ਕਲਕੱਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਕੱਤਾ [ਨਿਪੁ] ਭਾਰਤ ਦਾ ਇੱਕ ਮਹਾਂਨਗਰ ਜਿਸ ਨੂੰ ਅੱਜ-ਕੱਲ੍ਹ ਕੋਲਕਾਤਾ ਕਿਹਾ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲਕੱਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਕੱਤਾ. ਸਮੁੰਦਰ ਤੋਂ ੮੬ ਮੀਲ ਪੁਰ ਗੰਗਾ ਦੇ ਕੰਢੇ ਕਾਲੀਘਾਟ ਪਾਸ ਸਨ ੧੬੯੦ ਵਿਚ ਅੰਗ੍ਰੇਜ਼ਾਂ ਦਾ ਵਸਾਇਆ, ਬੰਗਾਲ ਦਾ ਪ੍ਰਧਾਨ ਨਗਰ, ਜੋ ਭਾਰਤ ਵਿੱਚ ਮਨੁੱਖੀਸੰਖ੍ਯਾ ਦੇ ਲਿਹਾਜ਼ ਸਭ ਤੋਂ ਵਡਾ ਹੈ.2 ਇਹ ਭਾਰਤ ਦੀ ਰਾਜਧਾਨੀ ਚਿਰਕਾਲ ਰਹਿਆ ਹੈ. ਸੰਮਤ ੧੯੬੮ (ਸਨ ੧੯੧੧) ਵਿੱਚ ਸ਼ਹਨਸ਼ਾਹ ਜਾਰਜ ਪੰਜਮ ਨੇ ਦਿੱਲੀ ਰਾਜਧਾਨੀ ਕ਼ਾਇਮ ਕੀਤੀ.

ਕਲਕੱਤੇ ਵਿੱਚ ਵਡੀਸੰਗਤਿ ਆਦਿ ਅਨੇਕ ਗੁਰਦ੍ਵਾਰੇ ਹਨ, ਜਿੱਥੇ ਗੁਰਬਾਣੀ ਦਾ ਕੀਰਤਨ ਅਤੇ ਕਥਾ ਹੁੰਦੀ ਹੈ.

ਕਲਕੱਤਾ ਲਹੌਰ ਤੋਂ ੧੧੭੬ ਮੀਲ ਹੈ. ਦੇਖੋ, ਕਾਲੀ ੧.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲਕੱਤਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਲਕੱਤਾ : ਇਹ ਭਾਰਤ ਦੇ ਪੱਛਮੀ ਬੰਗਾਲ ਰਾਜ ਦੀ ਰਾਜਧਾਨੀ, ਭਾਰਤ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਬੰਦਰਗਾਹ ਹੈ ਜੋ ਹੁਗਲੀ ਦਰਿਆ ਦੇ ਪੂਰਬੀ ਕੰਢੇ ਉੱਤੇ ਅਤੇ ਸਮੁੰਦਰ ਤੋਂ ਲਗਭਗ 140 ਕਿ. ਮੀ. ਦੂਰੀ ਤੇ ਸਥਿਤ ਹੈ। ਸ਼ਹਿਰ ਦਾ ਨਾਂ ‘ਕਾਲੀਕਾਟਾ’ ਸ਼ਬਦ ਦਾ ਹੀ ਅੰਗਰੇਜ਼ੀ ਰੂਪ ਹੈ। ਕੁਝ ਲੋਕਾਂ ਦਾ ਵਿਚਾਰ ਹੈ ਕਿ ‘ਕਾਲੀਕਾਟਾ’ ਸ਼ਬਦ ਬੰਗਾਲੀ ਸ਼ਬਦ ਕਾਲੀਕਸ਼ੇਤਰ (ਕਾਲੀ ਦੇਵੀ ਦਾ ਖੇਤਰ) ਵਿਚੋਂ ਨਿਕਲਿਆ ਹੈ। ਹੋਰਨਾਂ ਦਾ ਮਤ ਇਹ ਹੈ ਕਿ ਇਹ ਨਾਂ ਸੰਸਕ੍ਰਿਤ ਸ਼ਬਦ ਕੋਲਾ (ਸੂਰ) ਵਿਚੋਂ ਨਿਕਲਿਆ ਹੈ ਕਿਉਂਕਿ ਇਸਦੇ ਨੇੜੇ ਬਹੁਤ ਸਾਰੇ ਸੂਰ ਹੁੰਦੇ ਸਨ ਅਤੇ ਨੇੜੇ ਹੀ ਸੂਰਾਂ ਦੀ ਇਕ ਮੰਡੀ ਹੁੰਦੀ ਸੀ। ਇਕ ਹੋਰ ਵਿਚਾਰ ਅਨੁਸਾਰ ਕਲਕੱਤੇ ਦਾ ਨਾਂ ਇਕ ਪੇਂਡੂ ਉਦਯੋਗ ਤੋਂ ਪਿਆ ਹੈ ਜਿਸ ਵਿਚ ਫੁਕੇ ਹੋਏ ਘੋਗੇ ਸਿੱਪੀਆਂ ਜਿਸਨੂੰ ਬੰਗਲਾ ਵਿਚ ਕਾਤਾ ਕਿਹਾ ਜਾਂਦਾ ਹੈ, ਤੋਂ ਕਲੀ (ਬੁਝਿਆ ਹੋਇਆ ਚੂਨਾ) ਤਿਆਰ ਕੀਤੀ ਜਾਂਦੀ ਸੀ।

          ਸੰਨ 1495 ਦੀ ਇਕ ਕਵਿਤਾ ਵਿਚ ‘ਕਲਕੱਤੇ’ ਦਾ ਜ਼ਿਕਰ ਹੁਗਲੀ ਦਰਿਆ ਦੇ ਕੰਢੇ ਉੱਤੇ ਸਥਿਤ ਇਕ ਪਿੰਡ ਵਜੋਂ ਆਇਆ ਹੈ। ਸੰਨ 1530 ਦੇ ਲਗਭਗ ਜਦੋਂ ਪੁਰਤਗੇਜ਼ੀ ਲੋਕ ਇਸ ਦਰਿਆ ਵੱਲ ਆਮ ਆਉਣ ਲੱਗ ਪਏ ਤਾਂ ਸਾਂਤਰਾਉ, (ਪੁਰਾਣੇ ਸਰਸਵਤੀ ਦਰਿਆ ਉੱਤੇ ਸਥਿਤ ਸ਼ਹਿਰ) ਜੋ ਹੁੱਗਲੀ ਤੋਂ ਕੋਈ ਬਹੁਤਾ ਦੂਰ ਨਹੀਂ ਸੀ, ਵਪਾਰ ਦੀ ਇਕ ਵੱਡੀ ਤਿਜਾਰਤਗਾਹ ਹੁੰਦਾ ਸੀ। ਦਰਿਆ ਦੇ ਉਪਰਲੇ ਸਿੱਧੇ ਮਾਰਗਾਂ ਦੀ ਘੱਟ ਡੂੰਘਾਈ ਕਾਰਨ, ਸਮੁੰਦਰੀ ਜਹਾਜ਼ ਫਿਰ ਵੀ ‘ਗਾਰਡਨ ਰੀਚ’ ਵਿਖੇ ਹੀ ਖਲੋਂਦੇ ਰਹੇ ਅਤੇ ਇਨ੍ਹਾਂ ਦਾ ਮਾਲ ਛੋਟੀਆਂ ਛੋਟੀਆਂ ਕਿਸ਼ਤੀਆਂ ਦੁਆਰਾ ਸਾਤਗਾਉ ਵਿਖੇ ਪਹੁੰਚਾਇਆ ਜਾਂਦਾ ਸੀ। ਇਸ ਤਰ੍ਹਾਂ ਹੁੱਗਲੀ ਦਰਿਆ ਦੇ ਪੱਛਮੀ ਕੰਢੇ ਉੱਤੇ, ਸਿਬਪੁਰ ਦੇ ਨੇੜੇ, ਬੇਟੋਰ ਨਾਂ ਦੀ ਇਕ ਮੰਡੀ ਹੋਂਦ ਵਿਚ ਆ ਗਈ ਜਿਸ ਨੂੰ ਪੁਰਤਗੇਜ਼ੀਆਂ ਨੇ ਆਪਣਾ ਹੈੱਡ ਕੁਆਟਰ ਬਣਾ ਲਿਆ। ਸੋਲ੍ਹਵੀਂ ਸਦੀ ਵਿਚ ਸਰਸਵਤੀ ਗਾਦ ਨਾਲ ਭਰਨਾ ਸ਼ੁਰੂ ਹੋ ਗਿਆ ਅਤੇ ਸਾਤਗਾਉਂ ਇਕ ਉਜਾੜ ਬਣ ਗਿਆ। ਇਥੋਂ ਦੇ ਬਹੁਤ ਸਾਰੇ ਲੋਕ ਹੁਗਲੀ ਸ਼ਹਿਰ ਵਿਚ ਚਲੇ ਗਏ ਪਰ ਇਸ ਸਦੀ ਦੇ ਲਗਭਗ ਅੱਧ ਵਿਚ ਬੇਸਾਖਾਂ ਦੇ ਚਾਰ ਪਰਿਵਾਰ ਅਤੇ ਸੇਠਾਂ ਦੇ ਇਕ ਪਰਿਵਾਰ ਨੇ ਅਜੋਕੇ ‘ਫੋਰਟ ਵਿਲੀਅਮ’ ਵਾਲੀ ਥਾਂ ਤੇ ਗੋਬਿੰਦਪੁਰ ਨਾਂ ਦੇ ਇਕ ਪਿੰਡ ਦੀ ਨੀਂਹ ਰੱਖੀ। ਇਸ ਤੋਂ ਥੋੜਾ ਚਿਰ ਪਿਛੋਂ ਪੁਰਤਗੇਜ਼ ਬੇਟੋਰ ਨੂੰ ਛੱਡਕੇ ਹੁਗਲੀ ਆ ਗਏ ਅਤੇ ਬੋਟੋਰ ਦਾ ਵਪਾਰ ਹੌਲੀ ਹੌਲੀ ਆਧੁਨਿਕ ਕਲਕੱਤੇ ਦੇ ਉੱਤਰ ਵਿਚ ਸੂਤਾਨਤੀ ਕਪਾਹ ਦੀ ਮੰਡੀ ਨਾਲ ਹੋਣ ਲਗ ਪਿਆ।  ਹੁਗਲੀ ਦੇ ਸਥਾਨ ਉੱਤੇ ਮੁਗਲਾਂ ਨਾਲ ਹੋਈ ਇਕ ਛੋਟੀ ਜਿਹੀ ਲੜਾਈ ਪਿਛੋਂ, ਇੰਗਲਿਸ਼ ਈਸਟ ਇੰਡੀਆ ਕੰਪਨੀ ਦਾ ਇਕ ਏਜੰਟ ਜਾਬ ਚਰਨਾੱਕ ਸੰਨ 1680 ਵਿਚ ਇਸ ਸਥਾਨ ਤੇ ਪਹੁੰਚਿਆ ਅਤੇ ਇਸਨੇ ਨਵਾਬ ਨਾਲ ਕੁਝ ਸ਼ਰਤਾਂ ਦੀ ਮੰਗ ਕੀਤੀ। ਨਵਾਬ ਨੇ ਇਹਨਾਂ ਸ਼ਰਤਾਂ ਨੂੰ ਠੁਕਰਾ ਦਿਤਾ ਅਤੇ ਅੰਗਰੇਜ਼ਾਂ ਨੂੰ ਆਪਣੇ ਰਾਜ ਵਿਚੋਂ ਕੱਢਣ ਲਈ ਆਪਣੇ ਕਰਮਚਾਰੀਆਂ ਨੂੰ ਹੁਕਮ ਦਿਤਾ। ਬਦਲੇ ਵਜੋਂ ਚਰਨਾਕ ਨੇ ਲੂਣ-ਘਰਾਂ ਅਤੇ ਤਾਨਾ ਵਿਖੇ ਸਥਿੱਤ ਕਿਲਿਆ ਨੂੰ ਤਬਾਹ ਕਰ ਦਿਤਾ ਅਤੇ ਹਿਜਲੀ ਤੇ ਕਬਜ਼ਾ ਕਰ ਲਿਆ। ਕੁਝ ਚਿਰ ਪਿਛੋਂ ਕੈਪਟਨ ਹੀਥ ਜਿਸਨੂੰ ਇੰਗਲੈਂਡ ਤੋਂ ਚਿਟਾਗਾਂਗ ਤੇ ਕਬਜ਼ਾ ਕਰਨ ਦੀਆਂ ਹਦਾਇਤਾਂ ਦੇ ਕੇ ਭੇਜਿਆ ਗਿਆ ਸੀ ਨੇ ਚਰਨਾੱਕ ਦੀ ਥਾਂ ਲੈ ਲਈ। ਇਸ ਥਾਂ ਤੇ ਕੀਤਾ ਗਿਆ ਹਮਲਾ ਅਸਫਲ ਹੀ ਰਿਹਾ। 24 ਅਗਸਤ, 1690 ਨੂੰ, ਨਵਾਬ ਦੇ ਸੱਦਾ ਪੱਤਰ ਤੇ ਅੰਗਰੇਜ਼ ਚਰਨਾਕ ਦੀ ਅਗਵਾਈ ਹੇਠ ਵਾਪਸ ਆ ਗਏ ਅਤੇ ਇਥੇ ਆਧੁਨਿਕ ਕਲਕੱਤੇ ਦੀ ਨੀਂਹ ਆਣ ਰੱਖੀ।

