜਾਂਦਾ ਹੈ, ਇਹੀ ਮੌਤ ਹੈ। ਜਨਮ-ਮਰਨ ਪ੍ਰਾਪਤ ਕਰਨ ਵਾਲੀਆਂ ਚੰਗੀਆਂ ਮਾੜੀਆਂ ਚੌਰਾਸੀ ਲੱਖ ਜੂਨੀਆਂ ਹਨ, ਜਿਨ੍ਹਾਂ ਵਿਚ ਮਨੁੱਖ ਸਰਬੋਤਮ ਹੈ ਤੇ ਸ਼ੁਭ ਅਸ਼ੁਭ ਅਨੁਸਾਰ ਚੰਗੇ ਮਾੜੇ ਜਨਮ ਭੋਗਦਾ ਹੈ। ਆਵਾਗਵਣ ਤੋਂ ਬਚਣ ਦਾ ਉਪਾ ਹੈ ਗੁਰੂ ਦੀ ਪ੍ਰਾਪਤੀ, ਜਿਸ ਦੁਆਰਾ ਜੀਵ ਨਾਮ ਪ੍ਰਾਪਤ ਕਰਦਾ ਹੈ ਤੇ ਮਿਥਿਆ, ਮੋਹ, ਮਾਇਆ, ਦੇ ਜਾਲ ’ਚੋਂ ਮੁਕਤ ਹੋ ਜਾਂਦਾ ਹੈ। ਸ਼ਬਦ ਵਿਚ ਸੁਰਤ ਲਗਾਉਣਾ, ਪਰਮਾਤਮਾ ਨਾਲ ਇਕ ਸੁਰ ਹੋਣਾ ਤੇ ਉਸ ਦੇ ਗੁਣ ਗਾਉਣਾ ਹੀ ਇਸ ਆਵਾਗਵਣ ਦੇ ਚੱਕਰ ਤੋਂ ਮੁਕਤ ਕਰਵਾ ਸਕਦੇ ਹਨ।
ਗੁਰਮਤਿ ਵਿਚ ਕਰਮ-ਸਿਧਾਂਤ ਨੂੰ ਸਵੀਕਾਰ ਕੀਤਾ ਗਿਆ ਹੈ ਤੇ ਕਰਮਾਂ ਉਪਰ ਨਿਬੇੜਾ ਮੰਨਿਆ ਹੈ। ਜੋ ਵੀ ਪ੍ਰਾਪਤ ਹੋਣਾ ਹੈ ਉਹ ਕਰਮਾਂ ਅਨੁਸਾਰ ਹੋਣਾ ਹੈ। ਜਗਤ ਵਿਚ ਕਰਮਾਂ ਅਨੁਸਾਰ ਮਨੁੱਖ ਨੂੰ ਜਾਣਿਆ ਜਾਂਦਾ ਹੈ ਜਿਵੇਂ ਪਾਪੀ-ਪੁੰਨੀ ਆਦਿ। ਚਿਤ੍ਰ ਗੁਪਤ ਸਾਡੇ ਕਰਮਾਂ ਦਾ ਲੇਖਾ ਰਖਦੇ ਹਨ, ਜਿਨ੍ਹਾਂ ਅਨੁਸਾਰ ਧਰਮਰਾਜ ਫਲ ਦਿੰਦਾ ਹੈ। ਜੋ ਅਸੀਂ ਬੀਜਦੇ ਹਾਂ, ਉਹੀ ਖਾਂਦੇ ਹਾਂ। “ਜੈਸਾ ਕਰੇ ਸੁ ਤੈਸਾ ਪਾਏ। ਆਪਿ ਬੀਜਿ ਆਪੇ ਹੀ ਖਾਵੈ”। ਗੁਰਮਿਤ ਵਿਚਾਰਧਾਰਾ ਅਨੁਸਾਰ ਕਿਰਤ ਕਰਮ ਮੇਟੇ ਨਹੀਂ ਜਾ ਸਕਦੇ। ਮਨੁੱਖ ਇਨ੍ਹਾਂ ਕਿਰਤ ਕਰਮਾਂ ਅਨੁਸਾਰ ਦੁੱਖ ਸੁੱਖ ਭੋਗਦਾ ਅਤੇ ਜੰਮਦਾ ਮਰਦਾ ਰਹਿੰਦਾ ਹੈ। ਮਨੁੱਖ ਕਰਮ ਕਰਨ ਵਿਚ ਸੁਤੰਤਰ ਹੈ ਪਰ ਉਨ੍ਹਾਂ ਦਾ ਫਲ ਪਰਮਾਤਮਾ ਦੇ ਹੱਥ ਵੱਸ ਹੈ। ਉਸ ਦੇ ਦਰਬਾਰ ਵਿਚ ਕੋਈ ਹੇਰਾ-ਫੇਰੀ ਨਹੀਂ ਹੁੰਦੀ।
ਗੁਰਮਤਿ ਵਿਚ ਕਰਮਕਾਂਡ ਨੂੰ ਕੋਈ ਥਾਂ ਨਹੀਂ ਹੈ, ਜਿੰਨਾ ਚਿਰ ਮਨ ਸ਼ੁੱਧ ਨਹੀਂ ਹੁੰਦਾ ਅਤੇ ਵਿਕਾਰਾਂ ਅਧੀਨ ਰਹਿੰਦਾ ਹੈ ਉੱਨਾ ਚਿਰ ਦਿਖਾਵੇ ਦੇ ਪੂਜਾ ਪਾਠ ਦਾ ਕੋਈ ਲਾਭ ਨਹੀਂ ਹੈ, ਸਗੋਂ ਹਉਮੈ ਕਾਰਨ ਮਨੁੱਖ ਇਸ ਪ੍ਰਪੰਚ ਵਿਚ ਫਸ ਕੇ ਰਹਿ ਜਾਂਦਾ ਹੈ ਤੇ ਜੰਮਦਾ ਮਰਦਾ ਰਹਿੰਦਾ ਹੈ। ਇਸ ਲਈ ਗੁਰੂ ਜੀ ਸਾਧਕ ਨੂੰ ਅਜਿਹੇ ਕਰਮਾਂ ਤੋਂ ਵਰਜਦੇ ਹਨ।
ਮੱਧ ਕਾਲੀਨ ਸੰਤਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਇਹ ਦਿਖਾਵੇ ਦੇ ਕਰਮਕਾਂਡ ਲੋਕਾਂ ਨੂੰ ਸੱਚ ਦੇ ਮਾਰਗ ਦੀ ਥਾਂ ਕੁਰਾਹੇ ਪਾਉਂਦੇ ਹਨ। ਇਨ੍ਹਾਂ ਨੇ ਸਾਰਿਆਂ ਧਰਮਾਂ ਨੂੰ ਖੋਖਲਾ ਕਰ ਦਿੱਤਾ ਹੈ ਅਤੇ ਅਮਰਿਯਾਦਾ ਪੈਦਾ ਕੀਤਾ ਹੈ। ਇਸ ਲਈ ਇਨ੍ਹਾਂ ਫੋਕਟ ਕਰਮਾਂ ਤੋਂ ਮੁਕਤ ਕਰਵਾਉਣ ਲਈ ਸੰਤਾਂ ਨੇ ਜ਼ਬਰਦਸਤ ਆਵਾਜ਼ ਉਠਾਈ। ਭਗਤ ਕਬੀਰ ਆਦਿ ਨੇ ਤਾਂ ਇਨ੍ਹਾਂ ਬਾਹਰੀ ਦਿਖਾਵੇ ਦੇ ਕਰਮ ਕਾਂਡਾਂ ਦੀ ਕਰੜੀ ਆਲੋਚਨਾ ਵੀ ਕੀਤੀ ਹੈ।
