ਕਰੁਣਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰੁਣਾ. ਸੰਗ੍ਯਾ—ਕ੍ਰਿਪਾ. ਦਯਾ। ੨ ਕਾਵ੍ਯ ਦੇ ਨੌਂ ਰਸਾਂ ਵਿੱਚੋਂ, ਇੱਕ ਰਸ. ਦੇਖੋ, ਰਸ ੯.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4612, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਰੁਣਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਕਰੁਣਾ: ਕੁਰਣਾ ਨੂੰ ਚਿੱਤ ਦੀ ਭਾਵਨਾ ਜਾਂ ਬਿਰਤੀ ਮੰਨਿਆ ਜਾਂਦਾ ਹੈ। ਇਸ ਦੇ ਮਨੁੱਖ-ਮਨ ਵਿਚ ਪ੍ਰਗਟ ਹੋਣ ਦੀ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਕਿਸੇ ਪ੍ਰਤਿ ਹਮਦਰਦੀ ਜਾਂ ਦਇਆ ਦੀ ਭਾਵਨਾ ਪ੍ਰਗਟ ਕਰਨੀ ਹੋਵੇ।
ਭਾਰਤੀ ਧਰਮ-ਸਾਧਨਾ ਵਿਚ ਇਸ ਬਿਰਤੀ ਨੂੰ ਵਿਕਸਿਤ ਕਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ। ਇਸ ਨਾਲ ਚਿੱਤ ਵਿਚ ਸ਼ਾਂਤੀ ਪੈਦਾ ਹੁੰਦੀ ਹੈ ਅਤੇ ਦੂਜਿਆਂ ਨਾਲ ਸਮਤਾ ਦੀ ਭਾਵਨਾ ਵੀ ਵਿਕਸਿਤ ਹੁੰਦੀ ਹੈ।
‘ਪਾਤੰਜਲਿ ਯੋਗ-ਸੂਤ੍ਰ’ ਵਿਚ ਕਰੁਣਾ ਦਾ ਮੈਤ੍ਰੀ, ਮੁਦਿਤਾ (ਪ੍ਰਸੰਨਤਾ) ਅਤੇ ਉਪੇਖਿਆ ਨਾਲ ਉੱਲੇਖ ਕੀਤਾ ਗਿਆ ਹੈ। ਜੈਨ-ਮਤ ਅਤੇ ਬੌਧ-ਧਰਮ ਵਿਚ ਇਨ੍ਹਾਂ ਧਰਮਾਂ ਦੀਆਂ ਅਹਿੰਸਾਵਾਦੀ ਪ੍ਰਵ੍ਰਿੱਤੀਆਂ ਕਾਰਣ ਮਨੁੱਖ ਮਨ ਵਿਚ ਇਸ ਦੇ ਉਪਜਾਣ’ਤੇ ਬਹੁਤ ਬਲ ਦਿੱਤਾ ਗਿਆ ਹੈ। ਬੌਧ- ਦਰਸ਼ਨ ਵਿਚ ਬੋਧਿਸਤਵਾਂ ਦਾ ਹਿਰਦਾ ਕਰੁਣਾ ਨਾਲ ਭਰਪੂਰ ਦਸਿਆ ਗਿਆ ਹੈ।
ਮੱਧ-ਯੁਗ ਦੇ ਭਗਤੀ-ਸਾਹਿਤ ਵਿਚ ਇਸ ਬਿਰਤੀ ਨੂੰ ਵਿਸ਼ੇਸ਼ ਸਥਾਨ ਮਿਲਿਆ ਹੈ। ਭਗਤ ਸਦਾ ਪਰਮਾਤਮਾ ਦੀ ਅਪਾਰ ਕ੍ਰਿਪਾ, ਮਿਹਰ ਅਤੇ ਦਇਆ ਦੇ ਆਸਰੇ ਜੀਵਨ ਬਤੀਤ ਕਰਦਾ ਹੈ। ਇਸ ਲਈ ਭਗਤ-ਸਾਧਕਾਂ ਨੇ ਪਰਮਾਤਮਾ ਵਿਚ ਇਸ ਬਿਰਤੀ ਦੀ ਵਿਸ਼ੇਸ਼ ਹੋਂਦ ਦੀ ਕਲਪਨਾ ਕੀਤੀ ਹੈ। ਉਨ੍ਹਾਂ ਨੇ ਪਰਮਾਤਮਾ ਨੂੰ ਇਕ ਪ੍ਰਕਾਰ ਦਾ ਕਰੁਣਾ ਦਾ ਮੁੱਜਸਮਾ ਹੀ ਸਮਝਿਆ ਹੈ। ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਨੂੰ ਕਰੁਣਾਮਈ ਕਹਿੰਦਿਆਂ ਅੰਕਿਤ ਕੀਤਾ ਹੈ—ਭ੍ਰਮੰਤਿ ਭ੍ਰਮੰਤਿ ਬਹੁ ਜਨਮ ਹਾਰਿਓ ਸਰਣਿ ਨਾਨਕ ਕਰੁਣਾਮਯਹ। (ਗੁ.ਗ੍ਰੰ.1359)। ਅਤੇ ਗੁਰੂ ਤੇਗ ਬਹਾਦਰ ਜੀ ਨੇ ਦਸਿਆ ਹੈ— ਤਾ ਕੋ ਦੂਖੁ ਹਰਿਓ ਕਰੁਣਾਮੈ ਅਪਨੀ ਪੈਜ ਬਢਾਈ। (ਗੁ.ਗ੍ਰੰ. 1008)।