          ਸੰਨ 1696 ਵਿਚ ਬਰਦਵਾਨ ਦੇ ਇਕ ਜ਼ਿਮੀਦਾਰ ਸੁਭਾ ਸਿੰਘ ਦੇ ਵਿਰੋਧ ਨੇ ਇਕ ਭਿਆਨਕ ਰੂਪ ਧਾਰ ਲਿਆ ਅਤੇ ਅੰਗਰੇਜ਼ਾਂ ਨੇ ਆਪਣੀ ਬਸਤੀ ਨੂੰ ਕਿਲਾ-ਬੰਦ ਕਰਨ ਲਈ ਨਵਾਬ ਤੋਂ ਇਜਾਜ਼ਤ ਲੈ ਕੇ ਇਥੇ ਇਕ ਕਿਲ੍ਹਾ (ਫੋਰਟ ਵਿਲੀਅਮ) ਉਸਾਰਿਆ ਜਿਹੜਾ ਸੰਨ 1702 ਵਿਚ ਮੁਕੰਮਲ ਹੋਇਆ। ਇਸ ਤੋਂ ਚਾਰ ਸਾਲ ਪਹਿਲਾਂ ਕਲਕੱਤਾ, ਸੂਤਾਨਤੀ ਅਤੇ ਗੋਬਿੰਦਗੁਰ ਨਾਂ ਦੇ ਤਿੰਨ ਪਿੰਡ ਹੁੱਗਲੀ ਦੇ ਗਵਰਨਰ ਕੋਲੋ ਖਰੀਦੇ ਜਾ ਚੁੱਕੇ ਸਨ।

          ਕਸਬੇ ਦਾ ਬੜੀ ਤੇਜ਼ੀ ਨਾਲ ਵਿਕਾਸ ਹੋਇਆ। ਥੋੜ੍ਹੇ ਜਿਹੇ ਸਮੇਂ ਦੇ ਅੰਦਰ-ਅੰਦਰ ਇਥੇ ਜਹਾਜ਼ਾਂ ਦਾ ਇਕ ਘਾਟ, ਇਕ ਹਸਪਤਾਲ, ਇਕ ਗਿਰਜਾਘਰ ਅਤੇ ਬੈਰਕਾਂ ਉਸਾਰ ਦਿਤੀਆਂ ਗਈਆਂ। ਸੰਨ 1707 ਵਿਚ ਈਸਟ ਇੰਡੀਆ ਕੰਪਨੀ ਨੇ ਇਸਦਾ ਇਕ ਵੱਖਰੀ ਪ੍ਰੈਜੀਡੈਂਸੀ ਵਜੋਂ ਐਲਾਨ ਕਰ ਦਿਤਾ। ਹੁਣ ਇਹ ਪ੍ਰੈਜ਼ੀਡੈਂਸੀ ਕੇਵਲ ਲੰਡਨ ਦੇ ਡਾਇਰੈਕਟਰਾਂ ਨੂੰ ਹੀ ਜਵਾਬਦੇਹ ਰਹਿ ਗਈ ਸੀ।

          ਸੰਨ 1717 ਵਿਚ ਮੁਗ਼ਲ ਬਾਦਸ਼ਾਹ ਨੇ 3000 ਰੁਪਏ ਦੀ ਸਾਲਾਨਾ ਅਦਾਇਗੀ ਦੇ ਬਦਲੇ, ਈਸਟ ਇੰਡੀਆ ਕੰਪਨੀ ਨੂੰ ਵਪਾਰ ਕਰਨ ਦੀ ਖੁਲ੍ਹ ਦੇ ਦਿਤੀ। ਇਸ ਨਾਲ ਭਾਰਤ ਦੇ ਅਣਗਿਣਤ ਵਪਾਰੀ ਇਸ ਸ਼ਹਿਰ ਵਿਚ ਇਕੱਠੇ ਹੋਏ। ਕੰਪਨੀ ਦੇ ਮੁਲਾਜ਼ਮ, ਇਸ ਦੇ ਝੰਡੇ ਹੇਠ ਕਰ-ਰਹਿਤ ਵਪਾਰ ਕਰਨ ਲੱਗ ਪਏ। ਸੰਨ 1742 ਵਿਚ ਜਦੋਂ ਦੱਖਣ-ਪੱਛਮ ਵਲੋਂ ਮਰਹੱਟਿਆਂ ਨੇ ਬੰਗਾਲ ਦੇ ਪੱਛਮੀ ਜ਼ਿਲ੍ਹਿਆਂ ਵਿਚ ਮੁਗ਼ਲਾਂ ਵਿਰੁੱਧ ਹੱਲੇ ਕਰਨੇ ਸ਼ੁਰੂ ਕੀਤੇ ਤਾਂ ਅੰਗਰੇਜ਼ਾਂ ਨੇ ਇਸ ਪਾਸੇ ਇਕ ਖਾਈ ਪੁੱਟਣ ਲਈ ਬੰਗਾਲ ਦੇ ਨਵਾਬ ਤੋਂ ਇਜਾਜ਼ਤ ਲਈ। ਇਹ ਖਾਈ, ਮਰਾਠਾ ਖਾਈ ਵਜੋਂ ਜਾਣੀ ਜਾਣ ਲੱਗੀ। ਇਹ ਖਾਈ ਭਾਵੇਂ ਬਸਤੀ ਦੇ ਦੱਖਣੀ ਸਿਰੇ ਵਲੋਂ ਮੁਕੰਮਲ ਨਹੀਂ ਸੀ ਹੋਈ, ਫਿਰ ਵੀ ਇਸ ਨਾਲ ਇਕ ਪਾਸੇ ਵੱਲ ਨੂੰ ਸ਼ਹਿਰ ਦੀ ਹੱਦ ਨਿਸ਼ਚਿਤ ਹੋ ਗਈ।

          ਸੰਨ 1756 ਵਿਚ ਨਵਾਬ ਦੇ ਉੱਤਰਾਧਿਕਾਰੀ ਸਿਰਾਜ-ਉਦ ਦੌਲਾ ਨੇ ਕਿਲੇ ਉੱਤੇ ਕਬਜ਼ਾ ਕਰ ਲਿਆ ਅਤੇ ਕਸਬੇ ਨੂੰ ਬਰਬਾਦ ਕਰ ਦਿਤਾ। ਸੰਨ 1757 ਵਿਚ ਰਾਬਰਟ ਕਲਾਈਵ ਅਤੇ ਬ੍ਰਿਟਿਸ਼ ਐਡਮਿਰਲ ਚਾਰਲਸ ਵਾਟਸਨ ਨੇ ਇਸ ਉੱਤੇ ਮੁੜ ਕਬਜ਼ਾ ਕਰ ਲਿਆ। ਥੋੜ੍ਹਾ ਚਿਰ ਪਿਛੋਂ ਪਲਾਸੀ ਦੇ ਸਥਾਨ ਤੇ ਨਵਾਬ ਨੂੰ ਹਾਰ ਹੋਈ ਅਤੇ ਇਸ ਲੜਾਈ ਪਿਛੋਂ ਬੰਗਾਲ ਵਿਚ ਅੰਗਰੇਜ਼ਾਂ ਦਾ ਰਾਜ ਪੱਕੇ ਤੌਰ ਤੇ ਸਥਾਪਤ ਹੋ ਗਿਆ। ਗੋਬਿੰਦਪੁਰ ਦੇ ਸ਼ੇਰਾਂ ਨਾਲ ਭਰੇ ਹੋਏ ਜੰਗਲ ਨੂੰ ਸਾਫ ਕਰ ਦਿਤਾ ਗਿਆ ਅਤੇ ਅਜੋਕੀ ਥਾਂ ਉੱਤੇ ਨਵਾਂ ‘ਫੋਰਟ ਵਿਲੀਅਮ’ ਉਸਾਰਿਆ ਗਿਆ, ਜਿਹੜਾ ਕਲਕੱਤੇ ਤੋਂ ਹੁੱਗਲੀ ਦੇ ਉਪਰੋਂ ਦੀ ਦਿਖਾਈ ਦਿੰਦਾ ਹੈ ਅਤੇ ਇਥੇ ਹੀ ਇਕ ਕਿਲਾ ਬਰਤਾਨਵੀ ਫੌਜ ਦੀ ਪ੍ਰਭੁਤਾ ਦਾ ਪ੍ਰਤੀਕ ਬਣਿਆ।

          ਸੰਨ 1772 ਵਿਚ ਪਹਿਲੇ ਅੰਗਰੇਜ਼ ਗਵਰਨਰ ਜਨਰਲ, ਵਾਰਨ ਹੇਸਟਿੰਗਜ਼ ਨੇ ਸੁਬਈ ਮੁਗ਼ਲ ਰਾਜਧਾਨੀ ‘ਮੁਰਸ਼ਿਦਾਬਾਦ’ ਤੋਂ ਸਾਰੇ ਹੀ ਮਹੱਤਵਪੂਰਣ ਦਫ਼ਤਰ ਕਲਕੱਤੇ ਲੈ ਆਂਦੇ ਅਤੇ ਇਸਨੂੰ ‘ਬ੍ਰਿਟਿਸ਼ ਇੰਡੀਆ’ ਦੀ ਰਾਜਧਾਨੀ ਬਣਾ ਦਿਤਾ। ਸੰਨ 1773 ਵਿਚ ਬੰਬਈ ਅਤੇ ਮਦਰਾਸ ‘ਫੋਰਟ ਵਿਲੀਅਮ’ ਦੀ ਸਰਕਾਰ ਦੇ ਮਾਤਹਿਤ ਹੋ ਗਏ। ਅੰਗਰੇਜ਼ੀ ਕਾਨੂੰਨ ਲਾਗੂ ਕਰਨ ਵਾਲੀ ਇਕ ‘ਸੁਪਰੀਮ ਕੋਰਟ’ ਸਾਰੇ ਸ਼ਹਿਰ ਉੱਤੇ ਜਿਥੋਂ ਤੀਕ ਮਰਾਠਾ ਖਾਈ ਜਾਂਦੀ ਸੀ, ਆਪਣਾ ਮੌਲਿਕ ਅਧਿਕਾਰ ਖੇਤਰ ਵਰਤਣ ਲੱਗੀ।

          ਸੰਨ 1706 ਵਿਚ ਕਲਕੱਤੇ ਦੀ ਵਸੋਂ ਲਗਭਗ 10,000-12,000 ਹੁੰਦੀ ਸੀ। ਸੰਨ 1742 ਦੇ ਅੰਤ ਤੀਕ ਇਹ ਵਸੋਂ ਵਧ ਕੇ ਲਗਭਗ 118,000 ਅਤੇ 1822 ਤੀਕ 300,000 ਹੋ ਗਈ। ਜ਼ਮੀਨ ਉੱਤੇ ਵਾੲ੍ਹੀਟ ਟਾਊਨ ਨਾਂ ਦਾ ਕਸਬਾ ਇਕ ਉਸਾਰਿਆ ਗਿਆ। ਸ਼ਹਿਰ ਦੇ ਬਰਤਾਨਵੀ ਖੇਤਰ ਵਿਚ ਕਈ ਅਜਿਹੇ ਮਹਿਲ ਹੁੰਦੇ ਸਨ ਜਿਨ੍ਹਾਂ ਕਾਰਨ ਇਸ ਸ਼ਹਿਰ ਨੂੰ ‘ਮਹਿਲਾਂ ਦਾ ਸ਼ਹਿਰ’ ਵੀ ਕਿਹਾ ਜਾਣ ਲੱਗਾ। ਬਰਤਾਨਵੀ ਕਸਬੇ ਤੋਂ ਬਾਹਰਵਾਰ ਕਈ ਭਵਨ ਉਸਾਰੇ ਗਏ ਅਤੇ ਝੁੱਗੀਆਂ ਦੀਆਂ ਬਸਤੀਆਂ ਵਸਾਈਆਂ ਗਈਆਂ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਨਾਂ ਜਿਵੇਂ ‘ਕੁਮਾਰਤੁਲੀ’ (ਕੁਮ੍ਹਾਰਾਂ ਦਾ ਡਿਸਟ੍ਰਿਕਟ) ਅਤੇ ‘ਸ਼ੰਕਰੀਪਾਰਾ’ (ਘੋਗ-ਸਿੱਪੀਆਂ ਦਾ ਕੰਮ ਕਰਨ ਵਾਲਿਆਂ ਆਦਿ ਦਾ ਡਿਸਟ੍ਰਿਕਟ) ਆਦਿ ਵੱਖ-ਵੱਖ ਪੇਸ਼ਾਵਰ ਲੋਕਾਂ ਦੇ ਨਾਂ ਉਪਰ ਰੱਖੇ ਗਏ। ਦੋ ਸ਼ਹਿਰ-‘ਬ੍ਰਿਟਿਸ਼’ ਅਤੇ ‘ਇੰਡੀਅਨ’ ਕਲਕੱਤਾ ਨਾਲ-ਨਾਲ ਹੀ ਹੋਂਦ ਵਿਚ ਆਏ।