ਗੁਰਮਤਿ ਵਿਚ ਸਿਰਫ਼ ਨਾਮ ਤੇ ਭਗਤੀ ਕਰਮ ਤ੍ਰੈਗੁਣੀ-ਕਰਮਾਂ ਦੀ ਸੀਮਾਂ ਤੋਂ ਬਾਹਰ ਹਨ। ਗੁਰੂ ਸਾਹਿਬਾਨ ਨੇ ਅਧਿਆਤਮ ਕਰਮ ਕਰਨ ਲਈ ਜਗਿਆਸੂਆਂ ਨੂੰ ਪ੍ਰੇਰਿਤ ਕੀਤਾ ਹੈ। ਇਹ ਅਧਿਆਤਮ ਕਰਮ ਹਨ––ਪੰਜ ਵਿਕਾਰਾਂ ਨੂੰ ਮਾਰਨਾ, ਹਿਰਦੇ ਵਿਚ ਸਤਿ ਧਾਰਨ ਕਰਨਾ, ਗੁਰ-ਸ਼ਬਦ ਦੀ ਭਿਖਿਆ ਮੰਗਣੀ, ਪ੍ਰਭੂ ਦੇ ਭੈ ਵਿਚ ਰਹਿਣਾ, ਗੁਰੂ ਦੀ ਕ੍ਰਿਪਾ ਪ੍ਰਾਪਤ ਕਰਨੀ, ਗੁਰੂ ਦੀ ਸ਼ਰਣ ਵਿਚ ਰਹਿਣਾ, ਸਤਿਸੰਗਤ ਵਿਚ ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਪਰਮਾਤਮਾ ਦੇ ਭਾਣੇ ਵਿਚ ਰਹਿਣਾ ਆਦਿ। ਅਜਿਹੇ ਕਰਮ ਕਰਨ ਵਾਲਿਆਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਸੁੱਖ ਪ੍ਰਾਪਤ ਹੋਵੇਗਾ।
ਗੁਰਮਤਿ ਵਿਚ ਆਵਾਗਵਣ ਦੇ ਸਿਧਾਂਤ ਨੂੰ ਵੀ ਸਵੀਕਾਰ ਕੀਤਾ ਗਿਆ ਹੈ। ਕਰਮਾਂ ਅਨੁਸਾਰ ਜੀਵ ਜੰਮਦਾ ਮਰਦਾ ਰਹਿੰਦਾ ਹੈ, ਜਿਸ ਨੂੰ ਕੋਈ ਰੋਕ ਨਹੀਂ ਸਕਦਾ। ਇਹ ਚੱਕਰ ਤਾਂ ਹੀ ਖ਼ਤਮ ਹੋਵੇਗਾ ਜੇ ਗੁਰੂ ਦੀ ਪ੍ਰਾਪਤੀ ਹੋਵੇਗੀ ਕਿਉਂਕਿ ਪੂਰਨ ਗੁਰੂ ਰਾਮ ਨਾਮ ਦੀ ਰਾਸ ਪੂੰਜੀ ਪ੍ਰਦਾਨ ਕਰਦਾ ਹੈ, ਜਿਸ ਨਾਲ ਮਿਥਿਆ ਭਰਮ ਨਸ਼ਟ ਹੋ ਜਾਂਦੇ ਹਨ। ਸੁਰਤਿ ਸ਼ਬਦ ਵਿਚ ਟਿਕਦੀ ਹੈ ਤੇ ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਆਵਾਗਵਣ ਤੋਂ ਮੁਕਤ ਹੋ ਜਾਈਦਾ ਹੈ।
ਗੁਰਮਤਿ ਦਾ ਕਰਮ ਸਿਧਾਂਤ ਵੈਦਿਕ ਕਰਮ-ਕਾਂਡ ਨਾਲ ਮੇਲ ਨਹੀਂ ਖਾਂਦਾ। ਉਪਨਿਸ਼ਦਾਂ, ਗੀਤਾ ਤੇ ਅਦਵੈਤ ਵੇਦਾਂਤ ਦੇ ਕਰਮ ਸਬੰਧੀ ਸਿਧਾਂਤ ਗੁਰਮਤਿ ਨਾਲ ਕਿਸੇ ਨਾ ਕਿਸੇ ਰੂਪ ਵਿਚ ਮੇਲ ਖਾਂਦੇ ਹਨ। ਨਿਸ਼ਕਾਮ ਕਰਮ ਨੂੰ ਮਹੱਤਵ ਦਿੱਤਾ ਗਿਆ ਹੈ। ਗੁਰਮਤਿ ਵਿਚ ਕਰਮ, ਗਿਆਨ, ਯੋਗ ਅਤੇ ਭਗਤੀ ਦਾ ਬੜਾ ਸੁੰਦਰ ਸੁਮੇਲ ਹੋਇਆ ਹੈ। ਪਾਖੰਡ-ਪੂਰਨ ਕਰਮ ਕਾਂਡ, ਤ੍ਰੈਗੁਣੀ-ਕਰਮਾਂ ਆਦਿ ਨੂੰ ਕੋਈ ਥਾਂ ਨਹੀਂ ਹੈ। ਕਰਮਾਂ ਦਾ ਫਲ ਭੋਗਣ ਲਈ ਬਾਰ ਬਾਰ ਜਨਮ ਲੈਣਾ ਪੈਂਦਾ ਹੈ। ਇਨ੍ਹਾਂ ਤੋਂ ਮੁਕਤੀ ਗੁਰੂ ਦੀ ਪ੍ਰਾਪਤੀ ਤੇ ਮਿਹਰ ਦੀ ਨਦਰਿ ਨਾਲ ਹੀ ਸੰਭਵ ਹੈ।
