ਕਾਂ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਕਾਂ: ਉਚਾਰਨੀ ਧੁਨੀ ਵਿਗਿਆਨ ਵਿਚ ਉਨ੍ਹਾਂ ਉਚਾਰਨ ਅੰਗਾਂ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ ਜੋ ਧੁਨੀਆਂ ਦੇ ਉਚਾਰਨ ਵੇਲੇ ਆਪਣੇ ਨਿਸ਼ਚਤ ਸਥਾਨ ’ਤੇ ਟਿਕੇ ਰਹਿੰਦੇ ਹਨ। ਮੂੰਹ ਦਾ ਉਪਰਲਾ ਹਿੱਸਾ ਆਮ ਤੌਰ ’ਤੇ ਉਚਾਰਨ ਸਥਾਨ ਵਜੋਂ ਕਾਰਜ ਕਰਦਾ ਹੈ। ਦੰਦਾਂ ਤੋਂ ਲੈ ਕੇ ਕਾਂ ਤੱਕ ਦੇ ਸਾਰੇ ਹਿੱਸੇ ਨੂੰ ਮੂੰਹ ਦਾ ਉਪਰਲਾ ਹਿੱਸਾ ਕਿਹਾ ਜਾਂਦਾ ਹੈ। ਇਸ ਉਪਰਲੇ ਹਿੱਸੇ ਨੂੰ ਧੁਨੀ-ਵਰਗ ਦੇ ਉਚਾਰਨ ਸਥਾਨ ਵਜੋਂ ਚਾਰ ਮੁੱਖ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : (i) ਦੰਦਾਂ ਦਾ ਪਿਛਲਾ ਹਿੱਸਾ ਤੇ ਬੁੱਟ (ii) ਸਖਤ ਤਾਲੂ (iii) ਕੋਮਲ ਤਾਲੂ ਅਤੇ (iv) ਕਾਂ। ਕਾਂ ਇਕ ਮਾਸ ਦਾ ਲੋਥੜਾ ਹੈ। ਇਹ ਕੋਮਲ ਤਾਲੂ ਦੇ ਅੰਤ ਤੇ ਮੂੰਹ ਵਿਚ ਲਟਕਦਾ ਹੈ। ਮੂੰਹ ਨੂੰ ਖੋਲ੍ਹ ਕੇ ਇਸ ਨੂੰ ਸ਼ੀਸ਼ੇ ਵਿਚੋਂ ਸਾਫ ਤੌਰ ’ਤੇ ਵੇਖਿਆ ਜਾ ਸਕਦਾ ਹੈ। ਕਾਂ ਦਾ ਮੁੱਖ ਕਾਰਜ ਮੌਖਿਕ ਧੁਨੀਆਂ ਦੇ ਉਚਾਰਨ ਨਾਲ ਜੁੜਿਆ ਹੋਇਆ ਹੈ। ਜਿਸ ਵਕਤ ਮੌਖਿਕ ਧੁਨੀਆਂ ਪੈਦਾ ਹੁੰਦੀਆਂ ਹਨ ਤਾਂ ਹਵਾ ਦਾ ਦਬਾ ਮੂੰਹ ਰਾਹੀਂ ਬਾਹਰ ਨਿਕਲਦਾ ਹੈ ਉਸ ਸਥਿਤੀ ਵਿਚ ਕਾਂ ਦੁਆਰਾ ਨਾਸਕੀ ਪੋਲ ਨੂੰ ਢੱਕ ਲਿਆ ਜਾਂਦਾ ਹੈ। ਜਦੋਂ ਨਾਸਕੀ ਧੁਨੀਆਂ ਪੈਦਾ ਹੁੰਦੀਆਂ ਹਨ ਤਾਂ ਮੂੰਹ ਪੋਲ ਬੰਦ ਹੁੰਦਾ ਹੈ ਅਤੇ ਕਾਂ ਸਿੱਧਾ ਲਟਕਦਾ ਰਹਿੰਦਾ ਹੈ। ਹਵਾ ਦਾ ਦਬਾ ਨੱਕ ਰਾਹੀਂ ਬਾਹਰ ਨਿਕਲ ਜਾਂਦਾ ਹੈ। ਇਸ ਸਥਾਨ ਤੋਂ ਪੈਦਾ ਹੋਣ ਵਾਲੀਆਂ ਕੁਝ ਧੁਨੀਆਂ ਨੂੰ ਕਾਕਲ (Uvlar) ਧੁਨੀਆਂ ਕਿਹਾ ਜਾਂਦਾ ਹੈ। ਭਾਰਤੀ-ਆਰੀਆ ਮੂਲ ਦੀਆਂ ਭਾਸ਼ਾਵਾਂ ਵਿਚ ਇਸ ਵਰਗ ਦੀ ਕੋਈ ਧੁਨੀ ਨਹੀਂ ਪਰ IPA ਵਿਚ ਇਸ ਵਰਗ ਦੀਆਂ ਪੰਜ ਧੁਨੀਆਂ ਹਨ। ਇਰਾਨੀ ਭਾਸ਼ਾ ਦੀਆਂ ਭਾਸ਼ਾਵਾਂ ਉਰਦੂ, ਅਰਬੀ, ਫ਼ਾਰਸੀ ਆਦਿ ਵਿਚ ਇਨ੍ਹਾਂ ਦਾ ਉਚਾਰਨ ਹੁੰਦਾ ਹੈ ਜਿਵੇਂ : ਉਰਦੂ ਵਿਚ (v, x) ਕੌਮ ਵਿਚ (ਕ.), ਖ਼ਤ (ਖ਼) ਆਦਿ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 12178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਕਾਂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਂ (ਨਾਂ,ਪੁ) ਕਾਲੇ ਰੰਗ ਦਾ ਚਤੁਰ ਪੰਛੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਂ [ਨਾਂਪੁ] ਇੱਕ ਪੰਛੀ, ਕਉਂ, ਕਾਗ; ਚਲਾਕ ਆਦਮੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਂ ਸੰਗ੍ਯਾ—ਕਾਕ. ਕਾਗ. “ਜਿਉ ਸੁੰਞੈ ਘਰਿ ਕਾਉ.” (ਸ੍ਰੀ ਮ: ੩)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਂ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਂ ਵੇਖੋ ਕਾ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਂ : ਇਹ ਕਾਲੇ ਰੰਗ ਦੇ ਪੰਛੀ ਹਨ ਜੋ ਕਾਰਵਿਡੀ ਕੁਲ ਦੇ ਮੈਂਬਰ ਹਨ। ਇਨ੍ਹਾਂ ਦਾ ਨਾਂ ਇਨ੍ਹਾਂ ਦੀ ਆਵਾਜ਼ ਕਾਂ, ਕਰਾਅ ਤੋਂ ਹੀ ਲਿਆ ਗਿਆ ਹੈ। ਕਾਰਵਸ ਪ੍ਰਜਾਤੀ ਦੀਆਂ ਲਗਭਗ 20 ਜਾਤੀਆਂ ਨੂੰ ਕਾਂ ਜਾਂ ਅੰਗਰੇਜ਼ੀ ਵਿਚ ਕ੍ਰੋ ਕਿਹਾ ਜਾਂਦਾ ਹੈ। ਇਸ ਦੀ ਉੱਤਰੀ ਅਮਰੀਕਾ ਵਿਚ ਪਾਈ ਜਾਂਦੀ ਜਾਤੀ ਕਾਰਵਸ ਬਰੈਕੀਰਿੰਕਸ (Corvos brachyrhynchus) ਹੈ ਅਤੇ ਯੂਰੇਸੀਆ ਵਿਚ ਮਿਲਦੀ ਜਾਤੀ ਕਾਰਵਸ ਕਾਰਨੋ (C. corone) ਹੈ। ਘਰੇਲੂ ਕਾਂ, ਕਾਰਵਸ ਸਪਲੈਂਡੈਸ (C.splendes) ਭਾਰਤ ਤੋਂ ਮਲੇਸ਼ੀਆ ਤਕ ਮਿਲਦਾ ਹੈ।

          ਕਾਂ ਦੀ ਲੰਬਾਈ ਲਗਭਗ 50 ਸੈਂ. ਮੀ. ਹੁੰਦੀ ਹੈ। ਇਸ ਦੇ ਨਰ ਅਤੇ ਮਾਦਾ ਵਿਚ ਕੋਈ ਅੰਤਰ ਨਹੀਂ ਹੁੰਦਾ। ਇਸ ਦੀ ਹਸਲੀ ਚੌੜੀ, ਗਿੱਚੀ, ਪਿੱਠ ਦਾ ਉਪਰਲਾ ਹਿੱਸਾ ਅਤੇ ਛਾਤੀ ਹਲਕੀ ਸਲੇਟੀ ਰੰਗ ਦੀ, ਛਾਤੀ ਤੋਂ ਹੇਠਲਾ ਭਾਗ ਕਾਲਾ ਭੂਰਾ ਹੁੰਦਾ ਹੈ। ਬਾਕੀ ਹਿੱਸੇ ਅਤੇ ਪੂਛ ਕਾਲੀ ਹੁੰਦੀ ਹੈ, ਜਿਸ ਵਿਚ ਚਮਕੀਲੇ, ਕਾਸ਼ਨੀ, ਨੀਲੇ ਅਤੇ ਹਰੇ ਰੰਗ ਦੀ ਭਾਹ ਹੁੰਦੀ ਹੈ। ਘਰੇਲੂ ਕਾਂ ਸਮੁੰਦਰੀ ਤੱਟ ਤੋਂ 1350 ਮੀ. ਦੀ ਉਚਾਈ ਤਕ ਸਾਰੇ ਭਾਰਤ, ਬਰ੍ਹਮਾ ਅਤੇ ਲੰਕਾ ਵਿਚ ਮਿਲਦਾ ਹੈ।

          ਇਹ ਪੰਛੀ ਭਾਰਤ ਵਿਚ ਸਭ ਤੋਂ ਵੱਧ ਦਿਖਾਈ ਦਿੰਦਾ ਹੈ। ਇਹ ਮਨੁੱਖੀ ਵਸੋਂ ਵਾਲੀਆਂ ਥਾਵਾਂ ਤੇ ਜ਼ਿਆਦਾ ਗਿਣਤੀ ਵਿਚ ਪਾਇਆ ਜਾਂਦਾ ਹੈ। ਕਈ ਮੀਲਾਂ ਬੰਜਰ ਭੌਂ ਉਤੇ ਕਾਂ ਅਤੇ ਆਦਮੀ ਬੇਸ਼ਕ ਦਿਖਾਈ ਨਾ ਦੇਣ ਪਰ ਜਦੋਂ ਵੀ ਇਸ ਥਾਂ ਤੇ ਤੰਬੂ ਜਾਂ ਝੌਂਪੜੀਆਂ ਆਦਿ ਟਿਕ ਜਾਂਦੀਆਂ ਹਨ ਤਾਂ ਕੁਝ ਸਮੇਂ ਵਿਚ ਹੀ ਤਕਰੀਬਨ ਦਰਜਨ ਕੁ ਕਾਂ ਇਨ੍ਹਾਂ ਆਦਮੀਆਂ ਦਾ ਸਾਥ ਦੇਣ ਆ ਟਪਕਦੇ ਹਨ।