          ਇਸ ਸਮੇਂ ਕਲਕੱਤੇ ਦਾ ਇਕ ਮਾਰੂ ਕਸਬੇ ਵਜੋਂ ਜ਼ਿਕਰ ਕੀਤਾ ਗਿਆ। ਚੰਗੀਆਂ ਸੜਕਾਂ ਇਥੇ ਬਹੁਤ ਘੱਟ ਸਨ। ਲਾਟਰੀਆਂ ਦੁਆਰਾ ਜਨਤਕ ਸੁਧਾਰ ਕਰਨ ਲਈ ਸੰਨ 1817 ਵਿਚ ਇਕ ‘ਲਾਟਰੀ ਕਮੇਟੀ’ ਦੀ ਸਥਾਪਨਾ ਕੀਤੀ ਗਈ ਅਤੇ ਸੰਨ 1817 ਅਤੇ 1836 ਦੇ ਸਮੇਂ ਦੌਰਾਨ ਇਸ ਕਮੇਟੀ ਨੇ ਸ਼ਹਿਰ ਦੀ ਹਾਲਤ ਸੁਧਾਰਨ ਵਿਚ ਕਾਫੀ ਹਿੱਸਾ ਪਾਇਆ। ਕਾਰਨਵਾਲਿਸ ਸਟਰੀਟ, ਕਾਲਜ ਸਟਰੀਟ, ਵਾਲਿੰਗਟਨ ਸਟਰੀਟ, ਵੈਲਜ਼ਲੀ ਸਟਰੀਟ ਅਤੇ ਵੁੱਡ ਸਟਰੀਟ ਆਦਿ ਵਰਗੀਆਂ ਚੌੜੀਆਂ-ਚੌੜੀਆਂ ਪੱਕੀਆਂ ਸੜਕਾਂ, ‘ਕਾਰਨਵਾਲਿਸ ਕਾਲਜ’ ਅਤੇ ‘ਵੈਲਜ਼ਲੀ’ ਵਰਗੇ ਮਹੱਤਵਪੂਰਨ ਚੌਕ ਬਣਵਾਏ।

          ਜਿਉਂ-ਜਿਉਂ ਉਪ-ਮਹਾਂਦੀਪ ਉੱਤੇ ਬਰਤਾਨਵੀ ਤਾਕਤ ਦਾ ਵਿਸਥਾਰ ਹੁੰਦਾ ਗਿਆ, ਸਾਰੇ ਦਾ ਸਾਰਾ ਉੱਤਰੀ ਭਾਰਤ ਕਲਕੱਤੇ ਦੀ ਬੰਦਰਗਾਹ ਲਈ ਇਕ ਪਿਛਵਾੜੇ ਦਾ ਰੂਪ ਧਾਰਨ ਕਰਦਾ ਗਿਆ। ਇਸ ਤਰ੍ਹਾਂ ਭਾਰਤ ਨੇ ਸਪਸ਼ਟ ਰੂਪ ਵਿਚ ਇੰਗਲੈਂਡ ਦੇ ਕਾਰਖਾਨੇ-ਦਾਰਾਂ ਲਈ ਇਕ ਬਹੁਤ ਵੱਡੀ ਮੰਡੀ ਦਾ ਰੂਪ ਧਾਰ ਲਿਆ ਅਤੇ ਕਲਕੱਤਾ ਇਸਦੇ ਦਾਖਲੇ ਦੀ ਬੰਦਰਗਾਹ ਬਣਿਆ। ਸੰਨ 1835 ਵਿਚ ਦੇਸ਼ ਅੰਦਰਲੀਆਂ ਕਸਟੱਮਜ਼ ਡਿਊਟੀਆਂ ਦੇ ਖਾਤਮੇ ਨੇ ਇਕ ਖੁਲ੍ਹਾ ਬਾਜ਼ਾਰ ਹੋਂਦ ਵਿਚ ਲੈ ਆਂਦਾ ਅਤੇ ਰੇਲਵੇ-ਮਾਰਗਾਂ ਦੀ ਉਸਾਰੀ ਨੇ ਕਾਰੋਬਾਰੀ ਜੀਵਨ ਦੀ ਰਫਤਾਰ ਨੂੰ ਹੋਰ ਤੇਜ਼ ਕਰ ਦਿਤਾ। ਕਲਕੱਤੇ ਦੇ ਬਰਤਾਨਵੀ ਵਪਾਰੀਆਂ ਨੇ ਪਟਸਨ, ਕੋਲਾ, ਲੋਹਾ, ਅਤੇ ਬਾਗਬਾਨੀ ਦੇ ਉਦਯੋਗਾਂ ਵਿਚ ਮਹਾਰਤ ਹਾਸਲ ਕਰ ਲਈ। ਬਰਤਾਨਵੀ ਬੈਂਕਿੰਗ ਅਤੇ ਬੀਮਾ ਵੀ ਬਹੁਤ ਪ੍ਰਫੁੱਲਤ ਹੋਇਆ। ਕਲਕੱਤਾ ਦੇਸੀ ਪਾਸਾ ਵਣਜ ਪੱਖੋਂ ਇਕ ਗਹਿਮਾ-ਗਹਿਮੀ ਵਾਲਾ ਕੇਂਦਰ ਬਣ ਗਿਆ ਅਤੇ ਭਾਰਤ ਦੇ ਸਾਰੇ  ਹਿੱਸਿਆਂ ਦੇ ਅਤੇ ਏਸ਼ੀਆ ਦੇ ਕੁਝ ਹੋਰਨਾਂ ਭਾਗਾਂ ਦੇ ਵਪਾਰੀ ਇਥੇ ਇਕੱਠੇ ਹੋ ਗਏ। ਬ੍ਰਿਟਿਸ਼ ਇੰਡੀਆ ਦੇ ਪ੍ਰਬੰਧਕੀ ਹੈੱਡਕੁਆਟਰ ਦੇ ਨਾਲ ਹੀ ਕਲਕੱਤਾ ਉਪ-ਮਹਾਂਦੀਪ ਦਾ ਇਕ ਬੌਧਿਕ ਕੇਂਦਰ ਵੀ ਬਣ ਗਿਆ।

          ਵੀਹਵੀਂ ਸਦੀ ਤੋਂ ਕਲਕੱਤੇ ਦੀਆਂ ਮੁਸ਼ਕਲਾਂ ਦਾ ਸਮਾਂ ਸ਼ੁਰੂ ਹੋਇਆ। ਸੰਨ 1905 ਵਿਚ ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕਰ ਦਿਤੀ ਅਤੇ ਢਾਕੇ ਨੂੰ ਪੂਰਬੀ ਬੰਗਾਲ ਅਤੇ ਆਸਾਮ ਦੀ ਰਾਜਧਾਨੀ ਬਣਾ ਦਿਤਾ। ਜ਼ੋਰਦਾਰ ਅੰਦੋਲਨ ਕਾਰਨ ਇਸ ਵੰਡ ਨੂੰ ਮਨਸੂਖ ਕਰਨਾ ਪਿਆ। ਪਰ ਬਾਅਦ ਵਿਚ ਸੰਨ 1912 ਵਿਚ ਬ੍ਰਿਟਿਸ਼ ਇੰਡੀਆ ਦੀ ਰਾਜਧਾਨੀ ਇਥੋਂ ਬਦਲਕੇ ਦਿੱਤੀ ਲੈ ਆਂਦੀ ਗਈ। ਇਥੇ ਆ ਕੇ ਸਰਕਾਰ ਮੁਕਾਬਲਤਨ ਵਧੇਰੇ ਸ਼ਾਂਤ ਰਹਿ ਸਕੀ। ਸੰਨ 1947 ਵਿਚ ਬੰਗਾਲ ਦੀ ਦੂਜੀ ਵਾਰ ਵੰਡ ਹੋਈ।

          ਜਿਉਂ-ਜਿਉਂ ਇਹ ਸਦੀ ਅਗਾਂਹ ਵਧਦੀ ਗਈ, ਕਲਕੱਤੇ ਦੀ ਵਸੋਂ ਵਿਚ ਬੜਾ ਭਾਰੀ ਵਾਧਾ ਹੁੰਦਾ ਰਿਹਾ। ਭਾਰਤ ਵਿਚ ‘ਹੋਮ ਰੂਲ’ ਦੀ ਮੰਗ ਵਾਂਗ ਸਮਾਜਕ ਸਮੱਸਿਆਵਾਂ ਵੀ ਵਧੇਰੇ ਜ਼ੋਰ ਫੜ ਗਈਆਂ। ਸੰਨ 1926 ਅਤੇ ਫਿਰ 1930 ਵਿਚ ਫਿਰਕੂ ਦੰਗੇ ਫਸਾਦ ਹੋਏ। ਦੂਜੇ ਵਿਸ਼ਵ ਯੁੱਧ ਵਿਚ ਜਾਪਾਨੀਆਂ ਨੇ ਕਲਕੱਤੇ ਦੇ ਘਾਟਾਂ ਉੱਤੇ ਹਵਾਈ ਹਮਲੇ ਕਰ ਦਿਤੇ ਜਿਸ ਨਾਲ ਇਥੋਂ ਦੇ ਲੋਕਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ। ਸਾਰਿਆਂ ਨਾਲੋਂ ਵਧੇਰੇ ਗੰਭੀਰ ਫਸਾਦ ਸੰਨ 1946 ਵਿਚ ਹੀ ਹੋਏ ਜਦੋਂ ਬ੍ਰਿਟਿਸ਼ ਇੰਡੀਆ ਦੀ ਵੰਡ ਅਟੱਲ ਹੀ ਹੋ ਗਈ ਸੀ ਅਤੇ ਮੁਸਲਮਾਨਾਂ ਤੇ ਹਿੰਦੂਆਂ ਵਿਚਕਾਰ ਤਣਾਉ ਸਿਖਰਾਂ ਛੋਹ ਚੁਕਾ ਸੀ। ਸੰਨ 1947 ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਬੰਗਾਲ ਦੀ ਵੰਡ ਕਾਰਨ, ਕਲਕੱਤੇ ਦੇ ਵਿਕਾਸ ਨੂੰ ਭਾਰੀ ਸੱਟ ਵੱਜੀ। ਹੁਣ ਕਲਕੱਤਾ ਕੇਵਲ ਪੱਛਮੀ ਬੰਗਾਲ ਦੀ ਹੀ ਰਾਜਧਾਨੀ ਰਹਿ ਗਿਆ ਅਤੇ ਇਸਦੇ ਸਾਬਕਾ ਪਿਛਵਾੜੇ ਦੇ ਇਕ ਹਿੱਸੇ ਦਾ ਵਪਾਰ ਖੁੱਸ ਗਿਆ। ਉਸ ਵੇਲੇ ਹੀ ਪੂਰਬੀ ਪਾਕਿਸਤਾਨ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਨਾਰਥੀ ਕਲਕੱਤੇ ਵਿਚ ਆ ਗਏ। ਇਸ ਨਾਲ ਇਥੋਂ ਦੀਆਂ ਸਮਾਜਕ ਸਮੱਸਿਆਵਾਂ ਅਤੇ ਤੇਜ਼ੀ ਨਾਲ ਵਧ ਰਹੀ ਆਬਾਦੀ ਦੀ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਈ।

          ਆਧੁਨਿਕ ਸ਼ਹਿਰ––

          ਵਿਉਂਤ––ਆਰੰਭ ਵਿਚ ਸ਼ਹਿਰ ਦੀ ਸਥਾਪਨਾ ਲਈ ਇਹ ਥਾਂ ਇਸ ਕਰਕੇ ਚੁਣੀ ਗਈ ਕਿਉਂਕਿ ਰੱਖਿਆ ਅਤੇ ਵਪਾਰ ਦੇ ਪੱਖੋਂ ਇਸ ਦੀ ਸਥਿਤੀ ਬਹੁਤ ਹੀ ਉਚਿੱਤ ਸੀ। ਸਮੁੰਦਰੀ ਤਲ ਤੋਂ ਇਸ ਦੀ ਵੱਧ ਤੋਂ ਵੱਧ ਉਚਾਈ ਲਗਭਗ 10 ਮੀ. ਹੈ।