ਹ. ਪੁ.––ਸ੍ਰੀ ਗੁਰੂ ਗ੍ਰੰਥ ਸਾਹਿਬ ਏਕ ਸਾਂਸਕ੍ਰਿਤਕ ਸਰਵੇਕਸ਼ਨ––ਡਾ. ਮਨਮੋਹਨ ਸਹਿਗਲ; ਗੁਰੂ ਨਾਨਕ ਦੀ ਵਿਚਾਰਧਾਰਾ––ਡਾ. ਜੱਗੀ ਪੰਨਾ : 380 ; ਬੋਧ ਧਰਮ ਦਰਸ਼ਨ––ਆਚਾਰੀਆ ਨਰਿੰਦਰ ਦੇਵ ਪੰਨਾ : 250।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 25217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no
ਕਰਮ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕਰਮ : ਸੰਸਾਰ ਵਿਚ ਰਹਿੰਦਿਆਂ ਮਨੁੱਖ ਵੱਲੋਂ ਕੀਤੇ ਕੰਮ ਕਰਮ ਅਖਵਾਉਂਦੇ ਹਨ। ਇਹ ਤਿੰਨ ਪ੍ਰਕਾਰ ਦੇ ਮੰਨੇ ਗਏ ਹਨ :- ਕ੍ਰਿਯਮਾਨ, ਸੰਚਿਤ ਅਤੇ ਪ੍ਰਾਲਬਧ। ਕ੍ਰਿਯਮਾਨ ਕਰਮ ਉਹ ਹੁੰਦੇ ਹਨ ਜਿਹੜੇ ਮਨੁੱਖ ਵਰਤਮਾਨ ਸਮੇਂ ਵਿਚ ਕਰਦਾ ਹੈ। ਸੰਚਿਤ ਕਰਮ ਪਿਛਲੇ ਜਨਮਾਂ ਦੇ ਕੀਤੇ ਉਹ ਕਰਮ ਹਨ ਜਿਨ੍ਹਾਂ ਦਾ ਫ਼ਲ ਮਨੁੱਖ ਵਰਤਮਾਨ ਵਿਚ ਭੋਗਦਾ ਹੈ। ਵਰਤਮਾਨ ਕਰਮ ਅਗਲੇ ਜਨਮ ਵਿਚ ਸੰਚਿਤ ਕਰਮ ਬਣਦੇ ਹਨ ਅਤੇ ਇਨ੍ਹਾਂ ਕਰਮਾਂ ਦੇ ਜਿਹੜੇ ਫ਼ਲ ਮਨੁੱਖ ਭੋਗਦਾ ਹੈ ਉਹ ਪ੍ਰਾਲਬਧ ਬਣ ਜਾਂਦੇ ਹਨ। ਇਸ ਪ੍ਰਕਾਰ ਇਹ ਕਰਮ ਚੱਕਰ ਚਲਦਾ ਰਹਿੰਦਾ ਹੈ ਅਤੇ ਆਪਣੇ ਕਰਮਾਂ ਅਨੁਸਾਰ ਜੀਵ ਜਨਮ ਲੈਂਦਾ ਰਹਿੰਦਾ ਹੈ। ਇਸੇ ਨੂੰ ਆਵਾਗਵਣ ਕਿਹਾ ਜਾਂਦਾ ਹੈ।
ਅਧਿਆਤਮਕ ਦ੍ਰਿਸ਼ਟੀ ਤੋਂ ਜਿਹੋ ਜਿਹਾ ਕੋਈ ਕਰਮ ਕਰਦਾ ਹੈ, ਉਸ ਨੂੰ ਉਸੇ ਅਨੁਸਾਰ ਫ਼ਲ ਭੋਗਣਾ ਪੈਂਦਾ ਹੈ -
‘‘ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥''
‘‘ਫਲੁ ਤੇਵੇਹੋ ਪਾਈਐ ਜੇਵਹੀ ਕਾਰ ਕਮਾਈਐ ॥''
‘‘ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥''
ਕਰਮਾਂ ਦੇ ਭੋਗ ਤੋਂ ਹੀ ਸਵਰਗ ਅਤੇ ਨਰਕ ਦਾ ਸੰਕਲਪ ਪੈਦਾ ਹੋਇਆ ਹੈ। ਚੰਗੇ ਕਰਮ ਕਰਨ ਵਾਲੇ ਸਵਰਗ ਨੂੰ ਜਾਂਦੇ ਹਨ ਅਤੇ ਮਾੜੇ ਕਰਮਾਂ ਵਾਲੇ ਨਰਕ ਨੂੰ। ਭਾਰਤੀ ਧਾਰਮਿਕ ਪਰੰਪਰਾਵਾਂ ਵਿਚ ਪੂਜਾ, ਪਾਠ, ਯੱਗ, ਸੇਵਾ, ਦਾਨ, ਪੁੰਨ ਆਦਿ ਨੂੰ ਸ਼ੁਭ ਕਰਮ ਕਿਹਾ ਗਿਆ ਹੈ ਅਤੇ ਇਹ ਕਰਮ ਮਨੁੱਖ ਨੂੰ ਸਵਰਗ ਵੱਲ ਲਿਜਾਂਦੇ ਹਨ। ਭਗਵਤ ਗੀਤਾ ਅਨੁਸਾਰ ਕਰਮ ਕਰਨਾ ਪ੍ਰਾਣੀ ਦੀ ਮਜਬੂਰੀ ਹੈ। ਕੋਈ ਵੀ ਜੀਵ ਜਨਮ ਧਾਰ ਕੇ ਕਰਮ ਕੀਤੇ ਬਗ਼ੈਰ ਨਹੀਂ ਰਹਿ ਸਕਦਾ ਪਰ ਕਰਮ ਕਰਨ ਵੇਲੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ ਅਰਥਾਤ ਨਿਸ਼ਕਾਮ ਕਰਮ ਉਤੇ ਜ਼ੋਰ ਦਿੱਤਾ ਗਿਆ ਹੈ।
