ਕਲਸੀਆ ਰਿਆਸਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਕਲਸੀਆ ਰਿਆਸਤ: ਪੰਜਾਬ ਪ੍ਰਾਂਤ ਦੀ ਇਕ ਰਿਆਸਤ ਜਿਸ ਨੂੰ ‘ਕਲਸੀਆ’ ਪਿੰਡ (ਜ਼ਿਲ੍ਹਾ ਲਾਹੌਰ) ਦੇ ਨਿਵਾਸੀ ਸ. ਗੁਰਬਖ਼ਸ਼ ਸਿੰਘ ਸੰਧੂ ਨੇ ਕਾਇਮ ਕੀਤਾ ਸੀ। ਇਸ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਅਤੇ ਕਰੋੜਸਿੰਘੀਆ ਮਿਸਲ ਵਿਚ ਸ਼ਾਮਲ ਹੋ ਗਿਆ। ਇਸ ਦਾ ਸ. ਕਰੋੜਾ ਸਿੰਘ ਅਤੇ ਸ. ਬਘੇਲ ਸਿੰਘ ਨਾਲ ਬੜਾ ਨਿਘਾ ਸੰਬੰਧ ਸੀ। ਇਸ ਨੇ ਦਲ ਖ਼ਾਲਸਾ ਦੀਆਂ ਅਨੇਕ ਮੁਹਿੰਮਾਂ ਵਿਚ ਹਿੱਸਾ ਲਿਆ। ਸੰਨ 1764 ਈ. ਵਿਚ ਸਰਹਿੰਦ ਦੀ ਜਿਤ ਤੋਂ ਬਾਦ ਇਸ ਨੇ ਛਛਰੌਲੀ (ਹੁਣ ਤਹਿਸੀਲ ਜਗਾਧਰੀ , ਜ਼ਿਲ੍ਹਾ ਯਮੁਨਾਨਗਰ, ਹਰਿਆਣਾ ਰਾਜ) ਦੇ ਪਰਗਨੇ ਵਿਚ 114 ਪਿੰਡਾਂ ਉਤੇ ਕਬਜ਼ਾ ਕਰਕੇ ਅਤੇ ਛਛਰੌਲੀ ਨੂੰ ਰਾਜਧਾਨੀ ਬਣਾ ਕੇ ਆਪਣੀ ਸੁਤੰਤਰ ਰਿਆਸਤ ਕਾਇਮ ਕਰ ਲਈ। ਉਸ ਦਾ ਨਾਂ ਗੁਰਬਖ਼ਸ਼ ਸਿੰਘ ਨੇ ਆਪਣੇ ਪਿੰਡ ਦੇ ਨਾਂ ਤੇ ‘ਕਲਸੀਆ’ ਰਖਿਆ। ਫਿਰ ਹੁਸ਼ਿਆਰਪੁਰ ਦਾ ਕੁਝ ਇਲਾਕਾ ਜਿਤ ਕੇ ਆਪਣੀ ਰਿਆਸਤ ਦਾ ਵਿਸਤਾਰ ਕੀਤਾ। ਸੰਨ 1785 ਈ. ਵਿਚ ਗੁਰਬਖ਼ਸ਼ ਸਿੰਘ ਦੇ ਦੇਹਾਂਤ ਤੋਂ ਬਾਦ ਉਸ ਦੇ ਪੁੱਤਰ ਜੋਧ ਸਿੰਘ ਨੇ ਆਪਣੀ ਰਿਆਸਤ ਦਾ ਹੋਰ ਵਿਸਤਾਰ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਕਈ ਸੈਨਿਕ ਮੁਹਿੰਮਾਂ ਵਿਚ ਇਸ ਵਲੋਂ ਪ੍ਰਾਪਤ ਹੋਏ ਸਹਿਯੋਗ ਕਾਰਣ ਇਸ ਨੂੰ ਕੁਝ ਹੋਰ ਇਲਾਕੇ, ਖ਼ਾਸ ਤੌਰ ’ਤੇ ਗੜ੍ਹਦੀਵਾਲਾ ਖੇਤਰ , ਪ੍ਰਦਾਨ ਕੀਤੇ। ਸੰਨ 1818 ਈ. ਵਿਚ ਮੁਲਤਾਨ ਦੀ ਲੜਾਈ ਵਿਚ ਜੋਧ ਸਿੰਘ ਦੇ ਮਾਰੇ ਜਾਣ ਤੋਂ ਬਾਦ ਸੋਭਾ ਸਿੰਘ ਰਿਆਸਤ ਦਾ ਸ਼ਾਸਕ ਬਣਿਆ। ਇਸ ਨੇ ਅੰਗ੍ਰੇਜ਼ ਸਰਕਾਰ ਨਾਲ ਕਾਫ਼ੀ ਬਣਾ ਕੇ ਰਖੀ ਹੋਈ ਸੀ ਅਤੇ ਸੰਨ 1857 ਈ. ਦੇ ਗ਼ਦਰ ਵਿਚ ਵੀ ਅੰਗ੍ਰੇਜ਼ਾਂ ਦੀ ਮਦਦ ਕੀਤੀ ਸੀ। ਸੰਨ 1858 ਈ. ਵਿਚ ਸੋਭਾ ਸਿੰਘ ਦੀ ਮ੍ਰਿਤੂ ਤੋਂ ਬਾਦ ਲਹਿਣਾ ਸਿੰਘ ਗੱਦੀ ਉਤੇ ਬੈਠਾ। ਸੰਨ 1869 ਈ. ਵਿਚ ਉਸ ਦੇ ਦੇਹਾਂਤ ਤੋਂ ਬਾਦ ਬਿਸ਼ਨ ਸਿੰਘ ਨੇ ਗੱਦੀ ਸੰਭਾਲੀ। ਬਿਸ਼ਨ ਸਿੰਘ ਸੰਨ 1883 ਈ. ਵਿਚ ਅਕਾਲ ਚਲਾਣਾ ਕਰ ਗਿਆ। ਉਸ ਤੋਂ ਬਾਦ ਉਸ ਦਾ ਚਾਰ ਸਾਲ ਦਾ ਪੁੱਤਰ ਗੱਦੀ ਉਤੇ ਬੈਠਾ, ਪਰ ਤਿੰਨ ਸਾਲਾਂ ਤੋਂ ਬਾਦ ਉਹ ਮਰ ਗਿਆ। ਉਸ ਤੋਂ ਬਾਦ ਉਸ ਦਾ ਛੋਟਾ ਭਾਈ ਰਣਜੀਤ ਸਿੰਘ ਪ੍ਰਸ਼ਾਸਕ ਬਣਿਆ। ਸੰਨ 1908 ਈ. ਵਿਚ ਉਸ ਦੇ ਦੇਹਾਂਤ ਤੋਂ ਬਾਦ ਉਸ ਦਾ ਲੜਕਾ ਰਵੀਸ਼੍ਵਰ ਸਿੰਘ ਰਿਆਸਤ ਦਾ ਸੁਆਮੀ ਬਣਿਆ। ਪਹਿਲੀ ਵੱਡੀ ਜੰਗ ਵੇਲੇ ਉਸ ਨੇ ਅੰਗ੍ਰੇਜ਼ਾਂ ਦੀ ਬਹੁਤ ਮਦਦ ਕੀਤੀ ਅਤੇ ‘ਰਾਜਾ ’ ਦਾ ਖ਼ਿਤਾਬ ਪ੍ਰਾਪਤ ਕੀਤਾ। ਸੰਨ 1947 ਈ. ਵਿਚ ਰਾਜਾ ਰਵੀਸ਼੍ਵਰ ਸਿੰਘ ਗੁਜ਼ਰ ਗਿਆ। ਉਸ ਤੋਂ ਬਾਦ ਕਰਨੇਸ਼੍ਵਰ ਸਿੰਘ ਨੇ ਗੱਦੀ ਸੰਭਾਲੀ ਜੋ ਕਲਸੀਆ ਦਾ ਅੰਤਿਮ ਰਾਜਾ ਸੀ। ਸੰਨ 1948 ਈ. ਵਿਚ ਪੈਪਸੂ ਦੇ ਬਣਨ ਨਾਲ ਇਹ ਰਿਆਸਤ ਉਸ ਵਿਚ ਸੰਮਿਲਿਤ ਕਰ ਲਈ ਗਈ। ਇਸ ਰਿਆਸਤ ਦੀ ਸਮਾਪਤੀ ਵੇਲੇ ਇਸ ਵਿਚ ਕੁਲ 181 ਪਿੰਡ ਸਨ ਅਤੇ ਕੁਲ ਖੇਤਰ 430 ਵਰਗ ਕਿ.