          ਕਾਂ ਬਹੁਤ ਹੀ ਜ਼ਿਆਦਾ ਸਮੂਹ-ਪ੍ਰਿਯ ਹੈ ਅਤੇ ਇਨ੍ਹਾਂ ਦੀ ਇਹ ਖ਼ੂਬੀ ਇਨ੍ਹਾਂ ਦੇ ਰਹਿਣ-ਟਿਕਾਣੇ ਉਤੇ ਪ੍ਰਤੱਖ ਦੇਖੀ ਜਾ ਸਕਦੀ ਹੈ। ਹਜ਼ਾਰਾਂ ਹੀ ਪੰਛੀ ਇਕ ਚੁਣੀ ਹੋਈ ਥਾਂ ਤੇ ਇਕੱਠੇ ਹੀ ਸੌਂਦੇ ਹਨ। ਅਕਸਰ ਇਹ ਥਾਂ ਦਰਖ਼ਤਾਂ ਦਾ ਝੁੰਡ ਹੁੰਦੀ ਹੈ ਜੋ ਕਈ ਏਕੜਾਂ ਤਾਂਈ ਫੈਲੀ ਹੋਈ ਹੁੰਦੀ ਹੈ। ਇਨ੍ਹਾਂ ਪੰਛੀਆਂ ਦੀ ਸਵੇਰ ਅਤੇ ਸ਼ਾਮ ਦੀ ਉਡਾਰੀ ਬੜੀ ਆਕਰਸ਼ਕ ਹੁੰਦੀ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਪੰਛੀਆਂ ਦੀ ਕੋਈ ਨਦੀ ਵਹਿ ਰਹੀ ਹੋਵੇ। ਸਵੇਰ ਵੇਲੇ ਇਹ ਪੰਛੀ ਭੋਜਨ ਦੀ ਭਾਲ ਵਿਚ ਨਿਕਲਦੇ ਹਨ ਅਤੇ ਇਨ੍ਹਾਂ ਦੀ ਉਡਾਰੀ ਬੜੀ ਛੋਟੀ ਹੁੰਦੀ ਹੈ ਜਦ ਕਿ ਸ਼ਾਮ ਦੇ ਵਕਤ ਇਹ ਕਾਫ਼ੀ ਲੰਬੀ ਹੁੰਦੀ ਹੈ। ਸੂਰਜ ਡੁੱਬਣ ਦੇ ਨਾਲ ਹੀ ਇਨ੍ਹਾਂ ਦੀਆਂ ਡਾਰਾਂ ਆਪਣੇ ਆਪਣੇ ਟਿਕਾਣਿਆਂ ਨੂੰ ਮੁੜਦੀਆਂ ਆਮ ਵੇਖੀਆਂ ਜਾ ਸਕਦੀਆਂ ਹਨ। ਬਹੁਤ ਹੱਦ ਤਕ ਇਹ ਨਿਝੱਕ ਅਤੇ ਚੋਰ ਪੰਛੀ ਹੈ, ਇਹ ਕਮਰਿਆਂ ਵਿਚ ਵੜ ਕੇ ਬਿਨਾ ਕਿਸੇ ਖੜਾਕ ਤੋਂ ਚੁਸਤੀ ਨਾਲ ਰਸੋਈ ਘਰਾਂ ਵਿਚੋਂ ਚੀਜ਼ਾਂ ਚੁੱਕ ਕੇ ਲੈ ਜਾਂਦਾ ਹੈ। ਬਜ਼ਾਰ ਵਿਚ ਦੁਕਾਨਾਂ ਤੋਂ ਖਾਣ ਵਾਲੀਆਂ ਚੀਜ਼ਾਂ ਉਠਾ ਲੈਂਦਾ ਹੈ।

          ਸਿਰਫ ਮਨੁੱਖ ਹੀ ਨਹੀਂ ਇਹ ਸਗੋਂ ਸ਼ਿਕਾਰੀ ਪੰਛੀਆਂ ਤੋਂ ਵੀ ਲੁੱਟ ਖਸੁੱਟ ਕਰਦਾ ਹੈ। ਖ਼ਾਸ ਕਰਕੇ ਸ਼ਿਕਰਾ ਅਤੇ ਉੱਲੂ ਆਦਿ ਤੋਂ। ਇਸ ਤੋਂ ਇਲਾਵਾ ਇਹ ਪਸ਼ੂਟਾਂ ਦੀ ਪਿੱਠ ਤੇ ਬੈਠ ਕੇ ਉਨ੍ਹਾਂ ਦੇ ਪਿੰਡੇ ਤੋਂ ਕੱਚਾ ਮਾਸ ਨੋਚ ਲੈਂਦੇ ਹਨ। ਮਾਸ ਦੇ ਨਾਲ ਨਾਲ ਇਹ ਚਿੱਚੜ ਅਤੇ ਹੋਰ ਕੀੜੇ ਆਦਿ ਵੀ ਖਾ ਜਾਂਦੇ ਹਨ। ਇਹ ਕੁੱਤਿਆਂ ਅਤੇ ਲੂੰਬੜਾਂ ਤੋਂ ਵੀ ਭੋਜਨ ਚੁਰਾ ਲੈਂਦੇ ਹਨ। ਪਰ ਫਿਰ ਵੀ ਇਸ ਚੁਸਤ, ਚਲਾਕ ਅਤੇ ਬੇਸ਼ਰਮ ਪੰਛੀਆਂ ਦੇ ਮਾੜੇ ਕੰਮਾਂ ਤੋਂ ਇਲਾਵਾ ਮਨੁੱਖਾਂ ਦੇ ਇਸ ਰੋਜ਼ਾਨਾ ਸਾਥੀ ਬਾਰੇ ਬਹੁਤ ਕੁਝ ਆਕਰਸ਼ਕ ਹੈ। ਕੋਇਲ ਦਾ ਜੀਵਨ-ਕਾਲ ਇਸ ਧਾਰਨਾ ਤੇ ਅਧਾਰਿਤ ਹੈ ਕਿ ਇਹ ਕਾਂ ਨੂੰ ਆਪਣੀ ਮਰਜ਼ੀ ਨਾਲ ਫਸਾ ਸਕਦੀ ਤੇ ਧੋਖਾ ਕੇ ਸਕਦੀ ਹੈ ਅਤੇ ਇਹ ਇੰਜ ਕਰਦੀ ਵੀ ਹੈ। ਆਪਣੇ ਅੰਡਿਆਂ ਨੂੰ ਕਾਂ ਦੇ ਅੰਡਿਆਂ ਦੀ ਥਾਂ ਸ਼ਕਲ ਦਿੰਦੀ ਤੇ ਭੋਲਾ ਕਾਂ ਇਨ੍ਹਾਂ ਨੂੰ ਆਪਣੇ ਅੰਡੇ ਸਮਝ ਕੇ ਇਸ ਦੇ ਬੱਚੇ ਪਾਲਦਾ ਰਹਿੰਦਾ ਹੈ।