ਸ਼ਾਸਤਰਾਂ ਵਿਚ ਵੀ ਕਰਮ ਦੇ ਮਹੱਤਵ ਨੂੰ ਕਬੂਲਿਆ ਗਿਆ ਹੈ। ਸਾਂਖਯ ਮਤ ਵਾਲੇ ਵਿਵੇਕ ਪੂਰਨ ਕਰਮਾਂ ਨੂੰ ਬੰਧਨ ਰਹਿਤ ਮੰਨਦੇ ਹਨ। ਯੋਗ ਮਤ ਵਾਲੇ ਚਿੱਤ ਦੀ ਸ਼ੁੱਧੀ ਲਈ ਕੀਤੇ ਯਤਨਾਂ ਨੂੰ ਕਰਮ ਮੰਨਦੇ ਹਨ। ਪੁਰਾਣਾਂ ਅਨੁਸਾਰ ਕਰਮ ਪੂਜਾ ਵਿਧੀਆਂ, ਤੀਰਥ ਯਾਤਰਾ ਦਾ ਰੂਪ ਧਾਰ ਕੇ ਆਏ ਹਨ। ਇਸਲਾਮ ਅਤੇ ਈਸਾਈ ਮਤ ਵਾਲੇ ਕਰਮ ਦੇ ਸਿਧਾਂਤ ਨੂੰ ਮੰਨਦੇ ਹਨ ਪਰ ਬਾਕੀ ਧਰਮਾਂ ਨਾਲੋਂ ਉਨ੍ਹਾਂ ਦੀ ਕਰਮ ਸਬੰਧੀ ਵਿਆਖਿਆ ਅਤੇ ਪ੍ਰਕਿਰਿਆ ਭਿੰਨ ਹੈ। ਜੀਵ ਨੂੰ ਕਰਮ ਫ਼ਲ ਭੋਗਣ ਲਈ ਕਿਸੇ ਸਰੀਰ ਦਾ ਆਸਰਾ ਲੈਣਾ ਪੈਂਦਾ ਹੈ। ਜਿਹੜਾ ਸਰੀਰ ਪੰਜ ਤੱਤਾਂ ਦੇ ਸੰਯੋਗ ਨਾਲ ਬਣਿਆ ਸਭ ਨੂੰ ਦਿਖਾਈ ਦਿੰਦਾ ਹੈ ਉਸਨੂੰ ਸਥੂਲ ਸਰੀਰ ਕਿਹਾ ਜਾਂਦਾ ਹੈ ਅਤੇ ਇਸ ਦੇ ਅੰਦਰ ਕਾਰਣ ਸਰੀਰ ਜਾਂ ਸੂਖ਼ਮ ਸਰੀਰ ਮੌਜੂਦ ਹੁੰਦਾ ਹੈ।ਇਸ ਸਰੀਰ ਦੇ ਤਿੰਨ ਅੰਗ ਹਨ- ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ ਅਤੇ ਅੰਤਹਕਰਣ। ਅੰਤਹਕਰਣ ਵਿਚ ਚਾਰ ਚੀਜ਼ਾਂ ਹਨ- ਮਨ, ਬੁੱਧੀ, ਚਿੱਤ ਅਤੇ ਅਹੰਕਾਰ। ਮਨ ਇੰਦਰੀਆਂ ਨਾਲ ਮਿਲ ਕੇ ਜੀਵ ਤੋਂ ਵੱਖ-ਵੱਖ ਤਰ੍ਹਾਂ ਦੇ ਕਰਮ ਕਰਾਉਂਦਾ ਹੈ। ਮਰਨ ਸਮੇਂ ਸਥੂਲ ਸਰੀਰ ਤਾਂ ਧਰਤੀ ਉਤੇ ਹੀ ਰਹਿ ਜਾਂਦਾ ਹੈ ਪਰ ਕਰਮਾਂ ਅਨੁਸਾਰ ਸੂਖ਼ਮ ਸਰੀਰ ਹੀ ਸਵਰਗ ਦੇ ਸੁੱਖ ਜਾਂ ਨਰਕ ਦੀਆਂ ਸਜ਼ਾਵਾਂ ਭੋਗਦਾ ਹੈ।
ਕਰਮ ਸ਼ਬਦ ਕ੍ਰਿਪਾ, ਮਿਹਰ ਜਾਂ ਬਖ਼ਸ਼ਿਸ਼ ਦੇ ਸਮਾਂਨਾਂਤਰ ਵੀ ਵਰਤਿਆ ਜਾਂਦਾ ਹੈ :-
‘‘ ਨਾਨਕ ਰਾਖਿ ਲੇਹੁ ਆਪਨ ਕਰਿ ਕਰਮ॥''
‘‘ ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀਂ॥''
‘‘ਕਰਮਿ ਮਿਲੈ ਆਖਣੁ ਤੇਰਾ ਨਾਉ ॥
ਜਿਤੁ ਲਗਿ ਤਰਣਾ ਹੋਰੁ ਨਹੀ ਥਾਉ॥''
ਪੁਰਾਤਨ ਸਮੇਂ ਵਿਚ ਡੇਢ ਗਜ਼ ਜਾਂ ਤਿੰਨ ਹੱਥ ਲੰਬਾਈ ਨੂੰ ਵੀ ਕਰਮ ਕਿਹਾ ਜਾਂਦਾ ਸੀ:-
‘‘ਮੂਸਨ ਪ੍ਰੇਮ ਪਿਰੰਮ ਕੇ ਗਨਉ ਏਕ ਕਰਿ ਕਰਮ॥''
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 20910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-23-10-38-48, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ; ਪੰ. ਸਾ. ਸੰ. ਕੋ; ਪੰ. ਲੋ. ਵਿ. ਕੋ.
ਕਰਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰਮ, (ਸੰਸਕ੍ਰਿਤ : कर्म=ਕੰਮ) \ ਪੁਲਿੰਗ : ੧. ਕੰਮਕਾਜ, ਧੰਧਾ, ਕੰਮਕਾਰ; ੨. ਪੇਸ਼ਾ; ੩. ਫ਼ਰਜ਼, ਧਰਮ, ਡਿਊਟੀ; ੪. ਮਿਹਨਤ; ੫. ਕਰਮ ਦਾ ਫਲ, ਭਾਗ, ਕਿਸਮਤ, ਨਸੀਬ, ਪਰਾਲਬਧ; ੬. ਸੰਸਕਾਰ ਆਦਿ ਰਸਮ; ੭. ਜੋ ਕਰਨ ਵਿੱਚ ਆਵੇ ਸੋ ਕਰਮ, ਇਸ ਦੇ ਜਨਮ ਭੇਦ ਨਾਲ ਤਿੰਨ ਭੇਦ ਹਨ (ੳ) ਕ੍ਰਿਯਮਾਣ, (ਵਰਤਮਾਨ) (ਅ) ਪ੍ਰਾਰਬਧ, (ਪੂਰਬਲੇ) (ੲ) ਸੰਚਿਤ (ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ ਜਿਨ੍ਹਾਂ ਦਾ ਭੋਗ ਅਜੇ ਨਹੀਂ ਕਰਿਆ; ੮. ਵਿਆਕਰਣ ਵਿੱਚ ਉਹ ਸ਼ਬਦ ਜਿਸ ਤੇ ਕਿਰਿਆ ਦਾ ਫਲ ਠਹਿਰਦਾ ਹੈ; ਜਿਵੇਂ ‘ਮੋਹਨ ਨੇ ਰੋਟੀ ਖਾਧੀ’ ਇਥੇ ‘ਰੋਟੀ’ ਕਰਮ ਹੈ; ੯. ਵਿਸ਼ੇਸ਼ਕ ਦੇ ਛੇ ਪਦਾਰਥਾਂ ਵਿਚੋਂ ਇੱਕ ਜਿਸ ਦਾ ਲੱਛਣ ਇਉਂ ਲਿਖਿਆ ਹੈ ਜੋ ਦਰੱਵ ਵਿੱਚ ਹੋਵੇ ਗੁਣ ਨਾ ਹੋਵੇ ਅਤੇ ਸੰਜੋਗ ਵਿਭਾਗ ਵਿੱਚ ਅਪੇਖਿਆ ਰਹਿਤ ਕਾਰਣ ਹੋਵੇ; ੧0. ਨਿਆਏ ਅਨੁਸਾਰ ਕਰਮ ਪੰਜ ਹਨ; (ੳ) ਉਤਪੇਖਨ, (ਅ) ਅਵਖੇਪਨ, (ੲ) ਅਕੁੰਚਨ, (ਸ) ਪਰਸਾਰਨ ਅਤੇ (ਹ) ਗਮਨ; ੧੧. ਮਿਮਾਂਸਾ ਅਨੁਸਾਰ ਕਰਮ ਦੋ ਕਿਸਮ ਦਾ ਹੈ ਗੁਣ ਜਾਂ ਗੌਣ ਕਰਮ ਅਤੇ ਪਰਧਾਨ ਜਾਂ ਅਰਥ ਕਰਮ; ੧੨. ਕਾਯਿਕ ਵਾਚਿਕ ਮਾਨਸਿਕ ਇਹ ਵੀ ਤਿੰਨ ਭੇਦ ਕਰਮ ਦੇ ਹੀ ਹਨ; ੧੩. ਸੱਤ੍ਵ ਰਜਸ ਅਤੇ ਤਮ ਤਿੰਨੇ ਗੁਣਾਂ ਅਨੁਸਾਰ ਕਰਮ ਵੀ ਤਿੰਨ ਹਨ, ਸਾਤਵਿਕ, ਰਾਜਸਿਕ, ਤਾਮਸਿਕ
–ਕਰਮ ਉਦੇ ਹੋਣਾ,ਮੁਹਾਵਰਾ : ਭਾਗ ਜਾਗਣਾ
–ਕਰਮ ਇੰਦਰੀ, ਕਰਮ ਇੰਦਰੀਆਂ, ਕਰਮਇੰਦਰੇ, ਇਸਤਰੀ ਲਿੰਗ / ਪੁਲਿੰਗ : ਸਰੀਰ ਦੇ ਕੰਮ ਕਰਨ ਵਾਲੇ ਅੰਗ, ਇਹ ਪੰਜ ਹਨ: ਹੱਥ ਪੈਰ ਮੂੰਹ ਗੁਦਾ ਲਿੰਗ
–ਕਰਮਸੰਗ੍ਰਹਿ, ਪੁਲਿੰਗ : ਕਰਮਾਂ ਦਾ ਮਜਮੂਆ ਜਿਸ ਵਿੱਚ ਕਰਮ ਕਿਰਿਆ ਅਤੇ ਕਰਤਾ ਸ਼ਾਮਲ ਹੋਣ, ਕਰਮਾਂ ਦਾ ਸਮੂਹ
–ਕਰਮਸ਼ਤਕ, ਪੁਲਿੰਗ : ਬੋਧੀਆਂ ਦਾ ਇੱਕ ਪਰਸਿੱਧ ਧਰਮ ਗ੍ਰੰਥ
–ਕਰਮਸਥਾਨ (ਅਸਥਾਨ), ਪੁਲਿੰਗ : ਦਫ਼ਤਰ, ਆਫ਼ਿਸ; ੨. ਕਾਰਵਿਹਾਰ ਦੀ ਥਾਂ; ੩. (ਫਲਿਤ ਜੋਤਸ਼) ਲਗਨ ਤੋਂ ਦਸਵੀਂ ਥਾਂ ਜਿਸ ਅਨੁਸਾਰ ਆਦਮੀ ਦੀ ਅਹੁਦੇ ਤਰੱਕੀ ਆਦਿ ਬਾਰੇ ਵਿਚਾਰ ਕੀਤਾ ਜਾਂਦਾ ਹੈ