ਮੀ. ਸੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਕਲਸੀਆ ਰਿਆਸਤ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਸੀਆ ਰਿਆਸਤ: ਇਕ ਸਿੱਖ ਰਿਆਸਤ , ਜਿਹੜੀ ਪਹਿਲਾਂ ਕਰੋੜਸਿੰਘੀਆ ਮਿਸਲ ਦਾ ਹਿੱਸਾ ਸੀ। ਇਸ ਮਿਸਲ ਦੀ ਨੀਂਹ ਨਾਰਲੀ ਦੇ ਸ਼ਿਆਮ ਸਿੰਘ ਨੇ ਰੱਖੀ ਅਤੇ ਪਿੱਛੋਂ ਜਾ ਕੇ ਬਰਕੀ ਦੇ ਕਰੋੜਾ ਸਿੰਘ ਨੇ ਇਸ ਨੂੰ ਸੰਗਠਿਤ ਅਤੇ ਤਾਕਤਵਰ ਬਣਾਇਆ। 1761 ਵਿਚ ਤਰਾਉੜੀ ਦੇ ਮੈਦਾਨ ਵਿਚ ਕਰੋੜਾ ਸਿੰਘ ਦੀ ਸ਼ਹਾਦਤ ਤੋਂ ਪਿੱਛੋਂ ਝਬਾਲ ਦਾ ਬਘੇਲ ਸਿੰਘ ਇਸ ਮਿਸਲ ਦਾ ਮੁਖੀ ਬਣਿਆ। ਉਸ ਨੇ ਆਪਣੇ ਇਲਾਕੇ ਨੂੰ ਸਤਲੁਜ ਦੇ ਦੋਵੇਂ ਪਾਸੇ ਉੱਤਰ ਅਤੇ ਦੱਖਣ ਵੱਲ ਦੂਰ-ਦੂਰ ਤਕ ਵਧਾਇਆ ਅਤੇ ਆਪਣੇ ਸਦਰ ਮੁਕਾਮ ਹੁਸ਼ਿਆਰਪੁਰ ਜ਼ਿਲੇ ਵਿਚ ਹਰਿਆਣਾ ਅਤੇ ਕਰਨਾਲ ਜ਼ਿਲੇ ਵਿਚ ਛਲੌਂਦੀ ਵਿਖੇ ਸਥਾਪਿਤ ਕੀਤੇ। ਬਘੇਲ ਸਿੰਘ ਦਾ ਮੁੱਖ ਸਾਥੀ ਗੁਰਬਖ਼ਸ਼ ਸਿੰਘ ਸੀ ਜੋ ਅਜੋਕੇ ਪਾਕਿਸਤਾਨ ਦੇ ਲਾਹੌਰ ਜ਼ਿਲੇ ਵਿਚ ਕਸੂਰ ਤਹਿਸੀਲ ਦੇ ਕਲਸੀਆ ਪਿੰਡ ਦਾ ਵਸਨੀਕ ਇਕ ਸੰਧੂ ਜੱਟ ਸੀ। ਜਦੋਂ ਸਿੱਖਾਂ ਨੇ ਸਿਰਹਿੰਦ (ਸਰਹਿੰਦ) ਨੂੰ ਜਿੱਤ ਲਿਆ ਅਤੇ ਇਸਦੇ ਇਲਾਕਿਆਂ ਉੱਤੇ 1764 ਵਿਚ ਕਬਜ਼ਾ ਕਰ ਲਿਆ ਤਾਂ ਗੁਰਬਖ਼ਸ਼ ਸਿੰਘ ਨੇ ਵੀ ਉਸ ਸਮੇਂ ਕਰੋੜਸਿੰਘੀਆ ਮਿਸਲ ਦੇ ਹਿੱਸੇ ਵਿਚੋਂ ਆਪਣਾ ਹਿੱਸਾ ਵੰਡਾਇਆ ਅਤੇ ਛਛਰੌਲੀ , ਸਿਆਲਬਾ ਆਦਿ ਪਰਗਨਿਆਂ ਉੱਤੇ ਕਬਜ਼ਾ ਕਰ ਲਿਆ। ਗੁਰਬਖ਼ਸ਼ ਸਿੰਘ ਨੇ ਆਪਣੇ ਪੁੱਤਰ ਜੋਧ ਸਿੰਘ ਨੂੰ ਛਛਰੌਲੀ ਸੰਭਾਲ ਦਿੱਤਾ ਅਤੇ ਆਪ ਹੁਸ਼ਿਆਰਪੁਰ ਜ਼ਿਲੇ ਦੇ ਬਨਬੇਲੀ ਵਿਖੇ ਵੱਸ ਗਿਆ ਜਿੱਥੇ 1775 ਵਿਚ ਇਸ ਦੀ ਮੌਤ ਹੋ ਗਈ। ਛਛਰੌਲੀ ਦੁਆਲੇ ਸਥਾਪਿਤ ਕੀਤੀ ਗਈ ਰਿਆਸਤ ਨੂੰ ਇਸ ਦੇ ਮੋਢੀਆਂ ਦੇ ਜੱਦੀ ਪਿੰਡ ਦੇ ਨਾਂ ‘ਤੇ ਕਲਸੀਆ ਕਿਹਾ ਜਾਣ ਲੱਗਾ। ਜੋਧ ਸਿੰਘ ਨੇ ਕਲਸੀਆ ਦੀ ਛੋਟੀ ਜਿਹੀ ਰਿਆਸਤ ਵਿਚ ਕਾਫ਼ੀ ਇਲਾਕਿਆਂ ਦਾ ਵਾਧਾ ਕੀਤਾ। 