          ਖਾਸ ਕਲਕੱਤੇ ਸ਼ਹਿਰ ਦਾ ਕੁੱਲ ਰਕਬਾ ਲਗਭਗ 100 ਵ. ਕਿ. ਮੀ. ਹੈ ਐਪਰ ਸਾਰੇ ਮੈਟਰੋਪਾਲਿਟਨ ਖੇਤਰ ਦਾ ਕੁੱਲ ਰਕਬਾ 1300 ਵ. ਕਿ. ਮੀ. ਹੈ ਅਤੇ ਇਸ ਵਿਚ 3 ਕਾਰਪੋਰੇਸ਼ਨਾਂ, 1 ਛਾਉਣੀ 26 ਮਿਉਂਸਪਲਟੀਆਂ ਅਤੇ ਹੁਗਲੀ ਦਰਿਆ ਦੇ ਦੋਵੇਂ ਕੰਢਿਆਂ ਉੱਤੇ ਸਥਿਤ 44 ਮਿਉਂਸਪਲ ਸ਼ਹਿਰੀ ਖੇਤਰ ਸ਼ਾਮਲ ਹਨ। ਦਰਿਆ ਦੇ ਪੱਛਮੀ ਕੰਢੇ ਉੱਤੇ ਹਾਵੜਾ, ਉੱਤਰ ਵੱਲ ਬੜਾਨਗਰ, ਉੱਤਰ-ਪੂਰਬ ਵੱਲ ਦੱਖਣੀ ਡਮ ਡਮ, ਦੱਖਣ ਵੱਲ ਦੱਖਣੀ ਉਪ-ਸ਼ਹਿਰੀ ਖੇਤਰ ‘ਬੈਹਾਲਾ’ ਅਤੇ ਦੱਖਣ-ਪੱਛਮ ਵੱਲ ਗਾਰਡਨ ਰੀਚ ਨਾਮੀ ਕਲਕੱਤੇ ਦੇ ਮੁੱਖ ਉਪ-ਨਗਰ ਹਨ। ਇਹ ਸਾਰਾ ਖੇਤਰ ਇਕ ਵੱਡੇ ਸ਼ਹਿਰ ਨੂੰ ਰੂਪਮਾਨ ਕਰਦਾ ਹੈ।

          ਜਲਵਾਯੂ––ਇਥੋਂ ਦਾ ਜਲਵਾਯੂ ਉਪ-ਉਸ਼ਣੀ ਹੈ। ਗਰਮੀਆਂ ਵਿਚ ਮਾਨਸੂਨ ਪੌਣਾਂ ਬੜੀ ਭਾਰੀ ਵਰਖਾ ਕਰਦੀਆਂ ਹਨ। ਵੱਧ ਤੋਂ ਵੱਧ ਤਾਪਮਾਨ 42˚ ਸੈਂ (108˚ ਫਾ) ਅਤੇ ਘੱਟ ਤੋਂ ਘੱਟ ਤਾਪਮਾਨ 7˚ਸੈਂ (44˚ਫਾ) ਤੀਕ ਪਹੁੰਚ ਜਾਂਦਾ ਹੈ। ਇਥੇ ਔਸਤਨ ਸਾਲਾਨਾ ਵਰਖਾ 160 ਸੈ. (64'') ਹੁੰਦੀ ਹੈ। ਵਰਖਾ ਦਾ 80 ਪ੍ਰਤੀਸ਼ਤ ਹਿੱਸਾ ਮਾਨਸੂਨ ਪੌਣਾ ਦੁਆਰਾ ਜੂਨ ਤੋਂ ਸਤੰਬਰ ਤੀਕ ਪੈਂਦਾ ਹੈ। ਸਰਦੀਆਂ ਵਿਚ ਸਵੇਰੇ ਧੁੰਦ ਅਕਸਰ ਪੈਂਦੀ ਹੈ ਅਤੇ ਸ਼ਾਮ ਨੂੰ ਫੈਕਟਰੀਆਂ ਦੇ ਧੂਏਂ ਆਦਿ ਨਾਲ ਬੱਦਲ ਛਾਏ ਰਹਿੰਦੇ ਹਨ।

          ਆਵਾਜਾਈ––ਅੰਦਰੂਨੀ–ਸ਼ਹਿਰ ਅਤੇ ਇਸ ਦੇ ਉਪ-ਨਗਰਾਂ ਵਿਚ ਲਗਪਗ 805 ਕਿ.ਮੀ. ਲੰਬੀਆਂ ਸੜਕਾਂ ਹਨ ਪਰ ਇਨ੍ਹਾਂ ਸੜਕਾਂ ਦੀ ਮਾੜੀ ਹਾਲਤ ਨੇ ਇਕ ਗੰਭੀਰ ਸਮੱਸਿਆ ਖੜ੍ਹੀ ਕਰ ਦਿਤੀ ਹੈ। ਇਥੋਂ ਦੀ ਆਮ ਢੋਆ-ਢੁਆਈ ਟ੍ਰਾਂਮਾਂ ਅਤੇ ਬੱਸਾਂ ਉੱਤੇ ਨਿਰਭਰ ਹੈ। ਕਲਕੱਤੇ ਅਤੇ ਹਾਵੜੇ ਵਿਚ 26 ਟ੍ਰਾਮ ਮਾਰਗ ਹਨ ਜਿਨ੍ਹਾਂ ਵਿਚ ਲਗਭਗ 65 ਕਿ. ਮੀ. ਦੂਹਰੇ ਟ੍ਰਾਮ-ਮਾਰਗ ਹਨ। ਟ੍ਰਾਮ ਗੱਡੀਆਂ ਦਾ ਪ੍ਰਬੰਧ ਸਰਕਾਰ ਅਧੀਨ ਹੈ। ਰਾਜ ਸਰਕਾਰ ਅਤੇ ਪ੍ਰਾਈਵੇਟ ਕੰਪਨੀਆਂ ਬੱਸਾਂ ਨੂੰ ਚਲਾਉਂਦੀਆਂ ਹਨ। ਸਰਕਾਰੀ ਟ੍ਰਾਂਸਪੋਰਟ ਦੀਆਂ ਲਗਭਗ 1100 ਬੱਸਾਂ ਅਤੇ 450 ਟ੍ਰਾਮ ਗੱਡੀਆਂ ਚਲਦੀਆਂ ਹਨ। ਇਹ ਇਕ ਸਾਲ ਵਿਚ ਲਗਪਗ 1,000,000,000 ਮੁਸਾਫਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਂਦੀਆਂ ਹਨ।

          ਭਾਰਤ ਦੀ ਪਹਿਲੀ ਉਪ-ਮਾਰਗ ਪ੍ਰਣਾਲੀ ਡਮ ਡਮ ਅਤੇ ਟਾਲੀਗੰਜ ਵਿਚਕਾਰ ਇਕ 16.5 ਕਿ. ਮੀ. ਉੱਤਰੀ-ਦੱਖਣੀ ਲਾਈਨ ਸੰਨ 1973 ਵਿਚ ਬਣਾਉਣੀ ਸ਼ੁਰੂ ਕੀਤੀ ਗਈ। ਇਸ ਲਾਈਨ ਦੇ ਮੁਕੰਮਲ ਹੋ ਜਾਣ ਤੇ ਇਹ 1,390,00 ਵਿਅਕਤੀਆਂ ਨੂੰ ਰੋਜ਼ਾਨਾ ਆਵਾਜਾਈ ਦੀਆਂ ਸਹੂਲਤਾਂ ਮੁਹੱਈਆਂ ਕਰੇਗੀ।

          ਕਲਕੱਤੇ ਅਤੇ ਇਸਦੇ ਪੱਛਮੀ ਪਛਵਾੜੇ ਦਾ ਮੇਲ-ਜੋਲ ਹੁੱਗਲੀ ਦਰਿਆ ਉਤੇ ਬਣੇ ਪੁਲਾਂ ‘ਹਾਵੜਾ ਬਰਿੱਜ’ ਅਤੇ ਦੂਰ ਉੱਤਰ ਵਿਚ ਬਣੇ, ‘ਬਾਲੀ ਬਰਿਜ’ ਉਤੇ ਨਿਰਭਰ ਕਰਦੀ ਹੈ। ਤੀਸਰੇ ਪੁਲ ਦੀ ਵੀ ਯੋਜਨਾਬੰਦੀ ਤਿਆਰ ਕੀਤੀ ਜਾ ਚੁੱਕੀ ਹੈ। ਹਾਵੜਾ ਬਰਿੱਜ, (ਕਲਕੱਤੇ ਦਾ ਪਛਵਾੜੇ ਨਾਲ ਲਿੰਕ ਜੋੜਨ ਵਾਲਾ ਪੁਲ) ਉਤੇ ਗੱਡੀਆਂ ਦੀ ਆਵਾਜਾਈ ਲਈ ਅੱਠ ਤੰਗ ਰਸਤੇ ਅਤੇ ਕੇਂਦਰ ਵਿਚ ਦੋ ਟ੍ਰਾਂਮ-ਮਾਰਗ ਹਨ ਅਤੇ ਇਹ ਦੁਨੀਆ ਦੇ ਸਭ ਤੋਂ ਵੱਧ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਪੁਲਾਂ ਵਿਚੋਂ ਇਕ ਹੈ।

          ਬਾਹਰੀ––ਗਰੈਂਡ ਟਰੰਕ ਰੋਡ (ਨੈਸ਼ਨਲ ਹਾਈਵੇ ਨੰ : 2) ਭਾਰਤ ਦੇ ਸਭ ਤੋਂ ਪੁਰਾਣੇ ਸੜਕ ਮਾਰਗਾਂ ਵਿਚੋਂ ਇਕ ਹੈ। ਇਹ ਕਲਕੱਤੇ ਤੋਂ ਲੈ ਕੇ ਕਸ਼ਮੀਰ ਤੀਕ ਲਗਭਗ 1600 ਕਿ. ਮੀ. (1000 ਮੀਲ) ਤੀਕ ਜਾਂਦੀ ਹੈ। ਬੰਦਰਗਾਹ ਨੂੰ ਉੱਤਰੀ ਭਾਰਤ ਨਾਲ ਜੋੜਨ ਵਾਲਾ ਇਹ ਮੁੱਖ ਮਾਰਗ ਹੈ। ਹੋਰ ਰਾਸ਼ਟਰੀ ਸ਼ਾਹ-ਰਾਹ ਕਲਕੱਤੇ ਨੂੰ ਭਾਰਤ ਦੇ ਪੱਛਮੀ ਤੱਟ, ਪੱਛਮੀ ਬੰਗਾਲ ਦੇ ਉੱਤਰੀ ਹਿੱਸੇ ਅਤੇ ਬੰਗਲਾਦੇਸ਼ ਨਾਲ ਲਗਦੀ ਸਰਹੱਦ ਨਾਲ ਜੋੜਦੇ ਹਨ।

          ਹੁੱਗਲੀ ਦਰਿਆ ਦੇ ਪੱਛਮੀ ਕੰਢੇ ਤੇ ਹਾਵੜਾ ਅਤੇ ਪੂਰਬੀ ਕੰਢੇ ਤੇ ਸਿਆਲਦਾਹ ਰੇਲਵੇ ਸਟੇਸ਼ਨਾਂ ਤੋਂ ਚਾਰ ਚੁਫੇਰੇ ਨੂੰ ਰੇਲਾਂ ਚਲਦੀਆਂ ਹਨ। ਇਨ੍ਹਾਂ ਦੋਹਾਂ ਸਟੇਸ਼ਨਾਂ ਤੋਂ ਲਗਭਗ 250,000 ਮੁਸਾਫਰ ਰੋਜ਼ਾਨਾ ਆਉਂਦੇ ਜਾਂਦੇ ਹਨ।

          ਕਲਕੱਤੇ ਦੇ ਅਖ਼ੀਰਲੇ ਹਵਾਈ ਅੱਡੇ ਡਮ ਡਮ ਤੋਂ ਹਰ ਰੋਜ਼ ਲਗਭਗ 120 ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਉਡਾਣਾਂ ਹੁੰਦੀਆਂ ਹਨ।

          ਆਬਾਦੀ––ਸੰਨ 1981 ਦੀ ਮਰਦਮਸ਼ੁਮਾਰੀ ਅਨੁਸਾਰ ਕਲਕੱਤੇ ਸ਼ਹਿਰ ਦੀ ਵਸੋਂ 3,291,655 ਹੈ ਭਾਵੇਂ ਸਾਰੇ ਮੈਟਰੋਪਾਲਿਟਨ ਖੇਤਰ ਦੀ ਕੁੱਲ ਵਸੋਂ 9,166,0000 ਹੈ। ਇਸ ਵਸੋਂ ਵਿਚ 80% ਹਿੰਦੂ ਅਤੇ ਬਾਕੀ ਮੁਸਲਮਾਨ, ਈਸਾਈ, ਸਿੱਖ, ਜੈਨੀ, ਬੋਧੀ ਅਤੇ ਹੋਰ ਧਰਮਾਂ ਦੇ ਲੋਕ ਹਨ। ਸੰਨ 1961 ਵਿਚ ਇਥੇ 66% ਲੋਕ ਬੰਗਲਾ, 20% ਹਿੰਦੀ ਅਤੇ 9% ਉਰਦੂ ਬੋਲਦੇ ਸਨ। ਇਸ ਤੋਂ ਇਲਾਵਾ ਉੜੀਆ, ਪੰਜਾਬੀ ਅਤੇ ਹੋਰ ਭਾਸ਼ਾਵਾਂ ਵੀ ਬੋਲਆਂ ਜਾਂਦੀਆਂ ਹਨ। ਕਲਕੱਤਾ ਨਾ ਕੇਵਲ ਇਕ ਭਾਰਤੀ ਸ਼ਹਿਰ ਹੀ ਹੈ ਸਗੋਂ ਇਹ ਵਿਸ਼ਵ ਦਾ ਇਕ ਸ਼ਹਿਰ ਬਣ ਗਿਆ ਹੈ। ਭਾਰਤੀਆਂ ਤੋਂ ਇਲਾਵਾ ਇਥੇ ਅੰਗਰੇਜ਼, ਨੈਪਾਲੀ, ਚੀਨੀ, ਅਮਰੀਕਨ, ਆਸਟ੍ਰੇਲੀਅਨ, ਬਰਮੀ, ਆਰਮੀਨੀਅਨ, ਅਫਰੀਕਨ, ਪੁਰਤਗੇਜ਼ੀ, ਆਇਰਲੈਂਡੀ ਵਲੰਦੇਜ਼, ਫਰਾਂਸੀਸੀ, ਇਤਾਲਵੀ, ਡੈਨਮਾਰਕ ਦੇ ਲੋਕ, ਇਜ਼ਰਾਇਲੀ ਅਤੇ ਈਰਾਨੀ ਲੋਕ ਰਹਿੰਦੇ ਹਨ। ਆਬਾਦੀ-ਘਣਤਾ ਲਗਭਗ 32,000 ਪ੍ਰਤੀ ਵ. ਕਿ. ਮੀ. ਹੈ।