          ਇਹ ਪੰਛੀ ਹਰੇਕ ਉਹ ਚੀਜ਼ ਖਾ ਜਾਂਦਾ ਹੈ ਜੋ ਮਨੁੱਖ ਖਾਂਦਾ ਹੈ ਅਤੇ ਕਈ ਕੁਝ ਹੋਰ ਵੀ ਜੋ ਮਨੁੱਖ ਨਹੀਂ ਖਾਂਦਾ। ਇਸ ਦੀ ਖ਼ੁਰਾਕ ਵਿਚ ਗੰਦ ਮੰਦ, ਕੀੜੇ ਮਕੌੜੇ, ਫਲ, ਬੀਜ, ਬੈਰੀ ਫਲ, ਅੰਡੇ, ਛੋਟੇ ਛੋਟੇ ਜੀਵ ਅਤੇ ਮੁਰਦਾਰ ਸ਼ਾਮਲ ਹਨ। ਇਹ ਰਸੋਈ ਘਰਾਂ ਦੁਆਲੇ ਬਚੀਆਂ ਖੁਚੀਆਂ ਚੀਜ਼ਾਂ ਲਈ ਬੜੇ ਚੱਕਰ ਲਾਉਂਦਾ ਰਹਿੰਦਾ ਹੈ। ਸਮੁੰਦਰੀ ਕੰਢਿਆਂ ਤੇ ਇਹ ਸਿੱਪੀਆਂ ਅਤੇ ਝੀਂਗੇ ਵੀ ਖਾ ਜਾਂਦਾ ਹੈ।

          ਆਸਟ੍ਰੀਆ ਦੇ ਇਕ ਨੋਬਲ ਇਨਾਮ ਜੇਤੂ ਕਾਰਨਾਰਡ ਲੋਰੈਂਜ ਨੇ ਕਾਵਾਂ ਬਾਰੇ ਕਾਫ਼ੀ ਲੋੜੀਂਦੀ ਜਾਣਕਾਰੀ ਦਿਤੀ ਹੈ, ਖ਼ਾਸ ਕਰਕੇ ਇਸ ਪੰਛੀ ਦੇ ਸੁਭਾਅ ਬਾਰੇ। ਉਸ ਅਨੁਸਾਰ ਕਾਵਾਂ ਵਿਚ ਉੱਡਣ-ਸੰਚਾਰ ਸਬੰਧੀ ਹਦੋਂ ਵੱਧ ਸੂਝ ਹੁੰਦੀ ਹੈ। ਇਨ੍ਹਾਂ ਵਿਚ ਦੁਸ਼ਮਣ ਨੂੰ ਪਛਾਨਣ ਸਬੰਧੀ ਸੂਝ ਵੀ ਕਾਫ਼ੀ ਹੁੰਦੀ ਹੈ। ਇਕ ਕਾਂ ਜਿਸ ਨੂੰ ਦੁਸ਼ਮਣ ਦੀ ਸਮਝ ਨਹੀਂ ਹੁੰਦੀ ਉਸ ਨੂੰ ਇਸ ਪ੍ਰਤਿ ਇਕ ਵੱਡੇ ਕਾਂ ਜਾਂ ਇਸ ਜਾਤੀ ਦੇ ਤਜਰਬੇਕਾਰ ਜਾਨਵਰਾਂ ਦੁਆਰਾ ਸੂਚਿਤ ਕਰ ਦਿਤਾ ਜਾਂਦਾ ਹੈ। ਇਹ ਸੂਝ ਇਕ ਰਵਾਇਤ ਹੈ ਜੋ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਦਿਤੀ ਜਾਂਦੀ ਹੈ। ਕਿਸੇ ਦੁਸ਼ਮਣ ਨੂੰ ਦੇਖ ਕੇ ਜਿਸ ਬਾਰੇ ਛੋਟੇ ਬੱਚੇ ਨੂੰ ਪਤਾ ਵੀ ਨਹੀਂ ਹੁੰਦਾ, ਇਕ ਵਡੇਰੇ ਕਾਂ ਦੀ ਸਿਰਫ ਇਕ ਹੀ ਕੂਕ ਉਸ ਨੂੰ ਸੁਚੇਤ ਕਰ ਦਿੰਦੀ ਹੈ। ਇਕ ਦਮ ਹੀ ਛੋਟਾ ਬੱਚਾ ਇਸ ਬਾਰੇ ਆਪਣੇ ਦਿਮਾਗ਼ ਵਿਚ ਇਕ ਤਸਵੀਰ ਜਿਹੀ ਬਣਾ ਲੈਂਦਾ ਹੈ।

          ਜਣਨ-ਰੁੱਤ ਅਪ੍ਰੈਲ ਤੋਂ ਜੂਨ ਤਕ ਹੁੰਦੀ ਹੈ। ਇਸ ਦਾ ਆਲ੍ਹਣਾ ਦਰਖ਼ਤਾਂ ਉਪਰ ਹੁੰਦਾ ਹੈ ਜੋ ਇਸ ਦੇ ਸਰੀਰ ਤੋਂ ਵੀ ਛੋਟਾ ਹੁੰਦਾ ਹੈ। ਅਤੇ ਦਰਖ਼ਤਾਂ ਦੀਆਂ ਟਾਹਣੀਆਂ ਉਤੇ ਅਟਕਿਆ ਹੋਇਆ ਹੁੰਦਾ ਹੈ। ਇਹ ਪੰਛੀ ਕਦੀ ਵੀ ਚੰਗੀ ਤਰ੍ਹਾਂ ਆਲ੍ਹਣਾ ਨਹੀਂ ਬਣਾਉਂਦੇ। ਨਰ ਅਤੇ ਮਾਦਾ ਆਲ੍ਹਣਾ ਬਣਾਉਣ, ਅੰਡੇ ਦੇਣ ਅਤੇ ਹੋਰ ਫ਼ਰਜ਼ਾਂ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਇਕ ਦੂਜੇ ਨੂੰ ਮਿਲਵਰਤਨ ਦਿੰਦੇ ਹਨ। ਇਕ ਵਾਰੀ ਦਿਤੇ ਹੋਏ ਅੰਡਿਆਂ ਦੀ ਗਿਣਤੀ 4 ਜਾਂ 5 ਹੁੰਦੀ ਹੈ, ਕਦੀ ਇਹ 6 ਹੋ ਸਕਦੇ ਹਨ। ਅੰਡੇ ਟੇਢੇ ਆਕਾਰ ਦੇ ਹੁੰਦੇ ਹਨ ਜੋ ਛੋਟੇ ਹਿੱਸੇ ਵਾਲੇ ਪਾਸਿਉਂ ਤਿੱਖੇ ਜਿਹੇ ਹੁੰਦੇ ਹਨ। ਅੰਡੇ ਦੀ ਸਤ੍ਹਾ ਸਖ਼ਤ, ਮੁਲਾਇਮ ਅਤੇ ਚਮਕੀਲੀ ਹੁੰਦੀ ਹੈ। ਅੰਡੇ ਦੀ ਛਿੱਲੜ ਦਾ ਰੰਗ ਨੀਲੇ ਰੰਗ ਦਾ ਕਿਸੇ ਵੀ ਕਿਸਮ ਦਾ ਹੋ ਸਕਦਾ ਹੈ, ਜਿਸ ਉਪਰ ਲਾਲ ਭੂਰੇ ਰੰਗ ਦੇ ਟਿਮਕਣੇ ਜਾਂ ਧਾਰੀਆਂ ਹੁੰਦੀਆਂ ਹਨ।

          ਮਾਪੇ ਆਪਣੇ ਬੱਚਿਆਂ ਨੂੰ ਸੁਖਾਲਾ ਬਣਾਉਣ ਲਈ ਆਲ੍ਹਣੇ ਵਿਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਉਪਲੱਬਧ ਕਰਦੇ ਹਨ। ਇਹ ਆਪਣੇ ਬੱਚਿਆਂ ਨੂੰ ਸਾਫ਼ ਰਖਦੇ ਅਤੇ ਬਹੁਤ ਚੰਗੀ ਖ਼ੁਰਾਕ ਮੁਹੱਈਆ ਕਰਦੇ ਹਨ। ਮਾਦਾ ਪਾਣੀ ਵਿਚ ਆਪਣਾ ਸਰੀਰ ਡਬੋ ਕੇ ਆਪਣੇ ਗਿੱਲੇ ਖੰਭਾਂ ਨਾਲ ਬੱਚਿਆਂ ਨੂੰ ਨਹਾਂਉਦੀ ਹੈ। ਦੋ ਹਫ਼ਤਿਆਂ ਤਕ ਮਾਪੇ ਆਪਣੇ ਬੋਟਾਂ ਦੀਆਂ ਬਿੱਠਾਂ ਖਾਂਦੇ ਹਨ।

          ਕਾਂ ਜਿਥੇ ਇਕ ਸਿਰਦਰਦੀ ਦਾ ਕਾਰਨ ਹਨ ਉਥੇ ਦੁਨੀਆ ਦੇ ਕਈ ਹਿੱਸਿਆਂ ਵਿਚ ਇਸ ਨੂੰ ਵੇਖਣਾ ਚੰਗਾ ਸ਼ਗਨ ਵੀ ਸਮਝਿਆ ਜਾਂਦਾ ਹੈ। ਪ੍ਰਾਚੀਨ ਜਰਮਨ ਦੇ ਲੋਕੀਂ ਇਸ ਨੂੰ ਸਿਆਣਪ ਦਾ ਪ੍ਰਤੀਕ ਮੰਨਿਆ ਕਰਦੇ ਸਨ। ਅਖ਼ਰੀਕਨ ਘਰਾਂ ਵਿਚ ਵੀ ਇਹ ਕਾਫ਼ੀ ਪ੍ਰਸਿੱਧ ਹੈ। ਭਾਰਤੀ ਲੋਕ-ਗੀਤਾਂ ਵਿਚ ਵੀ ਇਸ ਦੀ ਕਾਫ਼ੀ ਪ੍ਰਸਿੱਧ ਹੈ। ਭਾਰਤੀ ਲੋਕ-ਗੀਤਾਂ ਵਿਚ ਵੀ ਇਸ ਦੀ ਕਾਫ਼ੀ ਜਗ੍ਹਾ ਹੈ। ਸਾਰੀ ਦੁਨੀਆ ਵਿਚ ਇਹ ਗੰਦਗੀ ਸਾਫ਼ ਕਰਨ ਅਤੇ ਮੁਰਦਾਰ ਨੂੰ ਖਾ ਕੇ ਸਫ਼ਾਈ ਕਰਨ ਵਿਚ ਸਹਾਈ ਹੁੰਦਾ ਹੈ। ਕਾਵਾਂ ਦੀ ਮੌਤ ਦਰ ਬਹੁਤ ਜ਼ਿਆਦਾ ਹੈ, ਜੋ ਕੁਝ ਹੱਦ ਤਕ ਬਿਮਾਰੀ ਕਾਰਨ ਅਤੇ ਕੁਝ ਹੱਦ ਤਕ ਉੱਲੂ ਆਦਿ ਪੰਛੀਆਂ ਦੀ ਮਾਰਧਾੜ ਦੁਆਰਾ ਹੁੰਦੀ ਹੈ।