1802 ਵਿਚ, ਬਘੇਲ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਜੋਧ ਸਿੰਘ ਮਿਸਲ ਦਾ ਮੁਖੀ ਬਣਿਆ। 1807 ਵਿਚ, ਉਹ ਅੰਬਾਲਾ ਵਿਚ ਨਰਾਇਣਗੜ੍ਹ ਉੱਤੇ ਕੀਤੇ ਗਏ ਹਮਲੇ ਸਮੇਂ ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਗਿਆ ਅਤੇ ਪੰਜਾਬ ਵਿਚ ਕਈ ਲੜਾਈਆਂ ਉਸ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਹੋ ਕੇ ਲੜੀਆਂ। ਮਹਾਰਾਜਾ ਨੇ ਉਸ ਦੀਆਂ ਸੇਵਾਵਾਂ ਬਦਲੇ ਇਨਾਮ ਵਜੋਂ ਉਸ ਨੂੰ ਗੜ੍ਹਦੀਵਾਲਾ ਦਾ ਇਲਾਕਾ ਦੇ ਦਿੱਤਾ ਸੀ। ਜੋਧ ਸਿੰਘ ਦੀ ਜਾਇਦਾਦ ਜਦੋਂ ਪੂਰੇ ਸਿਖਰ ਤੇ ਸੀ ਉਸ ਤੋਂ ਉਸ ਨੂੰ ਪੰਜ ਲੱਖ ਤੋਂ ਵਧ ਦੀ ਸਲਾਨਾ ਆਮਦਨ ਸੀ। ਉਹ 1818 ਵਿਚ ਜੰਗ ਵਿਚ ਜ਼ਖ਼ਮੀ ਹੋਣ ਕਰਕੇ ਮੁਲਤਾਨ ਵਿਖੇ ਚਲਾਣਾ ਕਰ ਗਿਆ ਅਤੇ ਉਸ ਦਾ ਪੁੱਤਰ ਸੋਭਾ ਸਿੰਘ ਉਸ ਪਿੱਛੋਂ ਰਿਆਸਤ ਦਾ ਮੁਖੀ ਬਣਿਆ ਜਿਸ ਨੇ 1858 ਵਿਚ ਆਪਣੇ ਦੇਹਾਂਤ ਤਕ ਲਗ-ਪਗ ਚਾਲ੍ਹੀ ਸਾਲ ਰਿਆਸਤ ‘ਤੇ ਰਾਜ ਕੀਤਾ। ਸੋਭਾ ਸਿੰਘ ਦਾ ਪੁੱਤਰ ਲਹਿਣਾ ਸਿੰਘ 1869 ਵਿਚ ਚਲਾਣਾ ਕਰ ਗਿਆ। ਇਸ ਪਿੱਛੋਂ ਇਸ ਦਾ ਪੁੱਤਰ ਬਿਸ਼ਨ ਸਿੰਘ (ਦੇ. 1883) ਅਤੇ ਪੋਤਰੇ ਜਗਜੀਤ ਸਿਘ (ਦੇ.1886) ਅਤੇ ਰਣਜੀਤ ਸਿੰਘ (ਦੇ.1908) ਕ੍ਰਮਵਾਰ ਗੱਦੀ ‘ਤੇ ਬੈਠੇ।