          ਮਕਾਨ ਉਸਾਰੀ––ਸ਼ਹਿਰ ਵਿਚ ਰਹਿਣ ਲਈ ਮਕਾਨਾਂ ਦੀ ਬੜੀ ਥੁੜ ਹੈ। ਸੰਨ 1973 ਵਿਚ ਇਸ ਸ਼ਹਿਰ ਵਿਚ ਘੱਟੋ ਘੱਟ 200,000 ਵਿਅਕਤੀ ਪੱਟੜੀਆਂ ਤੇ ਰਹਿਣ ਵਾਲੇ ਸਨ। ਕਲਕੱਤਾ ਮੈਟਰੋਪਾਲੀਟਨ ਡਿਸਟ੍ਰਿਕਟ ਦੀਆਂ ਸੰਸਥਾਗਤ ਪਨਾਹ-ਸਥਾਨਾਂ ਤੇ ਰਹਿਣ ਵਾਲੇ 366,000 ਵਿਅਕਤੀਆਂ ਵਿਚੋਂ 2/3 ਤੋਂ ਵਧੇਰੇ ਲੋਕ ਸ਼ਹਿਰ ਵਿਚ ਰਹਿੰਦੇ ਹਨ। ਸ਼ਹਿਰ ਵਿਚ 600,000 ਤੋਂ ਵੱਧ ਘਰਾਂ ਦੀਆਂ ਇਕਾਈਆਂ ਹਨ ਅਤੇ ਇਸਦਾ 3/4 ਹਿੱਸਾ ਹੀ ਕੇਵਲ ਰਿਹਾਇਸ਼ੀ ਮੰਤਵ ਲਈ ਵਰਤਿਆ ਜਾਂਦਾ ਹੈ। ਪ੍ਰਤੀ ਮਕਾਨ ਵਿਅਕਤੀਆਂ ਦੀ ਔਸਤਨ ਗਿਣਤੀ ਪੰਜ ਹੈ ਅਤੇ ਪ੍ਰਤੀ ਕਮਰਾ ਵਿਅਕਤੀਆਂ ਦੀ ਔਸਤਨ ਗਿਣਤੀ ਤਿੰਨ ਹੈ। ਵਧੇਰੇ ਇਕਾਈਆਂ ਬਹੁਤ ਛੋਟੀਆਂ ਹਨ।

          ਸ਼ਹਿਰ ਵਿਚ ਲਗਭਗ 3000 ਬਸਤੀਆਂ ਗੰਦੀਆਂ ਬਸਤੀਆਂ ਹਨ, ਜਿਨ੍ਹਾਂ ਵਿਚ 189,000 ਪਰਿਵਾਰ ਰਹਿੰਦੇ ਹਨ।

          ਸ਼ਹਿਰ ਦੀ ਨੁਹਾਰ––ਅਧੁਨਿਕ ਕਲਕੱਤੇ ਦੇ ਕਈ ਭਾਗਾਂ ਵਿਚ, ਉਚੀਆਂ ਇਮਾਰਤਾਂ ਤੇ ਉਚੇ ਬਹੁ-ਮੰਜ਼ਲੇ ਬਲਾਕ ਤਾਂ ਅਸਮਾਨ ਨੂੰ ਜਾ ਲਗਦੇ ਹਨ। ਸ਼ਹਿਰ ਦੀ ਨੁਹਾਰ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਕੇਂਦਰੀ ਕਲੱਕਤੇ ਦਾ ਚੌਰੰਗੀ ਖੇਤਰ (ਜੋ ਕਿਸੇ ਸਮੇਂ ਆਲੀਸ਼ਾਨ ਮਕਾਨਾਂ ਦੀ ਇਕ ਕਤਾਰ ਹੁੰਦੀ ਸੀ) ਦਫ਼ਤਰਾਂ, ਹੋਟਲਾਂ ਅਤੇ ਦੁਕਾਨਾਂ ਬਣਾਉਣ ਲਈ ਛੱਡ ਦਿਤਾ ਗਿਆ ਹੈ। ਉੱਤਰੀ ਅਤੇ ਕੇਂਦਰੀ ਕਲੱਕਤੇ ਵਿਚ ਅਜੇ ਵੀ ਬਹੁਤ ਸਾਰੀਆਂ ਇਮਾਰਤਾਂ ਦੋ ਜਾਂ ਤਿੰਨ ਮੰਜ਼ਲੀਆਂ ਹਨ। ਦੱਖਣੀ ਅਤੇ ਦੱਖਣੀ-ਕੇਂਦਰੀ ਕਲੱਕਤੇ ਵਿਚ ਬਹੁ-ਮੰਜ਼ਲੇ ਕਮਰਿਆਂ ਵਾਲੀਆਂ ਇਮਾਰਤਾਂ ਬਣੀਆਂ ਹੋਈਆਂ ਹਨ।

          ਸੰਨ 1875 ਦੌਰਾਨ ਕਲੱਕਤੇ ਵਿਚ 21 ਈਸਾਈ ਗਿਰਜਾ ਘਰ ਅਤੇ ਰੋਮਨ ਕੈਥੋਲਿਕ ਗਿਰਜਾ ਘਰ ਸਨ। ਅੱਜ ਇਨ੍ਹਾਂ ਵਿਚੋਂ ਕੁਝ ਖੰਡਰ ਬਣ ਚੁਕੇ ਹਨ। ਕਲਕੱਤੇ ਵਿਚ ਵੱਡੇ ਅਤੇ ਛੋਟੇ ਮੰਦਰਾਂ ਦੀ ਭਰਮਾਰ ਹੈ।

          ਸ਼ਹਿਰ ਦੀ ਉਸਾਰੀ ਕਲਾ––ਕਲਕੱਤੇ ਦੀ ਪੁਰਾਣੀ ਉਸਾਰੀ ਕਲਾ ਦੀਆਂ ਯਾਦਗਾਰਾਂ ਉੱਤੇ ਪੱਛਮੀ ਪ੍ਰਭਾਵ ਹਾਵੀ ਹੈ। ਗੌਰਮਿੰਟ ਹਾਊਸ (ਅਜੋਕਾ ਰਾਜ ਭਵਨ) ਡਰਬੀਸ਼ਿਰ ਦੇ ਕੈਡਲੈਸਟਨ ਹਾਲ ਦੀ ਨਕਲ ਹੈ। ਇਥੋਂ ਦੀ ਹਾਈ ਕੋਰਟ ਈਪਰ ਬੈਲਜੀਅਮ ਵਿਖੇ ਬਣੇ ਕਲਾਥ ਹਾਲ ਨਾਲ ਮਿਲਦਾ ਜੁਲਦਾ ਅਤੇ ਇਥੋਂ ਦਾ ਟਾਊਨ ਹਾਲ ਯੂਨਾਨੀ ਨਮੂਨੇ ਦਾ ਬਣਿਆ ਹੈ। ਇਸਦੀ ਡਿਊਢੀ ਡਾਰਿਕ ਹੈਲਨਿਕ ਨਮੂਨੇ ਦੀ ਹੈ। ਸੇਂਟ ਪਾਲ ਦਾ ਵੱਡਾ ਗਿਰਜਾ-ਘਰ ਇੰਡੋ-ਗਾੱਥਿਕ ਨਮੂਨੇ ਦੀ ਉਸਾਰੀ-ਕਲਾ ਤੇ ਬਣਾਇਆ ਗਿਆ। ‘ਰਾਈਟਰਜ਼ ਬਿਲਡਿੰਗ’ ਗਾਥਿਕ ਨਮੂਨੇ ਦੀ ਉਸਾਰੀ-ਕਲਾ ਤੇ ਬਣੀ ਹੋਈ ਹੈ ਜਿਸ ਦੇ ਸਿਖਰ ਉੱਤੇ ਬੁੱਤਕਾਰੀ ਕੀਤੀ ਹੋਈ ਹੈ। ਇੰਡੀਅਨ ਮਿਊਜ਼ੀਅਮ ਇਤਾਲਵੀ ਨਮੂਨੇ ਦਾ ਬਣਿਆ ਹੋਇਆ ਹੈ। ਆਲੀਸ਼ਾਨ ਗੁੰਬਦ ਵਾਲੇ ਇਥੋਂ ਦੇ ਜਨਰਲ ਪੋਸਟ ਆਫਿਸ ਦੇ ਥੰਮ ਕੋਰੰਥੀ (ਯੂਨਾਨ) ਨਮੂਨੇ ਦੇ ਹਨ। ‘ਅਖ਼ਤਰਲੋਨੀ ਯਾਦਗਾਰ’ ਦਾ ਆਲੀਸ਼ਾਨ ਥੰਮ 50 ਮੀ. (165 ਫੁੱਟ) ਉੱਚਾ ਹੈ। ਇਸਦਾ ਆਧਾਰ ਮਿਸਰੀ ਥੰਮ ਸੀਰੀਅਨ ਅਤੇ ਬੁਰਜ ਤੁਰਕੀ ਨਮੂਨੇ ਦਾ ਬਣਿਆ ਹੋਇਆ ਹੈ।

          ਵਿਕਟੋਰੀਆ ਮੈਮੋਰੀਅਲ ਹਾਲ––ਪੁਰਾਤਨ ਪੱਛਮੀ ਅਤੇ ਮੁਗ਼ਲਾਂ ਦੀ ਉਸਾਰੀ ਦੀ ਇਕ ਸਾਂਝੀ ਝਲਕ ਪੇਸ਼ ਕਰਦਾ ਹੈ। ਨਾਖ਼ੁਦਾ ਮਸਜਿੱਦ ਅਕਬਰ ਦੇ ਸਿਕੰਦਰੀਆ ਵਿਖੇ ਉਸਾਰੀ ਮਕਬਰੇ ਦੇ ਨਮੂਨੇ ਤੇ ਬਣਾਈ ਗਈ ਹੈ। “ਬਿਰਲਾ ਪਲੈਨੇਟੇਰੀਅਮ ਸਾਂਚੀ ਦੇ ਬੋਧੀ ਸਤੂਪ, (ਯਾਦਗਾਰ) ਦੇ ਨਾਲ ਮਿਲਦਾ-ਜੁਲਦਾ ਹੈ।

          ਪੱਛਮੀ ਬੰਗਾਲ ਵਿਧਾਨ ਪ੍ਰੀਸ਼ਦ ਵਾਲੀ ਇਮਾਰਤ ਆਧੁਨਿਕ ਉਸਾਰੀ-ਕਲਾ ਦੇ ਨਮੂਨੇ ਦੀ ਇਕ ਸ਼ਾਨਦਾਰ ਉਦਾਹਰਣ ਹੈ ਜਦ ਕਿ ‘ਰਾਮਕ੍ਰਿਸ਼ਨ ਮਿਸ਼ਨ ਇੰਸਟੀਚਿਊਟ ਆਫ਼ ਕਲਚਰ’ ਭਾਰਤ ਦੇ ਸਭਿਆਚਾਰਕ ਵਿਰਸੇ ਦੀ ਤਰਜਮਾਨੀ ਕਰਦਾ ਹੈ।

          ਆਰਥਿਕਤਾ––ਕਲਕੱਤਾ ਪੂਰਬੀ ਭਾਰਤ ਦਾ ਇਕ ਵਿੱਤੀ ਸਦਰ-ਮੁਕਾਮ ਅਤੇ ਨਾਲ ਦੀ ਨਾਲ ਹੀ ਇਕ ਵੱਡਾ ਤਿਜਾਰਤੀ ਗੋਦਾਮ ਅਤੇ ਉਦਯੋਗਕ ਸ਼ਹਿਰੀ ਡਿਸਟ੍ਰਿਕਟ ਦਾ ਕੇਂਦਰ ਹੈ। ਇਥੋਂ ਦੀ ਬੰਦਰਗਾਹ ਰਾਹੀਂ ਆਸਾਮ ਅਤੇ ਮੇਘਾਲਿਆ ਦੇ ਚਾਹ ਦੇ ਬਾਗ਼ਾਂ ਅਤੇ ਪੱਛਮੀ ਬੰਗਾਲ ਦੇ ਪਟਸਨ ਦੇ ਉਦਯੋਗ ਦਾ ਉਤਪਾਦਨ ਬਾਹਰ ਭੇਜਿਆ ਜਾਂਦਾ ਹੈ। ਭਾਵੇਂ ਕਲਕੱਤੇ ਦੀ ਅਰਥ ਵਿਵਸਥਾ ਅਨਿੱਖੜਵੇਂ ਰੂਪ ਵਿਚ ਕਲਕੱਤੇ ਦੇ ਸਮੂਹਕ ਕਸਬਿਆਂ ਅਤੇ ਸਮੁੱਚੇ ਰੂਪ ਵਿਚ ਸਾਰੇ ਪਛਵਾੜੇ ਨਾਲ ਜੁੜੀ ਹੋਈ ਹੈ ਫਿਰ ਵੀ ਪਟਸਨ ਦੇ ਉਦਯੋਗ ਨੂੰ ਛੱਡਕੇ, ਕੁਝ ਉਦਯੋਗ ਸਿੱਧੇ ਤੌਰ ਤੇ ਬੰਦਰਗਾਹ ਨਾਲ ਜੁੜੇ ਹੋਏ ਹਨ।