–ਕਰਮਸੰਨਿਆਸ, ਪੁਲਿੰਗ : ੧. ਕਰਮ ਦਾ ਤਿਆਗ; ੨. ਕੰਮ ਛੱਡ ਦੇਣ ਦਾ ਭਾਵ, ਸੰਨਿਆਸ
–ਕਰਮਸੰਨਿਆਸੀ, ਪੁਲਿੰਗ : ਕਰਮਤਿਆਗੀ, ਜੋ ਕਰਮ ਤਿਆਗ ਦੇਵੇ, ਸੰਨਿਆਸੀ
–ਕਰਮਸੰਭਵ, ਵਿਸ਼ੇਸ਼ਣ : ਬਣ ਜਾਂ ਹੋ ਸਕਣ ਵਾਲਾ
–ਕਰਮਸਰੇਸ਼ਟ, ਵਿਸ਼ੇਸ਼ਣ : ਭਲੇ ਕੰਮ ਕਰਨ ਵਾਲਾ
–ਕਰਮਸਾਖੀ, ਪੁਲਿੰਗ : ਕਰਮਾਂ ਦਾ ਗਵਾਹ, ਕੀਤੇ ਹੋਏ ਕਰਮਾਂ ਨੂੰ ਵੇਖਣ ਵਾਲਾ, ਜਿਸ ਦੇ ਸਾਮ੍ਹਣੇ ਕੋਈ ਕੰਮ ਹੋਇਆ ਹੋਵੇ, ਉਹ ਦੇਵਤੇ ਜੋ ਪਰਾਣੀਆਂ ਦੇ ਕਰਮਾਂ ਨੂੰ ਵੇਖਦੇ ਰਹਿੰਦੇ ਹਨ, ਸੂਰਜ ਚੰਦ ਜਮ ਕਾਲ ਪਿਰਥਵੀ ਜਲ ਅਗਨੀ ਵਾਯੂ ਵਿਚੋਂ ਕੋਈ ਇੱਕ
–ਕਰਮਸਾਧਕ, ਪੁਲਿੰਗ : ਕੰਮ ਨੂੰ ਪੂਰਾ ਕਰਨ ਵਾਲਾ, ਕੰਮ ਨੂੰ ਸਰੰਜਾਮ ਦੇਣ ਵਾਲਾ
–ਕਰਮਸਾਧਨ, ਪੁਲਿੰਗ : ੧. ਵਸੀਲਾ, ਜ਼ਰੀਆ, ਹੀਲਾ; ੨. ਧਾਰਮਕ ਸੰਸਕਾਰਾਂ ਲਈ ਜ਼ਰੂਰੀ ਸਾਮਾਨ
–ਕਰਮਸਾਰਥੀ, ਪੁਲਿੰਗ : ਸਾਥੀ, ਸਹਾਇਕ
–ਕਰਮਸ਼ਾਲਾ, ਪੁਲਿੰਗ : ਕੰਮ ਕਰਨ ਦੀ ਥਾਂ, ਅੱਡਾ, ਕਾਰਖਾਨਾ
–ਕਰਮਸਿੱਧੀ, ਇਸਤਰੀ ਲਿੰਗ : ਫਲ ਪਰਾਪਤੀ ਜਾਂ ਕਾਮਯਾਬੀ
–ਕਰਮਸ਼ੀਲ, ਵਿਸ਼ੇਸ਼ਣ / ਪੁਲਿੰਗ :੧. ਉਹ ਜੋ ਫਲ ਦੀ ਅਭਿਲਾਸ਼ਾ ਛੱਡ ਕੇ ਸਾਧਾਰਨ ਤੌਰ ਤੇ ਕੰਮ ਕਰੇ, ਜੋ ਕੰਮ ਨੂੰ ਡਿਊਟੀ ਸਮਝ ਕੇ ਕਰਦਾ ਹੈ, ਯਤਨਸ਼ੀਲ, ਉਦਯੋਗੀ
–ਕਰਮਸ਼ੂਰ, ਪੁਲਿੰਗ : ਕਾਰੀਗਰ
–ਕਰਮਹੀਣ,ਵਿਸ਼ੇਸ਼ਣ :੧. ਕਰਮਾਂ ਦਾ ਵਾਲੀ, ਬੇਨਸੀਬ, ਖੋਟੀ ਕਿਸਮਤ ਵਾਲਾ ‘ਸਾਵਨ ਕੋਠੀ ਢਹਿ ਪਵੈ ਸੂਈ ਮੱਝ ਮਰ ਜਾਏ, ਕਰਮਹੀਣ ਤਬ ਜਾਣੀਏ ਜਬ ਚੇਤ ਗੜਾ ਵਸਾਏ’; ੨. ਉਹ ਜਿਸ ਤੋਂ ਚੰਗੇ ਕਰਮ ਨਾ ਹੋ ਸਕਣ
–ਕਰਮਹੀਣ ਖੇਤੀ ਕਰੇ ਗੜੇ ਪੈਣ ਜਾਂ ਬੈਲ ਮਰੇ,ਅਖੌਤ : ਜਦ ਕੋਈ ਬੜੀ ਮਿਹਨਤ ਕਰੇ ਪਰ ਨਤੀਜਾ ਮਨਮੰਨਿਆ ਨਾ ਨਿਕਲੇ ਤਦ ਨਸੀਬਾਂ ਨੂੰ ਕੋਸਣ ਲਈ ਇਹ ਅਖਾਣ ਵਰਤਦੇ ਹਨ ‘ਕਿਸਮਤ ਦਾ ਦਲੀਆ ਰਿਧੀ ਸੀ ਖੀਰ ਹੋ ਗਿਆ ਦਲੀਆ’
–ਕਰਮਕਸ਼ੇਤਰ, ਪੁਲਿੰਗ : ਕਰਮਖੇਤਰ