ਗੁਰੂ ਗੋਬਿੰਦ ਸਿੰਘ ਜੀ ਨੇ ਜਾਪੁ ਸਾਹਿਬ ਵਿਚ ਪਰਮਾਤਮਾ ਦਾ ਇਕ ਵਿਸ਼ੇਸ਼ਣ ‘ਕਰੁਣਾਲਯ ਹੈ’ (ਕਰੁਣਾ ਦਾ ਘਰ) ਵਰਤਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4573, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਕਰੁਣਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਰੁਣਾ (ਸੰ.। ਸੰਸਕ੍ਰਿਤ ਕਰੁਣਾ) ਦਇਆ, ਤਰਸ , ਮੇਹਰ। ਯਥਾ-‘ਕਦੰਚ ਕਰੁਣਾ ਨ ਉਪਰਜਤੇ’।
ਦੇਖੋ, ‘ਕਰੁਣਾ ਮਯਹ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਰੁਣਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰੁਣਾ, (ਸੰਸਕ੍ਰਿਤ) \ ਇਸਤਰੀ ਲਿੰਗ : ਮਨ ਦਾ ਉਹ ਦੁਖ-ਮਈ ਭਾਵ ਜੋ ਹੋਰਨਾਂ ਦਾ ਦੁਖ ਵੇਖ ਕੇ ਉਪਜਦਾ ਹੈ ਤੇ ਉਨ੍ਹਾਂ ਦੇ ਦੁਖ ਦੂਰ ਕਰਨ ਦੀ ਪਰੇਰਣਾ ਕਰਦਾ ਹੈ, ਦੂਸਰੇ ਦਾ ਦੁਖ ਮਿਟਾਉਣ ਦੀ ਇੱਛਿਆ, ਕਿਰਪਾ, ਦਇਆ, ਤਰਸ, ਰਹਿਮ; ੨. ਦੂਸਰੇ ਦੇ ਦੁਖ ਨੂੰ ਵੇਖ ਕੇ ਮਨ ਵਿਚ ਉਪਜੀ ਦਯਾ ਦਾ ਭਾਵ, ਨੌਂ ਰਸਾਂ ਵਿਚੋਂ ਤੀਜਾ ਰਸ
–ਕਰੁਣਾ ਸਾਗਰ, ਕਰੁਣਾ ਸਿੰਧੂ, ਪੁਲਿੰਗ : ੧. ਕ੍ਰਿਪਾ ਜਾਂ ਦਯਾ ਦਾ ਸਮੁੰਦਰ; ੨. ਰੱਬ ਦਾ ਇੱਕ ਨਾਉਂ ਜਾਂ ਸਿਫ਼ਤ
–ਕਰੁਣਾਕਰ, ਪੁਲਿੰਗ : ੧. ਕ੍ਰਿਪਾ ਜਾਂ ਦਯਾ ਦਾ ਭੰਡਾਰ; ੨. ਕਰੁਣਾ ਕਰਨ ਵਾਲਾ, ਕ੍ਰਿਪਾਲੂ, ਦਯਾਲੂ
–ਕਰੁਣਾਦ੍ਰਿਸ਼ਟੀ, ਇਸਤਰੀ ਲਿੰਗ : ਰਹਿਮ ਦੀ ਨਜ਼ਰ, ਦਯਾਦ੍ਰਿਸ਼ਟੀ ਮਿਹਰ ਭਰੀ ਨਜ਼ਰ
–ਕਰੁਣਾਨਿਧਾਨ, ਵਿਸ਼ੇਸ਼ਣ / ਪੁਲਿੰਗ : ੧. ਕਰੁਣਾ ਦਾ ਪਜ਼ਾਨਾ, ਕ੍ਰਿਪਾ ਜਾਂ ਦਯਾ ਦਾ ਭੰਡਾਰ; ੨. ਰੱਬ ਦਾ ਇੱਕ ਨਾਉਂ, ਰੱਬ ਦੀ ਸਿਫ਼ਤ
–ਕਰੁਣਾਨਿਧ, ਵਿਸ਼ੇਸ਼ਣ / ਪੁਲਿੰਗ : ੧. ਕਰੁਣਾ ਦਾ ਖਜ਼ਾਨਾ, ਕ੍ਰਿਪਾ ਜਾਂ ਦਯਾ ਦਾ ਭੰਡਾਰ, ਕ੍ਰਿਪਾਲੂ; ੨. ਪਰਮਾਤਮਾ, ਰੱਬ
–ਕਰੁਣਾਮਈ, ਵਿਸ਼ੇਸ਼ਣ : ੧. ਦਯਾਲੂ; ਕ੍ਰਿਪਾਲੂ; ੨. ਦੁੱਖ ਨਾਲ ਭਰਿਆ ਹੋਇਆ, ਸ਼ੋਕਮਈ
–ਕਰੁਣਾਮਤ,ਕਰੁਣਾਮੈ, ਵਿਸ਼ੇਸ਼ਣ : ਅਤਿਅੰਤ ਦਯਾਲੂ
–ਕਰੁਣਾਰਸ, ਪੁਲਿੰਗ : ੧. ਕਾਵਿ ਦੇ ਨੋ ਰਸਾਂ ਵਿਚੋਂ ਤੀਜਾ ਰਸ, ਇਸ ਦਾ ਸਥਾਈ ਭਾਵ ਸ਼ੋਕ ਹੈ; ੨. ਉਹ ਦੁੱਖ ਜੋ ਆਪਣੇ ਪਿਆਰੇ ਸੰਬੰਧੀਆਂ ਜਾਂ ਮਿੱਤ੍ਰਾਂ ਦੇ ਵਿਯੋਗ ਕਾਰਨ ਉਤਪੰਨ ਹੁੰਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-02-01-13-32, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First