          ਕਲਕੱਤੇ ਦੀ ਬੰਦਰਗਾਹ––ਆਮ ਸਾਲਾਂ ਵਿਚ ਕਲਕੱਤੇ ਦੀ ਬੰਦਰਗਾਹ ਤੋਂ ਮੁੱਲ ਦੇ ਪੱਖੋਂ ਭਾਰਤ ਦੀ 25 ਪ੍ਰਤੀਸ਼ਤ ਮਾਲ ਦੀ ਆਯਾਤ ਅਤੇ 40 ਪ੍ਰਤਿਸ਼ਤ ਮਾਲ ਦੀ ਨਿਰਯਾਤ ਹੁੰਦੀ ਹੈ। ਕਲਕੱਤੇ ਦਾ ਸ਼ਹਿਰ ਵਧੀਆ ਕਿਸਮ ਦਾ ਲੋਹਾ ਅਤੇ ਫੌਲਾਦ ਬਾਹਰੋਂ ਮੰਗਵਾਉਂਦਾ ਹੈ ਅਤੇ ਘਟੀਆ ਫੌਲਾਦ ਅਤੇ ਕੱਚਾ ਲੋਹਾ ਬਾਹਰ ਭੇਜਦਾ ਹੈ। ਇਸ ਤੋਂ ਇਲਾਵਾ ਇਥੋਂ ਲੂਣ ਪੈਟਰੋਲੀਅਮ, ਐਸਫਾਲਟ ਬਿਟਿਊਮੈਂਨ ਸੀਮਿੰਟ, ਖਾਦ, ਮਸ਼ੀਨਰੀ ਅਤੇ ਰੇਲਵੇ ਸਾਮਾਨ ਆਦਿ ਬਾਹਰੋਂ ਮੰਗਵਾਇਆ ਜਾਂਦਾ ਹੈ ਅਤੇ ਕੋਲਾ, ਕਚੀ ਧਾਤ ਪਟਸਨ ਦਾ ਸਾਮਾਨ ਆਦਿ ਚਾਹ, ਖੰਡ, ਹੱਡੀਆਂ ਹੱਡੀ-ਚੂਰਾ ਅਤੇ ਲੋਹੇ ਦਾ ਚੂਰਾ ਇਥੋਂ ਬਾਹਰ ਭੇਜਿਆ ਜਾਂਦਾ ਹੈ। ਆਯਾਤ ਤੇ ਨਿਰਯਾਤ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਸਾਰੀਆਂ ਵਸਤਾਂ ਦੀ ਢੋਆ-ਢੁਆਈ, ਸਟੋਰ ਕਰਨ, ਥੋਕ ਅਤੇ ਪਰਚੂਨ ਰੂਪ ਵਿਚ ਵੇਚਣ ਦੀਆਂ ਸਾਰੀਆਂ ਸਹੂਲਤਾਂ ਇਸ ਬੰਦਰਗਾਹ ਤੇ ਮੁਹੱਈਆ ਹਨ। ਬਦੇਸ਼ੀ ਮੁਦਰਾ ਕਮਾਉਣ ਵਿਚ ਵੀ ਮੁਕਾਬਲਤਨ ਕਲਕੱਤੇ ਦੀ ਬੰਦਰਗਾਹ ਦੀ ਅਹਿਮੀਅਤ ਜ਼ਿਆਦਾ ਹੈ।

          ਬੈਂਕਿੰਗ ਅਤੇ ਕਾਮਰਸ––ਬਦੇਸ਼ੀ ਬੈਂਕਾਂ ਵਿਚੋਂ ਲਗਭਗ 1/3 ਹਿੱਸਾ ਕਲਕੱਤੇ ਵਿਚ ਹੀ ਹਨ। ਕਲਕੱਤੇ ਦੀ ਸਟਾਕ ਐਕਸਚੇਂਜ ਦੇਸ਼ ਦੀ ਸੰਗਠਤ ਵਿੱਤੀ ਮਾਰਕੀਟ ਵਿਚ ਬੜਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ।

          ਇਸ ਤੋਂ ਇਲਾਵਾ ਕੋਲੇ ਦੀਆਂ ਖਾਨਾਂ ਨੂੰ ਕੰਟਰੋਲ ਕਰਨ ਵਾਲੀ ਏਜੰਸੀ ਕਲਕੱਤੇ ਵਿਖੇ ਹੀ ਹੈ। ਪਟਸਨ ਦੀਆਂ ਮਿੱਲਾਂ, ਅਤੇ ਵੱਡੇ ਪੈਮਾਨੇ ਦੇ ਇੰਜੀਨੀਅਰਿੰਗ ਉਦਯੋਗਾਂ ਦਾ ਵੀ ਕੰਟਰੋਲ ਇੱਥੋਂ ਹੀ ਕੀਤਾ ਜਾਂਦਾ ਹੈ। ‘ਦੀ ਬੰਗਾਲ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ’ ਅਤੇ ‘ਇੰਡੀਅਨ ਚੈਂਬਰ ਆਫ ਕਾਮਰਸ’ ਕਲਕੱਤੇ ਵਿਚ ਹੀ ਸਥਾਪਤ ਹਨ। ਕੋਲਾ, ਲੋਹਾ, ਮੈਗਨੀਜ਼, ਅਬਰਕ, ਪੈਟਰੋਲੀਅਮ, ਚਾਹ ਅਤੇ ਪਟਸਨ ਕਲਕੱਤੇ ਦੇ ਪਛਵਾੜੇ ਦੀਆਂ ਉਪਜਾਂ ਹਨ। ਕਲਕੱਤਾ ਪੂਰਬੀ ਖੇਤਰ ਵਿਚ ਸਮੁੰਦਰੀ ਜਹਾਜ਼ਾਂ ਦੀ ਲਦਾਈ ਦਾ ਇਕ ਕੇਂਦਰ ਹੈ। ਇਹ ਛਪਾਈ ਅਤੇ ਪ੍ਰਕਾਸ਼ਨ ਅਤੇ ਅਖ਼ਬਾਰਾਂ ਦੇ ਸਰਕੂਲੇਸ਼ਨ ਅਤੇ ਨਾਲ ਦੀ ਨਾਲ ਹੀ ਮੰਨੋਰੰਜਨ ਦਾ ਇਕ ਮੁੱਖ ਕੇਂਦਰ ਹੈ।

          ਉਦਯੋਗ––ਇਹ ਪਟਸਨ ਨੂੰ ਪ੍ਰਾਸੈੱਸ ਕਰਨ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਰ ਹੈ। ਬਹੁਤ ਸਾਰੀਆਂ ਘਰੇਲੂ ਅਤੇ ਉਦਯੋਗਕ ਵਸਤਾਂ ਦਾ ਉਤਪਾਦਨ ਅਤੇ ਵਿਤਰਣ ਕਲਕੱਤੇ ਵਿਖੇ ਹੀ ਹੁੰਦਾ ਹੈ। ਇਨ੍ਹਾਂ ਵਸਤਾਂ ਵਿਚ ਲਗਭਗ ਸਾਰੀਆਂ ਖਾਣ ਪੀਣ ਦੀਆਂ ਵਸਤਾਂ ਤੰਮਾਕੂ, ਕੱਪੜੇ, ਹੌਜ਼ਰੀ, ਬਿਸਤਰੇ, ਚਮੜੇ, ਰਬੜ ਦਾ ਸਾਮਾਨ ਅਤੇ ਸ਼ਿੰਗਾਰ ਦਾ ਸਾਮਨ ਆਦਿ ਸ਼ਾਮਲ ਹਨ। ਇਥੋਂ ਦੇ ਕਾਰਖਾਨਿਆਂ ਵਿਚ ਢੋਆ-ਢੁਆਈ ਦੀਆਂ ਗੱਡੀਆਂ, ਬਿਜਲਈ ਮੋਟਰਾਂ, ਬਿਜਲਈ ਲੇਪਿਤ ਵਸਤਾਂ, ਸਾਂਚੇ ਬਣਾਉਣ ਵਾਲੀਆਂ ਫਾਊਂਡਰੀਆਂ ਰੰਗ, ਵਾਰਨਿਸ਼, ਰਸਾਇਣਕ ਪਦਾਰਥ, ਪਲਾਈਵੁੱਡ, ਚਾਹ ਦੇ ਬੰਦ ਡੱਬੇ, ਸਾਬਣ, ਸਿਆਹੀ, ਪੈਨਸਿਲ, ਲੋਹੇ ਅਤੇ ਫ਼ੌਲਾਦ ਦੀਆਂ ਵਸਤਾਂ ਆਦਿ ਦਾ ਉਤਪਾਦਨ ਵੀ ਹੁੰਦਾ ਹੈ।

          ਸਮੁੱਚੀ ਅਰਥ ਵਿਵਸਥਾ––ਮੂਲ ਰੂਪ ਵਿਚ ਸ਼ਹਿਰ ਦੀ ਅਰਥ ਵਿਵਸਥਾ ਵਪਾਰਕ ਹੈ। ਇਥੋਂ ਦੇ ਸਾਰੇ ਕਾਮਿਆਂ ਦਾ 40 ਪ੍ਰਤੀਸ਼ਤ ਵਿਤਰਣ––ਕਿੱਤਿਆਂ ਵਿਚ ਲੱਗਾ ਹੋਇਆ ਹੈ। ਫਿਰ ਵੀ ਬੰਦਰਗਾਹ ਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਤਨਖ਼ਾਹ ਸੂਚੀਆਂ ਅਨੁਸਾਰ 40,0000 ਹੈ। ਇਥੋਂ ਦੇ ਦੂਜੇ ਵੱਡੇ ਸਰਕਾਰੀ ਮਹਿਕਮੇ ਹਥਿਆਰ ਬੰਦ, ਫੌਜ, ਪੁਲੀਸ, ਬੈਂਕ ਅਤੇ ਜੀਵਨ ਬੀਮਾ ਕਾਰਪੋਰੇਸ਼ਨ ਆਫ਼ ਇੰਡੀਆ ਹਨ। ਇਥੋਂ ਦੇ ਨਿੱਜੀ ਖੇਤਰ ਦੇ ਮੁੱਖ ਮਹਿਕਮੇ ਸਟਾਕ ਐਕਸਚੇਂਜ, ਡਾਕਟਰੀ ਅਤੇ ਵਿਦਿਆ, ਲੇਖਾ ਵਿਗਿਆਨ ਅਤੇ ਕਰਜ਼ਾ ਦੇਣ ਦੀਆਂ ਫਰਮਾਂ, ਚੈਂਬਰ ਆਫ ਕਾਮਰਸ, ਮਿਉਂਸਪਲ ਕਾਰਪੋਰੇਸ਼ਨ, ਬਿਜਲੀ ਤੇ ਗੈਸ ਕੰਪਨੀਆਂ, ਟ੍ਰਾਂਮਾਂ ਅਤੇ ਬੱਸ ਕੰਪਨੀਆਂ ਅਤੇ ਨਿਰਮਾਣ ਕਾਰਜ ਨਾਲ ਸਬੰਧਤ ਹਨ।