–ਕਰਮਕਾਂਡ, ਪੁਲਿੰਗ :੧. ਉਹ ਸ਼ਾਸਤਰ ਜਿਸ ਵਿੱਚ ਯੱਗ ਆਦਿ ਕਰਮਾਂ ਦਾ ਵਿਧਾਨ ਹੋਵੇ; ੨. ਧਾਰਮਕ ਸੰਸਕਾਰ, ਯੱਗ ਆਦਿ ਕਰਮ
–ਕਰਮਕਾਂਡੀ, ਵਿਸ਼ੇਸ਼ਣ : ਕਰਮ ਕਾਂਡ ਵਾਲਾ, ਕਰਮਕਾਂਡ ਵਿੱਚ ਵਿਸ਼ਵਾਸ਼ ਰੱਖਣ ਵਾਲਾ, ਯੱਗ ਆਦਿ ਕਰਮ ਕਰਾਉਣ ਵਾਲਾ, ਉਪਾਧਿਆਏ, ਪਾਧਾ
–ਕਰਮਕਾਰ, ਪੁਲਿੰਗ :੧. ਵਿਗਾਰੀ; ੨. ਨੌਕਰ; ੩. ਬਲ੍ਹਦ; ੪. ਇਕ ਵਰਨਸੰਕਰ ਜਾਤੀ ਜੋ ਵਿਸ਼ਵਕਰਮਾਂ ਤੇ ਸ਼ੂਦਰਾਂ ਦੇ ਮੇਲ ਤੋਂ ਬਣੀ; ੫. ਲੁਹਾਰ; ੬. ਸੁਨਿਆਰ
–ਕਰਮਕਾਲ, ਪੁਲਿੰਗ : ਕੰਮ ਕਰਨ ਲਈ ਉਚਿਤ ਸਮਾਂ
–ਕਰਮਖੰਡ, ਪੁਲਿੰਗ :ਕਰਮ ਯੋਗ ਕੀ ਭੂਮਿਕਾ, ਅਮਲ ਕਰਨ ਦਾ ਦਰਜਾ, ਕਰਮ ਖਾਣੀ, ‘ਕਰਮ ਖੰਡ ਕੀ ਬਾਣੀ ਜੋਰੁ’ (ਜਪੁਜੀ ਸਾਹਿਬ)
–ਕਰਮ ਖਾਣੀ, ਇਸਤਰੀ ਲਿੰਗ : ਕਰਮ ਖੰਡ
–ਕਰਮ ਖੇਤਰ, ਪੁਲਿੰਗ : ਕੰਮ ਕਰਨ ਦਾ ਮੈਦਾਨ ਜਾਂ ਘੇਰਾ; ੨. ਕੰਮ ਕਰਨ ਦੀ ਥਾਂ, ਕਾਰਖਾਨਾ, ਕਰਮਸਥਾਨ
–ਕਰਮਗਤੀ, ਇਸਤਰੀ ਲਿੰਗ : ਕਰਮਾਂ ਦਾ ਫਲ, ਕਰਮਚੱਕਰ, ਭਾਵੀ, ਕਿਸਮਤ ਦਾ ਗੇੜ ‘ਕਰਮਗਤੀ ਟਾਰੇ ਨਹੀਂ ਟਰੇ’ (ਕਬੀਰ)
–ਕਰਮਚਾ,ਕਿਰਿਆ ਵਿਸ਼ੇਸ਼ਣ : ਕਰਮ ਅਨੁਸਾਰ ’ਧੁਰ ਕਰਮਚਾ’ (ਵਾਰ. ਮਾਰੂ ੨. ਮਹਲਾ ੫ੰਜਵਾਂ)
–ਕਰਮਚਾਰੀ, ਪੁਲਿੰਗ :੧. ਕੰਮ ਕਰਨ ਵਾਲਾ, ਵਰਕਰ; ੨. ਨੌਕਰ, ਮੁਲਾਜ਼ਮ
–ਕਰਮਚਾਰੀ ਚੋਣ ਕਮਿਸ਼ਨ, ਪੁਲਿੰਗ : ਐਸਾ ਕਮਿਸ਼ਨ ਜਿਹੜਾ ਉਮੀਦਵਾਰਾਂ ਨੂੰ ਸਰਕਾਰੀ ਨੌਕਰੀ ਲਈ ਚੁਣਦਾ ਹੈ, ਲੋਕ ਸੇਵਾ ਕਮਿਸ਼ਨ, ਲੋਕ ਸੇਵਾ ਆਯੋਗ, ਪਬਲਿਕ ਸਰਵਿਸ ਕਮਿਸ਼ਨ (Public Service Commission)
–ਕਰਮਚੇਸ਼ਟਾ,ਇਸਤਰੀ ਲਿੰਗ : ਸਰਗਰਮੀ, ਕੰਮ ਕਰਨ ਦੀ ਰੁਚੀ, ਕੰਮ ਕਰਨ ਲਈ ਜੋਸ਼
–ਕਰਮਛੇਤਰ,ਪੁਲਿੰਗ : ਕਰਮਖੇਤਰ
–ਕਰਮ ਜਾਗਣਾ,ਮੁਹਾਵਰਾ : ਭਾਗ ਉਦੇ ਹੋਣਾ, ਨਸੀਬ ਖੁਲ੍ਹਣਾ
–ਕਰਮ ਜਾਗਣੇ, ਮੁਹਾਵਰਾ : ਕਿਸਮਤ ਖੁਲ੍ਹਣਾ,ਚੰਗੇ ਭਾਗ ਹੋਣੇ ‘ਮਾਏ ਕਰਮ ਜਾਗੇ ਸਾਡੇ ਮੰਗੂਆਂ ਦੇ’ (ਵਾਰਿਸ)
–ਕਰਮਜਾਰ, ਪੁਲਿੰਗ : ਕਰਮਜਾਲ, ‘ਬਿਥਰਯੋ ਅਦ੍ਰਿਸ਼ਟ ਜਿਹ ਕਰਮਜਾਰ’ (ਅਕਾਲ)
–ਕਰਮਜਾਲ, ਪੁਲਿੰਗ : ਕਰਮਾਂ ਦਾ ਚੱਕਰ, ਆਵਾਗੌਣ ਦਾ ਸਿਲਸਿਲਾ, ਚੁਰਾਸੀ ਦਾ ਗੇੜ, ਕਰਮਬੰਧਨ