ਵੀਹਵੀਂ ਸਦੀ ਵਿਚ ਕਲਸੀਆ ਰਿਆਸਤ ਦੀ ਪ੍ਰਮੁਖ ਹਸਤੀ ਰਾਜਾ ਰਵੀ ਸ਼ੇਰ ਸਿੰਘ (1902- 47) ਸੀ ਜੋ 1908 ਵਿਚ ਆਪਣੇ ਪਿਤਾ ਪਿੱਛੋਂ ਗੱਦੀ ‘ਤੇ ਬੈਠਾ। ਉਸਦੀ ਨਾਬਾਲਗ਼ੀ ਦੇ ਸਮੇਂ ਦੌਰਾਨ ਤਿੰਨ ਮੰਤਰੀਆਂ ਦੀ ਕੌਂਸਲ ਨੇ ਰਾਜ ਪ੍ਰਬੰਧ ਚਲਾਇਆ ਅਤੇ 1915 ਵਿਚ ਜ਼ਮੀਨ ਦਾ ਬੰਦੋਬਸਤ ਪੂਰਾ ਕੀਤਾ। ਪਹਿਲੀ ਸੰਸਾਰ ਜੰਗ ਸਮੇਂ ਰਿਆਸਤ ਦੀ ਆਮਦਨੀ ਦੇ ਸਾਰੇ ਸ੍ਰੋਤ ਅੰਗਰੇਜ਼ਾਂ ਲਈ ਰਾਖਵੇਂ ਰੱਖ ਕੇ ਕੌਂਸਲ ਨੇ 1916 ਵਿਚ ਆਪਣੇ ਸ਼ਾਸਕ ਲਈ ਰਾਜਾ ਦਾ ਖ਼ਿਤਾਬ ਹਾਸਲ ਕਰ ਲਿਆ। ਆਪਣੇ ਨਾਲ ਦੇ ਕਈ ਸਿੱਖ ਰਾਜਕੁਮਾਰਾਂ ਦੀ ਤਰ੍ਹਾਂ ਰਾਜਾ ਰਵੀ ਸ਼ੇਰ ਸਿੰਘ ਨੇ ਵੀ ਐਚਿਸਨ ਕਾਲਜ (ਲਾਹੌਰ) ‘ਚੋਂ ਵਿੱਦਿਆ ਪ੍ਰਾਪਤ ਕੀਤੀ ਅਤੇ 1922 ਵਿਚ ਰਾਜ ਪ੍ਰਬੰਧਕੀ ਸ਼ਕਤੀਆਂ ਪ੍ਰਾਪਤ ਕਰਨ ਤੋਂ ਪਹਿਲਾਂ ਵਿਦੇਸ਼ ਵੀ ਗਿਆ। ਭਾਵੇਂ ਕਲਸੀਆ ਹੀ ਇਕ ਅਜਿਹੀ ਰਿਆਸਤ ਸੀ ਜਿਸ ਨੂੰ ਸੈਲੂਟ ਦਾ ਅਧਿਕਾਰ ਪ੍ਰਾਪਤ ਨਹੀਂ ਸੀ ਅਤੇ ਇਸੇ ਕਰਕੇ ਇਸ ਨੂੰ ‘ਚੈਂਬਰ ਆਫ਼ ਪ੍ਰਿੰਸਿਜ਼` ਦੀ ਮੈਂਬਰਸ਼ਿਪ ਦਾ ਹੱਕ ਵੀ ਪ੍ਰਾਪਤ ਨਹੀਂ ਸੀ ਪਰੰਤੂ ਰਵੀ ਸ਼ੇਰ ਸਿੰਘ ਨੇ ਚੈਂਬਰ ਆਫ਼ ਪ੍ਰਿੰਸਿਜ਼ ਵਿਚ ਇਕ ਸੈਲੂਟ ਵਿਹੀਨ ਰਿਆਸਤ ਦੇ ਮੈਂਬਰ ਦੇ ਨੁਮਾਇੰਦੇ ਵਜੋਂ ਨਵੰਬਰ 1924 ਤੋਂ ਮਾਰਚ 1933 ਤਕ ਨੁਮਾਇੰਦਗੀ ਕੀਤੀ ਸੀ। ਜਦੋਂ ਰਾਜਾ ਰਵੀ ਸ਼ੇਰ ਸਿੰਘ 1947 ਵਿਚ ਚਲਾਣਾ ਕਰ ਗਿਆ ਤਾਂ ਇਸ ਪਿੱਛੋਂ ਇਸ ਦਾ ਪੁੱਤਰ ਰਾਜਾ ਕਰਨ ਸ਼ੇਰ ਸਿੰਘ (1931-61) ਗੱਦੀ ਤੇ ਬੈਠਾ ਜਿਸ ਨੇ ਦੂਨ ਸਕੂਲ ਤੋਂ ਵਿੱਦਿਆ ਪ੍ਰਾਪਤ ਕੀਤੀ ਸੀ। ਪਟਿਆਲੇ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਕਿਸ਼ੋਰ ਸ਼ਹਿਜ਼ਾਦੇ ਦੇ ਰੀਜੈਂਟ (ਸ਼ਾਹੀ ਪ੍ਰਤਿਨਿਧੀ) ਦੇ ਤੌਰ ਤੇ ਕੰਮ ਕੀਤਾ। 