          ਪ੍ਰਬੰਧ ਅਤੇ ਸਮਾਜਕ ਸੇਵਾਵਾਂ––ਗਵਰਨਰ ਕਲਕੱਤੇ ਦੇ ਇਤਿਹਾਸਕ ਰਾਜ ਭਵਨ ਵਿਚ ਰਹਿੰਦਾ ਹੈ। ਵਿਧਾਨ ਸਭਾ ਸ਼ਹਿਰ ਦੇ ਵਿਚਾਲੇ ਸਥਿਤ ਹੈ। ਇਸੇ ਤਰ੍ਹਾਂ ਹੀ ਸਕੱਤਰੇਤ (ਜਿਸ ਨੂੰ ਰਾਈਟਰਜ਼ ਬਿਲਡਿੰਗ) ਦੇ ਤੌਰ ਤੇ ਜਾਣਿਆ ਜਾਂਦਾ ਹੈ, ਸ਼ਹਿਰ ਵਿਚ ਹੀ ਹੈ। ਕਲਕੱਤਾ ਹਾਈ ਕੋਰਟ ਜਿਹੜੀ ਸ਼ਹਿਰ ਉੱਤੇ ਮੂਲ ਅਧਿਕਾਰ-ਖੇਤਰ ਅਤੇ ਸਾਰੇ ਬੰਗਾਲ ਉੱਤੇ ਅਪੀਲੀ ਅਧਿਕਾਰ ਖੇਤਰ ਦੀ ਵਰਤੋਂ ਕਰਦੀ ਹੈ, ਵੀ ਇਸੇ ਸ਼ਹਿਰ ਵਿਚ ਹੀ ਸਥਿਤ ਹੈ। ਭਾਰਤ ਸਰਕਾਰ ਦੀਆਂ ਕਈ ਸੰਸਥਾਵਾਂ ਜਿਵੇਂ ਨੈਸ਼ਨਲ ਲਾਇਬ੍ਰੇਰੀ, ਇੰਡੀਅਨ ਮਿਊਜ਼ੀਅਮ ਜੀਆਲੋਜੀਕਲ ਸਰਵੇ ਆਫ ਇੰਡੀਆ ਅਤੇ ਮੌਸਮ ਵਿਗਿਆਨ ਵਿਭਾਗ ਵੀ ਇਥੇ ਹੀ ਸਥਾਪਤ ਹੈ। ਮਿਊਂਸਪਲ ਕਾਰਪੋਰੇਸ਼ਨ ਇਥੋਂ ਦੀ ਮਿਉਂਸਪਲ ਸਰਕਾਰ ਚਲਾਉਂਦੀ ਹੈ।

          ਕਲਕੱਤਾ ਇੰਪਰੂਵਮੈਂਟ ਟ੍ਰਸਟ, ਕਲਕੱਤਾ ਮੈਟਰੋਪਾਲਿਟਨ ਯੋਜਨਾਬੰਦੀ ਸੰਸਥਾ, ਕਲਕੱਤਾ ਮੈਟਰੋਪਾਲਿਟਨ ਜਲ ਅਤੇ ਸਫਾਈ ਅਥਾਰਿਟੀ ਅਤੇ ਕਲਕੱਤਾ ਮੈਟਰੋਪਾਲਿਟਨ ਡਿਸਟ੍ਰਿਕਟ ਅਥਾਰਿਟੀ ਇਥੋਂ ਦੀਆਂ ਹੋਰ ਮਹੱਤਵਪੂਰਨ ਸਰਕਾਰੀ ਸੰਸਥਾਵਾਂ ਹਨ।

          ਸ਼ਹਿਰ ਦੇ ਮੁੱਖ ਵਾਟਰ ਵਰਕਸ ਅਤੇ 200 ਵੱਡੇ ਅਤੇ 3,000 ਛੋਟੇ ਖੂਹਾਂ ਤੋਂ ਲਗਭਗ 116,000,000 ਗੈਲਨ ਸਾਫ ਕੀਤਾ ਹੋਇਆ ਪਾਣੀ ਰੋਜ਼ਾਨਾ ਸਪਲਾਈ ਕੀਤਾ ਜਾਂਦਾ ਹੈ। ਮਿਊਂਸਪਲ ਕਲਕੱਤੇ ਵਿਚ ਲਗਭਗ 645 ਕਿ. ਮੀ. ਦੀ ਲੰਬਾਈ ਤੋਂ ਵੱਧ ਜ਼ਮੀਨ ਦੋਜ਼ ਗੰਦੇ ਨਾਲੇ ਅਤੇ ਇਸ ਤੋਂ ਕੁਝ ਲੰਬਾਈ ਦੀਆਂ ਖੁਲ੍ਹੀਆਂ ਨਾਲੀਆਂ ਬਣੀਆਂ ਹੋਈਆਂ ਹਨ। ਸ਼ਹਿਰ ਦੇ 45 ਪ੍ਰਤਿਸ਼ਤ ਰਕਬੇ ਵਿਚ ਅਜੇ ਤੀਕ ਵੀ ਜਮੀਨ ਦੋਜ਼ ਗੰਦੇ ਨਾਲਿਆਂ ਦੀਆਂ ਸਹੂਲਤਾਂ ਨਹੀਂ ਦਿਤੀਆਂ ਜਾ ਸਕਦੀਆਂ ਭਾਵੇਂ ਕਲਕੱਤੇ ਨੂੰ ਕਲਕੱਤਾ ਇਲੈਕਟ੍ਰਿਕ ਸਪਲਾਈ ਕਾਰਪੋਰੇਸ਼ਨ, ਵੈਸੱਟ ਬੰਗਾਲ ਸਟੇਟ ਇਲੈਕਟ੍ਰੀਸਿਟੀ ਬੋਰਡ, ਦੁਰਗਾਪੁਰ ਪਾਵਰ ਸਟੇਸ਼ਨ, ਬੰਦੇਲ ਥਰਮਲ ਪਾਵਰ ਸਟੇਸ਼ਨ ਅਤੇ ਦਮੋਦਰ ਵੈਲੀ ਕਾਰਪੋਰੇਸ਼ਨ ਗ੍ਰਿੱਡ ਤੋਂ ਬਿੱਜਲੀ ਸਪਲਾਈ ਕੀਤੀ ਜਾਂਦੀ ਹੈ ਫਿਰ ਵੀ ਇਥੇ ਬਿੱਜਲੀ ਉਤਪਾਦਨ ਸਮੱਰਥਾ ਅਤੇ ਖਪਤ ਵਿਚ ਕਾਫੀ ਵੱਡਾ ਅੰਤਰ ਹੈ।

          ਸਿਹਤ ਅਤੇ ਸੁਰੱਖਿਆ––ਪ੍ਰਾਈਵੇਟ ਕਲਿਨਿਕਾਂ ਤੋਂ ਇਲਾਵਾ ਇਥੇ 40 ਹਸਪਤਾਲ ਹਨ। ਇਸਦੇ ਨਾਲ ਹੀ ਮਿਉਂਸਪਲ ਕਾਰਪੋਰੇਸ਼ਨ ਅਤੇ ਚੈਰਿਟੇਬਲ ਟ੍ਰਸਟ ਕੁਝ ਮੁਫ਼ਤ ਡਿਸਪੈਂਸਰੀਆਂ ਚਲਾਉਂਦੀਆਂ ਹਨ। ਸ਼ਹਿਰ ਵਿਚ ਕਈ ਮੈਡੀਕਲ ਕਾਲਜ ਹਨ। ਲਗਭਗ 7000 ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਹਨ। ਇਥੇ ਇਕ ਹਜ਼ਾਰ ਵਿਅਕਤੀਆਂ ਪਿਛੇ ਡਾਕਟਰਾਂ ਦੀ ਗਿਣਤੀ ਦੇਸ਼ ਦੇ ਬਾਕੀ ਹਿੱਸਿਆ ਦੇ ਮੁਕਾਬਲੇ ਤੇ ਬਹੁਤ ਜ਼ਿਆਦਾ ਹੈ। ਫਿਰ ਵੀ ਹਸਪਤਾਲਾਂ ਵਿਚ ਬਹੁਤ ਭੀੜ ਰਹਿੰਦੀ ਹੈ। ਇਹ ਭਾਰਤ ਦੇ ਉੱਤਰ-ਪੂਰਬੀ ਖੇਤਰ ਲਈ ਮੈਡੀਕਲ ਕੇਂਦਰ ਹੈ।

          ਕਲਕੱਤੇ ਦੀ ਪੁਲਿਸ ਫੋਰਸ ਦਾ ਪ੍ਰਬੰਧ ਕਮਿਸ਼ਨਰ ਪੁਲਿਸ ਅਧੀਨ ਹੁੰਦਾ ਹੈ। ਸਾਰਾ ਸ਼ਹਿਰ ਚਾਰ ਪੁਲਿਸ ਡਵੀਜ਼ਨਾਂ ਵਿਚ ਵੰਡਿਆ ਹੋਇਆ ਹੈ। ਫਾਇਰ ਬ੍ਰਿਗੇਡ ਦਾ ਹੈਡ-ਕੁਆਟਰ ਵੀ ਕੇਂਦਰੀ ਕਲਕੱਤੇ ਵਿਚ ਹੀ ਹੈ। ਪਿਛਲੇ ਦਸਾਂ ਸਾਲਾਂ ਵਿਚ (1970 ਤੋਂ ਬਾਅਦ) ਇਥੇ ਜਾਨ-ਮਾਲ ਦੀ ਸੁਰੱਖਿਆ ਇਕ ਵੱਡੀ ਸਮੱਸਿਆ ਬਣ ਗਈ ਹੈ ਅਤੇ ਜੁਰਮਾਂ ਦੀ ਗਿਣਤੀ ਵੀ ਬਹੁਤ ਵਧ ਗਈ ਹੈ। ਨਤੀਜੇ ਵਜੋਂ ਪੁਲਿਸ ਫੋਰਸ ਕਾਫ਼ੀ ਵਧਾ ਦਿਤੀ ਗਈ ਹੈ।

          ਸਿਖਿਆ––ਇਥੇ ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚਿਆਂ (6 ਤੋਂ 10 ਸਾਲ) ਵਿਚੋਂ ਲਗਭਗ 70 ਪ੍ਰਤਿਸ਼ਤ ਬੱਚੇ ਪ੍ਰਾਇਮਰੀ ਸਕੂਲਾਂ ਵਿਚ ਜਾਂਦੇ ਹਨ ਅਤੇ ਇਨ੍ਹਾਂ ਵਿਚੋਂ 1/3 ਹਿੱਸਾ ਮਿਊਂਸਪਲ ਕਾਰਪੋਰੇਸ਼ਨ ਦੁਆਰਾ ਚਲਾਏ ਜਾਂਦੇ ਮੁਫ਼ਤ ਪ੍ਰਾਇਮਰੀ ਸਕੂਲਾਂ ਵਿਚ ਜਾਂਦੇ ਹਨ। ਇਥੇ 11 ਤੋਂ 14 ਸਾਲ ਦੀ ਆਯੂ-ਗਰੁੱਪ ਵਿਚ ਲਗਭਗ 60 ਪ੍ਰਤਿਸ਼ਤ ਲੜਕੇ, 40 ਪ੍ਰਤਿਸ਼ਤ ਲੜਕੀਆਂ ਸੈਕੰਡਰੀ ਸਿੱਖਿਆ ਅਤੇ 14 ਤੋਂ 16 ਸਾਲ ਦੀ ਆਯੂ-ਗਰੁੱਪ ਦੇ ਲਗਭਗ 30 ਪ੍ਰਤਿਸ਼ਤ ਲੜਕੇ ਅਤੇ 20 ਪ੍ਰਤਿਸ਼ਤ ਲੜਕੀਆਂ ਮਾਨਤਾ ਪ੍ਰਾਪਤ ਸਕੂਲਾਂ (ਸਰਕਾਰੀ ਤੇ ਗੈਰ ਸਰਕਾਰੀ) ਵਿਚ ਸਿੱਖਿਆ ਪ੍ਰਾਪਤ ਕਰਦੀਆਂ ਹਨ। ਹਾਇਰ ਸੈਕੰਡਰੀ ਵਰਗਾਂ ਵਿਚਾਲੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਦਾ ਪ੍ਰਬੰਧ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਚਲਾਉਂਦਾ ਹੈ।

          ਇਥੇ ਤਿੰਨ ਯੂਨੀਵਰਸਿਟੀਆਂ––ਕਲਕੱਤਾ ਯੂਨੀਵਰਸਿਟੀ, ਜਾਦਵਪੁਰ ਯੂਨੀਵਰਸਿਟੀ ਅਤੇ ਰਾਬਿੰਦਰਾ ਭਾਰਤੀ ਯੂਨੀਵਰਸਿਟੀ––ਹਨ। ਕਲਕੱਤਾ ਯੂਨੀਵਰਸਿਟੀ ਅਧੀਨ ਸ਼ਹਿਰ ਦੇ 50 ਕਾਲਜ ਅਤੇ ਕਈ ਹੋਰ ਬਾਹਰਲੇ ਕਾਲਜ ਹਨ। ਇਥੇ ਖੇਤੀਬਾੜੀ ਕਲਾ, ਸਾਹਿਤ, ਕਾਮਰਸ ਦੰਦਾਂ ਸਬੰਧੀ ਵਿਗਿਆਨ, ਸਿੱਖਿਆ ਇੰਜੀਨੀਅਰਿੰਗ, ਕੋਮਲ ਕਲਾਵਾਂ ਅਤੇ ਸੰਗੀਤ, ਹੋਮ ਸਾਇੰਸ, ਜਨਰਲਿਜ਼ਮ, ਕਾਨੂੰਨ, ਲਾਇਬ੍ਰੇਰੀ ਸਾਇੰਸ ਟੈਕਨਾਲੋਜੀ, ਸਮਾਜਕ ਭਲਾਈ, ਬਿਜ਼ਨੈਸ ਮੈਨੇਜਮੈਂਟ ਅਤੇ ਪਸ਼ੂ ਵਿਗਿਆਨ ਦੀਆਂ ਫੈਕਲਟੀਆਂ ਹਨ। ਇਨ੍ਹਾਂ ਕਾਲਜਾਂ ਤੋਂ ਇਲਾਵਾ ਆਰਟਸ, ਸਾਇੰਸ ਅਤੇ ਡਾਕਟਰੀ ਸਬੰਧੀ, ਯੂਨੀਵਰਸਿਟੀ ਕਾਲਜਾਂ ਵਿਚ ਪੋਸਟ-ਗ੍ਰੇਜੂਏਟ ਸਿੱਖਿਆ ਅਤੇ ਖੋਜ ਨੂੰ ਵਿਸ਼ੇਸ਼ ਥਾਂ ਦਿਤੀ ਹੋਈ ਹੈ।