          ਜੰਗਲੀ ਕਾਂ––ਇਹ ਘਰੇਲੂ ਕਾਂ ਤੋਂ ਵੱਡੇ ਆਕਾਰ ਦਾ ਸਾਰਾ ਹੀ ਗੂੜ੍ਹੇ ਕਾਲੇ ਰੰਗ ਦਾ ਪੰਛੀ ਹੈ। ਇਸ ਦੀ ਚੁੰਝ ਭਾਰੀ ਹੁੰਦੀ ਹੈ। ਇਹ ਜ਼ਿਆਦਾਤਰ ਭਾਰਤ, ਬਰ੍ਹਮਾ, ਲੰਕਾ ਅਤੇ ਦੱਖਣ ਪੂਰਬ ਏਸ਼ੀਆ ਵਿਚ ਮਿਲਦਾ ਹੈ। ਇਸ ਦਾ ਵਿਗਿਆਨਕ ਨਾਂ ਕਾਰਵਸ ਮੈਕਰੋਰਿੰਕਸ (C. macrorhynchos) ਹੈ। ਜਿਵੇਂ ਇਸ ਦੇ ਨਾਂ ਤੋਂ ਪ੍ਰਤੱਖ ਹੈ ਕਿ ਇਹ ਜੰਗਲਾਂ ਦਾ ਪੰਛੀ ਹੈ, ਪਰ ਇਹ ਕਦੀ ਕਦਾਈਂ ਸ਼ਹਿਰਾਂ ਜਾਂ ਪਿੰਡਾਂ ਦੀ ਗੰਦਗੀ ਦੇ ਢੇਰਾਂ ਤੇ ਵੀ ਦਿਖਾਈ ਦਿੰਦਾ ਹੈ। ਹਿਮਾਲੀਆ ਦੇ ਇਲਾਕੇ ਵਿਚ ਘਰੇਲੂ ਕਾਂ ਦੀ ਥਾਂ ਇਹੀ ਮਿਲਦਾ ਹੈ। ਪਹਾੜਾਂ ਵਿਚ 4500 ਮੀ. ਦੀ ਉਚਾਈ ਤਕ ਪਾਇਆ ਜਾਂਦਾ ਹੈ। ਇਹ ਘਰੇਲੂ ਕਾਂ ਵਾਂਗ ਚੁਸਤ ਅਤੇ ਬਹਾਦਰ ਨਹੀਂ ਕਿ ਘਰ ਦੇ ਕਮਰਿਆਂ ਜਾਂ ਵਰਾਂਡਿਆਂ ਵਿਚ ਖਾਣ ਵਾਲੀਆਂ ਚੀਜ਼ਾਂ ਚੁਰਾ ਸਕੇ। ਇਸ ਦੀਆਂ ਬਹੁਤ ਸਾਰੀਆਂ ਆਦਤਾਂ, ਸੁਭਾਅ ਅਤੇ ਜੀਵਨ-ਕਾਲ ਘਰੇਲੂ ਕਾਂ ਵਾਂਗ ਹੀ ਹਨ। ਪਰ ਇਸ ਦੀ ਆਵਾਜ਼ ਜ਼ਰੂਰ ਘਰੇਲੂ ਕਾਂ ਤੋਂ ਵਖਰੀ ਹੁੰਦੀ ਹੈ। ਇਸ ਦੀ ਆਵਾਜ਼ ਭਰੜਾਈ ਹੋਈ ਕਾਹ, ਕਰਾਅ ਕਰਦੀ ਹੈ।

          ਹ. ਪੁ.––ਪਾ. ਹੈਂ. ਇੰ. ਬ. : 3; ਕਾ. ਬ. : 89; ਸਾ. ਰਿ. 79 : 555 ; ਐਨ. ਬ੍ਰਿ. ਮਾ. 2 : 262


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਾਂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਂ, (ਪ੍ਰਾਕ੍ਰਿਤ : काग; ਸੰਸਕ੍ਰਿਤ : काक) \ ਪੁਲਿੰਗ : ਕੰਠ ਵਰਧਣ, ਕਉਂ, ਗਲ ਵਿੱਚ ਵਧਿਆ ਹੋਇਆ ਮਾਸ

–ਕਾਂ ਡਿੱਗਣਾ (ਡਿੱਗ ਜਾਣਾ), ਮੁਹਾਵਰਾ : ਕਉਂ ਦਾ ਆਪਣੀ ਥਾਂ ਤੋਂ ਹਿੱਲ ਜਾਣ ਕਾਰਨ ਬੱਚਿਆਂ ਦਾ ਬੀਮਾਰ ਹੋ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-12-53-55, ਹਵਾਲੇ/ਟਿੱਪਣੀਆਂ:

ਕਾਂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਂ, (ਪ੍ਰਾਕ੍ਰਿਤ : काग; ਸੰਸਕ੍ਰਿਤ :काक) \ ਪੁਲਿੰਗ : ੧. ਕਾਉਂ, ਇੱਕ ਕਾਲਾ ਪੰਛੀ; ੨. ਅਤਿ ਸਿਆਣਾ ਪੁਰਖ, ਖਰਾਂਟ ਬੰਦਾ

–ਕਾਂ ਉਡਾਉਣਾ, ਮੁਹਾਵਰਾ : ਸੱਜਣ ਦੀ ਉਡੀਕ ਹੋਣਾ, ਇੰਤਜ਼ਾਰ ਕਰਨਾ, ਸ਼ਗਨ ਵਿਚਾਰਨਾ

–ਕਾਂ ਅੱਖ ਨਿਕਲਣਾ, ਮੁਹਾਵਰਾ :  ਬਹੁਤ ਧੁੱਪ ਪੈਣਾ, ਕੜਕਦੀ ਧੁੱਪ ਦਾ ਹੋਣਾ

–ਕਾਂ ਸਿਆਣਾ ਗੂੰਹ ਤੇ ਡਿੱਗਦਾ ਹੈ, ਅਖੌਤ : ਬਹੁਤ ਸਿਆਣੇ ਆਦਮੀ ਦੀ ਚੋਣ ਭੈੜੀ ਹੀ ਹੁੰਦੀ ਹੈ

–ਕਾਂ ਹੰਸਾਂ ਦੀ ਚਾਲ ਸਿਖਦਾ ਆਪਣੀ ਵੀ ਭੁੱਲ ਗਿਆ, ਅਖੌਤ : ਭਾਵ ਕਿਸੇ ਦੀ ਨਕਲ ਕਰਨ ਵਿੱਚ ਹਮੇਸ਼ਾ ਨੁਕਸਾਨ ਹੁੰਦਾ ਹੈ

–ਕਾਂ ਕਰਾੜ ਕੁੱਤੇ ਦਾ, ਵਸਾਹ ਨਾ ਕਰੀਏ ਸੁੱਤੇ ਦਾ, ਅਖੌਤ : ਜੇ ਕੋਈ ਆਦਮੀ ਬਹੁਤ ਹੀ ਚਲਾਕ ਹੋਵੇ ਤਾਂ ਉਸ ਤੋਂ ਬਚ ਕੇ ਰਹਿਣ ਲਈ ਜਾਂ ਉਸ ਦੀ ਚਲਾਕੀ ਦੱਸਣੀ ਹੋਵੇ ਤਦੋਂ ਆਖਦੇ ਹਨ

–ਕਾਂ ਕਾਂ, ਇਸਤਰੀ ਲਿੰਗ : ੧. ਕਾਂ ਦੇ ਬੋਲਣ ਦੀ ਆਵਾਜ਼; ੨. ਸ਼ੋਰ, ਵਾਧੂ ਦਾ ਰੌਲਾ; ੩. ਬਕਵਾਸ

–ਕਾਂ ਕਾਂ ਕਰਨਾ, ਮੁਹਾਵਰਾ : ਕਾਂ ਵਾਂਙੂੰ ਬੋਲਣਾ, ਰੌਲਾ ਪਾਉਣਾ, ਫਜ਼ੂਲ ਬਕਵਾਸ ਕਰਨੀ

–ਕਾਂ ਖਾ ਕੇ ਜੰਮਣਾ, ਮੁਹਾਵਰਾ : ੧. ਬਹੁਤ ਗੱਲਾਂ ਕਰਨ ਵਾਲਾ ਹੋਣਾ, ਬਹੁਤ ਗਾਲੜੀ ਹੋਣਾ, ਹਰ ਵਕਤ ਬੋਲਦੇ ਹੀ ਰਹਿਣਾ; ੨. ਲੰਮੀ ਉਮਰ ਵਾਲਾ ਹੋਣਾ

–ਕਾਂ ਗਰਾਸ, ਪੁਲਿੰਗ : ਵੱਡਿਆਂ ਨਮਿੱਤ ਕਾਂ ਨੂੰ ਦਿੱਤੀ ਜਾਣ ਵਾਲੀ ਬੁਰਕੀ

–ਕਾਂ ਡੋਡ, ਪੁਲਿੰਗ : ਪਹਾੜੀ ਕਾਂ ਜੋ ਆਮ ਕਾਵਾਂ ਨਾਲੋਂ ਵੱਡਾ ਹੁੰਦਾ ਹੈ, ਢੋਡਰ ਕਾਂ

–ਕਾਂ ਦੀ ਰੀਝ ਰੁੜੀਆਂ ਤੇ, ਅਖੌਤ  : ਸਿਆਣਾ ਕਾਂ ਗੂੰਹ ਤੇ ਡਿੱਗਦਾ ਹੈ

–ਕਾਵਾਂ ਦੇ ਸਾਲੇ ਕਰਦੇ ਘਾਲੇ ਮਾਲੇ, ਅਖੌਤ : ਜਦੋਂ ਕੋਈ ਆਪਣੇ ਰਿਸ਼ਤੇਦਾਰ ਜਾਂ ਜਾਤੀ ਦੇ ਆਦਮੀ ਦੀ ਹਮਾਇਤ ਕਰਦਾ ਹੈ ਤਾਂ ਵਰਤਦੇ ਹਨ

–ਕਾਵਾਂ ਕੋਲੋਂ ਢੋਲ ਵਜਾਉਣੇ ਭੂਤਾਂ ਕੋਲੋਂ ਮੁਰਾਦਾਂ, ਅਖੌਤ : ਅਜੋਹੇ ਆਦਮੀ ਤੋਂ ਕੰਮ ਦੀ ਉਮੈਦ ਰੱਖੀ ਜਾਣਾ ਜੋ ਉੱਕਾ ਹੀ ਨਾ ਕਰ ਸਕਦਾ ਹੋਵੇ ਤਦ ਬੋਲਦੇ ਹਨ

–ਕਾਵਾਂ ਗਰੋਲੀ,  ਇਸਤਰੀ ਲਿੰਗ :  ਕਾਵਾਂ ਵਾਂਙੂੰ ਫਰੋਲਾ ਫਰਾਲੀ ਕਰਨ ਦਾ ਭਾਵ

–ਕਾਵਾਂ ਦੀਆਂ ਡਾਰਾਂ ਬਣਾਉਣੀਆਂ, ਮੁਹਾਵਰਾ : ਥੋੜੀ ਜੇਹੀ ਗੱਲ ਨੂੰ ਵਧਾ ਕੇ ਬਿਆਨ ਕਰਨਾ, ਮਾਮੂਲੀ ਜੇਹੀ ਗੱਲ ਨੂੰ ਵਧਾ ਲੈਣਾ, ਬਾਤ ਦਾ ਬਤੰਗੜ ਬਣਾਉਣਾ

–ਕਾਵਾਂ ਦੇ ਘਰ ਟਾਲੀਆਂ ਡੇਰੇ ਮਘੋਵਾਲ, ਅਖੌਤ : ਕਿਸੇ ਆਦਮੀ ਨੂੰ ਥਾਂ ਥਾਂ ਫਿਰਦਿਆਂ ਵੇਖ ਕੇ ਕਿਹਾ ਜਾਂਦਾ ਹੈ

–ਕਾਵਾਂ ਰੌਲਾ, ਪੁਲਿੰਗ : ਬਹੁਤੇ ਸਾਰੇ ਆਦਮੀਆਂ ਤੇ ਮਿਲਣ ਤੇ ਪੈਣ ਵਾਲਾ ਸ਼ੋਰ, ਰੌਲਾ ਗੌਲਾ, ਸ਼ੋਰ, ਕੰਨ ਪਈ ਆਵਾਜ਼ ਸੁਣਾਈ ਨਾ ਦੇਣ ਦਾ ਭਾਵ

–ਕਾਵਾਂ ਰੌਲੀ, ਇਸਤਰੀ ਲਿੰਗ :  ਗੱਲਾਂ ਦਾ ਰੌਲਾ, ਆਪਸ ਦੇ ਬੋਲਾਂ ਦਾ ਰੌਲਾ

–ਕਾਵਾਂ ਰੌਲੀ ਪਾਉਣਾ, ਮੁਹਾਵਰਾ : ਬਹੁਤ ਸ਼ੋਰ ਮਚਾਉਣਾ

–ਕਾਵੀਂ ਕੁਤਾਈਂ ਉਡਾਉਣਾ, ਮੁਹਾਵਰਾ : ਧਨ ਦੌਲਤ ਨੂੰ ਅਯੋਗ ਅਤੇ ਅਣਿਅਧਿਕਾਰੀ ਮਨੁੱਖਾਂ ਦੇ ਹੱਥਾਂ ਵਿੱਚ ਦੇ ਕੇ ਬਰਬਾਦ ਕਰਨਾ

–ਕਾਵੀਂ ਕੁੱਤੀਂ ਕਰਨਾ, ਮੁਹਾਵਰਾ : ੧. ਬਰਬਾਦ ਕਰ ਦੇਣਾ; ੨. ਬਹੁਤ ਝਾੜ ਪਾਉਣੀ

–ਕਾਵੀਂ ਕੁੱਤੀਂ ਗੁਆਉਣਾ, (ਪੋਠੋਹਾਰੀ) / ਮੁਹਾਵਰਾ : ਧਨ ਦੌਲਤ ਨੂੰ ਅਯੋਗ ਅਤੇ ਅਣਅਧਿਕਾਰੀ ਮਨੁੱਖਾਂ ਦੇ ਹੱਥਾਂ ਵਿੱਚ ਦੇ ਕੇ ਬਰਬਾਦ ਕਰਨਾ

–ਢੋਡਰ ਕਾਂ, ਪੁਲਿੰਗ : ੧. ਇੱਕ ਪਰਕਾਰ ਦਾ ਪਹਾੜੀ ਕਾਂ ਜੋ ਸਿਆਲ ਵਿੱਚ ਮੈਦਾਨਾਂ ਵਿੱਚ ਉਤਰ ਆਉਂਦਾ ਹੈ। ਇਹ ਆਮ ਕਾਵਾਂ ਨਾਲੋਂ ਮੋਟਾ ਤੇ ਕਾਲਾ ਹੁੰਦਾ ਹੈ; ੨. ਬੈਠੀ ਤੇ ਪਾਟੀ ਹੋਈ ਆਵਾਜ਼ ਵਾਲਾ ਆਦਮੀ

–ਢੋਡਰ ਕਾਂ, ਚੱਲ ਮੇਰੀ ਬੱਕਰੀ ਕਲ ਵਾਲੀ ਥਾਂ, ਅਖੌਤ : ਬੱਚਿਆਂ ਦੀ ਖੇਡ ਵਿੱਚ ਜਿਸ ਕਿਸੇ ਕੋਲੋਂ ਮੀਰ ਲੈਣੀ ਹੁੰਦੀ ਹੈ ਤਾਂ ਉਸ ਦੀ ਪਿੱਠ ਉਤੇ ਚੜ੍ਹ ਕੇ ਇਹ ਵਾਕ ਬੋਲਦੇ ਹਨ, ਘੋੜਾ ਸਰਗ, ਨੀਲੀ ਘੋੜੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-12-54-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.