1947 ਵਿਚ ਅੰਗਰੇਜ਼ੀ ਰਾਜ ਖ਼ਤਮ ਹੋਣ ਉਪਰੰਤ ਕਲਸੀਆ ਰਿਆਸਤ ਭਾਰਤੀ ਸੰਘ ਵਿਚ ਮਿਲ ਗਈ ਅਤੇ 1948 ਵਿਚ ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਵਿਚ ਸ਼ਾਮਲ ਹੋ ਗਈ।1950 ਵਿਚ ਪੈਪਸੂ ਦੁਆਰਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਰਿਆਸਤਾਂ ਤੋਂ ਲਏ ਗਏ ਇਲਾਕਿਆਂ ਬਦਲੇ ਕਲਸੀਆ ਦਾ ਕਸਬਾ ਅਤੇ ਕਈ ਹੋਰ ਛੋਟੇ ਇਲਾਕੇ ਇਹਨਾਂ ਰਿਆਸਤਾਂ ਨੂੰ ਦੇ ਦਿੱਤੇ ਗਏ ਸਨ ।
ਸਿੱਖ ਰਿਆਸਤਾਂ ਵਿਚ ਕਲਸੀਆ ਸਭ ਤੋਂ ਛੋਟੀ ਰਿਆਸਤ ਸੀ ਜਿਸ ਦਾ ਖੇਤਰਫਲ 192 ਵਰਗ ਮੀਲ ਸੀ: 1930 ਵਿਚ ਇਸ ਦਾ ਸਲਾਨਾ ਮਾਲੀਆ ਲਗ-ਪਗ ਚਾਰ ਲੱਖ ਸੀ ਅਤੇ 1931 ਵਿਚ ਇਸ ਦੀ ਅਬਾਦੀ 59,848 ਸੀ ਜਿਸ ਵਿਚ 48% ਹਿੰਦੂ , 36% ਮੁਸਲਮਾਨ ਅਤੇ 15% ਸਿੱਖ ਸ਼ਾਮਲ ਸਨ। 1857 ਤੋਂ ਪਹਿਲਾਂ ਕਲਸੀਆ ਦੀਆਂ ਸਤਲੁਜੋਂ ਪਾਰ ਦੀਆਂ ਜਾਇਦਾਦਾਂ ਖ਼ਤਮ ਹੋ ਗਈਆਂ ਸਨ ਅਤੇ ਇਸੇ ਲਈ ਇਹ ਅੰਬਾਲਾ ਜ਼ਿਲੇ ਵਿਚ ਦੋ ਤਹਿਸੀਲਾਂ ਬਸੀ ਅਤੇ ਛਛਰੌਲੀ ਅਤੇ ਫ਼ਿਰੋਜ਼ਪੁਰ ਜ਼ਿਲੇ ਵਿਚ ਦੂਰ ਪੈਂਦੇ ਇਲਾਕੇ ਚਿੜਕ ਤਕ ਹੀ ਸੀਮਿਤ ਹੋ ਕੇ ਰਹਿ ਗਈ ਸੀ।
ਦੇਖੋ ਕਪੂਰਥਲਾ ਰਿਆਸਤ
ਲੇਖਕ : ਬ.ਰ. ਅਤੇ ਆਈ.ਸੀ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਲਸੀਆ ਰਿਆਸਤ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਲਸੀਆ ਰਿਆਸਤ : ਪੰਜਾਬ ਦੀ ਇਹ ਇਕ ਰਿਆਸਤ ਹੁੰਦੀ ਸੀ ਜਿਹੜੀ ਭਾਰਤ ਦੇ ਆਜ਼ਾਦ ਹੋਣ ਤੋਂ ਪਿਛੋਂ, ਸੰਨ 1948 ਈ. ਵਿਚ ਪੂਰਬੀ ਪੰਜਾਬ ਦੀਆਂ ਦੂਜੀਆਂ ਰਿਆਸਤਾਂ ਦੇ ਨਾਲ ਖ਼ਤਮ ਹੋ ਕੇ, ਪੈਪਸੂ ਰਾਜ ਦਾ ਇਕ ਹਿੱਸਾ ਬਣ ਗਈ ਸੀ। ਇਹ ਰਿਆਸਤ ਅੰਬਾਲਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ 20 ਵੱਖ ਵੱਖ ਟੁਕੜਿਆਂ ਨੂੰ ਮਿਲਾ ਕੇ ਬਣੀ ਹੋਈ ਸੀ।
ਰਿਆਸਤ ਕਲਸੀਆ ਦਾ ਬਾਨੀ ਸ. ਗੁਰਬਖਸ਼ ਸਿੰਘ ਪਿੰਡ ਕਲਸੀਆ, ਪਰਗਣਾ ਪੱਟੀ, ਜ਼ਿਲ੍ਹਾ ਲਾਹੌਰ (ਹੁਣ ਜ਼ਿਲ੍ਹਾ ਅੰਮ੍ਰਿਤਸਰ) ਦਾ ਰਹਿਣ ਵਾਲਾ, ਮਿਸਲ ਕਰੋੜਾਸਿੰਘੀਆ ਦੇ ਸਰਦਾਰ ਬਘੇਲ ਦਾ ਸਾਥੀ ਸੀ। ਸਰਹਿੰਦ ਜਿੱਤ ਕੇ ਜਦੋਂ ਸਿੱਖ ਸਰਦਾਰਾਂ ਨੇ ਮੁਲਕ ਮੱਲਿਆ ਤਾਂ ਗੁਰਬਖਸ਼ ਸਿੰਘ ਨੇ ਬਸੀ, ਡਡਰੌਲੀ ਆਦਿ ਦੇ ਪਰਗਣੇ ਮੱਲ ਲਏ। ਅੰਤ ਵਿਚ ਉਹ ਸੰਨ 1774 ਵਿਚ ਸਵਰਗਵਾਸ ਹੋ ਗਿਆ ਅਤੇ ਉਸਦਾ ਪੁੱਤਰ ਜੋਧ ਸਿੰਘ ਮਾਲਕ ਬਣ ਗਿਆ। ਉਸਨੇ ਆਪਣੀ ਹਿੰਮਤ ਨਾਲ ਇਲਾਕਾ ਹੋਰ ਵਧਾਇਆ। 1807 ਈ. ਨੂੰ ਨਰਾਇਣਗੜ੍ਹ ਦੀ ਲੜਾਈ ਵਿਚ ਉਸਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਦਿਤਾ। ਇਸ ਸੇਵਾ ਬਦਲੇ ਉਸਨੂੰ ਬਾਦਲਾ ਖੇੜੀ ਤੇ ਸ਼ਾਮ ਚਪਾਲ ਜਗੀਰ ਵਜੋਂ ਮਿਲੇ। 1818 ਈ. ਵਿਚ ਜਦੋਂ ਸ਼ੇਰੇ ਪੰਜਾਬ ਨੇ ਮੁਲਤਾਨ ਫਤਹਿ ਕੀਤਾ ਤਾਂ ਸ੍ਰ : ਜੋਧ ਸਿੰਘ ਵੀ ਨਾਲ ਸੀ। ਮੁਲਤਾਨ ਦਾ ਪਹਿਲਾ ਫੌਜਦਾਰ ਉਸ ਨੂੰ ਬਣਾਇਆ ਗਿਆ। ਜੋਧ ਸਿੰਘ ਦੀ ਮੌਤ ਪਿਛੋਂ ਸੋਭਾ ਸਿੰਘ ਜਗੀਰ ਦਾ ਮਾਲਕ ਬਣਿਆ। ਸੋਭਾ ਸਿੰਘ ਅੰਗਰੇਜ਼ਾਂ ਦਾ ਬੜਾ ਵਫ਼ਾਦਾਰ ਰਿਹਾ। ਸਿੱਖਾਂ ਦੀਆਂ ਦੋਹਾਂ ਲੜਾਈਆਂ ਵਿਚ ਉਹ ਅੰਗਰੇਜ਼ਾਂ ਦਾ ਤਰਫਦਾਰ ਰਿਹਾ। ਗਦਰ ਵਿਚ ਉਸਨੇ ਅਤੇ ਉਸਦੇ ਪੁੱਤਰ ਲਹਿਣਾ ਸਿੰਘ ਨੇ ਅੰਗਰੇਜ਼ਾਂ ਦੀ ਬੜੀ ਮੱਦਦ ਕੀਤੀ। ਸੋਭਾ ਸਿੰਘ ਦੀ ਮੌਤ ਪਿਛੇ ਲਹਿਣਾ ਸਿੰਘ ਅਤੇ ਉਸ ਤੋਂ ਪਿਛੋਂ ਬਿਸ਼ਨ ਸਿੰਘ ਨੂੰ ਸਰਦਾਰ ਥਾਪਿਆ ਗਿਆ। ਉਹ 1883 ਈ. ਵਿਚ ਪਰਲੋਕ ਸਿਧਾਰ ਗਿਆ। ਉਸਦਾ ਚਾਰ ਸਾਲਾ ਪੁੱਤਰ ਜਗਜੀਤ ਸਿੰਘ ਗੱਦੀ ਤੇ ਬੈਠਿਆ। ਤਿੰਨ ਸਾਲ ਪਿਛੋਂ 1886 ਈ. ਵਿਚ ਉਹ ਵੀ ਸਵਰਗਵਾਸ ਹੋ ਗਿਆ ਤਾਂ ਉਸਦਾ ਛੋਟਾ ਭਰਾ ਰਣਜੀਤ ਸਿੰਘ ਗੱਦੀ ਤੇ ਬਿਠਾਇਆ ਗਿਆ। ਉਸ ਵੇਲੇ ਉਸਦੀ ਉਮਰ ਪੰਜ ਸਾਲ ਸੀ। ਜੁਲਾਈ, 1908 ਵਿਚ ਉਸਦੇ ਸਵਰਗਵਾਸ ਹੋ ਜਾਣ ਉਪਰੰਤ ਉਸਦਾ ਬਾਲਕ ਪੁੱਤਰ ਰਵੀ ਸ਼ੇਰ ਸਿੰਘ ਗੱਦੀ ਤੇ ਬੈਠਾ।
ਸ੍ਰ. ਰਵੀਸ਼ੇਰ ਸਿੰਘ ਨੇ ਪਹਿਲੇ ਸੰਸਾਰ ਯੁੱਧ ਵਿਚ ਅੰਗਰੇਜ਼ਾਂ ਦੀ ਮੱਦਦ ਕੀਤੀ, ਸੋ 1916 ਵਿਚ ਉਸਦੇ ਘਰਾਣੇ ਨੂੰ ‘ਰਾਜੇ’ ਦਾ ਖਿਤਾਬ ਦਿਤਾ ਗਿਆ।
4 ਜਨਵਰੀ 1947 ਈ. ਨੂੰ ਰਾਜਾ ਰਵੀਸ਼ੇਰ ਸਿੰਘ ਸਵਰਗਵਾਸ ਹੋ ਗਿਆ ਅਤੇ ਉਸ ਦਾ ਪੁੱਤਰ ਕਰਨ ਸ਼ੇਰ ਸਿੰਘ ਰਾਜਾ ਬਣਿਆ ਜਿਹੜਾ ਰਿਆਸਤ ਕਲਸੀਆ ਦਾ ਆਖਰੀ ਰਾਜਾ ਸੀ।
ਅਖੀਰ 5 ਮਈ, ਨੂੰ ਰਿਆਸਤ ਕਲਸੀਆ ਪਟਿਆਲਾ ਅਤੇ ਪੂਰਬੀ ਪੰਜਾਬ ਰਿਆਸਤੀ ਯੂਨੀਅਨ ਦਾ ਇਕ ਹਿੱਸਾ ਬਣ ਗਈ।
ਰਿਆਸਤ ਦਾ ਕੁੱਲ ਰਕਬਾ 430 ਵ. ਕਿ. ਮੀ. ਸੀ। ਜਿਸ ਵਿਚ ਦੋ ਤਹਿਸੀਲਾਂ ਛਛਰੌਲੀ ਅਤੇ ਬਸੀ ਅਤੇ ਇਕ ਉਪ-ਤਹਿਸੀਲ ਚਿੜਕ ਜਿਹੜੀ ਜ਼ਿਲ੍ਹਾਹ ਫਿਰੋਜ਼ਪੁਰ ਵਿਚ ਆਉਂਦੀ ਸੀ, ਅਤੇ ਕੁੱਲ 181 ਪਿੰਡ ਆਉਂਦੇ ਸਨ।
ਹ. ਪੁ.––ਸਿ. ਮਿ. ਪੰਨਾ, 221 ; ਇੰਪ. ਗ. ਇੰਡ. 14 : 320
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First