          ‘ਦੀ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ’, ‘ਦੀ ਇੰਡੀਅਨ ਐਸੋਸੀਏਸ਼ਨ ਫਾਰ ਦਾ ਕਲਟੀਵੇਸ਼ਨ ਆਫ ਸਾਇੰਸ’, ‘ਦੀ ਬੋਸ ਰੀਸਰਚ ਇੰਸਟੀਚਿਊਟ’ (ਨੈਚੂਰਲ ਸਾਇੰਸਜ਼) ਅਤੇ ‘ਆਲ ਇੰਡੀਆ ਇੰਸਟੀਚਿਊਟ ਆਫ ਹਾਈਜਿਨ’ ਅਤੇ ‘ਪਬਲਿਕ ਹੈਲੱਥ’ ਇਥੋਂ ਦੀਆਂ ਪ੍ਰਸਿੱਧ ਖੋਜ ਸੰਸਥਾਵਾਂ ਹਨ।

          ਸਭਿਆਚਾਰਕ ਜੀਵਨ––ਕਲਕੱਤਾ ਭਾਰਤ ਦਾ ਸਭ ਤੋਂ ਮਹੱਤਵਪੂਰਨ ਸਭਿਆਚਾਰਕ ਕੇਂਦਰ ਹੈ। ਤਿੰਨ ਯੂਨੀਵਰਸਿਟੀਆਂ ਤੋਂ ਇਲਾਵਾ ਏਸ਼ੀਆਟਿਕ ਸੋਸਾਇਟੀ ਆਫ ਬੰਗਾਲ, ਦੀ ਬੰਗਿਯਾ ਸਾਹਿਤ ਪ੍ਰੀਸ਼ਦ, ਦੀ ਰਾਮ ਕ੍ਰਿਸ਼ਨਾ ਮਿਸ਼ਨ ਇਸਟੀਚਿਊਟ ਆਫ ਕਲਚਰ,ਦੀ ਅਕਾਡਮੀ ਆਫ ਫ਼ਾਈਨ ਆਰਟਸ, ਦੀ ਬਿਰਲਾ ਅਕਾਡਮੀ ਆਫ ਆਰਟ ਐਂਡ ਕਲਚਰ, ਦੀ ਮਹਾਂ ਬੋਧੀ ਸੋਸਾਇਟੀ, ਦੀ ਈਰਾਨ ਸੋਸਾਇਟੀ ਅਤੇ ਕਲਕੱਤਾ ਹਿਸਟਾਰੀਕਲ ਸੋਸਾਇਟੀ ਇਥੋਂ ਦੀਆਂ ਪ੍ਰਸਿੱਧ ਸੰਸਥਾਵਾਂ ਹਨ ਜਿਨ੍ਹਾਂ ਨੇ ਇਥੋਂ ਦੇ ਸਭਿਆਚਾਰਕ ਜੀਵਨ ਨੂੰ ਅਮੀਰ ਬਣਾਇਆ ਹੋਇਆ ਹੈ। ਆਰਟਸ ਦੀਆਂ ਸਾਰੀਆਂ ਬਰਾਂਚਾਂ ਇਥੇ ਮੌਜੂਦ ਹਨ। ਦਸਤਕਾਰੀ ਦਾ ਵੀ ਇਸ ਸ਼ਹਿਰ ਵਿਚ ਮਹੱਤਵਪੂਰਨ ਰੋਲ ਹੈ। ਸ਼ਹਿਰ ਦੇ ਫਿਲਮ ਸਟੂਡੀਓਜ਼ ਵਿਚ ਸਿਨੇਮੇ ਦੀਆਂ ਫਿਲਮਾਂ ਤਿਆਰ ਕੀਤੀਆਂ ਜਾਂਦੀਆਂ ਹਨ।

          ਰਾਬਿੰਦਰ ਨਾਥ ਟੈਗੋਰ ਨੇ ਸੰਨ 1937 ਵਿਚ ਇਥੇ ਹੀ ਪਹਿਲੀ ‘ਆਲ ਬੰਗਾਲ ਮਿਊਜ਼ਕ ਕਾਨਫਰੰਸ’ ਦਾ ਉਦਘਾਟਨ ਕੀਤਾ ਸੀ। ਇਥੇ ਹਰ ਸਾਲ ਸੰਗੀਤ ਦੀਆਂ ਕਈ ਕਾਨਫਰੰਸਾਂ ਹੁੰਦੀਆਂ ਹਨ। ‘ਸੋਸਾਇਟੀ ਆਫ ਵਰਕਿੰਗ ਆਰਟਿਸਟਸ’ ‘ਦੀ ਸੋਸਾਇਟੀ ਆਫ ਪ੍ਰੋਗਰੈਸਿਵ ਆਰਟਿਸਟਸ’ ‘ਦੀ ਸੋਸਾਇਟੀ ਆਫ ਓਰੀਐਂਟਲ ਆਰਟ’ ‘ਦੀ ਪੇਂਟਰਜ਼ ਫਰੰਟ’ ਅਤੇ ਹੋਰ ਸੰਸਥਾਵਾਂ ਸਾਲਾਨਾ ਸ਼ੋ ਪੇਸ਼ ਕਰਦੀਆਂ ਹਨ।

          ਕਲਕੱਤੇ ਵਿਚ ਅੰਗਰੇਜ਼ੀ ਭਾਸ਼ਾ ਦਾ ਕੋਈ ਸਥਾਈ ਥੀਏਟਰ ਨਹੀਂ ਹੈ ਐਪਰ ਐਮਿਚਿਓਰ ਡਰਾਮਾ ਕਲੱਬ ਅੰਗਰੇਜ਼ੀ ਨਾਟਕ ਕਰਵਾਉਂਦੀਆਂ ਹਨ। ਇਥੇ 6 ਥੀਏਟਰ ਹਨ ਜਿਨ੍ਹਾਂ ਵਿਚ ਬਕਾਇਦਾ ਤੌਰ ਤੇ ਬੰਗਾਲੀ ਨਾਟਕ ਕਰਵਾਏ ਜਾਂਦੇ ਹਨ। ਸ਼ਹਿਰ ਵਿਚ ਲਗਭਗ 80 ਸਿਨੇਮਾ-ਘਰ ਹਨ। ਅੰਗਰੇਜ਼ੀ, ਬੰਗਾਲੀ, ਹਿੰਦੀ ਅਤੇ ਉਰਦੂ ਫਿਲਮਾਂ ਇਥੇ ਬਕਾਇਦਾ ਤੌਰ ਤੇ ਵਿਖਾਈਆਂ ਜਾਂਦੀਆਂ ਹਨ।

          ਜਵਾਹਰ ਲਾਲ ਨਹਿਰੂ ਰੋਡ ਉਤੇ ਬਣਿਆ ਇੰਡੀਅਨ ਮਿਊਜ਼ੀਅਮ ਭਾਰਤ ਵਿਚ ਸਭ ਤੋਂ ਪੁਰਾਣਾ ਮਿਊਜ਼ੀਅਮ ਹੈ। ਭਾਰਤ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਨੈਸ਼ਨਲ ਲਾਇਬ੍ਰੇਰੀ, ਜਿਸ ਵਿਚ 10,000,000 ਪੁਸਤਕਾਂ ਅਤੇ 2000 ਹੱਥ ਲਿਖਤਾਂ ਮੂਲ ਰੂਪ ਵਿਚ ਪਈਆਂ ਹਨ, ਵੀ ਇਸੇ ਸ਼ਹਿਰ ਵਿਚ ਹੈ।

          ਪ੍ਰੈੱਸ ਰੇਡੀਓ ਅਤੇ ਟੈਲੀਵਿਯਨ––ਇਥੇ ਅੰਗਰੇਜ਼ੀ ਭਾਸ਼ਾ ਵਿਚ 3, ਬੰਗਾਲੀ ਵਿਚ 6, ਹਿੰਦੀ ਵਿਚ 5, ਅਤੇ ਉਰਦੂ ਵਿਚ 4 ਰੋਜ਼ਾਨਾਂ ਅਖ਼ਬਾਰ ਛਪਦੇ ਹਨ। ਇਥੇ ਪੰਜਾਬੀ ਭਾਸ਼ਾ ਵਿਚ ਵੀ ਇਕ ਰੋਜ਼ਾਨਾਂ ਅਖਬਾਰ ਛਪਦਾ ਹੈ। ਆਕਾਸ਼ਵਾਣੀ ਭਵਨ, ਆਲ ਇੰਡੀਆ ਰੇਡੀਓ ਸਟੇਸ਼ਨ ਸ਼ਹਿਰ ਵਿਚ ਹੀ ਸਥਾਪਤ ਹੈ। ਇਸ ਤੋਂ ਇਲਾਵਾ ਇਕ ਨਵਾਂ ਟੈਲੀਵਿਯਨ ਸਟੇਸ਼ਨ ਵੀ ਸਥਾਪਤ ਕੀਤਾ ਜਾ ਚੁੱਕਾ ਹੈ।

          ਖੇਡ ਮੈਦਾਨ ਤੇ ਕਲੱਬਾਂ––ਇਥੇ 170 ਦੇ ਕਰੀਬ ਪਾਰਕ, ਚੌਕ ਅਤੇ ਖੁਲ੍ਹੀਆਂ ਥਾਵਾਂ ਰਖੀਆਂ ਗਈਆਂ ਹਨ। ਮੈਦਾਨ (495.2 ਹੈਕਟੇਅਰ) ਸਭ ਤੋਂ ਮਹੱਤਵਪੂਰਨ ਖੁਲ੍ਹਾ ਥਾਂ ਹੈ। ਇਸ ਤੋਂ ਬਿਨ੍ਹਾਂ ਫੁੱਟਬਾਲ, ਕ੍ਰਿਕਟ ਅਤੇ ਹਾਕੀ ਦੇ ਮੈਦਾਨ ਵੀ ਹਨ। ਮੈਦਾਨ ਦੇ ਨਾਲ ਲਗਦੇ ‘ਈਡਨ ਗਾਰਡਨਜ਼’ ਵਿਚਲਾ ਕ੍ਰਿਕਟ ਗਰਾਊਂਡ ਦੁਨੀਆਂ ਭਰ ਦੇ ਸਭ ਤੋਂ ਪੁਰਾਣੇ ਕ੍ਰਿਕਟ ਗਰਾਊਂਡਾਂ ਵਿਚੋਂ ਇਕ ਹੈ। ਸ਼ਹਿਰ ਦੇ ਅੰਦਰ ਦੋ ਰੇਸ ਕੋਰਸ ਅਤੇ ਦੋ ਗਾਲਫ਼ ਕੋਰਸ ਹਨ। ‘ਲੇਕ ਕਲੱਬ’ ਅਤੇ ‘ਬੰਗਾਲ ਰੋਇੰਗ’ ਨਾਂ ਦੇ ਕਲੱਬ ਹਨ। ਕਿਸ਼ਮੀ ਚਲਾਉਣਾ ਇਥੇ ਆਮ ਹੈ। ਇਥੋਂ ਦੇ ਜੂਆਲੋਜ਼ੀਕਲ ਗਾਰਡਨਜ਼ 18.00 ਹੈਕਟੇਅਰ ਵਿਚ ਫੈਲੇ ਹੋਏ ਹਨ। ਦਰਿਆ ਦੇ ਪੱਛਮੀ ਕੰਢੇ ਉੱਤੇ ਇੰਡੀਅਨ ਬੁਟੈਨੀਕਲ ਗਾਰਡਨਜ਼ ਹਨ ਜਿਨ੍ਹਾਂ ਨੇ 108 ਹੈਕਟੇਅਰ ਰਕਬਾ ਮੱਲਿਆ ਹੋਇਆ ਹੈ। ਇਨ੍ਹਾਂ ਬਾਗਾਂ ਦੇ ਪ੍ਰਸਿੱਧ ਹਰਬੇਰੀਅਮ ਵਿਚ ਪੌਦਿਆਂ ਦੀਆਂ ਲਗਭਗ 40,000 ਜਾਤੀਆਂ ਮਿਲਦੀਆਂ ਹਨ। ਇਥੇ ਇਕ ਬਹੁਤ ਵੱਡਾ ਚਿੜੀਆ-ਘਰ ਵੀ ਹੈ।

          ਆਬਾਦੀ––9,166,0000 (1981)

          22° 34' ਉ. ਵਿਥ. ; 88° 22' ਪੂ. ਲੰਬ.

          ਹ. ਪੁ.––ਇੰਪ. ਗ. ਇੰਡ. 9 : 260 ; ਐਨ. ਬ੍ਰਿ. ਮੈ. 3 : 586


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.