–ਕਰਮਜੋਗ, ਪੁਲਿੰਗ : ਚਿਤ ਦੀ ਸ਼ੁੱਧੀ ਲਈ ਫਲ ਦੀ ਇੱਛਾ ਤਿਆਗ ਕੇ ਕਰਮ ਕਰਨ ਦਾ ਭਾਵ
–ਕਰਮਠ, ਕਰਮਾਠੀ, ਵਿਸ਼ੇਸ਼ਣ : ੧. ਕੰਮ ਵਿਚ ਨਿਪੁੰਨ; ੨. ਕੰਮ ਵਿਚ ਲਗਿਆ ਰਹਿਣ ਵਾਲਾ; ੩. ਕਰਮਕਾਂਡੀ ‘ਮਹਾਂ ਕਰਮਠੀ ਮਹਾ ਸੁਜਾਨੂੰ’
(ਦਸਮ ਗ੍ਰੰਥ)
–ਕਰਮਣ, ਇਸਤਰੀ ਲਿੰਗ :੧. ਕਰਮ ਵਾਲੀ; ੨. ਭਾਗਵਾਲੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7482, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-25-11-22-17, ਹਵਾਲੇ/ਟਿੱਪਣੀਆਂ:
ਕਰਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰਮ, (ਅਰਬੀ : ਕਰਮ) \ ਪੁਲਿੰਗ : ੧. ਸਖ਼ਾਵਤ, ਫਿਆਜ਼ੀ, ਉਦਾਰਤਾ; ੨. ਜਵਾਂਮਰਦੀ ਹਿੰਮਤ; ੩. ਸ਼ਰਾਫਤ, ਖੂਬੀ; ੪. ਕਿਰਪਾ, ਮਿਹਰਬਾਨੀ, ਅਨਾਇਤ; ੫. ਮੁਆਫ਼ੀ. ੬. ਮਿਲਨਸਾਰੀ; ੭. ਵਡਿਆਈ, ਮਾਨ, (ਲਾਗੂ ਕਿਰਿਆ : ਹੋਣਾ, ਕਰਨਾ, ਫਰਮਾਉਣਾ)
–ਕਰਮ ਪਰਵਰ, ਵਿਸ਼ੇਸ਼ਣ : ਮਿਹਰਬਾਨੀ ਜਾਂ ਬਖ਼ਸ਼ਿਸ਼ ਕਰਨ ਵਾਲਾ ਦੋਸਤ, ਮਿੱਤਰ
–ਕਰਮਪੇਸ਼ਾ, ਵਿਸ਼ੇਸ਼ਣ : ਸਖੀ, ਜਵਾਂਮਰਦ, ਬਹਾਦਰ, ਸੂਰਮਾ
–ਕਰਮਬਖ਼ਸ਼, ਵਿਸ਼ੇਸ਼ਣ : ਸਖੀ, ਸਖ਼ਾਵਤ ਕਰਨ ਵਾਲਾ, ਦਾਤਾ, ੨. ਮਿਹਰਬਾਨ, ਦਿਯਾਲੂ
–ਕਰਮਬਖ਼ਸ਼ੀ, ਇਸਤਰੀ ਲਿੰਗ : ਮਿਹਰਬਾਨੀ, ਕ੍ਰਿਪਾ, ਅਨਾਇਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-25-12-44-54, ਹਵਾਲੇ/ਟਿੱਪਣੀਆਂ:
ਕਰਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰਮ, (ਅਰਬੀ : ਕਰਨਬ, ਫ਼ਾਰਸੀ : ਕੁਰਨਬ+ਕਾਲਮ ਜਾਂ ਕਰਮਕਲਾ=ਇੱਕ ਪ੍ਰਕਾਰ ਦਾ ਸਾਗ) \ ਪੁਲਿੰਗ : ਇੱਕ ਕਿਸਮ ਦਾ ਸਾਗ ਜਿਸ ਦੇ ਪੱਤਰ ਗੋਭੀ ਦੇ ਪੱਤਰਾਂ ਦੇ ਰੰਗ ਵਰਗੇ ਹੁੰਦੇ ਹਨ, ਕੜਮ ਦਾ ਸਾਗ, ਬੰਦਗੋਭੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7663, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-25-08-50-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First